Skip to content

Skip to table of contents

ਸੌਲੁਸ ਦੇ ਪ੍ਰਚਾਰ ਨੇ ਲੋਕਾਂ ਦਾ ਕ੍ਰੋਧ ਭੜਕਾਇਆ

ਸੌਲੁਸ ਦੇ ਪ੍ਰਚਾਰ ਨੇ ਲੋਕਾਂ ਦਾ ਕ੍ਰੋਧ ਭੜਕਾਇਆ

ਸੌਲੁਸ ਦੇ ਪ੍ਰਚਾਰ ਨੇ ਲੋਕਾਂ ਦਾ ਕ੍ਰੋਧ ਭੜਕਾਇਆ

ਦੰਮਿਸਕ ਦੇ ਯਹੂਦੀਆਂ ਨੂੰ ਇਹ ਗੱਲ ਸਮਝ ਨਹੀਂ ਆ ਰਹੀ ਸੀ ਕਿ ਇਕ ਕੱਟੜ ਯਹੂਦੀ ਆਪਣਾ ਧਰਮ ਕਿਵੇਂ ਛੱਡ ਸਕਦਾ ਸੀ। ਉਹ ਸੌਲੁਸ ਵੱਲ ਦੇਖ ਕੇ ਹੈਰਾਨ ਹੋ ਰਹੇ ਸਨ। ਕਿੱਥੇ ਉਹ ਯਰੂਸ਼ਲਮ ਵਿਚ ਯਿਸੂ ਦਾ ਨਾਂ ਲੈਣ ਵਾਲਿਆਂ ਨੂੰ ਸਤਾਉਂਦਾ ਸੀ, ਪਰ ਕਿੱਥੇ ਹੁਣ ਉਹ ਆਪ ਯਿਸੂ ਦਾ ਪ੍ਰਚਾਰ ਕਰ ਰਿਹਾ ਸੀ। ਉਹ ਸੋਚ ਰਹੇ ਸਨ ਕਿ ਸੌਲੁਸ ਜ਼ਰੂਰ ਪਾਗਲ ਹੋ ਗਿਆ ਹੋਣਾ। ਭਾਵੇਂ ਉਹ ਦੰਮਿਸਕ ਵਿਚ ਯਿਸੂ ਦੇ ਚੇਲਿਆਂ ਦਾ ਵਿਰੋਧ ਕਰਨ ਆਇਆ ਸੀ, ਪਰ ਹੁਣ ਉਹ ਕਹਿ ਰਿਹਾ ਸੀ ਕਿ ਉਹੀ ਯਿਸੂ ਜਿਸ ਨੂੰ ਘੋਰ ਅਪਰਾਧੀ ਵਜੋਂ ਸੂਲੀ ਤੇ ਟੰਗਿਆ ਗਿਆ ਸੀ, ਮਸੀਹਾ ਸੀ!—ਰਸੂਲਾਂ ਦੇ ਕਰਤੱਬ 9:1, 2, 20-22.

ਗੱਲ ਸਮਝਣ ਲਈ ਉਨ੍ਹਾਂ ਨੇ ਸ਼ਾਇਦ ਉਨ੍ਹਾਂ ਆਦਮੀਆਂ ਤੋਂ ਪੁੱਛ-ਗਿੱਛ ਕੀਤੀ ਹੋਵੇ ਜੋ ਸੌਲੁਸ ਨਾਲ ਯਰੂਸ਼ਲਮ ਤੋਂ ਤੁਰੇ ਸਨ। ਉਨ੍ਹਾਂ ਨੇ ਸ਼ਾਇਦ ਦੱਸਿਆ ਹੋਵੇ ਕਿ ਰਾਹ ਵਿਚ ਕੀ ਹੋਇਆ ਸੀ। ਦੰਮਿਸਕ ਦੇ ਨੇੜੇ ਪਹੁੰਚ ਕੇ ਉਨ੍ਹਾਂ ਨੇ ਆਪਣੇ ਆਲੇ-ਦੁਆਲੇ ਇਕ ਬੜੀ ਤੇਜ਼ ਬਿਜਲੀ ਜਿਹੀ ਦੇਖੀ ਤੇ ਉਹ ਸਾਰੇ ਭੁੰਜੇ ਡਿੱਗ ਪਏ। ਉਨ੍ਹਾਂ ਨੇ ਇਕ ਆਵਾਜ਼ ਵੀ ਸੁਣੀ। ਸੌਲੁਸ ਤੋਂ ਸਿਵਾਇ ਹੋਰ ਕਿਸੇ ਨੂੰ ਕੁਝ ਨਹੀਂ ਹੋਇਆ ਸੀ। ਉਹ ਸੜਕ ਵਿਚ ਪਿਆ ਹੋਇਆ ਸੀ ਅਤੇ ਜਦ ਉਸ ਨੇ ਉੱਠਣ ਦੀ ਕੋਸ਼ਿਸ਼ ਕੀਤੀ, ਤਾਂ ਬਾਕੀ ਦਿਆਂ ਨੂੰ ਉਸ ਦੀ ਮਦਦ ਕਰਨੀ ਪਈ ਕਿਉਂਕਿ ਉਹ ਕੁਝ ਵੀ ਦੇਖ ਨਹੀਂ ਸਕਦਾ ਸੀ।—ਰਸੂਲਾਂ ਦੇ ਕਰਤੱਬ 9:3-8; 26:13, 14.

ਦੁਸ਼ਮਣ ਤੋਂ ਦੋਸਤ ਬਣ ਗਿਆ

ਦੰਮਿਸਕ ਨੂੰ ਜਾਂਦੇ ਸਮੇਂ ਰਾਹ ਵਿਚ ਸੌਲੁਸ ਨੂੰ ਕੀ ਹੋਇਆ ਸੀ? ਕੀ ਲੰਮੀ ਵਾਟ ਜਾਂ ਤਪਦੀ ਗਰਮੀ ਨੇ ਉਸ ਨੂੰ ਕਮਜ਼ੋਰ ਕਰ ਦਿੱਤਾ ਜਾਂ ਥਕਾ ਦਿੱਤਾ ਸੀ? ਅੱਜ-ਕੱਲ੍ਹ ਦੇ ਸ਼ੱਕੀ ਲੋਕ ਗੱਲ ਸਮਝਾਉਣ ਲਈ ਕਹਿੰਦੇ ਹਨ ਕਿ ਸੌਲੁਸ ਨੇ ਨਾ ਕੁਝ ਦੇਖਿਆ ਸੀ ਤੇ ਨਾ ਹੀ ਕੁਝ ਸੁਣਿਆ ਸੀ। ਉਨ੍ਹਾਂ ਦਾ ਦਾਅਵਾ ਹੈ ਕਿ ਇਹ ਸਭ ਕੁਝ ਉਸ ਦੇ ਮਨ ਵਿਚ ਹੀ ਹੋਇਆ ਸੀ। ਕੁਝ ਇਹ ਵੀ ਕਹਿੰਦੇ ਹਨ ਕਿ ਉਸ ਦੀ ਜ਼ਮੀਰ ਉਸ ਨੂੰ ਸਤਾਉਂਦੀ ਸੀ ਅਤੇ ਉਹ ਆਪਣੇ ਮਨ ਦੇ ਵੱਡੇ ਬੋਝ ਕਾਰਨ ਬੇਚੈਨ ਤੇ ਪਰੇਸ਼ਾਨ ਸੀ। ਇਸ ਦੇ ਨਾਲ-ਨਾਲ ਇਹ ਵੀ ਕਿਹਾ ਗਿਆ ਹੈ ਕਿ ਉਸ ਨੂੰ ਮਿਰਗੀ ਦੀ ਸ਼ਿਕਾਇਤ ਸੀ।

ਪਰ ਅਸਲ ਵਿਚ ਉਸ ਨੂੰ ਬਿਜਲੀ ਵਰਗੀ ਲੋਹ ਵਿਚ ਯਿਸੂ ਮਸੀਹ ਨਜ਼ਰ ਆਇਆ ਸੀ ਤੇ ਉਸ ਨੇ ਉਸ ਨੂੰ ਵਿਸ਼ਵਾਸ ਦਿਲਾਇਆ ਕਿ ਉਹੀ ਮਸੀਹਾ ਸੀ। ਕੁਝ ਲੋਕ ਤਸਵੀਰਾਂ ਵਿਚ ਸੌਲੁਸ ਨੂੰ ਘੋੜੇ ਤੋਂ ਡਿੱਗਦਾ ਦਿਖਾਉਂਦੇ ਹਨ। ਪਰ ਬਾਈਬਲ ਸਿਰਫ਼ ਇਹੀ ਕਹਿੰਦੀ ਹੈ ਕਿ ਉਹ “ਜਮੀਨ ਉੱਤੇ ਡਿੱਗ ਪਿਆ।” (ਰਸੂਲਾਂ ਦੇ ਕਰਤੱਬ 22:6-11) ਭਾਵੇਂ ਉਹ ਤੁਰਦੇ-ਤੁਰਦੇ ਜਾਂ ਘੋੜੇ ਤੋਂ ਡਿੱਗਿਆ ਸੀ, ਪਰ ਉਸ ਦੀ ਹਉਮੈਂ ਜ਼ਰੂਰ ਡਿਗੀ ਹੋਣੀ। ਉਸ ਨੂੰ ਮੰਨਣਾ ਪਿਆ ਹੋਣਾ ਕਿ ਯਿਸੂ ਦੇ ਚੇਲੇ ਜੋ ਵੀ ਕਹਿ ਰਹੇ ਸਨ, ਉਹ ਸਹੀ ਸੀ। ਹੁਣ ਉਸ ਨੂੰ ਆਪਣੇ ਮੂੰਹ ਦੀ ਖਾਣੀ ਪੈਣੀ ਸੀ ਤੇ ਯਿਸੂ ਦੇ ਚੇਲਿਆਂ ਵਾਂਗ ਯਿਸੂ ਦਾ ਪ੍ਰਚਾਰ ਕਰਨਾ ਪੈਣਾ ਸੀ। ਉਹ ਉਨ੍ਹਾਂ ਦੇ ਜਾਨੀ ਦੁਸ਼ਮਣ ਤੋਂ ਉਨ੍ਹਾਂ ਦਾ ਜਾਨੀ ਦੋਸਤ ਬਣ ਗਿਆ। ਆਪਣੀ ਨਿਗਾਹ ਵਾਪਸ ਹਾਸਲ ਕਰਨ ਅਤੇ ਬਪਤਿਸਮਾ ਲੈਣ ਤੋਂ ਬਾਅਦ “ਸੌਲੁਸ ਹੋਰ ਵੀ ਤਕੜਾ ਹੁੰਦਾ ਗਿਆ ਅਤੇ ਇਸ ਗੱਲ ਨੂੰ ਸਾਬਤ ਕਰ ਕੇ ਭਈ ਮਸੀਹ ਇਹੋ ਹੈ ਉਨ੍ਹਾਂ ਯਹੂਦੀਆਂ ਨੂੰ ਜਿਹੜੇ ਦੰਮਿਸਕ ਵਿੱਚ ਰਹਿੰਦੇ ਸਨ ਘਬਰਾ ਦਿੱਤਾ।”—ਰਸੂਲਾਂ ਦੇ ਕਰਤੱਬ 9:22.

ਖ਼ੂਨੀਆਂ ਦਾ ਮਤਾ ਅਸਫ਼ਲ ਹੋਇਆ

ਬਪਤਿਸਮਾ ਲੈਣ ਤੋਂ ਬਾਅਦ ਸੌਲੁਸ (ਪੌਲੁਸ ਰਸੂਲ) ਕਿੱਥੇ ਗਿਆ ਸੀ? ਗਲਾਤੀਆਂ ਨੂੰ ਖਤ ਲਿਖਦੇ ਹੋਏ ਉਸ ਨੇ ਕਿਹਾ: “ਮੈਂ ਅਰਬ ਨੂੰ ਚੱਲਿਆ ਗਿਆ ਅਤੇ ਫੇਰ ਦੰਮਿਸਕ ਨੂੰ ਮੁੜ ਆਇਆ।” (ਗਲਾਤੀਆਂ 1:17) ਅਰਬ ਦਾ ਮਤਲਬ ਹੈ ਕਿ ਉਹ ਸ਼ਾਇਦ ਅਰਬੀ ਪ੍ਰਾਇਦੀਪ ਦੇ ਕਿਸੇ ਵੀ ਹਿੱਸੇ ਵਿਚ ਗਿਆ ਹੋਵੇ। ਕੁਝ ਵਿਦਵਾਨ ਕਹਿੰਦੇ ਹਨ ਕਿ ਉਹ ਸ਼ਾਇਦ ਸੀਰੀਆ ਦੇ ਮਾਰੂਥਲ ਜਾਂ ਰਾਜਾ ਅਰਿਤਾਸ ਚੌਥੇ ਦੇ ਨਬਾਤੀਅਨ ਖੇਤਰ ਵਿਚ ਗਿਆ ਹੋਵੇ। ਪਰ ਸੰਭਵ ਹੈ ਕਿ ਉਹ ਆਪਣੇ ਬਪਤਿਸਮੇ ਤੋਂ ਬਾਅਦ ਯਿਸੂ ਵਾਂਗ ਕਿਸੇ ਸੁੰਨਸਾਨ ਜਗ੍ਹਾ ਗਿਆ ਹੋਵੇ ਜਿੱਥੇ ਉਹ ਚੰਗੀ ਤਰ੍ਹਾਂ ਸੋਚ-ਵਿਚਾਰ ਕਰ ਸਕਦਾ ਸੀ।—ਲੂਕਾ 4:1-2.

ਜਦ ਸੌਲੁਸ ਦੰਮਿਸਕ ਨੂੰ ਵਾਪਸ ਆਇਆ, ਤਾਂ “ਯਹੂਦੀਆਂ ਨੇ ਉਹ ਦੇ ਮਾਰ ਘੱਤਣ ਦਾ ਮਤਾ ਪਕਾਇਆ।” (ਰਸੂਲਾਂ ਦੇ ਕਰਤੱਬ 9:23) ਦੰਮਿਸਕ ਵਿਚ ਰਾਜਾ ਅਰਿਤਾਸ ਦੇ ਥਾਪੇ ਹੋਏ ਹਾਕਮ ਨੇ ਸੌਲੁਸ ਨੂੰ ਫੜਨ ਲਈ ਸ਼ਹਿਰ ਉੱਤੇ ਪਹਿਰਾ ਲਾ ਦਿੱਤਾ ਸੀ। (2 ਕੁਰਿੰਥੀਆਂ 11:32) ਪਰ ਜਿੱਥੇ ਇਕ ਪਾਸੇ ਸੌਲੁਸ ਦੇ ਦੁਸ਼ਮਣ ਉਸ ਦੀ ਜਾਨ ਲੈਣ ਦਾ ਮਤਾ ਪਕਾ ਰਹੇ ਸਨ, ਦੂਜੇ ਪਾਸੇ ਯਿਸੂ ਦੇ ਚੇਲੇ ਉਸ ਨੂੰ ਬਚਾਉਣ ਦਾ ਇੰਤਜ਼ਾਮ ਕਰ ਰਹੇ ਸਨ।

ਕਿਸ-ਕਿਸ ਨੇ ਸੌਲੁਸ ਦੀ ਮਦਦ ਕੀਤੀ ਸੀ? ਹਨਾਨਿਯਾਹ ਦੇ ਨਾਲ-ਨਾਲ ਉਹ ਚੇਲੇ ਵੀ ਸਨ ਜਿਨ੍ਹਾਂ ਦੇ ਨਾਲ ਸੌਲੁਸ ਨੇ ਆਪਣੇ ਬਪਤਿਸਮੇ ਤੋਂ ਬਾਅਦ ਕਈ ਦਿਨ ਕੱਟੇ ਸਨ। * (ਰਸੂਲਾਂ ਦੇ ਕਰਤੱਬ 9:17-19) ਕੁਝ ਅਜਿਹੇ ਚੇਲੇ ਵੀ ਸਨ ਜੋ ਦੰਮਿਸਕ ਵਿਚ ਸੌਲੁਸ ਦਾ ਪ੍ਰਚਾਰ ਸੁਣ ਕੇ ਯਿਸੂ ਵਿਚ ਵਿਸ਼ਵਾਸ ਕਰਨ ਲੱਗੇ ਸਨ। ਅਸੀਂ ਇਸ ਤਰ੍ਹਾਂ ਕਿਉਂ ਕਹਿ ਸਕਦੇ ਹਾਂ? ਕਿਉਂਕਿ ਰਸੂਲਾਂ ਦੇ ਕਰਤੱਬ 9:25 ਵਿਚ ਕਿਹਾ ਗਿਆ ਹੈ: “ਉਹ ਦੇ ਚੇਲਿਆਂ ਨੇ ਰਾਤ ਦੇ ਵੇਲੇ ਉਹ ਨੂੰ ਲਿਆ ਅਤੇ ਟੋਕਰੇ ਵਿੱਚ ਬਹਾਲ ਕੇ ਸਫ਼ੀਲ ਉੱਪਰੋਂ ਉਤਾਰ ਦਿੱਤਾ।” “ਉਹ ਦੇ ਚੇਲਿਆਂ” ਦਾ ਮਤਲਬ ਹੈ ਕਿ ਸੌਲੁਸ ਨੇ ਸ਼ਾਇਦ ਇਨ੍ਹਾਂ ਨੂੰ ਸੱਚਾਈ ਸਿਖਲਾਈ ਹੋਵੇ। ਚਾਹੇ ਜੋ ਵੀ ਹੈ, ਪਰ ਸੌਲੁਸ ਦੀ ਸਫ਼ਲਤਾ ਦੇਖ ਕੇ ਉਸ ਦੇ ਦੁਸ਼ਮਣਾਂ ਦੇ ਦਿਲ ਵਿਚ ਹੋਰ ਵੀ ਜ਼ਹਿਰ ਘੁਲ ਗਿਆ।

ਸੌਲੁਸ ਤੋਂ ਅਸੀਂ ਕੀ ਸਬਕ ਸਿੱਖਦੇ ਹਾਂ?

ਯਿਸੂ ਦਾ ਚੇਲਾ ਬਣਨ ਦੇ ਵੇਲੇ ਸੌਲੁਸ ਨਾਲ ਜੋ-ਜੋ ਹੋਇਆ ਉਸ ਤੋਂ ਅਸੀਂ ਦੇਖ ਸਕਦੇ ਹਾਂ ਕਿ ਉਸ ਨੂੰ ਕੋਈ ਪਰਵਾਹ ਨਹੀਂ ਸੀ ਕਿ ਲੋਕ ਉਸ ਬਾਰੇ ਕੀ ਸੋਚਦੇ ਜਾਂ ਕੀ ਕਹਿੰਦੇ ਸਨ। ਭਾਵੇਂ ਉਸ ਨੂੰ ਡਾਢੀ ਵਿਰੋਧਤਾ ਦਾ ਸਾਮ੍ਹਣਾ ਕਰਨਾ ਪਿਆ ਸੀ, ਪਰ ਉਸ ਨੇ ਹਾਰ ਨਹੀਂ ਮੰਨੀ ਸੀ। ਪਰਮੇਸ਼ੁਰ ਨੇ ਉਸ ਨੂੰ ਪ੍ਰਚਾਰ ਕਰਨ ਦਾ ਕੰਮ ਸੌਂਪਿਆ ਸੀ ਅਤੇ ਸੌਲੁਸ ਲਈ ਸਭ ਤੋਂ ਜ਼ਰੂਰੀ ਗੱਲ ਸੀ ਕਿ ਉਹ ਇਹ ਕੰਮ ਪੂਰਾ ਕਰੇ।—ਰਸੂਲਾਂ ਦੇ ਕਰਤੱਬ 22:14, 15.

ਕੀ ਤੁਸੀਂ ਹਾਲ ਹੀ ਦੇ ਸਮੇਂ ਵਿਚ ਸਿੱਖਿਆ ਹੈ ਕਿ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਕਿੰਨਾ ਜ਼ਰੂਰੀ ਹੈ? ਤਾਂ ਤੁਸੀਂ ਇਹ ਵੀ ਜਾਣ ਗਏ ਹੋਵੋਗੇ ਕਿ ਯਿਸੂ ਦੇ ਸਾਰੇ ਚੇਲਿਆਂ ਨੂੰ ਇਸ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣੀ ਚਾਹੀਦੀ ਹੈ। ਤੁਹਾਨੂੰ ਹੈਰਾਨ ਨਹੀਂ ਹੋਣਾ ਚਾਹੀਦਾ ਕਿ ਤੁਹਾਡਾ ਪ੍ਰਚਾਰ ਸੁਣ ਕੇ ਕਈਆਂ ਦਾ ਕ੍ਰੋਧ ਭੜਕ ਉੱਠੇਗਾ। (ਮੱਤੀ 24:9; ਲੂਕਾ 21:12; 1 ਪਤਰਸ 2:20) ਇਸ ਮਾਮਲੇ ਵਿਚ ਅਸੀਂ ਸੌਲੁਸ ਦੀ ਰੀਸ ਕਰ ਸਕਦੇ ਹਾਂ। ਜੋ ਲੋਕ ਧੀਰਜ ਨਾਲ ਸਭ ਕੁਝ ਝੱਲ ਲੈਣਗੇ, ਉਨ੍ਹਾਂ ਨੂੰ ਪਰਮੇਸ਼ੁਰ ਤੋਂ ਬਰਕਤਾਂ ਮਿਲਣਗੀਆਂ। ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ: “ਮੇਰੇ ਨਾਮ ਕਰਕੇ ਸਭ ਲੋਕ ਤੁਹਾਡੇ ਨਾਲ ਵੈਰ ਰੱਖਣਗੇ।” ਪਰ ਉਸ ਨੇ ਉਨ੍ਹਾਂ ਨਾਲ ਇਹ ਵੀ ਵਾਅਦਾ ਕੀਤਾ ਸੀ: “ਆਪਣੇ ਧੀਰਜ ਨਾਲ ਤੁਸੀਂ ਆਪਣੀਆਂ ਜਾਨਾਂ ਨੂੰ ਕਮਾਓਗੇ।”—ਲੂਕਾ 21:17-19.

[ਫੁਟਨੋਟ]

^ ਪੈਰਾ 10 ਦੰਮਿਸਕ ਵਿਚ ਸ਼ਾਇਦ ਯਿਸੂ ਦੇ ਗਲੀਲ ਵਿਚ ਪ੍ਰਚਾਰ ਕਰਨ ਤੋਂ ਬਾਅਦ ਜਾਂ ਪੰਤੇਕੁਸਤ 33 ਸਾ.ਯੁ. ਦੇ ਦਿਨ ਤੋਂ ਬਾਅਦ ਯਿਸੂ ਬਾਰੇ ਪ੍ਰਚਾਰ ਹੋਣ ਲੱਗਾ ਸੀ।—ਮੱਤੀ 4:24; ਰਸੂਲਾਂ ਦੇ ਕਰਤੱਬ 2:5.

[ਸਫ਼ੇ 28 ਉੱਤੇ ਤਸਵੀਰ]

ਯਿਸੂ ਨੂੰ ਦੇਖ ਕੇ ਸੌਲੁਸ “ਜਮੀਨ ਉੱਤੇ ਡਿੱਗ ਪਿਆ”

[ਸਫ਼ੇ 29 ਉੱਤੇ ਤਸਵੀਰ]

ਦੰਮਿਸਕ ਵਿਚ ਸੌਲੁਸ ਖ਼ੂਨੀਆਂ ਦੇ ਹੱਥੋਂ ਬਚ ਗਿਆ