Skip to content

Skip to table of contents

ਕੀ ਤੁਸੀਂ ਆਪਣਾ ਭਵਿੱਖ ਆਪ ਬਣਾ ਸਕਦੇ ਹੋ?

ਕੀ ਤੁਸੀਂ ਆਪਣਾ ਭਵਿੱਖ ਆਪ ਬਣਾ ਸਕਦੇ ਹੋ?

ਕੀ ਤੁਸੀਂ ਆਪਣਾ ਭਵਿੱਖ ਆਪ ਬਣਾ ਸਕਦੇ ਹੋ?

ਕੀ ਸਾਡਾ ਭਵਿੱਖ ਪਹਿਲਾਂ ਹੀ ਤੈ ਹੋ ਚੁੱਕਾ ਹੈ? ਕੀ ਜ਼ਿੰਦਗੀ ਵਿਚ ਅਸੀਂ ਜੋ ਵੀ ਕਰਨ ਜਾਂ ਨਾ ਕਰਨ ਦਾ ਫ਼ੈਸਲਾ ਕਰਦੇ ਹਾਂ, ਉਸ ਦਾ ਸਾਡੇ ਭਵਿੱਖ ਤੇ ਕੋਈ ਅਸਰ ਨਹੀਂ ਪੈਂਦਾ?

ਮੰਨ ਲਓ ਕਿ ਇਨਸਾਨ ਆਪਣੀ ਕਿਸਮਤ ਆਪ ਲਿਖਦਾ ਹੈ। ਜੇ ਇੱਦਾਂ ਹੈ, ਤਾਂ ਕੀ ਕਿਸੇ ਵਿਅਕਤੀ ਨੂੰ ਪਹਿਲਾਂ ਤੋਂ ਹੀ ਕਿਸੇ ਖ਼ਾਸ ਕੰਮ ਜਾਂ ਪਦਵੀ ਲਈ ਠਹਿਰਾਇਆ ਜਾ ਸਕਦਾ ਹੈ? ਜੇ ਇਨਸਾਨਾਂ ਨੂੰ ਆਪਣਾ ਭਵਿੱਖ ਖ਼ੁਦ ਬਣਾਉਣ ਦੀ ਆਜ਼ਾਦੀ ਹੈ, ਤਾਂ ਪਰਮੇਸ਼ੁਰ ਧਰਤੀ ਸੰਬੰਧੀ ਆਪਣਾ ਮਕਸਦ ਕਿਵੇਂ ਪੂਰਾ ਕਰੇਗਾ? ਬਾਈਬਲ ਇਨ੍ਹਾਂ ਸਵਾਲਾਂ ਦੇ ਤਸੱਲੀਬਖ਼ਸ਼ ਜਵਾਬ ਦਿੰਦੀ ਹੈ।

ਆਪਣੀ ਮਰਜ਼ੀ ਨਾਲ ਜੀਣ ਦੀ ਆਜ਼ਾਦੀ ਅਤੇ ਕਿਸਮਤ—ਕੀ ਦੋਵੇਂ ਗੱਲਾਂ ਸਹੀ ਹੋ ਸਕਦੀਆਂ ਹਨ?

ਗੌਰ ਕਰੋ ਕਿ ਯਹੋਵਾਹ ਪਰਮੇਸ਼ੁਰ ਨੇ ਸਾਨੂੰ ਕਿਵੇਂ ਸਿਰਜਿਆ ਸੀ। ਬਾਈਬਲ ਕਹਿੰਦੀ ਹੈ: ‘ਪਰਮੇਸ਼ੁਰ ਨੇ ਆਦਮੀ ਨੂੰ ਆਪਣੇ ਸਰੂਪ ਉੱਤੇ ਉਤਪਤ ਕੀਤਾ। ਨਰ ਨਾਰੀ ਉਸ ਨੇ ਉਨ੍ਹਾਂ ਨੂੰ ਉਤਪਤ ਕੀਤਾ।’ (ਉਤਪਤ 1:27) ਪਰਮੇਸ਼ੁਰ ਦੇ ਸਰੂਪ ਉੱਤੇ ਸਿਰਜੇ ਹੋਣ ਕਰਕੇ ਅਸੀਂ ਉਸ ਦੇ ਪਿਆਰ, ਇਨਸਾਫ਼, ਬੁੱਧੀ ਤੇ ਸ਼ਕਤੀ ਵਰਗੇ ਗੁਣ ਆਪਣੇ ਵਿਚ ਪੈਦਾ ਕਰਨ ਦੀ ਕਾਬਲੀਅਤ ਰੱਖਦੇ ਹਾਂ। ਪਰਮੇਸ਼ੁਰ ਨੇ ਸਾਨੂੰ ਇਕ ਹੋਰ ਤੋਹਫ਼ਾ ਵੀ ਦਿੱਤਾ ਹੈ। ਉਹ ਹੈ ਆਪਣੀ ਮਰਜ਼ੀ ਨਾਲ ਜੀਣ ਦੀ ਆਜ਼ਾਦੀ। ਇਸੇ ਆਜ਼ਾਦੀ ਕਰਕੇ ਅਸੀਂ ਧਰਤੀ ਉੱਤਲੀ ਸਾਰੀ ਕਾਇਨਾਤ ਤੋਂ ਵੱਖਰੇ ਹਾਂ। ਅਸੀਂ ਖ਼ੁਦ ਚੋਣ ਕਰ ਸਕਦੇ ਹਾਂ ਕਿ ਅਸੀਂ ਪਰਮੇਸ਼ੁਰ ਦੇ ਨੈਤਿਕ ਮਿਆਰਾਂ ਤੇ ਚੱਲਾਂਗੇ ਕਿ ਨਹੀਂ। ਇਸੇ ਕਰਕੇ ਮੂਸਾ ਨਬੀ ਕਹਿ ਸਕਿਆ ਸੀ: “ਮੈਂ ਅੱਜੋ ਤੁਹਾਡੇ ਵਿਰੁੱਧ ਅਕਾਸ਼ ਅਤੇ ਧਰਤੀ ਨੂੰ ਗਵਾਹ ਬਣਾਉਂਦਾ ਹਾਂ ਭਈ ਮੈਂ ਤੁਹਾਡੇ ਅੱਗੇ ਜੀਵਨ ਅਤੇ ਮੌਤ, ਬਰਕਤ ਅਤੇ ਸਰਾਪ ਰੱਖਿਆ ਹੈ। ਏਸ ਲਈ ਜੀਵਨ ਨੂੰ ਚੁਣੋ ਤਾਂ ਜੋ ਤੁਸੀਂ ਅਤੇ ਤੁਹਾਡੀ ਅੰਸ ਜੀਉਂਦੇ ਰਹੋ। ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਪ੍ਰੇਮ ਰੱਖੋ, ਉਸ ਦੀ ਅਵਾਜ਼ ਨੂੰ ਸੁਣੋ ਅਤੇ ਉਸ ਦੇ ਅੰਗ ਸੰਗ ਲੱਗੇ ਰਹੋ।”—ਬਿਵਸਥਾ ਸਾਰ 30:19, 20.

ਪਰ ਆਪਣੀ ਮਰਜ਼ੀ ਨਾਲ ਜੀਣ ਦਾ ਮਤਲਬ ਇਹ ਨਹੀਂ ਕਿ ਸਾਨੂੰ ਕੁਝ ਵੀ ਕਰਨ ਦੀ ਪੂਰੀ ਆਜ਼ਾਦੀ ਹੈ। ਅਸੀਂ ਪਰਮੇਸ਼ੁਰ ਦੇ ਭੌਤਿਕ ਅਤੇ ਨੈਤਿਕ ਨਿਯਮਾਂ ਤੋਂ ਆਜ਼ਾਦ ਨਹੀਂ ਹਾਂ ਜੋ ਉਸ ਨੇ ਪੂਰੇ ਬ੍ਰਹਿਮੰਡ ਦੀ ਸਥਿਰਤਾ ਅਤੇ ਸ਼ਾਂਤੀ ਨੂੰ ਬਰਕਰਾਰ ਰੱਖਣ ਲਈ ਬਣਾਏ ਹਨ। ਇਹ ਨਿਯਮ ਸਾਡੇ ਫ਼ਾਇਦੇ ਲਈ ਬਣਾਏ ਗਏ ਸਨ ਤੇ ਇਨ੍ਹਾਂ ਵਿੱਚੋਂ ਕਿਸੇ ਵੀ ਨਿਯਮ ਦੀ ਉਲੰਘਣਾ ਕਰਨ ਦੇ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ। ਜ਼ਰਾ ਸੋਚੋ ਕਿ ਸਾਡਾ ਕੀ ਹਾਲ ਹੋਵੇਗਾ ਜੇ ਅਸੀਂ ਗੁਰੂਤਾ-ਖਿੱਚ ਦੇ ਨਿਯਮ ਦੀ ਪਰਵਾਹ ਨਾ ਕਰਦੇ ਹੋਏ ਕਿਸੇ ਉੱਚੀ ਇਮਾਰਤ ਤੋਂ ਛਾਲ ਮਾਰ ਦਿੰਦੇ ਹਾਂ!—ਗਲਾਤੀਆਂ 6:7.

ਜਾਨਵਰਾਂ ਤੋਂ ਉਲਟ, ਅਸੀਂ ਆਪਣੀ ਮਰਜ਼ੀ ਨਾਲ ਜੀਣ ਦੀ ਆਜ਼ਾਦੀ ਕਾਰਨ ਆਪਣੇ ਕੰਮਾਂ ਲਈ ਖ਼ੁਦ ਜ਼ਿੰਮੇਵਾਰ ਹੁੰਦੇ ਹਾਂ। ਲੇਖਕ ਕੋਰਲਸ ਲੈਮੋਂਟ ਕਹਿੰਦਾ ਹੈ: ‘ਅਸੀਂ ਕਿੱਦਾਂ ਲੋਕਾਂ ਨੂੰ ਕਸੂਰਵਾਰ ਠਹਿਰਾ ਕੇ ਉਨ੍ਹਾਂ ਨੂੰ ਸਜ਼ਾ ਦੇ ਸਕਦੇ ਹਾਂ ਜੇ ਅਸੀਂ ਮੰਨਦੇ ਹਾਂ ਕਿ ਉਨ੍ਹਾਂ ਦੀ ਕਿਸਮਤ ਵਿਚ ਜੁਰਮ ਕਰਨਾ ਲਿਖਿਆ ਸੀ?’ ਜੇ ਇਸ ਤਰ੍ਹਾਂ ਹੈ ਤਾਂ ਅਸੀਂ ਉਨ੍ਹਾਂ ਨੂੰ ਕਸੂਰਵਾਰ ਨਹੀਂ ਠਹਿਰਾ ਸਕਦੇ। ਜਾਨਵਰ ਸੁਭਾਵਕ ਰੁਚੀ ਕਰਕੇ ਆਪਣੇ ਕੰਮਾਂ ਲਈ ਕਸੂਰਵਾਰ ਨਹੀਂ ਠਹਿਰਾਏ ਜਾਂਦੇ ਤੇ ਨਾ ਹੀ ਪ੍ਰੋਗ੍ਰਾਮ ਕੀਤੇ ਕੰਪਿਊਟਰਾਂ ਨੂੰ ਉਨ੍ਹਾਂ ਦੇ ਕੰਮਾਂ ਲਈ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ। ਤਾਂ ਫਿਰ ਆਪਣੀ ਮਰਜ਼ੀ ਨਾਲ ਜੀਣ ਦੀ ਆਜ਼ਾਦੀ ਹੋਣ ਕਾਰਨ ਅਸੀਂ ਆਪਣੇ ਕੰਮਾਂ ਲਈ ਆਪ ਜ਼ਿੰਮੇਵਾਰ ਹੁੰਦੇ ਹਾਂ।

ਜੇ ਯਹੋਵਾਹ ਪਰਮੇਸ਼ੁਰ ਸਾਡੇ ਪੈਦਾ ਹੋਣ ਤੋਂ ਪਹਿਲਾਂ ਹੀ ਸਾਡੀ ਕਿਸਮਤ ਵਿਚ ਲਿਖ ਦਿੰਦਾ ਕਿ ਅਸੀਂ ਕਿਹੜੇ ਪਾਪ ਕਰਾਂਗੇ ਤੇ ਫਿਰ ਪਾਪ ਕਰਨ ਤੇ ਸਾਨੂੰ ਸਜ਼ਾ ਦਿੰਦਾ, ਤਾਂ ਇਹ ਕਿੰਨਾ ਘੋਰ ਅਨਿਆਂ ਹੋਣਾ ਸੀ! ਪਰ ਉਹ ਅਜਿਹਾ ਨਹੀਂ ਕਰਦਾ ਕਿਉਂਕਿ “ਪਰਮੇਸ਼ੁਰ ਪ੍ਰੇਮ ਹੈ” ਅਤੇ “ਉਸ ਦੇ ਸਾਰੇ ਮਾਰਗ ਨਿਆਉਂ ਦੇ ਹਨ।” (1 ਯੂਹੰਨਾ 4:8; ਬਿਵਸਥਾ ਸਾਰ 32:4) ਇਨਸਾਨਾਂ ਕੋਲ ਆਪਣੀ ਮਰਜ਼ੀ ਅਨੁਸਾਰ ਜੀਣ ਦੀ ਆਜ਼ਾਦੀ ਹੋਣ ਦਾ ਇਹ ਮਤਲਬ ਹੈ ਕਿ ਕਿਸਮਤ ਦੀ ਸਿੱਖਿਆ ਝੂਠੀ ਹੈ। ਪਰਮੇਸ਼ੁਰ ਨੇ ‘ਅਨੰਤ ਕਾਲ ਤੋਂ ਨਿਸ਼ਚਿਤ ਨਹੀਂ ਕੀਤਾ ਕਿ ਉਹ ਕਿਸ ਨੂੰ ਮੁਕਤੀ ਦੇਵੇਗਾ ਤੇ ਕਿਸ ਨੂੰ ਨਰਕਾਂ ਵਿਚ ਸੁੱਟੇਗਾ’ ਜਿਵੇਂ ਕਿਸਮਤ ਵਿਚ ਵਿਸ਼ਵਾਸ ਕਰਨ ਵਾਲੇ ਮੰਨਦੇ ਹਨ।

ਬਾਈਬਲ ਸਾਫ਼-ਸਾਫ਼ ਦਿਖਾਉਂਦੀ ਹੈ ਕਿ ਅਸੀਂ ਜੋ ਵੀ ਕਰਨ ਦਾ ਫ਼ੈਸਲਾ ਕਰਦੇ ਹਾਂ, ਉਸ ਦਾ ਸਾਡੇ ਭਵਿੱਖ ਤੇ ਅਸਰ ਪਵੇਗਾ। ਮਿਸਾਲ ਲਈ, ਪਰਮੇਸ਼ੁਰ ਗ਼ਲਤ ਕੰਮ ਕਰਨ ਵਾਲਿਆਂ ਨੂੰ ਇਹ ਕਹਿੰਦੇ ਹੋਏ ਬੇਨਤੀ ਕਰਦਾ ਹੈ: “ਹਰ ਮਨੁੱਖ ਆਪਣਿਆਂ ਬੁਰਿਆਂ ਰਾਹਾਂ ਅਤੇ ਆਪਣਿਆਂ ਬੁਰਿਆਂ ਕੰਮਾਂ ਤੋਂ ਮੁੜੇ . . . ਤਾਂ ਮੈਂ ਤੁਹਾਨੂੰ ਹਰਜਾ ਨਾ ਪਾਵਾਂਗਾ” ਯਾਨੀ ਸਜ਼ਾ ਨਹੀਂ ਦੇਵਾਂਗਾ। (ਯਿਰਮਿਯਾਹ 25:5, 6) ਪਰਮੇਸ਼ੁਰ ਭਲਾ ਇਹ ਬੇਨਤੀ ਕਿਉਂ ਕਰਦਾ ਜੇ ਉਸ ਨੇ ਪਹਿਲਾਂ ਹੀ ਹਰ ਇਨਸਾਨ ਦੀ ਕਿਸਮਤ ਲਿਖ ਦਿੱਤੀ ਸੀ? ਇਸ ਤੋਂ ਇਲਾਵਾ, ਪਰਮੇਸ਼ੁਰ ਦਾ ਬਚਨ ਕਹਿੰਦਾ ਹੈ: “ਇਸ ਲਈ ਤੋਬਾ ਕਰੋ ਅਤੇ ਮੁੜੋ ਭਈ ਤੁਹਾਡੇ ਪਾਪ ਮਿਟਾਏ ਜਾਣ ਤਾਂ ਜੋ ਪ੍ਰਭੁ ਦੇ ਹਜ਼ੂਰੋਂ ਸੂਖ ਦੇ ਦਿਨ ਆਉਣ।” (ਰਸੂਲਾਂ ਦੇ ਕਰਤੱਬ 3:19) ਯਹੋਵਾਹ ਲੋਕਾਂ ਨੂੰ ਬੁਰੇ ਕੰਮਾਂ ਤੋਂ ਤੋਬਾ ਕਰਨ ਅਤੇ ਮੁੜਨ ਲਈ ਕਿਉਂ ਕਹਿੰਦਾ ਜੇ ਉਹ ਪਹਿਲਾਂ ਹੀ ਜਾਣਦਾ ਸੀ ਕਿ ਲੋਕ ਭਾਵੇਂ ਕੁਝ ਵੀ ਕਰ ਲੈਣ, ਉਨ੍ਹਾਂ ਦੀ ਕਿਸਮਤ ਨਹੀਂ ਬਦਲੇਗੀ?

ਬਾਈਬਲ ਉਨ੍ਹਾਂ ਲੋਕਾਂ ਬਾਰੇ ਦੱਸਦੀ ਹੈ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਯਿਸੂ ਮਸੀਹ ਨਾਲ ਸਵਰਗ ਵਿਚ ਰਾਜਿਆਂ ਵਜੋਂ ਹਕੂਮਤ ਕਰਨ ਦਾ ਸੱਦਾ ਦਿੱਤਾ ਹੈ। (ਮੱਤੀ 22:14; ਲੂਕਾ 12:32) ਪਰ ਬਾਈਬਲ ਇਹ ਵੀ ਕਹਿੰਦੀ ਹੈ ਕਿ ਜੇ ਉਹ ਅੰਤ ਤਕ ਵਫ਼ਾਦਾਰ ਨਾ ਰਹੇ, ਤਾਂ ਉਹ ਆਪਣੇ ਇਸ ਸਨਮਾਨ ਤੋਂ ਵਾਂਝੇ ਹੋ ਜਾਣਗੇ। (ਪਰਕਾਸ਼ ਦੀ ਪੋਥੀ 2:10) ਪਰਮੇਸ਼ੁਰ ਉਨ੍ਹਾਂ ਨੂੰ ਇਹ ਸੱਦਾ ਕਿਉਂ ਦਿੰਦਾ ਜੇ ਉਸ ਨੇ ਪਹਿਲਾਂ ਹੀ ਉਨ੍ਹਾਂ ਦੀ ਤਕਦੀਰ ਵਿਚ ਲਿਖ ਦਿੱਤਾ ਸੀ ਕਿ ਉਹ ਨਹੀਂ ਚੁਣੇ ਜਾਣਗੇ? ਪੌਲੁਸ ਰਸੂਲ ਦੁਆਰਾ ਆਪਣੇ ਸੰਗੀ ਵਿਸ਼ਵਾਸੀਆਂ ਨੂੰ ਕਹੇ ਸ਼ਬਦਾਂ ਤੇ ਵੀ ਗੌਰ ਕਰੋ। ਉਸ ਨੇ ਲਿਖਿਆ: “ਜੇ ਅਸੀਂ ਸਤ ਦਾ ਗਿਆਨ ਪਰਾਪਤ ਕਰਨ ਦੇ ਪਿੱਛੋਂ ਜਾਣ ਬੁਝ ਕੇ ਪਾਪ ਕਰੀ ਜਾਈਏ ਤਾਂ ਪਾਪਾਂ ਦੇ ਨਮਿੱਤ ਫੇਰ ਕੋਈ ਬਲੀਦਾਨ ਨਹੀਂ।” (ਇਬਰਾਨੀਆਂ 10:26) ਇਹ ਚੇਤਾਵਨੀ ਦੇਣ ਦਾ ਕੋਈ ਫ਼ਾਇਦਾ ਨਹੀਂ ਹੋਣਾ ਸੀ ਜੇ ਪਰਮੇਸ਼ੁਰ ਨੇ ਪਹਿਲਾਂ ਹੀ ਉਨ੍ਹਾਂ ਦਾ ਭਵਿੱਖ ਤੈ ਕਰ ਦਿੱਤਾ ਹੁੰਦਾ। ਪਰ ਕੀ ਪਰਮੇਸ਼ੁਰ ਨੇ ਕੁਝ ਲੋਕਾਂ ਨੂੰ ਯਿਸੂ ਮਸੀਹ ਨਾਲ ਰਾਜ ਕਰਨ ਲਈ ਪਹਿਲਾਂ ਹੀ ਨਹੀਂ ਚੁਣ ਲਿਆ ਸੀ?

ਕੀ ਇਕ-ਇਕ ਜਣਾ ਜਾਂ ਪੂਰਾ ਸਮੂਹ ਪਹਿਲਾਂ ਤੋਂ ਮੁਕੱਰਰ ਕੀਤਾ ਗਿਆ ਸੀ?

ਪੌਲੁਸ ਰਸੂਲ ਨੇ ਲਿਖਿਆ: ‘ਪਰਮੇਸ਼ੁਰ ਨੇ ਮਸੀਹ ਵਿੱਚ ਸੁਰਗੀ ਥਾਵਾਂ ਵਿੱਚ ਸਭ ਪਰਕਾਰ ਦੀਆਂ ਆਤਮਕ ਬਰਕਤਾਂ ਨਾਲ ਸਾਨੂੰ ਬਰਕਤ ਦਿੱਤੀ ਜਿਵੇਂ ਉਹ ਨੇ ਸਾਨੂੰ ਜਗਤ ਦੀ ਨੀਂਹ ਧਰਨ ਤੋਂ ਅੱਗੋਂ ਹੀ ਉਸ ਵਿੱਚ ਚੁਣ ਲਿਆ ਭਈ ਯਿਸੂ ਮਸੀਹ ਦੇ ਰਾਹੀਂ ਆਪਣੇ ਲਈ ਸਾਨੂੰ ਲੇਪਾਲਕ ਪੁੱਤ੍ਰ ਹੋਣ ਨੂੰ ਅੱਗੋਂ ਹੀ ਠਹਿਰਾਇਆ।’ (ਅਫ਼ਸੀਆਂ 1:3-5) ਪਰਮੇਸ਼ੁਰ ਨੇ ਕਿਸ ਨੂੰ ਅੱਗੋਂ ਠਹਿਰਾਇਆ ਸੀ ਅਤੇ “ਜਗਤ ਦੀ ਨੀਂਹ ਧਰਨ ਤੋਂ ਅੱਗੋਂ ਹੀ” ਚੁਣੇ ਜਾਣ ਦਾ ਕੀ ਮਤਲਬ ਹੈ?

ਇਹ ਆਇਤਾਂ ਦੱਸਦੀਆਂ ਹਨ ਕਿ ਪਰਮੇਸ਼ੁਰ ਨੇ ਪਹਿਲੇ ਇਨਸਾਨ ਆਦਮ ਦੀ ਔਲਾਦ ਵਿੱਚੋਂ ਕੁਝ ਜਣਿਆਂ ਨੂੰ ਮਸੀਹ ਨਾਲ ਸਵਰਗ ਵਿਚ ਰਾਜ ਕਰਨ ਲਈ ਚੁਣਿਆ ਹੈ। (ਰੋਮੀਆਂ 8:14-17, 28-30; ਪਰਕਾਸ਼ ਦੀ ਪੋਥੀ 5:9, 10) ਪਰ ਜੇ ਯਹੋਵਾਹ ਪਰਮੇਸ਼ੁਰ ਨੇ ਖ਼ਾਸ ਵਿਅਕਤੀਆਂ ਨੂੰ ਉਨ੍ਹਾਂ ਦੇ ਪੈਦਾ ਹੋਣ ਤੋਂ ਹਜ਼ਾਰਾਂ ਸਾਲ ਪਹਿਲਾਂ ਹੀ ਰਾਜੇ ਬਣਨ ਲਈ ਚੁਣ ਲਿਆ ਸੀ, ਤਾਂ ਇਹ ਇਸ ਗੱਲ ਨਾਲ ਮੇਲ ਨਹੀਂ ਖਾਂਦਾ ਕਿ ਇਨਸਾਨਾਂ ਨੂੰ ਆਪਣੀ ਜ਼ਿੰਦਗੀ ਦਾ ਫ਼ੈਸਲਾ ਆਪ ਕਰਨ ਦੀ ਆਜ਼ਾਦੀ ਦਿੱਤੀ ਗਈ ਹੈ। ਪਰਮੇਸ਼ੁਰ ਨੇ ਇਹ ਗੱਲ ਅੱਗੋਂ ਨਹੀਂ ਠਹਿਰਾਈ ਸੀ ਕਿ ਕੌਣ-ਕੌਣ ਰਾਜੇ ਬਣਨਗੇ, ਸਗੋਂ ਉਸ ਨੇ ਸਿਰਫ਼ ਇਹੋ ਠਹਿਰਾਇਆ ਸੀ ਕਿ ਰਾਜਿਆਂ ਦਾ ਇਕ ਸਮੂਹ ਹੋਵੇਗਾ।

ਉਦਾਹਰਣ ਲਈ, ਮੰਨ ਲਓ ਸਰਕਾਰ ਕੋਈ ਖ਼ਾਸ ਏਜੰਸੀ ਖੋਲ੍ਹਣ ਦਾ ਫ਼ੈਸਲਾ ਕਰਦੀ ਹੈ। ਸਰਕਾਰ ਪਹਿਲਾਂ ਹੀ ਨਿਰਧਾਰਿਤ ਕਰਦੀ ਹੈ ਕਿ ਏਜੰਸੀ ਦਾ ਕੰਮ ਕੀ ਹੋਵੇਗਾ, ਇਸ ਕੋਲ ਕਿਹੜੇ ਅਧਿਕਾਰ ਹੋਣਗੇ ਅਤੇ ਇਹ ਕਿੰਨੀ ਕੁ ਵੱਡੀ ਹੋਵੇਗੀ। ਏਜੰਸੀ ਖੁੱਲ੍ਹਣ ਤੋਂ ਕੁਝ ਸਮੇਂ ਬਾਅਦ ਏਜੰਸੀ ਵਿਚ ਕੰਮ ਸ਼ੁਰੂ ਹੋ ਜਾਂਦਾ ਹੈ ਅਤੇ ਇਸ ਦੇ ਮੈਂਬਰ ਇਹ ਕਹਿੰਦੇ ਹੋਏ ਬਿਆਨ ਜਾਰੀ ਕਰਦੇ ਹਨ: “ਸਰਕਾਰ ਨੇ ਕਈ ਸਾਲ ਪਹਿਲਾਂ ਹੀ ਸੋਚ ਲਿਆ ਸੀ ਕਿ ਸਾਡਾ ਕੀ ਕੰਮ ਹੋਵੇਗਾ। ਹੁਣ ਅਸੀਂ ਉਹ ਕੰਮ ਸ਼ੁਰੂ ਕਰਨ ਲੱਗੇ ਹਾਂ।” ਕੀ ਇਸ ਤੋਂ ਤੁਸੀਂ ਇਹ ਸਿੱਟਾ ਕੱਢੋਗੇ ਕਿ ਸਰਕਾਰ ਨੇ ਕੁਝ ਸਾਲ ਪਹਿਲਾਂ ਹੀ ਨਿਸ਼ਚਿਤ ਕਰ ਲਿਆ ਸੀ ਕਿ ਏਜੰਸੀ ਵਿਚ ਕੌਣ-ਕੌਣ ਕੰਮ ਕਰਨਗੇ? ਬਿਲਕੁਲ ਨਹੀਂ। ਇਸੇ ਤਰ੍ਹਾਂ ਯਹੋਵਾਹ ਨੇ ਨਿਸ਼ਚਿਤ ਕਰ ਲਿਆ ਸੀ ਕਿ ਉਹ ਇਕ ਖ਼ਾਸ ਏਜੰਸੀ ਸ਼ੁਰੂ ਕਰੇਗਾ ਜੋ ਆਦਮ ਦੇ ਪਾਪ ਤੋਂ ਮਨੁੱਖਜਾਤੀ ਨੂੰ ਆਜ਼ਾਦ ਕਰੇਗੀ। ਉਸ ਨੇ ਪਹਿਲਾਂ ਹੀ ਸੋਚ ਲਿਆ ਸੀ ਕਿ ਇਸ ਏਜੰਸੀ ਵਿਚ ਲੋਕਾਂ ਦਾ ਇਕ ਸਮੂਹ ਸੇਵਾ ਕਰੇਗਾ। ਪਰ ਉਸ ਨੇ ਇਹ ਨਿਸ਼ਚਿਤ ਨਹੀਂ ਕੀਤਾ ਸੀ ਕਿ ਉਹ ਲੋਕ ਕੌਣ ਹੋਣਗੇ। ਉਨ੍ਹਾਂ ਨੂੰ ਬਾਅਦ ਵਿਚ ਚੁਣਿਆ ਜਾਣਾ ਸੀ। ਉਨ੍ਹਾਂ ਦਾ ਚੁਣਿਆ ਜਾਣਾ ਜਾਂ ਨਾ ਚੁਣਿਆ ਜਾਣਾ ਇਸ ਗੱਲ ਤੇ ਨਿਰਭਰ ਕਰਦਾ ਕਿ ਉਹ ਆਪਣੀ ਜ਼ਿੰਦਗੀ ਕਿਸ ਤਰੀਕੇ ਨਾਲ ਜੀਉਂਦੇ ਹਨ।

ਪੌਲੁਸ ਰਸੂਲ ਕਿਸ ਜਗਤ ਦੀ ਗੱਲ ਕਰ ਰਿਹਾ ਸੀ ਜਦੋਂ ਉਸ ਨੇ ਕਿਹਾ ‘ਪਰਮੇਸ਼ੁਰ ਨੇ ਸਾਨੂੰ ਜਗਤ ਦੀ ਨੀਂਹ ਧਰਨ ਤੋਂ ਅੱਗੋਂ ਹੀ ਉਸ ਵਿੱਚ ਚੁਣ ਲਿਆ’? ਪੌਲੁਸ ਇੱਥੇ ਉਸ ਜਗਤ ਦੀ ਗੱਲ ਨਹੀਂ ਕਰ ਰਿਹਾ ਸੀ ਜਿਸ ਦੀ ਸ਼ੁਰੂਆਤ ਪਰਮੇਸ਼ੁਰ ਨੇ ਆਦਮ ਤੇ ਹੱਵਾਹ ਨੂੰ ਬਣਾ ਕੇ ਕੀਤੀ ਸੀ। ਉਹ ਜਗਤ ਤਾਂ “ਬਹੁਤ ਹੀ ਚੰਗਾ ਸੀ” ਜਿਸ ਵਿਚ ਪਾਪ ਤੇ ਦੁਸ਼ਟਤਾ ਦਾ ਕੋਈ ਨਾਮੋ-ਨਿਸ਼ਾਨ ਨਹੀਂ ਸੀ। (ਉਤਪਤ 1:31) ਉਸ ਜਗਤ ਨੂੰ ਪਾਪ ਤੋਂ ‘ਨਿਸਤਾਰੇ’ ਦੀ ਲੋੜ ਨਹੀਂ ਸੀ।—ਅਫ਼ਸੀਆਂ 1:7.

ਪੌਲੁਸ ਉਸ ਜਗਤ ਦੀ ਗੱਲ ਕਰ ਰਿਹਾ ਸੀ ਜੋ ਅਦਨ ਦੇ ਬਾਗ਼ ਵਿਚ ਆਦਮ ਤੇ ਹੱਵਾਹ ਦੇ ਪਾਪ ਕਰਨ ਤੋਂ ਬਾਅਦ ਉਨ੍ਹਾਂ ਦੀ ਔਲਾਦ ਪੈਦਾ ਹੋਣ ਨਾਲ ਹੋਂਦ ਵਿਚ ਆਇਆ। ਇਸ ਜਗਤ ਦੇ ਲੋਕ ਪਰਮੇਸ਼ੁਰ ਤੋਂ ਦੂਰ ਹੋ ਚੁੱਕੇ ਸਨ ਅਤੇ ਪਾਪ ਤੇ ਦੁਸ਼ਟਤਾ ਦੇ ਗ਼ੁਲਾਮ ਸਨ। ਇਨ੍ਹਾਂ ਲੋਕਾਂ ਨੂੰ ਪਾਪ ਦੀ ਗ਼ੁਲਾਮੀ ਤੋਂ ਛੁਡਾਇਆ ਜਾ ਸਕਦਾ ਸੀ ਜਦ ਕਿ ਜਾਣ-ਬੁੱਝ ਕੇ ਪਾਪ ਕਰਨ ਵਾਲੇ ਆਦਮ ਤੇ ਹੱਵਾਹ ਇਸ ਲਾਇਕ ਨਹੀਂ ਸਨ।—ਰੋਮੀਆਂ 5:12; 8:18-21.

ਯਹੋਵਾਹ ਪਰਮੇਸ਼ੁਰ ਨੇ ਅਦਨ ਦੇ ਬਾਗ਼ ਵਿਚ ਬਗਾਵਤ ਕਾਰਨ ਉੱਠੇ ਮਸਲੇ ਦਾ ਤੁਰੰਤ ਹੱਲ ਕੱਢਿਆ। ਉਸ ਨੇ ਉਸੇ ਵੇਲੇ ਠਾਣ ਲਿਆ ਕਿ ਮਨੁੱਖਜਾਤੀ ਨੂੰ ਆਦਮ ਦੇ ਪਾਪ ਤੋਂ ਛੁਡਾਉਣ ਲਈ ਉਹ ਇਕ ਖ਼ਾਸ ਏਜੰਸੀ ਬਣਾਵੇਗਾ। ਇਹ ਏਜੰਸੀ ਮਸੀਹਾਈ ਰਾਜ ਹੈ ਜਿਸ ਦਾ ਰਾਜਾ ਯਿਸੂ ਮਸੀਹ ਹੈ। (ਮੱਤੀ 6:10) ਬਚਾਈ ਜਾਣ ਯੋਗ ਮਨੁੱਖਜਾਤੀ ਦੇ “ਜਗਤ ਦੀ ਨੀਂਹ ਧਰਨ ਤੋਂ ਅੱਗੋਂ” ਯਾਨੀ ਬਾਗ਼ੀ ਆਦਮ ਤੇ ਹੱਵਾਹ ਦੇ ਬੱਚੇ ਹੋਣ ਤੋਂ ਵੀ ਪਹਿਲਾਂ ਪਰਮੇਸ਼ੁਰ ਨੇ ਮਸੀਹਾਈ ਰਾਜ ਖੜ੍ਹਾ ਕਰਨ ਬਾਰੇ ਸੋਚ ਲਿਆ ਸੀ।

ਕੋਈ ਵੀ ਕੰਮ ਨੇਪਰੇ ਚਾੜ੍ਹਨ ਲਈ ਇਨਸਾਨਾਂ ਨੂੰ ਆਮ ਤੌਰ ਤੇ ਯੋਜਨਾ ਬਣਾਉਣੀ ਪੈਂਦੀ ਹੈ। ਕਿਸਮਤ ਦੀ ਸਿੱਖਿਆ ਵੀ ਇਸ ਧਾਰਣਾ ਨਾਲ ਜੁੜੀ ਹੋਈ ਹੈ ਕਿ ਪਰਮੇਸ਼ੁਰ ਨੇ ਬ੍ਰਹਿਮੰਡ ਨੂੰ ਸਹੀ ਤਰੀਕੇ ਨਾਲ ਚਲਾਉਣ ਲਈ ਇਸ ਦੀ ਇਕ-ਇਕ ਚੀਜ਼ ਬਾਰੇ ਲਿਖ ਰੱਖਿਆ ਹੈ ਕਿ ਕਿਹੜੀ ਗੱਲ ਕਦੋਂ ਤੇ ਕਿੱਥੇ ਹੋਵੇਗੀ। ਰੌਏ ਵੈਦਰਫਰਡ ਲਿਖਦਾ ਹੈ: “ਕਈ ਫ਼ਿਲਾਸਫ਼ਰਾਂ ਨੂੰ ਲੱਗਦਾ ਹੈ ਕਿ ਜੇ ਪਰਮੇਸ਼ੁਰ ਹਰ ਚੀਜ਼/ਇਨਸਾਨ ਦਾ ਭਵਿੱਖ ਨਿਰਧਾਰਿਤ ਨਾ ਕਰੇ, ਤਾਂ ਇਹ ਉਸ ਦੀ ਸ਼ਾਨ ਦੇ ਖ਼ਿਲਾਫ਼ ਹੈ।” ਪਰ ਕੀ ਇਹ ਜ਼ਰੂਰੀ ਹੈ ਕਿ ਪਰਮੇਸ਼ੁਰ ਹਰ ਗੱਲ ਜਾਂ ਘਟਨਾ ਨੂੰ ਪਹਿਲਾਂ ਤੋਂ ਹੀ ਨਿਰਧਾਰਿਤ ਕਰੇ?

ਯਹੋਵਾਹ ਕੋਲ ਅਥਾਹ ਤਾਕਤ ਅਤੇ ਅਸੀਮ ਬੁੱਧ ਹੈ। ਇਸ ਲਈ ਉਹ ਕਿਸੇ ਵੀ ਸੰਕਟਕਾਲੀਨ ਸਥਿਤੀ ਦਾ ਸਾਮ੍ਹਣਾ ਕਰਨ ਦੇ ਯੋਗ ਹੈ ਜੋ ਉਸ ਦੇ ਪ੍ਰਾਣੀਆਂ ਦੇ ਗ਼ਲਤ ਫ਼ੈਸਲਿਆਂ ਕਾਰਨ ਪੈਦਾ ਹੋ ਸਕਦੀ ਹੈ। (ਯਸਾਯਾਹ 40:25, 26; ਰੋਮੀਆਂ 11:33) ਉਹ ਤੁਰੰਤ ਉਪਾਅ ਕੱਢ ਸਕਦਾ ਹੈ ਤੇ ਇਸ ਦੇ ਲਈ ਉਸ ਨੂੰ ਪਹਿਲਾਂ ਕੁਝ ਤੈ ਕਰਨ ਦੀ ਲੋੜ ਨਹੀਂ ਹੈ। ਨਾਮੁਕੰਮਲ ਹੋਣ ਕਰਕੇ ਇਨਸਾਨਾਂ ਦੀਆਂ ਯੋਜਨਾਵਾਂ ਨਾਕਾਮ ਹੋ ਸਕਦੀਆਂ ਹਨ, ਪਰ ਸਰਬਸ਼ਕਤੀਮਾਨ ਪਰਮੇਸ਼ੁਰ ਉਨ੍ਹਾਂ ਤੋਂ ਬਿਲਕੁਲ ਅਲੱਗ ਹੈ। ਉਸ ਨੂੰ ਹਰ ਇਨਸਾਨ ਬਾਰੇ ਪਹਿਲਾਂ ਹੀ ਲਿਖ ਕੇ ਰੱਖਣ ਦੀ ਲੋੜ ਨਹੀਂ ਕਿ ਉਹ ਧਰਤੀ ਉੱਤੇ ਕੀ ਕਰੇ ਤੇ ਕਦੋਂ ਕਰੇ। (ਕਹਾਉਤਾਂ 19:21) ਕਈ ਬਾਈਬਲ ਤਰਜਮਿਆਂ ਵਿਚ ਅਫ਼ਸੀਆਂ 3:11 ਪਰਮੇਸ਼ੁਰ ਬਾਰੇ ਦੱਸਦਾ ਹੈ ਕਿ ਉਸ ਨੇ ਹਰ ਇਕ ਦੀ ਕਿਸਮਤ ਲਿਖਣ ਦੀ ਬਜਾਇ ਇਕ “ਸਦੀਪਕ ਮਨਸ਼ਾ” ਯਾਨੀ ਅਟੱਲ ਉਦੇਸ਼ ਰੱਖਿਆ ਹੈ।

ਤੁਸੀਂ ਆਪਣਾ ਭਵਿੱਖ ਕਿਵੇਂ ਬਣਾ ਸਕਦੇ ਹੋ?

ਪਰਮੇਸ਼ੁਰ ਨੇ ਸ਼ੁਰੂ ਵਿਚ ਹੀ ਧਰਤੀ ਦਾ ਮਕਸਦ ਨਿਸ਼ਚਿਤ ਕਰ ਲਿਆ ਸੀ ਤੇ ਇਹ ਮਕਸਦ ਅਟੱਲ ਹੈ। ਪਰਕਾਸ਼ ਦੀ ਪੋਥੀ 21:3, 4 ਵਿਚ ਲਿਖਿਆ ਹੈ: “ਵੇਖ, ਪਰਮੇਸ਼ੁਰ ਦਾ ਡੇਰਾ ਮਨੁੱਖਾਂ ਦੇ ਨਾਲ ਹੈ ਅਤੇ ਉਹ ਓਹਨਾਂ ਨਾਲ ਡੇਰਾ ਕਰੇਗਾ ਅਤੇ ਓਹ ਉਸ ਦੀ ਪਰਜਾ ਹੋਣਗੇ ਅਤੇ ਪਰਮੇਸ਼ੁਰ ਆਪ ਓਹਨਾਂ ਦਾ ਪਰਮੇਸ਼ੁਰ ਹੋ ਕੇ ਓਹਨਾਂ ਦੇ ਨਾਲ ਰਹੇਗਾ। ਅਤੇ ਉਹ ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ।” ਜੀ ਹਾਂ, ਪਰਮੇਸ਼ੁਰ ਦੇ ਮੁਢਲੇ ਮਕਸਦ ਅਨੁਸਾਰ ਇਹ ਧਰਤੀ ਜ਼ਰੂਰ ਫਿਰਦੌਸ ਬਣੇਗੀ। (ਉਤਪਤ 1:27, 28) ਪਰ ਸਵਾਲ ਇਹ ਉੱਠਦਾ ਹੈ ਕਿ ਕੀ ਤੁਸੀਂ ਉੱਥੇ ਹੋਵੋਗੇ? ਤੁਹਾਡਾ ਉੱਥੇ ਹੋਣਾ ਜਾਂ ਨਾ ਹੋਣਾ ਇਸ ਗੱਲ ਤੇ ਨਿਰਭਰ ਕਰੇਗਾ ਕਿ ਤੁਸੀਂ ਹੁਣ ਆਪਣੀ ਜ਼ਿੰਦਗੀ ਕਿਸ ਤਰੀਕੇ ਨਾਲ ਜੀਉਂਦੇ ਹੋ। ਯਹੋਵਾਹ ਨੇ ਤੁਹਾਡੀ ਕਿਸਮਤ ਨਹੀਂ ਲਿਖੀ।

ਪਰਮੇਸ਼ੁਰ ਨੇ ਸਾਰਿਆਂ ਲਈ ਆਪਣੇ ਪੁੱਤਰ ਯਿਸੂ ਮਸੀਹ ਦੀ ਕੁਰਬਾਨੀ ਦਿੱਤੀ ਹੈ। ਜੋ ਵੀ ਉਸ ਉੱਤੇ ਨਿਹਚਾ ਕਰਦਾ ਹੈ, ਉਸ ਨੂੰ ਸਦਾ ਦੀ ਜ਼ਿੰਦਗੀ ਮਿਲ ਸਕਦੀ ਹੈ। (ਯੂਹੰਨਾ 3:16, 17; ਰਸੂਲਾਂ ਦੇ ਕਰਤੱਬ 10:34, 35) ਬਾਈਬਲ ਕਹਿੰਦੀ ਹੈ: “ਜਿਹੜਾ ਪੁੱਤ੍ਰ ਉੱਤੇ ਨਿਹਚਾ ਕਰਦਾ ਹੈ ਸਦੀਪਕ ਜੀਉਣ ਉਸ ਦਾ ਹੈ ਪਰ ਜੋ ਪੁੱਤ੍ਰ ਨੂੰ ਨਹੀਂ ਮੰਨਦਾ ਸੋ ਜੀਉਣ ਨਾ ਵੇਖੇਗਾ।” (ਯੂਹੰਨਾ 3:36) ਤੁਸੀਂ ਬਾਈਬਲ ਵਿੱਚੋਂ ਪਰਮੇਸ਼ੁਰ, ਉਸ ਦੇ ਪੁੱਤਰ ਤੇ ਪਰਮੇਸ਼ੁਰ ਦੀ ਇੱਛਾ ਬਾਰੇ ਸਿੱਖ ਕੇ ਅਤੇ ਸਿੱਖੀਆਂ ਗੱਲਾਂ ਤੇ ਚੱਲ ਕੇ ਜ਼ਿੰਦਗੀ ਨੂੰ ਚੁਣ ਸਕਦੇ ਹੋ। ਪਰਮੇਸ਼ੁਰ ਦੇ ਬਚਨ ਵਿਚ ਦਰਜ ਸੱਚੀ ਬੁੱਧ ਦੀਆਂ ਗੱਲਾਂ ਦੇ ਅਨੁਸਾਰ ਕੰਮ ਕਰਨ ਵਾਲਾ ਇਨਸਾਨ ਭਰੋਸਾ ਰੱਖ ਸਕਦਾ ਹੈ ਕਿ “ਉਹ ਸੁਖ ਨਾਲ ਵੱਸੇਗਾ, ਅਤੇ ਬਲਾ ਤੋਂ ਨਿਰਭੈ ਹੋ ਕੇ ਸ਼ਾਂਤੀ ਨਾਲ ਰਹੇਗਾ।”—ਕਹਾਉਤਾਂ 1:20, 33.

[ਸਫ਼ੇ 5 ਉੱਤੇ ਤਸਵੀਰ]

ਜਾਨਵਰਾਂ ਤੋਂ ਉਲਟ, ਇਨਸਾਨ ਆਪਣੇ ਕੰਮਾਂ ਲਈ ਜਵਾਬਦੇਹ ਹਨ

[ਕ੍ਰੈਡਿਟ ਲਾਈਨ]

ਬਾਜ਼: ਫੋਟੋ: Cortesía de GREFA