Skip to content

Skip to table of contents

ਯਿਸੂ ਨੇ ਗਵਾਹੀ ਦੇਣ ਲਈ ਸਿਖਲਾਈ ਦਿੱਤੀ

ਯਿਸੂ ਨੇ ਗਵਾਹੀ ਦੇਣ ਲਈ ਸਿਖਲਾਈ ਦਿੱਤੀ

ਯਿਸੂ ਨੇ ਗਵਾਹੀ ਦੇਣ ਲਈ ਸਿਖਲਾਈ ਦਿੱਤੀ

‘ਤੁਸੀਂ ਯਰੂਸ਼ਲਮ ਅਰ ਸਾਰੇ ਯਹੂਦਿਯਾ ਅਤੇ ਸਾਮਰਿਯਾ ਵਿੱਚ ਸਗੋਂ ਧਰਤੀ ਦੇ ਬੰਨੇ ਤੀਕੁਰ ਮੇਰੇ ਗਵਾਹ ਹੋਵੋਗੇ।’—ਰਸੂਲਾਂ ਦੇ ਕਰਤੱਬ 1:8.

1, 2. ਪਤਰਸ ਨੂੰ ਕਿਹੜੀ ਆਗਿਆ ਦਿੱਤੀ ਗਈ ਸੀ ਅਤੇ ਉਸ ਨੂੰ ਇਹ ਆਗਿਆ ਕਿਸ ਨੇ ਦਿੱਤੀ ਸੀ?

ਪਤਰਸ ਰਸੂਲ ਨੇ ਕੁਰਨੇਲਿਯੁਸ ਅਤੇ ਉਸ ਦੇ ਘਰ ਵਾਲਿਆਂ ਨੂੰ ਸਮਝਾਇਆ ਕਿ ਉਹ ਪ੍ਰਚਾਰ ਕਿਉਂ ਕਰਦਾ ਸੀ। ਉਸ ਨੇ ਕਿਹਾ: ‘ਯਿਸੂ ਨਾਸਰੀ ਨੇ ਸਾਨੂੰ ਆਗਿਆ ਦਿੱਤੀ ਭਈ ਲੋਕਾਂ ਦੇ ਅੱਗੇ ਪਰਚਾਰ ਕਰੋ ਅਤੇ ਸਾਖੀ ਦਿਓ ਜੋ ਇਹ ਉਹੋ ਹੈ ਜਿਹੜਾ ਪਰਮੇਸ਼ੁਰ ਦੀ ਵੱਲੋਂ ਠਹਿਰਾਇਆ ਹੋਇਆ ਹੈ ਭਈ ਜੀਉਂਦਿਆਂ ਅਤੇ ਮੋਇਆਂ ਦਾ ਨਿਆਉਂ ਕਰਨ ਵਾਲਾ ਹੋਵੇ।’—ਰਸੂਲਾਂ ਦੇ ਕਰਤੱਬ 10:38, 42.

2 ਯਿਸੂ ਨੇ ਇਹ ਆਗਿਆ ਕਦੋਂ ਦਿੱਤੀ ਸੀ? ਹੋ ਸਕਦਾ ਹੈ ਕਿ ਪਤਰਸ ਉਸ ਸਮੇਂ ਦੀ ਗੱਲ ਕਰ ਰਿਹਾ ਸੀ ਜਦ ਯਿਸੂ ਨੇ ਮੁਰਦਿਆਂ ਵਿੱਚੋਂ ਜ਼ਿੰਦਾ ਹੋਣ ਤੋਂ ਬਾਅਦ ਅਤੇ ਸਵਰਗ ਨੂੰ ਚੜ੍ਹਨ ਤੋਂ ਪਹਿਲਾਂ ਆਪਣੇ ਵਫ਼ਾਦਾਰ ਚੇਲਿਆਂ ਨੂੰ ਕਿਹਾ ਸੀ: “ਤੁਸੀਂ . . . ਯਰੂਸ਼ਲਮ ਅਰ ਸਾਰੇ ਯਹੂਦਿਯਾ ਅਤੇ ਸਾਮਰਿਯਾ ਵਿੱਚ ਸਗੋਂ ਧਰਤੀ ਦੇ ਬੰਨੇ ਤੀਕੁਰ ਮੇਰੇ ਗਵਾਹ ਹੋਵੋਗੇ।” (ਰਸੂਲਾਂ ਦੇ ਕਰਤੱਬ 1:8) ਪਰ ਪਤਰਸ ਨੂੰ ਇਸ ਸਮੇਂ ਤੋਂ ਪਹਿਲਾਂ ਵੀ ਪਤਾ ਸੀ ਕਿ ਯਿਸੂ ਦੇ ਚੇਲੇ ਵਜੋਂ ਉਸ ਨੂੰ ਯਿਸੂ ਬਾਰੇ ਗਵਾਹੀ ਦੇਣੀ ਪੈਣੀ ਸੀ।

ਤਿੰਨ ਸਾਲਾਂ ਦੀ ਸਿਖਲਾਈ

3. ਯਿਸੂ ਨੇ ਕਿਹੜਾ ਚਮਤਕਾਰ ਕੀਤਾ ਸੀ ਅਤੇ ਉਸ ਨੇ ਪਤਰਸ ਅਤੇ ਅੰਦ੍ਰਿਯਾਸ ਨੂੰ ਕਿਸ ਕੰਮ ਲਈ ਬੁਲਾਇਆ ਸੀ?

3 ਸਾਲ 29 ਵਿਚ ਬਪਤਿਸਮਾ ਲੈਣ ਤੋਂ ਕਈ ਮਹੀਨੇ ਬਾਅਦ ਯਿਸੂ ਉਸ ਇਲਾਕੇ ਵਿਚ ਪ੍ਰਚਾਰ ਕਰ ਰਿਹਾ ਸੀ ਜਿੱਥੇ ਪਤਰਸ ਅਤੇ ਉਸ ਦਾ ਭਰਾ ਅੰਦ੍ਰਿਯਾਸ ਗਲੀਲ ਦੀ ਝੀਲ ਵਿਚ ਮੱਛੀਆਂ ਫੜਨ ਦਾ ਕੰਮ ਕਰਦੇ ਸਨ। ਇਕ ਵਾਰ ਉਨ੍ਹਾਂ ਨੇ ਸਾਰੀ ਰਾਤ ਮਿਹਨਤ ਕਰਨ ਦੇ ਬਾਵਜੂਦ ਕੁਝ ਨਹੀਂ ਫੜਿਆ ਸੀ। ਫਿਰ ਵੀ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਡੂੰਘੇ ਪਾਣੀ ਵਿੱਚ ਲੈ ਚੱਲੋ ਅਤੇ ਸ਼ਿਕਾਰ ਲਈ ਆਪਣੇ ਜਾਲ ਪਾਓ।” ਜਦ ਉਨ੍ਹਾਂ ਨੇ ਯਿਸੂ ਦੇ ਕਹੇ ਅਨੁਸਾਰ ਕੀਤਾ, ਤਾਂ ਉਨ੍ਹਾਂ ਨੇ “ਬਹੁਤ ਸਾਰੀਆਂ ਮੱਛੀਆਂ ਘੇਰ ਲਈਆਂ ਅਤੇ ਉਨ੍ਹਾਂ ਦੇ ਜਾਲ ਟੁੱਟਣ ਲੱਗੇ।” ਇਹ ਚਮਤਕਾਰ ਦੇਖ ਕੇ ਪਤਰਸ ਘਬਰਾ ਗਿਆ, ਪਰ ਯਿਸੂ ਨੇ ਉਸ ਨੂੰ ਹੌਸਲਾ ਦਿੰਦੇ ਹੋਏ ਕਿਹਾ: “ਨਾ ਡਰ।” ਉਸ ਸਮੇਂ ਯਿਸੂ ਨੇ ਉਸ ਨੂੰ ਇਹ ਕਹਿ ਕੇ ਆਪਣਾ ਚੇਲਾ ਬਣਨ ਲਈ ਬੁਲਾਇਆ: “ਏਦੋਂ ਅੱਗੇ ਤੂੰ ਮਨੁੱਖਾਂ ਦਾ ਸ਼ਿਕਾਰੀ ਹੋਵੇਂਗਾ।”—ਲੂਕਾ 5:4-10.

4. (ੳ) ਯਿਸੂ ਨੇ ਆਪਣੇ ਚੇਲਿਆਂ ਨੂੰ ਗਵਾਹੀ ਦੇਣ ਲਈ ਤਿਆਰ ਕਿਵੇਂ ਕੀਤਾ ਸੀ? (ਅ) ਯਿਸੂ ਦੀ ਸੇਵਕਾਈ ਅਤੇ ਉਸ ਦੇ ਚੇਲਿਆਂ ਦੀ ਸੇਵਕਾਈ ਵਿਚ ਕੀ ਫ਼ਰਕ ਹੈ?

4 ਪਤਰਸ ਦੇ ਨਾਲ-ਨਾਲ ਅੰਦ੍ਰਿਯਾਸ ਅਤੇ ਜ਼ਬਦੀ ਦੇ ਪੁੱਤਰਾਂ ਯਾਕੂਬ ਤੇ ਯੂਹੰਨਾ ਨੇ ਆਪਣੀਆਂ ਕਿਸ਼ਤੀਆਂ ਛੱਡਣ ਅਤੇ ਯਿਸੂ ਦੇ ਚੇਲੇ ਬਣਨ ਵਿਚ ਦੇਰ ਨਹੀਂ ਲਾਈ। ਅਗਲੇ ਤਿੰਨ ਸਾਲਾਂ ਲਈ ਉਹ ਯਿਸੂ ਦੇ ਨਾਲ ਪ੍ਰਚਾਰ ਕਰਨ ਗਏ ਅਤੇ ਉਨ੍ਹਾਂ ਨੇ ਉਸ ਤੋਂ ਇਹ ਕੰਮ ਕਰਨ ਦੀ ਸਿਖਲਾਈ ਲਈ। (ਮੱਤੀ 10:7; ਮਰਕੁਸ 1:16, 18, 20, 38; ਲੂਕਾ 4:43; 10:9) ਇਸ ਸਮੇਂ ਦੇ ਅਖ਼ੀਰ ਵਿਚ 14 ਨੀਸਾਨ 33 ਨੂੰ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਜੋ ਮੇਰੇ ਉੱਤੇ ਨਿਹਚਾ ਕਰਦਾ ਹੈ ਸੋ ਏਹ ਕੰਮ ਜਿਹੜੇ ਮੈਂ ਕਰਦਾ ਹਾਂ ਉਹ ਭੀ ਕਰੇਗਾ ਸਗੋਂ ਇਨ੍ਹਾਂ ਨਾਲੋਂ ਵੱਡੇ ਕੰਮ ਕਰੇਗਾ।” (ਯੂਹੰਨਾ 14:12) ਯਿਸੂ ਦੇ ਚੇਲਿਆਂ ਨੇ ਉਸ ਵਾਂਗ ਚੰਗੀ ਤਰ੍ਹਾਂ ਗਵਾਹੀ ਦੇਣੀ ਸੀ, ਪਰ ਵੱਡੇ ਪੈਮਾਨੇ ਤੇ। ਬਾਅਦ ਵਿਚ ਉਸ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਨੇ “ਸਾਰੀਆਂ ਕੌਮਾਂ” ਵਿਚ ਗਵਾਹੀ ਦੇਣੀ ਸੀ ਅਤੇ ਉਨ੍ਹਾਂ ਤੋਂ ਅਗਾਹਾਂ ਆਉਣ ਵਾਲੇ ਚੇਲਿਆਂ ਨੇ “ਜੁਗ ਦੇ ਅੰਤ” ਦੇ ਸਮੇਂ ਤਕ ਇਸੇ ਤਰ੍ਹਾਂ ਕਰਨਾ ਸੀ।—ਮੱਤੀ 28:19, 20.

5. ਯਿਸੂ ਦੀ ਸਿਖਲਾਈ ਤੋਂ ਅਸੀਂ ਲਾਭ ਕਿਵੇਂ ਹਾਸਲ ਕਰ ਸਕਦੇ ਹਾਂ?

5 ਅਸੀਂ “ਜੁਗ ਦੇ ਅੰਤ” ਦੇ ਸਮੇਂ ਵਿਚ ਜੀ ਰਹੇ ਹਾਂ। (ਮੱਤੀ 24:3) ਪਹਿਲੀ ਸਦੀ ਦੇ ਚੇਲਿਆਂ ਵਾਂਗ ਅਸੀਂ ਯਿਸੂ ਦੇ ਨਾਲ ਜਾ ਕੇ ਦੇਖ ਨਹੀਂ ਸਕਦੇ ਕਿ ਉਹ ਪ੍ਰਚਾਰ ਕਿਵੇਂ ਕਰਦਾ ਸੀ। ਇਸ ਦੇ ਬਾਵਜੂਦ ਅਸੀਂ ਬਾਈਬਲ ਪੜ੍ਹ ਕੇ ਉਸ ਸਿਖਲਾਈ ਤੋਂ ਲਾਭ ਹਾਸਲ ਕਰ ਸਕਦੇ ਹਾਂ ਜੋ ਉਸ ਨੇ ਆਪਣੇ ਚੇਲਿਆਂ ਨੂੰ ਦਿੱਤੀ ਸੀ। (ਲੂਕਾ 10:1-11) ਇਸ ਤੋਂ ਇਲਾਵਾ ਇਸ ਲੇਖ ਵਿਚ ਅਸੀਂ ਯਿਸੂ ਦੇ ਨਜ਼ਰੀਏ ਉੱਤੇ ਵੀ ਚਰਚਾ ਕਰਾਂਗੇ ਕਿ ਪ੍ਰਚਾਰ ਕਰਦੇ ਹੋਏ ਸਾਨੂੰ ਉਸ ਵਾਂਗ ਲੋਕਾਂ ਬਾਰੇ ਕਿਵੇਂ ਮਹਿਸੂਸ ਕਰਨਾ ਚਾਹੀਦਾ ਹੈ।

ਲੋਕਾਂ ਵਿਚ ਦਿਲਚਸਪੀ

6, 7. ਯਿਸੂ ਚੰਗੀ ਤਰ੍ਹਾਂ ਗਵਾਹੀ ਕਿਉਂ ਦੇ ਸਕਿਆ ਸੀ ਅਤੇ ਇਸ ਮਾਮਲੇ ਵਿਚ ਅਸੀਂ ਉਸ ਦੀ ਰੀਸ ਕਿਵੇਂ ਕਰ ਸਕਦੇ ਹਾਂ?

6 ਯਿਸੂ ਇੰਨੀ ਚੰਗੀ ਤਰ੍ਹਾਂ ਗਵਾਹੀ ਕਿਉਂ ਦੇ ਸਕਿਆ ਸੀ? ਇਕ ਵਜ੍ਹਾ ਸੀ ਕਿ ਉਸ ਨੂੰ ਲੋਕਾਂ ਦੀ ਚਿੰਤਾ ਸੀ ਅਤੇ ਉਹ ਉਨ੍ਹਾਂ ਵਿਚ ਦਿਲਚਸਪੀ ਲੈਂਦਾ ਸੀ। ਜ਼ਬੂਰਾਂ ਦੇ ਲਿਖਾਰੀ ਨੇ ਯਿਸੂ ਬਾਰੇ ਭਵਿੱਖਬਾਣੀ ਕਰਦੇ ਹੋਏ ਕਿਹਾ ਕਿ ਉਹ “ਗਰੀਬ ਅਤੇ ਕੰਗਾਲ ਉੱਤੇ ਤਰਸ ਖਾਵੇਗਾ।” (ਜ਼ਬੂਰਾਂ ਦੀ ਪੋਥੀ 72:13) ਯਿਸੂ ਨੇ ਸੱਚ-ਮੁੱਚ ਇਸੇ ਤਰ੍ਹਾਂ ਕੀਤਾ ਸੀ। ਇਕ ਸਮੇਂ ਬਾਰੇ ਬਾਈਬਲ ਕਹਿੰਦੀ ਹੈ: “ਜਾਂ ਉਹ ਨੇ ਭੀੜਾਂ ਵੇਖੀਆਂ ਤਾਂ ਉਸ ਨੂੰ ਉਨ੍ਹਾਂ ਉੱਤੇ ਤਰਸ ਆਇਆ ਕਿਉਂ ਜੋ ਉਨ੍ਹਾਂ ਭੇਡਾਂ ਵਾਂਙੁ ਜਿਨ੍ਹਾਂ ਦਾ ਅਯਾਲੀ ਨਾ ਹੋਵੇ ਓਹ ਲੋਕ ਮਾੜੇ ਹਾਲ ਅਤੇ ਡਾਵਾਂ ਡੋਲ ਫਿਰਦੇ ਸਨ।” (ਮੱਤੀ 9:36) ਘੋਰ ਪਾਪ ਕਰਨ ਵਾਲੇ ਵੀ ਉਸ ਵੱਲ ਖਿੱਚੇ ਜਾਂਦੇ ਸਨ।—ਮੱਤੀ 9:9-13; ਲੂਕਾ 7:36-38; 19:1-10.

7 ਜੇ ਅਸੀਂ ਯਿਸੂ ਵਾਂਗ ਲੋਕਾਂ ਵਿਚ ਦਿਲਚਸਪੀ ਲਵਾਂਗੇ, ਤਾਂ ਅਸੀਂ ਵੀ ਚੰਗੀ ਤਰ੍ਹਾਂ ਗਵਾਹੀ ਦੇ ਸਕਾਂਗੇ। ਇਸ ਲਈ ਪ੍ਰਚਾਰ ਕਰਨ ਜਾਣ ਤੋਂ ਪਹਿਲਾਂ ਕੁਝ ਪਲ ਰੁਕ ਕੇ ਸੋਚੋ ਕਿ ਲੋਕਾਂ ਨੂੰ ਸਾਡਾ ਸੰਦੇਸ਼ ਸੁਣਨ ਦੀ ਇੰਨੀ ਲੋੜ ਕਿਉਂ ਹੈ। ਉਨ੍ਹਾਂ ਦੇ ਦੁੱਖ-ਦਰਦਾਂ ਬਾਰੇ ਸੋਚੋ ਜਿਨ੍ਹਾਂ ਨੂੰ ਸਿਰਫ਼ ਪਰਮੇਸ਼ੁਰ ਦਾ ਰਾਜ ਹੀ ਦੂਰ ਕਰ ਸਕੇਗਾ। ਪਹਿਲਾਂ ਹੀ ਆਪਣਾ ਮਨ ਬਣਾ ਲਓ ਕਿ ਤੁਸੀਂ ਹਰੇਕ ਬਾਰੇ ਸਹੀ ਨਜ਼ਰੀਆ ਰੱਖੋਗੇ ਕਿਉਂਕਿ ਤੁਹਾਨੂੰ ਇਹ ਨਹੀਂ ਪਤਾ ਕਿ ਤੁਹਾਡੀ ਗੱਲ ਸੁਣਨ ਲਈ ਕੌਣ ਰਾਜ਼ੀ ਹੋ ਜਾਵੇ। ਸ਼ਾਇਦ ਜਿਸ ਇਨਸਾਨ ਨਾਲ ਤੁਸੀਂ ਅੱਗੇ ਗੱਲ ਕਰਨ ਜਾ ਰਹੇ ਹੋ, ਉਸ ਨੇ ਰੱਬ ਅੱਗੇ ਮਦਦ ਲਈ ਅਰਦਾਸ ਕੀਤੀ ਹੋਵੇ ਅਤੇ ਯਹੋਵਾਹ ਤੁਹਾਨੂੰ ਉਸ ਦੀ ਮਦਦ ਕਰਨ ਲਈ ਭੇਜ ਰਿਹਾ ਹੈ।

ਪਿਆਰ ਦੀ ਪ੍ਰੇਰਣਾ

8. ਯਿਸੂ ਵਾਂਗ ਉਸ ਦੇ ਚੇਲੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਿਉਂ ਕਰਦੇ ਹਨ?

8 ਯਿਸੂ ਨੇ ਕਿਨ੍ਹਾਂ ਜ਼ਰੂਰੀ ਗੱਲਾਂ ਬਾਰੇ ਖ਼ੁਸ਼ ਖ਼ਬਰੀ ਸੁਣਾਈ ਸੀ? ਹਾਂ, ਉਨ੍ਹਾਂ ਗੱਲਾਂ ਬਾਰੇ ਜੋ ਇਨਸਾਨਾਂ ਲਈ ਵੱਡਾ ਅਰਥ ਰੱਖਦੀਆਂ ਸਨ। ਉਸ ਨੇ ਕਿਹਾ ਸੀ ਕਿ ਯਹੋਵਾਹ ਦੀ ਮਰਜ਼ੀ ਪੂਰੀ ਹੋਵੇ, ਉਸ ਦਾ ਨਾਂ ਪਾਕ ਮੰਨਿਆ ਜਾਵੇ ਅਤੇ ਉਸ ਦਾ ਰਾਜ ਕਰਨ ਦਾ ਹੱਕ ਜਾਇਜ਼ ਸਾਬਤ ਕੀਤਾ ਜਾਵੇ। (ਮੱਤੀ 6:9, 10) ਯਿਸੂ ਨੂੰ ਆਪਣੇ ਪਿਤਾ ਨਾਲ ਬਹੁਤ ਪਿਆਰ ਸੀ। ਇਸ ਲਈ ਉਹ ਮਰਦੇ ਦਮ ਤਕ ਵਫ਼ਾਦਾਰ ਰਿਹਾ ਅਤੇ ਪਰਮੇਸ਼ੁਰ ਦੇ ਰਾਜ ਦੀ ਗਵਾਹੀ ਦਿੰਦਾ ਰਿਹਾ ਕਿਉਂਕਿ ਉਹ ਜਾਣਦਾ ਸੀ ਕਿ ਸਿਰਫ਼ ਇਸ ਰਾਜ ਦੇ ਜ਼ਰੀਏ ਹੀ ਇਹ ਜ਼ਰੂਰੀ ਗੱਲਾਂ ਪੂਰੀਆਂ ਹੋਣੀਆਂ ਸਨ। (ਯੂਹੰਨਾ 14:31) ਅੱਜ ਯਿਸੂ ਦੇ ਚੇਲੇ ਵੀ ਪਿਆਰ ਦੀ ਪ੍ਰੇਰਣਾ ਦੇ ਕਾਰਨ ਖ਼ੁਸ਼ ਖ਼ਬਰੀ ਸੁਣਾਉਣ ਅਤੇ ਚੇਲੇ ਬਣਾਉਣ ਦੇ ਹੁਕਮ ਦੀ ਪਾਲਣਾ ਕਰਦੇ ਹੋਏ ਸਾਰਿਆਂ ਨੂੰ ਗਵਾਹੀ ਦਿੰਦੇ ਹਨ। ਯੂਹੰਨਾ ਰਸੂਲ ਨੇ ਕਿਹਾ ਸੀ: “ਪਰਮੇਸ਼ੁਰ ਦਾ ਪ੍ਰੇਮ ਇਹ ਹੈ ਭਈ ਅਸੀਂ ਉਹ ਦੇ ਹੁਕਮਾਂ ਦੀ ਪਾਲਨਾ ਕਰੀਏ।”—1 ਯੂਹੰਨਾ 5:3; ਮੱਤੀ 28:19, 20.

9, 10. ਪਰਮੇਸ਼ੁਰ ਦੇ ਪ੍ਰੇਮ ਤੋਂ ਇਲਾਵਾ ਹੋਰ ਕਿਸ ਦਾ ਪਿਆਰ ਸਾਨੂੰ ਚੰਗੀ ਤਰ੍ਹਾਂ ਗਵਾਹੀ ਦੇਣ ਲਈ ਪ੍ਰੇਰਦਾ ਹੈ?

9 ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ: “ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਤਾਂ ਮੇਰੇ ਹੁਕਮਾਂ ਦੀ ਪਾਲਨਾ ਕਰੋਗੇ। ਜਿਹ ਦੇ ਕੋਲ ਮੇਰੇ ਹੁਕਮ ਹਨ ਅਤੇ ਉਹ ਉਨ੍ਹਾਂ ਦੀ ਪਾਲਨਾ ਕਰਦਾ ਹੈ ਸੋਈ ਹੈ ਜੋ ਮੈਨੂੰ ਪਿਆਰ ਕਰਦਾ ਹੈ।” (ਯੂਹੰਨਾ 14:15, 21) ਜੀ ਹਾਂ, ਯਿਸੂ ਨਾਲ ਪਿਆਰ ਸਦਕਾ ਅਸੀਂ ਸੱਚਾਈ ਦੀ ਗਵਾਹੀ ਦੇਣ ਲਈ ਅਤੇ ਯਿਸੂ ਦੇ ਹੁਕਮਾਂ ਦੀ ਪਾਲਣਾ ਕਰਨ ਲਈ ਤਿਆਰ ਰਹਾਂਗੇ। ਮੁੜ ਜ਼ਿੰਦਾ ਹੋਣ ਤੋਂ ਬਾਅਦ ਯਿਸੂ ਨੇ ਪਤਰਸ ਨੂੰ ਵਾਰ-ਵਾਰ ਪੁੱਛਿਆ: “ਕੀ ਤੂੰ ਮੈਨੂੰ . . . ਪਿਆਰ ਕਰਦਾ ਹੈਂ? . . . ਕੀ ਤੂੰ ਮੈਨੂੰ ਪਿਆਰ ਕਰਦਾ ਹੈਂ? . . . ਕੀ ਤੂੰ ਮੇਰੇ ਨਾਲ ਹਿਤ ਕਰਦਾ ਹੈਂ?” ਪਤਰਸ ਨੇ ਆਪਣੇ ਪਿਆਰ ਦਾ ਸਬੂਤ ਕਿਸ ਤਰ੍ਹਾਂ ਦੇਣਾ ਸੀ? ਯਿਸੂ ਨੇ ਉਸ ਨੂੰ ਕਿਹਾ: “ਮੇਰੇ ਲੇਲਿਆਂ ਨੂੰ ਚਾਰ। . . . ਮੇਰੀਆਂ ਭੇਡਾਂ ਦੀ ਰੱਛਿਆ ਕਰ। . . . ਮੇਰੀਆਂ ਭੇਡਾਂ ਨੂੰ ਚਾਰ।” ਯਿਸੂ ਲਈ ਪਤਰਸ ਦੇ ਪਿਆਰ ਨੇ ਉਸ ਨੂੰ ਚੰਗੀ ਤਰ੍ਹਾਂ ਗਵਾਹੀ ਦੇਣ ਲਈ ਪ੍ਰੇਰਣਾ ਸੀ ਤਾਂਕਿ ਉਹ ਯਿਸੂ ਦੀਆਂ “ਭੇਡਾਂ” ਨੂੰ ਲੱਭ ਕੇ ਉਨ੍ਹਾਂ ਦੀ ਚਰਵਾਹੀ ਕਰ ਸਕੇ।—ਯੂਹੰਨਾ 21:15-17.

10 ਅੱਜ ਅਸੀਂ ਪਤਰਸ ਵਾਂਗ ਯਿਸੂ ਨੂੰ ਨਿੱਜੀ ਤੌਰ ਤੇ ਨਹੀਂ ਜਾਣਦੇ। ਫਿਰ ਵੀ ਸਾਨੂੰ ਪੂਰਾ ਅਹਿਸਾਸ ਹੈ ਕਿ ਯਿਸੂ ਨੇ ਸਾਡੇ ਲਈ ਕੀ ਕੀਤਾ ਸੀ। ਉਸ ਨੇ ਪਿਆਰ ਦੀ ਖ਼ਾਤਰ ‘ਹਰੇਕ ਮਨੁੱਖ ਲਈ ਮੌਤ ਦਾ ਸੁਆਦ ਚੱਖਿਆ।’ (ਇਬਰਾਨੀਆਂ 2:9; ਯੂਹੰਨਾ 15:13) ਅਸੀਂ ਪੌਲੁਸ ਵਾਂਗ ਮਹਿਸੂਸ ਕਰਦੇ ਹਾਂ ਜਦ ਉਸ ਨੇ ਲਿਖਿਆ: “ਮਸੀਹ ਦਾ ਪ੍ਰੇਮ ਸਾਨੂੰ ਮਜਬੂਰ ਕਰ ਲੈਂਦਾ ਹੈ . . . ਉਹ ਸਭਨਾਂ ਦੇ ਲਈ ਮੋਇਆ ਭਈ ਜਿਹੜੇ ਜੀਉਂਦੇ ਹਨ ਓਹ ਅਗਾਹਾਂ ਨੂੰ ਆਪਣੇ ਲਈ ਨਹੀਂ ਸਗੋਂ ਉਹ ਦੇ ਲਈ ਜੀਉਣ।” (2 ਕੁਰਿੰਥੀਆਂ 5:14, 15) ਅਸੀਂ ਕਿਵੇਂ ਸਾਬਤ ਕਰਦੇ ਹਾਂ ਕਿ ਅਸੀਂ ਯਿਸੂ ਦੇ ਪਿਆਰ ਨੂੰ ਐਵੇਂ ਕਿਵੇਂ ਨਹੀਂ ਸਮਝਦੇ? ਅਸੀਂ ਉਸ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਪੂਰੀ ਵਾਹ ਲਾ ਕੇ ਗਵਾਹੀ ਦਿੰਦੇ ਹਾਂ। (1 ਯੂਹੰਨਾ 2:3-5) ਅਸੀਂ ਪ੍ਰਚਾਰ ਦੇ ਕੰਮ ਵਿਚ ਕਦੇ ਲਾਪਰਵਾਹੀ ਨਹੀਂ ਕਰਾਂਗੇ ਜਿਵੇਂ ਕਿਤੇ ਯਿਸੂ ਦੀ ਕੁਰਬਾਨੀ ਐਵੇਂ ਕੀਤੀ ਗਈ ਸੀ।—ਇਬਰਾਨੀਆਂ 10:29.

ਧਿਆਨ ਲਾ ਕੇ ਰੱਖੋ

11, 12. ਯਿਸੂ ਧਰਤੀ ਤੇ ਕਿਹੜਾ ਕੰਮ ਕਰਨ ਆਇਆ ਸੀ ਤੇ ਉਸ ਨੇ ਇਹ ਕੰਮ ਪੂਰਾ ਕਰਨ ਤੇ ਆਪਣਾ ਧਿਆਨ ਕਿਵੇਂ ਲਾਈ ਰੱਖਿਆ ਸੀ?

11 ਯਿਸੂ ਨੇ ਪੁੰਤਿਯੁਸ ਪਿਲਾਤੁਸ ਨੂੰ ਕਿਹਾ: “ਮੈਂ ਇਸੇ ਲਈ ਜਨਮ ਧਾਰਿਆ ਅਤੇ ਇਸੇ ਲਈ ਜਗਤ ਵਿੱਚ ਆਇਆ ਹਾਂ ਭਈ ਸਚਿਆਈ ਉੱਤੇ ਸਾਖੀ ਦਿਆਂ।” (ਯੂਹੰਨਾ 18:37) ਯਿਸੂ ਨੇ ਕਿਸੇ ਵੀ ਗੱਲ ਨੂੰ ਸੱਚਾਈ ਉੱਤੇ ਸਾਖੀ ਦੇਣ ਤੋਂ ਆਪਣਾ ਧਿਆਨ ਹਟਾਉਣ ਨਹੀਂ ਦਿੱਤਾ ਕਿਉਂਕਿ ਪਰਮੇਸ਼ੁਰ ਚਾਹੁੰਦਾ ਸੀ ਕਿ ਉਹ ਇਹ ਕੰਮ ਕਰੇ।

12 ਸ਼ਤਾਨ ਨੇ ਯਿਸੂ ਦਾ ਧਿਆਨ ਹਟਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਯਿਸੂ ਦੇ ਬਪਤਿਸਮੇ ਤੋਂ ਥੋੜ੍ਹੀ ਹੀ ਦੇਰ ਬਾਅਦ ਸ਼ਤਾਨ ਨੇ ਯਿਸੂ ਨੂੰ ਸੰਸਾਰ ਵਿਚ ਪ੍ਰਸਿੱਧ ਬਣਨ ਦੀ ਪੇਸ਼ਕਸ਼ ਕੀਤੀ ਸੀ। ਉਸ ਨੇ ਕਿਹਾ ਕਿ ਉਹ ਉਸ ਨੂੰ “ਜਗਤ ਦੀਆਂ ਸਾਰੀਆਂ ਪਾਤਸ਼ਾਹੀਆਂ ਅਤੇ ਉਨ੍ਹਾਂ ਦਾ ਜਲੌ” ਦੇ ਸਕਦਾ ਸੀ। (ਮੱਤੀ 4:8, 9) ਕੁਝ ਸਮੇਂ ਬਾਅਦ ਯਹੂਦੀਆਂ ਨੇ ਯਿਸੂ ਨੂੰ ਪਾਤਸ਼ਾਹ ਬਣਾਉਣਾ ਚਾਹਿਆ। (ਯੂਹੰਨਾ 6:15) ਸਾਡੇ ਵਿੱਚੋਂ ਕੁਝ ਲੋਕ ਸ਼ਾਇਦ ਸੋਚਣ ਕਿ ਜੇ ਯਿਸੂ ਉਸ ਸਮੇਂ ਰਾਜਾ ਬਣ ਜਾਂਦਾ, ਤਾਂ ਉਹ ਇਨਸਾਨਜਾਤ ਲਈ ਕਿੰਨਾ ਕੁਝ ਕਰ ਸਕਦਾ ਸੀ। ਪਰ ਯਿਸੂ ਨੇ ਇਸ ਤਰ੍ਹਾਂ ਬਿਲਕੁਲ ਨਹੀਂ ਸੋਚਿਆ। ਉਸ ਨੇ ਆਪਣਾ ਧਿਆਨ ਸੱਚਾਈ ਉੱਤੇ ਸਾਖੀ ਦੇਣ ਤੇ ਲਾਈ ਰੱਖਿਆ।

13, 14. (ੳ) ਕਿਨ੍ਹਾਂ ਗੱਲਾਂ ਨੇ ਯਿਸੂ ਦਾ ਧਿਆਨ ਭੰਗ ਨਹੀਂ ਕੀਤਾ ਸੀ? (ਅ) ਭਾਵੇਂ ਯਿਸੂ ਅਮੀਰ ਨਹੀਂ ਸੀ, ਪਰ ਉਸ ਨੇ ਆਪਣੀ ਜ਼ਿੰਦਗੀ ਵਿਚ ਕਿਹੜਾ ਕੰਮ ਨੇਪਰੇ ਚਾੜ੍ਹਿਆ ਸੀ?

13 ਯਿਸੂ ਨੇ ਧੰਨ-ਦੌਲਤ ਨੂੰ ਵੀ ਆਪਣਾ ਧਿਆਨ ਭੰਗ ਨਹੀਂ ਕਰਨ ਦਿੱਤਾ ਸੀ। ਨਤੀਜੇ ਵਜੋਂ ਉਸ ਨੇ ਐਸ਼ੋ-ਆਰਾਮ ਦੀ ਜ਼ਿੰਦਗੀ ਨਹੀਂ ਗੁਜ਼ਾਰੀ ਸੀ। ਉਸ ਦਾ ਤਾਂ ਆਪਣਾ ਘਰ ਵੀ ਨਹੀਂ ਸੀ। ਇਕ ਵਾਰ ਉਸ ਨੇ ਕਿਹਾ: “ਲੂੰਬੜੀਆਂ ਦੇ ਘੁਰਨੇ ਅਤੇ ਅਕਾਸ਼ ਦੇ ਪੰਛੀਆਂ ਦੇ ਆਹਲਣੇ ਹਨ ਪਰ ਮਨੁੱਖ ਦੇ ਪੁੱਤ੍ਰ ਦੇ ਸਿਰ ਧਰਨ ਨੂੰ ਥਾਂ ਨਹੀਂ।” (ਮੱਤੀ 8:20) ਉਸ ਦੀ ਮੌਤ ਦੇ ਸਮੇਂ ਬਾਈਬਲ ਵਿਚ ਸਿਰਫ਼ ਉਸ ਦੀ ਇਕ ਕੀਮਤੀ ਚੀਜ਼ ਦੀ ਗੱਲ ਕੀਤੀ ਗਈ ਹੈ ਯਾਨੀ ਉਹ ਕੁੜਤਾ ਜਿਸ ਉੱਤੇ ਰੋਮੀ ਸਿਪਾਹੀਆਂ ਨੇ ਗੁਣੇ ਪਾਏ ਸਨ। (ਯੂਹੰਨਾ 19:23, 24) ਤਾਂ ਫਿਰ ਕੀ ਇਸ ਦਾ ਮਤਲਬ ਇਹ ਹੈ ਕਿ ਯਿਸੂ ਦੀ ਜ਼ਿੰਦਗੀ ਨਾਕਾਮਯਾਬ ਸੀ? ਬਿਲਕੁਲ ਨਹੀਂ!

14 ਯਿਸੂ ਨੇ ਆਪਣੀ ਇਨਸਾਨੀ ਜ਼ਿੰਦਗੀ ਵਿਚ ਜੋ ਕੀਤਾ, ਉਹ ਕਿਸੇ ਦੌਲਤਮੰਦ ਦਾਨੀ ਇਨਸਾਨ ਨਾਲੋਂ ਕਿਤੇ ਜ਼ਿਆਦਾ ਸੀ। ਪੌਲੁਸ ਨੇ ਕਿਹਾ: “ਤੁਸੀਂ ਸਾਡੇ ਪ੍ਰਭੁ ਯਿਸੂ ਮਸੀਹ ਦੀ ਕਿਰਪਾ ਨੂੰ ਜਾਣਦੇ ਹੋ ਜੋ ਭਾਵੇਂ ਉਹ ਧਨੀ ਸੀ ਪਰ ਤੁਹਾਡੇ ਲਈ ਨਿਰਧਨ ਬਣਿਆ ਭਈ ਤੁਸੀਂ ਉਹ ਦੀ ਨਿਰਧਨਤਾਈ ਤੋਂ ਧਨੀ ਹੋ ਜਾਓ।” (2 ਕੁਰਿੰਥੀਆਂ 8:9; ਫ਼ਿਲਿੱਪੀਆਂ 2:5-8) ਭਾਵੇਂ ਯਿਸੂ ਅਮੀਰ ਨਹੀਂ ਸੀ, ਫਿਰ ਵੀ ਉਸ ਨੇ ਨਿਮਰ ਇਨਸਾਨਾਂ ਲਈ ਹਮੇਸ਼ਾ ਦੀ ਜ਼ਿੰਦਗੀ ਹਾਸਲ ਕਰਨ ਦਾ ਰਾਹ ਖੋਲ੍ਹਿਆ। ਅਸੀਂ ਉਸ ਦੇ ਕਿੰਨੇ ਧੰਨਵਾਦੀ ਹਾਂ! ਅਸੀਂ ਬਹੁਤ ਹੀ ਖ਼ੁਸ਼ ਹਾਂ ਕਿ ਉਸ ਨੇ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਨ ਤੇ ਆਪਣਾ ਧਿਆਨ ਲਾਈ ਰੱਖਿਆ ਅਤੇ ਹੁਣ ਸਵਰਗ ਵਿਚ ਉਸ ਨੂੰ ਆਪਣੀ ਸੇਵਾ ਦਾ ਮੇਵਾ ਮਿਲਿਆ ਹੈ।—ਜ਼ਬੂਰਾਂ ਦੀ ਪੋਥੀ 40:8; ਰਸੂਲਾਂ ਦੇ ਕਰਤੱਬ 2:32, 33, 36.

15. ਧੰਨ-ਦੌਲਤ ਨਾਲੋਂ ਜ਼ਿਆਦਾ ਕੀਮਤੀ ਕੀ ਹੈ?

15 ਜੇ ਅਸੀਂ ਯਿਸੂ ਦੀ ਰੀਸ ਕਰਨੀ ਚਾਹੁੰਦੇ ਹਾਂ, ਤਾਂ ਅਸੀਂ ਵੀ ਅਮੀਰ ਬਣਨ ਦੇ ਸੁਪਨੇ ਨਹੀਂ ਲਵਾਂਗੇ। (1 ਤਿਮੋਥਿਉਸ 6:9, 10) ਅਸੀਂ ਜਾਣਦੇ ਹਾਂ ਕਿ ਧੰਨ-ਦੌਲਤ ਨਾਲ ਅਸੀਂ ਐਸ਼ੋ-ਆਰਾਮ ਦੀ ਜ਼ਿੰਦਗੀ ਤਾਂ ਜ਼ਰੂਰ ਜੀ ਸਕਦੇ ਹਾਂ, ਪਰ ਅਸੀਂ ਇਹ ਵੀ ਜਾਣਦੇ ਹਾਂ ਕਿ ਪੈਸੇ ਨਾਲ ਹਮੇਸ਼ਾ ਦੀ ਜ਼ਿੰਦਗੀ ਹਾਸਲ ਨਹੀਂ ਕੀਤੀ ਜਾ ਸਕਦੀ। ਜਿਵੇਂ ਯਿਸੂ ਦੀ ਮੌਤ ਵੇਲੇ ਉਸ ਦਾ ਕੁੜਤਾ ਉਸ ਦੇ ਕਿਸੇ ਕੰਮ ਨਹੀਂ ਆਇਆ ਸੀ, ਉਸੇ ਤਰ੍ਹਾਂ ਜਦ ਕਿਸੇ ਦੀ ਮੌਤ ਹੁੰਦੀ ਹੈ, ਤਾਂ ਉਸ ਦੀ ਧੰਨ-ਦੌਲਤ ਉਸ ਦੇ ਕਿਸੇ ਕੰਮ ਨਹੀਂ ਆਉਂਦੀ। (ਉਪਦੇਸ਼ਕ ਦੀ ਪੋਥੀ 2:10, 11, 17-19; 7:12) ਮੌਤ ਦੇ ਵੇਲੇ ਸਿਰਫ਼ ਇਕ ਚੀਜ਼ ਕੀਮਤੀ ਹੈ: ਯਹੋਵਾਹ ਤੇ ਯਿਸੂ ਮਸੀਹ ਨਾਲ ਸਾਡੀ ਦੋਸਤੀ।—ਮੱਤੀ 6:19-21; ਲੂਕਾ 16:9.

ਵਿਰੋਧਤਾ ਸਾਨੂੰ ਰੋਕ ਨਹੀਂ ਸਕਦੀ

16. ਯਿਸੂ ਨੇ ਵਿਰੋਧਤਾ ਸਾਮ੍ਹਣੇ ਕੀ ਕੀਤਾ ਸੀ?

16 ਵਿਰੋਧਤਾ ਦੇ ਬਾਵਜੂਦ ਯਿਸੂ ਸੱਚਾਈ ਉੱਤੇ ਸਾਖੀ ਦਿੰਦਾ ਰਿਹਾ। ਭਾਵੇਂ ਉਹ ਜਾਣਦਾ ਸੀ ਕਿ ਧਰਤੀ ਉੱਤੇ ਉਸ ਨੂੰ ਆਪਣੀ ਜਾਨ ਕੁਰਬਾਨ ਕਰਨੀ ਪਵੇਗੀ, ਫਿਰ ਵੀ ਉਸ ਨੇ ਹਿੰਮਤ ਨਹੀਂ ਹਾਰੀ ਸੀ। ਪੌਲੁਸ ਰਸੂਲ ਨੇ ਯਿਸੂ ਬਾਰੇ ਕਿਹਾ ਸੀ: “ਉਸ ਅਨੰਦ ਨਮਿੱਤ ਜੋ ਉਹ ਦੇ ਅੱਗੇ ਧਰਿਆ ਹੋਇਆ ਸੀ [ਉਸ ਨੇ] ਲਾਜ ਨੂੰ ਤੁੱਛ ਜਾਣ ਕੇ ਸਲੀਬ ਦਾ ਦੁਖ ਝੱਲਿਆ ਅਤੇ ਪਰਮੇਸ਼ੁਰ ਦੇ ਸਿੰਘਾਸਣ ਦੇ ਸੱਜੇ ਪਾਸੇ ਬਿਰਾਜਮਾਨ ਹੋਇਆ।” (ਇਬਰਾਨੀਆਂ 12:2) ਕੀ ਤੁਸੀਂ ਦੇਖਿਆ ਕਿ ਯਿਸੂ ਨੇ “ਲਾਜ ਨੂੰ ਤੁੱਛ” ਜਾਣਿਆ ਸੀ? ਉਸ ਨੂੰ ਕੋਈ ਫ਼ਿਕਰ ਨਹੀਂ ਸੀ ਕਿ ਉਸ ਦੇ ਵਿਰੋਧੀ ਉਸ ਬਾਰੇ ਕੀ ਕਹਿੰਦੇ ਸਨ। ਉਸ ਨੇ ਆਪਣਾ ਧਿਆਨ ਪਰਮੇਸ਼ੁਰ ਦਾ ਕੰਮ ਪੂਰਾ ਕਰਨ ਤੇ ਲਾਈ ਰੱਖਿਆ।

17. ਅਸੀਂ ਯਿਸੂ ਦੇ ਸਬਰ ਤੋਂ ਕੀ ਸਿੱਖ ਸਕਦੇ ਹਾਂ?

17 ਪੌਲੁਸ ਨੇ ਯਿਸੂ ਦੇ ਸਬਰ ਦੀ ਮਿਸਾਲ ਦੇ ਕੇ ਮਸੀਹੀਆਂ ਨੂੰ ਲਿਖਿਆ: “ਤੁਸੀਂ ਉਹ ਨੂੰ ਸੋਚੋ ਜਿਹ ਨੇ ਆਪਣੇ ਉੱਤੇ ਪਾਪੀਆਂ ਦੀ ਐਡੀ ਲਾਗਬਾਜ਼ੀ ਸਹਿ ਲਈ ਭਈ ਨਾ ਹੋਵੇ ਜੋ ਤੁਸੀਂ ਅੱਕ ਕੇ ਆਪਣੇ ਜੀ ਵਿੱਚ ਢਿੱਲੇ ਪੈ ਜਾਓ।” (ਇਬਰਾਨੀਆਂ 12:3) ਹਾਂ, ਇਹ ਸੱਚ ਹੈ ਕਿ ਰੋਜ਼-ਰੋਜ਼ ਵਿਰੋਧਤਾ ਅਤੇ ਮਜ਼ਾਕ ਦਾ ਸਾਮ੍ਹਣਾ ਕਰਨਾ ਆਸਾਨ ਨਹੀਂ। ਅਸੀਂ ਦੁਨੀਆਂ ਦੇ ਮਾਇਆਜਾਲ ਤੋਂ ਪਰੇ-ਪਰੇ ਰਹਿ ਕੇ ਅੱਕ ਸਕਦੇ ਹਾਂ, ਖ਼ਾਸਕਰ ਜਦ ਸਾਡੇ ਸਾਕ-ਸੰਬੰਧੀ ਸਾਨੂੰ ਦੁਨੀਆਂ ਵਿਚ ਕੁਝ ਬਣਨ ਦੀ ਹੱਲਾਸ਼ੇਰੀ ਦਿੰਦੇ ਰਹਿੰਦੇ ਹਨ। ਇਸ ਲਈ ਆਓ ਆਪਾਂ ਯਿਸੂ ਵਾਂਗ ਯਹੋਵਾਹ ਤੇ ਆਸ ਲਾਈ ਰੱਖੀਏ ਅਤੇ ਉਸ ਦੇ ਕੰਮਾਂ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦਿੰਦੇ ਰਹੀਏ।—ਮੱਤੀ 6:33; ਰੋਮੀਆਂ 15:13; 1 ਕੁਰਿੰਥੀਆਂ 2:4.

18. ਅਸੀਂ ਪਤਰਸ ਨੂੰ ਕਹੀਆਂ ਗਈਆਂ ਯਿਸੂ ਦੀਆਂ ਗੱਲਾਂ ਤੋਂ ਕੀ ਸਿੱਖ ਸਕਦੇ ਹਾਂ?

18 ਯਿਸੂ ਨੇ ਆਪਣੇ ਮਕਸਦ ਉੱਤੇ ਉਦੋਂ ਵੀ ਧਿਆਨ ਲਾਈ ਰੱਖਿਆ ਜਦ ਉਸ ਨੇ ਆਪਣੇ ਚੇਲਿਆਂ ਨੂੰ ਆਪਣੀ ਮੌਤ ਬਾਰੇ ਦੱਸਣਾ ਸ਼ੁਰੂ ਕੀਤਾ ਸੀ। ਉਸ ਸਮੇਂ ਪਤਰਸ ਨੇ ਯਿਸੂ ਨੂੰ ਕਿਹਾ: “ਪ੍ਰਭੁ ਜੀ ਪਰਮੇਸ਼ੁਰ ਏਹ ਨਾ ਕਰੇ! ਤੇਰੇ ਲਈ ਇਹ ਕਦੇ ਨਾ ਹੋਵੇਗਾ!” ਯਿਸੂ ਨੇ ਉਸ ਦੀ ਇਕ ਨਾ ਸੁਣੀ ਕਿਉਂਕਿ ਉਹ ਨਹੀਂ ਚਾਹੁੰਦਾ ਸੀ ਕਿ ਉਸ ਦਾ ਧਿਆਨ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਨ ਤੋਂ ਭੰਗ ਕੀਤਾ ਜਾਵੇ। ਉਸ ਨੇ ਪਤਰਸ ਨੂੰ ਸਾਫ਼-ਸਾਫ਼ ਕਹਿ ਦਿੱਤਾ: “ਹੇ ਸ਼ਤਾਨ ਮੈਥੋਂ ਪਿੱਛੇ ਹਟ! ਤੂੰ ਮੇਰੇ ਲਈ ਠੋਕਰ ਹੈਂ ਕਿਉਂ ਜੋ ਤੂੰ ਪਰਮੇਸ਼ੁਰ ਦੀਆਂ ਨਹੀਂ ਪਰ ਮਨੁੱਖਾਂ ਦੀਆਂ ਗੱਲਾਂ ਦਾ ਧਿਆਨ ਰੱਖਦਾ ਹੈਂ।” (ਮੱਤੀ 16:21-23) ਆਓ ਆਪਾਂ ਵੀ ਯਿਸੂ ਵਾਂਗ ਲੋਕਾਂ ਦੀਆਂ ਗੱਲਾਂ ਵੱਲ ਧਿਆਨ ਦੇਣ ਦੀ ਬਜਾਇ ਪਰਮੇਸ਼ੁਰ ਦੀਆਂ ਗੱਲਾਂ ਤੇ ਧਿਆਨ ਲਾਈ ਰੱਖੀਏ।

ਪਰਮੇਸ਼ੁਰ ਦੇ ਰਾਜ ਦੀਆਂ ਬਰਕਤਾਂ

19. ਭਾਵੇਂ ਯਿਸੂ ਨੇ ਕਈ ਚਮਤਕਾਰ ਕੀਤੇ ਸਨ, ਪਰ ਉਸ ਦੀ ਸੇਵਕਾਈ ਦਾ ਸਭ ਤੋਂ ਜ਼ਰੂਰੀ ਕੰਮ ਕੀ ਸੀ?

19 ਯਿਸੂ ਨੇ ਕਈ ਚਮਤਕਾਰ ਕਰ ਕੇ ਦਿਖਾਇਆ ਸੀ ਕਿ ਉਹ ਮਸੀਹਾ ਸੀ। ਉਸ ਨੇ ਮੁਰਦਿਆਂ ਨੂੰ ਵੀ ਜ਼ਿੰਦਾ ਕੀਤਾ ਸੀ। ਉਸ ਦੇ ਭਲੇ ਕੰਮ ਦੇਖ ਕੇ ਭੀੜਾਂ ਉਸ ਦੇ ਆਲੇ-ਦੁਆਲੇ ਇਕੱਠੀਆਂ ਹੋਈਆਂ ਰਹਿੰਦੀਆਂ ਸਨ, ਪਰ ਉਹ ਧਰਤੀ ਤੇ ਸਿਰਫ਼ ਚਮਤਕਾਰ ਕਰਨ ਲਈ ਨਹੀਂ ਆਇਆ ਸੀ। ਉਹ ਸੱਚਾਈ ਉੱਤੇ ਸਾਖੀ ਦੇਣ ਆਇਆ ਸੀ। ਉਹ ਜਾਣਦਾ ਸੀ ਕਿ ਉਸ ਦੇ ਚਮਤਕਾਰਾਂ ਦਾ ਫ਼ਾਇਦਾ ਬਹੁਤੇ ਸਮੇਂ ਲਈ ਨਹੀਂ ਰਹਿਣਾ ਸੀ। ਜਿਨ੍ਹਾਂ ਨੂੰ ਉਸ ਨੇ ਰੋਟੀ ਖੁਆਈ ਸੀ ਉਨ੍ਹਾਂ ਨੂੰ ਫਿਰ ਤੋਂ ਭੁੱਖ ਲੱਗਣੀ ਸੀ ਤੇ ਜਿਨ੍ਹਾਂ ਨੂੰ ਉਸ ਨੇ ਜ਼ਿੰਦਾ ਕੀਤਾ ਸੀ ਉਨ੍ਹਾਂ ਨੇ ਫਿਰ ਮਰ ਜਾਣਾ ਸੀ। ਸਿਰਫ਼ ਸੱਚਾਈ ਉੱਤੇ ਸਾਖੀ ਦੇ ਕੇ ਉਹ ਉਨ੍ਹਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਹਾਸਲ ਕਰਨ ਵਿਚ ਮਦਦ ਦੇ ਸਕਦਾ ਸੀ।—ਲੂਕਾ 18:28-30.

20, 21. ਭਲੇ ਕੰਮ ਕਰਨ ਦੇ ਮਾਮਲੇ ਵਿਚ ਸਾਡਾ ਕੀ ਵਿਚਾਰ ਹੈ?

20 ਅੱਜ-ਕੱਲ੍ਹ ਕਈ ਲੋਕ ਯਿਸੂ ਦੀ ਰੀਸ ਕਰ ਕੇ ਹੋਰਨਾਂ ਲਈ ਭਲੇ ਕੰਮ ਕਰਦੇ ਹਨ। ਕਈ ਲੋਕ ਨਵੇਂ ਹਸਪਤਾਲ ਖੋਲ੍ਹਦੇ ਹਨ ਜਾਂ ਗ਼ਰੀਬਾਂ ਦੀ ਮਦਦ ਕਰਨ ਲਈ ਆਪਾ ਵਾਰਦੇ ਹਨ। ਕਈ ਬਹੁਤ ਪੁੰਨ-ਦਾਨ ਵੀ ਕਰਦੇ ਹਨ। ਭਾਵੇਂ ਇਨ੍ਹਾਂ ਲੋਕਾਂ ਦੇ ਇਰਾਦੇ ਬਹੁਤ ਨੇਕ ਹੁੰਦੇ ਹਨ, ਪਰ ਉਨ੍ਹਾਂ ਦੇ ਕੰਮਾਂ ਦਾ ਫ਼ਾਇਦਾ ਹਮੇਸ਼ਾ ਲਈ ਨਹੀਂ ਰਹਿੰਦਾ। ਸਿਰਫ਼ ਪਰਮੇਸ਼ੁਰ ਦਾ ਰਾਜ ਹੀ ਲੋਕਾਂ ਦੀ ਹਮੇਸ਼ਾ ਲਈ ਮਦਦ ਕਰ ਸਕਦਾ ਹੈ। ਇਸ ਕਰਕੇ ਯਹੋਵਾਹ ਦੇ ਗਵਾਹ ਯਿਸੂ ਵਾਂਗ ਪਰਮੇਸ਼ੁਰ ਦੇ ਰਾਜ ਦੀ ਸੱਚਾਈ ਉੱਤੇ ਗਵਾਹੀ ਦੇਣ ਤੇ ਜ਼ੋਰ ਦਿੰਦੇ ਹਨ।

21 ਪਰ ਗਵਾਹੀ ਦੇਣ ਤੋਂ ਇਲਾਵਾ ਅਸੀਂ ਭਲੇ ਕੰਮ ਵੀ ਕਰਦੇ ਹਾਂ। ਪੌਲੁਸ ਨੇ ਲਿਖਿਆ: “ਉਪਰੰਤ ਜਿਵੇਂ ਸਾਨੂੰ ਮੌਕਾ ਮਿਲੇ ਅਸੀਂ ਸਭਨਾਂ ਨਾਲ ਭਲਾ ਕਰੀਏ ਪਰ ਨਿਜ ਕਰਕੇ ਨਿਹਚਾਵਾਨਾਂ ਦੇ ਨਾਲ।” (ਗਲਾਤੀਆਂ 6:10) ਜਦ ਕਿਤੇ ਔਖੀ ਘੜੀ ਆਉਂਦੀ ਹੈ ਜਾਂ ਕਿਸੇ ਨੂੰ ਜ਼ਰੂਰਤ ਪੈਂਦੀ ਹੈ, ਤਾਂ ਅਸੀਂ ਆਪਣੇ ਭੈਣ-ਭਾਈਆਂ ਅਤੇ ਆਪਣੇ ਗੁਆਂਢੀਆਂ ਲਈ ਚੰਗਾ ਕਰਨੋਂ ਪਿੱਛੇ ਨਹੀਂ ਹਟਦੇ। ਪਰ ਫਿਰ ਵੀ ਅਸੀਂ ਆਪਣਾ ਧਿਆਨ ਸੱਚਾਈ ਉੱਤੇ ਸਾਖੀ ਦੇਣ ਤੇ ਲਾਈ ਰੱਖਦੇ ਹਾਂ।

ਯਿਸੂ ਦੀ ਮਿਸਾਲ ਤੋਂ ਸਿੱਖੋ

22. ਅਸੀਂ ਆਪਣੇ ਗੁਆਂਢੀਆਂ ਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਿਉਂ ਕਰਦੇ ਹਾਂ?

22 ਪੌਲੁਸ ਨੇ ਲਿਖਿਆ: “ਜੇਕਰ ਮੈਂ ਸ਼ੁਭ ਸਮਾਚਾਰ ਨਾ ਸੁਣਾਵਾਂ, ਤਾਂ ਮੇਰੇ ਲਈ ਸ਼ਰਮ ਦੀ ਗੱਲ ਹੈ।” (1 ਕੁਰਿੰਥੁਸ 9:16, ਪਵਿੱਤਰ ਬਾਈਬਲ ਨਵਾਂ ਅਨੁਵਾਦ) ਉਹ ਬੇਦਿਲੀ ਨਾਲ ਖ਼ੁਸ਼ ਖ਼ਬਰੀ ਨਹੀਂ ਸੁਣਾਉਂਦਾ ਸੀ ਕਿਉਂਕਿ ਉਹ ਜਾਣਦਾ ਸੀ ਕਿ ਉਸ ਦੇ ਪ੍ਰਚਾਰ ਰਾਹੀਂ ਉਸ ਦੀ ਅਤੇ ਉਸ ਦੇ ਸੁਣਨ ਵਾਲਿਆਂ ਦੀ ਜ਼ਿੰਦਗੀ ਬਚ ਸਕਦੀ ਸੀ। (1 ਤਿਮੋਥਿਉਸ 4:16) ਅਸੀਂ ਵੀ ਗਵਾਹੀ ਦੇਣ ਬਾਰੇ ਇਸੇ ਤਰ੍ਹਾਂ ਮਹਿਸੂਸ ਕਰਦੇ ਹਾਂ। ਅਸੀਂ ਆਪਣੇ ਗੁਆਂਢੀਆਂ ਦੀ ਮਦਦ ਕਰਨੀ ਚਾਹੁੰਦੇ ਹਾਂ। ਅਸੀਂ ਯਹੋਵਾਹ ਨੂੰ ਦਿਖਾਉਣਾ ਚਾਹੁੰਦੇ ਹਾਂ ਕਿ ਅਸੀਂ ਉਸ ਨੂੰ ਕਿੰਨਾ ਪਿਆਰ ਕਰਦੇ ਹਾਂ। ਅਸੀਂ ਯਿਸੂ ਲਈ ਵੀ ਆਪਣੇ ਪਿਆਰ ਦਾ ਸਬੂਤ ਦੇਣਾ ਚਾਹੁੰਦੇ ਹਾਂ ਕਿਉਂਕਿ ਉਸ ਨੇ ਆਪਣੀ ਜਾਨ ਦੇ ਕੇ ਦਿਖਾਇਆ ਸੀ ਕਿ ਉਹ ਸਾਡੇ ਨਾਲ ਕਿੰਨਾ ਪਿਆਰ ਕਰਦਾ ਸੀ। ਇਸ ਲਈ ਅਸੀਂ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਕੇ “ਮਨੁੱਖਾਂ ਦੀਆਂ ਕਾਮਨਾਂ ਦੇ ਅਨੁਸਾਰ ਨਹੀਂ ਸਗੋਂ ਪਰਮੇਸ਼ੁਰ ਦੀ ਇੱਛਿਆ ਦੇ ਅਨੁਸਾਰ” ਜੀਉਂਦੇ ਹਾਂ।—1 ਪਤਰਸ 4:1, 2.

23, 24. (ੳ) ਮੱਛੀਆਂ ਫੜਨ ਦੇ ਚਮਤਕਾਰ ਤੋਂ ਅਸੀਂ ਕੀ ਸਿੱਖਦੇ ਹਾਂ? (ਅ) ਅੱਜ ਕੌਣ ਚੰਗੀ ਤਰ੍ਹਾਂ ਗਵਾਹੀ ਦੇ ਰਹੇ ਹਨ?

23 ਭਾਵੇਂ ਕੋਈ ਗੁੱਸੇ ਵਿਚ ਆ ਕੇ ਸਾਡੀ ਗੱਲ ਨਾ ਸੁਣੇ ਜਾਂ ਸਾਡਾ ਮਜ਼ਾਕ ਉਡਾਵੇ, ਫਿਰ ਵੀ ਅਸੀਂ ਯਿਸੂ ਵਾਂਗ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਨ ਤੇ ਆਪਣਾ ਧਿਆਨ ਲਾਈ ਰੱਖਾਂਗੇ। ਅਸੀਂ ਮੱਛੀਆਂ ਫੜਨ ਦੇ ਚਮਤਕਾਰ ਤੋਂ ਇਕ ਵਧੀਆ ਸਬਕ ਸਿੱਖਦੇ ਹਾਂ ਜਿਸ ਸਮੇਂ ਯਿਸੂ ਨੇ ਪਤਰਸ ਅਤੇ ਅੰਦ੍ਰਿਯਾਸ ਨੂੰ ਆਪਣੇ ਚੇਲੇ ਬਣਨ ਲਈ ਬੁਲਾਇਆ ਸੀ। ਪਤਰਸ ਅਜਿਹੇ ਪਾਣੀਆਂ ਵਿਚ ਆਪਣਾ ਜਾਲ ਪਾ ਕੇ ਕਾਮਯਾਬ ਹੋਇਆ ਸੀ ਜਿੱਥੇ ਉਸ ਨੂੰ ਲੱਗਦਾ ਸੀ ਕਿ ਕੋਈ ਫ਼ਾਇਦਾ ਨਹੀਂ ਸੀ ਹੋਣ ਵਾਲਾ। ਇਸੇ ਤਰ੍ਹਾਂ ਜੇ ਅਸੀਂ ਯਿਸੂ ਦੀ ਆਗਿਆ ਮੰਨ ਕੇ ਅਜਿਹੇ ਇਲਾਕਿਆਂ ਵਿਚ ਪ੍ਰਚਾਰ ਕਰਾਂਗੇ ਜਿੱਥੇ ਸਾਨੂੰ ਲੱਗੇ ਕੋਈ ਫ਼ਾਇਦਾ ਨਹੀਂ, ਤਾਂ ਅਸੀਂ ਵੀ ਕਾਮਯਾਬ ਹੋਵਾਂਗੇ। ਕੁਝ ਭੈਣ-ਭਰਾਵਾਂ ਨੇ ਕਈ ਸਾਲ ਅਜਿਹੇ ਇਲਾਕਿਆਂ ਵਿਚ ਪ੍ਰਚਾਰ ਕੀਤਾ ਹੈ ਜਿੱਥੇ ਕੋਈ ਸੱਚਾਈ ਵੱਲ ਧਿਆਨ ਨਹੀਂ ਦੇ ਰਿਹਾ ਸੀ, ਪਰ ਫਿਰ ਲੋਕ ਖ਼ੁਸ਼ ਖ਼ਬਰੀ ਸੁਣਨ ਲਈ ਰਾਜ਼ੀ ਹੋ ਗਏ। ਹੋਰ ਭੈਣ-ਭਰਾ ਅਜਿਹੇ ਇਲਾਕਿਆਂ ਵਿਚ ਪ੍ਰਚਾਰ ਕਰਨ ਗਏ ਹਨ ਜਿੱਥੇ ਗਵਾਹਾਂ ਦੀ ਕਮੀ ਸੀ, ਪਰ ਸੁਣਨ ਵਾਲਿਆਂ ਦੀ ਗਿਣਤੀ ਜ਼ਿਆਦਾ ਸੀ। ਅਸੀਂ ਜਿੱਥੇ ਮਰਜ਼ੀ ਹੋਈਏ, ਅਸੀਂ ਸੱਚਾਈ ਬਾਰੇ ਗਵਾਹੀ ਦੇਣ ਤੋਂ ਪਿੱਛੇ ਨਹੀਂ ਹਟਦੇ। ਅਸੀਂ ਜਾਣਦੇ ਹਾਂ ਕਿ ਯਿਸੂ ਨੇ ਅਜੇ ਨਹੀਂ ਕਿਹਾ ਕਿ ਧਰਤੀ ਦੇ ਕਿਸੇ ਵੀ ਇਲਾਕੇ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ ਪੂਰਾ ਹੋ ਚੁੱਕਾ ਹੈ।—ਮੱਤੀ 24:14.

24 ਯਹੋਵਾਹ ਦੇ 60 ਲੱਖ ਤੋਂ ਜ਼ਿਆਦਾ ਗਵਾਹ 230 ਦੇਸ਼ਾਂ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਰਹੇ ਹਨ। ਸਾਲ 2004 ਲਈ ਪੂਰੀ ਦੁਨੀਆਂ ਵਿਚ ਉਨ੍ਹਾਂ ਦੇ ਕੰਮ ਦੀ ਰਿਪੋਰਟ 1 ਫਰਵਰੀ 2005 ਦੇ ਪਹਿਰਾਬੁਰਜ ਵਿਚ ਦਿੱਤੀ ਜਾਵੇਗੀ। ਉਸ ਤੋਂ ਅਸੀਂ ਦੇਖ ਸਕਾਂਗੇ ਕਿ ਯਹੋਵਾਹ ਨੇ ਪ੍ਰਚਾਰ ਦੇ ਕੰਮ ਤੇ ਕਿੰਨੀ ਬਰਕਤ ਪਾਈ ਹੈ। ਹੁਣ ਅੰਤ ਬਹੁਤਾ ਦੂਰ ਨਹੀਂ ਹੈ, ਤਾਂ ਫਿਰ ਆਓ ਆਪਾਂ ਪੌਲੁਸ ਦੇ ਇਨ੍ਹਾਂ ਸ਼ਬਦਾਂ ਵੱਲ ਪੂਰਾ ਧਿਆਨ ਦੇਈਏ: ‘ਬਚਨ ਦਾ ਪਰਚਾਰ ਕਰੋ। ਵੇਲੇ ਕੁਵੇਲੇ ਉਸ ਵਿੱਚ ਲੱਗੇ ਰਹੋ।’ (2 ਤਿਮੋਥਿਉਸ 4:2) ਆਓ ਆਪਾਂ ਉਸ ਸਮੇਂ ਤਕ ਸਾਰਿਆਂ ਨੂੰ ਗਵਾਹੀ ਦਿੰਦੇ ਰਹੀਏ ਜਦ ਤਕ ਯਹੋਵਾਹ ਨਹੀਂ ਕਹਿੰਦਾ ਕਿ ਇਹ ਕੰਮ ਪੂਰਾ ਹੋ ਗਿਆ ਹੈ।

ਇਸ ਸਾਲ ਤੋਂ ਯਹੋਵਾਹ ਦੇ ਗਵਾਹਾਂ ਦੀ ਵਿਸ਼ਵ-ਵਿਆਪੀ ਸੇਵਾ ਸਾਲ ਰਿਪੋਰਟ 1 ਜਨਵਰੀ ਦੇ ਪਹਿਰਾਬੁਰਜ ਵਿਚ ਛਪਣ ਦੀ ਬਜਾਇ 1 ਫਰਵਰੀ ਦੇ ਪਹਿਰਾਬੁਰਜ ਵਿਚ ਛਾਪੀ ਜਾਵੇਗੀ।

ਕੀ ਤੁਸੀਂ ਦੱਸ ਸਕਦੇ ਹੋ?

• ਯਿਸੂ ਦੀ ਸਿਖਲਾਈ ਤੋਂ ਅਸੀਂ ਲਾਭ ਕਿਵੇਂ ਹਾਸਲ ਕਰ ਸਕਦੇ ਹਾਂ?

• ਯਿਸੂ ਉਨ੍ਹਾਂ ਲੋਕਾਂ ਬਾਰੇ ਕਿਵੇਂ ਮਹਿਸੂਸ ਕਰਦਾ ਸੀ ਜਿਨ੍ਹਾਂ ਨੂੰ ਉਹ ਪ੍ਰਚਾਰ ਕਰਦਾ ਸੀ?

• ਸਾਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲਈ ਕੀ ਪ੍ਰੇਰਦਾ ਹੈ?

• ਅਸੀਂ ਯਿਸੂ ਵਾਂਗ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਨ ਉੱਤੇ ਆਪਣਾ ਧਿਆਨ ਕਿਵੇਂ ਲਾਈ ਰੱਖ ਸਕਦੇ ਹਾਂ?

[ਸਵਾਲ]

[ਸਫ਼ੇ 15 ਉੱਤੇ ਤਸਵੀਰ]

ਜੇ ਅਸੀਂ ਯਿਸੂ ਵਾਂਗ ਲੋਕਾਂ ਵਿਚ ਦਿਲਚਸਪੀ ਲਵਾਂਗੇ, ਤਾਂ ਅਸੀਂ ਵੀ ਚੰਗੀ ਤਰ੍ਹਾਂ ਗਵਾਹੀ ਦੇ ਸਕਾਂਗੇ

[ਸਫ਼ੇ 1617 ਉੱਤੇ ਤਸਵੀਰ]

ਯਿਸੂ ਧਰਤੀ ਤੇ ਖ਼ਾਸਕਰ ਸੱਚਾਈ ਉੱਤੇ ਸਾਖੀ ਦੇਣ ਆਇਆ ਸੀ

[ਸਫ਼ੇ 17 ਉੱਤੇ ਤਸਵੀਰ]

ਯਹੋਵਾਹ ਦੇ ਗਵਾਹ ਮੁੱਖ ਤੌਰ ਤੇ ਚੰਗੀ ਤਰ੍ਹਾਂ ਗਵਾਹੀ ਦੇਣ ਵੱਲ ਧਿਆਨ ਦਿੰਦੇ ਹਨ