Skip to content

Skip to table of contents

“ਇੱਕ ਦੂਏ ਦੀ ਪਰਾਹੁਣਚਾਰੀ ਕਰੋ”

“ਇੱਕ ਦੂਏ ਦੀ ਪਰਾਹੁਣਚਾਰੀ ਕਰੋ”

“ਇੱਕ ਦੂਏ ਦੀ ਪਰਾਹੁਣਚਾਰੀ ਕਰੋ”

ਪਹਿਲੀ ਸਦੀ ਦੀ ਮਸੀਹੀ ਔਰਤ ਫ਼ੀਬੀ ਵੱਡੀ ਉਲਝਣ ਵਿਚ ਸੀ। ਉਹ ਯੂਨਾਨ ਦੇ ਸ਼ਹਿਰ ਕੰਖਰਿਯਾ ਤੋਂ ਰੋਮ ਜਾ ਰਹੀ ਸੀ, ਪਰ ਉਹ ਰੋਮ ਵਿਚ ਕਿਸੇ ਵੀ ਮਸੀਹੀ ਭੈਣ-ਭਰਾ ਨੂੰ ਨਹੀਂ ਜਾਣਦੀ ਸੀ। (ਰੋਮੀਆਂ 16:1, 2) ਬਾਈਬਲ ਅਨੁਵਾਦਕ ਏਡਗਰ ਗੁਡਸਪੀਡ ਕਹਿੰਦਾ ਹੈ: “[ਉਨ੍ਹਾਂ ਦਿਨਾਂ ਵਿਚ] ਰੋਮ ਦੇ ਲੋਕ ਬਹੁਤ ਹੀ ਬਦਕਾਰ ਤੇ ਜ਼ਾਲਮ ਸਨ। ਮੁਸਾਫ਼ਰਖ਼ਾਨੇ ਬਦਨਾਮ ਹੋਣ ਕਰਕੇ ਉੱਥੇ ਕਿਸੇ ਵੀ ਸ਼ਰੀਫ਼ ਔਰਤ, ਖ਼ਾਸਕਰ ਮਸੀਹੀ ਔਰਤ ਦਾ ਠਹਿਰਨਾ ਠੀਕ ਨਹੀਂ ਸੀ।” ਤਾਂ ਫਿਰ ਫ਼ੀਬੀ ਕਿੱਥੇ ਠਹਿਰ ਸਕਦੀ ਸੀ?

ਬਾਈਬਲ ਸਮਿਆਂ ਵਿਚ ਲੋਕ ਬਹੁਤ ਸਫ਼ਰ ਕਰਿਆ ਕਰਦੇ ਸਨ। ਯਿਸੂ ਮਸੀਹ ਅਤੇ ਉਸ ਦੇ ਚੇਲਿਆਂ ਨੇ ਯਹੂਦਿਯਾ ਅਤੇ ਗਲੀਲ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲਈ ਕਾਫ਼ੀ ਸਫ਼ਰ ਕੀਤਾ ਸੀ। ਉਸ ਤੋਂ ਜਲਦੀ ਬਾਅਦ ਪੌਲੁਸ ਵਰਗੇ ਮਸੀਹੀ ਮਿਸ਼ਨਰੀ ਭੂਮੱਧ ਸਾਗਰ ਦੇ ਆਲੇ-ਦੁਆਲੇ ਦੇ ਇਲਾਕਿਆਂ ਅਤੇ ਰੋਮੀ ਸਾਮਰਾਜ ਦੀ ਰਾਜਧਾਨੀ ਰੋਮ ਵਿਚ ਸੰਦੇਸ਼ ਸੁਣਾਉਣ ਲਈ ਗਏ। ਪਹਿਲੀ ਸਦੀ ਦੇ ਮਸੀਹੀ ਯਹੂਦੀ ਇਲਾਕਿਆਂ ਦੇ ਅੰਦਰ ਜਾਂ ਬਾਹਰ ਸਫ਼ਰ ਕਰਦਿਆਂ ਕਿੱਥੇ ਠਹਿਰਦੇ ਸਨ? ਰਹਿਣ ਲਈ ਥਾਂ ਲੱਭਦੇ ਵੇਲੇ ਉਨ੍ਹਾਂ ਨੂੰ ਕਿਹੜੀਆਂ ਕਠਿਨਾਈਆਂ ਦਾ ਸਾਮ੍ਹਣਾ ਕਰਨਾ ਪਿਆ? ਪਰਾਹੁਣਚਾਰੀ ਕਰਨ ਸੰਬੰਧੀ ਅਸੀਂ ਉਨ੍ਹਾਂ ਤੋਂ ਕੀ ਸਿੱਖ ਸਕਦੇ ਹਾਂ?

“ਅੱਜ ਮੈਂ ਤੇਰੇ ਹੀ ਘਰ ਰਹਿਣਾ ਹੈ”

ਪਰਾਹੁਣਚਾਰੀ ਦਾ ਮਤਲਬ ਹੈ “ਘਰ ਆਏ ਮਹਿਮਾਨਾਂ ਦੀ ਦਿਲੋਂ ਆਉ-ਭਗਤ ਕਰਨੀ।” ਲੰਬੇ ਸਮੇਂ ਤੋਂ ਯਹੋਵਾਹ ਦੇ ਸੱਚੇ ਸੇਵਕਾਂ ਦੀ ਇਹ ਖੂਬੀ ਰਹੀ ਹੈ। ਮਿਸਾਲ ਲਈ ਅਬਰਾਹਾਮ, ਲੂਤ ਅਤੇ ਰਿਬਕਾਹ ਨੇ ਪਰਾਹੁਣਚਾਰੀ ਕੀਤੀ ਸੀ। (ਉਤਪਤ 18:1-8; 19:1-3; 24:17-20) ਅਜਨਬੀਆਂ ਪ੍ਰਤੀ ਆਪਣੇ ਰਵੱਈਏ ਬਾਰੇ ਦੱਸਦਿਆਂ ਅੱਯੂਬ ਨੇ ਕਿਹਾ: “ਪਰਦੇਸੀ ਨੂੰ ਗਲੀ ਵਿੱਚ ਰਾਤ ਕੱਟਨੀ ਨਾ ਪਈ, ਪਰ ਮੈਂ ਆਪਣੇ ਦਰਵੱਜੇ ਨੂੰ ਰਾਹੀ ਲਈ ਖੋਲ੍ਹਦਾ ਸਾਂ।”—ਅੱਯੂਬ 31:32.

ਇਸਰਾਏਲੀ ਮੁਸਾਫ਼ਰ ਹੋਰਨਾਂ ਇਸਰਾਏਲੀਆਂ ਦੇ ਮਹਿਮਾਨ ਬਣਨ ਲਈ ਅਕਸਰ ਸ਼ਹਿਰ ਦੇ ਚੌਂਕ ਵਿਚ ਬੈਠ ਜਾਂਦੇ ਸਨ ਤੇ ਸੱਦੇ ਦੀ ਉਡੀਕ ਕਰਦੇ ਸਨ। (ਨਿਆਈਆਂ 19:15-21) ਮੇਜ਼ਬਾਨ ਆਪਣੇ ਮਹਿਮਾਨਾਂ ਦੇ ਪੈਰ ਧੋਂਦੇ ਸਨ ਅਤੇ ਉਨ੍ਹਾਂ ਨੂੰ ਖਾਣਾ-ਪੀਣਾ ਦਿੰਦੇ ਸਨ ਤੇ ਨਾਲ ਹੀ ਉਨ੍ਹਾਂ ਦੇ ਪਸ਼ੂਆਂ ਨੂੰ ਵੀ ਪੱਠੇ ਪਾਉਂਦੇ ਸਨ। (ਉਤਪਤ 18:4, 5; 19:2; 24:32, 33) ਜਿਹੜੇ ਮੁਸਾਫ਼ਰ ਆਪਣੇ ਮੇਜ਼ਬਾਨਾਂ ਤੇ ਬੋਝ ਨਹੀਂ ਬਣਨਾ ਚਾਹੁੰਦੇ ਸਨ, ਉਹ ਆਪਣੇ ਨਾਲ ਖਾਣ-ਪੀਣ ਦੀਆਂ ਚੀਜ਼ਾਂ, ਨਾਲੇ ਆਪਣੇ ਗਧੇ-ਗਧੀਆਂ ਲਈ ਪੱਠੇ ਲੈ ਕੇ ਤੁਰਦੇ ਸਨ। ਉਨ੍ਹਾਂ ਨੂੰ ਸਿਰਫ਼ ਰਾਤ ਗੁਜ਼ਾਰਨ ਲਈ ਹੀ ਥਾਂ ਚਾਹੀਦੀ ਹੁੰਦੀ ਸੀ।

ਥਾਂ-ਥਾਂ ਤੇ ਪ੍ਰਚਾਰ ਕਰਨ ਲਈ ਸਫ਼ਰ ਕਰਦਿਆਂ ਯਿਸੂ ਕਿੱਥੇ ਠਹਿਰਿਆ ਸੀ, ਇਸ ਬਾਰੇ ਬਾਈਬਲ ਜ਼ਿਆਦਾ ਕੁਝ ਨਹੀਂ ਦੱਸਦੀ। ਪਰ ਉਸ ਨੂੰ ਤੇ ਉਸ ਦੇ ਚੇਲਿਆਂ ਨੂੰ ਸੌਣ ਵਾਸਤੇ ਕੋਈ ਤਾਂ ਥਾਂ ਚਾਹੀਦੀ ਸੀ। (ਲੂਕਾ 9:58) ਜਦੋਂ ਯਿਸੂ ਯਰੀਹੋ ਗਿਆ, ਤਾਂ ਉਸ ਨੇ ਜ਼ੱਕੀ ਨੂੰ ਕਿਹਾ: “ਅੱਜ ਮੈਂ ਤੇਰੇ ਹੀ ਘਰ ਰਹਿਣਾ ਹੈ।” ਜ਼ੱਕੀ ਨੇ “ਖੁਸ਼ੀ ਨਾਲ” ਆਪਣੇ ਮਹਿਮਾਨ ਯਿਸੂ ਦਾ ਸੁਆਗਤ ਕੀਤਾ। (ਲੂਕਾ 19:5, 6) ਯਿਸੂ ਅਕਸਰ ਆਪਣੇ ਦੋਸਤਾਂ ਮਾਰਥਾ, ਮਰਿਯਮ ਅਤੇ ਲਾਜ਼ਰ ਦੇ ਘਰ ਰਹਿੰਦਾ ਸੀ। (ਲੂਕਾ 10:38; ਯੂਹੰਨਾ 11:1, 5, 18) ਕਫ਼ਰਨਾਹੂਮ ਵਿਚ ਉਹ ਸ਼ਮਊਨ ਪਤਰਸ ਦੇ ਨਾਲ ਠਹਿਰਿਆ ਸੀ।—ਮਰਕੁਸ 1:21, 29-35.

ਯਿਸੂ ਨੇ ਪ੍ਰਚਾਰ ਸੰਬੰਧੀ ਆਪਣੇ 12 ਚੇਲਿਆਂ ਨੂੰ ਜਿਹੜੀਆਂ ਹਿਦਾਇਤਾਂ ਦਿੱਤੀਆਂ ਸਨ, ਉਨ੍ਹਾਂ ਤੋਂ ਪਤਾ ਚੱਲਦਾ ਹੈ ਕਿ ਇਸਰਾਏਲ ਵਿਚ ਅਜਨਬੀਆਂ ਦੀ ਪਰਾਹੁਣਚਾਰੀ ਕਰਨੀ ਆਮ ਸੀ। ਯਿਸੂ ਨੇ ਉਨ੍ਹਾਂ ਨੂੰ ਕਿਹਾ: “ਨਾ ਸੋਨਾ, ਨਾ ਚਾਂਦੀ, ਨਾ ਤਾਂਬਾ ਆਪਣੇ ਕਮਰ ਕੱਸੇ ਵਿੱਚ ਲਓ ਅਤੇ ਨਾ ਰਾਹ ਦੇ ਲਈ ਝੋਲਾ ਨਾ ਦੋ ਕੁੜਤੇ ਨਾ ਜੁੱਤੀ ਅਤੇ ਨਾ ਲਾਠੀ ਲਓ ਕਿਉਂ ਜੋ ਕਾਮਾ ਆਪਣੇ ਭੋਜਨ ਦਾ ਹੱਕਦਾਰ ਹੈ। ਅਤੇ ਜਿਸ ਨਗਰ ਯਾ ਪਿੰਡ ਵਿੱਚ ਵੜੋ ਪੁੱਛੋ ਭਈ ਇੱਥੇ ਲਾਇਕ ਕੌਣ ਹੈ ਅਤੇ ਜਿੰਨਾ ਚਿਰ ਨਾ ਤੁਰੋ ਉੱਥੇ ਹੀ ਟਿਕੋ।” (ਮੱਤੀ 10:9-11) ਯਿਸੂ ਜਾਣਦਾ ਸੀ ਕਿ ਨੇਕਦਿਲ ਲੋਕ ਉਸ ਦੇ ਚੇਲਿਆਂ ਦਾ ਸੁਆਗਤ ਕਰਨਗੇ ਅਤੇ ਉਨ੍ਹਾਂ ਨੂੰ ਰਹਿਣ ਲਈ ਥਾਂ ਤੇ ਭੋਜਨ ਦੇਣ ਦੇ ਨਾਲ-ਨਾਲ ਉਨ੍ਹਾਂ ਦੀਆਂ ਹੋਰ ਜ਼ਰੂਰੀ ਲੋੜਾਂ ਵੀ ਪੂਰੀਆਂ ਕਰਨਗੇ।

ਫਿਰ ਅਜਿਹਾ ਸਮਾਂ ਵੀ ਆਉਣਾ ਸੀ ਜਦੋਂ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਾਲਿਆਂ ਨੂੰ ਆਪਣੀਆਂ ਲੋੜਾਂ ਤੇ ਖ਼ਰਚੇ ਆਪ ਪੂਰੇ ਕਰਨੇ ਪੈਣੇ ਸਨ। ਯਿਸੂ ਜਾਣਦਾ ਸੀ ਕਿ ਭਵਿੱਖ ਵਿਚ ਲੋਕ ਉਸ ਦੇ ਚੇਲਿਆਂ ਨਾਲ ਵੈਰ ਕਰਨਗੇ ਅਤੇ ਪ੍ਰਚਾਰ ਦਾ ਕੰਮ ਇਸਰਾਏਲ ਤੋਂ ਬਾਹਰ ਦੂਸਰੇ ਇਲਾਕਿਆਂ ਵਿਚ ਵੀ ਕੀਤਾ ਜਾਣਾ ਸੀ। ਇਨ੍ਹਾਂ ਗੱਲਾਂ ਨੂੰ ਮੱਦੇ-ਨਜ਼ਰ ਰੱਖਦਿਆਂ ਯਿਸੂ ਨੇ ਕਿਹਾ: “ਹੁਣ ਜਿਹ ਦੇ ਕੋਲ ਬਟੂਆ ਹੋਵੇ ਸੋ ਲਵੇ ਅਰ ਇਸੇ ਤਰਾਂ ਝੋਲਾ ਵੀ।” (ਲੂਕਾ 22:36) ਖ਼ੁਸ਼ ਖ਼ਬਰੀ ਫੈਲਾਉਣ ਲਈ ਸਫ਼ਰ ਕਰਨ ਅਤੇ ਰਹਿਣ ਲਈ ਥਾਂ ਦੀ ਲੋੜ ਸੀ।

“ਪਰਾਹੁਣਚਾਰੀ ਪੁੱਜ ਕੇ ਕਰੋ”

ਪਹਿਲੀ ਸਦੀ ਵਿਚ ਸਮੁੱਚੇ ਰੋਮੀ ਸਾਮਰਾਜ ਵਿਚ ਸ਼ਾਂਤ ਮਾਹੌਲ ਹੋਣ ਕਰਕੇ ਅਤੇ ਸੜਕਾਂ ਦੇ ਜਾਲ ਵਿਛ ਜਾਣ ਕਾਰਨ ਲੋਕ ਬਹੁਤ ਜ਼ਿਆਦਾ ਸਫ਼ਰ ਕਰਨ ਲੱਗ ਪਏ ਸਨ। * ਮੁਸਾਫ਼ਰਾਂ ਦੀ ਭਰਮਾਰ ਕਾਰਨ ਠਹਿਰਨ ਲਈ ਥਾਵਾਂ ਦੀ ਮੰਗ ਬਹੁਤ ਵਧ ਗਈ। ਇਸ ਮੰਗ ਨੂੰ ਪੂਰਾ ਕਰਨ ਲਈ ਇਕ-ਇਕ ਦਿਨ ਦੇ ਸਫ਼ਰ ਦੇ ਫ਼ਾਸਲੇ ਤੇ ਮੁੱਖ ਸੜਕਾਂ ਉੱਤੇ ਮੁਸਾਫ਼ਰਖ਼ਾਨੇ ਬਣਾਏ ਗਏ। ਪਰ ਰਸੂਲਾਂ ਦੇ ਕਰਤੱਬ ਕਿਤਾਬ ਦਾ ਯੂਨਾਨੀ-ਰੋਮੀ ਪਿਛੋਕੜ (ਅੰਗ੍ਰੇਜ਼ੀ) ਕਿਤਾਬ ਕਹਿੰਦੀ ਹੈ: “ਪੁਰਾਣੀਆਂ ਕਿਤਾਬਾਂ ਵਿਚ ਮੁਸਾਫ਼ਰਖ਼ਾਨਿਆਂ ਬਾਰੇ ਦਿੱਤੀ ਜਾਣਕਾਰੀ ਤੋਂ ਇਨ੍ਹਾਂ ਥਾਵਾਂ ਦੀ ਭੱਦੀ ਤਸਵੀਰ ਨਜ਼ਰ ਆਉਂਦੀ ਹੈ। ਇਨ੍ਹਾਂ ਕਿਤਾਬਾਂ ਅਤੇ ਪ੍ਰਾਚੀਨ ਖੰਡਰਾਤਾਂ ਤੋਂ ਪਤਾ ਲੱਗਦਾ ਹੈ ਕਿ ਆਮ ਤੌਰ ਤੇ ਇਹ ਮੁਸਾਫ਼ਰਖ਼ਾਨੇ ਟੁੱਟੇ-ਭੱਜੇ ਤੇ ਬਹੁਤ ਹੀ ਗੰਦੇ ਹੁੰਦੇ ਸਨ। ਇਨ੍ਹਾਂ ਵਿਚ ਕੋਈ ਸੁਖ-ਸਾਧਨ ਨਹੀਂ ਸਨ ਤੇ ਬਿਸਤਰਿਆਂ ਵਿਚ ਮਾਂਗਣੂ ਹੁੰਦੇ ਸਨ। ਮੁਸਾਫ਼ਰਖ਼ਾਨਿਆਂ ਵਿਚ ਘਟੀਆ ਦਰਜੇ ਦਾ ਖਾਣਾ-ਪੀਣਾ, ਬੇਈਮਾਨ ਮਾਲਕ ਤੇ ਨੌਕਰ-ਚਾਕਰ, ਚਰਿੱਤਰਹੀਣ ਗਾਹਕ ਅਤੇ ਬਦਚਲਣੀ ਆਮ ਗੱਲ ਸੀ।” ਇਸ ਤੋਂ ਅਸੀਂ ਸਮਝ ਸਕਦੇ ਹਾਂ ਕਿ ਸ਼ਰੀਫ਼ ਲੋਕ ਕਿਉਂ ਅਜਿਹੀਆਂ ਥਾਵਾਂ ਤੇ ਠਹਿਰਨ ਤੋਂ ਕਤਰਾਉਂਦੇ ਸਨ।

ਤਾਂ ਫਿਰ ਹੈਰਾਨੀ ਦੀ ਗੱਲ ਨਹੀਂ ਹੈ ਕਿ ਬਾਈਬਲ ਵਾਰ-ਵਾਰ ਮਸੀਹੀਆਂ ਨੂੰ ਦੂਜਿਆਂ ਦੀ ਪਰਾਹੁਣਚਾਰੀ ਕਰਨ ਦੀ ਤਾਕੀਦ ਕਰਦੀ ਹੈ। ਪੌਲੁਸ ਨੇ ਰੋਮ ਦੇ ਮਸੀਹੀਆਂ ਨੂੰ ਤਾਕੀਦ ਕੀਤੀ: “ਸੰਤਾਂ ਦੀਆਂ ਲੋੜਾਂ ਦੇ ਸਾਂਝੀ ਬਣੋ, ਪਰਾਹੁਣਚਾਰੀ ਪੁੱਜ ਕੇ ਕਰੋ।” (ਰੋਮੀਆਂ 12:13) ਉਸ ਨੇ ਯਹੂਦੀ ਮਸੀਹੀਆਂ ਨੂੰ ਯਾਦ ਕਰਾਇਆ: “ਪਰਾਹੁਣ ਚਾਰੀ ਕਰਨੀ ਨਾ ਭੁੱਲਿਓ ਕਿਉਂ ਜੋ ਇਹ ਕਰ ਕੇ ਕਿੰਨਿਆਂ ਨੇ ਦੂਤਾਂ ਨੂੰ ਬਿਨ ਪਛਾਣੇ ਘਰ ਉਤਾਰਿਆ ਹੈ।” (ਇਬਰਾਨੀਆਂ 13:2) ਪਤਰਸ ਨੇ ਆਪਣੇ ਮਸੀਹੀ ਭੈਣ-ਭਰਾਵਾਂ ਨੂੰ ਉਤਸ਼ਾਹਿਤ ਕੀਤਾ: “ਮੱਥੇ ਵੱਟ ਪਾਇਆਂ ਬਿਨਾ ਇੱਕ ਦੂਏ ਦੀ ਪਰਾਹੁਣਚਾਰੀ ਕਰੋ।”—1 ਪਤਰਸ 4:9.

ਪਰ ਕੁਝ ਹਾਲਾਤਾਂ ਵਿਚ ਪਰਾਹੁਣਚਾਰੀ ਕਰਨੀ ਮੁਨਾਸਬ ਨਹੀਂ ਸੀ। ਯੂਹੰਨਾ ਰਸੂਲ ਨੇ ਕਿਹਾ ਸੀ: ‘ਹਰ ਕੋਈ ਜਿਹੜਾ ਆਗੂ ਬਣ ਕੇ ਮਸੀਹ ਦੀ ਸਿੱਖਿਆ ਉੱਤੇ ਕਾਇਮ ਨਹੀਂ ਰਹਿੰਦਾ ਤਾਂ ਉਸ ਨੂੰ ਘਰ ਵਿੱਚ ਨਾ ਉਤਾਰੋ, ਨਾ ਉਸ ਦੀ ਸੁਖ ਮਨਾਓ। ਕਿਉਂਕਿ ਜਿਹੜਾ ਉਸ ਦੀ ਸੁਖ ਮਨਾਉਂਦਾ ਹੈ ਉਹ ਉਸ ਦੇ ਬੁਰੇ ਕੰਮਾਂ ਦਾ ਭਾਗੀ ਬਣਦਾ ਹੈ।’ (2 ਯੂਹੰਨਾ 9-11) ਤੋਬਾ ਨਾ ਕਰਨ ਵਾਲੇ ਪਾਪੀਆਂ ਬਾਰੇ ਪੌਲੁਸ ਨੇ ਲਿਖਿਆ: “ਜੇ ਕੋਈ ਭਰਾ ਸਦਾ ਕੇ ਹਰਾਮਕਾਰ ਯਾ ਲੋਭੀ ਯਾ ਮੂਰਤੀ ਪੂਜਕ ਯਾ ਗਾਲਾਂ ਕੱਢਣ ਵਾਲਾ, ਸ਼ਰਾਬੀ ਅਥਵਾ ਲੁਟੇਰਾ ਹੋਵੇ ਤਾਂ ਉਹ ਦੀ ਸੰਗਤ ਨਾ ਕਰਨੀ ਸਗੋਂ ਇਹੋ ਜਿਹੇ ਨਾਲ ਰੋਟੀ ਵੀ ਨਾ ਖਾਣੀ।”—1 ਕੁਰਿੰਥੀਆਂ 5:11.

ਦਗਾਬਾਜ਼ਾਂ ਅਤੇ ਹੋਰਨਾਂ ਨੇ ਸੱਚੇ ਮਸੀਹੀਆਂ ਦੀ ਪਰਾਹੁਣਚਾਰੀ ਦਾ ਨਾਜਾਇਜ਼ ਫ਼ਾਇਦਾ ਉਠਾਉਣ ਦੀ ਕੋਸ਼ਿਸ਼ ਕੀਤੀ ਹੋਣੀ। ਮਸੀਹੀ ਧਰਮ ਬਾਰੇ ਦੂਜੀ ਸਦੀ ਦੇ ਇਕ ਗ਼ੈਰ-ਬਾਈਬਲੀ ਦਸਤਾਵੇਜ਼ ਬਾਰਾਂ ਚੇਲਿਆਂ ਦੀ ਸਿੱਖਿਆ (ਅੰਗ੍ਰੇਜ਼ੀ) ਵਿਚ ਸਲਾਹ ਦਿੱਤੀ ਗਈ ਹੈ ਕਿ ਪ੍ਰਚਾਰ ਤੇ ਨਿਕਲੇ ਮੁਸਾਫ਼ਰ ਦੀ ਪਰਾਹੁਣਚਾਰੀ “ਇਕ ਦਿਨ ਲਈ ਜਾਂ ਜੇ ਲੋੜ ਪਵੇ ਤਾਂ ਦੂਜੇ ਦਿਨ” ਵੀ ਕਰੋ। ਬਾਅਦ ਵਿਚ ਉਸ ਨੂੰ ਵਿਦਿਆ ਕਰਨ ਵੇਲੇ ‘ਉਸ ਨੂੰ ਭੋਜਨ ਤੋਂ ਸਿਵਾਇ ਕੁਝ ਨਾ ਦਿਓ। ਜੇ ਉਹ ਪੈਸੇ ਮੰਗਦਾ ਹੈ ਤਾਂ ਉਹ ਝੂਠਾ ਨਬੀ ਹੈ।’ ਦਸਤਾਵੇਜ਼ ਅੱਗੇ ਦੱਸਦਾ ਹੈ: “ਜੇ ਉਹ ਤੁਹਾਡੇ ਨਾਲ ਰਹਿਣਾ ਚਾਹੁੰਦਾ ਹੈ ਤੇ ਕੋਈ ਕਿੱਤਾ ਜਾਣਦਾ ਹੈ, ਤਾਂ ਉਸ ਨੂੰ ਆਪਣੀ ਰੋਜ਼ੀ-ਰੋਟੀ ਲਈ ਕੰਮ ਕਰਨਾ ਚਾਹੀਦਾ ਹੈ। ਪਰ ਜੇ ਉਹ ਕੋਈ ਕਿੱਤਾ ਨਹੀਂ ਜਾਣਦਾ, ਤਾਂ ਸੋਚ-ਸਮਝ ਕੇ ਫ਼ੈਸਲਾ ਕਰੋ ਕਿ ਤੁਸੀਂ ਉਸ ਦੀ ਕਿੰਨੀ ਕੁ ਮਦਦ ਕਰੋਗੇ। ਉਸ ਨੂੰ ਤੁਹਾਡੇ ਨਾਲ ਰਹਿ ਕੇ ਮੁਫ਼ਤ ਦੀਆਂ ਰੋਟੀਆਂ ਨਹੀਂ ਤੋੜਨੀਆਂ ਚਾਹੀਦੀਆਂ ਕਿਉਂਕਿ ਉਹ ਮਸੀਹੀ ਹੈ। ਪਰ ਜੇ ਉਹ ਕੰਮ ਨਹੀਂ ਕਰਨਾ ਚਾਹੁੰਦਾ, ਤਾਂ ਉਹ ਮਸੀਹੀਅਤ ਦਾ ਫ਼ਾਇਦਾ ਉਠਾ ਰਿਹਾ ਹੈ। ਅਜਿਹੇ ਲੋਕਾਂ ਤੋਂ ਖ਼ਬਰਦਾਰ ਰਹੋ।”

ਪੌਲੁਸ ਰਸੂਲ ਕੁਝ ਸ਼ਹਿਰਾਂ ਵਿਚ ਭੈਣ-ਭਰਾਵਾਂ ਦੇ ਘਰ ਕਾਫ਼ੀ ਸਮੇਂ ਤਕ ਠਹਿਰਿਆ ਰਿਹਾ। ਪਰ ਉਸ ਨੇ ਆਪਣੇ ਮੇਜ਼ਬਾਨਾਂ ਉੱਤੇ ਬੋਝ ਨਹੀਂ ਪਾਇਆ। ਆਪਣਾ ਗੁਜ਼ਾਰਾ ਤੋਰਨ ਲਈ ਉਹ ਤੰਬੂ ਬਣਾਉਣ ਦਾ ਕੰਮ ਕਰਦਾ ਸੀ। (ਰਸੂਲਾਂ ਦੇ ਕਰਤੱਬ 18:1-3; 2 ਥੱਸਲੁਨੀਕੀਆਂ 3:7-12) ਪਹਿਲੀ ਸਦੀ ਦੇ ਮਸੀਹੀ ਸਫ਼ਰ ਤੇ ਜਾ ਰਹੇ ਆਪਣੇ ਵਫ਼ਾਦਾਰ ਭੈਣ-ਭਰਾਵਾਂ ਦੀ ਮਦਦ ਕਰਨ ਲਈ ਚਿੱਠੀਆਂ ਘੱਲਦੇ ਸਨ, ਜਿਵੇਂ ਪੌਲੁਸ ਨੇ ਫ਼ੀਬੀ ਦੀ ਜਾਣ-ਪਛਾਣ ਕਰਾਉਣ ਲਈ ਚਿੱਠੀ ਲਿਖੀ ਸੀ। ਪੌਲੁਸ ਨੇ ਲਿਖਿਆ: ‘ਮੈਂ ਤੁਹਾਨੂੰ ਫ਼ੀਬੀ ਦੀ ਸੌਂਪਣਾ ਕਰਦਾ ਹਾਂ ਜਿਹੜੀ ਸਾਡੀ ਭੈਣ ਹੈ ਭਈ ਤੁਸੀਂ ਉਹ ਦਾ ਪ੍ਰਭੁ ਵਿੱਚ ਆਦਰ ਭਾਉ ਕਰੋ ਅਤੇ ਜਿਸ ਕੰਮ ਵਿੱਚ ਉਹ ਨੂੰ ਤੁਹਾਡੀ ਲੋੜ ਪਵੇ ਤੁਸੀਂ ਉਹ ਦੀ ਸਹਾਇਤਾ ਕਰੋ।’—ਰੋਮੀਆਂ 16:1, 2.

ਪਰਾਹੁਣਚਾਰੀ ਕਰਨ ਦੀਆਂ ਬਰਕਤਾਂ

ਪਹਿਲੀ ਸਦੀ ਦੇ ਮਿਸ਼ਨਰੀ ਭਰਾ ਯਹੋਵਾਹ ਤੇ ਭਰੋਸਾ ਰੱਖਦੇ ਸਨ ਕਿ ਉਹ ਉਨ੍ਹਾਂ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰੇਗਾ। ਪਰ ਕੀ ਸੰਗੀ ਵਿਸ਼ਵਾਸੀਆਂ ਨੇ ਉਨ੍ਹਾਂ ਦੀ ਪਰਾਹੁਣਚਾਰੀ ਕੀਤੀ? ਲੁਦਿਯਾ ਨੇ ਪੌਲੁਸ ਅਤੇ ਹੋਰਨਾਂ ਮਸੀਹੀਆਂ ਨੂੰ ਘਰ ਬੁਲਾ ਕੇ ਉਨ੍ਹਾਂ ਦੀ ਪਰਾਹੁਣਚਾਰੀ ਕੀਤੀ ਸੀ। ਕੁਰਿੰਥੁਸ ਸ਼ਹਿਰ ਵਿਚ ਪੌਲੁਸ ਅਕੂਲਾ ਅਤੇ ਪ੍ਰਿਸਕਿੱਲਾ ਦੇ ਘਰ ਰਿਹਾ। ਫ਼ਿਲਿੱਪੈ ਵਿਚ ਇਕ ਦਰੋਗੇ ਨੇ ਪੌਲੁਸ ਅਤੇ ਸੀਲਾਸ ਨੂੰ ਖਾਣੇ ਤੇ ਬੁਲਾਇਆ। ਥੱਸਲੁਨੀਕਾ ਵਿਚ ਯਾਸੋਨ, ਕੈਸਰਿਯਾ ਵਿਚ ਫ਼ਿਲਿੱਪੁਸ ਅਤੇ ਕੈਸਰਿਯਾ ਤੋਂ ਯਰੂਸ਼ਲਮ ਨੂੰ ਜਾਂਦੇ ਰਾਹ ਤੇ ਮਨਾਸੋਨ ਨੇ ਪੌਲੁਸ ਦੀ ਪਰਾਹੁਣਚਾਰੀ ਕੀਤੀ। ਰੋਮ ਨੂੰ ਜਾਂਦੇ ਸਮੇਂ ਰਾਹ ਵਿਚ ਪਤਿਯੁਲੇ ਦੇ ਭਰਾਵਾਂ ਨੇ ਪੌਲੁਸ ਦੀ ਖ਼ਾਤਰਦਾਰੀ ਕੀਤੀ। ਪੌਲੁਸ ਦੀ ਮਹਿਮਾਨਨਿਵਾਜ਼ੀ ਕਰਨ ਵਾਲੇ ਇਨ੍ਹਾਂ ਮੇਜ਼ਬਾਨਾਂ ਨੂੰ ਅਧਿਆਤਮਿਕ ਤੌਰ ਤੇ ਕਿੰਨਾ ਫ਼ਾਇਦਾ ਹੋਇਆ ਹੋਵੇਗਾ!—ਰਸੂਲਾਂ ਦੇ ਕਰਤੱਬ 16:33, 34; 17:7; 18:1-3; 21:8, 16; 28:13, 14.

ਵਿਦਵਾਨ ਫਰੈਡਰਿਕ ਐੱਫ. ਬਰੂਸ ਕਹਿੰਦਾ ਹੈ: ‘ਇਹ ਦੋਸਤ ਤੇ ਸਹਿਕਰਮੀ, ਮੇਜ਼ਬਾਨ ਭੈਣ-ਭਰਾ ਕਿਸੇ ਸੁਆਰਥ ਲਈ ਪੌਲੁਸ ਦੀ ਮਦਦ ਨਹੀਂ ਕਰ ਰਹੇ ਸਨ, ਸਗੋਂ ਉਹ ਉਸ ਨੂੰ ਤੇ ਉਸ ਦੇ ਮਾਲਕ ਯਿਸੂ ਨੂੰ ਪਿਆਰ ਕਰਨ ਕਰਕੇ ਉਸ ਦੀ ਮਦਦ ਕਰਦੇ ਸਨ। ਉਹ ਜਾਣਦੇ ਸਨ ਕਿ ਪੌਲੁਸ ਦੀ ਸੇਵਾ ਕਰ ਕੇ ਉਹ ਯਿਸੂ ਦੀ ਸੇਵਾ ਕਰ ਰਹੇ ਸਨ।’ ਪਰਾਹੁਣਚਾਰੀ ਕਰਨ ਦਾ ਇਹ ਬਹੁਤ ਵਧੀਆ ਕਾਰਨ ਹੈ।

ਅੱਜ ਸਾਨੂੰ ਵੀ ਪਰਾਹੁਣਚਾਰੀ ਕਰਨ ਦੀ ਲੋੜ ਹੈ। ਯਹੋਵਾਹ ਦੇ ਗਵਾਹਾਂ ਦੇ ਹਜ਼ਾਰਾਂ ਸਫ਼ਰੀ ਨਿਗਾਹਬਾਨ ਆਪਣੇ ਸੰਗੀ ਵਿਸ਼ਵਾਸੀਆਂ ਦੀ ਪਰਾਹੁਣਚਾਰੀ ਦਾ ਆਨੰਦ ਮਾਣਦੇ ਹਨ। ਕੁਝ ਭੈਣ-ਭਰਾ ਆਪਣਾ ਖ਼ਰਚਾ ਕਰ ਕੇ ਉਨ੍ਹਾਂ ਥਾਵਾਂ ਤੇ ਪ੍ਰਚਾਰ ਕਰਨ ਜਾਂਦੇ ਹਨ ਜਿੱਥੇ ਬਹੁਤ ਘੱਟ ਖ਼ੁਸ਼ ਖ਼ਬਰੀ ਦਾ ਪ੍ਰਚਾਰ ਹੋਇਆ ਹੈ। ਅਜਿਹੇ ਭੈਣ-ਭਰਾਵਾਂ ਲਈ ਆਪਣੇ ਘਰ ਦੇ ਦਰਵਾਜ਼ੇ ਖੁੱਲ੍ਹੇ ਰੱਖਣ ਦੇ ਬਹੁਤ ਫ਼ਾਇਦੇ ਹੁੰਦੇ ਹਨ, ਭਾਵੇਂ ਕਿ ਸਾਡੇ ਘਰ ਛੋਟੇ ਹੀ ਹਨ। ਦਿਲੋਂ ਪਰਾਹੁਣਚਾਰੀ ਕਰਨ ਲਈ ਵੱਡੀਆਂ-ਵੱਡੀਆਂ ਦਾਅਵਤਾਂ ਦੇਣੀਆਂ ਜ਼ਰੂਰੀ ਨਹੀਂ ਹਨ। ਘਰ ਆਏ ਪਰਾਹੁਣੇ ਸਾਮ੍ਹਣੇ ਖ਼ੁਸ਼ੀ ਨਾਲ ਸਾਦਾ ਜਿਹਾ ਭੋਜਨ ਪਰੋਸਣ ਨਾਲ ਵੀ ‘ਦੋਵੇਂ ਧਿਰਾਂ ਨੂੰ ਉਤਸਾਹ’ ਪ੍ਰਾਪਤ ਕਰਨ ਅਤੇ ਆਪਣੇ ਭਰਾਵਾਂ ਲਈ ਅਤੇ ਆਪਣੇ ਪਰਮੇਸ਼ੁਰ ਲਈ ਪਿਆਰ ਜ਼ਾਹਰ ਕਰਨ ਦੇ ਵਧੀਆ ਮੌਕੇ ਮਿਲਦੇ ਹਨ। (ਰੋਮੀਆਂ 1:11, 12, ਪਵਿੱਤਰ ਬਾਈਬਲ ਨਵਾਂ ਅਨੁਵਾਦ) ਇਹ ਮੌਕੇ ਖ਼ਾਸਕਰ ਮੇਜ਼ਬਾਨਾਂ ਲਈ ਲਾਭਵੰਤ ਹੁੰਦੇ ਹਨ ਕਿਉਂਕਿ “ਲੈਣ ਨਾਲੋਂ ਦੇਣਾ ਹੀ ਮੁਬਾਰਕ ਹੈ।”—ਰਸੂਲਾਂ ਦੇ ਕਰਤੱਬ 20:35.

[ਫੁਟਨੋਟ]

^ ਪੈਰਾ 11 ਅੰਦਾਜ਼ਾ ਲਾਇਆ ਗਿਆ ਹੈ ਕਿ 100 ਸਾ.ਯੁ. ਵਿਚ ਤਕਰੀਬਨ 80,000 ਕਿਲੋਮੀਟਰ ਦੀ ਦੂਰੀ ਤਕ ਰੋਮੀ ਸੜਕਾਂ ਬਣ ਚੁੱਕੀਆਂ ਸਨ।

[ਸਫ਼ੇ 23 ਉੱਤੇ ਤਸਵੀਰ]

ਮਸੀਹੀ “ਪਰਾਹੁਣਚਾਰੀ ਪੁੱਜ ਕੇ” ਕਰਦੇ ਹਨ