ਚਮਤਕਾਰ ਜੋ ਤੁਸੀਂ ਆਪਣੀ ਅੱਖੀਂ ਦੇਖੇ ਹਨ!
ਚਮਤਕਾਰ ਜੋ ਤੁਸੀਂ ਆਪਣੀ ਅੱਖੀਂ ਦੇਖੇ ਹਨ!
ਸ਼ਬਦ “ਚਮਤਕਾਰ” ਦਾ ਇਕ ਹੋਰ ਮਤਲਬ ਹੈ, “ਬਹੁਤ ਹੀ ਅਸਾਧਾਰਣ ਜਾਂ ਅਨੋਖੀ ਘਟਨਾ, ਚੀਜ਼ ਜਾਂ ਕੰਮ।” ਅਸੀਂ ਸਾਰਿਆਂ ਨੇ ਅਜਿਹੇ ਚਮਤਕਾਰ ਦੇਖੇ ਹਨ ਜਿਨ੍ਹਾਂ ਵਿਚ ਪਰਮੇਸ਼ੁਰ ਦਾ ਕੋਈ ਹੱਥ ਨਹੀਂ।
ਕੁਦਰਤ ਦੇ ਨਿਯਮਾਂ ਬਾਰੇ ਸਿੱਖਣ ਕਰਕੇ ਇਨਸਾਨ ਨੇ ਉਹ ਕੰਮ ਕੀਤੇ ਹਨ ਜੋ ਇਕ ਸਮੇਂ ਤੇ ਨਾਮੁਮਕਿਨ ਲੱਗਦੇ ਸਨ। ਉਦਾਹਰਣ ਲਈ, ਸੌ ਸਾਲ ਪਹਿਲਾਂ ਦੇ ਲੋਕਾਂ ਨੂੰ ਕੰਪਿਊਟਰ, ਟੈਲੀਵਿਯਨ, ਪੁਲਾੜ ਤਕਨਾਲੋਜੀ ਤੇ ਆਧੁਨਿਕ ਜ਼ਮਾਨੇ ਦੀਆਂ ਹੋਰ ਉਪਲਬਧੀਆਂ ਨਾਮੁਮਕਿਨ ਜਾਪਦੀਆਂ।
ਕਈ ਵਿਗਿਆਨੀ ਮੰਨਦੇ ਹਨ ਕਿ ਉਨ੍ਹਾਂ ਨੂੰ ਪਰਮੇਸ਼ੁਰ ਦੀ ਅਨੋਖੀ ਸ੍ਰਿਸ਼ਟੀ ਦੇ ਵਿਗਿਆਨਕ ਨਿਯਮਾਂ ਦਾ ਬਹੁਤ ਘੱਟ ਗਿਆਨ ਹੈ, ਇਸ ਲਈ ਉਹ ਸਵੀਕਾਰ ਕਰਦੇ ਹਨ ਕਿ ਕਿਸੇ
ਵੀ ਕੰਮ ਨੂੰ ਨਾਮੁਮਕਿਨ ਕਹਿਣਾ ਸਹੀ ਨਹੀਂ ਹੋਵੇਗਾ। ਜ਼ਿਆਦਾ ਤੋਂ ਜ਼ਿਆਦਾ ਉਹ ਇਹੀ ਕਹਿ ਸਕਦੇ ਹਨ ਕਿ ਇਸ ਦੀ ਸੰਭਾਵਨਾ ਬਹੁਤ ਘੱਟ ਹੈ। ਇਸ ਤਰ੍ਹਾਂ ਉਹ ਭਾਵੀ “ਚਮਤਕਾਰਾਂ” ਲਈ ਰਾਹ ਖੁੱਲ੍ਹਾ ਰੱਖਦੇ ਹਨ।ਜੇ ਅਸੀਂ “ਚਮਤਕਾਰ” ਦਾ ਪਹਿਲਾ ਮਤਲਬ ਵੀ ਲੈਂਦੇ ਹਾਂ ਯਾਨੀ ਅਲੌਕਿਕ ਸ਼ਕਤੀ ਦੁਆਰਾ ਕੀਤੇ ਗਏ ਅਦਭੁਤ ਕੰਮ, ਤਾਂ ਵੀ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਸਾਰਿਆਂ ਨੇ ਚਮਤਕਾਰ ਦੇਖੇ ਹਨ। ਉਦਾਹਰਣ ਲਈ, ਅਸੀਂ ਸੂਰਜ, ਚੰਦ ਤੇ ਤਾਰਿਆਂ ਨੂੰ ਦੇਖਦੇ ਹਾਂ ਜੋ ਕਿ ਸਾਡੇ ਸਿਰਜਣਹਾਰ ਨੇ ਆਪਣੀ “ਅਲੌਕਿਕ ਸ਼ਕਤੀ” ਨਾਲ ਰਚੇ ਹਨ। ਇਸ ਤੋਂ ਇਲਾਵਾ, ਕੌਣ ਚੰਗੀ ਤਰ੍ਹਾਂ ਸਮਝਾ ਸਕਦਾ ਹੈ ਕਿ ਮਨੁੱਖੀ ਸਰੀਰ ਕਿਵੇਂ ਕੰਮ ਕਰਦਾ ਹੈ? ਦਿਮਾਗ਼ ਕਿਵੇਂ ਕੰਮ ਕਰਦਾ ਹੈ? ਜਾਂ ਮਾਂ ਦੀ ਕੁੱਖ ਵਿਚ ਬੱਚਾ ਕਿਵੇਂ ਵਧਦਾ ਹੈ? ਕਿਤਾਬ ਦ ਬਾਡੀ ਮਸ਼ੀਨ ਕਹਿੰਦੀ ਹੈ: ‘ਮਨੁੱਖੀ ਸਰੀਰ ਨੂੰ ਕੇਂਦਰੀ ਤੰਤੂ ਪ੍ਰਣਾਲੀ ਕਾਬੂ ਵਿਚ ਰੱਖਦੀ ਹੈ ਅਤੇ ਇਹ ਅਜਿਹੀ ਸ਼ਾਨਦਾਰ ਮਸ਼ੀਨ ਹੈ ਜੋ ਸਾਰਾ ਕੁਝ ਮਹਿਸੂਸ ਕਰ ਸਕਦੀ ਹੈ, ਆਪਣੇ ਆਪ ਤੁਰ-ਫਿਰ ਸਕਦੀ ਹੈ ਅਤੇ ਆਪਣੇ ਵਰਗੀਆਂ ਹੋਰ ਮਸ਼ੀਨਾਂ ਬਣਾ ਸਕਦੀ ਹੈ। ਸਾਡਾ ਸਰੀਰ ਬਹੁਤ ਹੀ ਅਦਭੁਤ ਹੈ ਅਤੇ ਅਸੀਂ ਇਸ ਨੂੰ ਅਜੇ ਤਕ ਪੂਰੀ ਤਰ੍ਹਾਂ ਸਮਝ ਨਹੀਂ ਸਕੇ ਹਾਂ।’ ਜਿਸ ਪਰਮੇਸ਼ੁਰ ਨੇ “ਮਨੁੱਖੀ ਸਰੀਰ” ਨੂੰ ਬਣਾਇਆ ਹੈ, ਉਸ ਨੇ ਇਸ ਨੂੰ ਬਣਾ ਕੇ ਸੱਚ-ਮੁੱਚ ਇਕ ਚਮਤਕਾਰ ਕੀਤਾ ਹੈ ਜੋ ਸਾਨੂੰ ਹੈਰਾਨ ਕਰਦਾ ਰਹੇਗਾ। ਤੁਸੀਂ ਹੋਰ ਵੀ ਕਈ ਕਿਸਮ ਦੇ ਚਮਤਕਾਰ ਦੇਖੇ ਹਨ ਜਿਨ੍ਹਾਂ ਨੂੰ ਤੁਸੀਂ ਸ਼ਾਇਦ ਚਮਤਕਾਰ ਨਾ ਸਮਝਿਆ ਹੋਵੇ।
ਕੀ ਇਕ ਕਿਤਾਬ ਚਮਤਕਾਰ ਹੋ ਸਕਦੀ ਹੈ?
ਕੋਈ ਹੋਰ ਕਿਤਾਬ ਇੰਨੀ ਵੱਡੀ ਗਿਣਤੀ ਵਿਚ ਨਹੀਂ ਵੰਡੀ ਗਈ ਜਿੰਨੀ ਕਿ ਬਾਈਬਲ। ਕੀ ਇਹ ਚਮਤਕਾਰ ਨਹੀਂ ਹੈ? ਕੀ ਅਸੀਂ ਕਹਿ ਸਕਦੇ ਹਾਂ ਕਿ ਇਹ ਚਮਤਕਾਰ “ਪਰਮੇਸ਼ੁਰ” ਨੇ ਕੀਤਾ ਹੈ? ਇਹ ਸੱਚ ਹੈ ਕਿ ਬਾਈਬਲ ਨੂੰ ਇਨਸਾਨਾਂ ਨੇ ਕਲਮਬੱਧ ਕੀਤਾ ਸੀ, ਪਰ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਆਪਣੇ ਨਹੀਂ, ਸਗੋਂ ਪਰਮੇਸ਼ੁਰ ਦੇ ਵਿਚਾਰ ਇਸ ਵਿਚ ਲਿਖੇ ਸਨ। (2 ਸਮੂਏਲ 23:1, 2; 2 ਪਤਰਸ 1:20, 21) ਜ਼ਰਾ ਇਸ ਬਾਰੇ ਸੋਚੋ। ਬਾਈਬਲ ਨੂੰ 1,600 ਸਾਲਾਂ ਦੌਰਾਨ 40 ਆਦਮੀਆਂ ਨੇ ਲਿਖਿਆ। ਉਨ੍ਹਾਂ ਦਾ ਪਿਛੋਕੜ ਵੱਖੋ-ਵੱਖਰਾ ਸੀ, ਕਈ ਚਰਵਾਹੇ ਸਨ ਤੇ ਕਈ ਫ਼ੌਜੀ, ਮਛੇਰੇ, ਸਰਕਾਰੀ ਨੌਕਰ, ਡਾਕਟਰ, ਜਾਜਕ ਅਤੇ ਰਾਜੇ ਸਨ। ਪਰ ਉਨ੍ਹਾਂ ਦੀਆਂ ਲਿਖੀਆਂ ਗੱਲਾਂ ਵਿਚ ਇਕਸਾਰਤਾ ਸੀ ਜਿਸ ਤੋਂ ਸਾਬਤ ਹੁੰਦਾ ਹੈ ਕਿ ਉਨ੍ਹਾਂ ਦਾ ਸੰਦੇਸ਼ ਸਹੀ ਤੇ ਭਰੋਸੇਯੋਗ ਹੈ।
ਧਿਆਨ ਨਾਲ ਬਾਈਬਲ ਦਾ ਅਧਿਐਨ ਕਰਨ ਤੋਂ ਬਾਅਦ ਯਹੋਵਾਹ ਦੇ ਗਵਾਹ ਇਸ ਨੂੰ “ਮਨੁੱਖਾਂ ਦਾ ਬਚਨ ਕਰਕੇ ਨਹੀਂ” ਸਗੋਂ “ਪਰਮੇਸ਼ੁਰ ਦਾ ਬਚਨ” ਕਬੂਲ ਕਰਦੇ ਹਨ। (1 ਥੱਸਲੁਨੀਕੀਆਂ 2:13) ਉਨ੍ਹਾਂ ਦੇ ਸਾਹਿੱਤ ਵਿਚ ਅਕਸਰ ਸਮਝਾਇਆ ਗਿਆ ਹੈ ਕਿ ਬਾਈਬਲ ਵਿਚ ਜੋ ਵਿਰੋਧੀ ਗੱਲਾਂ ਨਜ਼ਰ ਆਉਂਦੀਆਂ ਹਨ, ਉਹ ਅਸਲ ਵਿਚ ਬਾਈਬਲ ਦੇ ਮੁੱਖ ਸੰਦੇਸ਼ ਨਾਲ ਮੇਲ ਖਾਂਦੀਆਂ ਹਨ। ਬਾਈਬਲ ਦੀਆਂ ਸਾਰੀਆਂ ਗੱਲਾਂ ਇਕ-ਦੂਜੇ ਨਾਲ ਮੇਲ ਖਾਂਦੀਆਂ ਹਨ, ਇਹ ਆਪਣੇ ਆਪ ਵਿਚ ਇਕ ਸਬੂਤ ਹੈ ਕਿ ਇਸ ਦਾ ਲੇਖਕ ਪਰਮੇਸ਼ੁਰ ਹੈ। *
ਹੋਰ ਕਿਸੇ ਕਿਤਾਬ ਨੂੰ ਤਬਾਹ ਕਰਨ ਦੇ ਇੰਨੇ ਜਤਨ ਨਹੀਂ ਕੀਤੇ ਗਏ ਜਿੰਨੇ ਬਾਈਬਲ ਨੂੰ ਤਬਾਹ ਕਰਨ ਦੇ ਕੀਤੇ ਗਏ ਹਨ। ਪਰ ਇਸ ਦੇ ਬਾਵਜੂਦ ਇਹ ਬਚੀ ਹੋਈ ਹੈ। ਅੱਜ ਬਾਈਬਲ ਜਾਂ ਇਸ ਦੇ ਕੁਝ ਹਿੱਸੇ 2,000 ਤੋਂ ਵੱਧ ਭਾਸ਼ਾਵਾਂ ਵਿਚ ਉਪਲਬਧ ਹਨ। ਬਾਈਬਲ ਤਬਾਹ ਨਹੀਂ ਹੋਈ ਤੇ ਨਾ ਹੀ ਇਸ ਵਿਚ ਲਿਖੀਆਂ ਗੱਲਾਂ ਬਦਲੀਆਂ। ਇਸ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਨੇ ਇਸ ਨੂੰ ਸੰਭਾਲ ਕੇ ਰੱਖਿਆ। ਬਾਈਬਲ ਸੱਚ-ਮੁੱਚ ਇਕ ਚਮਤਕਾਰ ਹੈ!
ਇਕ ਚਮਤਕਾਰ ਜੋ “ਜੀਉਂਦਾ ਅਤੇ ਗੁਣਕਾਰ” ਹੈ
ਪੁਰਾਣੇ ਜ਼ਮਾਨੇ ਵਾਂਗ ਰੋਗਾਂ ਤੋਂ ਚਮਤਕਾਰੀ ਢੰਗ ਨਾਲ ਮੁਕਤ ਹੋਣ ਜਾਂ ਮਰੇ ਹੋਏ ਬੰਦੇ ਦੇ ਜੀ ਉੱਠਣ ਵਰਗੇ ਚਮਤਕਾਰ ਅੱਜ ਨਹੀਂ ਹੁੰਦੇ। ਪਰ ਅਸੀਂ ਇਸ ਗੱਲ ਤੇ ਭਰੋਸਾ ਰੱਖ ਸਕਦੇ ਹਾਂ ਕਿ ਪਰਮੇਸ਼ੁਰ ਦੇ ਨਵੇਂ ਸੰਸਾਰ ਵਿਚ ਅਜਿਹੇ ਚਮਤਕਾਰ ਪੂਰੀ ਦੁਨੀਆਂ ਵਿਚ ਦੁਬਾਰਾ ਹੋਣਗੇ। ਇਨ੍ਹਾਂ ਚਮਤਕਾਰਾਂ ਦੁਆਰਾ ਇਨਸਾਨਾਂ ਨੂੰ ਸਮੱਸਿਆਵਾਂ ਤੋਂ ਪੱਕੇ ਤੌਰ ਤੇ ਛੁਟਕਾਰਾ ਮਿਲੇਗਾ ਅਤੇ ਹੋਰ ਬਹੁਤ ਸਾਰੀਆਂ ਬਰਕਤਾਂ ਵੀ ਮਿਲਣਗੀਆਂ।
ਪਰਮੇਸ਼ੁਰ ਦੇ ਬਚਨ ਦੀ ਤਾਕਤ” ਨਾਮਕ ਡੱਬੀ ਦੇਖੋ।) ਇਬਰਾਨੀਆਂ 4:12 ਕਹਿੰਦਾ ਹੈ: “ਪਰਮੇਸ਼ੁਰ ਦਾ ਬਚਨ ਜੀਉਂਦਾ ਅਤੇ ਗੁਣਕਾਰ ਅਤੇ ਹਰੇਕ ਦੋ ਧਾਰੀ ਤਲਵਾਰ ਨਾਲੋਂ ਤਿੱਖਾ ਹੈ ਅਤੇ ਜੀਵ ਅਤੇ ਆਤਮਾ ਨੂੰ ਅਰ ਬੰਦ ਬੰਦ ਅਤੇ ਗੁੱਦੇ ਨੂੰ ਅੱਡੋ ਅੱਡ ਕਰ ਕੇ ਵਿੰਨ੍ਹ ਸੁੱਟਦਾ ਹੈ ਅਤੇ ਮਨ ਦੀਆਂ ਵਿਚਾਰਾਂ ਅਤੇ ਧਾਰਨਾਂ ਨੂੰ ਜਾਚ ਲੈਂਦਾ ਹੈ।” ਜੀ ਹਾਂ, ਬਾਈਬਲ ਨੇ ਪੂਰੀ ਦੁਨੀਆਂ ਵਿਚ 60 ਲੱਖ ਤੋਂ ਜ਼ਿਆਦਾ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਬਦਲਿਆ ਹੈ, ਉਨ੍ਹਾਂ ਨੂੰ ਜੀਵਨ ਦਾ ਮਕਸਦ ਅਤੇ ਚੰਗੇ ਭਵਿੱਖ ਦੀ ਸ਼ਾਨਦਾਰ ਉਮੀਦ ਦਿੱਤੀ ਹੈ।
ਅੱਜ ਇਕ ਹੋਰ ਕਿਸਮ ਦਾ ਚਮਤਕਾਰ ਹੋ ਰਿਹਾ ਹੈ। ਬਾਈਬਲ ਦੀ ਸਿੱਖਿਆ ਲੈ ਕੇ ਕਈ ਲੋਕਾਂ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਬਦਲ ਲਿਆ ਹੈ। (ਸਫ਼ਾ 8 ਉੱਤੇ “ਕਿਉਂ ਨਾ ਤੁਸੀਂ ਵੀ ਆਪਣੀ ਜ਼ਿੰਦਗੀ ਵਿਚ ਬਾਈਬਲ ਨੂੰ ਚਮਤਕਾਰ ਕਰਨ ਦਿਓ?
[ਫੁਟਨੋਟ]
^ ਪੈਰਾ 8 ਜੇ ਤੁਸੀਂ ਬਾਈਬਲ ਵਿਚ ਨਜ਼ਰ ਆਉਂਦੀਆਂ ਵਿਰੋਧੀ ਗੱਲਾਂ ਦੀ ਜਾਂਚ ਕਰ ਕੇ ਦੇਖਣਾ ਚਾਹੁੰਦੇ ਹੋ ਕਿ ਇਹ ਕਿਵੇਂ ਇਕ-ਦੂਜੇ ਨਾਲ ਮੇਲ ਖਾਂਦੀਆਂ ਹਨ, ਤਾਂ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਕਿਤਾਬ ਬਾਈਬਲ—ਪਰਮੇਸ਼ੁਰ ਦਾ ਬਚਨ ਜਾਂ ਮਨੁੱਖ ਦਾ? (ਅੰਗ੍ਰੇਜ਼ੀ) ਪੜ੍ਹੋ।
[ਡੱਬੀ/ਸਫ਼ੇ 7 ਉੱਤੇ ਤਸਵੀਰ]
ਮਰ ਚੁੱਕਾ ਸੀ ਜਾਂ ਜੀਉਂਦਾ ਸੀ?
ਯੂਹੰਨਾ 19:33, 34 ਦੇ ਮੁਤਾਬਕ ਯਿਸੂ ਮਰ ਚੁੱਕਾ ਸੀ ਜਦ “ਸਿਪਾਹੀਆਂ ਵਿੱਚੋਂ ਇੱਕ ਨੇ ਬਰਛੀ ਨਾਲ ਉਹ ਦੀ ਵੱਖੀ ਵਿੰਨ੍ਹੀ ਅਤੇ ਓਵੇਂ ਹੀ ਲਹੂ ਅਤੇ ਪਾਣੀ ਨਿੱਕਲਿਆ।” ਪਰ ਕਈ ਬਾਈਬਲ ਅਨੁਵਾਦਾਂ ਵਿਚ ਮੱਤੀ 27:49, 50 ਵਿਚ ਕਿਹਾ ਗਿਆ ਹੈ ਕਿ ਜਦੋਂ ਸਿਪਾਹੀ ਨੇ ਯਿਸੂ ਦੀ ਵੱਖੀ ਵਿੰਨ੍ਹੀ ਸੀ, ਤਾਂ ਉਸ ਵੇਲੇ ਉਹ ਜੀਉਂਦਾ ਸੀ। ਇਹ ਫ਼ਰਕ ਕਿਉਂ ਹੈ?
ਮੂਸਾ ਦੀ ਬਿਵਸਥਾ ਅਨੁਸਾਰ ਸੂਲੀ ਤੇ ਟੰਗੇ ਗਏ ਕਿਸੇ ਵੀ ਅਪਰਾਧੀ ਨੂੰ ਪੂਰੀ ਰਾਤ ਸੂਲੀ ਤੇ ਟੰਗਿਆ ਨਹੀਂ ਰਹਿਣ ਦੇਣਾ ਸੀ। (ਬਿਵਸਥਾ ਸਾਰ 21:22, 23) ਇਸ ਲਈ ਯਿਸੂ ਦੇ ਦਿਨਾਂ ਵਿਚ ਜੇ ਸੂਲੀ ਤੇ ਟੰਗਿਆ ਆਦਮੀ ਸ਼ਾਮ ਤਕ ਨਹੀਂ ਮਰਦਾ ਸੀ, ਤਾਂ ਉਸ ਨੂੰ ਮਾਰਨ ਲਈ ਉਸ ਦੀਆਂ ਲੱਤਾਂ ਭੰਨ ਦਿੱਤੀਆਂ ਜਾਂਦੀਆਂ ਸਨ। ਇਸ ਤੋਂ ਬਾਅਦ ਉਹ ਸਿੱਧਾ ਖੜ੍ਹਾ ਨਹੀਂ ਰਹਿ ਸਕਦਾ ਸੀ ਜਿਸ ਕਰਕੇ ਉਸ ਲਈ ਸਾਹ ਲੈਣਾ ਮੁਸ਼ਕਲ ਹੋ ਜਾਂਦਾ ਸੀ। ਸਿਪਾਹੀਆਂ ਨੇ ਯਿਸੂ ਦੇ ਸੱਜੇ-ਖੱਬੇ ਸੂਲੀ ਤੇ ਟੰਗੇ ਅਪਰਾਧੀਆਂ ਦੀਆਂ ਲੱਤਾਂ ਭੰਨੀਆਂ ਸਨ, ਪਰ ਯਿਸੂ ਦੀਆਂ ਨਹੀਂ। ਇਸ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੇ ਦੇਖਿਆ ਕਿ ਯਿਸੂ ਮਰ ਚੁੱਕਾ ਸੀ। ਇਕ ਸਿਪਾਹੀ ਨੇ ਉਸ ਦੇ ਮਰਨ ਦੀ ਗੱਲ ਨੂੰ ਪੱਕਾ ਕਰਨ ਲਈ ਬਰਛੇ ਨਾਲ ਉਸ ਦੀ ਵੱਖੀ ਵਿੰਨ੍ਹੀ। ਉਸ ਨੂੰ ਸ਼ਾਇਦ ਡਰ ਸੀ ਕਿ ਜੇ ਕਿਤੇ ਯਿਸੂ ਜੀਉਂਦਾ ਰਹਿ ਗਿਆ, ਤਾਂ ਬਾਅਦ ਵਿਚ ਉਸ ਦੇ ਚੇਲੇ ਦਾਅਵਾ ਕਰ ਦੇਣਗੇ ਕਿ ਯਿਸੂ ਮੁੜ ਜੀ ਉੱਠਿਆ ਸੀ।
ਪਰ ਕਈ ਅਨੁਵਾਦਾਂ ਵਿਚ ਮੱਤੀ 27:49, 50 ਵਿਚ ਘਟਨਾਵਾਂ ਦੀ ਤਰਤੀਬ ਥੋੜ੍ਹੀ ਵੱਖਰੀ ਹੈ। ਇਸ ਵਿਚ ਕਿਹਾ ਗਿਆ ਹੈ: ‘ਇਕ ਹੋਰ ਆਦਮੀ ਨੇ ਬਰਛਾ ਲਿਆ ਅਤੇ ਉਸ ਦੀ ਵੱਖੀ ਵਿੰਨੀ, ਅਤੇ ਖ਼ੂਨ ਅਤੇ ਪਾਣੀ ਨਿੱਕਲ ਆਇਆ। ਯਿਸੂ ਨੇ ਫੇਰ ਉੱਚੀ ਅਵਾਜ਼ ਨਾਲ ਪੁਕਾਰ ਕੇ ਜਾਨ ਦੇ ਦਿੱਤੀ।’ ਟੇਢੇ ਟਾਈਪ ਵਿਚ ਦਿੱਤਾ ਗਿਆ ਵਾਕ ਬਾਈਬਲ ਦੀਆਂ ਬਹੁਤ ਸਾਰੀਆਂ ਪੁਰਾਣੀਆਂ ਹੱਥ-ਲਿਖਤਾਂ ਵਿਚ ਨਹੀਂ ਪਾਇਆ ਜਾਂਦਾ। ਬਹੁਤ ਸਾਰੇ ਵਿਦਵਾਨ ਮੰਨਦੇ ਹਨ ਕਿ ਬਾਅਦ ਵਿਚ ਕਿਸੇ ਸਮੇਂ ਤੇ ਇਹ ਵਾਕ ਯੂਹੰਨਾ ਦੀ ਇੰਜੀਲ ਵਿੱਚੋਂ ਲੈ ਕੇ ਮੱਤੀ ਦੀ ਇੰਜੀਲ ਵਿਚ ਪਾਇਆ ਗਿਆ ਸੀ ਅਤੇ ਉਹ ਵੀ ਗ਼ਲਤ ਥਾਂ ਤੇ। ਇਸ ਲਈ, ਬਹੁਤ ਸਾਰੇ ਅਨੁਵਾਦ ਇਸ ਵਾਕ ਨੂੰ ਬ੍ਰੈਕਟਾਂ ਵਿਚ ਪਾਉਂਦੇ ਹਨ ਜਾਂ ਇਸ ਨੂੰ ਫੁਟਨੋਟ ਵਿਚ ਸਮਝਾਉਂਦੇ ਹਨ ਜਾਂ ਫਿਰ ਕੱਢ ਹੀ ਦਿੰਦੇ ਹਨ।
ਨਿਊ ਵਰਲਡ ਟ੍ਰਾਂਸਲੇਸ਼ਨ ਦਾ ਅਨੁਵਾਦ ਕਰਨ ਲਈ ਵਰਤੇ ਗਏ ਵੈੱਸਕੌਟ ਅਤੇ ਹੌਰਟ ਦੇ ਮੂਲ ਖਰੜੇ ਵਿਚ ਇਹ ਵਾਕ ਦੋਹਰੀਆਂ ਬ੍ਰੈਕਟਾਂ ਵਿਚ ਦਿੱਤਾ ਗਿਆ ਹੈ। ਇਸ ਮੂਲ ਖਰੜੇ ਵਿਚ ਕਿਹਾ ਗਿਆ ਹੈ ਕਿ ਮੱਤੀ 27:49, 50 ਵਿਚ ਇਹ ਵਾਕ “ਸੰਭਵ ਤੌਰ ਤੇ ਨਕਲਨਵੀਸਾਂ ਨੇ ਪਾਇਆ ਸੀ।”
ਤਾਂ ਫਿਰ ਇਹ ਕਹਿਣ ਦਾ ਠੋਸ ਆਧਾਰ ਹੈ ਕਿ ਯੂਹੰਨਾ 19:33, 34 ਸਹੀ ਹੈ। ਜਦੋਂ ਰੋਮੀ ਸਿਪਾਹੀ ਨੇ ਬਰਛੇ ਨਾਲ ਯਿਸੂ ਦੀ ਵੱਖੀ ਨੂੰ ਵਿੰਨ੍ਹਿਆ ਸੀ, ਤਾਂ ਉਸ ਵੇਲੇ ਯਿਸੂ ਮਰ ਚੁੱਕਾ ਸੀ।
[ਡੱਬੀ/ਸਫ਼ੇ 8 ਉੱਤੇ ਤਸਵੀਰ]
ਪਰਮੇਸ਼ੁਰ ਦੇ ਬਚਨ ਦੀ ਤਾਕਤ
ਡੈਟਲੈੱਫ ਨੇ ਆਪਣੇ ਮਾਪਿਆਂ ਨੂੰ ਵੱਖ ਹੁੰਦੇ ਦੇਖਿਆ ਸੀ ਜਿਸ ਕਰਕੇ ਅੱਲ੍ਹੜ ਉਮਰ ਵਿਚ ਹੀ ਉਹ ਨਸ਼ੀਲੀਆਂ ਦਵਾਈਆਂ, ਸ਼ਰਾਬ ਤੇ ਹੈਵੀ ਮੈਟਲ ਨਾਂ ਦੇ ਸੰਗੀਤ ਦੀ ਦੁਨੀਆਂ ਵਿਚ ਚਲਾ ਗਿਆ। * ਉਹ ਸਕਿੱਨਹੈਡ ਨਾਂ ਦੀ ਇਕ ਗੈਂਗ ਦਾ ਮੈਂਬਰ ਬਣ ਗਿਆ। ਲੜਾਈ-ਝਗੜਿਆਂ ਵਿਚ ਪੈਣ ਕਰਕੇ ਉਸ ਦਾ ਵਾਹ ਅਕਸਰ ਪੁਲਸ ਨਾਲ ਪੈਂਦਾ ਸੀ।
ਸਾਲ 1992 ਵਿਚ ਉੱਤਰ-ਪੂਰਬੀ ਜਰਮਨੀ ਵਿਚ ਇਕ ਬਾਰ ਐਂਡ ਰੈਸਟੋਰਾਂ ਵਿਚ ਸਕਿੱਨਹੈਡ ਗੈਂਗ ਦੇ 60 ਮੈਂਬਰ ਲਗਭਗ 35 ਪੰਕ ਗੁੰਡਿਆਂ ਨਾਲ ਲੜ ਪਏ। ਟੋਮਾਸ ਨਾਂ ਦੇ ਇਕ ਪੰਕ ਨੂੰ ਇੰਨਾ ਕੁੱਟਿਆ ਗਿਆ ਕਿ ਉਹ ਆਪਣੇ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ। ਪੁਲਸ ਨੇ ਕਈ ਗੈਂਗ ਲੀਡਰਾਂ, ਜਿਨ੍ਹਾਂ ਵਿਚ ਡੈਟਲੈੱਫ ਵੀ ਸੀ, ਨੂੰ ਗਿਰਫ਼ਤਾਰ ਕਰ ਲਿਆ। ਉਨ੍ਹਾਂ ਤੇ ਮੁਕੱਦਮਾ ਚਲਾਇਆ ਗਿਆ ਤੇ ਕਈ ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ। ਇਹ ਮੁਕੱਦਮਾ ਕਈ ਦਿਨਾਂ ਤਕ ਮੀਡੀਆ ਤੇ ਛਾਇਆ ਰਿਹਾ।
ਜੇਲ੍ਹ ਤੋਂ ਛੁੱਟਣ ਤੋਂ ਕੁਝ ਸਮੇਂ ਬਾਅਦ ਡੈਟਲੈੱਫ ਨੂੰ ਯਹੋਵਾਹ ਦੇ ਇਕ ਗਵਾਹ ਨੇ ਇਕ ਪਰਚਾ ਦਿੱਤਾ। ਇਸ ਪਰਚੇ ਦਾ ਸਿਰਲੇਖ ਸੀ “ਜ਼ਿੰਦਗੀ ਵਿਚ ਇੰਨੇ ਦੁੱਖ ਕਿਉਂ ਹਨ?” ਡੈਟਲੈੱਫ ਨੇ ਦੇਖਿਆ ਕਿ ਉਸ ਵਿਚ ਜੋ ਵੀ ਲਿਖਿਆ ਸੀ ਉਹ ਬਿਲਕੁਲ ਸਹੀ ਸੀ ਅਤੇ ਉਸ ਨੇ ਗਵਾਹਾਂ ਨਾਲ ਬਾਈਬਲ ਦਾ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ। ਇਸ ਨਾਲ ਉਸ ਦੀ ਪੂਰੀ ਜ਼ਿੰਦਗੀ ਬਦਲ ਗਈ। ਸਾਲ 1996 ਵਿਚ ਉਹ ਯਹੋਵਾਹ ਦਾ ਗਵਾਹ ਬਣ ਗਿਆ। ਅੱਜ ਉਹ ਜੋਸ਼ ਨਾਲ ਦੂਸਰਿਆਂ ਨੂੰ ਪਰਮੇਸ਼ੁਰ ਬਾਰੇ ਸਿਖਾ ਰਿਹਾ ਹੈ।
ਜ਼ੀਗਫਰੀਟ ਨਾਂ ਦਾ ਇਕ ਪੰਕ ਲੜਾਈ-ਝਗੜੇ ਵਿਚ ਮਾਰੇ ਗਏ ਨੌਜਵਾਨ ਟੋਮਾਸ ਦਾ ਜਿਗਰੀ ਦੋਸਤ ਸੀ। ਬਾਅਦ ਵਿਚ ਜ਼ੀਗਫਰੀਟ ਵੀ ਯਹੋਵਾਹ ਦਾ ਗਵਾਹ ਬਣ ਗਿਆ ਤੇ ਉਹ ਹੁਣ ਕਲੀਸਿਯਾ ਵਿਚ ਬਜ਼ੁਰਗ ਦੇ ਤੌਰ ਤੇ ਸੇਵਾ ਕਰਦਾ ਹੈ। ਜਦੋਂ ਜ਼ੀਗਫਰੀਟ ਡੈਟਲੈੱਫ ਦੀ ਕਲੀਸਿਯਾ ਵਿਚ ਇਕ ਬਾਈਬਲ ਭਾਸ਼ਣ ਦੇਣ ਗਿਆ (ਟੋਮਾਸ ਦੀ ਮਾਂ ਵੀ ਕਦੇ-ਕਦੇ ਉਸ ਕਲੀਸਿਯਾ ਦੀਆਂ ਸਭਾਵਾਂ ਵਿਚ ਜਾਂਦੀ ਹੈ), ਤਾਂ ਡੈਟਲੈੱਫ ਨੇ ਉਸ ਨੂੰ ਆਪਣੇ ਘਰ ਦੁਪਹਿਰ ਦੇ ਖਾਣੇ ਤੇ ਬੁਲਾਇਆ। ਦਸ ਸਾਲ ਪਹਿਲਾਂ ਸ਼ਾਇਦ ਨਫ਼ਰਤ ਕਰਕੇ ਇਹ ਦੋਵੇਂ ਇਕ-ਦੂਜੇ ਦੇ ਲਹੂ ਦੇ ਪਿਆਸੇ ਹੁੰਦੇ। ਪਰ ਅੱਜ ਸੱਚੇ ਪਿਆਰ ਨੇ ਦੋਵਾਂ ਨੂੰ ਗਲੇ ਮਿਲਾ ਦਿੱਤਾ ਹੈ।
ਡੈਟਲੈੱਫ ਅਤੇ ਜ਼ੀਗਫਰੀਟ ਦੋਵੇਂ ਉਸ ਦਿਨ ਦੀ ਉਡੀਕ ਕਰ ਰਹੇ ਹਨ ਜਦੋਂ ਉਹ ਫਿਰਦੌਸ ਵਿਚ ਟੋਮਾਸ ਦੇ ਮੁੜ ਜੀ ਉੱਠਣ ਤੋਂ ਬਾਅਦ ਉਸ ਦਾ ਸੁਆਗਤ ਕਰਨਗੇ। ਡੈਟਲੈੱਫ ਕਹਿੰਦਾ ਹੈ: “ਟੋਮਾਸ ਨੂੰ ਗਲੇ ਲਗਾਉਣ ਬਾਰੇ ਸੋਚ ਕੇ ਮੇਰੀਆਂ ਅੱਖਾਂ ਵਿਚ ਹੰਝੂ ਆ ਜਾਂਦੇ ਹਨ। ਮੈਂ ਜੋ ਕੀਤਾ ਉਸ ਤੇ ਬਹੁਤ ਸ਼ਰਮਿੰਦਾ ਹਾਂ।” ਉਹ ਦੋਵੇਂ ਯਹੋਵਾਹ ਬਾਰੇ ਜਾਣਨ ਅਤੇ ਸਦੀਪਕ ਜੀਵਨ ਪ੍ਰਾਪਤ ਕਰਨ ਵਿਚ ਟੋਮਾਸ ਦੀ ਮਦਦ ਕਰਨੀ ਚਾਹੁੰਦੇ ਹਨ ਜਿਵੇਂ ਅੱਜ ਉਹ ਦੂਸਰਿਆਂ ਦੀ ਮਦਦ ਕਰਦੇ ਹਨ।
ਸੱਚ-ਮੁੱਚ, ਪਰਮੇਸ਼ੁਰ ਦੇ ਬਚਨ ਵਿਚ ਬਹੁਤ ਤਾਕਤ ਹੈ!
[ਫੁਟਨੋਟ]
^ ਪੈਰਾ 25 ਨਾਂ ਬਦਲੇ ਗਏ ਹਨ।
[ਸਫ਼ੇ 6 ਉੱਤੇ ਤਸਵੀਰ]
ਮਨੁੱਖੀ ਸਰੀਰ ਇਕ ਅਦਭੁਤ ਸ੍ਰਿਸ਼ਟੀ ਹੈ
[ਕ੍ਰੈਡਿਟ ਲਾਈਨ]
Anatomy Improved and Illustrated, London, 1723, Bernardino Genga