Skip to content

Skip to table of contents

ਬੁਢਾਪਾ “ਸਜਾਵਟ ਦਾ ਮੁਕਟ” ਬਣ ਸਕਦਾ ਹੈ

ਬੁਢਾਪਾ “ਸਜਾਵਟ ਦਾ ਮੁਕਟ” ਬਣ ਸਕਦਾ ਹੈ

“ਮੇਰੀ ਸਹਾਇਤਾ ਯਹੋਵਾਹ ਤੋਂ ਹੈ”

ਬੁਢਾਪਾ “ਸਜਾਵਟ ਦਾ ਮੁਕਟ” ਬਣ ਸਕਦਾ ਹੈ

ਕੀ ਯਹੋਵਾਹ ਦੀ ਸੇਵਾ ਵਿਚ ਆਪਣੀ ਪੂਰੀ ਉਮਰ ਗੁਜ਼ਾਰਨ ਦਾ ਕੋਈ ਫ਼ਾਇਦਾ ਹੈ? 101 ਕੁ ਸਾਲ ਦੀ ਭੈਣ ਮਯੁਰੀਅਲ ਨੇ ਕਿਹਾ: “ਯਹੋਵਾਹ ਦੀ ਸੇਵਾ ਕਰ ਕੇ ਹੀ ਜ਼ਿੰਦਗੀ ਜੀਉਣ ਦਾ ਮਜ਼ਾ ਆਉਂਦਾ ਹੈ।” ਭਰਾ ਥਿਓਡੋਰੋਸ ਨੇ 70 ਸਾਲ ਦੀ ਉਮਰ ਤੇ ਕਿਹਾ: “ਯਹੋਵਾਹ ਦੀ ਸੇਵਾ ਵਿਚ ਲੱਗੇ ਰਹਿਣਾ ਮੇਰੇ ਲਈ ਇਕ ਵੱਡਾ ਸਨਮਾਨ ਰਿਹਾ ਹੈ।” ਭੈਣ ਮਾਰੀਆ ਜੋ 73 ਸਾਲਾਂ ਦੀ ਹੈ, ਨੇ ਕਿਹਾ: “ਮੈਂ ਆਪਣੀ ਜ਼ਿੰਦਗੀ ਨੂੰ ਇਸ ਤੋਂ ਵਧੀਆ ਤਰੀਕੇ ਨਾਲ ਨਹੀਂ ਜੀ ਸਕਦੀ ਸੀ।”

ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹਾਂ ਦੀਆਂ ਕਲੀਸਿਯਾਵਾਂ ਵਿਚ ਤੁਹਾਨੂੰ ਅਜਿਹੇ ਵਫ਼ਾਦਾਰ ਬਜ਼ੁਰਗ ਭੈਣ-ਭਰਾ ਮਿਲਣਗੇ। ਭਾਵੇਂ ਉਨ੍ਹਾਂ ਦੀ ਉਮਰ ਬਹੁਤ ਹੋ ਗਈ ਹੈ ਜਾਂ ਉਨ੍ਹਾਂ ਦੀ ਸਿਹਤ ਮਾੜੀ ਰਹਿੰਦੀ ਹੈ ਅਤੇ ਉਨ੍ਹਾਂ ਦੇ ਹਾਲਾਤ ਇੰਨੇ ਚੰਗੇ ਵੀ ਨਹੀਂ, ਫਿਰ ਵੀ ਉਹ ਤਨ-ਮਨ ਲਾ ਕੇ ਯਹੋਵਾਹ ਦੀ ਸੇਵਾ ਕਰਦੇ ਰਹਿੰਦੇ ਹਨ। ਬਾਕੀ ਦੇ ਭੈਣ-ਭਾਈ ਯਹੋਵਾਹ ਦੇ ਇਨ੍ਹਾਂ ਵਫ਼ਾਦਾਰ ਸੇਵਕਾਂ ਦਾ ਬਹੁਤ ਆਦਰ ਕਰਦੇ ਹਨ ਅਤੇ ਉਨ੍ਹਾਂ ਦੀ ਲਗਨ ਦੀ ਰੀਸ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਨ੍ਹਾਂ ਬਜ਼ੁਰਗ ਭੈਣ-ਭਰਾਵਾਂ ਦੀਆਂ ਕਮਜ਼ੋਰੀਆਂ ਦੇ ਬਾਵਜੂਦ ਯਹੋਵਾਹ ਨੂੰ ਵੀ ਆਪਣੇ ਇਹ ਸੇਵਕ ਬਹੁਤ ਪਸੰਦ ਹਨ। *2 ਕੁਰਿੰਥੀਆਂ 8:12.

ਜ਼ਬੂਰਾਂ ਦੀ ਪੋਥੀ ਵਿਚ ਵੱਡੀ ਉਮਰ ਵਾਲਿਆਂ ਦੀ ਭਲੀ ਜ਼ਿੰਦਗੀ ਬਾਰੇ ਇਕ ਵਧੀਆ ਗੱਲ ਲਿਖੀ ਹੋਈ ਹੈ। ਉਨ੍ਹਾਂ ਦੀ ਤੁਲਨਾ ਅਜਿਹੇ ਪੁਰਾਣੇ ਤੇ ਉੱਚੇ-ਲੰਮੇ ਦਰਖ਼ਤ ਨਾਲ ਕੀਤੀ ਗਈ ਹੈ ਜੋ ਸਾਲੋਂ-ਸਾਲ ਫਲ ਦਿੰਦਾ ਰਹਿੰਦਾ ਹੈ। ਜ਼ਬੂਰਾਂ ਦੇ ਲਿਖਾਰੀ ਨੇ ਵਫ਼ਾਦਾਰ ਸਿਆਣਿਆਂ ਬਾਰੇ ਭਜਨ ਵਿਚ ਕਿਹਾ: “ਓਹ ਬੁਢੇਪੇ ਵਿੱਚ ਵੀ ਫਲ ਲਿਆਉਣਗੇ, ਓਹ ਹਰੇ ਤੇ ਰਸ ਭਰੇ ਰਹਿਣਗੇ।”—ਜ਼ਬੂਰਾਂ ਦੀ ਪੋਥੀ 92:14.

ਕਈ ਲੋਕਾਂ ਨੂੰ ਡਰ ਰਹਿੰਦਾ ਹੈ ਕਿ ਜਦ ਉਨ੍ਹਾਂ ਦੀ ਉਮਰ ਜ਼ਿਆਦਾ ਹੋ ਜਾਵੇਗੀ, ਤਾਂ ਕਿਸੇ ਨੂੰ ਉਨ੍ਹਾਂ ਦੀ ਲੋੜ ਨਹੀਂ ਹੋਣੀ ਤੇ ਉਹ ਕਿਤੇ ਇਕੱਲੇ ਛੱਡ ਦਿੱਤੇ ਜਾਣਗੇ। ਦਾਊਦ ਨੇ ਰੱਬ ਅੱਗੇ ਬੇਨਤੀ ਕੀਤੀ: “ਬੁਢੇਪੇ ਦੇ ਸਮੇਂ ਮੈਨੂੰ ਦੂਰ ਨਾ ਸੁੱਟ, ਜਾਂ ਮੇਰੇ ਬਲ ਘਟੇ ਤਾਂ ਮੈਨੂੰ ਨਾ ਤਿਆਗ!” (ਜ਼ਬੂਰਾਂ ਦੀ ਪੋਥੀ 71:9) ਇਹ ਕਿਸ ਗੱਲ ਤੇ ਨਿਰਭਰ ਕਰਦਾ ਹੈ ਕਿ ਬੁਢਾਪੇ ਵਿਚ ਅਸੀਂ ਜ਼ਰੂਰੀ ਜਾਂ ਗ਼ੈਰ-ਜ਼ਰੂਰੀ ਸਮਝੇ ਜਾਵਾਂਗੇ? ਜੇ ਅਸੀਂ ਪਰਮੇਸ਼ੁਰ ਦੀ ਸਿੱਖਿਆ ਮੁਤਾਬਕ ਧਰਮੀ ਕੰਮ ਕਰਾਂਗੇ, ਤਾਂ ਅਸੀਂ ਇਹ ਨਹੀਂ ਮਹਿਸੂਸ ਕਰਾਂਗੇ ਕਿ ਸਾਡੀ ਕੋਈ ਲੋੜ ਨਹੀਂ ਹੈ। ਜ਼ਬੂਰਾਂ ਦੇ ਲਿਖਾਰੀ ਨੇ ਭਜਨ ਵਿਚ ਕਿਹਾ: “ਧਰਮੀ ਖਜੂਰ ਦੇ ਬਿਰਛ ਵਾਂਙੁ ਫਲਿਆ ਰਹੇਗਾ।”—ਜ਼ਬੂਰਾਂ ਦੀ ਪੋਥੀ 92:12.

ਆਪਣੀ ਜ਼ਿੰਦਗੀ ਵਿਚ ਰੱਬ ਦੀ ਸੇਵਾ ਨੂੰ ਪਹਿਲ ਦੇਣ ਵਾਲੇ ਭੈਣ-ਭਰਾ ਬੁਢਾਪੇ ਵਿਚ ਵੀ ਕਾਮਯਾਬ ਰਹਿੰਦੇ ਹਨ। ਉਨ੍ਹਾਂ ਨੇ ਦੂਸਰਿਆਂ ਲਈ ਚੰਗੇ ਕੰਮ ਕਰ ਕੇ ਵੀ ਚੰਗਾ ਫਲ ਪਾਇਆ ਹੈ। (ਗਲਾਤੀਆਂ 6:7-10; ਕੁਲੁੱਸੀਆਂ 1:10) ਪਰ ਜਿਹੜੇ ਲੋਕਾਂ ਨੇ ਪਰਮੇਸ਼ੁਰ ਦੀ ਮਰਜ਼ੀ ਤੋਂ ਉਲਟ ਆਪਣੀ ਮਨ-ਮਰਜ਼ੀ ਕਰ ਕੇ ਆਪਣੀ ਜ਼ਿੰਦਗੀ ਫ਼ਜ਼ੂਲ ਚੀਜ਼ਾਂ ਪਿੱਛੇ ਖ਼ਰਚ ਦਿੱਤੀ ਹੈ, ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਉਹ ਨਾਕਾਮਯਾਬ ਰਹਿੰਦੇ ਹਨ।

ਕਹਾਉਤਾਂ ਦੀ ਪੋਥੀ ਵਿਚ ਵੀ ਉਮਰ ਭਰ ਧਰਮੀ ਕੰਮ ਕਰਨ ਵਾਲਿਆਂ ਦੀ ਸੋਭਾ ਕੀਤੀ ਜਾਂਦੀ ਹੈ। ਉਸ ਵਿਚ ਲਿਖਿਆ ਹੈ: “ਧੌਲਾ ਸਿਰ ਸਜਾਵਟ ਦਾ ਮੁਕਟ ਹੈ, ਉਹ ਧਰਮ ਦੇ ਮਾਰਗ ਤੋਂ ਪ੍ਰਾਪਤ ਹੁੰਦਾ ਹੈ।” (ਕਹਾਉਤਾਂ 16:31) ਜੀ ਹਾਂ, ਸਾਡੇ ਚੰਗੇ ਕੰਮਾਂ ਤੋਂ ਸਾਡੀ ਅੰਦਰਲੀ ਸੁੰਦਰਤਾ ਨਜ਼ਰ ਆਉਂਦੀ ਹੈ। ਉਮਰ ਭਰ ਸਹੀ ਰਾਹ ਚੱਲਣ ਨਾਲ ਸਾਨੂੰ ਇੱਜ਼ਤ ਹਾਸਲ ਹੁੰਦੀ ਹੈ। (ਲੇਵੀਆਂ 19:32) ਜੇ ਬੁਢਾਪੇ ਵਿਚ ਧੌਲਿਆਂ ਦੇ ਨਾਲ-ਨਾਲ ਬੁੱਧ ਤੇ ਨੇਕੀ ਵੀ ਹੋਣ, ਤਾਂ ਇਸ ਕਾਰਨ ਸਾਡਾ ਆਦਰ-ਸਤਕਾਰ ਹੁੰਦਾ ਹੈ।—ਅੱਯੂਬ 12:12.

ਯਹੋਵਾਹ ਸਾਨੂੰ ਆਪਣੀ ਜ਼ਿੰਦਗੀ ਉਸ ਦੀ ਸੇਵਾ ਵਿਚ ਲਾਉਂਦੇ ਦੇਖ ਕੇ ਖ਼ੁਸ਼ ਹੁੰਦਾ ਹੈ। ਬਾਈਬਲ ਵਿਚ ਉਹ ਕਹਿੰਦਾ ਹੈ: “ਬੁਢੇਪੇ ਤੀਕ ਮੈਂ ਉਹੀ ਹਾਂ, ਅਤੇ ਧੌਲਿਆਂ ਤੀਕ ਮੈਂ ਤੈਨੂੰ ਉਠਾਵਾਂਗਾ, ਮੈਂ ਬਣਾਇਆ ਤੇ ਮੈਂ ਚੁੱਕਾਂਗਾ, ਮੈਂ ਉਠਾਵਾਂਗਾ ਤੇ ਮੈਂ ਛੁਡਾਵਾਂਗਾ।” (ਯਸਾਯਾਹ 46:4) ਇਸ ਵਾਅਦੇ ਤੋਂ ਸਾਨੂੰ ਕਿੰਨਾ ਹੌਸਲਾ ਮਿਲਦਾ ਹੈ ਕਿ ਸਾਡੇ ਬੁਢਾਪੇ ਵਿਚ ਸਾਡਾ ਪਿਆਰਾ ਪਿਤਾ ਸਾਨੂੰ ਭੁੱਲੇਗਾ ਨਹੀਂ।—ਜ਼ਬੂਰਾਂ ਦੀ ਪੋਥੀ 48:14.

ਜੇ ਯਹੋਵਾਹ ਕਿਸੇ ਦੀ ਉਮਰ ਭਰ ਕੀਤੀ ਸੇਵਾ ਦੇਖ ਕੇ ਖ਼ੁਸ਼ ਹੁੰਦਾ ਹੈ, ਤਾਂ ਕੀ ਸਾਨੂੰ ਸਾਰਿਆਂ ਨੂੰ ਵੀ ਇਸ ਤੋਂ ਖ਼ੁਸ਼ ਨਹੀਂ ਹੋਣਾ ਚਾਹੀਦਾ? ਜੀ ਹਾਂ, ਸਾਨੂੰ ਵੀ ਆਪਣੇ ਦਿਲ ਵਿਚ ਆਪਣੇ ਬਜ਼ੁਰਗ ਭੈਣ-ਭਰਾਵਾਂ ਲਈ ਗੂੜ੍ਹਾ ਪਿਆਰ ਜਗਾਉਣਾ ਚਾਹੀਦਾ ਹੈ ਅਤੇ ਉਨ੍ਹਾਂ ਦਾ ਆਦਰ ਕਰਨਾ ਚਾਹੀਦਾ ਹੈ। (1 ਤਿਮੋਥਿਉਸ 5:1, 2) ਫਿਰ ਆਓ ਆਪਾਂ ਉਨ੍ਹਾਂ ਦੀਆਂ ਲੋੜਾਂ ਬਾਰੇ ਸੋਚੀਏ ਤੇ ਧਿਆਨ ਦੇਈਏ ਕਿ ਅਸੀਂ ਉਨ੍ਹਾਂ ਲਈ ਕੀ ਕਰ ਸਕਦੇ ਹਾਂ।

ਬੁਢਾਪੇ ਵਿਚ ਧਰਮ ਦੇ ਰਾਹ ਤੁਰਨ ਲੱਗਣਾ

ਸੁਲੇਮਾਨ ਰਾਜੇ ਨੇ ਸਾਨੂੰ ਦੱਸਿਆ ਸੀ ਕਿ “ਧਰਮ ਦੇ ਰਾਹ ਵਿੱਚ ਜੀਉਣ ਹੈ।” (ਕਹਾਉਤਾਂ 12:28) ਭਾਵੇਂ ਕਿਸੇ ਦੀ ਉਮਰ ਬਹੁਤ ਹੋ ਗਈ ਹੋਵੇ, ਫਿਰ ਵੀ ਉਹ ਸਹੀ ਰਸਤੇ ਤੁਰਨਾ ਸਿੱਖ ਸਕਦਾ ਹੈ। ਮਿਸਾਲ ਲਈ, ਮੌਲਡੋਵਾ ਦੇਸ਼ ਵਿਚ ਇਕ 99 ਸਾਲ ਦਾ ਆਦਮੀ ਆਪਣੀ ਜੁਆਨੀ ਤੋਂ ਹੀ ਕਮਿਊਨਿਸਟ ਖ਼ਿਆਲਾਂ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦਿੰਦਾ ਆਇਆ ਸੀ। ਉਸ ਨੂੰ ਬਹੁਤ ਮਾਣ ਸੀ ਕਿ ਉਹ ਲੈਨਿਨ ਵਰਗੇ ਮਸ਼ਹੂਰ ਕਮਿਊਨਿਸਟ ਲੀਡਰਾਂ ਨਾਲ ਗੱਲਬਾਤ ਕਰ ਚੁੱਕਾ ਸੀ। ਪਰ ਫਿਰ ਕਮਿਊਨਿਜ਼ਮ ਢਹਿੰਦੀ ਕਲਾ ਵਿਚ ਚਲੀ ਗਈ ਤੇ ਇਸ ਬਜ਼ੁਰਗ ਆਦਮੀ ਨੂੰ ਆਪਣੀ ਜ਼ਿੰਦਗੀ ਲਈ ਕੋਈ ਕਿਨਾਰਾ ਨਜ਼ਰ ਨਹੀਂ ਸੀ ਆ ਰਿਹਾ। ਇਸ ਲਈ ਜਦ ਯਹੋਵਾਹ ਦੇ ਗਵਾਹਾਂ ਨੇ ਉਸ ਨੂੰ ਸਮਝਾਇਆ ਕਿ ਸਿਰਫ਼ ਪਰਮੇਸ਼ੁਰ ਦਾ ਰਾਜ ਹੀ ਇਨਸਾਨਾਂ ਦੇ ਮਸਲੇ ਹੱਲ ਕਰੇਗਾ, ਤਾਂ ਉਸ ਨੇ ਬਾਈਬਲ ਦੀ ਸਿੱਖਿਆ ਸਵੀਕਾਰ ਕੀਤੀ ਤੇ ਉਹ ਪੂਰੇ ਸ਼ੌਕ ਨਾਲ ਬਾਈਬਲ ਪੜ੍ਹਨ ਲੱਗ ਪਿਆ। ਅਫ਼ਸੋਸ ਹੈ ਕਿ ਉਹ ਯਹੋਵਾਹ ਦੇ ਇਕ ਸੇਵਕ ਨਾਤੇ ਬਪਤਿਸਮਾ ਲੈਣ ਤੋਂ ਪਹਿਲਾਂ ਦਮ ਤੋੜ ਗਿਆ।

ਜਦ ਹੰਗਰੀ ਦੇਸ਼ ਵਿਚ ਰਹਿਣ ਵਾਲੀ 81 ਸਾਲਾਂ ਦੀ ਇਕ ਔਰਤ ਨੇ ਪਰਮੇਸ਼ੁਰ ਦੇ ਨੈਤਿਕ ਮਿਆਰ ਸਿੱਖੇ, ਤਾਂ ਉਹ ਜਾਣ ਗਈ ਕਿ ਉਸ ਨੂੰ ਆਪਣੀ ਜ਼ਿੰਦਗੀ ਵਿਚ ਸੁਧਾਰ ਕਰਨਾ ਪਵੇਗਾ। ਉਹ ਕਈ ਸਾਲਾਂ ਤੋਂ ਸ਼ਾਦੀ ਕਰਨ ਤੋਂ ਬਿਨਾਂ ਇਕ ਆਦਮੀ ਨਾਲ ਰਹਿ ਰਹੀ ਸੀ। ਉਸ ਨੇ ਨਿਡਰ ਹੋ ਕੇ ਆਪਣੇ ਸਾਥੀ ਨੂੰ ਬਾਈਬਲ ਤੋਂ ਸਾਰੀ ਗੱਲ ਸਮਝਾਈ। ਉਹ ਹੈਰਾਨ ਰਹਿ ਗਈ ਜਦ ਉਹ ਉਸ ਨਾਲ ਸ਼ਾਦੀ ਕਰਾਉਣ ਲਈ ਰਾਜ਼ੀ ਹੋ ਗਿਆ। ਵਿਆਹ ਰਜਿਸਟਰ ਕਰਾਉਣ ਤੋਂ ਬਾਅਦ ਉਸ ਔਰਤ ਨੇ ਬਹੁਤ ਸੋਹਣੀ ਤਰੱਕੀ ਕੀਤੀ। ਬਾਈਬਲ ਸਟੱਡੀ ਸ਼ੁਰੂ ਕਰਨ ਤੋਂ ਸਿਰਫ਼ ਅੱਠ ਮਹੀਨੇ ਬਾਅਦ ਉਸ ਨੇ ਕਲੀਸਿਯਾ ਦੇ ਨਾਲ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਅਤੇ ਬਾਅਦ ਵਿਚ ਬਪਤਿਸਮਾ ਲੈ ਲਿਆ। ਤਾਂ ਫਿਰ ਇਸ ਵਿਚ ਕਿੰਨੀ ਸੱਚਾਈ ਹੈ ਕਿ ਧੌਲੇ ਸਿਰ ਵਾਲੇ ਧਰਮੀ ਰਾਹ ਤੇ ਚੱਲ ਕੇ ਸਜਾਵਟ ਦਾ ਮੁਕਟ ਪਹਿਨਦੇ ਹਨ!

ਜੀ ਹਾਂ, ਸਿਆਣੇ ਭੈਣ-ਭਰਾ ਪੂਰਾ ਭਰੋਸਾ ਰੱਖ ਸਕਦੇ ਹਨ ਕਿ ਯਹੋਵਾਹ ਉਨ੍ਹਾਂ ਨੂੰ ਭੁੱਲਿਆ ਨਹੀਂ ਹੈ। ਉਹ ਆਪਣੇ ਸਾਰੇ ਵਫ਼ਾਦਾਰ ਸੇਵਕਾਂ ਨੂੰ ਯਾਦ ਰੱਖਦਾ ਹੈ। ਉਹ ਵਾਅਦਾ ਕਰਦਾ ਹੈ ਕਿ ਉਨ੍ਹਾਂ ਦੇ ਬੁਢਾਪੇ ਵਿਚ ਵੀ ਉਹ ਉਨ੍ਹਾਂ ਨੂੰ ਸਹਾਰਾ ਦੇਵੇਗਾ। ਇਸ ਲਈ ਸਾਡੇ ਇਹ ਭੈਣ-ਭਾਈ ਜ਼ਬੂਰਾਂ ਦੇ ਲਿਖਾਰੀ ਵਾਂਗ ਕਹਿੰਦੇ ਹਨ: “ਮੇਰੀ ਸਹਾਇਤਾ ਯਹੋਵਾਹ ਤੋਂ ਹੈ।”—ਜ਼ਬੂਰਾਂ ਦੀ ਪੋਥੀ 121:2.

[ਫੁਟਨੋਟ]

^ ਪੈਰਾ 4 ਸਾਲ 2005 ਲਈ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੇ ਗਏ ਕਲੰਡਰ ਤੇ ਜਨਵਰੀ ਤੇ ਫਰਵਰੀ ਦੇ ਮਹੀਨਿਆਂ ਦੀਆਂ ਤਸਵੀਰਾਂ ਦੇਖੋ।

[ਸਫ਼ੇ 9 ਉੱਤੇ ਸੁਰਖੀ]

“ਧੌਲਾ ਸਿਰ ਸਜਾਵਟ ਦਾ ਮੁਕਟ ਹੈ, ਉਹ ਧਰਮ ਦੇ ਮਾਰਗ ਤੋਂ ਪ੍ਰਾਪਤ ਹੁੰਦਾ ਹੈ।”—ਕਹਾਉਤਾਂ 16:31.

[ਸਫ਼ੇ 8 ਉੱਤੇ ਡੱਬੀ]

ਯਹੋਵਾਹ ਆਪਣੇ ਬਜ਼ੁਰਗ ਸੇਵਕਾਂ ਦੀ ਦੇਖ-ਭਾਲ ਕਰਦਾ ਹੈ

“ਤੈਂ ਧਉਲੇ ਸਿਰ ਦੇ ਅੱਗੇ ਉੱਠਣਾ, ਬੁੱਢੇ ਦੇ ਮੂੰਹ ਦਾ ਆਦਰ ਕਰਨਾ।”—ਲੇਵੀਆਂ 19:32.

“ਬੁਢੇਪੇ ਤੀਕ ਮੈਂ ਉਹੀ ਹਾਂ, ਅਤੇ ਧੌਲਿਆਂ ਤੀਕ ਮੈਂ ਤੈਨੂੰ ਉਠਾਵਾਂਗਾ।”—ਯਸਾਯਾਹ 46:4.