Skip to content

Skip to table of contents

ਤੁਹਾਡਾ ਭਵਿੱਖ ਕਿਸ ਦੇ ਹੱਥ ਵਿਚ ਹੈ?

ਤੁਹਾਡਾ ਭਵਿੱਖ ਕਿਸ ਦੇ ਹੱਥ ਵਿਚ ਹੈ?

ਤੁਹਾਡਾ ਭਵਿੱਖ ਕਿਸ ਦੇ ਹੱਥ ਵਿਚ ਹੈ?

“ਜਾਨਵਰਾਂ ਵਾਂਗ ਇਨਸਾਨਾਂ ਦਾ ਵੀ ਆਪਣੇ ਭਵਿੱਖ ਤੇ ਕੋਈ ਵਸ ਨਹੀਂ ਹੈ,” ਵਿਕਾਸਵਾਦੀ ਜੌਨ ਗ੍ਰੇ ਲਿਖਦਾ ਹੈ। ਲੇਖਕ ਸ਼ਮੂਲੀ ਬੋਟਿਅਕ ਆਪਣੀ ਇਕ ਕਿਤਾਬ ਵਿਚ ਬਿਲਕੁਲ ਵੱਖਰਾ ਵਿਚਾਰ ਪੇਸ਼ ਕਰਦਾ ਹੈ। ਉਹ ਕਹਿੰਦਾ ਹੈ: “ਇਨਸਾਨ ਕੋਈ ਜਾਨਵਰ ਨਹੀਂ ਹੈ, ਇਸ ਲਈ ਉਹ ਆਪਣਾ ਭਵਿੱਖ ਆਪ ਬਣਾਉਂਦਾ ਹੈ।”

ਬਹੁਤ ਸਾਰੇ ਲੋਕ ਗ੍ਰੇ ਨਾਲ ਸਹਿਮਤ ਹਨ। ਉਹ ਮੰਨਦੇ ਹਨ ਕਿ ਮਨੁੱਖਜਾਤੀ ਦੀ ਤਕਦੀਰ ਕੁਦਰਤੀ ਤਾਕਤਾਂ ਦੇ ਹੱਥਾਂ ਵਿਚ ਹੈ ਅਤੇ ਇਨਸਾਨ ਇਸ ਨੂੰ ਬਦਲ ਨਹੀਂ ਸਕਦਾ। ਪਰ ਕਈ ਕਹਿੰਦੇ ਹਨ ਕਿ ਰੱਬ ਨੇ ਇਨਸਾਨ ਨੂੰ ਆਪਣਾ ਭਵਿੱਖ ਆਪ ਬਣਾਉਣ ਦੀ ਕਾਬਲੀਅਤ ਨਾਲ ਸਿਰਜਿਆ ਸੀ।

ਕੁਝ ਸੋਚਦੇ ਹਨ ਕਿ ਉਨ੍ਹਾਂ ਦਾ ਭਵਿੱਖ ਤਾਕਤਵਰ ਲੋਕਾਂ ਦੇ ਹੱਥਾਂ ਵਿਚ ਹੈ। ਲਿਖਾਰੀ ਰੌਏ ਵੈਦਰਫਰਡ ਅਨੁਸਾਰ ‘ਦੁਨੀਆਂ ਵਿਚ ਜ਼ਿਆਦਾਤਰ ਲੋਕ (ਖ਼ਾਸਕਰ ਬਹੁਤ ਸਾਰੀਆਂ ਔਰਤਾਂ) ਅਤਿਆਚਾਰ ਤੇ ਜ਼ੁਲਮ ਦੇ ਸ਼ਿਕਾਰ ਹੁੰਦੇ ਹਨ ਜਿਸ ਕਰਕੇ ਉਨ੍ਹਾਂ ਦਾ ਆਪਣੀਆਂ ਜ਼ਿੰਦਗੀਆਂ ਉੱਤੇ ਕੋਈ ਅਧਿਕਾਰ ਜਾਂ ਵਸ ਨਹੀਂ ਹੈ।’ (ਕਿਸਮਤ ਦੀ ਸਿੱਖਿਆ ਦੀਆਂ ਉਲਝਣਾਂ [ਅੰਗ੍ਰੇਜ਼ੀ]) ਬਹੁਤ ਸਾਰੇ ਲੋਕਾਂ ਨੇ ਸੁਖੀ ਭਵਿੱਖ ਦੇ ਸੁਪਨੇ ਦੇਖੇ ਸਨ ਜੋ ਸਿਆਸੀ ਜਾਂ ਮਿਲਟਰੀ ਤਾਕਤਾਂ ਵਿਚਾਲੇ ਮੁਕਾਬਲੇਬਾਜ਼ੀ ਕਰਕੇ ਚਕਨਾਚੂਰ ਹੋ ਗਏ।

ਬਹੁਤ ਸਾਰੇ ਲੋਕ ਸਦੀਆਂ ਤੋਂ ਇਹ ਸੋਚਦੇ ਆਏ ਹਨ ਕਿ ਉਨ੍ਹਾਂ ਦੀ ਕਿਸਮਤ ਦੇਵੀ-ਦੇਵਤਿਆਂ ਨੇ ਪਹਿਲਾਂ ਹੀ ਲਿਖ ਦਿੱਤੀ ਹੈ ਤੇ ਉਹ ਇਸ ਨੂੰ ਕਿਸੇ ਵੀ ਹਾਲਤ ਵਿਚ ਬਦਲ ਨਹੀਂ ਸਕਦੇ। ਬੋਟਿਅਕ ਕਹਿੰਦਾ ਹੈ: “ਪ੍ਰਾਚੀਨ ਯੂਨਾਨੀਆਂ ਦੇ ਮਨਾਂ ਵਿਚ ਇਹੀ ਖ਼ਿਆਲ ਵਸਿਆ ਹੋਇਆ ਸੀ ਕਿ ਕੋਈ ਵੀ ਉਮੀਦ ਰੱਖਣੀ ਫ਼ਜ਼ੂਲ ਸੀ ਕਿਉਂਕਿ ਉਹ ਕਿਸਮਤ ਵਿਚ ਲਿਖੀਆਂ ਗੱਲਾਂ ਨੂੰ ਮੇਟ ਨਹੀਂ ਸਕਦੇ।” ਉਹ ਸੋਚਦੇ ਸਨ ਕਿ ਹਰ ਇਨਸਾਨ ਦੀ ਤਕਦੀਰ ਚੰਚਲ ਦੇਵੀਆਂ ਨਿਰਧਾਰਿਤ ਕਰਦੀਆਂ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਇਹ ਦੇਵੀਆਂ ਇਨਸਾਨ ਦੀ ਮੌਤ ਦਾ ਸਮਾਂ ਨਿਰਧਾਰਿਤ ਕਰਨ ਦੇ ਨਾਲ-ਨਾਲ ਇਹ ਵੀ ਤੈ ਕਰਦੀਆਂ ਸਨ ਕਿ ਕਿਸੇ ਇਨਸਾਨ ਨੇ ਆਪਣੀ ਜ਼ਿੰਦਗੀ ਵਿਚ ਕਿੰਨੇ ਕੁ ਦੁੱਖ-ਦਰਦ ਭੋਗਣੇ ਸਨ।

ਅੱਜ ਵੀ ਲੋਕ ਆਮ ਹੀ ਕਹਿੰਦੇ ਹਨ ਕਿ ਇਨਸਾਨ ਦਾ ਭਵਿੱਖ ਤਾਂ ਰੱਬ ਦੇ ਹੱਥ ਵਿਚ ਹੈ। ਕਿਸਮਤ ਵਿਚ ਵਿਸ਼ਵਾਸ ਕਰਨ ਵਾਲੇ ਲੋਕ ਕਹਿੰਦੇ ਹਨ ਕਿ ਰੱਬ ਨੇ ਪਹਿਲਾਂ ਹੀ ਤੈ ਕੀਤਾ ਹੋਇਆ ਹੈ ਕਿ ਹਰ ਇਨਸਾਨ ਆਪਣੀ ਜ਼ਿੰਦਗੀ ਵਿਚ ਕਿਹੜੇ ਕੰਮ ਕਰੇਗਾ, ਉਸ ਦੇ ਕਰਮਾਂ ਦਾ ਕੀ ਨਤੀਜਾ ਨਿਕਲੇਗਾ ਤੇ ਉਹ ਕਿੰਨੀ ਦੇਰ ਜੀਉਂਦਾ ਰਹੇਗਾ। ਹੋਰ ਲੋਕ ਮੰਨਦੇ ਹਨ ਕਿ ਸਰਬਸ਼ਕਤੀਮਾਨ ਪਰਮੇਸ਼ੁਰ “ਪਹਿਲਾਂ ਹੀ ਪੱਕਾ ਕਰ ਚੁੱਕਾ ਹੈ ਕਿ ਕਿਸ ਨੂੰ ਮੁਕਤੀ ਦੇਣੀ ਹੈ ਤੇ ਕਿਸ ਨੂੰ ਨਰਕਾਂ ਵਿਚ ਸੁੱਟਣਾ ਹੈ।” ਬਹੁਤ ਸਾਰੇ ਈਸਾਈ ਇਸ ਸਿੱਖਿਆ ਨੂੰ ਮੰਨਦੇ ਹਨ।

ਤੁਹਾਡਾ ਇਸ ਬਾਰੇ ਕੀ ਖ਼ਿਆਲ ਹੈ? ਕੀ ਤੁਹਾਡੀ ਤਕਦੀਰ ਪਹਿਲਾਂ ਤੋਂ ਹੀ ਲਿਖੀ ਹੋਈ ਹੈ ਜਿਸ ਕਰਕੇ ਤੁਹਾਡਾ ਆਪਣੇ ਭਵਿੱਖ ਉੱਤੇ ਕੋਈ ਵਸ ਨਹੀਂ? ਜਾਂ ਕੀ ਅੰਗ੍ਰੇਜ਼ ਨਾਟਕਕਾਰ ਵਿਲਿਅਮ ਸ਼ੇਕਸਪੀਅਰ ਦੇ ਇਨ੍ਹਾਂ ਸ਼ਬਦਾਂ ਵਿਚ ਕੁਝ ਸੱਚਾਈ ਹੈ ਜਿਸ ਨੇ ਲਿਖਿਆ: “ਇਨਸਾਨ ਕਦੇ-ਕਦੇ ਆਪਣੀ ਕਿਸਮਤ ਦੇ ਮਾਲਕ ਖ਼ੁਦ ਹੁੰਦੇ ਹਨ”? ਆਓ ਦੇਖੀਏ ਕਿ ਬਾਈਬਲ ਇਸ ਬਾਰੇ ਕੀ ਕਹਿੰਦੀ ਹੈ।