Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਸਮਸੂਨ ਨੇ ਜਿਨ੍ਹਾਂ ਬੰਦਿਆਂ ਨੂੰ ਵੱਢਿਆ ਸੀ, ਉਨ੍ਹਾਂ ਦੀਆਂ ਲੋਥਾਂ ਨੂੰ ਹੱਥ ਲਾਉਣ ਦੇ ਬਾਵਜੂਦ ਉਹ ਨਜ਼ੀਰ ਕਿਵੇਂ ਰਹਿ ਸਕਦਾ ਸੀ?

ਪੁਰਾਣੇ ਜ਼ਮਾਨੇ ਵਿਚ ਇਸਰਾਏਲ ਵਿਚ ਕੋਈ ਵੀ ਆਪਣੀ ਇੱਛਾ ਨਾਲ ਇਕ ਨਿਸ਼ਚਿਤ ਸਮੇਂ ਲਈ ਨਜ਼ੀਰ ਦੀ ਸੁੱਖਣਾ ਸੁੱਖ ਸਕਦਾ ਸੀ। * ਨਜ਼ੀਰ ਦੀ ਸੁੱਖਣਾ ਸੁੱਖਣ ਵਾਲੇ ਵਿਅਕਤੀ ਤੇ ਕੁਝ ਪਾਬੰਦੀਆਂ ਲੱਗਦੀਆਂ ਸਨ ਜਿਨ੍ਹਾਂ ਵਿੱਚੋਂ ਇਕ ਇਹ ਸੀ: “ਉਸ ਦੇ ਯਹੋਵਾਹ ਲਈ ਅੱਡ ਹੋਣ ਦੇ ਸਾਰੇ ਦਿਨ ਉਹ ਕਿਸੇ ਲੋਥ ਉੱਤੇ ਨਾ ਜਾਵੇ। ਉਹ ਆਪਣੇ ਪਿਤਾ, ਮਾਤਾ, ਭਰਾ ਯਾ ਭੈਣ ਲਈ ਜਦ ਓਹ ਮਰ ਜਾਣ ਭਿੱਟਿਆ ਨਾ ਜਾਵੇ।” ਪਰ ਜੇ ਕੋਈ “ਉਸ ਦੇ ਕੋਲ ਅਚਾਣਕ ਮਰ” ਜਾਂਦਾ ਸੀ, ਤਾਂ ਕੀ ਹੁੰਦਾ ਸੀ? ਅਜਿਹੀ ਹਾਲਤ ਵਿਚ ਲੋਥ ਨੂੰ ਛੋਹ ਲੈਣ ਤੇ ਉਸ ਦੇ ਨਜ਼ੀਰ ਰਹਿਣ ਦੀ ਸੁੱਖਣਾ ਭੰਗ ਹੋ ਜਾਂਦੀ ਸੀ। ਇਸ ਲਈ ਇਹ ਕਿਹਾ ਗਿਆ ਸੀ: “ਉਸ ਦੇ ਪਿੱਛਲੇ ਦਿਨ ਅਕਾਰਥ ਗਏ।” ਉਸ ਨੂੰ ਪਰਮੇਸ਼ੁਰ ਦੇ ਦੱਸੇ ਤਰੀਕੇ ਅਨੁਸਾਰ ਆਪਣੇ ਆਪ ਨੂੰ ਸ਼ੁੱਧ ਕਰਨਾ ਪੈਂਦਾ ਸੀ ਤੇ ਨਜ਼ੀਰ ਦੇ ਤੌਰ ਤੇ ਉਸ ਦੀ ਸੇਵਾ ਦੇ ਦਿਨ ਨਵੇਂ ਸਿਰਿਓਂ ਗਿਣੇ ਜਾਂਦੇ ਸਨ।—ਗਿਣਤੀ 6:6-12.

ਪਰ ਸਮਸੂਨ ਦੀ ਗੱਲ ਵੱਖਰੀ ਸੀ। ਸਮਸੂਨ ਦੇ ਪੈਦਾ ਹੋਣ ਤੋਂ ਪਹਿਲਾਂ ਯਹੋਵਾਹ ਦੇ ਦੂਤ ਨੇ ਉਸ ਦੀ ਮਾਂ ਨੂੰ ਦੱਸਿਆ ਸੀ: “ਵੇਖ, ਤੂੰ ਗਰਭਣੀ ਹੋਵੇਂਗੀ ਅਤੇ ਪੁੱਤ੍ਰ ਜਣੇਗੀ। ਉਹ ਦੇ ਸਿਰ ਉੱਤੇ ਉਸਤਰਾ ਕਦੇ ਨਾ ਲੱਗੇ ਇਸ ਲਈ ਜੋ ਉਹ ਮੁੰਡਾ ਗਰਭ ਤੋਂ ਹੀ ਪਰਮੇਸ਼ੁਰ ਦਾ ਨਜ਼ੀਰ ਹੋਵੇਗਾ ਅਤੇ ਉਹ ਫ਼ਲਿਸਤੀਆਂ ਦੇ ਹੱਥੋਂ ਇਸਰਾਏਲੀਆਂ ਦਾ ਬਚਾਓ ਕਰਨ ਲੱਗੇਗਾ।” (ਨਿਆਈਆਂ 13:5) ਸਮਸੂਨ ਨੇ ਨਜ਼ੀਰ ਹੋਣ ਦੀ ਸੁੱਖਣਾ ਨਹੀਂ ਸੁੱਖੀ ਸੀ, ਸਗੋਂ ਪਰਮੇਸ਼ੁਰ ਨੇ ਉਸ ਨੂੰ ਉਮਰ ਭਰ ਲਈ ਨਜ਼ੀਰ ਬਣਾਇਆ ਸੀ। ਇਸ ਲਈ ਲੋਥ ਨੂੰ ਨਾ ਛੋਹਣ ਦੀ ਪਾਬੰਦੀ ਉਸ ਉੱਤੇ ਲਾਗੂ ਨਹੀਂ ਹੋ ਸਕਦੀ ਸੀ। ਜੇ ਇਹ ਪਾਬੰਦੀ ਲਾਗੂ ਹੁੰਦੀ ਤੇ ਅਣਜਾਣੇ ਵਿਚ ਉਹ ਕਿਸੇ ਲੋਥ ਨੂੰ ਹੱਥ ਲਾ ਦਿੰਦਾ, ਤਾਂ ਨਜ਼ੀਰ ਦੇ ਤੌਰ ਤੇ ਉਸ ਦੀ ਸੇਵਾ ਦੇ ਦਿਨਾਂ ਨੂੰ ਨਵੇਂ ਸਿਰਿਓਂ ਨਹੀਂ ਗਿਣਿਆ ਜਾ ਸਕਦਾ ਸੀ ਕਿਉਂਕਿ ਉਸ ਨੇ ਤਾਂ ਉਮਰ ਭਰ ਨਜ਼ੀਰ ਰਹਿਣਾ ਸੀ। ਇਸ ਲਈ ਉਮਰ ਭਰ ਲਈ ਨਜ਼ੀਰ ਰਹਿਣ ਵਾਲਿਆਂ ਉੱਤੇ ਲੱਗੀਆਂ ਪਾਬੰਦੀਆਂ ਉਨ੍ਹਾਂ ਵਿਅਕਤੀਆਂ ਉੱਤੇ ਲੱਗੀਆਂ ਪਾਬੰਦੀਆਂ ਨਾਲੋਂ ਵੱਖਰੀਆਂ ਸਨ ਜੋ ਆਪਣੀ ਇੱਛਾ ਨਾਲ ਨਿਸ਼ਚਿਤ ਸਮੇਂ ਲਈ ਨਜ਼ੀਰ ਬਣਦੇ ਸਨ।

ਸਮਸੂਨ, ਸਮੂਏਲ ਅਤੇ ਯੂਹੰਨਾ ਬਪਤਿਸਮਾ ਦੇਣ ਵਾਲਾ ਅਜਿਹੇ ਤਿੰਨ ਵਿਅਕਤੀ ਸਨ ਜਿਹੜੇ ਉਮਰ ਭਰ ਲਈ ਨਜ਼ੀਰ ਸਨ। ਉਨ੍ਹਾਂ ਨੂੰ ਯਹੋਵਾਹ ਵੱਲੋਂ ਦਿੱਤੇ ਗਏ ਹੁਕਮਾਂ ਉੱਤੇ ਵਿਚਾਰ ਕਰੋ ਜੋ ਬਾਈਬਲ ਵਿਚ ਦਰਜ ਹਨ। ਜਿਵੇਂ ਅਸੀਂ ਪਹਿਲਾਂ ਦੇਖ ਚੁੱਕੇ ਹਾਂ, ਸਮਸੂਨ ਨੇ ਆਪਣੇ ਸਿਰ ਦੇ ਵਾਲ ਨਹੀਂ ਕਟਵਾਉਣੇ ਸਨ। ਸਮੂਏਲ ਦੀ ਮਾਂ ਹੰਨਾਹ ਨੇ ਇਕ ਮੁੰਡੇ ਲਈ ਬੇਨਤੀ ਕਰਦੇ ਹੋਏ ਇਹ ਸੁੱਖਣਾ ਸੁੱਖੀ ਸੀ: “ਮੈਂ ਉਹ [ਪੁੱਤਰ] ਯਹੋਵਾਹ ਨੂੰ ਜਿੰਨਾ ਚਿਰ ਉਹ ਜੀਉਂਦਾ ਰਹੇ ਦੇ ਦਿਆਂਗੀ ਅਤੇ ਉਹ ਦੇ ਸਿਰ ਉੱਤੇ ਉਸਤਰਾ ਕਦੀ ਨਾ ਫਿਰੇਗਾ।” (1 ਸਮੂਏਲ 1:11) ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਸੰਬੰਧ ਵਿਚ ਯਹੋਵਾਹ ਦੇ ਦੂਤ ਨੇ ਕਿਹਾ ਸੀ: ‘ਉਹ ਨਾ ਮੈ ਨਾ ਮਧ ਪੀਵੇਗਾ।’ (ਲੂਕਾ 1:15) ਇਸ ਤੋਂ ਇਲਾਵਾ, “ਯੂਹੰਨਾ ਦੇ ਬਸਤਰ ਊਠ ਦੇ ਵਾਲਾਂ ਦੇ ਸਨ ਅਤੇ ਚੰਮ ਦੀ ਪੇਟੀ ਉਹ ਦੇ ਲੱਕ ਦੇ ਦੁਆਲੇ ਸੀ ਅਤੇ ਉਹ ਦਾ ਭੋਜਨ ਟਿੱਡੀਆਂ ਅਤੇ ਬਣ ਦਾ ਸ਼ਹਿਤ ਸੀ।” (ਮੱਤੀ 3:4) ਧਿਆਨ ਦਿਓ ਕਿ ਇਨ੍ਹਾਂ ਤਿੰਨਾਂ ਨੂੰ ਲੋਥ ਦੇ ਨੇੜੇ ਨਾ ਆਉਣ ਦਾ ਹੁਕਮ ਨਹੀਂ ਦਿੱਤਾ ਗਿਆ ਸੀ।

ਭਾਵੇਂ ਸਮਸੂਨ ਇਕ ਨਜ਼ੀਰ ਸੀ, ਫਿਰ ਵੀ ਯਹੋਵਾਹ ਨੇ ਇਸਰਾਏਲੀਆਂ ਨੂੰ ਲੁਟੇਰਿਆਂ ਹੱਥੋਂ ਬਚਾਉਣ ਲਈ ਉਸ ਨੂੰ ਨਿਆਂਕਾਰ ਬਣਾਇਆ ਸੀ। (ਨਿਆਈਆਂ 2:16) ਇਸ ਜ਼ਿੰਮੇਵਾਰੀ ਨੂੰ ਸੰਭਾਲਦੇ ਵੇਲੇ ਉਸ ਨੂੰ ਲੋਥਾਂ ਨੂੰ ਛੋਹਣਾ ਪਿਆ। ਇਕ ਵਾਰ ਸਮਸੂਨ ਨੇ 30 ਫਿਲਿਸਤੀਆਂ ਨੂੰ ਮਾਰ ਦਿੱਤਾ ਤੇ ਉਨ੍ਹਾਂ ਦੇ ਕੱਪੜੇ ਲਾਹ ਲਏ। ਬਾਅਦ ਵਿਚ ਉਸ ਨੇ ਦੁਸ਼ਮਣਾਂ ਨੂੰ ‘ਵੱਢ ਕੇ’ ਲੋਥਾਂ ਦੇ ਢੇਰ ਲਾ ਦਿੱਤੇ। ਉਸ ਨੇ ਇਕ ਖੋਤੇ ਦੀ ਹੱਡੀ ਨਾਲ ਇਕ ਹਜ਼ਾਰ ਬੰਦਿਆਂ ਨੂੰ ਵੀ ਮਾਰ ਮੁਕਾਇਆ ਸੀ। (ਨਿਆਈਆਂ 14:19; 15:8, 15) ਸਮਸੂਨ ਨੇ ਇਹ ਸਭ ਕੁਝ ਪਰਮੇਸ਼ੁਰ ਦੀ ਮਦਦ ਤੇ ਇਜਾਜ਼ਤ ਨਾਲ ਕੀਤਾ ਸੀ। ਬਾਈਬਲ ਵਿਚ ਉਸ ਨੂੰ ਯਹੋਵਾਹ ਦੇ ਵਫ਼ਾਦਾਰ ਸੇਵਕਾਂ ਵਿਚ ਗਿਣਿਆ ਜਾਂਦਾ ਹੈ।—ਇਬਰਾਨੀਆਂ 11:32; 12:1.

ਬਾਈਬਲ ਵਿਚ ਕਿਹਾ ਗਿਆ ਹੈ ਕਿ ਸਮਸੂਨ ਨੇ ਇਕ ਸ਼ੇਰ ਨੂੰ ਦੋ ਹਿੱਸਿਆਂ ਵਿਚ ਇਸ ਤਰ੍ਹਾਂ ਪਾੜਿਆ ਜਿਵੇਂ “ਪਠੋਰੇ ਨੂੰ ਪਾੜਦੇ ਹਨ।” ਕੀ ਇਸ ਦਾ ਇਹ ਮਤਲਬ ਹੈ ਕਿ ਉਸ ਦੇ ਦਿਨਾਂ ਵਿਚ ਪਠੋਰਿਆਂ ਜਾਂ ਲੇਲਿਆਂ ਨੂੰ ਇਸ ਤਰ੍ਹਾਂ ਪਾੜਨਾ ਆਮ ਸੀ?

ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਨਿਆਈਆਂ ਦੇ ਜ਼ਮਾਨੇ ਵਿਚ ਇਸਰਾਏਲ ਵਿਚ ਲੋਕ ਆਮ ਤੌਰ ਤੇ ਲੇਲਿਆਂ ਨੂੰ ਦੋ ਹਿੱਸਿਆਂ ਵਿਚ ਪਾੜਦੇ ਸਨ। ਨਿਆਈਆਂ 14:6 ਕਹਿੰਦਾ ਹੈ: “ਯਹੋਵਾਹ ਦਾ ਆਤਮਾ ਸਮਸੂਨ ਉੱਤੇ ਜ਼ੋਰ ਨਾਲ ਆਇਆ ਅਤੇ ਭਾਵੇਂ ਉਹ ਦੇ ਹੱਥ ਵਿੱਚ ਕੁਝ ਭੀ ਨਹੀਂ ਸੀ ਪਰ ਉਹ ਨੇ ਉਸ [ਸ਼ੇਰ] ਨੂੰ ਇਉਂ ਪਾੜਿਆ [“ਪਾੜ ਕੇ ਦੋ ਕਰ ਦਿੱਤਾ,” ਪਵਿੱਤਰ ਬਾਈਬਲ ਨਵਾਂ ਅਨੁਵਾਦ] ਜਿੱਕਰ ਪਠੋਰੇ ਨੂੰ ਪਾੜਦੇ ਹਨ।” ਇੱਥੇ ਲੇਲੇ ਨੂੰ ਦੋ ਹਿੱਸਿਆਂ ਵਿਚ ਪਾੜਨ ਦੀ ਗੱਲ ਸ਼ਾਇਦ ਇਕ ਉਦਾਹਰਣ ਵਜੋਂ ਇਸਤੇਮਾਲ ਕੀਤੀ ਗਈ ਹੈ।

ਇਸ ਆਇਤ ਵਿਚ “ਪਾੜ ਕੇ ਦੋ ਕਰ ਦਿੱਤਾ” ਸ਼ਬਦਾਂ ਦੇ ਦੋ ਮਤਲਬ ਹੋ ਸਕਦੇ ਹਨ। ਸਮਸੂਨ ਨੇ ਜਾਂ ਤਾਂ ਸ਼ੇਰ ਦੇ ਜਬਾੜ੍ਹੇ ਪਾੜ ਦਿੱਤੇ ਜਾਂ ਉਸ ਦੇ ਅੰਗ ਇਕ-ਦੂਜੇ ਤੋਂ ਵੱਖਰੇ ਕਰ ਦਿੱਤੇ। ਜੇ ਉਸ ਨੇ ਜਬਾੜ੍ਹੇ ਪਾੜੇ ਸਨ, ਤਾਂ ਇਸ ਤਰ੍ਹਾਂ ਲੇਲੇ ਨੂੰ ਪਾੜਨਾ ਆਦਮੀ ਲਈ ਮੁਮਕਿਨ ਹੈ। ਇਸ ਤੁਲਨਾ ਤੋਂ ਪਤਾ ਲੱਗਦਾ ਹੈ ਕਿ ਖਾਲੀ ਹੱਥਾਂ ਨਾਲ ਸ਼ੇਰ ਨਾਲ ਲੜਨਾ ਸਮਸੂਨ ਲਈ ਉੱਨਾ ਹੀ ਆਸਾਨ ਸੀ ਜਿੰਨਾ ਕਿ ਇਕ ਲੇਲੇ ਨਾਲ ਲੜਨਾ। ਪਰ ਜੇ ਉਸ ਨੇ ਉਸ ਦੇ ਅੰਗ ਇਕ ਦੂਸਰੇ ਤੋਂ ਵੱਖਰੇ ਕੀਤੇ ਸਨ, ਤਾਂ ਇਸ ਦਾ ਕੀ ਮਤਲਬ ਸੀ? ਇਹ ਗੱਲ ਸਿਰਫ਼ ਇਕ ਉਦਾਹਰਣ ਹੈ। ਇਸ ਉਦਾਹਰਣ ਦੇ ਰਾਹੀਂ ਦੱਸਿਆ ਗਿਆ ਹੈ ਕਿ ਯਹੋਵਾਹ ਦੀ ਆਤਮਾ ਨੇ ਸਮਸੂਨ ਨੂੰ ਅਜਿਹਾ ਕੰਮ ਕਰਨ ਦੀ ਤਾਕਤ ਦਿੱਤੀ ਜੋ ਆਮ ਬੰਦੇ ਲਈ ਨਾਮੁਮਕਿਨ ਸੀ। ਜੋ ਵੀ ਸੀ, ਨਿਆਈਆਂ 14:6 ਵਿਚ ਕੀਤੀ ਗਈ ਤੁਲਨਾ ਤੋਂ ਪਤਾ ਲੱਗਦਾ ਹੈ ਕਿ ਸਮਸੂਨ ਨੂੰ ਯਹੋਵਾਹ ਦੀ ਮਦਦ ਮਿਲਣ ਕਰਕੇ ਤਾਕਤਵਰ ਬੱਬਰ ਸ਼ੇਰ ਵੀ ਉਸ ਦੇ ਸਾਮ੍ਹਣੇ ਇਕ ਲੇਲਾ ਸਾਬਤ ਹੋਇਆ।

[ਫੁਟਨੋਟ]

^ ਪੈਰਾ 3 ਕੋਈ ਵਿਅਕਤੀ ਕਿੰਨੇ ਸਮੇਂ ਲਈ ਨਜ਼ੀਰ ਰਹੇਗਾ, ਇਸ ਦਾ ਫ਼ੈਸਲਾ ਉਸ ਉੱਤੇ ਛੱਡਿਆ ਜਾਂਦਾ ਸੀ। ਪਰ ਯਹੂਦੀ ਪਰੰਪਰਾ ਮੁਤਾਬਕ, ਇਸ ਦਾ ਘੱਟੋ-ਘੱਟ ਸਮਾਂ ਤੀਹ ਦਿਨ ਸੀ। ਇਹ ਸਮਝਿਆ ਜਾਂਦਾ ਸੀ ਕਿ ਇਸ ਤੋਂ ਘੱਟ ਸਮਾਂ ਹੋਣ ਨਾਲ ਲੋਕਾਂ ਵਿਚ ਇਸ ਸੁੱਖਣਾ ਦੀ ਕੋਈ ਕਦਰ ਨਹੀਂ ਰਹਿਣੀ ਸੀ।