ਅੱਜ ਰਾਜ ਨੂੰ ਭਾਲੋ ਜਿਵੇਂ ਮੋਤੀ ਨੂੰ
ਅੱਜ ਰਾਜ ਨੂੰ ਭਾਲੋ ਜਿਵੇਂ ਮੋਤੀ ਨੂੰ
“ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਸਾਖੀ ਹੋਵੇ।”—ਮੱਤੀ 24:14.
1, 2. (ੳ) ਯਿਸੂ ਦੇ ਜ਼ਮਾਨੇ ਦੇ ਯਹੂਦੀ ਪਰਮੇਸ਼ੁਰ ਦੇ ਰਾਜ ਬਾਰੇ ਕਿਹੜੀਆਂ ਗੱਲਾਂ ਨਹੀਂ ਜਾਣਦੇ ਸਨ? (ਅ) ਯਿਸੂ ਨੇ ਪਰਮੇਸ਼ੁਰ ਦੇ ਰਾਜ ਬਾਰੇ ਕੀ-ਕੀ ਸਿਖਾਇਆ ਸੀ ਅਤੇ ਇਸ ਦਾ ਨਤੀਜਾ ਕੀ ਨਿਕਲਿਆ ਸੀ?
ਜਦ ਯਿਸੂ ਧਰਤੀ ਉੱਤੇ ਆਇਆ ਸੀ, ਤਾਂ ਯਹੂਦੀ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਵਿਚ ਕਾਫ਼ੀ ਦਿਲਚਸਪੀ ਸੀ। (ਮੱਤੀ 3:1, 2; 4:23-25; ਯੂਹੰਨਾ 1:49) ਪਰ ਪਹਿਲਾਂ-ਪਹਿਲਾਂ ਉਨ੍ਹਾਂ ਨੇ ਇਹ ਨਹੀਂ ਸਮਝਿਆ ਸੀ ਕਿ ਉਸ ਰਾਜ ਵਿਚ ਕਿਸ ਨੇ ਰਾਜ ਕਰਨਾ ਸੀ, ਕਿੱਥੋਂ ਰਾਜ ਕਰਨਾ ਸੀ, ਕਿਸ ਉੱਤੇ ਰਾਜ ਕਰਨਾ ਸੀ ਅਤੇ ਕਿਸ ਹੱਦ ਤਕ ਰਾਜ ਕਰਨਾ ਸੀ। ਉਨ੍ਹਾਂ ਨੂੰ ਤਾਂ ਇਹ ਵੀ ਨਹੀਂ ਪਤਾ ਸੀ ਕਿ ਉਹ ਰਾਜ ਸਵਰਗ ਵਿਚ ਸਥਾਪਿਤ ਕੀਤਾ ਜਾਣਾ ਸੀ। (ਯੂਹੰਨਾ 3:1-5) ਜਿਹੜੇ ਲੋਕ ਯਿਸੂ ਦੇ ਚੇਲੇ ਵੀ ਬਣੇ ਸਨ ਉਨ੍ਹਾਂ ਨੂੰ ਵੀ ਪੂਰੀ ਸਮਝ ਨਹੀਂ ਸੀ ਕਿ ਪਰਮੇਸ਼ੁਰ ਦਾ ਰਾਜ ਕੀ ਸੀ ਅਤੇ ਯਿਸੂ ਦੇ ਨਾਲ ਰਾਜ ਕਰਨ ਦੀ ਬਰਕਤ ਪਾਉਣ ਲਈ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਸੀ।—ਮੱਤੀ 20:20-22; ਲੂਕਾ 19:11; ਰਸੂਲਾਂ ਦੇ ਕਰਤੱਬ 1:6.
2 ਸਮੇਂ ਦੇ ਬੀਤਣ ਨਾਲ ਯਿਸੂ ਨੇ ਹੌਲੀ-ਹੌਲੀ ਆਪਣੇ ਚੇਲਿਆਂ ਨੂੰ ਇਸ ਰਾਜ ਬਾਰੇ ਕਈ ਗੱਲਾਂ ਸਿਖਾਈਆਂ। ਮਿਸਾਲ ਲਈ, ਉਸ ਨੇ ਭਾਰੇ ਮੁੱਲ ਦੇ ਮੋਤੀ ਦਾ ਦ੍ਰਿਸ਼ਟਾਂਤ ਦਿੱਤਾ ਸੀ ਜਿਸ ਦਾ ਜ਼ਿਕਰ ਪਿੱਛਲੇ ਲੇਖ ਵਿਚ ਕੀਤਾ ਗਿਆ ਸੀ। ਇਸ ਰਾਹੀਂ ਉਸ ਨੇ ਆਪਣੇ ਚੇਲਿਆਂ ਨੂੰ ਸਿਖਾਇਆ ਕਿ ਪਰਮੇਸ਼ੁਰ ਦੇ ਰਾਜ ਦੇ ਭਾਗੀ ਹੋਣ ਲਈ ਉਨ੍ਹਾਂ ਨੂੰ ਜਤਨ ਕਰਨ ਦੀ ਲੋੜ ਸੀ। (ਮੱਤੀ 6:33; 13:45, 46; ਲੂਕਾ 13:23, 24) ਇਸ ਸਿੱਖਿਆ ਦਾ ਉਨ੍ਹਾਂ ਦੇ ਦਿਲਾਂ ਤੇ ਇੰਨਾ ਗਹਿਰਾ ਅਸਰ ਪਿਆ ਕਿ ਉਨ੍ਹਾਂ ਨੇ ਜੀ ਤੋੜ ਕੋਸ਼ਿਸ਼ ਕਰ ਕੇ ਧਰਤੀ ਦੇ ਬੰਨ੍ਹੇ ਤਕ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ। ਅਸੀਂ ਉਨ੍ਹਾਂ ਦੀ ਮਿਹਨਤ ਬਾਰੇ ਰਸੂਲਾਂ ਦੇ ਕਰਤੱਬ ਨਾਂ ਦੀ ਪੋਥੀ ਵਿਚ ਪੜ੍ਹ ਸਕਦੇ ਹਾਂ।—ਰਸੂਲਾਂ ਦੇ ਕਰਤੱਬ 1:8; ਕੁਲੁੱਸੀਆਂ 1:23.
3. ਸਾਡੇ ਜ਼ਮਾਨੇ ਬਾਰੇ ਗੱਲ ਕਰਦੇ ਹੋਏ ਯਿਸੂ ਨੇ ਪਰਮੇਸ਼ੁਰ ਦੇ ਰਾਜ ਬਾਰੇ ਕੀ ਕਿਹਾ ਸੀ?
3 ਕੀ ਅੱਜ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ? ਯਿਸੂ ਨੇ “ਜੁਗ ਦੇ ਅੰਤ” ਦੇ ਸਮੇਂ ਬਾਰੇ ਭਵਿੱਖਬਾਣੀ ਕਰਦੇ ਹੋਏ ਕਿਹਾ ਸੀ: “ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਸਾਖੀ ਹੋਵੇ ਤਦ ਅੰਤ ਆਵੇਗਾ।” (ਮੱਤੀ 24:3, 14; ਮਰਕੁਸ 13:10) ਉਸ ਨੇ ਸਮਝਾਇਆ ਸੀ ਕਿ ਵਿਰੋਧਤਾ ਵਰਗੀਆਂ ਮੁਸ਼ਕਲਾਂ ਦੇ ਬਾਵਜੂਦ ਇਹ ਵੱਡਾ ਕੰਮ ਕੀਤਾ ਜਾਣਾ ਸੀ। ਇਸ ਦੇ ਨਾਲ-ਨਾਲ ਉਸ ਨੇ ਆਪਣੇ ਚੇਲਿਆਂ ਨੂੰ ਹੌਸਲਾ ਦਿੱਤਾ: “ਜਿਹੜਾ ਅੰਤ ਤੋੜੀ ਸਹੇਗਾ ਸੋਈ ਬਚਾਇਆ ਜਾਵੇਗਾ।” (ਮੱਤੀ 24:9-13) ਇਹ ਕੰਮ ਕਰਨ ਲਈ ਸਾਨੂੰ ਮੋਤੀਆਂ ਦੇ ਉਸ ਵਪਾਰੀ ਵਰਗੇ ਬਣਨ ਦੀ ਲੋੜ ਹੈ ਜਿਸ ਨੇ ਆਪਣਾ ਸਭ ਕੁਝ ਕੁਰਬਾਨ ਕਰ ਕੇ ਲਗਨ ਨਾਲ ਮੋਤੀ ਦੀ ਭਾਲ ਕੀਤੀ ਸੀ। ਕੀ ਅੱਜ ਅਜਿਹੇ ਲੋਕ ਹਨ ਜੋ ਨਿਹਚਾ ਅਤੇ ਜੋਸ਼ ਨਾਲ ਪਰਮੇਸ਼ੁਰ ਦੇ ਰਾਜ ਦੀ ਭਾਲ ਕਰ ਰਹੇ ਹਨ?
ਸੱਚਾਈ ਲੱਭਣ ਦੀ ਖ਼ੁਸ਼ੀ
4. ਅੱਜ ਪਰਮੇਸ਼ੁਰ ਦੇ ਰਾਜ ਦੀ ਸੱਚਾਈ ਦਾ ਲੋਕਾਂ ਉੱਤੇ ਕੀ ਅਸਰ ਪੈਂਦਾ ਹੈ?
4 ਯਿਸੂ ਦੇ ਦ੍ਰਿਸ਼ਟਾਂਤ ਵਿਚ ਵਪਾਰੀ ਬਹੁਤ ਖ਼ੁਸ਼ ਸੀ ਜਦ ਉਸ ਨੂੰ ਇਕ ‘ਭਾਰੇ ਮੁੱਲ ਦਾ ਮੋਤੀ ਮਿਲਿਆ।’ ਉਹ ਇੰਨਾ ਖ਼ੁਸ਼ ਸੀ ਕਿ ਮੋਤੀ ਖ਼ਰੀਦਣ ਲਈ ਉਸ ਨੇ ਆਪਣੀ ਪੂਰੀ ਵਾਹ ਲਾਈ। (ਇਬਰਾਨੀਆਂ 12:1) ਇਸੇ ਤਰ੍ਹਾਂ ਅੱਜ ਪਰਮੇਸ਼ੁਰ ਅਤੇ ਉਸ ਦੇ ਰਾਜ ਬਾਰੇ ਸੱਚਾਈ ਸਿੱਖ ਕੇ ਲੋਕ ਆਪਣੀ ਜ਼ਿੰਦਗੀ ਵਿਚ ਤਬਦੀਲੀਆਂ ਕਰਨ ਲਈ ਤਿਆਰ ਹੁੰਦੇ ਹਨ। ਭਰਾ ਮੈਕਮਿਲਨ ਦੀ ਮਿਸਾਲ ਉੱਤੇ ਗੌਰ ਕਰੋ। ਉਸ ਨੂੰ ਪਰਮੇਸ਼ੁਰ ਅਤੇ ਉਸ ਦੇ ਮਕਸਦਾਂ ਦੀ ਤਲਾਸ਼ ਸੀ। ਸੱਚਾਈ ਲੱਭਣ ਤੋਂ ਬਾਅਦ ਉਸ ਨੇ ਲਿਖਿਆ: “ਜੋ ਕੁਝ ਮੈਨੂੰ ਮਿਲਿਆ ਹੈ ਉਹ ਹੀ ਹਰ ਸਾਲ ਹਜ਼ਾਰਾਂ ਲੋਕਾਂ ਨੂੰ ਮਿਲਦਾ ਹੈ। ਇਹ ਲੋਕ ਸਾਡੇ ਵਰਗੇ ਹੀ ਹਨ ਕਿਉਂਕਿ ਇਹ ਹਰ ਕੌਮ ਤੇ ਹਰ ਜਾਤ ਤੋਂ ਹਨ, ਇਹ ਹਰ ਉਮਰ ਅਤੇ ਹਰ ਪੇਸ਼ੇ ਦੇ ਹਨ। ਸੱਚਾਈ ਕਿਸੇ ਦਾ ਪੱਖਪਾਤ ਨਹੀਂ ਕਰਦੀ। ਇਹ ਸਾਰੇ ਕਿਸਮ ਦੇ ਲੋਕਾਂ ਨੂੰ ਆਪਣੇ ਵੱਲ ਖਿੱਚ ਲੈਂਦੀ ਹੈ।”
5. ਅਸੀਂ 2004 ਦੇ ਸੇਵਾ ਸਾਲ ਦੀ ਰਿਪੋਰਟ ਤੋਂ ਕੀ-ਕੀ ਦੇਖ ਸਕਦੇ ਹਾਂ?
5 ਇਨ੍ਹਾਂ ਸ਼ਬਦਾਂ ਦੀ ਸੱਚਾਈ ਇਸ ਗੱਲ ਤੋਂ ਦੇਖੀ ਜਾ ਸਕਦੀ ਹੈ ਕਿ ਹਰ ਸਾਲ ਕਈ ਹਜ਼ਾਰ ਨੇਕਦਿਲ ਲੋਕ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣ ਕੇ ਯਹੋਵਾਹ ਨੂੰ ਆਪਣੀ ਜ਼ਿੰਦਗੀ ਸੌਂਪ ਦਿੰਦੇ ਹਨ ਅਤੇ ਉਸ ਦੀ ਮਰਜ਼ੀ ਪੂਰੀ ਕਰਦੇ ਹਨ। ਇਸੇ ਤਰ੍ਹਾਂ 2004 ਦੇ ਸੇਵਾ ਸਾਲ ਦੌਰਾਨ ਵੀ ਹੋਇਆ ਸੀ ਜੋ ਸਤੰਬਰ 2003 ਤੋਂ ਅਗਸਤ 2004 ਤਕ ਸੀ। ਇਨ੍ਹਾਂ 12 ਮਹੀਨਿਆਂ ਦੌਰਾਨ ਯਹੋਵਾਹ ਦੇ ਗਵਾਹਾਂ ਨੇ 235 ਦੇਸ਼ਾਂ ਵਿਚ ਪ੍ਰਚਾਰ ਦਾ ਕੰਮ ਕੀਤਾ। ਉਨ੍ਹਾਂ ਨੇ ਹਰ ਹਫ਼ਤੇ 60,85,387 ਲੋਕਾਂ ਨਾਲ ਬਾਈਬਲ ਸਟੱਡੀਆਂ ਕੀਤੀਆਂ ਸਨ ਅਤੇ ਇਸ ਇਕ ਸਾਲ ਵਿਚ 2,62,416 ਲੋਕਾਂ ਨੇ ਬਪਤਿਸਮਾ ਲਿਆ। ਇਸ ਤਰ੍ਹਾਂ ਗਵਾਹਾਂ ਨੇ ਹਰੇਕ ਕੌਮ, ਗੋਤ ਅਤੇ ਬੋਲੀ ਵਿੱਚੋਂ ਲੋਕਾਂ ਦੀ ਮਦਦ ਕੀਤੀ ਤਾਂਕਿ ਉਹ ਪਰਮੇਸ਼ੁਰ ਦੇ ਬਚਨ ਤੋਂ ਸੱਚਾਈ ਸਿੱਖ ਸਕਣ।—ਪਰਕਾਸ਼ ਦੀ ਪੋਥੀ 7:9.
6. ਹਰੇਕ ਸਾਲ ਯਹੋਵਾਹ ਦੀ ਭਗਤੀ ਕਰਨ ਵਾਲੇ ਲੋਕਾਂ ਦੀ ਗਿਣਤੀ ਵਿਚ ਵਾਧਾ ਕਿਉਂ ਹੁੰਦਾ ਹੈ?
6 ਇਹ ਸਭ ਕੁਝ ਮੁਮਕਿਨ ਕਿਵੇਂ ਹੋਇਆ? ਇਸ ਵਿਚ ਕੋਈ ਸ਼ੱਕ ਨਹੀਂ ਕਿ ਯਹੋਵਾਹ ਨੇ ਇਨ੍ਹਾਂ ਨੇਕਦਿਲ ਲੋਕਾਂ ਨੂੰ ਆਪਣੇ ਵੱਲ ਖਿੱਚਿਆ ਹੈ। (ਯੂਹੰਨਾ 6:65) ਪਰ ਸਾਨੂੰ ਉਨ੍ਹਾਂ ਦੀ ਵੀ ਮਿਹਨਤ ਨਹੀਂ ਭੁੱਲਣੀ ਚਾਹੀਦੀ ਜਿਨ੍ਹਾਂ ਨੇ ਪਰਮੇਸ਼ੁਰ ਦੇ ਰਾਜ ਲਈ ਆਪਣਾ ਸਭ ਕੁਝ ਦੇ ਦਿੱਤਾ ਹੈ। ਭਰਾ ਮੈਕਮਿਲਨ ਨੇ 79 ਸਾਲਾਂ ਦੀ ਉਮਰ ਤੇ ਲਿਖਿਆ ਸੀ: “ਜਿਸ ਪਲ ਤੋਂ ਮੈਂ ਬਾਈਬਲ ਵਿੱਚੋਂ ਉਹ ਵਾਅਦੇ ਪੜ੍ਹੇ ਸਨ ਕਿ ਪਰਮੇਸ਼ੁਰ ਬੀਮਾਰ ਤੇ ਮਰਨਹਾਰ ਇਨਸਾਨਾਂ ਲਈ ਕੀ ਕਰੇਗਾ, ਉਸ ਪਲ ਤੋਂ ਮੈਨੂੰ ਉਮੀਦ ਦੀ ਕਿਰਨ ਮਿਲੀ ਅਤੇ ਉਹ ਉਮੀਦ ਅੱਜ ਵੀ ਮੇਰੀ ਜ਼ਿੰਦਗੀ ਨੂੰ ਰੌਸ਼ਨ ਕਰ ਰਹੀ ਹੈ। ਉਸੇ ਵਕਤ ਮੈਂ ਤੈ ਕਰ ਲਿਆ ਸੀ ਕਿ ਮੈਂ ਬਾਈਬਲ ਦੀ ਹੋਰ ਵੀ ਸਿੱਖਿਆ ਲਵਾਂਗਾ ਤਾਂਕਿ ਮੈਂ ਆਪਣੇ ਵਰਗੇ ਹੋਰ ਕਈਆਂ ਲੋਕਾਂ ਦੀ ਮਦਦ ਕਰ ਸਕਾਂ ਜੋ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ ਅਤੇ ਉਸ ਦੇ ਮਕਸਦਾਂ ਬਾਰੇ ਗਿਆਨ ਭਾਲ ਰਹੇ ਹਨ।”
7. ਕਿਸ ਮਿਸਾਲ ਤੋਂ ਪਤਾ ਲੱਗਦਾ ਹੈ ਕਿ ਬਾਈਬਲ ਦੀ ਸੱਚਾਈ ਲੱਭਣ ਤੇ ਲੋਕ ਕਿੰਨੇ ਖ਼ੁਸ਼ ਅਤੇ ਜੋਸ਼ੀਲੇ ਹੁੰਦੇ ਹਨ?
7 ਅਜਿਹਾ ਜੋਸ਼ ਅੱਜ ਵੀ ਯਹੋਵਾਹ ਦੇ ਸੇਵਕਾਂ ਵਿਚ ਦੇਖਿਆ ਜਾ ਰਿਹਾ ਹੈ। ਵੀਐਨਾ, ਆਸਟ੍ਰੀਆ ਤੋਂ ਡਾਨੀਏਲਾ ਦੀ ਮਿਸਾਲ ਉੱਤੇ ਗੌਰ ਕਰੋ। ਉਹ ਕਹਿੰਦੀ ਹੈ: “ਬਚਪਨ ਤੋਂ ਰੱਬ ਮੇਰਾ ਸਭ ਤੋਂ ਅੱਛਾ ਦੋਸਤ ਰਿਹਾ ਹੈ। ਮੈਂ ਹਮੇਸ਼ਾ ਉਸ ਦਾ ਨਾਮ ਜਾਣਨਾ ਚਾਹੁੰਦੀ ਸੀ ਕਿਉਂਕਿ ਮੇਰੇ ਲਈ ਸਿਰਫ਼ ‘ਰੱਬ’ ਕਹਿਣਾ ਕਾਫ਼ੀ ਨਹੀਂ ਸੀ। ਪਰ ਉਹ ਨਾਂ ਜਾਣਨ ਲਈ ਮੈਨੂੰ ਉਸ ਦਿਨ ਦਾ ਇੰਤਜ਼ਾਰ ਕਰਨਾ ਪਿਆ ਜਦ ਯਹੋਵਾਹ ਦੇ ਗਵਾਹ ਸਾਡੇ ਘਰ ਆਏ। ਉਸ ਸਮੇਂ ਮੈਂ 17 ਸਾਲਾਂ ਦੀ ਸੀ। ਉਨ੍ਹਾਂ ਨੇ ਰੱਬ ਬਾਰੇ ਮੇਰੇ ਹਰ ਸਵਾਲ ਦਾ ਜਵਾਬ ਦਿੱਤਾ। ਆਖ਼ਰਕਾਰ ਮੈਨੂੰ ਸੱਚਾਈ ਮਿਲ ਹੀ ਗਈ। ਮੈਂ ਕਿੰਨੀ ਖ਼ੁਸ਼ ਸੀ! ਮੈਨੂੰ ਇੰਨਾ ਚਾਹ ਚੜ੍ਹਿਆ
ਸੀ ਕਿ ਮੈਂ ਸਾਰਿਆਂ ਨੂੰ ਪ੍ਰਚਾਰ ਕਰਨ ਲੱਗ ਪਈ।” ਪਰ ਸਕੂਲ ਵਿਚ ਕਈ ਨੌਜਵਾਨ ਉਸ ਦਾ ਮਜ਼ਾਕ ਕਰਨ ਲੱਗ ਪਏ। ਪਰ ਡਾਨੀਏਲਾ ਕਹਿੰਦੀ ਹੈ: “ਭਾਵੇਂ ਉਹ ਮੇਰੀ ਮਸ਼ਕਰੀ ਕਰ ਰਹੇ ਸਨ, ਪਰ ਮੈਂ ਦੇਖ ਸਕਦੀ ਸੀ ਕਿ ਇਸ ਵਿਚ ਵੀ ਬਾਈਬਲ ਦੀਆਂ ਗੱਲਾਂ ਸੱਚ ਸਨ ਕਿਉਂਕਿ ਯਿਸੂ ਨੇ ਕਿਹਾ ਸੀ ਕਿ ਉਸ ਦੇ ਚੇਲਿਆਂ ਨਾਲ ਨਫ਼ਰਤ ਕੀਤੀ ਜਾਵੇਗੀ ਅਤੇ ਉਹ ਉਸ ਦੇ ਨਾਂ ਦੀ ਖ਼ਾਤਰ ਸਤਾਏ ਜਾਣਗੇ। ਇਨ੍ਹਾਂ ਗੱਲਾਂ ਕਰਕੇ ਮੈਂ ਖ਼ੁਸ਼ ਵੀ ਹੋਈ ਤੇ ਹੈਰਾਨ ਵੀ।” ਡਾਨੀਏਲਾ ਨੇ ਯਹੋਵਾਹ ਨੂੰ ਆਪਣੀ ਜ਼ਿੰਦਗੀ ਸੌਂਪ ਕੇ ਬਪਤਿਸਮਾ ਲੈ ਲਿਆ। ਫਿਰ ਉਸ ਨੇ ਠਾਣ ਲਿਆ ਕਿ ਉਹ ਮਿਸ਼ਨਰੀ ਸੇਵਾ ਕਰੇਗੀ। ਵਿਆਹ ਤੋਂ ਬਾਅਦ ਡਾਨੀਏਲਾ ਆਪਣੇ ਪਤੀ ਹੈਲਮੁਟ ਨਾਲ ਉਨ੍ਹਾਂ ਅਫ਼ਰੀਕੀ, ਚੀਨੀ, ਫ਼ਿਲਪਾਈਨੀ ਅਤੇ ਭਾਰਤੀ ਲੋਕਾਂ ਨੂੰ ਪ੍ਰਚਾਰ ਕਰਨ ਲੱਗ ਪਈ ਜੋ ਵੀਐਨਾ ਵਿਚ ਰਹਿ ਰਹੇ ਸਨ। ਹੁਣ ਡਾਨੀਏਲਾ ਅਤੇ ਹੈਲਮੁਟ ਦੱਖਣੀ-ਪੱਛਮੀ ਅਫ਼ਰੀਕਾ ਵਿਚ ਮਿਸ਼ਨਰੀਆਂ ਵਜੋਂ ਸੇਵਾ ਕਰ ਰਹੇ ਹਨ।ਉਨ੍ਹਾਂ ਨੇ ਹਾਰ ਨਹੀਂ ਮੰਨੀ
8. ਇਕ ਤਰੀਕਾ ਕੀ ਹੈ ਜਿਸ ਰਾਹੀਂ ਯਹੋਵਾਹ ਦੇ ਲੋਕ ਉਸ ਨੂੰ ਦਿਖਾ ਸਕਦੇ ਹਨ ਕਿ ਉਹ ਉਸ ਨੂੰ ਪਿਆਰ ਕਰਦੇ ਹਨ ਅਤੇ ਉਸ ਦੇ ਰਾਜ ਨੂੰ ਸਵੀਕਾਰ ਕਰਦੇ ਹਨ?
8 ਮਿਸ਼ਨਰੀ ਸੇਵਾ ਇਕ ਤਰੀਕਾ ਹੈ ਜਿਸ ਰਾਹੀਂ ਅੱਜ ਯਹੋਵਾਹ ਦੇ ਲੋਕ ਉਸ ਨੂੰ ਦਿਖਾ ਸਕਦੇ ਹਨ ਕਿ ਉਹ ਉਸ ਨੂੰ ਪਿਆਰ ਕਰਦੇ ਹਨ ਅਤੇ ਉਸ ਦੇ ਰਾਜ ਨੂੰ ਸਵੀਕਾਰ ਕਰਦੇ ਹਨ। ਯਿਸੂ ਦੇ ਦ੍ਰਿਸ਼ਟਾਂਤ ਦੇ ਵਪਾਰੀ ਦੀ ਤਰ੍ਹਾਂ ਇਹ ਭੈਣ-ਭਰਾ ਪਰਮੇਸ਼ੁਰ ਦੇ ਰਾਜ ਦੀ ਖ਼ਾਤਰ ਦੂਰ ਦੇਸ਼ਾਂ ਵਿਚ ਜਾਣ ਲਈ ਰਾਜ਼ੀ ਹੁੰਦੇ ਹਨ। ਇਹ ਮਿਸ਼ਨਰੀ ਭੈਣ-ਭਰਾ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਲੱਭਣ ਨਹੀਂ ਜਾਂਦੇ, ਸਗੋਂ ਉਹ ਇਸ ਖ਼ਬਰ ਨੂੰ ਧਰਤੀ ਦੇ ਕੋਣੇ-ਕੋਣੇ ਤਕ ਪਹੁੰਚਾਉਣ ਜਾਂਦੇ ਹਨ। ਉਹ ਲੋਕਾਂ ਨੂੰ ਯਿਸੂ ਮਸੀਹ ਦੇ ਚੇਲੇ ਬਣਨਾ ਸਿਖਾਉਂਦੇ ਹਨ। (ਮੱਤੀ 28:19, 20) ਕਈ ਦੇਸ਼ਾਂ ਵਿਚ ਉਨ੍ਹਾਂ ਨੇ ਬਹੁਤ ਤੰਗੀਆਂ ਕੱਟੀਆਂ ਹਨ। ਪਰ ਉਨ੍ਹਾਂ ਦੇ ਧੀਰਜ ਦਾ ਫਲ ਮਿੱਠਾ ਨਿਕਲਿਆ ਹੈ।
9, 10. ਮੱਧ ਅਫ਼ਰੀਕਨ ਗਣਰਾਜ ਵਰਗੇ ਮੁਲਕਾਂ ਵਿਚ ਮਿਸ਼ਨਰੀ ਭੈਣ-ਭਰਾ ਕਿਹੋ ਜਿਹੇ ਅਨੁਭਵਾਂ ਦਾ ਆਨੰਦ ਮਾਣ ਰਹੇ ਹਨ?
9 ਮਿਸਾਲ ਲਈ, ਜ਼ਰਾ ਗੌਰ ਕਰੋ ਕਿ ਮੱਧ ਅਫ਼ਰੀਕਨ ਗਣਰਾਜ ਵਿਚ ਕੀ ਹੋਇਆ ਹੈ। ਪਿੱਛਲੇ ਸਾਲ ਉਸ ਮੁਲਕ ਵਿਚ 16,184 ਲੋਕ ਯਿਸੂ ਦੀ ਮੌਤ ਦੀ ਯਾਦਗਾਰ ਮਨਾਉਣ ਲਈ ਇਕੱਠੇ ਹੋਏ ਸਨ। ਇਹ ਉੱਥੇ ਦੇ ਭੈਣਾਂ-ਭਰਾਵਾਂ ਦੀ ਗਿਣਤੀ ਤੋਂ ਸੱਤ ਗੁਣਾ ਜ਼ਿਆਦਾ ਸੀ। ਉੱਥੇ ਦੇ ਕਈ ਥਾਵਾਂ ਵਿਚ ਬਿਜਲੀ ਨਹੀਂ ਹੈ, ਇਸ ਲਈ ਲੋਕ ਆਪਣੇ ਕੰਮ-ਧੰਦੇ ਬਾਹਰ ਕਿਸੇ ਦਰਖ਼ਤ ਦੀ ਛਾਂ ਹੇਠ ਕਰਦੇ ਹਨ। ਮਿਸ਼ਨਰੀ ਵੀ ਆਪਣਾ ਕੰਮ ਇਸੇ ਤਰ੍ਹਾਂ ਕਰਦੇ ਹਨ ਅਤੇ ਉਹ ਕਿਸੇ ਦਰਖ਼ਤ ਦੀ ਛਾਂ ਹੇਠ ਬੈਠ ਕੇ ਲੋਕਾਂ ਨਾਲ ਬਾਈਬਲ ਸਟੱਡੀ ਕਰਦੇ ਹਨ। ਬਾਹਰ ਜ਼ਿਆਦਾ ਲੋਹ ਹੁੰਦੀ ਹੈ ਅਤੇ ਹਵਾ ਵੀ ਚੱਲਦੀ ਹੈ। ਬਾਹਰ ਬੈਠਣ ਦਾ ਇਕ ਹੋਰ ਵੀ ਫ਼ਾਇਦਾ ਹੋਇਆ ਹੈ। ਕਈ ਵਾਰ ਲੰਘਣ ਵਾਲੇ ਦੇਖ ਲੈਂਦੇ ਹਨ ਕਿ ਕੀ ਹੋ ਰਿਹਾ ਹੈ ਅਤੇ ਉਹ ਵੀ ਸਟੱਡੀ ਕਰਨ ਲਈ ਨਾਲ ਬੈਠ ਜਾਂਦੇ ਹਨ। ਉੱਥੇ ਦੇ ਲੋਕ ਬਾਈਬਲ ਪੜ੍ਹਨੀ ਪਸੰਦ ਕਰਦੇ ਹਨ ਅਤੇ ਉਨ੍ਹਾਂ ਲਈ ਬਾਈਬਲ ਬਾਰੇ ਗੱਲ ਕਰਨੀ ਉੱਨੀ ਹੀ ਆਮ ਹੈ ਜਿੰਨੀ ਹੋਰ ਦੇਸ਼ਾਂ ਵਿਚ ਕ੍ਰਿਕਟ ਵਗੈਰਾ ਬਾਰੇ ਗੱਪਸ਼ੱਪ ਮਾਰਨੀ ਆਮ ਹੈ।
10 ਇਕ ਵਾਰ ਇਕ ਮਿਸ਼ਨਰੀ ਭਰਾ ਬਾਹਰ ਬੈਠ ਕੇ ਕਿਸੇ ਨੂੰ ਬਾਈਬਲ ਸਟੱਡੀ ਕਰਾ ਰਿਹਾ ਸੀ। ਸਾਮ੍ਹਣੇ ਵਾਲੇ ਮਕਾਨ ਵਿਚ ਰਹਿਣ ਵਾਲਾ ਇਕ ਨੌਜਵਾਨ ਉਸ ਕੋਲ ਆਇਆ ਅਤੇ ਕਹਿਣ ਲੱਗਾ ਕਿ ਉਸ ਨੂੰ ਕੋਈ ਗਵਾਹ ਨਹੀਂ ਮਿਲਣ ਆਇਆ ਅਤੇ ਉਹ ਵੀ ਬਾਈਬਲ ਸਟੱਡੀ ਕਰਨੀ ਚਾਹੁੰਦਾ ਸੀ। ਸਾਡਾ ਭਰਾ ਇਹ ਸੁਣ ਕੇ ਬੜਾ ਖ਼ੁਸ਼ ਹੋਇਆ ਅਤੇ ਹੁਣ ਇਹ ਨੌਜਵਾਨ ਕਾਫ਼ੀ ਤਰੱਕੀ ਕਰ ਰਿਹਾ ਹੈ। ਉਸ ਮੁਲਕ ਵਿਚ ਪੁਲਸ ਵਾਲੇ ਵੀ ਕਈ ਵਾਰ ਯਹੋਵਾਹ ਦੇ ਗਵਾਹਾਂ ਨੂੰ ਸੜਕ ਉੱਤੇ ਰੋਕ ਲੈਂਦੇ ਹਨ। ਕਿਉਂ? ਕਿਸੇ ਉਲੰਘਣਾ ਕਾਰਨ ਨਹੀਂ, ਪਰ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਮੰਗਣ ਲਈ ਜਾਂ ਕਿਸੇ ਖ਼ਾਸ ਲੇਖ ਵਾਸਤੇ ਉਨ੍ਹਾਂ ਦਾ ਧੰਨਵਾਦ ਕਰਨ ਲਈ।
11. ਮੁਸ਼ਕਲਾਂ ਦੇ ਬਾਵਜੂਦ ਮਿਸ਼ਨਰੀ ਭੈਣ-ਭਰਾ ਆਪਣੀ ਸੇਵਾ ਬਾਰੇ ਕਿਵੇਂ ਮਹਿਸੂਸ ਕਰਦੇ ਹਨ?
11 ਕਈ ਭੈਣ-ਭਰਾ 40 ਜਾਂ 50 ਸਾਲ ਪਹਿਲਾਂ ਮਿਸ਼ਨਰੀ ਬਣੇ ਸਨ ਅਤੇ ਉਹ ਅੱਜ ਵੀ ਇਸ ਸੇਵਾ ਵਿਚ ਲੱਗੇ ਹੋਏ ਹਨ। ਉਹ ਵਫ਼ਾਦਾਰੀ ਅਤੇ ਲਗਨ ਨਾਲ ਇਹ ਕੰਮ ਕਰ ਰਹੇ ਹਨ ਅਤੇ ਉਹ ਸਾਡੇ ਲਈ ਇਕ ਵਧੀਆ ਮਿਸਾਲ ਕਾਇਮ ਕਰਦੇ ਹਨ। ਇਕ ਮਿਸ਼ਨਰੀ ਜੋੜੇ ਬਾਰੇ ਸੋਚੋ ਜੋ ਪਿੱਛਲੇ 42 ਸਾਲਾਂ ਤੋਂ ਤਿੰਨ ਦੇਸ਼ਾਂ ਵਿਚ ਸੇਵਾ ਕਰ ਚੁੱਕਾ ਹੈ। ਉਹ ਭਰਾ ਕਹਿੰਦਾ ਹੈ: “ਸਾਨੂੰ ਕਈ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ ਹੈ। ਮਿਸਾਲ ਲਈ, ਸਾਨੂੰ ਪਿੱਛਲੇ 35 ਸਾਲਾਂ ਦੌਰਾਨ ਕਈ ਵਾਰ ਮਲੇਰੀਆ ਹੋਇਆ ਹੈ। ਫਿਰ ਵੀ ਅਸੀਂ ਮਿਸ਼ਨਰੀ ਬਣਨ ਦਾ ਫ਼ੈਸਲਾ ਕਰ ਕੇ ਕਦੀ ਵੀ ਪਛਤਾਏ ਨਹੀਂ।” ਉਸ ਦੀ ਪਤਨੀ ਕਹਿੰਦੀ ਹੈ: “ਯਹੋਵਾਹ ਨੇ ਸਾਨੂੰ ਬਹੁਤ ਸਾਰੀਆਂ ਅਸੀਸਾਂ ਦਿੱਤੀਆਂ ਹਨ। ਪ੍ਰਚਾਰ ਕਰਨ ਤੋਂ ਸਾਨੂੰ ਬਹੁਤ ਖ਼ੁਸ਼ੀ ਹੁੰਦੀ ਹੈ ਅਤੇ ਲੋਕਾਂ ਨਾਲ ਬਾਈਬਲ ਸਟੱਡੀ ਸ਼ੁਰੂ ਕਰਨੀ ਬਹੁਤ ਆਸਾਨ ਹੈ। ਜਦ ਅਸੀਂ ਉਨ੍ਹਾਂ ਲੋਕਾਂ ਨੂੰ ਸਭਾਵਾਂ ਵਿਚ ਆਉਂਦੇ ਦੇਖਦੇ ਹਾਂ ਜਿਨ੍ਹਾਂ ਨਾਲ ਅਸੀਂ ਬਾਈਬਲ ਪੜ੍ਹ ਰਹੇ ਹਾਂ, ਤਾਂ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਸਾਡਾ ਪਰਿਵਾਰ ਸਾਡੇ ਨਾਲ ਹੈ।”
ਉਹ ‘ਸਾਰੀਆਂ ਗੱਲਾਂ ਨੂੰ ਹਾਨ ਦੀਆਂ ਹੀ ਸਮਝਦੇ ਹਨ’
12. ਪਰਮੇਸ਼ੁਰ ਦੇ ਰਾਜ ਦੀ ਕਦਰ ਕਰਨ ਵਾਲੇ ਲੋਕ ਉਸ ਰਾਜ ਦੀ ਖ਼ਾਤਰ ਕੀ ਕਰਨ ਲਈ ਤਿਆਰ ਰਹਿੰਦੇ ਹਨ?
12 ਭਾਰੇ ਮੁੱਲ ਦਾ ਮੋਤੀ ਮਿਲਣ ਤੇ ਵਪਾਰੀ “ਗਿਆ ਅਤੇ ਆਪਣਾ ਸਭ ਕੁਝ ਵੇਚ ਕੇ ਉਹ ਨੂੰ ਮੁੱਲ ਲਿਆ।” (ਮੱਤੀ 13:46) ਪਰਮੇਸ਼ੁਰ ਦੇ ਰਾਜ ਦੇ ਕਦਰਦਾਨ ਲੋਕ ਵੀ ਉਸ ਰਾਜ ਲਈ ਆਪਣਾ ਸਭ ਕੁਝ ਛੱਡਣ ਲਈ ਤਿਆਰ ਰਹਿੰਦੇ ਹਨ। ਜ਼ਰਾ ਪੌਲੁਸ ਰਸੂਲ ਦੀ ਕਦਰਦਾਨੀ ਬਾਰੇ ਸੋਚੋ ਜਿਸ ਨੂੰ ਯਿਸੂ ਨਾਲ ਰਾਜ ਕਰਨ ਦਾ ਸਨਮਾਨ ਦਿੱਤਾ ਗਿਆ ਸੀ। ਉਸ ਨੇ ਕਿਹਾ: “ਮਸੀਹ ਯਿਸੂ ਆਪਣੇ ਪ੍ਰਭੁ ਦੇ ਗਿਆਨ ਦੀ ਉੱਤਮਤਾਈ ਦੇ ਕਾਰਨ ਸਾਰੀਆਂ ਗੱਲਾਂ ਨੂੰ ਮੈਂ ਹਾਨ ਦੀਆਂ ਹੀ ਸਮਝਦਾ ਹਾਂ ਅਤੇ ਉਹ ਦੀ ਖਾਤਰ ਮੈਂ ਇਨ੍ਹਾਂ ਸਭਨਾਂ ਗੱਲਾਂ ਦੀ ਹਾਨ ਝੱਲੀ ਅਤੇ ਉਨ੍ਹਾਂ ਨੂੰ ਕੂੜਾ ਸਮਝਦਾ ਹਾਂ ਭਈ ਮੈਂ ਮਸੀਹ ਨੂੰ ਖੱਟ ਲਵਾਂ।”—ਫ਼ਿਲਿੱਪੀਆਂ 3:8.
13. ਚੈੱਕ ਗਣਰਾਜ ਵਿਚ ਇਕ ਆਦਮੀ ਨੇ ਕਿਵੇਂ ਦਿਖਾਇਆ ਕਿ ਉਹ ਪਰਮੇਸ਼ੁਰ ਦੇ ਰਾਜ ਦੀ ਕਦਰ ਕਰਦਾ ਸੀ?
13 ਇਸੇ ਤਰ੍ਹਾਂ ਅੱਜ ਵੀ ਕਈ ਲੋਕ ਪਰਮੇਸ਼ੁਰ ਦੇ ਰਾਜ ਦੀਆਂ ਬਰਕਤਾਂ ਹਾਸਲ ਕਰਨ ਵਾਸਤੇ ਆਪਣੀ ਜ਼ਿੰਦਗੀ ਵਿਚ ਸੁਧਾਰ ਕਰਨ ਲਈ ਤਿਆਰ ਹੁੰਦੇ ਹਨ। ਮਿਸਾਲ ਲਈ, ਅਕਤੂਬਰ 2003 ਵਿਚ ਚੈੱਕ ਗਣਰਾਜ ਵਿਚ ਇਕ 60 ਸਾਲ ਦੇ ਆਦਮੀ ਨੂੰ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਨਾਂ ਦੀ ਕਿਤਾਬ ਮਿਲੀ। ਇਹ ਆਦਮੀ ਇਕ ਸਕੂਲ ਦਾ ਹੈੱਡ ਮਾਸਟਰ ਹੈ ਅਤੇ ਕਿਤਾਬ ਪੜ੍ਹਨ ਤੋਂ ਬਾਅਦ ਉਸ ਨੇ ਯਹੋਵਾਹ ਦੇ ਗਵਾਹਾਂ ਨੂੰ ਲੱਭਿਆ ਤਾਂਕਿ ਉਹ ਬਾਈਬਲ ਸਟੱਡੀ ਕਰ ਸਕੇ। ਉਸ ਨੇ ਸੋਹਣੀ ਤਰੱਕੀ ਕੀਤੀ ਅਤੇ ਉਹ ਸਾਰੀਆਂ ਮੀਟਿੰਗਾਂ ਵਿਚ ਆਉਣ ਲੱਗ ਪਿਆ। ਉਸ ਨੇ ਨਗਰ-ਪ੍ਰਧਾਨ ਅਤੇ ਨੇਤਾ ਬਣਨ ਲਈ ਇਲੈਕਸ਼ਨਾਂ ਦੀ ਦੌੜ ਦੌੜਨ ਦੀ ਇੱਛਾ ਵੀ ਛੱਡ ਦਿੱਤੀ। ਇਸ ਦੀ ਬਜਾਇ ਉਹ ਇਕ ਪ੍ਰਚਾਰਕ ਵਜੋਂ ਜ਼ਿੰਦਗੀ ਦੀ ਦੌੜ ਵਿਚ ਸ਼ਾਮਲ ਹੋ ਗਿਆ। ਉਸ ਨੇ ਕਿਹਾ: “ਮੈਂ ਸਕੂਲ ਵਿਚ ਆਪਣੇ ਵਿਦਿਆਰਥੀਆਂ ਨੂੰ ਬਾਈਬਲ ਬਾਰੇ ਕਾਫ਼ੀ ਪੁਸਤਕਾਂ-ਰਸਾਲੇ ਦਿੱਤੇ ਹਨ।” ਉਸ ਨੇ ਯਹੋਵਾਹ ਨੂੰ ਆਪਣਾ ਜੀਵਨ ਅਰਪਣ ਕਰ ਕੇ ਜੁਲਾਈ 2004 ਵਿਚ ਇਕ ਵੱਡੇ ਸੰਮੇਲਨ ਵਿਚ ਬਪਤਿਸਮਾ ਲੈ ਲਿਆ।
14. (ੳ) ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣ ਕੇ ਲੱਖਾਂ ਲੋਕਾਂ ਨੇ ਕੀ ਕੀਤਾ ਹੈ? (ਅ) ਸਾਨੂੰ ਆਪਣੇ ਆਪ ਤੋਂ ਕਿਹੜੇ ਸਵਾਲ ਪੁੱਛਣੇ ਚਾਹੀਦੇ ਹਨ?
14 ਸੰਸਾਰ ਭਰ ਵਿਚ ਲੱਖਾਂ ਲੋਕਾਂ ਨੇ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣ ਕੇ ਆਪਣੀਆਂ ਜ਼ਿੰਦਗੀਆਂ ਵਿਚ ਤਬਦੀਲੀਆਂ ਕੀਤੀਆਂ ਹਨ। ਉਹ ਇਸ ਬੁਰੀ ਦੁਨੀਆਂ ਤੋਂ ਜੁਦਾ ਹੋਏ ਹਨ ਅਤੇ ਦੁਨਿਆਵੀ ਕੰਮਾਂ ਦਾ ਪਿੱਛਾ ਕਰਨੋਂ ਹਟ ਗਏ ਹਨ। ਉਨ੍ਹਾਂ ਨੇ ਆਪਣੇ ਪੁਰਾਣੇ ਸੁਭਾਅ ਨੂੰ ਬਦਲ ਲਿਆ ਹੈ ਅਤੇ ਸੰਸਾਰ ਨਾਲ ਮਿੱਤਰਤਾ ਨੂੰ ਛੱਡ ਦਿੱਤਾ ਹੈ। (ਯੂਹੰਨਾ 15:19; ਅਫ਼ਸੀਆਂ 4:22-24; ਯਾਕੂਬ 4:4; 1 ਯੂਹੰਨਾ 2:15-17) ਉਨ੍ਹਾਂ ਨੇ ਇਹ ਸਭ ਕੁਝ ਕਿਉਂ ਕੀਤਾ ਹੈ? ਕਿਉਂਕਿ ਉਨ੍ਹਾਂ ਲਈ ਪਰਮੇਸ਼ੁਰ ਦੇ ਰਾਜ ਦੀਆਂ ਬਰਕਤਾਂ ਇਸ ਦੁਨੀਆਂ ਦੀ ਹਰ ਚੀਜ਼ ਨਾਲੋਂ ਜ਼ਿਆਦਾ ਕੀਮਤੀ ਹਨ। ਕੀ ਤੁਸੀਂ ਵੀ ਪਰਮੇਸ਼ੁਰ ਦੇ ਰਾਜ ਬਾਰੇ ਇਸ ਤਰ੍ਹਾਂ ਸੋਚਦੇ ਹੋ? ਕੀ ਤੁਸੀਂ ਯਹੋਵਾਹ ਨੂੰ ਖ਼ੁਸ਼ ਕਰਨ ਲਈ ਆਪਣਾ ਜੀਵਨ-ਢੰਗ ਅਤੇ ਆਪਣੀਆਂ ਕਦਰਾਂ-ਕੀਮਤਾਂ ਬਦਲਣ ਲਈ ਤਿਆਰ ਹੋ? ਅਜਿਹਾ ਕਰਨ ਨਾਲ ਤੁਹਾਨੂੰ ਅੱਜ ਅਤੇ ਹਮੇਸ਼ਾ ਲਈ ਆਸ਼ੀਰਵਾਦ ਮਿਲੇਗਾ।
ਵਾਢੀ ਦਾ ਸਮਾਂ
15. ਬਾਈਬਲ ਵਿਚ ਕੀ ਦੱਸਿਆ ਗਿਆ ਹੈ ਕਿ ਇਨ੍ਹਾਂ ਅੰਤ ਦਿਆਂ ਦਿਨਾਂ ਵਿਚ ਪਰਮੇਸ਼ੁਰ ਦੇ ਲੋਕ ਕੀ ਕਰ ਰਹੇ ਹੋਣਗੇ?
15 ਜ਼ਬੂਰਾਂ ਦੇ ਲਿਖਾਰੀ ਨੇ ਲਿਖਿਆ: “ਤੇਰੇ ਲੋਕ ਤੇਰੀ ਭਰਤੀ ਦੇ ਵੇਲੇ ਆਪਣੇ ਆਪ ਨੂੰ ਖੁਸ਼ੀ ਨਾਲ ਪੇਸ਼ ਕਰਦੇ ਹਨ।” ਯਹੋਵਾਹ ਦੇ ਲੋਕਾਂ ਵਿਚਕਾਰ ‘ਤ੍ਰੇਲ ਵਰਗੇ ਜੁਆਨ’ ਹਨ ਅਤੇ “ਖਬਰ ਦੇਣ ਵਾਲਿਆਂ ਦਾ ਵੱਡਾ ਦਲ ਹੈ।” (ਜ਼ਬੂਰਾਂ ਦੀ ਪੋਥੀ 68:11; 110:3) ਪਰਮੇਸ਼ੁਰ ਦੇ ਲੋਕ, ਕੀ ਤੀਵੀਆਂ, ਕੀ ਆਦਮੀ, ਕੀ ਜਵਾਨ, ਕੀ ਬੁੱਢੇ ਸਾਰੇ ਇਨ੍ਹਾਂ ਅੰਤ ਦਿਆਂ ਦਿਨਾਂ ਵਿਚ ਲਗਨ ਨਾਲ ਉਸ ਦੀ ਸੇਵਾ ਕਰਦੇ ਹਨ ਅਤੇ ਉਨ੍ਹਾਂ ਨੇ ਇਸ ਤਰ੍ਹਾਂ ਕਰਨ ਲਈ ਬਹੁਤ ਕੁਰਬਾਨੀਆਂ ਵੀ ਦਿੱਤੀਆਂ ਹਨ। ਇਸ ਦਾ ਨਤੀਜਾ ਕੀ ਨਿਕਲਿਆ ਹੈ?
16. ਇਕ ਮਿਸਾਲ ਦਿਓ ਕਿ ਪਰਮੇਸ਼ੁਰ ਦੇ ਸੇਵਕ ਪਰਮੇਸ਼ੁਰ ਦੇ ਰਾਜ ਬਾਰੇ ਸਿੱਖਣ ਵਿਚ ਲੋਕਾਂ ਦੀ ਮਦਦ ਕਿਵੇਂ ਕਰ ਰਹੇ ਹਨ।
16 ਭਾਰਤ ਵਿਚ ਇਕ ਪਾਇਨੀਅਰ ਭੈਣ ਫ਼ਿਕਰਮੰਦ ਸੀ ਕਿ ਉਸ ਦੇਸ਼ ਦੇ 20 ਲੱਖ ਤੋਂ ਜ਼ਿਆਦਾ ਬੋਲ਼ੇ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਕਿਸ ਤਰ੍ਹਾਂ ਸਿਖਾਇਆ ਜਾਵੇਗਾ। (ਯਸਾਯਾਹ 35:5) ਉਸ ਨੇ ਬੰਗਲੌਰ ਦੇ ਇਕ ਕਾਲਜ ਵਿਚ ਸੈਨਤ ਭਾਸ਼ਾ ਦਾ ਕੋਰਸ ਕਰਨ ਦਾ ਫ਼ੈਸਲਾ ਕੀਤਾ। ਉੱਥੇ ਉਹ ਕਈ ਬੋਲ਼ੇ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਦੀਆਂ ਬਰਕਤਾਂ ਬਾਰੇ ਦੱਸ ਸਕੀ ਅਤੇ ਕਈ ਲੋਕ ਇਕੱਠੇ ਬੈਠ ਕੇ ਉਸ ਨਾਲ ਬਾਈਬਲ ਸਟੱਡੀ ਕਰਨ ਲੱਗੇ। ਕੁਝ ਹੀ ਹਫ਼ਤਿਆਂ ਦੇ ਅੰਦਰ-ਅੰਦਰ 12 ਕੁ ਲੋਕ ਕਿੰਗਡਮ ਹਾਲ ਵਿਚ ਸਭਾਵਾਂ ਵਿਚ ਆਉਣ ਲੱਗ ਪਏ। ਇਕ ਦਿਨ ਇਹ ਭੈਣ ਕਿਸੇ ਦੇ ਵਿਆਹ ਗਈ ਅਤੇ ਉੱਥੇ ਉਹ ਕਲਕੱਤਾ ਤੋਂ ਆਏ ਇਕ ਬੋਲ਼ੇ ਨੌਜਵਾਨ ਨੂੰ ਮਿਲੀ। ਉਸ ਨੌਜਵਾਨ ਨੇ ਕਈ ਸਵਾਲ ਪੁੱਛੇ ਕਿਉਂਕਿ ਉਹ ਯਹੋਵਾਹ ਬਾਰੇ ਹੋਰ ਜਾਣਨਾ ਚਾਹੁੰਦਾ ਸੀ। ਪਰ ਗੱਲ ਇਹ ਸੀ ਕਿ ਇਹ ਨੌਜਵਾਨ 1,600 ਕਿਲੋਮੀਟਰ ਦੂਰ ਕਲਕੱਤਾ ਨੂੰ ਵਾਪਸ ਜਾ ਕੇ ਕਾਲਜ ਸ਼ੁਰੂ ਕਰਨ ਵਾਲਾ ਸੀ ਜਿੱਥੇ ਸੈਨਤ ਭਾਸ਼ਾ ਜਾਣਨ ਵਾਲਾ ਕੋਈ ਗਵਾਹ ਨਹੀਂ ਸੀ। ਬੜੀ ਕੋਸ਼ਿਸ਼ ਕਰਨ ਤੋਂ ਬਾਅਦ ਉਸ ਨੌਜਵਾਨ ਨੇ ਆਪਣੇ ਪਿਤਾ ਨੂੰ ਮਨਾ ਲਿਆ ਕਿ ਉਹ ਉਸ ਨੂੰ ਬੰਗਲੌਰ ਵਿਚ ਕਾਲਜ ਜਾਣ ਦੇਵੇ ਤਾਂਕਿ ਉਹ ਬਾਈਬਲ ਸਟੱਡੀ ਵੀ ਕਰਦਾ ਰਹੇ। ਉਸ ਨੇ ਕਾਫ਼ੀ ਤਰੱਕੀ ਕੀਤੀ ਅਤੇ ਸਾਲ ਕੁ ਬਾਅਦ ਉਸ ਨੇ ਯਹੋਵਾਹ ਨੂੰ ਆਪਣੀ ਜ਼ਿੰਦਗੀ ਸੌਂਪ ਦਿੱਤੀ। ਹੁਣ ਉਹ ਆਪ ਕਈ ਹੋਰ ਬੋਲ਼ੇ ਲੋਕਾਂ ਨੂੰ ਬਾਈਬਲ ਪੜ੍ਹਾ ਰਿਹਾ ਹੈ ਜਿਨ੍ਹਾਂ ਵਿਚ ਉਸ ਦਾ ਇਕ ਬਚਪਨ ਦਾ ਦੋਸਤ ਵੀ ਹੈ। ਭਾਰਤ ਦਾ ਬ੍ਰਾਂਚ ਆਫ਼ਿਸ ਹੁਣ ਪਾਇਨੀਅਰਾਂ ਲਈ ਇੰਤਜ਼ਾਮ ਕਰ ਰਿਹਾ ਹੈ ਕਿ ਉਹ ਸੈਨਤ ਭਾਸ਼ਾ ਸਿੱਖ ਕੇ ਬੋਲ਼ੇ ਲੋਕਾਂ ਦੀ ਮਦਦ ਕਰਨ।
17. ਦੱਸੋ ਕਿ ਤੁਹਾਨੂੰ 2004 ਦੇ ਸੇਵਾ ਸਾਲ ਦੀ ਰਿਪੋਰਟ ਤੋਂ ਕੀ ਚੰਗਾ ਲੱਗਾ ਹੈ।
17 ਇਸ ਰਸਾਲੇ ਦੇ 19ਵੇਂ ਤੋਂ 22ਵੇਂ ਸਫ਼ਿਆਂ ਉੱਤੇ ਤੁਹਾਨੂੰ 2004 ਦੇ ਸੇਵਾ ਸਾਲ ਲਈ ਯਹੋਵਾਹ ਦੇ ਗਵਾਹਾਂ ਦੀ ਵਿਸ਼ਵ-ਵਿਆਪੀ ਰਿਪੋਰਟ ਮਿਲੇਗੀ। ਕਿਉਂ ਨਾ ਸਮਾਂ ਕੱਢ ਕੇ ਇਸ ਦੀ ਜਾਂਚ ਕਰੋ ਅਤੇ ਦੇਖੋ ਕਿ ਸੰਸਾਰ ਭਰ ਵਿਚ ਯਹੋਵਾਹ ਦੇ ਲੋਕ ਇਸ ਗੱਲ ਦਾ ਸਬੂਤ ਕਿਵੇਂ ਦੇ ਰਹੇ ਹਨ ਕਿ ਉਨ੍ਹਾਂ ਨੇ ਭਾਰੇ ਮੁੱਲ ਦੇ ਮੋਤੀ ਵੱਲ ਆਪਣਾ ਧਿਆਨ ਲਾਇਆ ਹੋਇਆ ਹੈ।
‘ਪਹਿਲਾਂ ਉਹ ਦੇ ਰਾਜ ਨੂੰ ਭਾਲੋ’
18. ਯਿਸੂ ਨੇ ਆਪਣੇ ਦ੍ਰਿਸ਼ਟਾਂਤ ਵਿਚ ਵਪਾਰੀ ਬਾਰੇ ਕਿਹੜੀ ਗੱਲ ਨਹੀਂ ਦੱਸੀ ਸੀ ਅਤੇ ਕਿਉਂ ਨਹੀਂ?
18 ਆਓ ਆਪਾਂ ਵਪਾਰੀ ਬਾਰੇ ਯਿਸੂ ਦੇ ਦ੍ਰਿਸ਼ਟਾਂਤ ਬਾਰੇ ਦੁਬਾਰਾ ਸੋਚੀਏ। ਧਿਆਨ ਦਿਓ ਕਿ ਯਿਸੂ ਨੇ ਇਹ ਨਹੀਂ ਕਿਹਾ ਸੀ ਕਿ ਵਪਾਰੀ ਆਪਣਾ ਸਭ ਕੁਝ ਵੇਚਣ ਤੋਂ ਬਾਅਦ ਆਪਣਾ ਗੁਜ਼ਾਰਾ ਕਿਵੇਂ ਤੋਰੇਗਾ। ਸ਼ਾਇਦ ਕੋਈ ਪੁੱਛੇ: ‘ਜੇ ਵਪਾਰੀ ਕੋਲ ਕੁਝ ਨਹੀਂ ਬਚਿਆ ਸੀ, ਤਾਂ ਉਸ ਨੇ ਆਪਣੇ ਲਈ ਰੋਟੀ, ਕੱਪੜੇ ਅਤੇ ਮਕਾਨ ਦਾ ਬੰਦੋਬਸਤ ਕਿਵੇਂ ਕਰਨਾ ਸੀ? ਉਸ ਨੂੰ ਉਸ ਕੀਮਤੀ ਮੋਤੀ ਦਾ ਕੀ ਫ਼ਾਇਦਾ ਹੋਣਾ ਸੀ?’ ਦੇਖਣ ਨੂੰ ਤਾਂ ਇਹ ਚੰਗੇ ਸਵਾਲ ਹਨ, ਪਰ ਕੀ ਯਿਸੂ ਨੇ ਆਪਣੇ ਚੇਲਿਆਂ ਨੂੰ ਤਾਕੀਦ ਨਹੀਂ ਕੀਤੀ ਸੀ: “ਤੁਸੀਂ ਪਹਿਲਾਂ ਉਹ ਦੇ ਰਾਜ ਅਤੇ ਉਹ ਦੇ ਧਰਮ ਨੂੰ ਭਾਲੋ ਤਾਂ ਤੁਹਾਨੂੰ ਏਹ ਸਾਰੀਆਂ ਵਸਤਾਂ ਵੀ ਦਿੱਤੀਆਂ ਜਾਣਗੀਆਂ”? (ਮੱਤੀ 6:31-33) ਇਸ ਦ੍ਰਿਸ਼ਟਾਂਤ ਦੀ ਮੁੱਖ ਗੱਲ ਹੈ ਕਿ ਸਾਨੂੰ ਪੂਰੇ ਦਿਲ ਨਾਲ ਪਰਮੇਸ਼ੁਰ ਦੀ ਭਗਤੀ ਕਰਨੀ ਚਾਹੀਦੀ ਹੈ ਅਤੇ ਲਗਨ ਨਾਲ ਉਸ ਦੇ ਰਾਜ ਨੂੰ ਭਾਲਣਾ ਚਾਹੀਦਾ ਹੈ। ਕੀ ਅਸੀਂ ਇਸ ਤੋਂ ਕੁਝ ਸਿੱਖ ਸਕਦੇ ਹਾਂ?
19. ਅਸੀਂ ਭਾਰੇ ਮੁੱਲ ਦੇ ਮੋਤੀ ਬਾਰੇ ਯਿਸੂ ਦੇ ਦ੍ਰਿਸ਼ਟਾਂਤ ਤੋਂ ਕਿਹੜੀ ਖ਼ਾਸ ਗੱਲ ਸਿੱਖਦੇ ਹਾਂ?
19 ਚਾਹੇ ਅਸੀਂ ਹੁਣੇ-ਹੁਣੇ ਖ਼ੁਸ਼ ਖ਼ਬਰੀ ਸੁਣੀ ਹੈ ਜਾਂ ਅਸੀਂ ਕਈ ਸਾਲਾਂ ਤੋਂ ਪਰਮੇਸ਼ੁਰ ਦੇ ਰਾਜ ਨੂੰ ਭਾਲ ਕੇ ਦੂਸਰਿਆਂ ਨੂੰ ਵੀ ਉਸ ਦੀਆਂ ਬਰਕਤਾਂ ਬਾਰੇ ਦੱਸਦੇ ਆਏ ਹਾਂ, ਫਿਰ ਵੀ ਸਾਨੂੰ ਆਪਣਾ ਪੂਰਾ ਧਿਆਨ ਇਸ ਰਾਜ ਉੱਤੇ ਲਾਈ ਰੱਖਣਾ ਚਾਹੀਦਾ ਹੈ। ਅਸੀਂ ਮੁਸ਼ਕਲ ਸਮਿਆਂ ਵਿਚ ਜੀ ਰਹੇ ਹਾਂ, ਪਰ ਸਾਨੂੰ ਪੂਰਾ ਯਕੀਨ ਹੈ ਕਿ ਵਪਾਰੀ ਦੇ ਮੋਤੀ ਵਾਂਗ ਜੋ ਅਸੀਂ ਭਾਲ ਰਹੇ ਹਾਂ ਉਹ ਅਸਲੀ ਹੈ ਅਤੇ ਬਹੁਤ ਕੀਮਤੀ ਹੈ। ਦੁਨੀਆਂ ਦੀ ਹਾਲਤ ਅਤੇ ਬਾਈਬਲ ਦੀਆਂ ਭਵਿੱਖਬਾਣੀਆਂ ਦੀ ਪੂਰਤੀ ਤੋਂ ਸਾਨੂੰ ਪੱਕਾ ਸਬੂਤ ਮਿਲਦਾ ਹੈ ਕਿ ਅਸੀਂ “ਜੁਗ ਦੇ ਅੰਤ” ਦੇ ਸਮੇਂ ਵਿਚ ਜੀ ਰਹੇ ਹਾਂ। (ਮੱਤੀ 24:3) ਤਾਂ ਫਿਰ ਆਓ ਆਪਾਂ ਉਸ ਵਪਾਰੀ ਦੀ ਤਰ੍ਹਾਂ ਦਿਖਾਈਏ ਕਿ ਅਸੀਂ ਲਗਨ ਨਾਲ ਪਰਮੇਸ਼ੁਰ ਦੇ ਰਾਜ ਨੂੰ ਭਾਲ ਰਹੇ ਹਾਂ ਅਤੇ ਖ਼ੁਸ਼ੀ ਨਾਲ ਉਸ ਦਾ ਪ੍ਰਚਾਰ ਕਰ ਰਹੇ ਹਾਂ।—ਜ਼ਬੂਰਾਂ ਦੀ ਪੋਥੀ 9:1, 2.
ਕੀ ਤੁਹਾਨੂੰ ਯਾਦ ਹੈ?
• ਸਾਲਾਂ ਦੌਰਾਨ ਸੱਚੀ ਭਗਤੀ ਕਰਨ ਵਾਲਿਆਂ ਦੀ ਗਿਣਤੀ ਵਿਚ ਵਾਧਾ ਕਿਉਂ ਹੋਇਆ ਹੈ?
• ਮਿਸ਼ਨਰੀ ਭੈਣ-ਭਰਾ ਆਪਣੀ ਸੇਵਾ ਬਾਰੇ ਕਿਵੇਂ ਮਹਿਸੂਸ ਕਰਦੇ ਹਨ?
• ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣ ਕੇ ਲੋਕਾਂ ਨੇ ਆਪਣੀਆਂ ਜ਼ਿੰਦਗੀਆਂ ਵਿਚ ਕਿਹੋ ਜਿਹੀਆਂ ਤਬਦੀਲੀਆਂ ਕੀਤੀਆਂ ਹਨ?
• ਅਸੀਂ ਭਾਰੇ ਮੁੱਲ ਦੇ ਮੋਤੀ ਬਾਰੇ ਯਿਸੂ ਦੇ ਦ੍ਰਿਸ਼ਟਾਂਤ ਤੋਂ ਕਿਹੜੀ ਖ਼ਾਸ ਗੱਲ ਸਿੱਖਦੇ ਹਾਂ?
[ਸਵਾਲ]
[ਸਫ਼ੇ 14 ਉੱਤੇ ਤਸਵੀਰ]
ਭਰਾ ਮੈਕਮਿਲਨ ਨੇ ਕਿਹਾ: ‘ਸੱਚਾਈ ਸਾਰੇ ਕਿਸਮ ਦੇ ਲੋਕਾਂ ਨੂੰ ਆਪਣੇ ਵੱਲ ਖਿੱਚ ਲੈਂਦੀ ਹੈ।’
[ਸਫ਼ੇ 15 ਉੱਤੇ ਤਸਵੀਰ]
ਵੀਐਨਾ ਵਿਚ ਵਿਦੇਸ਼ੀ ਲੋਕਾਂ ਨੂੰ ਪ੍ਰਚਾਰ ਕਰ ਰਹੇ ਡਾਨੀਏਲਾ ਅਤੇ ਹੈਲਮੁਟ
[ਸਫ਼ੇ 16 ਉੱਤੇ ਤਸਵੀਰ]
ਵਪਾਰੀ ਦੀ ਤਰ੍ਹਾਂ ਅੱਜ ਮਿਸ਼ਨਰੀਆਂ ਨੂੰ ਬਹੁਤ ਸਾਰੀਆਂ ਬਰਕਤਾਂ ਮਿਲਦੀਆਂ ਹਨ
[ਸਫ਼ੇ 17 ਉੱਤੇ ਤਸਵੀਰ]
‘ਤੇਰੇ ਲੋਕ ਆਪਣੇ ਆਪ ਨੂੰ ਖੁਸ਼ੀ ਨਾਲ ਪੇਸ਼ ਕਰਦੇ ਹਨ’