Skip to content

Skip to table of contents

ਨਿਆਈਆਂ ਦੀ ਕਿਤਾਬ ਦੇ ਕੁਝ ਖ਼ਾਸ ਨੁਕਤੇ

ਨਿਆਈਆਂ ਦੀ ਕਿਤਾਬ ਦੇ ਕੁਝ ਖ਼ਾਸ ਨੁਕਤੇ

ਯਹੋਵਾਹ ਦਾ ਬਚਨ ਜੀਉਂਦਾ ਹੈ

ਨਿਆਈਆਂ ਦੀ ਕਿਤਾਬ ਦੇ ਕੁਝ ਖ਼ਾਸ ਨੁਕਤੇ

ਜਦੋਂ ਯਹੋਵਾਹ ਦੀ ਆਪਣੀ ਪਰਜਾ ਉਸ ਵੱਲ ਪਿੱਠ ਕਰ ਕੇ ਝੂਠੇ ਦੇਵੀ-ਦੇਵਤਿਆਂ ਦੀ ਪੂਜਾ ਕਰਨ ਲੱਗ ਪਈ ਸੀ ਤਾਂ ਉਸ ਨੇ ਕੀ ਕੀਤਾ ਸੀ? ਕੀ ਯਹੋਵਾਹ ਫਿਰ ਵੀ ਉਨ੍ਹਾਂ ਦੀ ਪਨਾਹ ਬਣਿਆ ਰਿਹਾ ਜਦੋਂ ਕੇ ਉਹ ਵਾਰ ਵਾਰ ਇਵੇਂ ਹੀ ਪਾਪ ਕਰਦੇ ਗਏ? ਜਦੋਂ ਲੋਕ ਸਿਰਫ਼ ਮੁਸੀਬਤਾਂ ਵੇਲੇ ਹੀ ਉਸ ਸਾਮ੍ਹਣੇ ਤਰਲੇ ਕਰਦੇ ਸਨ ਤਾਂ ਯਹੋਵਾਹ ਨੇ ਕੀ ਕੀਤਾ ਸੀ? ਨਿਆਈਆਂ ਦੀ ਕਿਤਾਬ ਵਿਚ ਇਸ ਤਰ੍ਹਾਂ ਦੇ ਸਵਾਲਾਂ ਦੇ ਜਵਾਬ ਪਾਏ ਜਾਂਦੇ ਹਨ। ਇਹ ਕਿਤਾਬ ਸਮੂਏਲ ਨਾਂ ਦੇ ਇਕ ਨਬੀ ਨੇ ਕੁਝ ਤਿੰਨ ਹਜ਼ਾਰ ਸਾਲਾਂ ਪਹਿਲਾਂ ਲਿਖੀ ਸੀ। ਇਸ ਵਿਚ ਕੁਝ ਤਿੰਨ ਸੌ ਤੀਹ ਕੁ ਸਾਲਾਂ ਦੀਆਂ ਘਟਨਾਵਾਂ ਬਾਰੇ ਦੱਸਿਆ ਗਿਆ ਹੈ, ਮਤਲਬ ਕਿ ਯਹੋਸ਼ੁਆ ਦੀ ਮੌਤ ਤੋਂ ਲੈ ਕੇ ਇਸਰਾਏਲ ਦੇ ਪਹਿਲੇ ਰਾਜੇ ਤਕ ਜੋ ਕੁਝ ਬੀਤਿਆ।

ਨਿਆਈਆਂ ਦੀ ਕਿਤਾਬ ਪਰਮੇਸ਼ੁਰ ਦੇ ਸ਼ਬਦ ਦਾ ਇਕ ਹਿੱਸਾ ਹੈ ਇਸ ਲਈ ਇਸ ਉੱਤੇ ਗੌਰ ਕਰਨਾ ਸਾਡੇ ਲਈ ਬਹੁਤ ਲਾਭਦਾਇਕ ਹੋਵੇਗਾ। (ਇਬਰਾਨੀਆਂ 4:12) ਇਸ ਵਿਚ ਕਈ ਉਤੇਜਕ ਬਿਰਤਾਂਤ ਪੜ੍ਹ ਕੇ ਸਾਨੂੰ ਪਰਮੇਸ਼ੁਰ ਦੇ ਗੁਣਾਂ ਬਾਰੇ ਹੋਰ ਜਾਣਕਾਰੀ ਮਿਲੇਗੀ। ਇਨ੍ਹਾਂ ਬਿਰਤਾਂਤਾਂ ਤੋਂ ਸਿੱਖੇ ਗਏ ਸਬਕ ਸਾਡੀ ਨਿਹਚਾ ਨੂੰ ਮਜ਼ਬੂਤ ਕਰ ਸਕਦੇ ਹਨ। ਅਸੀਂ ਪਰਮੇਸ਼ੁਰ ਦੇ ਵਾਅਦਾ ਕੀਤੇ ਹੋਏ ਨਵੇਂ ਰਾਜ ਵਿਚ ਸਦਾ ਦਾ ਜੀਵਨ, ਯਾਨੀ “ਅਸਲ ਜੀਵਨ” ਪਾ ਸਕਦੇ ਹਾਂ। (1 ਤਿਮੋਥਿਉਸ 6:12, 19; 2 ਪਤਰਸ 3:13) ਜੋ ਕੁਝ ਯਹੋਵਾਹ ਨੇ ਆਪਣੀ ਪਰਜਾ ਦੀ ਮੁਕਤੀ ਲਈ ਕੀਤਾ ਉਸ ਤੋਂ ਦੇਖਿਆ ਜਾ ਸਕਦਾ ਹੈ ਕਿ ਉਸ ਦਾ ਪੁੱਤਰ ਯਿਸੂ ਮਸੀਹ ਅਗਾਹਾਂ ਨੂੰ ਵੱਡੇ ਪੈਮਾਨੇ ਤੇ ਕੀ ਕਰੇਗਾ।

ਯਹੋਵਾਹ ਨੇ ਨਿਆਈ ਕਿਉਂ ਠਹਿਰਾਏ?

(ਨਿਆਈਆਂ 1:1–3:6)

ਯਹੋਸ਼ੁਆ ਦੀ ਸਰਦਾਰੀ ਦੇ ਅਧੀਨ ਕਨਾਨ ਦੇਸ਼ ਦੇ ਰਾਜੇ ਹਰਾਏ ਗਏ। ਇਸ ਦੇ ਮਗਰੋਂ ਇਸਰਾਏਲ ਦੇ ਵੱਖੋ-ਵੱਖ ਕਬੀਲਿਆਂ ਨੇ ਆਪੋ-ਆਪਣੇ ਹੱਕ ਦੀ ਜ਼ਮੀਨ ਲੈ ਲਈ। ਲੇਕਿਨ ਇਸਰਾਏਲੀਆਂ ਨੇ ਕਨਾਨ ਦੇ ਸਾਰਿਆਂ ਲੋਕਾਂ ਨੂੰ ਉੱਥੋਂ ਬਾਹਰ ਨਹੀਂ ਕੱਢਿਆ। ਬਾਅਦ ਵਿਚ ਇਸਰਾਏਲ ਲਈ ਇਹ ਇਕ ਠੋਕਰ ਦਾ ਕਾਰਨ ਸਬਤ ਹੋਏ ।

ਯਹੋਸ਼ੁਆ ਤੋਂ ਮਗਰਲੀ ਪੀੜ੍ਹੀ ‘ਨਾ ਯਹੋਵਾਹ ਨੂੰ ਤੇ ਨਾ ਉਨ੍ਹਾਂ ਕੰਮਾਂ ਨੂੰ ਜਾਣਦੀ ਸੀ ਜੋ ਉਸ ਨੇ ਇਸਰਾਏਲ ਦੇ ਲਈ ਕੀਤੇ।’ (ਨਿਆਈਆਂ 2:10) ਇਸ ਦੇ ਨਾਲ-ਨਾਲ ਉਹ ਕਨਾਨੀ ਲੋਕਾਂ ਦੇ ਨਾਲ ਵਿਆਹ ਕਰਾਉਣ ਲੱਗ ਪਏ ਤੇ ਉਨ੍ਹਾਂ ਦੇ ਦੇਵੀ-ਦੇਵਤਿਆਂ ਦੀ ਪੂਜਾ ਵੀ ਕਰਨ ਲੱਗ ਪਏ। ਇਸ ਕਰਕੇ ਹੀ ਯਹੋਵਾਹ ਨੇ ਉਨ੍ਹਾਂ ਦੇ ਦੁਸ਼ਮਣਾਂ ਨੂੰ ਉਨ੍ਹਾਂ ਉੱਤੇ ਜ਼ੁਲਮ ਕਰਨ ਦਿੱਤਾ। ਪਰ ਜਦੋਂ ਜ਼ੁਲਮ ਹੱਦੋਂ ਪਾਰ ਹੋ ਗਿਆ, ਤਾਂ ਇਸਰਾਏਲ ਦੇ ਪੁੱਤਰਾਂ ਨੇ ਸੱਚੇ ਪਰਮੇਸ਼ੁਰ ਮੋਹਰੇ ਤਰਲੇ ਕੀਤੇ। ਇਸ ਤਰ੍ਹਾਂ ਦੇ ਧਾਰਮਿਕ, ਸਮਾਜਕ ਤੇ ਰਾਜਨੀਤਿਕ ਮਾਹੌਲ ਵਿਚ ਯਹੋਵਾਹ ਨੇ ਆਪਣੀ ਪਰਜਾ ਨੂੰ ਦੁਸ਼ਮਣਾਂ ਤੋਂ ਬਚਾਉਣ ਲਈ ਨਿਆਂਕਾਰ ਠਹਿਰਾਏ ਸਨ।

ਕੁਝ ਸਵਾਲਾਂ ਦੇ ਜਵਾਬ:

1:2, 4—ਯਹੂਦਾਹ ਨਾਂ ਦਾ ਕਬੀਲਾ ਕਿਉਂ ਸਭ ਤੋਂ ਪਹਿਲਾਂ ਆਪਣੇ ਹਿੱਸੇ ਦੀ ਜ਼ਮੀਨ ਲੈਣ ਲਈ ਠਹਿਰਾਇਆ ਗਿਆ ਸੀ? ਅਸਲ ਵਿਚ ਇਹ ਹੱਕ ਯਾਕੂਬ ਦੇ ਪਲੋਠੇ ਪੁੱਤਰ ਰਊਬੇਨ ਦਾ ਹੋਣਾ ਸੀ। ਪਰ ਮਰਨ ਤੋਂ ਪਹਿਲਾਂ ਯਾਕੂਬ ਨੇ ਭਵਿੱਖਬਾਣੀ ਵਿਚ ਕਿਹਾ ਸੀ ਕਿ ਰਊਬੇਨ ਉੱਚੀ ਪਦਵੀ ਨਹੀਂ ਪਾਵੇਗਾ ਕਿਉਂਕਿ ਉਸ ਨੇ ਆਪਣੇ ਪਲੋਠੇ ਹੋਣ ਦਾ ਹੱਕ ਤਿਆਗ ਦਿੱਤਾ ਸੀ। ਸ਼ਿਮਓਨ ਅਤੇ ਲੇਵੀ ਦੋਵਾਂ ਨੇ ਵੱਡੇ ਜ਼ੁਲਮ ਕੀਤੇ ਸਨ ਇਸ ਕਰਕੇ ਉਹ ਇਸਰਾਏਲ ਦੇਸ਼ ਵਿਚ ਖਿੰਡਾਰੇ ਗਏ ਸਨ। (ਉਤਪਤ 49:3-5, 7) ਇਸ ਕਰਕੇ ਯਾਕੂਬ ਦਾ ਚੌਥਾ ਪੁੱਤਰ ਯਹੂਦਾਹ ਜ਼ਮੀਨ ਦਾ ਹੱਕਦਾਰ ਠਹਿਰਿਆ ਗਿਆ ਸੀ। ਸ਼ਿਮਓਨ ਆਪਣੇ ਭਰਾ ਯਹੂਦਾਹ ਦੇ ਨਾਲ ਚਲਾ ਗਿਆ ਸੀ ਤੇ ਉਸ ਨੂੰ ਯਹੂਦਾਹ ਦੇਸ਼ ਦੇ ਵੱਡੇ ਇਲਾਕੇ ਵਿੱਚੋਂ ਜ਼ਮੀਨ ਦੇ ਛੋਟੇ-ਛੋਟੇ ਹਿੱਸੇ ਦਿੱਤੇ ਗਏ ਸਨ। *​—ਯਹੋਸ਼ੁਆ 19:9.

1:6, 7—ਹਾਰ ਜਾਣ ਵਾਲੇ ਰਾਜਿਆਂ ਦੇ ਹੱਥਾਂ-ਪੈਰਾਂ ਦੇ ਅੰਗੂਠੇ ਕਿਉਂ ਵੱਢੇ ਜਾਂਦੇ ਸਨ? ਹੱਥਾਂ-ਪੈਰਾਂ ਦੇ ਅੰਗੂਠਿਆਂ ਤੋਂ ਬਿਨਾਂ ਇਕ ਆਦਮੀ ਮਿਲਟਰੀ ਸੇਵਾ ਨਹੀਂ ਕਰ ਸਕਦਾ ਸੀ। ਬਿਨਾਂ ਅੰਗੂਠਿਆਂ ਦੇ ਇਕ ਫ਼ੌਜੀ ਤਲਵਾਰ ਜਾਂ ਬਰਛਾ ਕਿਸ ਤਰ੍ਹਾਂ ਵਰਤ ਸਕਦਾ ਸੀ? ਪੈਰਾਂ ਦੇ ਅੰਗੂਠਿਆਂ ਤੋਂ ਬਿਨਾਂ ਉਹ ਸਿੱਧਾ ਵੀ ਨਹੀਂ ਖੜ੍ਹਾ ਹੋ ਸਕਦਾ ਸੀ।

ਸਾਡੇ ਲਈ ਸਬਕ:

2:10-12. ਸਾਨੂੰ ਬਾਈਬਲ ਦੀ ਸਟੱਡੀ ਬਾਕਾਇਦਾ ਕਰਦੇ ਰਹਿਣਾ ਚਾਹੀਦਾ ਹੈ ਤਾਂ ਕਿ ਅਸੀਂ ‘ਯਹੋਵਾਹ ਦੀ ਕਿਸੇ ਭਲਾਈ ਨੂੰ ਨਾ ਭੁਲੀਏ।’ (ਜ਼ਬੂਰ 103:2, ਪਵਿੱਤਰ ਬਾਈਬਲ ਨਵਾਂ ਅਨੁਵਾਦ) ਪਰਮੇਸ਼ੁਰ ਦੇ ਸ਼ਬਦ ਵਿਚਲੀਆਂ ਸੱਚਾਈਆਂ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਦਿਲਾਂ ਵਿਚ ਬਿਠਾਉਣੀਆਂ ਚਾਹੀਦੀਆਂ ਹਨ।​—ਬਿਵਸਥਾ ਸਾਰ 6:6-9.

2:14, 21, 22. ਯਹੋਵਾਹ ਆਪਣੇ ਅਣਆਗਿਆਕਾਰ ਲੋਕਾਂ ਉੱਤੇ ਪਰਤਾਵੇ ਕਿਉਂ ਆਉਣ ਦਿੰਦਾ ਹੈ? ਇਹ ਪਰਤਾਵੇ ਉਨ੍ਹਾਂ ਨੂੰ ਸੁਧਾਰਦੇ ਤੇ ਉਸ ਵੱਲ ਵਾਪਸ ਮੁੜਨ ਲਈ ਪ੍ਰੇਰਦੇ ਹਨ।

ਯਹੋਵਾਹ ਨੇ ਨਿਆਈ ਠਹਿਰਾਏ

(ਨਿਆਈਆਂ 3:7–16:31)

ਨਿਆਈਆਂ ਦੀ ਕਿਤਾਬ ਆਥਨੀਏਲ ਨਾਮਕ ਨਿਆਈ ਦੇ ਬਿਰਤਾਂਤ ਨਾਲ ਸ਼ੁਰੂ ਹੁੰਦੀ ਹੈ। ਉਸ ਸਮੇਂ ਇਸਰਾਏਲੀ ਅੱਠ ਸਾਲਾਂ ਤੋਂ ਇਕ ਮੇਸੋਪੋਟੇਮੀ ਰਾਜੇ ਦੇ ਹੱਥਾਂ ਵਿਚ ਫੱਸੇ ਹੋਏ ਸਨ। ਫਿਰ ਯਹੋਵਾਹ ਨੇ ਆਥਨੀਏਲ ਰਾਹੀਂ ਇਸਰਾਏਲੀਆਂ ਨੂੰ ਉਸ ਰਾਜੇ ਦੇ ਹੱਥੋਂ ਬਚਾਇਆ। ਇਕ ਹੋਰ ਵਾਰ ਬੜੀ ਚਲਾਕੀ ਤੇ ਬਹਾਦਰੀ ਨਾਲ ਏਹੂਦ ਨਾਂ ਦੇ ਇਕ ਨਿਆਈ ਨੇ ਮੋਆਬ ਦੇ ਰਾਜਾ ਅਗਲੋਨ ਦਾ ਕਤਲ ਕੀਤਾ ਸੀ। ਇਸ ਦੇ ਮਗਰੋਂ ਸ਼ਮਗਰ ਨਾਂ ਦਾ ਨਿਆਈ ਉੱਠਿਆ ਅਤੇ ਉਸ ਨੇ ਇਸਰਾਏਲ ਨੂੰ ਬਚਾਉਣ ਲਈ ਫਲਿਸਤੀਆਂ ਵਿੱਚੋਂ ਛੇ ਸੌ ਮਨੁੱਖਾਂ ਨੂੰ ਬਲਦ ਦੀ ਲਾਠੀ ਨਾਲ ਮਾਰਿਆ ਸੀ। ਦਬੋਰਾਹ ਨਾਂ ਦੀ ਇਕ ਔਰਤ, ਨਬੀਆ ਵਜੋਂ ਸੇਵਾ ਕਰਦੀ ਹੁੰਦੀ ਸੀ। ਦਬੋਰਾਹ ਦੇ ਹੌਸਲੇ ਤੇ ਯਹੋਵਾਹ ਦੀ ਮਦਦ ਨਾਲ ਬਾਰਾਕ ਨੇ ਸੀਸਰਾ ਦੀ ਦੱਸ ਹਜ਼ਾਰ ਫ਼ੌਜੀਆਂ ਦੀ ਸ਼ਕਤੀਸ਼ਾਲੀ ਸੈਨਾ ਨੂੰ ਹਰਾ ਦਿੱਤਾ ਭਾਵੇਂ ਕਿ ਮੁਕਾਬਲੇ ਵਿਚ ਉਸ ਦੀ ਸੈਨਾ ਕੋਲ ਬਹੁਤ ਘੱਟ ਹਥਿਆਰ ਸਨ। ਫਿਰ ਯਹੋਵਾਹ ਨੇ ਗਿਦਾਊਨ ਨੂੰ ਇਕ ਨਿਆਈ ਠਹਿਰਾਇਆ ਤੇ ਸਿਰਫ਼ ਤਿੰਨ ਸੌ ਮਨੁੱਖਾਂ ਨੂੰ ਵਰਤਦਿਆਂ ਹੋਏ ਮਿਦਯਾਨੀਆਂ ਨੂੰ ਉਸ ਦੇ ਹੱਥ ਵਿਚ ਦੇ ਦਿੱਤਾ।

ਯਹੋਵਾਹ ਨੇ ਯਿਫ਼ਤਾਹ ਨਾਂ ਦੇ ਨਿਆਈ ਰਾਹੀਂ ਇਸਰਾਏਲ ਨੂੰ ਅੰਮੋਨੀਆਂ ਨਾਂ ਦੇ ਦੁਸ਼ਮਣਾਂ ਤੋਂ ਬਚਾਇਆ। ਤੋਲਾ, ਯਾਈਰ, ਇਬਸਾਨ, ਏਲੋਨ ਤੇ ਅਬਦੋਨ ਨਾਂ ਦੇ ਨਿਆਈ ਉਨ੍ਹਾਂ 12 ਨਿਆਈਆਂ ਵਿੱਚੋਂ ਹਨ ਜਿਨ੍ਹਾਂ ਨੇ ਇਸਰਾਏਲ ਵਿਚ ਸੇਵਾ ਕੀਤੀ। ਸਮਸੂਨ ਅਖ਼ੀਰਲਾ ਨਿਆਈ ਸੀ ਅਤੇ ਉਹ ਫਲਿਸਤੀਆਂ ਨਾਲ ਲੜਿਆ ਸੀ।

ਕੁਝ ਸਵਾਲਾਂ ਦੇ ਜਵਾਬ:

4:8—ਬਾਰਾਕ ਨੇ ਨਬੀਆ ਦਬੋਰਾਹ ਨੂੰ ਜੰਗ ਵਿਚ ਆਪਣੇ ਨਾਲ ਲੈ ਜਾਣ ਲਈ ਕਿਉਂ ਮਜਬੂਰ ਕੀਤਾ? ਇਸ ਦਾ ਇਹ ਕਾਰਨ ਹੋ ਸਕਦਾ ਹੈ ਕਿ ਬਾਰਾਕ ਆਪਣੇ ਆਪ ਨੂੰ ਇਕੱਲਾ ਹੀ ਸੀਸਰਾ ਦੀ ਫ਼ੌਜ ਨਾਲ ਲੜਾਈ ਕਰਨ ਦੇ ਕਾਬਲ ਨਹੀਂ ਸਮਝਦਾ ਸੀ। ਉਸ ਨੂੰ ਤੇ ਉਸ ਦੀ ਸੈਨਾ ਨੂੰ ਨਬੀਆ ਦੀ ਹਾਜ਼ਰੀ ਤੋਂ ਤਸੱਲੀ ਮਿਲੀ ਕਿ ਯਹੋਵਾਹ ਉਨ੍ਹਾਂ ਨੂੰ ਜਿੱਤ ਦਿਲਾਏਗਾ। ਇਹ ਗੱਲ ਬਾਰਾਕ ਦੀ ਕਮਜ਼ੋਰੀ ਨਹੀਂ ਸਗੋਂ ਉਸ ਦੀ ਮਜ਼ਬੂਤ ਨਿਹਚਾ ਦਾ ਸੰਕੇਤ ਦਿੰਦੀ ਹੈ।

5:20—ਬਾਰਾਕ ਦੇ ਲਈ ਆਕਾਸ਼ੋਂ ਤਾਰੇ ਕਿਸ ਤਰ੍ਹਾਂ ਲੜੇ ਸਨ? ਕੀ ਇਹ ਦੂਤ ਸਨ ਜੋ ਬਾਰਾਕ ਦੀ ਮਦਦ ਕਰ ਰਹੇ ਸਨ? ਕੀ ਇਹ ਕਿਸੇ ਤਰ੍ਹਾਂ ਦੇ ਤਾਰਿਆਂ ਦੀ ਵਰਖਾ ਸੀ ਜਿਨ੍ਹਾਂ ਨੂੰ ਸੀਸਰਾ ਦੇ ਬੰਦਿਆਂ ਨੇ ਰੱਬ ਤੋਂ ਸਰਾਪ ਦੀ ਨਿਸ਼ਾਨੀ ਸਮਝਿਆ ਸੀ? ਜਾਂ ਕੀ ਇਹ ਸੀਸਰਾ ਲਈ ਇਕ ਜੋਤਸ਼-ਸੰਬੰਧੀ ਨਿਸ਼ਾਨ ਸੀ ਜੋ ਸਹੀ ਨਹੀਂ ਸਾਬਤ ਹੋਇਆ? ਬਾਈਬਲ ਸਾਨੂੰ ਇਸ ਬਾਰੇ ਕੁਝ ਨਹੀਂ ਦੱਸਦੀ। ਪਰ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਯਹੋਵਾਹ ਨੇ ਬਾਰਾਕ ਦੀ ਜ਼ਰੂਰ ਮਦਦ ਕੀਤੀ ਸੀ।

7:1-3; 8:10—ਯਹੋਵਾਹ ਨੇ ਗਿਦਾਊਨ ਨੂੰ ਕਿਉਂ ਕਿਹਾ ਸੀ ਕਿ ਉਨ੍ਹਾਂ ਦੇ ਦੁਸ਼ਮਣਾਂ ਦੀ ਸੈਨਾ ਵਿਚ 1,35,000 ਦੇ ਮੁਕਾਬਲੇ ਵਿਚ ਉਸ ਦੇ ਸਿਰਫ਼ 32,000 ਬੰਦੇ ਬਹੁਤ ਜ਼ਿਆਦਾ ਸਨ? ਕਿਉਂਕਿ ਯਹੋਵਾਹ ਨੇ ਖ਼ੁਦ ਗਿਦਾਊਨ ਦੀ ਸੈਨਾ ਨੂੰ ਜਿਤਵਾਉਣਾ ਸੀ। ਪਰਮੇਸ਼ੁਰ ਇਹ ਨਹੀਂ ਸੀ ਚਾਹੁੰਦਾ ਕਿ ਇਸਰਾਏਲੀ ਸੋਚਣ ਭਈ ਉਨ੍ਹਾਂ ਨੇ ਆਪਣੇ ਬਲ ਨਾਲ ਮਿਦਯਾਨੀਆਂ ਨੂੰ ਹਰਾਇਆ ਸੀ।

11:30, 31—ਜਦੋਂ ਯਿਫ਼ਤਾਹ ਨੇ ਸੁੱਖਣਾ ਸੁੱਖੀ ਸੀ, ਤਾਂ ਕੀ ਉਹ ਕਿਸੇ ਇਨਸਾਨ ਦੀ ਜਾਨ ਬਲੀ ਵਜੋਂ ਦੇਣ ਬਾਰ ਸੋਚ ਰਿਹਾ ਸੀ? ਯਿਫ਼ਤਾਹ ਇਸ ਤਰ੍ਹਾਂ ਕਦੇ ਸੋਚ ਵੀ ਨਹੀਂ ਸਕਦਾ ਸੀ ਕਿਉਂਕਿ ਬਿਵਸਥਾ ਵਿਚ ਸਾਫ਼ ਲਿਖਿਆ ਗਿਆ ਸੀ ਕਿ “ਤੁਹਾਡੇ ਵਿੱਚ ਕੋਈ ਨਾ ਪਾਇਆ ਜਾਵੇ ਜਿਹੜਾ ਆਪਣੇ ਪੁੱਤ੍ਰ ਯਾ ਆਪਣੀ ਧੀ ਨੂੰ ਅੱਗ ਦੇ ਵਿੱਚ ਦੀ ਲੰਘਾਵੇ।” (ਬਿਵਸਥਾ ਸਾਰ 18:10) ਲੇਕਿਨ ਜਦ ਯਿਫ਼ਤਾਹ ਨੇ ਸੁੱਖਣਾ ਸੁੱਖੀ ਤਾਂ ਉਹ ਇਕ ਪਸ਼ੂ ਬਾਰੇ ਨਹੀਂ, ਸਗੋਂ ਇਕ ਇਨਸਾਨ ਬਾਰੇ ਸੋਚ ਰਿਹਾ ਸੀ। ਬਲੀਆਂ ਚੜ੍ਹਾਉਣ ਲਈ ਪਸ਼ੂ ਇਸਰਾਏਲੀਆਂ ਦੇ ਘਰਾਂ ਵਿਚ ਨਹੀਂ ਰੱਖੇ ਜਾਂਦੇ ਸਨ। ਨਾਲੇ, ਪਸ਼ੂ ਚੜ੍ਹਾਉਣ ਬਾਰੇ ਯਿਫ਼ਤਾਹ ਨੂੰ ਕੋਈ ਸੁੱਖਣਾ ਸੁੱਖਣ ਦੀ ਲੋੜ ਨਹੀਂ ਸੀ। ਉਸ ਨੂੰ ਪਤਾ ਸੀ ਕਿ ਉਸ ਦੇ ਘਰ ਦੇ ਬੂਹੇ ਤੋਂ ਉਸ ਨੂੰ ਪਹਿਲਾਂ ਮਿਲਣ ਵਾਲੀ ਸ਼ਾਇਦ ਉਸ ਦੀ ਆਪਣੀ ਧੀ ਵੀ ਹੋ ਸਕਦੀ ਸੀ। ਉਸ ਦੀ ਧੀ ਇਸ ਭਾਵ ਵਿਚ ‘ਹੋਮ ਦੀ ਬਲੀ ਚੜ੍ਹਾਈ ਗਈ’ ਕਿ ਉਸ ਨੇ ਹੁਣ ਸਾਰੀ ਉਮਰ ਪਵਿੱਤਰ ਹੈਕਲ ਵਿਚ ਯਹੋਵਾਹ ਦੀ ਸੇਵਾ ਕਰਨੀ ਸੀ।

ਸਾਡੇ ਲਈ ਸਬਕ:

3:10. ਸਾਨੂੰ ਰੂਹਾਨੀ ਕੰਮਾਂ-ਕਾਰਾਂ ਵਿਚ ਤਰੱਕੀ ਲਈ ਇਨਸਾਨੀ ਬੁੱਧ ਉੱਤੇ ਨਹੀਂ ਸਗੋਂ ਯਹੋਵਾਹ ਦੀ ਆਤਮਾ ਉੱਤੇ ਭਰੋਸਾ ਰੱਖਣਾ ਚਾਹੀਦਾ ਹੈ।​—ਜ਼ਬੂਰਾਂ ਦੀ ਪੋਥੀ 127:1.

3:21. ਏਹੂਦ ਨੇ ਕਾਰੀਗਰੀ ਤੇ ਬਹਾਦਰੀ ਨਾਲ ਆਪਣੀ ਤਲਵਾਰ ਚਲਾਈ ਸੀ। ਸਾਨੂੰ ਵੀ ਬੜੀ ਕਾਰੀਗਰੀ ਤੇ ਬਹਾਦਰੀ ਨਾਲ ਇਹ “ਆਤਮਾ ਦੀ ਤਲਵਾਰ ਜੋ ਪਰਮੇਸ਼ੁਰ ਦੀ ਬਾਣੀ ਹੈ” ਚਲਾਉਣੀ ਚਾਹੀਦੀ ਹੈ। ਇਸ ਦਾ ਮਤਲਬ ਇਹ ਹੈ ਕਿ ਸਾਨੂੰ ਆਪਣੇ ਪ੍ਰਚਾਰ ਵਿਚ ਨਿਡਰਤਾ ਨਾਲ ਬਾਈਬਲ ਵਰਤਣੀ ਚਾਹੀਦੀ ਹੈ।​—ਅਫ਼ਸੀਆਂ 6:17; 2 ਤਿਮੋਥਿਉਸ 2:15.

6:11-15; 8:1-3, 22, 23. ਅਸੀਂ ਗਿਦਾਊਨ ਦੀ ਨਿਮਰਤਾ ਤੋਂ ਤਿੰਨ ਵਧੀਆ ਸਬਕ ਸਿੱਖ ਸਕਦੇ ਹਾਂ: (1) ਜਦੋਂ ਸਾਨੂੰ ਰੱਬ ਦੀ ਸੇਵਾ ਵਿਚ ਕੋਈ ਕੰਮ ਦਿੱਤਾ ਜਾਂਦਾ ਹੈ ਤਾਂ ਸਾਨੂੰ ਘਮੰਡੀ ਬਣਨ ਦੀ ਬਜਾਇ ਆਪਣੀ ਜ਼ਿੰਮੇਵਾਰੀ ਉੱਤੇ ਗੌਰ ਕਰਨਾ ਚਾਹੀਦਾ ਹੈ। (2) ਝਗੜਾਲੂ ਬੰਦਿਆਂ ਨਾਲ ਪੇਸ਼ ਆਉਂਦੇ ਵਕਤ ਹਲੀਮੀ ਦਿਖਾਉਣੀ ਸਭ ਤੋਂ ਸਿਆਣੀ ਗੱਲ ਹੋਵੇਗੀ। (3) ਹਲੀਮੀ ਦੇ ਗੁਣ ਕਾਰਨ ਹੀ ਅਸੀਂ ਆਪਣੇ ਆਪ ਨੂੰ ਉੱਚੀ ਪੋਜ਼ੀਸ਼ਨ ਤੇ ਦੇਖਣ ਦੇ ਸੁਪਨੇ ਛੱਡ ਦਿੰਦੇ ਹਾਂ।

6:17-22, 36-40. ਬਾਈਬਲ ਵਿਚ ਸਾਨੂੰ ਸਾਵਧਾਨ ਕੀਤਾ ਗਿਆ ਹੈ ਕਿ ਹਰ ਕਹੀ ਗੱਲ ਉੱਤੇ ਵਿਸ਼ਵਾਸ ਕਰਨ ਦੀ ਬਜਾਇ, ਸਾਨੂੰ ਪਰਖ ਕੇ ਦੇਖਣਾ ਚਾਹੀਦਾ ਹੈ ਕਿ ਕੀ ਇਹ ਪਰਮੇਸ਼ੁਰ ਤੋਂ ਹੈ ਜਾਂ ਨਹੀਂ। (1 ਯੂਹੰਨਾ 4:1) ਨਵੇਂ ਬਜ਼ੁਰਗ ਨੂੰ ਕਿਸੇ ਨੂੰ ਸਲਾਹ-ਮਸ਼ਵਰਾ ਦੇਣ ਤੋਂ ਪਹਿਲਾਂ ਇਕ ਤਜਰਬੇਕਾਰ ਬਜ਼ੁਰਗ ਤੋਂ ਸਲਾਹ ਲੈਣੀ ਚਾਹੀਦੀ ਹੈ। ਇਹ ਹੀ ਅਕਲਮੰਦੀ ਦੀ ਗੱਲ ਹੈ।

6:25-27. ਗਿਦਾਊਨ ਨੇ ਆਪਣੇ ਵਿਰੋਧੀਆਂ ਨੂੰ ਬੇਵਜ੍ਹਾ ਗੁੱਸੇ ਨਾ ਕਰ ਕੇ ਸਮਝਦਾਰੀ ਦਿਖਾਈ। ਆਪਣੇ ਪ੍ਰਚਾਰ ਦੇ ਕੰਮ ਵਿਚ ਸਾਨੂੰ ਵੀ ਸਮਝਦਾਰੀ ਵਰਤ ਕੇ ਲੋਕਾਂ ਨੂੰ ਬਿਨਾਂ ਕਾਰਨ ਖਿਝਾਉਣਾ ਨਹੀਂ ਚਾਹੀਦਾ ਹੈ।

7:6. ਯਹੋਵਾਹ ਦੀ ਸੇਵਾ ਵਿਚ ਸਾਨੂੰ ਗਿਦਾਊਨ ਦੇ 300 ਬੰਦਿਆਂ ਵਾਂਗ ਚੌਕਸ ਤੇ ਖ਼ਬਰਦਾਰ ਰਹਿਣਾ ਚਾਹੀਦਾ ਹੈ।

9:8-15. ਯਹੋਵਾਹ ਦੀ ਸੰਸਥਾ ਵਿਚ ਪੋਜ਼ੀਸ਼ਨ ਲਈ ਅਭਿਲਾਸ਼ੀ ਹੋਣਾ ਕਿੰਨੀ ਬੇਵਕੂਫ਼ੀ ਦੀ ਗੱਲ ਹੈ!

11:35-37. ਕੋਈ ਸ਼ੱਕ ਨਹੀਂ ਹੈ ਕਿ ਯਿਫ਼ਤਾਹ ਦੀ ਚੰਗੀ ਮਿਸਾਲ ਕਾਰਨ ਹੀ ਉਸ ਦੀ ਧੀ ਦੀ ਨਿਹਚਾ ਮਜ਼ਬੂਤ ਸੀ ਤੇ ਉਹ ਆਪਣੀ ਮਰਜ਼ੀ ਕਰਨ ਦੀ ਬਜਾਇ ਯਹੋਵਾਹ ਦੀ ਸੇਵਾ ਨੂੰ ਪਹਿਲ ਦੇਣ ਲਈ ਤਿਆਰ ਸੀ। ਅੱਜ-ਕੱਲ੍ਹ ਮਾਪੇ ਵੀ ਆਪਣੇ ਬੱਚਿਆਂ ਲਈ ਇਸੇ ਤਰ੍ਹਾਂ ਦੀ ਮਿਸਾਲ ਕਾਇਮ ਕਰ ਸਕਦੇ ਹਨ।

11:40. ਯਹੋਵਾਹ ਦੀ ਸੇਵਾ ਕਰ ਰਹੇ ਭੈਣ ਜਾਂ ਭਰਾ ਨੂੰ ਦਿਲੋਂ ਸ਼ਾਬਾਸ਼ ਦੇਣ ਨਾਲ ਉਨ੍ਹਾਂ ਦਾ ਹੌਸਲਾ ਵਧਦਾ ਹੈ।

13:8. ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਿੱਖਿਆ ਦੇਣ ਦੇ ਮਾਮਲੇ ਵਿਚ ਪ੍ਰਾਰਥਨਾ ਰਾਹੀਂ ਯਹੋਵਾਹ ਤੋਂ ਮਦਦ ਮੰਗਣੀ ਚਾਹੀਦੀ ਹੈ ਅਤੇ ਇਸ ਤੋਂ ਬਾਅਦ ਉਸ ਦੇ ਨਿਰਦੇਸ਼ਨ ਅਨੁਸਾਰ ਚੱਲਣਾ ਚਾਹੀਦਾ ਹੈ।​—2 ਤਿਮੋਥਿਉਸ 3:16.

14:16, 17; 16:16. ਜੇ ਅਸੀਂ ਆਪਣਾ ਉੱਲੂ ਸਿੱਧਾ ਰੱਖਣ ਲਈ ਕਿਸੇ ਉੱਤੇ ਦਬਾਅ ਪਾਈ ਜਾਈਏ ਤਾਂ ਸਾਡਾ ਉਨ੍ਹਾਂ ਨਾਲ ਰਿਸ਼ਤਾ ਵਿਗੜ ਸਕਦਾ ਹੈ।​—ਕਹਾਉਤਾਂ 19:13; 21:19.

ਇਸਰਾਏਲ ਵਿਚ ਦੂਜੇ ਅਪਰਾਧ

(ਨਿਆਈਆਂ 17:1–21:25)

ਨਿਆਈਆਂ ਦੀ ਕਿਤਾਬ ਦੇ ਅਖ਼ੀਰਲੇ ਹਿੱਸੇ ਵਿਚ ਦੋ ਖ਼ਾਸ ਬਿਰਤਾਂਤ ਪਾਏ ਜਾਂਦੇ ਹਨ। ਪਹਿਲੇ ਵਿਚ ਮੀਕਾਹ ਨਾਂ ਦੇ ਮਨੁੱਖ ਨੇ ਆਪਣੇ ਘਰ ਵਿਚ ਇਕ ਮੂਰਤ ਰੱਖੀ ਅਤੇ ਨਾਲ ਹੀ ਉਸ ਨੇ ਲੇਵੀਆਂ ਦੇ ਗੋਤ ਵਿੱਚੋਂ ਇਕ ਆਦਮੀ ਨੂੰ ਜਾਜਕ ਵਜੋਂ ਰੱਖਿਆ। ਲਾਇਸ਼, ਜਾਂ ਲਸ਼ਮ ਨਾਂ ਦੇ ਸ਼ਹਿਰ ਨੂੰ ਨਾਸ਼ ਕਰਨ ਤੋਂ ਬਾਅਦ ਦਾਨੀਆਂ ਦੇ ਕਬੀਲੇ ਨੇ ਆਪਣਾ ਸ਼ਹਿਰ ਬਣਾਇਆ ਤੇ ਉਸ ਦਾ ਨਾਂ ਦਾਨ ਰੱਖਿਆ। ਉਨ੍ਹਾਂ ਨੇ ਮੀਕਾਹ ਦੇ ਘਰ ਵਿਚ ਰੱਖੀ ਮੂਰਤ ਤੇ ਉਸ ਦੇ ਜਾਜਕ ਨੂੰ ਵਰਤ ਕੇ ਇਕ ਨਵਾਂ ਧਰਮ ਸ਼ੁਰੂ ਕੀਤਾ। ਇਸ ਤਰ੍ਹਾਂ ਲੱਗਦਾ ਹੈ ਕਿ ਲਾਇਸ਼ ਸ਼ਹਿਰ ਯਹੋਸ਼ੁਆ ਦੇ ਮਰਨ ਤੋਂ ਪਹਿਲਾਂ ਹੀ ਕਬਜ਼ੇ ਵਿਚ ਲੈ ਲਿਆ ਗਿਆ ਸੀ।​—ਯਹੋਸ਼ੁਆ 19:47.

ਦੂਜੀ ਘਟਨਾ ਯਹੋਸ਼ੁਆ ਦੀ ਮੌਤ ਤੋਂ ਜਲਦੀ ਹੀ ਬਾਅਦ ਵਾਪਰੀ। ਗਿਬਆਹ ਇਲਾਕੇ ਦੇ ਬਿਨਯਾਮੀਨ ਸ਼ਹਿਰ ਦੇ ਕੁਝ ਬੰਦਿਆਂ ਨੇ ਬਹੁਤ ਗੰਭੀਰ ਅਨੈਤਿਕ ਕੰਮ ਕੀਤਾ। ਇਸੇ ਕਰਕੇ ਬਿਨਯਾਮੀਨੀਆਂ ਵਿੱਚੋਂ ਸਿਰਫ਼ 600 ਬੰਦੇ ਬਚੇ ਅਤੇ ਬਾਕੀ ਲਗਭਗ ਸਾਰਾ ਕਬੀਲਾ ਨਾਸ਼ ਹੋ ਗਿਆ। ਲੇਕਿਨ ਇਕ ਪ੍ਰਬੰਧ ਦੁਆਰਾ ਇਨ੍ਹਾਂ ਨੂੰ ਪਤਨੀਆਂ ਮਿਲੀਆਂ ਜਿਸ ਕਰਕੇ ਦਾਊਦ ਦੀ ਬਾਦਸ਼ਾਹੀ ਤਕ ਇਨ੍ਹਾਂ ਦੀ ਗਿਣਤੀ ਤਕਰੀਬਨ 60,000 ਯੋਧਿਆਂ ਤਕ ਵੱਧ ਗਈ।​—1 ਇਤਹਾਸ 7:6-11.

ਕੁਝ ਸਵਾਲਾਂ ਦੇ ਜਵਾਬ:

17:6; 21:25—ਕਿਉਂਕਿ ‘ਸੱਭੇ ਮਨੁੱਖ ਉਹੀ ਕਰਦੇ ਸਨ ਜੋ ਕੁਝ ਉਨ੍ਹਾਂ ਨੂੰ ਚੰਗਾ ਲੱਗਦਾ ਸੀ,’ ਕੀ ਇਸ ਨੂੰ ਇਕ ਤਰ੍ਹਾਂ ਦੀ ਬਗਾਵਤ ਸਮਝਿਆ ਜਾਣਾ ਚਾਹੀਦਾ ਹੈ? ਇਹ ਜ਼ਰੂਰੀ ਨਹੀਂ ਕਿ ਇਹ ਸਥਿਤੀ ਬਗਾਵਤ ਦੇ ਸਮਾਨ ਸੀ ਕਿਉਂਕਿ ਯਹੋਵਾਹ ਨੇ ਆਪਣੇ ਲੋਕਾਂ ਨੂੰ ਸੇਧ ਦੇਣ ਲਈ ਕਈ ਪ੍ਰਬੰਧ ਕੀਤੇ ਸਨ। ਉਸ ਨੇ ਉਨ੍ਹਾਂ ਨੂੰ ਸਿੱਖਿਆ ਦੇਣ ਲਈ ਬਿਵਸਥਾ ਤੇ ਜਾਜਕਾਈ ਦਾ ਪ੍ਰਬੰਧ ਕੀਤਾ ਸੀ। ਇਸਰਾਏਲੀ ਪ੍ਰਧਾਨ ਜਾਜਕ ਊਰੀਮ ਅਰ ਤੁੰਮੀਮ ਦੇ ਜ਼ਰੀਏ ਮੁੱਖ ਗੱਲਾਂ ਬਾਰੇ ਪਰਮੇਸ਼ੁਰ ਤੋਂ ਸਲਾਹ ਲੈ ਸਕਦੇ ਸਨ। (ਕੂਚ 28:30) ਹਰ ਸ਼ਹਿਰ ਵਿਚ ਬਜ਼ੁਰਗ ਵੀ ਸਨ ਜੋ ਚੰਗੀ ਸਲਾਹ ਦੇਣ ਦੇ ਕਾਬਲ ਸਨ। ਜਦੋਂ ਇਸਰਾਏਲੀ ਲੋਕ ਇਨ੍ਹਾਂ ਪ੍ਰਬੰਧਾਂ ਤੋਂ ਲਾਭ ਉਠਾਉਂਦੇ ਸਨ ਤਾਂ ਉਹ ਆਪਣੀ ਜ਼ਮੀਰ ਅਨੁਸਾਰ ਚੰਗੇ ਫ਼ੈਸਲੇ ਕਰਦੇ ਸਨ। ਫਿਰ ਇਸ ਵਿਚ ਭਲਾ ਹੀ ਹੁੰਦਾ ਸੀ ਜਦੋਂ ‘ਸੱਭੇ ਮਨੁੱਖ ਉਹੀ ਕਰਦੇ ਸਨ ਜੋ ਕੁਝ ਉਨ੍ਹਾਂ ਨੂੰ ਚੰਗਾ ਲੱਗਦਾ ਸੀ।’ ਦੂਸਰੇ ਪਾਸੇ, ਜਦੋਂ ਆਦਮੀ ਬਿਵਸਥਾ ਦੀ ਕੋਈ ਪਰਵਾਹ ਨਹੀਂ ਕਰਦਾ ਸੀ ਤੇ ਖ਼ੁਦ ਆਪਣੇ ਚਾਲ-ਚੱਲਣ ਤੇ ਉਪਾਸਨਾ ਕਰਨ ਤੇ ਤਰੀਕਿਆਂ ਬਾਰੇ ਫ਼ੈਸਲੇ ਕਰਨਾ ਚਾਹੁੰਦਾ ਸੀ ਤਾਂ ਨਤੀਜੇ ਹਮੇਸ਼ਾ ਬੁਰੇ ਨਿਕਲਦੇ ਸਨ।

20:17-48—ਯਹੋਵਾਹ ਨੇ ਬਿਨਯਾਮੀਨ ਦੇ ਕਬੀਲੇ ਨੂੰ ਕਿਉਂ ਦੋ ਵਾਰ ਦੂਸਰੇ ਕਬੀਲਿਆਂ ਨੂੰ ਹਰਾ ਲੈਣ ਦਿੱਤਾ ਭਾਵੇਂ ਕਿ ਇਨ੍ਹਾਂ ਨੂੰ ਆਪ ਸਜ਼ਾ ਮਿਲਣੀ ਚਾਹੀਦੀ ਸੀ? ਯਹੋਵਾਹ ਨੇ ਦੂਸਰੇ ਵਫ਼ਾਦਾਰ ਕਬੀਲਿਆਂ ਉੱਤੇ ਇਸ ਲਈ ਵੱਡੀਆਂ ਅਜ਼ਮਾਇਸ਼ਾਂ ਆਉਣ ਦਿੱਤੀਆਂ ਕਿਉਂਕਿ ਇਸ ਜ਼ਰੀਏ ਉਹ ਉਨ੍ਹਾਂ ਨੂੰ ਪਰਖ ਸਕਦਾ ਸੀ। ਉਹ ਜਾਣਨਾ ਚਾਹੁੰਦੇ ਸੀ ਕਿ ਕੀ ਉਹ ਸੱਚ-ਮੱਚ ਇਸਰਾਏਲ ਵਿੱਚੋਂ ਦੁਸ਼ਟਤਾ ਜੜ੍ਹੋਂ ਉਖਾੜਨੀ ਚਾਹੁੰਦੇ ਸਨ।

ਸਾਡੇ ਲਈ ਸਬਕ:

19:14, 15. ਗਿਬਆਹ ਦੇ ਲੋਕ ਦੂਸਰਿਆਂ ਦੀ ਪਰਾਹੁਣਚਾਰੀ ਕਰਨ ਲਈ ਬਿਲਕੁਲ ਤਿਆਰ ਨਹੀਂ ਸਨ। ਇਸ ਗੱਲ ਤੋਂ ਪਤਾ ਚੱਲਦਾ ਹੈ ਕਿ ਉਹ ਕਿੰਨੇ ਸੁਆਰਥੀ ਤੇ ਗਿਰੇ ਹੋਏ ਸਨ। ਮਸੀਹੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ “ਪਰਾਹੁਣਚਾਰੀ ਪੁੱਜ ਕੇ ਕਰੋ।”​—ਰੋਮੀਆਂ 12:13.

ਅਗਾਹਾਂ ਨੂੰ ਬਚਾਅ

ਹੁਣ ਜਲਦੀ ਹੀ ਯਿਸੂ ਮਸੀਹ ਦੇ ਦੁਆਰਾ ਪਰਮੇਸ਼ੁਰ ਦਾ ਰਾਜ ਇਸ ਦੁਸ਼ਟ ਦੁਨੀਆਂ ਨੂੰ ਖ਼ਤਮ ਕਰ ਦੇਵੇਗਾ ਪਰ ਸਚਿਆਰੇ ਬਚਾਏ ਜਾਣਗੇ। (ਕਹਾਉਤਾਂ 2:21, 22; ਦਾਨੀਏਲ 2:44) ‘ਫਿਰ ਯਹੋਵਾਹ ਦੇ ਸਾਰੇ ਵੈਰੀ ਨਾਸ ਹੋ ਜਾਣਗੇ ਤੇ ਉਸ ਦੇ ਪ੍ਰੇਮੀ ਸੂਰਜ ਵਾਂਗਰ ਹੋਣਗੇ ਜਦ ਉਹ ਆਪਣੇ ਬਲ ਨਾਲ ਚੜ੍ਹਦਾ ਹੈ।’ (ਨਿਆਈਆਂ 5:31) ਆਓ ਆਪਾਂ ਵੀ ਨਿਆਈਆਂ ਦੀ ਕਿਤਾਬ ਵਿੱਚੋਂ ਸਿੱਖੀਆਂ ਗੱਲਾਂ ਲਾਗੂ ਕਰ ਕੇ ਸਾਬਤ ਕਰੀਏ ਕਿ ਅਸੀਂ ਵੀ ਯਹੋਵਾਹ ਦੇ ਪ੍ਰੇਮੀ ਹਾਂ।

ਵਾਰ-ਵਾਰ ਨਿਆਈਆਂ ਦੇ ਬਿਰਤਾਂਤਾਂ ਤੋਂ ਇਹੀ ਸਬਕ ਮਿਲਦਾ ਹੈ: ਯਹੋਵਾਹ ਦੇ ਹੁਕਮਾਂ ਨੂੰ ਸੁਣਨ ਨਾਲ ਸਾਨੂੰ ਬਰਕਤਾਂ ਹੀ ਬਰਕਤਾਂ ਮਿਲਦੀਆਂ ਹਨ, ਲੇਕਿਨ ਨਾ ਮੰਨਣ ਦੇ ਨਤੀਜੇ ਬਹੁਤ ਗੰਭੀਰ ਹੋਣਗੇ। (ਬਿਵਸਥਾ ਸਾਰ 11:26-28) ਇਹ ਕਿੰਨਾ ਜ਼ਰੂਰੀ ਹੈ ਕਿ ਅਸੀਂ ਆਪਣੇ ਦਿਲੋਂ ਜਾਂ ‘ਮਨੋਂ ਉਹ ਦੇ ਆਗਿਆਕਾਰ’ ਰਹਿ ਕੇ ਉਸ ਦੀ ਪ੍ਰਗਟ ਕੀਤੀ ਹੋਈ ਇੱਛਾ ਉੱਤੇ ਚਲੀਏ।​—ਰੋਮੀਆਂ 6:17; 1 ਯੂਹੰਨਾ 2:17.

[ਫੁਟਨੋਟ]

^ ਪੈਰਾ 5 ਲੇਵੀ ਦੇ ਕਬੀਲੇ ਨੂੰ ਵਾਅਦਾ ਕੀਤੇ ਹੋਏ ਦੇਸ਼ ਵਿਚ 48 ਸ਼ਹਿਰਾਂ ਤੋਂ ਸਿਵਾਇ ਹੋਰ ਕੋਈ ਮਲਕੀਅਤ ਨਹੀਂ ਦਿੱਤੀ ਗਈ ਸੀ। ਉਨ੍ਹਾਂ ਦੇ ਸ਼ਹਿਰ ਸਾਰੇ ਇਸਰਾਏਲ ਵਿਚ ਥਾਂ-ਥਾਂ ਖਿੰਡਰੇ ਹੋਏ ਸਨ।

[ਸਫ਼ੇ 25 ਉੱਤੇ ਨਕਸ਼ਾ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

‘ਯਹੋਵਾਹ ਨੇ ਨਿਆਈਆਂ ਨੂੰ ਠਹਿਰਾਇਆ ਜਿਨ੍ਹਾਂ ਨੇ ਲੁਟੇਰਿਆਂ ਦੇ ਹੱਥੋਂ ਉਨ੍ਹਾਂ ਨੂੰ ਛੁਡਾਇਆ।’​—ਨਿਆਈਆਂ 2:16.

ਨਿਆਈਂ

1. ਆਥਨੀਏਲ (ਮਨੱਸਹ)

2. ਏਹੂਦ (ਯਹੂਦਾਹ)

3. ਸ਼ਮਗਰ (ਯਹੂਦਾਹ)

4. ਬਾਰਾਕ (ਨਫਤਾਲੀ)

5. ਗਿਦਾਊਨ (ਯਿੱਸਾਕਾਰ)

6. ਤੋਲਾ (ਮਨੱਸਹ)

7. ਯਾਈਰ (ਮਨੱਸਹ)

8. ਯਿਫਤਾ (ਗਾਦ)

9. ਇਬਸਾਨ (ਆਸ਼ੇਰ)

10. ਏਲੋਨ (ਜਬੂਲੁਨ)

11. ਅਬਦੋਨ (ਬਿਨਯਾਮੀਨ)

12. ਸਮਸੂਨ (ਯਹੂਦਾਹ)

ਦਾਨ

ਮਨੱਸਹ

ਨਫਤਾਲੀ

ਆਸ਼ੇਰ

ਜਬੂਲੁਨ

ਯਿੱਸਾਕਾਰ

ਮਨੱਸਹ

ਗਾਦ

ਇਫ਼ਰਾਈਮ

ਦਾਨ

ਬਿਨਯਾਮੀਨ

ਰਊਬੇਨ

ਯਹੂਦਾਹ

[ਸਫ਼ੇ 26 ਉੱਤੇ ਤਸਵੀਰ]

ਅਸੀਂ ਇਸ ਗੱਲ ਤੋਂ ਕੀ ਸਬਕ ਸਿੱਖ ਸਕਦੇ ਹਾਂ ਕਿ ਬਾਰਾਕ ਨੇ ਦਬੋਰਾਹ ਨੂੰ ਯੁੱਧ ਵਿਚ ਆਪਣੇ ਨਾਲ ਲੈ ਜਾਣ ਲਈ ਮਜਬੂਰ ਕੀਤਾ?