Skip to content

Skip to table of contents

ਭਵਿੱਖਬਾਣੀਆਂ ਦੀ ਪੂਰਤੀ ਯਿਸੂ ਹੈ

ਭਵਿੱਖਬਾਣੀਆਂ ਦੀ ਪੂਰਤੀ ਯਿਸੂ ਹੈ

ਭਵਿੱਖਬਾਣੀਆਂ ਦੀ ਪੂਰਤੀ ਯਿਸੂ ਹੈ

“ਯਿਸੂ ਦੀ ਗਵਾਹੀ ਤਾਂ ਅਗੰਮ ਵਾਕ ਦੀ ਰੂਹ ਹੈ।”—ਪਰਕਾਸ਼ ਦੀ ਪੋਥੀ 19:10.

1, 2. (ੳ) ਸਾਲ 29 ਦੇ ਸ਼ੁਰੂ ਤੋਂ ਇਸਰਾਏਲੀਆਂ ਨੂੰ ਕਿਹੜਾ ਫ਼ੈਸਲਾ ਕਰਨਾ ਪਿਆ ਸੀ? (ਅ) ਇਸ ਲੇਖ ਵਿਚ ਅਸੀਂ ਕਿਨ੍ਹਾਂ ਗੱਲਾਂ ਉੱਤੇ ਧਿਆਨ ਦੇਵਾਂਗੇ?

ਸਾਲ 29 ਵਿਚ ਹਰ ਇਸਰਾਏਲੀ ਦੀ ਜ਼ਬਾਨ ਉੱਤੇ ਆਉਣ ਵਾਲੇ ਮਸੀਹਾ ਦੀ ਚਰਚਾ ਸੀ। ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਪ੍ਰਚਾਰ ਨੇ ਲੋਕਾਂ ਦੀ ਉਮੀਦ ਨੂੰ ਹੋਰ ਵੀ ਵਧਾ ਦਿੱਤਾ ਸੀ। (ਲੂਕਾ 3:15) ਪਰ ਯੂਹੰਨਾ ਮਸੀਹਾ ਨਹੀਂ ਸੀ, ਸਗੋਂ ਉਸ ਨੇ ਯਿਸੂ ਨਾਸਰੀ ਵੱਲ ਇਸ਼ਾਰਾ ਕਰਦੇ ਹੋਏ ਕਿਹਾ: “ਮੈਂ . . . ਸਾਖੀ ਦਿੱਤੀ ਹੈ ਜੋ ਇਹ ਪਰਮੇਸ਼ੁਰ ਦਾ ਪੁੱਤ੍ਰ ਹੈਗਾ।” (ਯੂਹੰਨਾ 1:20, 34) ਫਿਰ ਭੀੜਾਂ ਯਿਸੂ ਦੇ ਮਗਰ ਲੱਗ ਪਈਆਂ ਤਾਂਕਿ ਉਹ ਉਨ੍ਹਾਂ ਨੂੰ ਸਿੱਖਿਆ ਦੇਵੇ ਅਤੇ ਬੀਮਾਰਾਂ ਨੂੰ ਠੀਕ ਕਰ ਦੇਵੇ।

2 ਯਹੋਵਾਹ ਨੇ ਵੀ ਆਪਣੇ ਪੁੱਤਰ ਬਾਰੇ ਪਹਾੜ ਜਿੱਡਾ ਸਬੂਤ ਪੇਸ਼ ਕੀਤਾ। ਬਾਈਬਲ ਦਾ ਅਧਿਐਨ ਕਰਨ ਵਾਲਿਆਂ ਅਤੇ ਯਿਸੂ ਦੇ ਕੰਮਾਂ ਨੂੰ ਦੇਖਣ ਵਾਲਿਆਂ ਕੋਲ ਉਸ ਉੱਤੇ ਨਿਹਚਾ ਰੱਖਣ ਦਾ ਹਰ ਕਾਰਨ ਸੀ। ਪਰ ਆਮ ਤੌਰ ਤੇ ਯਹੂਦੀਆਂ ਨੇ ਨਿਹਚਾ ਨਹੀਂ ਕੀਤੀ ਕਿ ਯਿਸੂ ਹੀ ਮਸੀਹਾ ਅਤੇ ਪਰਮੇਸ਼ੁਰ ਦਾ ਪੁੱਤਰ ਸੀ। (ਯੂਹੰਨਾ 6:60-69) ਜੇ ਤੁਸੀਂ ਉਸ ਸਮੇਂ ਰਹਿੰਦੇ ਹੁੰਦੇ, ਤਾਂ ਤੁਸੀਂ ਕੀ ਕਰਦੇ? ਕੀ ਤੁਸੀਂ ਪਛਾਣ ਲੈਂਦੇ ਕਿ ਯਿਸੂ ਸੱਚ-ਮੁੱਚ ਮਸੀਹਾ ਹੈ ਅਤੇ ਉਸ ਦਾ ਇਕ ਚੇਲਾ ਬਣ ਜਾਂਦੇ? ਆਓ ਆਪਾਂ ਦੇਖੀਏ ਕਿ ਯਿਸੂ ਨੇ ਆਪਣੇ ਬਾਰੇ ਆਪ ਕੀ ਕਿਹਾ ਸੀ ਜਦ ਉਸ ਉੱਤੇ ਸਬਤ ਦੇ ਦਿਨ ਤੇ ਕੰਮ ਕਰਨ ਦਾ ਦੋਸ਼ ਲਾਇਆ ਗਿਆ ਸੀ। ਇਸ ਦੇ ਨਾਲ-ਨਾਲ ਉਸ ਨੇ ਹੋਰ ਸਬੂਤ ਵੀ ਦਿੱਤੇ ਸਨ ਜਿਨ੍ਹਾਂ ਨੇ ਉਸ ਦੇ ਵਫ਼ਾਦਾਰ ਚੇਲਿਆਂ ਦੀ ਨਿਹਚਾ ਮਜ਼ਬੂਤ ਕੀਤੀ ਕਿ ਉਹ ਅਸਲ ਵਿਚ ਮਸੀਹਾ ਸੀ।

ਯਿਸੂ ਨੇ ਆਪਣੀ ਸਫ਼ਾਈ ਪੇਸ਼ ਕੀਤੀ

3. ਯਿਸੂ ਕਿਨ੍ਹਾਂ ਹਾਲਤਾਂ ਵਿਚ ਆਪਣੀ ਅਸਲੀਅਤ ਬਾਰੇ ਗਵਾਹੀ ਦੇਣ ਲਈ ਪ੍ਰੇਰਿਆ ਗਿਆ ਸੀ?

3 ਸਾਲ 31 ਦੇ ਪਸਾਹ ਦੌਰਾਨ ਯਿਸੂ ਯਰੂਸ਼ਲਮ ਵਿਚ ਸੀ। ਉਸ ਸਮੇਂ ਉਸ ਨੇ ਇਕ ਬੰਦੇ ਨੂੰ ਠੀਕ ਕੀਤਾ ਸੀ ਜੋ 38 ਸਾਲਾਂ ਤੋਂ ਰੋਗ ਦਾ ਮਾਰਿਆ ਹੋਇਆ ਸੀ। ਪਰ ਯਹੂਦੀ ਲੋਕ ਸਬਤ ਦੇ ਦਿਨ ਇਹ ਕੰਮ ਹੁੰਦਾ ਦੇਖ ਕੇ ਨਾਰਾਜ਼ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ ਯਿਸੂ ਉੱਤੇ ਕੁਫ਼ਰ ਬੋਲਣ ਦਾ ਦੋਸ਼ ਲਾਇਆ ਅਤੇ ਉਸ ਨੂੰ ਮਾਰਨਾ ਚਾਹਿਆ ਕਿਉਂਕਿ ਯਿਸੂ ਨੇ ਕਿਹਾ ਸੀ ਕਿ ਪਰਮੇਸ਼ੁਰ ਉਸ ਦਾ ਪਿਤਾ ਹੈ। (ਯੂਹੰਨਾ 5:1-9, 16-18) ਯਿਸੂ ਨੇ ਆਪਣੀ ਸਫ਼ਾਈ ਪੇਸ਼ ਕਰਨ ਵਿਚ ਤਿੰਨ ਕਾਰਨ ਦਿੱਤੇ ਜਿਨ੍ਹਾਂ ਤੋਂ ਨੇਕਦਿਲ ਯਹੂਦੀ ਪਛਾਣ ਸਕਦੇ ਸਨ ਕਿ ਉਹ ਅਸਲ ਵਿਚ ਕੌਣ ਸੀ।

4, 5. ਯੂਹੰਨਾ ਦੇ ਪ੍ਰਚਾਰ ਦਾ ਕੀ ਮਕਸਦ ਸੀ ਅਤੇ ਉਸ ਨੇ ਆਪਣਾ ਕੰਮ ਕਿੰਨੀ ਚੰਗੀ ਤਰ੍ਹਾਂ ਕੀਤਾ ਸੀ?

4 ਪਹਿਲਾਂ ਯਿਸੂ ਨੇ ਯੂਹੰਨਾ ਬਪਤਿਸਮਾ ਦੇਣ ਵਾਲੇ ਦੀ ਗਵਾਹੀ ਬਾਰੇ ਕਿਹਾ: “ਤੁਸਾਂ ਯੂਹੰਨਾ ਕੋਲੋਂ ਪੁਛਾ ਭੇਜਿਆ ਅਤੇ ਉਹ ਨੇ ਸੱਚ ਉੱਤੇ ਸਾਖੀ ਦਿੱਤੀ ਹੈ। ਉਹ ਬਲਦਾ ਅਤੇ ਜਗਮਗਉਂਦਾ ਦੀਵਾ ਸੀ ਅਰ ਤੁਸੀਂ ਇੱਕ ਘੜੀ ਉਹ ਦੇ ਚਾਨਣ ਨਾਲ ਮਗਨ ਰਹਿਣ ਨੂੰ ਪਰਸਿੰਨ ਸਾਓ।”—ਯੂਹੰਨਾ 5:33, 35.

5 ਯੂਹੰਨਾ ਬਪਤਿਸਮਾ ਦੇਣ ਵਾਲਾ “ਬਲਦਾ ਅਤੇ ਜਗਮਗਉਂਦਾ ਦੀਵਾ” ਕਿਵੇਂ ਸੀ? ਉਸ ਨੂੰ ਪਰਮੇਸ਼ੁਰ ਨੇ ਮਸੀਹਾ ਲਈ ਰਾਹ ਤਿਆਰ ਕਰਨ ਲਈ ਭੇਜਿਆ ਸੀ। ਉਸ ਨੇ ਇਹ ਕੰਮ ਹੇਰੋਦੇਸ ਦੇ ਹੱਥੋਂ ਬੇਇਨਸਾਫ਼ੀ ਨਾਲ ਕੈਦ ਵਿਚ ਸੁੱਟੇ ਜਾਣ ਤੋਂ ਪਹਿਲਾਂ ਪੂਰਾ ਕੀਤਾ ਸੀ। ਯੂਹੰਨਾ ਨੇ ਕਿਹਾ: “ਮੈਂ ਜਲ ਨਾਲ ਬਪਤਿਸਮਾ ਇਸ ਲਈ ਦਿੰਦਾ ਆਇਆ ਭਈ ਉਹ [ਮਸੀਹਾ] ਇਸਰਾਏਲ ਉੱਤੇ ਪਰਗਟ ਹੋਵੇ। . . . ਮੈਂ ਆਤਮਾ ਨੂੰ ਕਬੂਤਰ ਦੀ ਨਿਆਈਂ ਅਕਾਸ਼ੋਂ ਉੱਤਰਦਾ ਵੇਖਿਆ ਅਤੇ ਉਹ ਉਸ ਉੱਤੇ ਠਹਿਰਿਆ। ਅਰ ਮੈਂ ਉਸ ਨੂੰ ਨਹੀਂ ਜਾਣਦਾ ਸਾਂ ਪਰ ਜਿਹ ਨੇ ਮੈਨੂੰ ਜਲ ਨਾਲ ਬਪਤਿਸਮਾ ਦੇਣ ਲਈ ਘੱਲਿਆ ਉਸੇ ਨੇ ਮੈਨੂੰ ਆਖਿਆ ਕਿ ਜਿਹ ਦੇ ਉੱਤੇ ਤੂੰ ਆਤਮਾ ਨੂੰ ਉੱਤਰਦਾ ਅਤੇ ਉਸ ਉੱਤੇ ਠਹਿਰਦਾ ਵੇਖੇਂ ਇਹ ਉਹੋ ਹੈ ਜੋ ਪਵਿੱਤ੍ਰ ਆਤਮਾ ਨਾਲ ਬਪਤਿਸਮਾ ਦਿੰਦਾ ਹੈ। ਸੋ ਮੈਂ ਵੇਖਿਆ ਅਤੇ ਸਾਖੀ ਦਿੱਤੀ ਹੈ ਜੋ ਇਹ ਪਰਮੇਸ਼ੁਰ ਦਾ ਪੁੱਤ੍ਰ ਹੈਗਾ।” * (ਯੂਹੰਨਾ 1:26-37) ਯੂਹੰਨਾ ਨੇ ਸਾਫ਼-ਸਾਫ਼ ਕਿਹਾ ਕਿ ਯਿਸੂ ਪਰਮੇਸ਼ੁਰ ਦਾ ਪੁੱਤਰ ਅਤੇ ਵਾਅਦਾ ਕੀਤਾ ਹੋਇਆ ਮਸੀਹਾ ਸੀ। ਯੂਹੰਨਾ ਦੀ ਗਵਾਹੀ ਇੰਨੀ ਸਾਫ਼ ਸੀ ਕਿ ਉਸ ਦੀ ਮੌਤ ਤੋਂ ਲਗਭਗ ਅੱਠ ਮਹੀਨੇ ਬਾਅਦ, ਕਈ ਨੇਕਦਿਲ ਯਹੂਦੀਆਂ ਨੇ ਕਬੂਲ ਕੀਤਾ: “ਜੋ ਕੁਝ ਯੂਹੰਨਾ ਨੇ ਇਹ ਦੇ ਹੱਕ ਵਿੱਚ ਆਖਿਆ ਸੋ ਸਤ ਸੀ।”—ਯੂਹੰਨਾ 10:41, 42.

6. ਯਿਸੂ ਦੇ ਕੰਮਾਂ ਤੋਂ ਲੋਕਾਂ ਨੂੰ ਕਿਵੇਂ ਪਤਾ ਲੱਗ ਸਕਦਾ ਸੀ ਕਿ ਪਰਮੇਸ਼ੁਰ ਉਸ ਦੇ ਨਾਲ ਸੀ?

6 ਅੱਗੇ ਯਿਸੂ ਨੇ ਇਕ ਹੋਰ ਸਬੂਤ ਪੇਸ਼ ਕੀਤਾ ਕਿ ਉਹ ਮਸੀਹਾ ਸੀ। ਉਸ ਨੇ ਕਿਹਾ: “ਜਿਹੜੀ ਸਾਖੀ ਮੇਰੇ ਕੋਲ ਹੈ ਉਹ ਯੂਹੰਨਾ ਦੀ ਸਾਖੀ ਨਾਲੋਂ ਵੱਡੀ ਹੈ ਕਿਉਂਕਿ ਜੋ ਕੰਮ ਪਿਤਾ ਨੇ ਮੈਨੂੰ ਸੰਪੂਰਣ ਕਰਨ ਲਈ ਸੌਂਪੇ ਹਨ ਅਰਥਾਤ ਏਹੋ ਕੰਮ ਜੋ ਮੈਂ ਕਰਦਾ ਹਾਂ ਸੋਈ ਮੇਰੇ ਹੱਕ ਵਿੱਚ ਸਾਖੀ ਦਿੰਦੇ ਹਨ ਭਈ ਪਿਤਾ ਨੇ ਮੈਨੂੰ ਘੱਲਿਆ ਹੈ।” (ਯੂਹੰਨਾ 5:36) ਉਸ ਦੇ ਕੰਮਾਂ ਤੋਂ ਪਤਾ ਲੱਗਦਾ ਸੀ ਕਿ ਪਰਮੇਸ਼ੁਰ ਉਸ ਦੇ ਨਾਲ ਸੀ। ਯਿਸੂ ਦੇ ਦੁਸ਼ਮਣ ਵੀ ਉਸ ਦੇ ਕੰਮਾਂ ਦਾ ਇਨਕਾਰ ਨਹੀਂ ਕਰ ਸਕਦੇ ਸਨ ਜਿਨ੍ਹਾਂ ਵਿਚ ਵੱਡੇ-ਵੱਡੇ ਚਮਤਕਾਰ ਵੀ ਸ਼ਾਮਲ ਸਨ। ਕੁਝ ਵਿਰੋਧੀਆਂ ਨੇ ਪੁੱਛਿਆ: ‘ਅਸੀਂ ਕੀ ਕਰੀਏ, ਕਿਉਂ ਜੋ ਇਹ ਮਨੁੱਖ ਬਹੁਤ ਨਿਸ਼ਾਨ ਵਿਖਾਉਂਦਾ ਹੈ?’ (ਯੂਹੰਨਾ 11:47) ਪਰ ਹੋਰਨਾਂ ਲੋਕਾਂ ਨੇ ਯਿਸੂ ਉੱਤੇ ਨਿਹਚਾ ਕਰਦੇ ਹੋਏ ਕਿਹਾ: “ਜਾਂ ਮਸੀਹ ਆਊਗਾ ਤਾਂ ਭਲਾ, ਉਹ ਉਨ੍ਹਾਂ ਨਿਸ਼ਾਨਾਂ ਨਾਲੋਂ ਜਿਹੜੇ ਇਸ ਨੇ ਵਿਖਾਲੇ ਹਨ ਕੁਝ ਵੱਧ ਵਿਖਾਲੂ?” (ਯੂਹੰਨਾ 7:31) ਯਿਸੂ ਦੇ ਸੁਣਨ ਵਾਲੇ ਪਛਾਣ ਸਕਦੇ ਸਨ ਕਿ ਇਹ ਪੁੱਤਰ ਐਨ ਆਪਣੇ ਪਿਤਾ ਤੇ ਗਿਆ ਸੀ।—ਯੂਹੰਨਾ 14:9.

7. ਬਾਈਬਲ ਦੀਆਂ ਇਬਰਾਨੀ ਲਿਖਤਾਂ ਵਿਚ ਯਿਸੂ ਬਾਰੇ ਸਾਖੀ ਕਿਵੇਂ ਦਿੱਤੀ ਗਈ ਸੀ?

7 ਅਖ਼ੀਰ ਵਿਚ ਯਿਸੂ ਨੇ ਅਜਿਹਾ ਸਬੂਤ ਪੇਸ਼ ਕੀਤਾ ਜਿਸ ਦਾ ਕੋਈ ਵੀ ਇਨਕਾਰ ਨਹੀਂ ਕਰ ਸਕਦਾ ਸੀ। ਯਿਸੂ ਨੇ ਕਿਹਾ: ‘ਲਿਖਤਾਂ ਮੇਰੇ ਹੱਕ ਵਿੱਚ ਜੋ ਸਾਖੀ ਦਿੰਦੀਆਂ ਹਨ ਸੋ ਏਹੋ ਹਨ। ਜੇ ਤੁਸੀਂ ਮੂਸਾ ਦੀ ਪਰਤੀਤ ਕਰਦੇ ਤਾਂ ਮੇਰੀ ਵੀ ਪਰਤੀਤ ਕਰਦੇ ਕਿਉਂ ਜੋ ਉਸ ਨੇ ਮੇਰੇ ਹੱਕ ਵਿੱਚ ਲਿਖਿਆ ਸੀ।’ (ਯੂਹੰਨਾ 5:39, 46) ਦਰਅਸਲ ਮੂਸਾ ਤੋਂ ਇਲਾਵਾ ਯਹੋਵਾਹ ਦੇ ਹੋਰ ਕਈ ਸੇਵਕਾਂ ਨੇ ਮਸੀਹਾ ਦੇ ਆਉਣ ਬਾਰੇ ਲਿਖਿਆ ਸੀ। ਉਨ੍ਹਾਂ ਦੀਆਂ ਲਿਖਤਾਂ ਵਿਚ ਮਸੀਹਾ ਬਾਰੇ ਸੈਂਕੜੇ ਭਵਿੱਖਬਾਣੀਆਂ ਅਤੇ ਉਸ ਦੀ ਵੰਸ਼ਾਵਲੀ ਸੀ। (ਲੂਕਾ 3:23-38; 24:44-46; ਰਸੂਲਾਂ ਦੇ ਕਰਤੱਬ 10:43) ਮੂਸਾ ਦੀ ਸ਼ਰਾ ਵਿਚ ਕੀ ਸਬੂਤ ਸੀ? ਪੌਲੁਸ ਰਸੂਲ ਨੇ ਲਿਖਿਆ: “ਸ਼ਰਾ ਮਸੀਹ ਦੇ ਆਉਣ ਤੀਕੁਰ ਸਾਡੇ ਲਈ ਨਿਗਾਹਬਾਨ ਬਣੀ।” (ਗਲਾਤੀਆਂ 3:24) ਜੀ ਹਾਂ, “ਯਿਸੂ ਦੀ ਗਵਾਹੀ ਤਾਂ ਅਗੰਮ ਵਾਕ ਦੀ ਰੂਹ ਹੈ,” ਮਤਲਬ ਕਿ ਸਾਰੀਆਂ ਭਵਿੱਖਬਾਣੀਆਂ ਯਿਸੂ ਵਿਚ ਪੂਰੀਆਂ ਹੁੰਦੀਆਂ ਹਨ।—ਪਰਕਾਸ਼ ਦੀ ਪੋਥੀ 19:10.

8. ਕਈ ਯਹੂਦੀਆਂ ਨੇ ਮਸੀਹਾ ਉੱਤੇ ਨਿਹਚਾ ਕਿਉਂ ਨਹੀਂ ਕੀਤੀ ਸੀ?

8 ਤਾਂ ਫਿਰ ਅਸੀਂ ਫਿਰ ਤੋਂ ਪੁੱਛ ਸਕਦੇ ਹਾਂ ਕਿ ਜੇ ਤੁਸੀਂ ਉਸ ਸਮੇਂ ਰਹਿੰਦੇ ਹੁੰਦੇ, ਤਾਂ ਕੀ ਤੁਸੀਂ ਪਛਾਣ ਲੈਂਦੇ ਕਿ ਯਿਸੂ ਸੱਚ-ਮੁੱਚ ਮਸੀਹਾ ਹੈ? ਯੂਹੰਨਾ ਦੀ ਸਪੱਸ਼ਟ ਗਵਾਹੀ, ਯਿਸੂ ਦੇ ਚਮਤਕਾਰਾਂ ਤੇ ਪਰਮੇਸ਼ੁਰ ਵਰਗੇ ਗੁਣਾਂ ਅਤੇ ਇਬਰਾਨੀ ਲਿਖਤਾਂ ਦੀ ਗਵਾਹੀ ਦਾ ਤੁਹਾਡੇ ਤੇ ਕੀ ਅਸਰ ਪੈਂਦਾ ਹੈ? ਜਿਹੜੇ ਵੀ ਲੋਕ ਪਰਮੇਸ਼ੁਰ ਅਤੇ ਉਸ ਦੇ ਬਚਨ ਨਾਲ ਪਿਆਰ ਕਰਦੇ ਸਨ, ਉਹ ਸੌਖਿਆਂ ਹੀ ਦੇਖ ਸਕਦੇ ਸਨ ਕਿ ਯਿਸੂ ਹੀ ਮਸੀਹਾ ਸੀ ਅਤੇ ਉਹ ਉਸ ਉੱਤੇ ਨਿਹਚਾ ਕਰ ਸਕਦੇ ਸਨ। ਪਰ ਇਸਰਾਏਲ ਵਿਚ ਅਜਿਹੇ ਪਿਆਰ ਦੀ ਘਾਟ ਸੀ। ਯਿਸੂ ਨੇ ਆਪਣੇ ਵਿਰੋਧੀਆਂ ਨੂੰ ਕਿਹਾ: “ਮੈਂ ਤੁਹਾਨੂੰ ਜਾਣਦਾ ਹਾਂ ਜੋ ਪਰਮੇਸ਼ੁਰ ਦਾ ਪ੍ਰੇਮ ਤੁਹਾਡੇ ਵਿੱਚ ਹੈ ਨਹੀਂ।” (ਯੂਹੰਨਾ 5:42) ਉਹ ‘ਵਾਹਿਦ ਪਰਮੇਸ਼ੁਰ ਤੋਂ ਵਡਿਆਈ’ ਭਾਲਣ ਦੀ ਬਜਾਇ “ਇੱਕ ਦੂਏ ਤੋਂ ਵਡਿਆਈ ਲੈਂਦੇ” ਸਨ। ਤਾਹੀਓਂ ਉਹ ਯਿਸੂ ਨਾਲ ਸਹਿਮਤ ਨਹੀਂ ਸਨ ਜਿਸ ਨੂੰ ਆਪਣੇ ਪਿਤਾ ਵਾਂਗ ਅਜਿਹੇ ਕੰਮਾਂ ਤੋਂ ਘਿਣ ਸੀ!—ਯੂਹੰਨਾ 5:43, 44; ਰਸੂਲਾਂ ਦੇ ਕਰਤੱਬ 12:21-23.

ਭਵਿੱਖ ਦੇ ਦਰਸ਼ਣ ਤੋਂ ਹੌਸਲਾ

9, 10. (ੳ) ਯਿਸੂ ਦੇ ਕੁਝ ਚੇਲਿਆਂ ਨੇ ਉਸ ਵਿਚ ਵਿਸ਼ਵਾਸ ਕਰਨਾ ਕਿਉਂ ਛੱਡ ਦਿੱਤਾ ਸੀ? (ਅ) ਯਿਸੂ ਨੇ ਆਪਣੇ ਚੇਲਿਆਂ ਨਾਲ ਕਿਹੜਾ ਵਾਅਦਾ ਕੀਤਾ ਸੀ?

9 ਸਾਲ 32 ਦੇ ਪਸਾਹ ਤਕ ਬਹੁਤ ਕੁਝ ਬਦਲ ਗਿਆ ਸੀ। ਕਈਆਂ ਚੇਲਿਆਂ ਨੇ ਯਿਸੂ ਵਿਚ ਵਿਸ਼ਵਾਸ ਕਰਨਾ ਛੱਡ ਦਿੱਤਾ ਸੀ। ਅਤਿਆਚਾਰ, ਜ਼ਿੰਦਗੀ ਦੀਆਂ ਚਿੰਤਾਵਾਂ ਅਤੇ ਧੰਨ-ਦੌਲਤ ਇਕੱਠਾ ਕਰਨ ਦੇ ਲਾਲਚ ਨੇ ਕਈਆਂ ਉੱਤੇ ਅਸਰ ਪਾਇਆ ਸੀ। ਦੂਸਰੇ ਸ਼ਾਇਦ ਉਲਝਣ ਵਿਚ ਪਏ ਹੋਏ ਸਨ ਜਾਂ ਨਿਰਾਸ਼ ਸਨ ਕਿਉਂਕਿ ਜਦ ਲੋਕ ਯਿਸੂ ਨੂੰ ਰਾਜਾ ਬਣਾਉਣਾ ਚਾਹੁੰਦੇ ਸਨ, ਤਾਂ ਉਸ ਨੇ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਰੱਦ ਕੀਤਾ ਸੀ। ਜਦੋਂ ਧਾਰਮਿਕ ਆਗੂਆਂ ਨੇ ਯਿਸੂ ਤੋਂ ਕੋਈ ਨਿਸ਼ਾਨੀ ਮੰਗੀ ਸੀ, ਤਾਂ ਉਸ ਨੇ ਦਿਖਾਵੇ ਲਈ ਸਵਰਗੋਂ ਕੋਈ ਵੀ ਨਿਸ਼ਾਨੀ ਨਹੀਂ ਦਿੱਤੀ। (ਮੱਤੀ 12:38, 39) ਸ਼ਾਇਦ ਯਿਸੂ ਦੇ ਕੁਝ ਚੇਲੇ ਸਮਝ ਨਹੀਂ ਸਕੇ ਕਿ ਯਿਸੂ ਨੇ ਨਿਸ਼ਾਨੀ ਕਿਉਂ ਨਹੀਂ ਦਿੱਤੀ ਸੀ। ਇਸ ਤੋਂ ਇਲਾਵਾ ਯਿਸੂ ਨੇ ਆਪਣੇ ਚੇਲਿਆਂ ਨੂੰ ਅਜਿਹੀ ਗੱਲ ਦੱਸਣੀ ਸ਼ੁਰੂ ਕੀਤੀ ਜੋ ਉਨ੍ਹਾਂ ਲਈ ਸਮਝਣੀ ਬਹੁਤ ਮੁਸ਼ਕਲ ਸੀ। ਉਹ ਕਿਹੜੀ ਗੱਲ ਸੀ? ਯਿਸੂ ਨੇ ਕਿਹਾ: “ਮੈਨੂੰ ਜਰੂਰ ਹੈ ਜੋ ਯਰੂਸ਼ਲਮ ਨੂੰ ਜਾਵਾਂ ਅਤੇ ਬਜੁਰਗਾਂ ਅਤੇ ਪਰਧਾਨ ਜਾਜਕਾਂ ਅਤੇ ਗ੍ਰੰਥੀਆਂ ਦੇ ਹੱਥੋਂ ਬਹੁਤ ਦੁਖ ਝੱਲਾਂ ਅਤੇ ਮਾਰ ਦਿੱਤਾ ਜਾਵਾਂ।”—ਮੱਤੀ 16:21-23.

10 ਇਸ ਸਮੇਂ ਤੇ ਯਿਸੂ ਦੀ ਮੌਤ ਤਕ ਸਿਰਫ਼ ਨੌਂ ਜਾਂ ਦੱਸ ਮਹੀਨੇ ਰਹਿੰਦੇ ਸਨ। ਫਿਰ ਉਸ ਨੇ “ਇਸ ਜਗਤ ਨੂੰ ਛੱਡ ਕੇ ਪਿਤਾ ਦੇ ਕੋਲ” ਚਲੇ ਜਾਣਾ ਸੀ। (ਯੂਹੰਨਾ 13:1) ਉਸ ਨੂੰ ਆਪਣਿਆਂ ਚੇਲਿਆਂ ਦਾ ਬਹੁਤ ਫ਼ਿਕਰ ਸੀ। ਇਸ ਲਈ ਉਸ ਨੇ ਵਾਅਦਾ ਕੀਤਾ ਕਿ ਉਨ੍ਹਾਂ ਵਿੱਚੋਂ ਕੁਝ ਚੇਲੇ ਉਹੀ ਦੇਖਣਗੇ ਜੋ ਉਸ ਨੇ ਯਹੂਦੀ ਲੋਕਾਂ ਨੂੰ ਦਿਖਾਉਣ ਤੋਂ ਇਨਕਾਰ ਕੀਤਾ ਸੀ ਯਾਨੀ ਸਵਰਗੋਂ ਇਕ ਨਿਸ਼ਾਨੀ। ਉਸ ਨੇ ਕਿਹਾ: “ਮੈਂ ਤੁਹਾਨੂੰ ਸਤ ਆਖਦਾ ਹਾਂ ਜੋ ਕੋਈ ਏਹਨਾਂ ਵਿੱਚੋਂ ਜਿਹੜੇ ਐਥੇ ਖੜੇ ਹਨ ਮੌਤ ਦਾ ਸੁਆਦ ਨਾ ਚੱਖਣਗੇ ਜਦ ਤੋੜੀ ਮਨੁੱਖ ਦੇ ਪੁੱਤ੍ਰ ਨੂੰ ਆਪਣੇ ਰਾਜ ਵਿੱਚ ਆਉਂਦਾ ਨਾ ਵੇਖਣ।” (ਮੱਤੀ 16:28) ਯਿਸੂ ਇਹ ਨਹੀਂ ਕਹਿ ਰਿਹਾ ਸੀ ਕਿ ਉਸ ਦੇ ਕੁਝ ਚੇਲੇ 1914 ਵਿਚ ਉਸ ਦੇ ਰਾਜ ਸਥਾਪਿਤ ਹੋਣ ਤਕ ਜੀਉਂਦੇ ਰਹਿਣਗੇ। ਨਹੀਂ, ਇਸ ਦੀ ਬਜਾਇ ਯਿਸੂ ਨੇ ਆਪਣੇ ਤਿੰਨ ਅਜ਼ੀਜ਼ ਚੇਲਿਆਂ ਨੂੰ ਆਪਣੇ ਰਾਜ ਦਾ ਇਕ ਸ਼ਾਨਦਾਰ ਦਰਸ਼ਣ ਦੇਣਾ ਸੀ।

11. ਉਸ ਸਮੇਂ ਕੀ ਹੋਇਆ ਸੀ ਜਦ ਯਿਸੂ ਤਿੰਨ ਚੇਲਿਆਂ ਨੂੰ ਪਹਾੜ ਉੱਤੇ ਲੈ ਗਿਆ ਸੀ?

11 ਇਹ ਵਾਅਦਾ ਕਰਨ ਤੋਂ ਛੇ ਦਿਨ ਬਾਅਦ ਯਿਸੂ ਪਤਰਸ, ਯਾਕੂਬ ਅਤੇ ਯੂਹੰਨਾ ਨੂੰ ਇਕ ਉੱਚੇ ਪਹਾੜ ਉੱਤੇ ਲੈ ਗਿਆ। ਉਹ ਸ਼ਾਇਦ ਹਰਮੋਨ ਪਹਾੜ ਦੀ ਟੀਸੀ ਉੱਤੇ ਗਏ ਸਨ। ਇੱਥੇ ਯਿਸੂ “ਦਾ ਰੂਪ ਉਨ੍ਹਾਂ ਦੇ ਸਾਹਮਣੇ ਬਦਲ ਗਿਆ ਅਰ ਉਹ ਦਾ ਮੂੰਹ ਸੂਰਜ ਵਾਂਙੁ ਚਮਕਿਆ ਅਤੇ ਉਹ ਦੇ ਕੱਪੜੇ ਚਾਨਣ ਜੇਹੇ ਚਿੱਟੇ ਹੋ ਗਏ।” ਮੂਸਾ ਅਤੇ ਏਲੀਯਾਹ ਨਬੀ ਵੀ ਯਿਸੂ ਨਾਲ ਗੱਲਾਂ ਕਰਦੇ ਦਿਖਾਈ ਦਿੱਤੇ। ਇਹ ਚਮਤਕਾਰ ਰਾਤ ਦੇ ਵੇਲੇ ਹੋਇਆ ਸੀ ਜਿਸ ਕਰਕੇ ਇਹ ਹੋਰ ਵੀ ਸ਼ਾਨਦਾਰ ਨਜ਼ਰ ਆਇਆ ਹੋਣਾ। ਦਰਅਸਲ, ਪਤਰਸ ਨੂੰ ਇਹ ਸ਼ਾਨਦਾਰ ਦਰਸ਼ਣ ਇੰਨਾ ਅਸਲੀ ਲੱਗਾ ਸੀ ਕਿ ਉਸ ਨੇ ਤਿੰਨ ਡੇਰੇ ਬਣਾਉਣ ਦੀ ਗੱਲ ਕੀਤੀ, ਇਕ ਯਿਸੂ ਲਈ, ਇਕ ਮੂਸਾ ਲਈ ਅਤੇ ਇਕ ਏਲੀਯਾਹ ਲਈ। ਪਤਰਸ ਅਜੇ ਗੱਲ ਕਰ ਹੀ ਰਿਹਾ ਸੀ ਜਦ ਇਕ ਚਮਕਦਾਰ ਬੱਦਲ ਨੇ ਉਨ੍ਹਾਂ ਉੱਤੇ ਛਾਂ ਕੀਤੀ ਅਤੇ ਉਸ ਵਿੱਚੋਂ ਇਕ ਆਵਾਜ਼ ਇਹ ਕਹਿੰਦੀ ਸੁਣਾਈ ਦਿੱਤੀ: “ਇਹ ਮੇਰਾ ਪਿਆਰਾ ਪੁੱਤ੍ਰ ਹੈ ਜਿਸ ਤੋਂ ਮੈਂ ਪਰਸਿੰਨ ਹਾਂ। ਉਹ ਦੀ ਸੁਣੋ।”—ਮੱਤੀ 17:1-6.

12, 13. ਦਰਸ਼ਣ ਦਾ ਯਿਸੂ ਦੇ ਚੇਲਿਆਂ ਉੱਤੇ ਕਿਹੋ ਜਿਹਾ ਅਸਰ ਪਿਆ ਸੀ ਅਤੇ ਕਿਉਂ?

12 ਇਹ ਸੱਚ ਹੈ ਕਿ ਇਸ ਘਟਨਾ ਤੋਂ ਥੋੜ੍ਹੀ ਦੇਰ ਪਹਿਲਾਂ ਪਤਰਸ ਨੇ ਗਵਾਹੀ ਦਿੱਤੀ ਸੀ ਕਿ ਯਿਸੂ “ਮਸੀਹ ਜੀਉਂਦੇ ਪਰਮੇਸ਼ੁਰ ਦਾ ਪੁੱਤ੍ਰ” ਹੈ। (ਮੱਤੀ 16:16) ਪਰ ਜ਼ਰਾ ਸੋਚੋ ਕਿ ਪਰਮੇਸ਼ੁਰ ਦੀ ਆਵਾਜ਼ ਸੁਣ ਕੇ ਉਸ ਉੱਤੇ ਕੀ ਅਸਰ ਪਿਆ ਹੋਣਾ ਕਿ ਇਹ ਉਸ ਦਾ ਆਪਣਾ ਪੁੱਤਰ ਸੀ ਜਿਸ ਦੀ ਸੁਣੀ ਜਾਣੀ ਚਾਹੀਦੀ ਸੀ! ਮਸੀਹਾ ਦਾ ਇਹ ਦਰਸ਼ਣ ਦੇਖ ਕੇ ਪਤਰਸ, ਯਾਕੂਬ ਅਤੇ ਯੂਹੰਨਾ ਦੀ ਨਿਹਚਾ ਹੋਰ ਵੀ ਪੱਕੀ ਹੋਈ ਹੋਣੀ। ਇਸ ਨੇ ਆਉਣ ਵਾਲੀਆਂ ਔਖੀਆਂ ਘਟਨਾਵਾਂ ਲਈ ਅਤੇ ਕਲੀਸਿਯਾ ਵਿਚ ਜ਼ਿੰਮੇਵਾਰੀਆਂ ਚੁੱਕਣ ਲਈ ਉਨ੍ਹਾਂ ਨੂੰ ਤਿਆਰ ਕੀਤਾ ਹੋਣਾ।

13 ਇਸ ਦਰਸ਼ਣ ਦਾ ਉਨ੍ਹਾਂ ਚੇਲਿਆਂ ਉੱਤੇ ਇੰਨਾ ਗਹਿਰਾ ਅਸਰ ਪਿਆ ਕਿ ਇਸ ਨੂੰ ਦੇਖਣ ਤੋਂ ਤਕਰੀਬਨ 30 ਸਾਲ ਬਾਅਦ ਪਤਰਸ ਨੇ ਲਿਖਿਆ: “[ਯਿਸੂ] ਨੂੰ ਪਿਤਾ ਪਰਮੇਸ਼ੁਰ ਕੋਲੋਂ ਆਦਰ ਅਤੇ ਵਡਿਆਈ ਮਿਲੀ ਸੀ ਜਿਸ ਵੇਲੇ ਓਸ ਡਾਢੇ ਭੜਕ ਵਾਲੇ ਤੇਜ ਤੋਂ ਉਹ ਨੂੰ ਇਹ ਸ਼ਬਦ ਆਇਆ ਭਈ ਇਹ ਮੇਰਾ ਪਿਆਰਾ ਪੁੱਤ੍ਰ ਹੈ ਜਿਸ ਤੋਂ ਮੈਂ ਪਰਸੰਨ ਹਾਂ ਅਤੇ ਇਹ ਸ਼ਬਦ ਅਸਾਂ ਜਿਸ ਵੇਲੇ ਪਵਿੱਤਰ ਪਹਾੜ ਉੱਤੇ ਉਹ ਦੇ ਨਾਲ ਸਾਂ ਤਾਂ ਅਕਾਸ਼ੋਂ ਆਉਂਦਾ ਸੁਣਿਆ।” (2 ਪਤਰਸ 1:17, 18) ਇਸੇ ਘਟਨਾ ਦਾ ਯੂਹੰਨਾ ਰਸੂਲ ਉੱਤੇ ਵੀ ਬਹੁਤ ਪ੍ਰਭਾਵ ਪਿਆ ਸੀ ਕਿਉਂਕਿ ਇਸ ਦੇ ਵਾਪਰਨ ਤੋਂ ਕੁਝ 60 ਸਾਲ ਬਾਅਦ ਉਸ ਨੇ ਲਿਖਿਆ: “ਅਸਾਂ ਉਸ ਦਾ ਤੇਜ ਪਿਤਾ ਦੇ ਇਕਲੌਤੇ ਦੇ ਤੇਜ ਵਰਗਾ ਡਿੱਠਾ।” (ਯੂਹੰਨਾ 1:14) ਪਰ ਇਹ ਯਿਸੂ ਦੇ ਚੇਲਿਆਂ ਨੂੰ ਦਿੱਤਾ ਗਿਆ ਆਖ਼ਰੀ ਦਰਸ਼ਣ ਨਹੀਂ ਸੀ।

ਪਰਮੇਸ਼ੁਰ ਦੇ ਵਫ਼ਾਦਾਰ ਲੋਕਾਂ ਲਈ ਚਾਨਣ

14, 15. ਯੂਹੰਨਾ ਯਿਸੂ ਦੇ ਆਉਣ ਤੀਕ ਕਿਵੇਂ ਠਹਿਰਿਆ ਰਿਹਾ ਸੀ?

14 ਯਿਸੂ ਦੇ ਜੀ ਉਠਾਏ ਜਾਣ ਤੋਂ ਬਾਅਦ ਉਹ ਗਲੀਲ ਦੀ ਝੀਲ ਦੇ ਕਿਨਾਰੇ ਆਪਣੇ ਚੇਲਿਆਂ ਨੂੰ ਦਿਖਾਈ ਦਿੱਤਾ ਸੀ। ਉਸ ਸਮੇਂ ਉਸ ਨੇ ਪਤਰਸ ਨੂੰ ਕਿਹਾ: “ਜੇ ਮੈਂ ਚਾਹਾਂ ਜੋ [ਯੂਹੰਨਾ] ਮੇਰੇ ਆਉਣ ਤੀਕ ਠਹਿਰੇ ਤਾਂ ਤੈਨੂੰ ਕੀ?” (ਯੂਹੰਨਾ 21:1, 20-22, 24) ਲੱਗਦਾ ਹੈ ਕਿ ਇਨ੍ਹਾਂ ਸ਼ਬਦਾਂ ਦਾ ਮਤਲਬ ਸੀ ਕਿ ਯੂਹੰਨਾ ਨੇ ਦੂਸਰਿਆਂ ਰਸੂਲਾਂ ਨਾਲੋਂ ਜ਼ਿਆਦਾ ਚਿਰ ਲਈ ਜੀਉਂਦਾ ਰਹਿਣਾ ਸੀ। ਉਹ ਅਗਲੇ 70 ਕੁ ਸਾਲਾਂ ਲਈ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦਾ ਰਿਹਾ ਸੀ। ਪਰ ਯਿਸੂ ਸਿਰਫ਼ ਉਸ ਦੀ ਲੰਬੀ ਜ਼ਿੰਦਗੀ ਬਾਰੇ ਹੀ ਗੱਲ ਨਹੀਂ ਕਰ ਰਿਹਾ ਸੀ।

15 “ਮੇਰੇ ਆਉਣ ਤੀਕ ਠਹਿਰੇ” ਸ਼ਬਦ ਪੜ੍ਹ ਕੇ ਸਾਨੂੰ ਸ਼ਾਇਦ ਯਿਸੂ ਦੀ ਉਹ ਗੱਲ ਯਾਦ ਆਵੇ ਜਦ ਉਸ ਨੇ ਵਾਅਦਾ ਕੀਤਾ ਸੀ ਕਿ ਉਸ ਦੇ ਕੁਝ ਚੇਲੇ ‘ਮਨੁੱਖ ਦੇ ਪੁੱਤ੍ਰ ਨੂੰ ਆਪਣੇ ਰਾਜ ਵਿੱਚ ਆਉਂਦਾ ਦੇਖਣਗੇ।’ (ਮੱਤੀ 16:28) ਯੂਹੰਨਾ ਯਿਸੂ ਦੇ ਆਉਣ ਤਕ ਕਿਵੇਂ ਠਹਿਰਿਆ ਰਿਹਾ ਸੀ? ਉਹ ਯਿਸੂ ਨੂੰ ਰਾਜ-ਸੱਤਾ ਵਿਚ ਆਉਣ ਦਾ ਦਰਸ਼ਣ ਦੇਖਣ ਤਕ ਠਹਿਰਿਆ ਰਿਹਾ। ਯੂਹੰਨਾ ਦੀ ਜ਼ਿੰਦਗੀ ਦੇ ਅੰਤ ਨੇੜੇ ਉਹ ਪਾਤਮੁਸ ਦੇ ਟਾਪੂ ਉੱਤੇ ਜਲਾਵਤਨ ਸੀ। ਉੱਥੇ ਉਸ ਨੇ ਕਈ ਅਨੋਖੇ ਦਰਸ਼ਣ ਦੇਖੇ ਜੋ “ਪ੍ਰਭੁ ਦੇ ਦਿਨ” ਵਿਚ ਪੂਰੇ ਹੋਣੇ ਸਨ। ਉਹ ਇਨ੍ਹਾਂ ਦਰਸ਼ਣਾਂ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਜਦ ਯਿਸੂ ਨੇ ਕਿਹਾ: “ਹਾਂ, ਮੈਂ ਛੇਤੀ ਆਉਂਦਾ ਹਾਂ,” ਤਾਂ ਯੂਹੰਨਾ ਨੇ ਆਖਿਆ: “ਆਮੀਨ। ਹੇ ਪ੍ਰਭੁ ਯਿਸੂ, ਆਓ!”—ਪਰਕਾਸ਼ ਦੀ ਪੋਥੀ 1:1, 10; 22:20.

16. ਇਹ ਜ਼ਰੂਰੀ ਕਿਉਂ ਹੈ ਕਿ ਅਸੀਂ ਆਪਣੀ ਨਿਹਚਾ ਨੂੰ ਮਜ਼ਬੂਤ ਰੱਖੀਏ?

16 ਪਹਿਲੀ ਸਦੀ ਵਿਚ ਕਈ ਨੇਕਦਿਲ ਲੋਕਾਂ ਨੇ ਸਵੀਕਾਰ ਕੀਤਾ ਕਿ ਯਿਸੂ ਹੀ ਮਸੀਹਾ ਸੀ ਅਤੇ ਉਸ ਉੱਤੇ ਨਿਹਚਾ ਕੀਤੀ। ਪਰ ਉਨ੍ਹਾਂ ਦੇ ਆਲੇ-ਦੁਆਲੇ ਦੇ ਜ਼ਿਆਦਾਤਰ ਲੋਕਾਂ ਨੇ ਨਿਹਚਾ ਨਹੀਂ ਕੀਤੀ ਸੀ। ਯਿਸੂ ਦੇ ਚੇਲਿਆਂ ਉੱਤੇ ਅਜ਼ਮਾਇਸ਼ਾਂ ਆਉਣੀਆਂ ਸਨ ਅਤੇ ਉਨ੍ਹਾਂ ਅੱਗੇ ਬਹੁਤ ਸਾਰਾ ਕੰਮ ਕਰਨ ਵਾਲਾ ਸੀ, ਇਸ ਲਈ ਉਨ੍ਹਾਂ ਨੂੰ ਹੌਸਲੇ ਦੀ ਲੋੜ ਸੀ। ਯਿਸੂ ਨੇ ਆਪਣੇ ਵਫ਼ਾਦਾਰ ਚੇਲਿਆਂ ਦੀ ਨਿਹਚਾ ਮਜ਼ਬੂਤ ਕਰਨ ਲਈ ਉਨ੍ਹਾਂ ਨੂੰ ਮਸੀਹਾ ਹੋਣ ਦਾ ਬਹੁਤ ਸਾਰਾ ਸਬੂਤ ਦਿੱਤਾ ਅਤੇ ਕਈਆਂ ਨੂੰ ਭਵਿੱਖ ਦੇ ਦਰਸ਼ਣ ਵੀ ਦਿੱਤੇ ਸਨ। ਅੱਜ ਅਸੀਂ “ਪ੍ਰਭੁ ਦੇ ਦਿਨ” ਵਿਚ ਜੀ ਰਹੇ ਹਾਂ ਤੇ ਇਹ ਦਿਨ ਕਾਫ਼ੀ ਲੰਘ ਚੁੱਕਾ ਹੈ। ਬਹੁਤ ਜਲਦੀ ਹੁਣ ਯਿਸੂ ਸ਼ਤਾਨ ਦੀ ਦੁਸ਼ਟ ਦੁਨੀਆਂ ਦਾ ਨਾਸ਼ ਕਰੇਗਾ ਅਤੇ ਪਰਮੇਸ਼ੁਰ ਦੇ ਲੋਕਾਂ ਨੂੰ ਬਚਾਵੇਗਾ। ਸਾਨੂੰ ਵੀ ਆਪਣੀ ਨਿਹਚਾ ਮਜ਼ਬੂਤ ਰੱਖਣ ਲਈ ਯਹੋਵਾਹ ਦੇ ਸਾਰੇ ਪ੍ਰਬੰਧਾਂ ਤੋਂ ਲਾਭ ਹਾਸਲ ਕਰਨ ਦੀ ਲੋੜ ਹੈ।

ਹਨੇਰੇ ਅਤੇ ਬਿਪਤਾ ਵਿੱਚੋਂ ਬਚਾਅ

17, 18. ਪਹਿਲੀ ਸਦੀ ਵਿਚ ਯਿਸੂ ਦੇ ਚੇਲਿਆਂ ਅਤੇ ਉਸ ਦੇ ਵਿਰੋਧੀਆਂ ਵਿਚ ਕਿਹੜਾ ਵੱਡਾ ਫ਼ਰਕ ਸੀ ਅਤੇ ਇਨ੍ਹਾਂ ਸਾਰਿਆਂ ਨਾਲ ਕੀ-ਕੀ ਹੋਇਆ ਸੀ?

17 ਯਿਸੂ ਦੀ ਮੌਤ ਤੋਂ ਬਾਅਦ ਉਸ ਦੇ ਚੇਲਿਆਂ ਨੇ ਦਲੇਰੀ ਨਾਲ ਉਸ ਦੇ ਹੁਕਮ ਦੀ ਪਾਲਣਾ ਕੀਤੀ ਕਿ ਉਹ “ਯਰੂਸ਼ਲਮ ਅਰ ਸਾਰੇ ਯਹੂਦਿਯਾ ਅਤੇ ਸਾਮਰਿਯਾ ਵਿੱਚ ਸਗੋਂ ਧਰਤੀ ਦੇ ਬੰਨੇ ਤੀਕੁਰ” ਉਸ ਦੇ ਗਵਾਹ ਬਣਨ। (ਰਸੂਲਾਂ ਦੇ ਕਰਤੱਬ 1:8) ਸਖ਼ਤ ਵਿਰੋਧਤਾ ਦੇ ਬਾਵਜੂਦ ਯਹੋਵਾਹ ਨਵੀਂ ਬਣੀ ਕਲੀਸਿਯਾ ਨੂੰ ਚਾਨਣ ਦਿੰਦਾ ਰਿਹਾ ਅਤੇ ਬਹੁਤ ਸਾਰੇ ਲੋਕ ਯਿਸੂ ਦੇ ਚੇਲੇ ਬਣੇ।—ਰਸੂਲਾਂ ਦੇ ਕਰਤੱਬ 2:47; 4:1-31; 8:1-8.

18 ਦੂਜੇ ਪਾਸੇ ਖ਼ੁਸ਼ ਖ਼ਬਰੀ ਦੇ ਵਿਰੋਧੀਆਂ ਲਈ ਹਨੇਰਾ ਹੀ ਹਨੇਰਾ ਸੀ। ਕਹਾਉਤਾਂ 4:19 ਵਿਚ ਲਿਖਿਆ ਹੈ ਕਿ “ਦੁਸ਼ਟਾਂ ਦਾ ਰਾਹ ਅਨ੍ਹੇਰ ਘੁੱਪ ਵਰਗਾ ਹੈ, ਓਹ ਜਾਣਦੇ ਵੀ ਨਹੀਂ ਭਈ ਓਹਨਾਂ ਨੂੰ ਕਿਸ ਤੋਂ ਠੋਕਰ ਲੱਗਦੀ ਹੈ।” ਇਹ “ਅਨ੍ਹੇਰ” ਸਾਲ 66 ਵਿਚ ਹੋਰ ਵੀ ਕਾਲਾ ਹੋਇਆ ਜਦ ਰੋਮੀ ਫ਼ੌਜਾਂ ਨੇ ਯਰੂਸ਼ਲਮ ਦੇ ਆਲੇ-ਦੁਆਲੇ ਘੇਰਾ ਪਾਇਆ ਸੀ। ਥੋੜ੍ਹੀ ਦੇਰ ਲਈ ਇਹ ਫ਼ੌਜੀ ਪਿੱਛੇ ਹਟ ਗਏ ਸਨ। ਪਰ ਫਿਰ ਸਾਲ 70 ਵਿਚ ਉਹ ਦੁਬਾਰਾ ਮੁੜੇ ਅਤੇ ਇਸ ਵਾਰ ਉਨ੍ਹਾਂ ਨੇ ਯਰੂਸ਼ਲਮ ਸ਼ਹਿਰ ਨੂੰ ਤਬਾਹ ਕਰ ਦਿੱਤਾ। ਜੋਸੀਫ਼ਸ ਨਾਂ ਦੇ ਯਹੂਦੀ ਇਤਿਹਾਸਕਾਰ ਦੇ ਮੁਤਾਬਕ ਉਸ ਵੇਲੇ 10 ਲੱਖ ਯਹੂਦੀ ਮਾਰੇ ਗਏ ਸਨ। ਪਰ ਵਫ਼ਾਦਾਰ ਮਸੀਹੀ ਬਚ ਨਿਕਲੇ। ਉਹ ਕਿਉਂ? ਕਿਉਂਕਿ ਜਦ ਫ਼ੌਜੀ ਪਿੱਛੇ ਹਟ ਗਏ ਸਨ, ਤਾਂ ਮਸੀਹੀ ਯਿਸੂ ਦਾ ਹੁਕਮ ਮੰਨ ਕੇ ਸ਼ਹਿਰ ਤੋਂ ਭੱਜ ਗਏ ਸਨ।—ਲੂਕਾ 21:20-22.

19, 20. (ੳ) ਦੁਨੀਆਂ ਦਾ ਅੰਤ ਨੇੜੇ ਆਉਂਦਾ ਦੇਖ ਕੇ ਪਰਮੇਸ਼ੁਰ ਦੇ ਲੋਕਾਂ ਨੂੰ ਡਰਨ ਦੀ ਲੋੜ ਕਿਉਂ ਨਹੀਂ ਹੈ? (ਅ) ਯਹੋਵਾਹ ਨੇ 1914 ਤੋਂ ਪਹਿਲਾਂ ਆਪਣੇ ਲੋਕਾਂ ਨੂੰ ਕਿਹੜਾ ਗਿਆਨ ਦਿੱਤਾ ਸੀ?

19 ਪਹਿਲੀ ਸਦੀ ਦੇ ਮਸੀਹੀਆਂ ਵਾਂਗ ਅਸੀਂ ਵੀ ਅੱਜ ਸਮੇਂ ਦੇ ਮੋੜ ਤੇ ਖੜ੍ਹੇ ਹਾਂ। ਵੱਡੀ ਬਿਪਤਾ ਦੌਰਾਨ ਸ਼ਤਾਨ ਦੀ ਦੁਸ਼ਟ ਦੁਨੀਆਂ ਦਾ ਨਾਸ਼ ਕੀਤਾ ਜਾਵੇਗਾ। ਪਰ ਪਰਮੇਸ਼ੁਰ ਦੇ ਲੋਕਾਂ ਨੂੰ ਡਰਨ ਦੀ ਲੋੜ ਨਹੀਂ ਕਿਉਂਕਿ ਯਿਸੂ ਨੇ ਵਾਅਦਾ ਕੀਤਾ: “ਵੇਖੋ ਮੈਂ ਜੁਗ ਦੇ ਅੰਤ ਤੀਕਰ ਹਰ ਵੇਲੇ ਤੁਹਾਡੇ ਨਾਲ ਹਾਂ।” (ਮੱਤੀ 28:20) ਪਹਿਲੀ ਸਦੀ ਦੇ ਮਸੀਹੀਆਂ ਦੀ ਨਿਹਚਾ ਮਜ਼ਬੂਤ ਕਰਨ ਅਤੇ ਉਨ੍ਹਾਂ ਨੂੰ ਭਵਿੱਖ ਵਾਸਤੇ ਤਿਆਰ ਕਰਨ ਲਈ ਯਿਸੂ ਨੇ ਉਨ੍ਹਾਂ ਨੂੰ ਉਸ ਸਮੇਂ ਦੇ ਦਰਸ਼ਣ ਦਿੱਤੇ ਸਨ ਜਦ ਉਹ ਰਾਜ-ਸੱਤਾ ਵਿਚ ਆਵੇਗਾ। ਅੱਜ ਬਾਰੇ ਕੀ? ਸਾਲ 1914 ਵਿਚ ਇਹ ਦਰਸ਼ਣ ਪੂਰੇ ਹੋਏ ਸਨ। ਪਰਮੇਸ਼ੁਰ ਦੇ ਲੋਕਾਂ ਨੂੰ ਇਹ ਜਾਣ ਕੇ ਕਿੰਨਾ ਹੌਸਲਾ ਮਿਲਿਆ! ਅਗਾਹਾਂ ਨੂੰ ਇਹ ਰਾਜ ਧਰਤੀ ਉੱਤੇ ਹੋਰ ਵੀ ਬਰਕਤਾਂ ਲਿਆਵੇਗਾ ਅਤੇ ਯਹੋਵਾਹ ਦੇ ਸੇਵਕਾਂ ਨੂੰ ਹੌਲੀ-ਹੌਲੀ ਇਸ ਬਾਰੇ ਜ਼ਿਆਦਾ ਗਿਆਨ ਦਿੱਤਾ ਗਿਆ ਹੈ। ਇਸ ਹਨੇਰੀ ਦੁਨੀਆਂ ਵਿਚ “ਧਰਮੀਆਂ ਦਾ ਰਾਹ ਫ਼ਜਰ ਦੇ ਚਾਨਣ ਵਰਗਾ ਹੈ, ਜਿਹ ਦਾ ਚਾਨਣ ਪੂਰੇ ਦਿਨ ਤਾਈਂ ਵੱਧਦਾ ਜਾਂਦਾ ਹੈ।”—ਕਹਾਉਤਾਂ 4:18.

20 ਸਾਲ 1914 ਤੋਂ ਪਹਿਲਾਂ ਹੀ ਮਸਹ ਕੀਤੇ ਹੋਏ ਮਸੀਹੀਆਂ ਦਾ ਇਕ ਛੋਟਾ ਸਮੂਹ ਯਿਸੂ ਦੇ ਆਉਣ ਬਾਰੇ ਕੁਝ ਜ਼ਰੂਰੀ ਗੱਲਾਂ ਸਮਝਣ ਲੱਗ ਪਿਆ ਸੀ। ਮਿਸਾਲ ਲਈ, ਉਹ ਜਾਣ ਗਏ ਸਨ ਕਿ ਸਾਰਿਆਂ ਨੂੰ ਨਹੀਂ ਪਤਾ ਲੱਗੇਗਾ ਕਿ ਯਿਸੂ ਸਵਰਗ ਵਿਚ ਰਾਜਾ ਬਣ ਗਿਆ ਹੈ। ਸਾਲ 33 ਵਿਚ ਯਿਸੂ ਦੇ ਸਵਰਗ ਨੂੰ ਚੜ੍ਹਨ ਵੇਲੇ ਦੋ ਦੂਤਾਂ ਨੇ ਇਸ ਗੱਲ ਦਾ ਸੰਕੇਤ ਕੀਤਾ ਸੀ। ਉਸ ਵੇਲੇ ਸਿਰਫ਼ ਯਿਸੂ ਦੇ ਚੰਦ ਚੇਲੇ ਮੌਜੂਦ ਸਨ। ਜਦ ਬੱਦਲ ਵਿਚ ਯਿਸੂ ਆਪਣੇ ਚੇਲਿਆਂ ਦੀ ਨਜ਼ਰ ਤੋਂ ਦੂਰ ਚਲਿਆ ਗਿਆ, ਤਾਂ ਦੂਤਾਂ ਨੇ ਕਿਹਾ: ‘ਇਹ ਯਿਸੂ ਜਿਹੜਾ ਤੁਹਾਡੇ ਕੋਲੋਂ ਅਕਾਸ਼ ਉੱਪਰ ਉਠਾ ਲਿਆ ਗਿਆ ਓਸੇ ਤਰਾਂ ਆਵੇਗਾ ਜਿਸ ਤਰਾਂ ਤੁਸਾਂ ਉਸ ਨੂੰ ਅਕਾਸ਼ ਉੱਤੇ ਜਾਂਦੇ ਵੇਖਿਆ।’—ਰਸੂਲਾਂ ਦੇ ਕਰਤੱਬ 1:9-11.

21. ਅਗਲੇ ਲੇਖ ਵਿਚ ਅਸੀਂ ਕੀ ਦੇਖਾਂਗੇ?

21 ਸਿਰਫ਼ ਯਿਸੂ ਦੇ ਵਫ਼ਾਦਾਰ ਚੇਲਿਆਂ ਨੇ ਉਸ ਨੂੰ ਸਵਰਗ ਚੜ੍ਹਦੇ ਦੇਖਿਆ ਸੀ। ਇਹ ਘਟਨਾ ਸਾਰਿਆਂ ਨੇ ਨਹੀਂ ਦੇਖੀ ਸੀ। ਆਮ ਤੌਰ ਤੇ ਦੁਨੀਆਂ ਦੇ ਲੋਕਾਂ ਨੂੰ ਪਤਾ ਹੀ ਨਹੀਂ ਸੀ ਕਿ ਉਸ ਵੇਲੇ ਕੀ ਹੋਇਆ ਸੀ। ਇਹੀ ਗੱਲ ਮਸੀਹ ਦੇ ਰਾਜ-ਸੱਤਾ ਵਿਚ ਆਉਣ ਬਾਰੇ ਸੱਚ ਸਾਬਤ ਹੋਈ ਹੈ। (ਯੂਹੰਨਾ 14:19) ਸਿਰਫ਼ ਉਸ ਦੇ ਮਸਹ ਕੀਤੇ ਹੋਏ ਵਫ਼ਾਦਾਰ ਚੇਲਿਆਂ ਨੇ ਸਮਝਿਆ ਸੀ ਕਿ ਉਹ ਰਾਜੇ ਵਜੋਂ ਮੌਜੂਦ ਹੈ। ਅਗਲੇ ਲੇਖ ਵਿਚ ਅਸੀਂ ਦੇਖਾਂਗੇ ਕਿ ਇਸ ਗਿਆਨ ਦਾ ਉਨ੍ਹਾਂ ਉੱਤੇ ਕਿਹੋ ਜਿਹਾ ਅਸਰ ਪਿਆ ਸੀ ਅਤੇ ਲੱਖਾਂ ਲੋਕ ਧਰਤੀ ਉੱਤੇ ਯਿਸੂ ਦੀ ਪਰਜਾ ਕਿਵੇਂ ਬਣੇ ਹਨ।—ਪਰਕਾਸ਼ ਦੀ ਪੋਥੀ 7:9, 14.

[ਫੁਟਨੋਟ]

^ ਪੈਰਾ 5 ਲੱਗਦਾ ਹੈ ਕਿ ਯਿਸੂ ਦੇ ਬਪਤਿਸਮੇ ਤੇ ਸਿਰਫ਼ ਯੂਹੰਨਾ ਨੇ ਪਰਮੇਸ਼ੁਰ ਦੀ ਆਵਾਜ਼ ਸੁਣੀ ਸੀ। ਜਿਨ੍ਹਾਂ ਯਹੂਦੀਆਂ ਨਾਲ ਯਿਸੂ ਗੱਲ ਕਰ ਰਿਹਾ ਸੀ ਉਨ੍ਹਾਂ ਨੇ “ਨਾ ਕਦੇ [ਪਰਮੇਸ਼ੁਰ] ਦੀ ਅਵਾਜ਼ ਸੁਣੀ, ਨਾ ਉਹ ਦਾ ਰੂਪ ਡਿੱਠਾ” ਸੀ।—ਯੂਹੰਨਾ 5:37.

ਕੀ ਤੁਹਾਨੂੰ ਯਾਦ ਹੈ?

• ਜਦ ਯਿਸੂ ਉੱਤੇ ਸਬਤ ਦੇ ਦਿਨ ਕੰਮ ਕਰਨ ਅਤੇ ਕੁਫ਼ਰ ਬੋਲਣ ਦਾ ਦੋਸ਼ ਲਾਇਆ ਗਿਆ ਸੀ, ਤਾਂ ਉਸ ਨੇ ਕਿਹੜਾ ਸਬੂਤ ਦਿੱਤਾ ਸੀ ਕਿ ਉਹ ਮਸੀਹਾ ਹੈ?

• ਪਹਿਲੀ ਸਦੀ ਵਿਚ ਯਿਸੂ ਦੇ ਚੇਲਿਆਂ ਨੂੰ ਉਸ ਦੇ ਸ਼ਾਨਦਾਰ ਦਰਸ਼ਣ ਤੋਂ ਕੀ ਲਾਭ ਹੋਇਆ ਸੀ?

• ਯਿਸੂ ਦੇ ਇਹ ਕਹਿਣ ਦਾ ਕੀ ਮਤਲਬ ਸੀ ਕਿ ਯੂਹੰਨਾ ਉਸ ਦੇ ਆਉਣ ਤਕ ਠਹਿਰਿਆ ਰਹੇਗਾ?

• ਸਾਲ 1914 ਵਿਚ ਕਿਹੜਾ ਦਰਸ਼ਣ ਪੂਰਾ ਹੋ ਕੇ ਅਸਲੀਅਤ ਬਣਿਆ ਸੀ?

[ਸਵਾਲ]

[ਸਫ਼ੇ 10 ਉੱਤੇ ਤਸਵੀਰ]

ਯਿਸੂ ਨੇ ਮਸੀਹਾ ਹੋਣ ਦਾ ਸਬੂਤ ਪੇਸ਼ ਕੀਤਾ ਸੀ

[ਸਫ਼ੇ 12 ਉੱਤੇ ਤਸਵੀਰ]

ਰਾਜ ਦੇ ਦਰਸ਼ਣ ਨੇ ਚੇਲਿਆਂ ਦੀ ਨਿਹਚਾ ਪੱਕੀ ਕੀਤੀ

[ਸਫ਼ੇ 13 ਉੱਤੇ ਤਸਵੀਰ]

ਯੂਹੰਨਾ ਨੇ ਯਿਸੂ ਦੇ ‘ਆਉਣ’ ਤਕ ਰਹਿਣਾ ਸੀ