Skip to content

Skip to table of contents

ਭਾਰੇ ਮੁੱਲ ਦੇ ਮੋਤੀ ਦੀ ਭਾਲ

ਭਾਰੇ ਮੁੱਲ ਦੇ ਮੋਤੀ ਦੀ ਭਾਲ

ਭਾਰੇ ਮੁੱਲ ਦੇ ਮੋਤੀ ਦੀ ਭਾਲ

“ਸੁਰਗ ਦੇ ਰਾਜ ਉੱਤੇ ਜ਼ੋਰ ਮਾਰਿਆ ਜਾਂਦਾ ਹੈ ਅਤੇ ਜ਼ੋਰ ਮਾਰਨ ਵਾਲੇ ਉਸ ਨੂੰ ਖੋਹ ਲੈਂਦੇ ਹਨ।”—ਮੱਤੀ 11:12.

1, 2. (ੳ) ਯਿਸੂ ਨੇ ਆਪਣੇ ਇਕ ਦ੍ਰਿਸ਼ਟਾਂਤ ਵਿਚ ਕਿਹੜੇ ਗੁਣ ਬਾਰੇ ਗੱਲ ਕੀਤੀ ਸੀ? (ਅ) ਯਿਸੂ ਨੇ ਕੀਮਤੀ ਮੋਤੀ ਦੇ ਦ੍ਰਿਸ਼ਟਾਂਤ ਵਿਚ ਕੀ ਕਿਹਾ ਸੀ?

ਕੀ ਤੁਹਾਡੀ ਜ਼ਿੰਦਗੀ ਵਿਚ ਅਜਿਹਾ ਕੁਝ ਹੈ ਜਿਸ ਨੂੰ ਪਾਉਣ ਲਈ ਤੁਸੀਂ ਆਪਣਾ ਸਭ ਕੁਝ ਕੁਰਬਾਨ ਕਰਨ ਲਈ ਤਿਆਰ ਹੋਵੋਗੇ? ਭਾਵੇਂ ਲੋਕ ਪੈਸਾ, ਸ਼ੌਹਰਤ ਜਾਂ ਮਾਣ ਦਾ ਲਗਨ ਨਾਲ ਪਿੱਛਾ ਕਰਦੇ ਹਨ, ਫਿਰ ਵੀ ਬਹੁਤ ਘੱਟ ਲੋਕ ਹੋਣਗੇ ਜੋ ਹਰ ਕੀਮਤ ਤੇ ਇਕ ਮਨਭਾਉਂਦੀ ਚੀਜ਼ ਹਾਸਲ ਕਰਨ ਦਾ ਜਤਨ ਕਰਨਗੇ। ਯਿਸੂ ਮਸੀਹ ਨੇ ਆਪਣੇ ਇਕ ਦ੍ਰਿਸ਼ਟਾਂਤ ਵਿਚ ਲਗਨ ਨਾਲ ਕਿਸੇ ਚੀਜ਼ ਦਾ ਪਿੱਛਾ ਕਰਨ ਬਾਰੇ ਗੱਲ ਕੀਤੀ ਸੀ।

2 ਉਸ ਨੇ ਇਹ ਦ੍ਰਿਸ਼ਟਾਂਤ ਸਿਰਫ਼ ਆਪਣੇ ਚੇਲਿਆਂ ਨੂੰ ਦੱਸਿਆ ਸੀ। ਉਸ ਨੇ ਕਿਹਾ: “ਸੁਰਗ ਦਾ ਰਾਜ ਇੱਕ ਬੁਪਾਰੀ ਵਰਗਾ ਹੈ ਜਿਹੜਾ ਚੰਗੇ ਮੋਤੀਆਂ ਨੂੰ ਲੱਭਦਾ ਫਿਰਦਾ ਸੀ। ਜਦ ਉਹ ਨੂੰ ਇੱਕ ਮੋਤੀ ਭਾਰੇ ਮੁੱਲ ਦਾ ਮਿਲਿਆ ਤਾਂ ਗਿਆ ਅਤੇ ਆਪਣਾ ਸਭ ਕੁਝ ਵੇਚ ਕੇ ਉਹ ਨੂੰ ਮੁੱਲ ਲਿਆ।” (ਮੱਤੀ 13:36, 45, 46) ਇਸ ਦ੍ਰਿਸ਼ਟਾਂਤ ਰਾਹੀਂ ਯਿਸੂ ਆਪਣੇ ਚੇਲਿਆਂ ਨੂੰ ਕੀ ਸਿਖਾਉਣਾ ਚਾਹੁੰਦਾ ਸੀ? ਅਸੀਂ ਯਿਸੂ ਦੇ ਸ਼ਬਦਾਂ ਤੋਂ ਕੀ ਸਿੱਖ ਸਕਦੇ ਹਾਂ?

ਮੋਤੀਆਂ ਦੀ ਭਾਰੀ ਕੀਮਤ

3. ਪੁਰਾਣੇ ਸਮਿਆਂ ਵਿਚ ਮੋਤੀ ਇੰਨੇ ਕੀਮਤੀ ਕਿਉਂ ਸਮਝੇ ਜਾਂਦੇ ਸਨ?

3 ਪੁਰਾਣੇ ਸਮਿਆਂ ਤੋਂ ਮੋਤੀਆਂ ਨੂੰ ਸਜਾਵਟ ਲਈ ਵਰਤਿਆ ਗਿਆ ਹੈ। ਇਕ ਰੋਮੀ ਵਿਦਵਾਨ ਅਨੁਸਾਰ ਮੋਤੀਆਂ ਨੂੰ “ਸਭ ਤੋਂ ਕੀਮਤੀ ਚੀਜ਼ਾਂ ਵਿਚ ਗਿਣਿਆ ਜਾਂਦਾ ਸੀ।” ਸੋਨਾ, ਚਾਂਦੀ ਜਾਂ ਹੋਰ ਰਤਨਾਂ ਤੋਂ ਉਲਟ, ਜੀਉਂਦੇ ਜੀਵ ਮੋਤੀਆਂ ਨੂੰ ਬਣਾਉਂਦੇ ਹਨ। ਉਹ ਕਿਵੇਂ? ਸਿੱਪੀਆਂ ਵਿਚ ਰਹਿਣ ਵਾਲੇ ਕੁਝ ਜੀਵ ਛੋਟੇ-ਛੋਟੇ ਰੋੜਿਆਂ ਜਾਂ ਰੇਤ ਦੇ ਕਿਣਕਿਆਂ ਨੂੰ ਲੇਪ-ਲੇਪ ਕੇ ਚਮਕਦਾਰ ਮੋਤੀ ਬਣਾ ਦਿੰਦੇ ਹਨ। ਪੁਰਾਣੇ ਜ਼ਮਾਨਿਆਂ ਵਿਚ ਸਭ ਤੋਂ ਵਧੀਆ ਮੋਤੀ ਇਸਰਾਏਲ ਦੇਸ਼ ਤੋਂ ਬਹੁਤ ਦੂਰ ਲਾਲ ਸਮੁੰਦਰ, ਫ਼ਾਰਸੀ ਖਾੜੀ ਅਤੇ ਹਿੰਦ ਮਹਾਂਸਾਗਰ ਵਿੱਚੋਂ ਇਕੱਠੇ ਕੀਤੇ ਜਾਂਦੇ ਸਨ। ਇਸੇ ਕਰਕੇ ਯਿਸੂ ਨੇ ਅਜਿਹੇ ਵਪਾਰੀ ਬਾਰੇ ਗੱਲ ਕੀਤੀ ਸੀ ਜਿਹੜਾ “ਚੰਗੇ ਮੋਤੀਆਂ ਨੂੰ ਲੱਭਦਾ ਫਿਰਦਾ ਸੀ।” ਕੀਮਤੀ ਮੋਤੀਆਂ ਨੂੰ ਲੱਭਣ ਲਈ ਬਹੁਤ ਮਿਹਨਤ ਕਰਨ ਦੀ ਲੋੜ ਹੁੰਦੀ ਹੈ।

4. ਯਿਸੂ ਨੇ ਆਪਣੇ ਦ੍ਰਿਸ਼ਟਾਂਤ ਵਿਚ ਕਿਸ ਗੱਲ ਉੱਤੇ ਜ਼ੋਰ ਦਿੱਤਾ ਸੀ?

4 ਇਹ ਸੱਚ ਹੈ ਕਿ ਮੋਤੀ ਹਮੇਸ਼ਾ ਤੋਂ ਕਾਫ਼ੀ ਮਹਿੰਗੇ ਰਹੇ ਹਨ। ਪਰ ਯਿਸੂ ਨੇ ਆਪਣੇ ਦ੍ਰਿਸ਼ਟਾਂਤ ਵਿਚ ਸਿਰਫ਼ ਮੋਤੀਆਂ ਦੀ ਕੀਮਤ ਉੱਤੇ ਜ਼ੋਰ ਨਹੀਂ ਦਿੱਤਾ ਸੀ। ਯਿਸੂ ਨੇ ਇਹ ਨਹੀਂ ਕਿਹਾ ਸੀ ਕਿ ਪਰਮੇਸ਼ੁਰ ਦਾ ਰਾਜ ਭਾਰੇ ਮੁੱਲ ਦੇ ਮੋਤੀ ਵਰਗਾ ਹੈ, ਸਗੋਂ ਉਸ ਨੇ ਕਿਹਾ ਕਿ ਪਰਮੇਸ਼ੁਰ ਦਾ ਰਾਜ “ਇੱਕ ਬੁਪਾਰੀ ਵਰਗਾ ਹੈ ਜਿਹੜਾ ਚੰਗੇ ਮੋਤੀਆਂ ਨੂੰ ਲੱਭਦਾ ਫਿਰਦਾ ਸੀ।” ਫਿਰ ਯਿਸੂ ਨੇ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਭਾਰੇ ਮੁੱਲ ਦਾ ਮੋਤੀ ਲੱਭਣ ਤੇ ਉਸ ਵਪਾਰੀ ਨੇ ਕੀ ਕੀਤਾ ਸੀ। ਇਕ ਆਮ ਦੁਕਾਨਦਾਰ ਤੋਂ ਉਲਟ ਇਹ ਵਪਾਰੀ ਇਕ ਮਾਹਰ ਸੀ ਜੋ ਮੋਤੀਆਂ ਦੀਆਂ ਖੂਬੀਆਂ ਚੰਗੀ ਤਰ੍ਹਾਂ ਜਾਣਦਾ ਅਤੇ ਉਨ੍ਹਾਂ ਦੀ ਕਦਰ ਕਰਦਾ ਸੀ। ਉਹ ਪਰਖ ਸਕਦਾ ਸੀ ਕਿ ਕਿਹੜਾ ਮੋਤੀ ਦੂਸਰੇ ਮੋਤੀ ਤੋਂ ਜ਼ਿਆਦਾ ਕੀਮਤੀ ਸੀ। ਇਸ ਤੋਂ ਇਲਾਵਾ ਉਹ ਅਸਲੀ-ਨਕਲੀ ਮੋਤੀਆਂ ਵਿਚ ਫ਼ਰਕ ਝੱਟ ਪਛਾਣ ਸਕਦਾ ਸੀ। ਉਹ ਨਕਲੀ ਮਾਲ ਤੋਂ ਧੋਖਾ ਨਹੀਂ ਖਾਂਦਾ ਸੀ।

5, 6. (ੳ) ਯਿਸੂ ਦੇ ਦ੍ਰਿਸ਼ਟਾਂਤ ਦੇ ਵਪਾਰੀ ਦੀ ਹੋਰ ਕਿਹੜੀ ਖ਼ਾਸ ਗੱਲ ਹੈ? (ਅ) ਲੁਕੇ ਧਨ ਦੇ ਦ੍ਰਿਸ਼ਟਾਂਤ ਵਿਚ ਅਸੀਂ ਵਪਾਰੀ ਬਾਰੇ ਕੀ ਸਿੱਖਦੇ ਹਾਂ?

5 ਇਸ ਵਪਾਰੀ ਦੀ ਇਕ ਹੋਰ ਗੱਲ ਵੀ ਖ਼ਾਸ ਹੈ। ਇਕ ਆਮ ਵਪਾਰੀ ਪਹਿਲਾਂ ਪਤਾ ਕਰੇਗਾ ਕਿ ਉਹ ਇਸ ਮੋਤੀ ਨੂੰ ਕਿੰਨੇ ਕੁ ਪੈਸਿਆਂ ਲਈ ਵੇਚ ਸਕੇਗਾ ਤਾਂਕਿ ਉਸ ਨੂੰ ਨਫ਼ਾ ਹੋਵੇ। ਉਹ ਇਹ ਵੀ ਜਾਣਨਾ ਚਾਹੇਗਾ ਕਿ ਇਸ ਮੋਤੀ ਨੂੰ ਕੌਣ-ਕੌਣ ਖ਼ਰੀਦਣਾ ਚਾਹੇਗਾ। ਕਹਿਣ ਦਾ ਭਾਵ ਹੈ ਕਿ ਉਹ ਇਸ ਮੋਤੀ ਨੂੰ ਆਪਣੇ ਕੋਲ ਨਹੀਂ ਰੱਖੇਗਾ, ਸਗੋਂ ਉਹ ਉਸ ਨੂੰ ਵੇਚ ਕੇ ਬਹੁਤ ਸਾਰਾ ਨਫ਼ਾ ਕਮਾਉਣਾ ਚਾਹੇਗਾ। ਪਰ ਯਿਸੂ ਦੇ ਦ੍ਰਿਸ਼ਟਾਂਤ ਦੇ ਵਪਾਰੀ ਨੇ ਇਸ ਤਰ੍ਹਾਂ ਨਹੀਂ ਕੀਤਾ ਸੀ। ਉਹ ਸਿਰਫ਼ ਪੈਸਿਆਂ ਬਾਰੇ ਨਹੀਂ ਸੋਚ ਰਿਹਾ ਸੀ। ਦਰਅਸਲ ਉਹ ਇਸ ਮੋਤੀ ਨੂੰ ਹਾਸਲ ਕਰਨ ਲਈ ਆਪਣਾ “ਸਭ ਕੁਝ” ਵੇਚਣ ਲਈ ਤਿਆਰ ਸੀ। ਉਸ ਮਨਭਾਉਂਦੇ ਮੋਤੀ ਨੂੰ ਹਾਸਲ ਕਰਨ ਲਈ ਉਸ ਨੇ ਸ਼ਾਇਦ ਆਪਣੀ ਸਾਰੀ ਜਾਇਦਾਦ ਵੀ ਵੇਚ ਦਿੱਤੀ ਹੋਵੇ।

6 ਦੂਸਰੇ ਵਪਾਰੀ ਅਜਿਹਾ ਖ਼ਤਰਾ ਕਦੀ ਵੀ ਮੁੱਲ ਨਹੀਂ ਲੈਂਦੇ। ਉਨ੍ਹਾਂ ਦੀਆਂ ਨਜ਼ਰਾਂ ਵਿਚ ਇਸ ਵਪਾਰੀ ਨੇ ਜੋ ਕੀਤਾ ਉਹ ਬੇਵਕੂਫ਼ੀ ਸੀ। ਪਰ ਯਿਸੂ ਦੇ ਦ੍ਰਿਸ਼ਟਾਂਤ ਦੇ ਵਪਾਰੀ ਦੀਆਂ ਹੋਰ ਕਦਰਾਂ-ਕੀਮਤਾਂ ਸਨ। ਉਸ ਨੂੰ ਖ਼ੁਸ਼ੀ ਪੈਸਾ ਬਣਾਉਣ ਤੋਂ ਨਹੀਂ, ਸਗੋਂ ਇਸ ਅਨਮੋਲ ਮੋਤੀ ਨੂੰ ਹਾਸਲ ਕਰਨ ਤੋਂ ਮਿਲੀ ਸੀ। ਇਹ ਗੱਲ ਪਰਮੇਸ਼ੁਰ ਦੇ ਰਾਜ ਬਾਰੇ ਇਕ ਹੋਰ ਦ੍ਰਿਸ਼ਟਾਂਤ ਤੋਂ ਵੀ ਸਾਫ਼ ਦੇਖੀ ਜਾ ਸਕਦੀ ਹੈ: “ਸੁਰਗ ਦਾ ਰਾਜ ਉਸ ਧਨ ਵਰਗਾ ਹੈ ਜਿਹੜਾ ਖੇਤ ਵਿੱਚ ਲੁਕਿਆ ਹੋਇਆ ਸੀ ਜਿਸ ਨੂੰ ਇੱਕ ਮਨੁੱਖ ਨੇ ਲੱਭ ਕੇ ਲੁਕਾ ਰੱਖਿਆ ਅਤੇ ਖ਼ੁਸ਼ੀ ਦੇ ਮਾਰੇ ਉਹ ਨੇ ਜਾ ਕੇ ਆਪਣਾ ਸਭ ਕੁਝ ਵੇਚ ਦਿੱਤਾ ਅਤੇ ਉਸ ਖੇਤ ਨੂੰ ਮੁੱਲ ਲੈ ਲਿਆ।” (ਮੱਤੀ 13:44) ਜੀ ਹਾਂ, ਇਹ ਆਦਮੀ ਉਸ ਖ਼ੁਸ਼ੀ ਲਈ ਆਪਣਾ ਸਭ ਕੁਝ ਵੇਚਣ ਲਈ ਰਾਜ਼ੀ ਸੀ ਜੋ ਉਸ ਨੂੰ ਉਹ ਧਨ ਹਾਲਸ ਕਰਨ ਤੋਂ ਮਿਲੀ ਸੀ। ਕੀ ਅੱਜ ਅਜਿਹੇ ਇਨਸਾਨ ਹਨ? ਕੀ ਅਜਿਹਾ ਕੋਈ ਧਨ ਹੈ ਜਿਸ ਦੀ ਖ਼ਾਤਰ ਲੋਕ ਆਪਣਾ ਸਭ ਕੁਝ ਦੇਣ ਲਈ ਰਾਜ਼ੀ ਹਨ?

ਪਰਮੇਸ਼ੁਰ ਦੇ ਰਾਜ ਦੇ ਕਦਰਦਾਨ ਲੋਕ

7. ਯਿਸੂ ਨੇ ਕਿਵੇਂ ਦਿਖਾਇਆ ਸੀ ਕਿ ਉਹ ਪਰਮੇਸ਼ੁਰ ਦੇ ਰਾਜ ਦੀ ਬਹੁਤ ਕਦਰ ਕਰਦਾ ਸੀ?

7 ਕੀਮਤੀ ਮੋਤੀ ਦੇ ਦ੍ਰਿਸ਼ਟਾਂਤ ਵਿਚ ਯਿਸੂ ‘ਸੁਰਗ ਦੇ ਰਾਜ’ ਬਾਰੇ ਗੱਲ ਕਰ ਰਿਹਾ ਸੀ। ਯਿਸੂ ਖ਼ੁਦ ਇਸ ਰਾਜ ਦੀ ਬਹੁਤ ਕਦਰ ਕਰਦਾ ਸੀ। ਇੰਜੀਲਾਂ ਵਿਚ ਸਾਨੂੰ ਇਸ ਗੱਲ ਦਾ ਪੱਕਾ ਸਬੂਤ ਮਿਲਦਾ ਹੈ। ਸਾਲ 29 ਵਿਚ ਯਿਸੂ ਦੇ ਬਪਤਿਸਮੇ ਤੋਂ ਬਾਅਦ ਉਹ “ਪਰਚਾਰ ਕਰਨ ਅਤੇ ਕਹਿਣ ਲੱਗਾ ਭਈ ਤੋਬਾ ਕਰੋ ਕਿਉਂ ਜੋ ਸੁਰਗ ਦਾ ਰਾਜ ਨੇੜੇ ਆਇਆ ਹੈ।” ਸਾਢੇ ਤਿੰਨ ਸਾਲਾਂ ਲਈ ਉਸ ਨੇ ਬੇਸ਼ੁਮਾਰ ਲੋਕਾਂ ਨੂੰ ਇਸ ਰਾਜ ਬਾਰੇ ਸਿੱਖਿਆ ਦਿੱਤੀ ਸੀ। ਉਹ ਇਸਰਾਏਲ ਦੇ ਪੂਰੇ ਦੇਸ਼ ਵਿਚ “ਨਗਰੋ ਨਗਰ ਅਤੇ ਪਿੰਡੋ ਪਿੰਡ ਫਿਰਦਾ ਹੋਇਆ ਪਰਚਾਰ ਕਰਦਾ ਅਤੇ ਪਰਮੇਸ਼ੁਰ ਦੇ ਰਾਜ ਦੀ ਖੁਸ਼ ਖਬਰੀ ਸੁਣਾਉਂਦਾ ਸੀ।”—ਮੱਤੀ 4:17; ਲੂਕਾ 8:1.

8. ਯਿਸੂ ਨੇ ਕਿਵੇਂ ਦਿਖਾਇਆ ਸੀ ਕਿ ਪਰਮੇਸ਼ੁਰ ਦਾ ਰਾਜ ਭਵਿੱਖ ਵਿਚ ਲੋਕਾਂ ਲਈ ਕੀ ਕਰੇਗਾ?

8 ਯਿਸੂ ਨੇ ਬਹੁਤ ਸਾਰੇ ਚਮਤਕਾਰ ਕਰ ਕੇ ਇਹ ਵੀ ਦਿਖਾਇਆ ਸੀ ਕਿ ਭਵਿੱਖ ਵਿਚ ਪਰਮੇਸ਼ੁਰ ਦਾ ਰਾਜ ਲੋਕਾਂ ਲਈ ਕੀ-ਕੀ ਕਰੇਗਾ। ਮਿਸਾਲ ਲਈ, ਉਸ ਨੇ ਬੀਮਾਰਾਂ ਨੂੰ ਠੀਕ ਕੀਤਾ, ਭੁੱਖਿਆਂ ਨੂੰ ਰੋਟੀ ਖੁਆਈ, ਤੂਫ਼ਾਨਾਂ ਨੂੰ ਸ਼ਾਂਤ ਕੀਤਾ ਅਤੇ ਮੁਰਦਿਆਂ ਨੂੰ ਵੀ ਦੁਬਾਰਾ ਜ਼ਿੰਦਾ ਕੀਤਾ ਸੀ। (ਮੱਤੀ 14:14-21; ਮਰਕੁਸ 4:37-39; ਲੂਕਾ 7:11-17) ਅਖ਼ੀਰ ਵਿਚ ਸੂਲੀ ਉੱਤੇ ਆਪਣੀ ਜਾਨ ਕੁਰਬਾਨ ਕਰ ਕੇ ਯਿਸੂ ਨੇ ਦਿਖਾਇਆ ਕਿ ਉਹ ਪਰਮੇਸ਼ੁਰ ਨੂੰ ਵਫ਼ਾਦਾਰ ਸੀ। ਜਿਸ ਤਰ੍ਹਾਂ ਉਹ ਵਪਾਰੀ ਭਾਰੇ ਮੁੱਲ ਦੇ ਮੋਤੀ ਵਾਸਤੇ ਆਪਣਾ ਸਭ ਕੁਝ ਵਾਰਨ ਲਈ ਤਿਆਰ ਸੀ, ਉਸੇ ਤਰ੍ਹਾਂ ਯਿਸੂ ਦਾ ਜੀਣਾ-ਮਰਨਾ ਸਿਰਫ਼ ਪਰਮੇਸ਼ੁਰ ਦੇ ਰਾਜ ਲਈ ਸੀ।—ਯੂਹੰਨਾ 18:37.

9. ਯਿਸੂ ਦੇ ਮੁਢਲੇ ਚੇਲਿਆਂ ਨੇ ਪਰਮੇਸ਼ੁਰ ਦੇ ਰਾਜ ਬਾਰੇ ਸੁਣ ਕੇ ਕੀ ਕੀਤਾ ਸੀ?

9 ਯਿਸੂ ਨੇ ਸਿਰਫ਼ ਆਪ ਹੀ ਪਰਮੇਸ਼ੁਰ ਦੇ ਰਾਜ ਨੂੰ ਪਹਿਲ ਨਹੀਂ ਦਿੱਤੀ ਸੀ, ਸਗੋਂ ਉਸ ਨੇ ਆਪਣੇ ਚੇਲੇ ਇਕੱਠੇ ਕੀਤੇ ਸਨ ਅਤੇ ਉਨ੍ਹਾਂ ਨੂੰ ਵੀ ਇਸ ਰਾਜ ਦੀ ਕਦਰ ਕਰਨੀ ਸਿਖਾਈ ਸੀ। ਅੰਦ੍ਰਿਯਾਸ ਦੀ ਮਿਸਾਲ ਲੈ ਲਵੋ। ਉਹ ਪਹਿਲਾਂ ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਚੇਲਾ ਹੁੰਦਾ ਸੀ। ਪਰ ਜਦ ਉਸ ਨੇ ਯੂਹੰਨਾ ਦੇ ਮੂੰਹੋਂ ਯਿਸੂ ਬਾਰੇ ਗਵਾਹੀ ਸੁਣੀ ਕਿ ਉਹ “ਪਰਮੇਸ਼ੁਰ ਦਾ ਲੇਲਾ” ਸੀ, ਤਾਂ ਅੰਦ੍ਰਿਯਾਸ ਯਿਸੂ ਦਾ ਚੇਲਾ ਬਣ ਗਿਆ। ਉਸ ਵਕਤ ਅੰਦ੍ਰਿਯਾਸ ਦੇ ਨਾਲ ਜ਼ਬਦੀ ਦਾ ਪੁੱਤਰ ਯੂਹੰਨਾ ਵੀ ਸੀ ਅਤੇ ਉਹ ਵੀ ਯਿਸੂ ਦਾ ਚੇਲਾ ਬਣ ਗਿਆ। ਫਿਰ ਅੰਦ੍ਰਿਯਾਸ ਨੇ ਆਪਣੇ ਭਰਾ ਸ਼ਮਊਨ ਨੂੰ ਵੀ ਜਾ ਕੇ ਦੱਸਿਆ: ‘ਅਸਾਂ ਮਸੀਹ ਨੂੰ ਲੱਭ ਲਿਆ ਹੈ!’ ਇਹ ਸੁਣ ਕੇ ਸ਼ਮਊਨ (ਜੋ ਬਾਅਦ ਵਿਚ ਕੇਫਾਸ ਜਾਂ ਪਤਰਸ ਦੇ ਨਾਂ ਤੋਂ ਜਾਣਿਆ ਗਿਆ) ਅਤੇ ਫ਼ਿਲਿੱਪੁਸ ਤੇ ਫ਼ਿਲਿੱਪੁਸ ਦੇ ਦੋਸਤ ਨਥਾਨਿਏਲ ਨੇ ਵੀ ਪਛਾਣ ਲਿਆ ਕਿ ਯਿਸੂ ਹੀ ਮਸੀਹਾ ਸੀ। ਦਰਅਸਲ ਨਥਾਨਿਏਲ ਨੇ ਪ੍ਰਭਾਵਿਤ ਹੋ ਕੇ ਯਿਸੂ ਨੂੰ ਕਿਹਾ: “ਤੁਸੀਂ ਪਰਮੇਸ਼ੁਰ ਦੇ ਪੁੱਤ੍ਰ ਹੋ, ਤੁਸੀਂ ਇਸਰਾਏਲ ਦੇ ਪਾਤਸ਼ਾਹ ਹੋ!”—ਯੂਹੰਨਾ 1:35-49.

ਫ਼ੈਸਲਾ ਕਰਨ ਦਾ ਵਕਤ

10. ਯਿਸੂ ਦੇ ਚੇਲਿਆਂ ਨੇ ਕੀ ਕੀਤਾ ਸੀ ਜਦ ਯਿਸੂ ਨੇ ਉਨ੍ਹਾਂ ਨੂੰ ਉਸ ਦੇ ਮਗਰ ਆਉਣ ਲਈ ਕਿਹਾ ਸੀ?

10 ਮਸੀਹਾ ਲੱਭਣ ਤੇ ਅੰਦ੍ਰਿਯਾਸ, ਪਤਰਸ, ਯੂਹੰਨਾ ਅਤੇ ਹੋਰਨਾਂ ਲੋਕਾਂ ਨੂੰ ਜੋ ਖ਼ੁਸ਼ੀ ਮਿਲੀ ਸੀ ਉਸ ਦੀ ਤੁਲਨਾ ਉਸ ਵਪਾਰੀ ਦੀ ਖ਼ੁਸ਼ੀ ਨਾਲ ਕੀਤੀ ਜਾ ਸਕਦੀ ਹੈ ਜਿਸ ਨੂੰ ਕੀਮਤੀ ਮੋਤੀ ਲੱਭਿਆ ਸੀ। ਇੰਜੀਲਾਂ ਵਿਚ ਸਾਨੂੰ ਇਹ ਨਹੀਂ ਦੱਸਿਆ ਗਿਆ ਕਿ ਯਿਸੂ ਨੂੰ ਪਹਿਲੀ ਵਾਰ ਮਿਲਣ ਤੋਂ ਬਾਅਦ ਉਨ੍ਹਾਂ ਨੇ ਕੀ ਕੀਤਾ ਸੀ। ਲੱਗਦਾ ਹੈ ਕਿ ਉਹ ਆਪਣੇ ਰੋਜ਼ ਦੇ ਕੰਮਾਂ-ਕਾਰਾਂ ਵਿਚ ਲੱਗੇ ਰਹੇ। ਪਰ ਫਿਰ ਇਕ ਸਾਲ ਦੇ ਅੰਦਰ-ਅੰਦਰ ਯਿਸੂ ਫਿਰ ਤੋਂ ਅੰਦ੍ਰਿਯਾਸ, ਪਤਰਸ, ਯੂਹੰਨਾ ਅਤੇ ਯੂਹੰਨਾ ਦੇ ਭਰਾ ਯਾਕੂਬ ਨੂੰ ਮਿਲਿਆ। ਉਸ ਸਮੇਂ ਉਹ ਗਲੀਲ ਦੀ ਝੀਲ ਦੇ ਕੰਢੇ ਮਛਿਆਰਿਆਂ ਦਾ ਕੰਮ ਕਰਦੇ ਸਨ। * ਉਨ੍ਹਾਂ ਨੂੰ ਦੇਖ ਕੇ ਯਿਸੂ ਨੇ ਕਿਹਾ: “ਮੇਰੇ ਮਗਰ ਆਓ ਤਾਂ ਮੈਂ ਤੁਹਾਨੂੰ ਮਨੁੱਖਾਂ ਦੇ ਸ਼ਿਕਾਰੀ ਬਣਾਵਾਂਗਾ।” ਉਸ ਦੀ ਗੱਲ ਸੁਣ ਕੇ ਉਨ੍ਹਾਂ ਨੇ ਕੀ ਕੀਤਾ? ਮੱਤੀ ਦੀ ਇੰਜੀਲ ਵਿਚ ਪਤਰਸ ਅਤੇ ਅੰਦ੍ਰਿਯਾਸ ਬਾਰੇ ਲਿਖਿਆ ਹੈ: “ਓਹ ਝੱਟ ਜਾਲਾਂ ਨੂੰ ਛੱਡ ਕੇ ਉਹ ਦੇ ਮਗਰ ਹੋ ਤੁਰੇ।” ਯਾਕੂਬ ਅਤੇ ਯੂਹੰਨਾ ਬਾਰੇ ਅਸੀਂ ਪੜ੍ਹਦੇ ਹਾਂ: “ਓਹ ਝੱਟ ਬੇੜੀ ਨੂੰ ਅਤੇ ਆਪਣੇ ਪਿਉ ਨੂੰ ਛੱਡ ਕੇ ਉਹ ਦੇ ਮਗਰ ਹੋ ਤੁਰੇ।” ਲੂਕਾ ਦੀ ਇੰਜੀਲ ਵਿਚ ਸਾਨੂੰ ਦੱਸਿਆ ਹੈ ਕਿ ਉਹ “ਸੱਭੋ ਕੁਝ ਛੱਡ ਕੇ ਉਹ ਦੇ ਮਗਰ ਹੋ ਤੁਰੇ।”—ਮੱਤੀ 4:18-22; ਲੂਕਾ 5:1-11.

11. ਯਿਸੂ ਦੇ ਚੇਲੇ ਇਕਦਮ ਉਸ ਦੇ ਮਗਰ ਕਿਉਂ ਲੱਗ ਪਏ ਸਨ?

11 ਕੀ ਯਿਸੂ ਦੇ ਚੇਲਿਆਂ ਨੇ ਉਸ ਮਗਰ ਜਾਣ ਦਾ ਫ਼ੈਸਲਾ ਕਾਹਲੀ ਨਾਲ ਕੀਤਾ ਸੀ? ਬਿਲਕੁਲ ਨਹੀਂ! ਭਾਵੇਂ ਉਹ ਯਿਸੂ ਨੂੰ ਪਹਿਲੀ ਵਾਰ ਮਿਲਣ ਤੋਂ ਬਾਅਦ ਆਪਣੇ ਕੰਮ-ਧੰਦੇ ਵਿਚ ਫਿਰ ਤੋਂ ਲੱਗ ਗਏ ਸਨ, ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਉਨ੍ਹਾਂ ਨੇ ਉਸ ਵਕਤ ਜੋ ਕੁਝ ਦੇਖਿਆ ਤੇ ਸੁਣਿਆ ਸੀ ਇਸ ਦਾ ਉਨ੍ਹਾਂ ਦੇ ਦਿਲਾਂ ਅਤੇ ਮਨਾਂ ਉੱਤੇ ਗਹਿਰਾ ਅਸਰ ਪਿਆ। ਉਨ੍ਹਾਂ ਕੋਲ ਇਨ੍ਹਾਂ ਗੱਲਾਂ ਉੱਤੇ ਸੋਚ-ਵਿਚਾਰ ਕਰਨ ਲਈ ਲਗਭਗ ਇਕ ਸਾਲ ਸੀ। ਪਰ ਹੁਣ ਫ਼ੈਸਲਾ ਕਰਨ ਦਾ ਵਕਤ ਆ ਗਿਆ ਸੀ। ਕੀ ਉਹ ਉਸ ਵਪਾਰੀ ਵਾਂਗ ਕਦਮ ਚੁੱਕਣ ਲਈ ਤਿਆਰ ਸਨ ਜਿਸ ਨੂੰ ਕੀਮਤੀ ਮੋਤੀ ਲੱਭਣ ਤੇ ਇੰਨੀ ਖ਼ੁਸ਼ੀ ਹੋਈ ਸੀ ਕਿ ਉਸ ਨੇ ਇਕਦਮ ਜਾ ਕੇ ਉਸ ਮੋਤੀ ਨੂੰ ਖ਼ਰੀਦਣ ਲਈ ਆਪਣਾ ਸਭ ਕੁਝ ਵੇਚ ਦਿੱਤਾ? ਜੀ ਹਾਂ, ਯਿਸੂ ਦੀਆਂ ਗੱਲਾਂ ਅਤੇ ਕੰਮਾਂ ਨੇ ਉਨ੍ਹਾਂ ਦੇ ਦਿਲਾਂ ਨੂੰ ਪ੍ਰਭਾਵਿਤ ਕੀਤਾ। ਉਹ ਜਾਣਦੇ ਸਨ ਕਿ ਹੁਣ ਕੁਝ ਕਰਨ ਦੀ ਲੋੜ ਸੀ। ਇਸ ਲਈ ਬਾਈਬਲ ਸਾਨੂੰ ਦੱਸਦੀ ਹੈ ਕਿ ਉਹ ਇਕਦਮ ਸਭ ਕੁਝ ਛੱਡ ਕੇ ਯਿਸੂ ਦੇ ਮਗਰ ਹੋ ਤੁਰੇ।

12, 13. (ੳ) ਕੀ ਸਾਰੇ ਲੋਕਾਂ ਨੇ ਯਿਸੂ ਦੀਆਂ ਗੱਲਾਂ ਤੇ ਅਮਲ ਕੀਤਾ ਸੀ? (ਅ) ਯਿਸੂ ਨੇ ਆਪਣੇ ਵਫ਼ਾਦਾਰ ਚੇਲਿਆਂ ਬਾਰੇ ਕੀ ਕਿਹਾ ਸੀ ਅਤੇ ਉਸ ਦੇ ਸ਼ਬਦਾਂ ਦਾ ਕੀ ਮਤਲਬ ਸੀ?

12 ਇਹ ਵਫ਼ਾਦਾਰ ਚੇਲੇ ਇੰਜੀਲਾਂ ਵਿਚ ਜ਼ਿਕਰ ਕੀਤੇ ਗਏ ਹੋਰ ਕਈਆਂ ਲੋਕਾਂ ਤੋਂ ਕਿੰਨੇ ਵੱਖਰੇ ਸਨ! ਭਾਵੇਂ ਯਿਸੂ ਨੇ ਕਈ ਬੀਮਾਰ ਲੋਕਾਂ ਨੂੰ ਠੀਕ ਕੀਤਾ ਸੀ ਜਾਂ ਉਨ੍ਹਾਂ ਨੂੰ ਰੋਟੀ ਖੁਆਈ ਸੀ, ਪਰ ਇਹ ਲੋਕ ਆਪਣੇ ਰਸਤੇ ਚੱਲਦੇ ਰਹੇ। (ਲੂਕਾ 17:17, 18; ਯੂਹੰਨਾ 6:26) ਜਦ ਯਿਸੂ ਨੇ ਉਨ੍ਹਾਂ ਨੂੰ ਉਸ ਦੇ ਪਿੱਛੇ ਆਉਣ ਲਈ ਕਿਹਾ, ਤਾਂ ਉਹ ਬਹਾਨੇ ਬਣਾਉਂਦੇ ਰਹੇ। (ਲੂਕਾ 9:59-62) ਇਸ ਦੇ ਬਿਲਕੁਲ ਉਲਟ ਯਿਸੂ ਦੇ ਵਫ਼ਾਦਾਰ ਚੇਲਿਆਂ ਬਾਰੇ ਕਿਹਾ ਗਿਆ ਹੈ: “ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਦਿਨਾਂ ਤੋਂ ਹੁਣ ਤੋੜੀ ਸੁਰਗ ਦੇ ਰਾਜ ਉੱਤੇ ਜ਼ੋਰ ਮਾਰਿਆ ਜਾਂਦਾ ਹੈ ਅਤੇ ਜ਼ੋਰ ਮਾਰਨ ਵਾਲੇ ਉਸ ਨੂੰ ਖੋਹ ਲੈਂਦੇ ਹਨ।”—ਮੱਤੀ 11:12.

13 ਇੱਥੇ “ਜ਼ੋਰ ਮਾਰਨ” ਦਾ ਕੀ ਮਤਲਬ ਹੈ? ਬਾਈਬਲ ਦੇ ਇਕ ਸ਼ਬਦ-ਕੋਸ਼ ਮੁਤਾਬਕ ਇਸ ਯੂਨਾਨੀ ਕ੍ਰਿਆ ਦਾ ਮਤਲਬ ਹੈ “ਪੂਰੀ ਕੋਸ਼ਿਸ਼ ਕਰਨੀ।” ਇਸ ਆਇਤ ਬਾਰੇ ਬਾਈਬਲ ਦਾ ਇਕ ਵਿਦਵਾਨ ਕਹਿੰਦਾ ਹੈ: ‘ਇਸ ਤੋਂ ਪਤਾ ਲੱਗਦਾ ਹੈ ਕਿ ਉਹ ਬੜੇ ਜੋਸ਼ ਨਾਲ ਮਸੀਹ ਦੇ ਰਾਜ ਮਗਰ ਲੱਗੇ ਹੋਏ ਸਨ। ਉਹ ਹੱਥ ਧੋ ਕੇ ਉਸ ਦੇ ਪਿੱਛੇ ਪਏ ਹੋਏ ਸਨ। ਉਹ ਬੇਦਿਲੀ ਨਾਲ ਨਹੀਂ, ਪਰ ਆਪਣੇ ਪੂਰੇ ਦਿਲ ਨਾਲ ਉਸ ਰਾਜ ਵਿਚ ਦਿਲਚਸਪੀ ਲੈ ਰਹੇ ਸਨ।’ ਉਸ ਵਪਾਰੀ ਵਾਂਗ ਇਨ੍ਹਾਂ ਚੰਦ ਇਨਸਾਨਾਂ ਨੇ ਬਹੁਤ ਜਲਦੀ ਪਛਾਣ ਲਿਆ ਕਿ ਅਸਲ ਵਿਚ ਕੀ ਕੀਮਤੀ ਸੀ ਅਤੇ ਉਨ੍ਹਾਂ ਨੇ ਪਰਮੇਸ਼ੁਰ ਦੇ ਰਾਜ ਦੀ ਖ਼ਾਤਰ ਖ਼ੁਸ਼ੀ ਨਾਲ ਆਪਣਾ ਸਾਰਾ ਕੁਝ ਵਾਰ ਦਿੱਤਾ।—ਮੱਤੀ 19:27, 28; ਫ਼ਿਲਿੱਪੀਆਂ 3:8.

ਹੋਰ ਲੋਕ ਵੀ ਮੋਤੀ ਦੀ ਭਾਲ ਵਿਚ ਲੱਗੇ

14. ਯਿਸੂ ਨੇ ਆਪਣੇ ਰਸੂਲਾਂ ਨੂੰ ਪ੍ਰਚਾਰ ਦੇ ਕੰਮ ਲਈ ਕਿਸ ਤਰ੍ਹਾਂ ਤਿਆਰ ਕੀਤਾ ਸੀ ਅਤੇ ਇਸ ਦਾ ਨਤੀਜਾ ਕੀ ਨਿਕਲਿਆ?

14 ਯਿਸੂ ਨੇ ਪ੍ਰਚਾਰ ਕਰਦੇ ਹੋਏ ਦੂਸਰਿਆਂ ਨੂੰ ਵੀ ਪਰਮੇਸ਼ੁਰ ਦੇ ਰਾਜ ਨੂੰ ਪਹਿਲ ਦੇਣੀ ਸਿਖਾਈ। ਪਹਿਲਾਂ ਉਸ ਨੇ ਆਪਣੇ ਚੇਲਿਆਂ ਵਿੱਚੋਂ 12 ਰਸੂਲ ਚੁਣੇ। ਇਨ੍ਹਾਂ ਨੂੰ ਉਸ ਨੇ ਸਿਖਾਇਆ ਕਿ ਪ੍ਰਚਾਰ ਕਿਸ ਤਰ੍ਹਾਂ ਕੀਤਾ ਜਾਣਾ ਚਾਹੀਦਾ ਹੈ ਅਤੇ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਵੇਗਾ। (ਮੱਤੀ 10:1-42; ਲੂਕਾ 6:12-16) ਅਗਲੇ ਦੋ ਕੁ ਸਾਲਾਂ ਤਕ ਉਹ ਦੇਸ਼ ਵਿਚ ਯਿਸੂ ਦੇ ਨਾਲ-ਨਾਲ ਪ੍ਰਚਾਰ ਕਰਦੇ ਗਏ ਅਤੇ ਉਸ ਨਾਲ ਉਨ੍ਹਾਂ ਦੀ ਦੋਸਤੀ ਹੋਰ ਵੀ ਪੱਕੀ ਹੁੰਦੀ ਗਈ। ਉਨ੍ਹਾਂ ਨੇ ਉਸ ਦੀਆਂ ਗੱਲਾਂ ਸੁਣੀਆਂ ਅਤੇ ਉਸ ਦੇ ਚਮਤਕਾਰ ਦੇਖੇ। (ਮੱਤੀ 13:16, 17) ਉਸ ਦੀ ਮਿਸਾਲ ਦਾ ਉਨ੍ਹਾਂ ਉੱਤੇ ਇੰਨਾ ਵੱਡਾ ਅਸਰ ਪਿਆ ਕਿ ਉਹ ਪਰਮੇਸ਼ੁਰ ਦੇ ਰਾਜ ਲਈ ਸਭ ਕੁਝ ਛੱਡਣ ਲਈ ਤਿਆਰ ਸਨ ਜਿਵੇਂ ਮੋਤੀਆਂ ਦਾ ਉਹ ਵਪਾਰੀ ਕੀਮਤੀ ਮੋਤੀ ਕਾਰਨ ਸਭ ਕੁਝ ਛੱਡਣ ਲਈ ਤਿਆਰ ਸੀ।

15. ਯਿਸੂ ਨੇ ਆਪਣੇ ਚੇਲਿਆਂ ਨੂੰ ਖ਼ੁਸ਼ ਹੋਣ ਦਾ ਕਿਹੜਾ ਕਾਰਨ ਦਿੱਤਾ ਸੀ?

15 ਇਨ੍ਹਾਂ 12 ਰਸੂਲਾਂ ਤੋਂ ਇਲਾਵਾ ਯਿਸੂ ਨੇ “ਸੱਤਰ ਹੋਰ ਵੀ ਠਹਿਰਾਏ ਅਰ ਹਰ ਨਗਰ ਅਤੇ ਹਰ ਥਾਂ ਜਿੱਥੇ ਆਪ ਜਾਣ ਵਾਲਾ ਸੀ ਉਨ੍ਹਾਂ ਨੂੰ ਦੋ ਦੋ ਕਰਕੇ ਆਪਣੇ ਅੱਗੇ ਘੱਲਿਆ।” ਉਸ ਨੇ ਇਨ੍ਹਾਂ ਚੇਲਿਆਂ ਨੂੰ ਵੀ ਆਉਣ ਵਾਲੀਆਂ ਮੁਸ਼ਕਲਾਂ ਬਾਰੇ ਦੱਸਿਆ ਅਤੇ ਉਨ੍ਹਾਂ ਨੂੰ ਕਿਹਾ ਕਿ ਉਹ ਲੋਕਾਂ ਨੂੰ ਕਹਿਣ ਕਿ “ਪਰਮੇਸ਼ੁਰ ਦਾ ਰਾਜ ਤੁਹਾਡੇ ਨੇੜੇ ਆ ਗਿਆ ਹੈ।” (ਲੂਕਾ 10:1-12) ਜਦ ਇਹ 70 ਪ੍ਰਚਾਰ ਕਰਨ ਤੋਂ ਬਾਅਦ ਵਾਪਸ ਆਏ, ਤਾਂ ਉਨ੍ਹਾਂ ਨੇ ਖ਼ੁਸ਼ੀ ਨਾਲ ਯਿਸੂ ਨੂੰ ਦੱਸਿਆ: “ਪ੍ਰਭੁ ਜੀ ਤੇਰੇ ਨਾਮ ਕਰਕੇ ਭੂਤ ਭੀ ਸਾਡੇ ਵੱਸ ਵਿੱਚ ਹਨ!” ਪਰ ਉਹ ਸ਼ਾਇਦ ਯਿਸੂ ਦੇ ਜਵਾਬ ਤੋਂ ਹੈਰਾਨ ਹੋਏ ਕਿ ਉਨ੍ਹਾਂ ਨੂੰ ਇਸ ਤੋਂ ਵੀ ਜ਼ਿਆਦਾ ਖ਼ੁਸ਼ੀ ਮਿਲਣੀ ਸੀ। ਪਰਮੇਸ਼ੁਰ ਦੇ ਰਾਜ ਲਈ ਉਨ੍ਹਾਂ ਦੀ ਲਗਨ ਦਾ ਇਨਾਮ ਵੱਡਾ ਹੋਣਾ ਸੀ। ਯਿਸੂ ਨੇ ਉਨ੍ਹਾਂ ਨੂੰ ਕਿਹਾ: “ਇਸ ਤੋਂ ਅਨੰਦ ਨਾ ਹੋਵੋ ਕਿ ਰੂਹਾਂ ਤੁਹਾਡੇ ਵੱਸ ਵਿੱਚ ਹਨ ਪਰ ਇਸ ਤੋਂ ਅਨੰਦ ਹੋਵੋ ਭਈ ਤੁਹਾਡੇ ਨਾਉਂ ਸੁਰਗ ਵਿੱਚ ਲਿਖੇ ਹੋਏ ਹਨ।”—ਲੂਕਾ 10:17, 20.

16, 17. (ੳ) ਯਿਸੂ ਨੇ ਆਪਣੀ ਆਖ਼ਰੀ ਸ਼ਾਮ ਨੂੰ ਆਪਣੇ ਵਫ਼ਾਦਾਰ ਰਸੂਲਾਂ ਨੂੰ ਕੀ ਕਿਹਾ ਸੀ? (ਅ) ਯਿਸੂ ਦੇ ਸ਼ਬਦ ਸੁਣ ਕੇ ਰਸੂਲਾਂ ਨੂੰ ਖ਼ੁਸ਼ੀ ਅਤੇ ਤਸੱਲੀ ਕਿਉਂ ਮਿਲੀ ਹੋਵੇਗੀ?

16 ਆਪਣੇ ਚੇਲਿਆਂ ਨਾਲ ਯਿਸੂ ਦੀ ਆਖ਼ਰੀ ਸ਼ਾਮ ਸਾਲ 33 ਵਿਚ 14 ਨੀਸਾਨ ਦੀ ਸ਼ਾਮ ਸੀ। ਉਸ ਵੇਲੇ ਉਸ ਨੇ ਇਕ ਸਮਾਰੋਹ ਮਨਾਉਣ ਦੀ ਰੀਤ ਸ਼ੁਰੂ ਕੀਤੀ ਅਤੇ ਆਪਣੇ ਚੇਲਿਆਂ ਨੂੰ ਹੁਕਮ ਦਿੱਤਾ ਕਿ ਉਹ ਇਸ ਨੂੰ ਮਨਾਉਂਦੇ ਰਹਿਣ। ਉਸ ਸ਼ਾਮ ਉਸ ਨੇ ਆਪਣੇ 11 ਵਫ਼ਾਦਾਰ ਰਸੂਲਾਂ ਨੂੰ ਦੱਸਿਆ: “ਤੁਸੀਂ ਉਹੋ ਹੀ ਹੋ ਜੋ ਮੇਰੇ ਪਰਤਾਵਿਆਂ ਵਿੱਚ ਸਦਾ ਮੇਰੇ ਨਾਲ ਰਹੇ। ਜਿਵੇਂ ਮੇਰੇ ਪਿਤਾ ਨੇ ਮੇਰੇ ਲਈ ਇੱਕ ਰਾਜ ਠਹਿਰਾਇਆ ਹੈ ਤਿਵੇਂ ਮੈਂ ਤੁਹਾਡੇ ਲਈ ਠਹਿਰਾਉਂਦਾ ਹਾਂ। ਤਾਂ ਜੋ ਤੁਸੀਂ ਮੇਰੇ ਰਾਜ ਵਿੱਚ ਮੇਰੀ ਮੇਜ਼ ਉੱਤੇ ਖਾਓ ਪੀਓ ਅਤੇ ਤੁਸੀਂ ਸਿੰਘਾਸਣਾਂ ਤੇ ਬੈਠ ਕੇ ਇਸਰਾਏਲ ਦੀਆਂ ਬਾਰਾਂ ਗੋਤਾਂ ਦਾ ਨਿਆਉਂ ਕਰੋਗੇ।”—ਲੂਕਾ 22:19, 20, 28-30.

17 ਯਿਸੂ ਦੇ ਇਹ ਸ਼ਬਦ ਸੁਣ ਕੇ ਉਨ੍ਹਾਂ ਨੂੰ ਕਿੰਨੀ ਖ਼ੁਸ਼ੀ ਅਤੇ ਕਿੰਨੀ ਤਸੱਲੀ ਮਿਲੀ ਹੋਵੇਗੀ! ਉਨ੍ਹਾਂ ਨੂੰ ਇਨਸਾਨਾਂ ਵਜੋਂ ਸਭ ਤੋਂ ਵੱਡਾ ਸਨਮਾਨ ਪੇਸ਼ ਕੀਤਾ ਜਾ ਰਿਹਾ ਸੀ। (ਮੱਤੀ 7:13, 14; 1 ਪਤਰਸ 2:9) ਉਸ ਵਪਾਰੀ ਦੀ ਤਰ੍ਹਾਂ ਉਨ੍ਹਾਂ ਨੇ ਵੀ ਬਹੁਤ ਕੁਝ ਕੁਰਬਾਨ ਕੀਤਾ ਸੀ ਤਾਂਕਿ ਉਹ ਯਿਸੂ ਦੇ ਮਗਰ ਲੱਗ ਸਕਣ ਅਤੇ ਆਪਣੀ ਜ਼ਿੰਦਗੀ ਵਿਚ ਪਰਮੇਸ਼ੁਰ ਦੇ ਰਾਜ ਨੂੰ ਪਹਿਲ ਦੇ ਸਕਣ। ਹੁਣ ਯਿਸੂ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਮਿਹਨਤ ਫ਼ਜ਼ੂਲ ਨਹੀਂ ਜਾਣੀ ਸੀ।

18. ਯਿਸੂ ਦੇ 11 ਰਸੂਲਾਂ ਤੋਂ ਇਲਾਵਾ ਹੋਰ ਕਿਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਤੋਂ ਲਾਭ ਹੋਣਾ ਸੀ?

18 ਉਸ ਸ਼ਾਮ ਜਿਹੜੇ ਰਸੂਲ ਯਿਸੂ ਦੇ ਨਾਲ ਸਨ ਸਿਰਫ਼ ਉਨ੍ਹਾਂ ਨੂੰ ਹੀ ਪਰਮੇਸ਼ੁਰ ਦੇ ਰਾਜ ਤੋਂ ਲਾਭ ਨਹੀਂ ਹੋਣਾ ਸੀ। ਯਹੋਵਾਹ ਦੀ ਮਰਜ਼ੀ ਸੀ ਕਿ ਕੁੱਲ ਮਿਲਾ ਕੇ 1,44,000 ਲੋਕ ਯਿਸੂ ਮਸੀਹ ਨਾਲ ਸਵਰਗ ਵਿਚ ਰਾਜ ਕਰਨ। ਇਸ ਤੋਂ ਇਲਾਵਾ ਯੂਹੰਨਾ ਰਸੂਲ ਨੇ ਦਰਸ਼ਣ ਵਿਚ ਇੱਕ ਵੱਡੀ ਭੀੜ, ਜਿਹ ਦੀ ਗਿਣਤੀ ਕਿਸੇ ਕੋਲੋਂ ਨਹੀਂ ਹੁੰਦੀ, ਸਿੰਘਾਸਣ ਦੇ ਸਾਹਮਣੇ ਅਤੇ ਲੇਲੇ ਦੇ ਸਾਹਮਣੇ ਖੜੀ ਦੇਖੀ ਅਤੇ ਇਸ ਭੀੜ ਨੂੰ ਕਹਿੰਦੇ ਸੁਣਿਆ ਕਿ “ਮੁਕਤੀ ਸਾਡੇ ਪਰਮੇਸ਼ੁਰ ਵੱਲੋਂ, ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ, ਅਤੇ ਲੇਲੇ ਵੱਲੋਂ ਹੈ!” ਇਹ ਲੋਕ ਧਰਤੀ ਉੱਤੇ ਪਰਮੇਸ਼ੁਰ ਦੇ ਰਾਜ ਦੀ ਪਰਜਾ ਹਨ। *ਪਰਕਾਸ਼ ਦੀ ਪੋਥੀ 7:9, 10; 14:1, 4.

19, 20. (ੳ) ਸਾਰੀਆਂ ਕੌਮਾਂ ਦੇ ਲੋਕਾਂ ਨੂੰ ਕਿਹੜਾ ਮੌਕਾ ਦਿੱਤਾ ਜਾ ਰਿਹਾ ਹੈ? (ਅ) ਅਗਲੇ ਲੇਖ ਵਿਚ ਕਿਸ ਸਵਾਲ ਦਾ ਜਵਾਬ ਦਿੱਤਾ ਜਾਵੇਗਾ?

19 ਯਿਸੂ ਦੇ ਸਵਰਗ ਚੜ੍ਹਨ ਤੋਂ ਥੋੜ੍ਹੀ ਦੇਰ ਪਹਿਲਾਂ ਉਸ ਨੇ ਆਪਣੇ ਵਫ਼ਾਦਾਰ ਚੇਲਿਆਂ ਨੂੰ ਇਹ ਹੁਕਮ ਦਿੱਤਾ: “ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਪਿਤਾ ਅਤੇ ਪੁੱਤ੍ਰ ਅਤੇ ਪਵਿੱਤ੍ਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ। ਅਰ ਉਨ੍ਹਾਂ ਨੂੰ ਸਿਖਾਓ ਭਈ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ ਅਤੇ ਵੇਖੋ ਮੈਂ ਜੁਗ ਦੇ ਅੰਤ ਤੀਕਰ ਹਰ ਵੇਲੇ ਤੁਹਾਡੇ ਨਾਲ ਹਾਂ।” (ਮੱਤੀ 28:19, 20) ਜੀ ਹਾਂ, ਸਾਰੀਆਂ ਕੌਮਾਂ ਵਿੱਚੋਂ ਲੋਕਾਂ ਨੇ ਯਿਸੂ ਦੇ ਚੇਲੇ ਬਣਨਾ ਸੀ। ਇਨ੍ਹਾਂ ਨੇ ਪਰਮੇਸ਼ੁਰ ਦੇ ਰਾਜ ਉੱਤੇ ਉਸ ਤਰ੍ਹਾਂ ਦਿਲ ਲਾਉਣਾ ਸੀ ਜਿਸ ਤਰ੍ਹਾਂ ਵਪਾਰੀ ਨੇ ਮੋਤੀ ਉੱਤੇ ਦਿਲ ਲਾਇਆ ਸੀ। ਫਿਰ ਉਨ੍ਹਾਂ ਨੂੰ ਸਵਰਗ ਵਿਚ ਜਾਂ ਧਰਤੀ ਉੱਤੇ ਰਾਜ ਦੀਆਂ ਬਰਕਤਾਂ ਮਿਲਣੀਆਂ ਸਨ।

20 ਯਿਸੂ ਦੇ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਚੇਲੇ ਬਣਾਉਣ ਦਾ ਕੰਮ “ਜੁਗ ਦੇ ਅੰਤ ਤੀਕਰ” ਕੀਤਾ ਜਾਣਾ ਸੀ। ਤਾਂ ਕੀ ਸਾਡੇ ਜ਼ਮਾਨੇ ਵਿਚ ਵੀ ਉਸ ਵਪਾਰੀ ਵਰਗੇ ਲੋਕ ਹਨ ਜੋ ਪਰਮੇਸ਼ੁਰ ਦੇ ਰਾਜ ਦੀ ਖ਼ਾਤਰ ਆਪਣਾ ਸਾਰਾ ਕੁਝ ਕੁਰਬਾਨ ਕਰਨ ਲਈ ਤਿਆਰ ਹਨ? ਇਸ ਸਵਾਲ ਦਾ ਜਵਾਬ ਅਗਲੇ ਲੇਖ ਵਿਚ ਦਿੱਤਾ ਜਾਵੇਗਾ।

[ਫੁਟਨੋਟ]

^ ਪੈਰਾ 10 ਲੱਗਦਾ ਹੈ ਕਿ ਜ਼ਬਦੀ ਦਾ ਪੁੱਤਰ ਯੂਹੰਨਾ ਯਿਸੂ ਨੂੰ ਪਹਿਲੀ ਵਾਰ ਮਿਲਣ ਤੇ ਉਸ ਨਾਲ ਕੁਝ ਸਮੇਂ ਲਈ ਰਿਹਾ ਸੀ। ਇਸ ਸਮੇਂ ਦੌਰਾਨ ਉਸ ਨੇ ਯਿਸੂ ਨੂੰ ਕਈ ਕੰਮ ਕਰਦੇ ਦੇਖਿਆ ਹੋਣਾ ਅਤੇ ਇਸ ਕਰਕੇ ਹੀ ਉਹ ਇਨ੍ਹਾਂ ਗੱਲਾਂ ਬਾਰੇ ਆਪਣੀ ਇੰਜੀਲ ਵਿਚ ਸਾਫ਼-ਸਾਫ਼ ਲਿਖ ਸਕਿਆ ਸੀ। (ਯੂਹੰਨਾ ਦੇ 2-5 ਅਧਿਆਇ) ਇਸ ਤੋਂ ਬਾਅਦ ਉਹ ਦੁਬਾਰਾ ਆਪਣੇ ਪਰਿਵਾਰ ਨਾਲ ਮਛਿਆਰਿਆਂ ਦਾ ਕੰਮ ਕਰਨ ਲੱਗ ਪਿਆ ਸੀ। ਜਦ ਯਿਸੂ ਨੇ ਉਸ ਨੂੰ ਬੁਲਾਇਆ, ਤਾਂ ਉਹ ਇਸੇ ਕੰਮ-ਧੰਦੇ ਵਿਚ ਲੱਗਾ ਹੋਇਆ ਸੀ।

^ ਪੈਰਾ 18 ਹੋਰ ਜਾਣਕਾਰੀ ਲਈ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਪੁਸਤਕ ਦਾ 10ਵਾਂ ਅਧਿਆਇ ਦੇਖੋ।

ਕੀ ਤੁਸੀਂ ਸਮਝਾ ਸਕਦੇ ਹੋ?

• ਵਪਾਰੀ ਦੇ ਦ੍ਰਿਸ਼ਟਾਂਤ ਵਿਚ ਯਿਸੂ ਨੇ ਕਿਸ ਗੱਲ ਉੱਤੇ ਜ਼ੋਰ ਦਿੱਤਾ ਸੀ?

• ਯਿਸੂ ਨੇ ਕਿਵੇਂ ਦਿਖਾਇਆ ਸੀ ਕਿ ਉਹ ਪਰਮੇਸ਼ੁਰ ਦੇ ਰਾਜ ਦੀ ਬਹੁਤ ਕਦਰ ਕਰਦਾ ਸੀ?

• ਅੰਦ੍ਰਿਯਾਸ, ਪਤਰਸ, ਯੂਹੰਨਾ ਅਤੇ ਹੋਰ ਲੋਕ ਇਕਦਮ ਯਿਸੂ ਦੇ ਮਗਰ ਕਿਉਂ ਹੋ ਤੁਰੇ ਸਨ?

• ਸਾਰੀਆਂ ਕੌਮਾਂ ਦੇ ਲੋਕਾਂ ਨੂੰ ਕਿਹੜਾ ਮੌਕਾ ਦਿੱਤਾ ਜਾ ਰਿਹਾ ਹੈ?

[ਸਵਾਲ]

[ਸਫ਼ੇ 10 ਉੱਤੇ ਤਸਵੀਰ]

‘ਉਹ ਸੱਭੋ ਕੁਝ ਛੱਡ ਕੇ ਯਿਸੂ ਦੇ ਮਗਰ ਹੋ ਤੁਰੇ’

[ਸਫ਼ੇ 12 ਉੱਤੇ ਤਸਵੀਰ]

ਸਵਰਗ ਨੂੰ ਚੜ੍ਹਨ ਤੋਂ ਪਹਿਲਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਚੇਲੇ ਬਣਾਉਣ ਦਾ ਹੁਕਮ ਦਿੱਤਾ ਸੀ