Skip to content

Skip to table of contents

ਚਮਤਕਾਰ ਹਕੀਕਤ ਜਾਂ ਝੂਠ?

ਚਮਤਕਾਰ ਹਕੀਕਤ ਜਾਂ ਝੂਠ?

ਚਮਤਕਾਰ

ਹਕੀਕਤ ਜਾਂ ਝੂਠ?

ਉਸ ਆਦਮੀ ਦਾ ਧਿਆਨ ਸਾਮ੍ਹਣੇ ਜਾ ਰਹੀ ਇਕ ਕਾਰ ਦੇ ਬੰਪਰ ਉੱਤੇ ਲੱਗੇ ਸਟਿਕਰ ਉੱਤੇ ਗਿਆ ਜਿਸ ਤੇ ਲਿਖਿਆ ਸੀ, “ਚਮਤਕਾਰ ਹੁੰਦੇ ਹਨ—ਫ਼ਰਿਸ਼ਤਿਆਂ ਤੋਂ ਪੁੱਛ ਲਓ।” ਭਾਵੇਂ ਉਹ ਰੱਬ ਨੂੰ ਮੰਨਦਾ ਸੀ, ਪਰ ਉਸ ਨੂੰ ਇਨ੍ਹਾਂ ਸ਼ਬਦਾਂ ਦਾ ਮਤਲਬ ਸਮਝ ਨਹੀਂ ਆਇਆ। ਕੀ ਉਸ ਕਾਰ ਦਾ ਡ੍ਰਾਈਵਰ ਚਮਤਕਾਰਾਂ ਤੇ ਵਿਸ਼ਵਾਸ ਕਰਦਾ ਸੀ? ਜਾਂ ਫਿਰ ਕੀ ਉਹ ਚਮਤਕਾਰਾਂ ਤੇ ਫ਼ਰਿਸ਼ਤਿਆਂ ਦਾ ਮਜ਼ਾਕ ਉਡਾ ਰਿਹਾ ਸੀ?

ਜ਼ਰਾ ਧਿਆਨ ਦਿਓ ਕਿ ਜਰਮਨੀ ਦੇ ਲਿਖਾਰੀ ਮਾਨਫ੍ਰੇਟ ਬਾਰਟਲ ਨੇ ਕੀ ਕਿਹਾ ਸੀ: “ਚਮਤਕਾਰ ਅਜਿਹਾ ਸ਼ਬਦ ਹੈ ਜੋ ਲੋਕਾਂ ਨੂੰ ਝੱਟ ਦੋ ਵਿਰੋਧੀ ਗੁੱਟਾਂ ਵਿਚ ਵੰਡ ਦਿੰਦਾ ਹੈ।” ਜਿਹੜੇ ਲੋਕ ਚਮਤਕਾਰਾਂ ਉੱਤੇ ਵਿਸ਼ਵਾਸ ਕਰਦੇ ਹਨ, ਉਹ ਮੰਨਦੇ ਹਨ ਕਿ ਚਮਤਕਾਰ ਹੁੰਦੇ ਹਨ ਅਤੇ ਸ਼ਾਇਦ ਅਕਸਰ ਹੁੰਦੇ ਹਨ। * ਉਦਾਹਰਣ ਲਈ, ਰਿਪੋਰਟ ਕੀਤਾ ਗਿਆ ਹੈ ਕਿ ਪਿਛਲੇ ਕੁਝ ਸਾਲਾਂ ਦੌਰਾਨ ਯੂਨਾਨ ਵਿਚ ਚਮਤਕਾਰਾਂ ਉੱਤੇ ਵਿਸ਼ਵਾਸ ਕਰਨ ਵਾਲਿਆਂ ਨੇ ਦਾਅਵਾ ਕੀਤਾ ਹੈ ਕਿ ਮਹੀਨੇ ਵਿਚ ਤਕਰੀਬਨ ਇਕ ਵਾਰ ਚਮਤਕਾਰ ਹੁੰਦੇ ਹਨ। ਇਸ ਕਰਕੇ ਯੂਨਾਨੀ ਆਰਥੋਡਾਕਸ ਚਰਚ ਦੇ ਇਕ ਬਿਸ਼ਪ ਨੇ ਖ਼ਬਰਦਾਰ ਕੀਤਾ: “ਸ਼ਰਧਾਲੂ ਪਰਮੇਸ਼ੁਰ, ਮਰਿਯਮ ਅਤੇ ਸੰਤਾਂ ਨੂੰ ਮਨੁੱਖ ਦੇ ਰੂਪ ਵਿਚ ਦਰਸਾਉਣ ਦੀ ਕੋਸ਼ਿਸ਼ ਕਰਦੇ ਹਨ। ਸ਼ਰਧਾਲੂਆਂ ਨੂੰ ਇਸ ਹੱਦ ਤਕ ਨਹੀਂ ਜਾਣਾ ਚਾਹੀਦਾ।”

ਕੁਝ ਦੇਸ਼ਾਂ ਵਿਚ ਬਹੁਤ ਘੱਟ ਲੋਕ ਚਮਤਕਾਰਾਂ ਤੇ ਵਿਸ਼ਵਾਸ ਕਰਦੇ ਹਨ। ਸਾਲ 2002 ਵਿਚ ਜਰਮਨੀ ਵਿਚ ਛਪੀ ਔਲਨਬੌਖ਼ ਰਾਇਸ਼ੁਮਾਰੀ ਮੁਤਾਬਕ ਜਰਮਨੀ ਦੇ 71 ਪ੍ਰਤਿਸ਼ਤ ਲੋਕ ਚਮਤਕਾਰਾਂ ਨੂੰ ਮਨ ਦੀ ਕਲਪਨਾ ਮੰਨਦੇ ਹਨ, ਹਕੀਕਤ ਨਹੀਂ। ਇਕ ਤਿਹਾਈ ਤੋਂ ਵੀ ਘੱਟ ਲੋਕ ਚਮਤਕਾਰਾਂ ਉੱਤੇ ਵਿਸ਼ਵਾਸ ਕਰਦੇ ਹਨ। ਉਨ੍ਹਾਂ ਵਿੱਚੋਂ ਤਿੰਨ ਤੀਵੀਆਂ ਨੇ ਦਾਅਵਾ ਕੀਤਾ ਕਿ ਕੁਆਰੀ ਮਰਿਯਮ ਨੇ ਦੂਤਾਂ ਤੇ ਇਕ ਘੁੱਗੀ ਸਣੇ ਆ ਕੇ ਉਨ੍ਹਾਂ ਨੂੰ ਦਰਸ਼ਣ ਦਿੱਤੇ। ਇਸ ਤੋਂ ਕੁਝ ਮਹੀਨਿਆਂ ਬਾਅਦ, ਜਰਮਨੀ ਦੀ ਇਕ ਅਖ਼ਬਾਰ ਵਿਚ ਇਹ ਖ਼ਬਰ ਛਪੀ: “ਹੁਣ ਤਕ ਤਕਰੀਬਨ 50,000 ਸ਼ਰਧਾਲੂਆਂ ਨੇ ਇਨ੍ਹਾਂ ਤੀਵੀਆਂ ਦੁਆਰਾ ਦੇਖੇ ਦਰਸ਼ਣਾਂ ਵਿਚ ਡੂੰਘੀ ਦਿਲਚਸਪੀ ਲਈ ਹੈ। ਇਹ ਉਹ ਲੋਕ ਹਨ ਜੋ ਆਪਣੀਆਂ ਬੀਮਾਰੀਆਂ ਤੋਂ ਠੀਕ ਹੋਣਾ ਚਾਹੁੰਦੇ ਹਨ ਜਾਂ ਫਿਰ ਉਹ ਲੋਕ ਜੋ ਇਹ ਦੇਖਣ ਲਈ ਉਤਸੁਕ ਹਨ ਕਿ ਮਰਿਯਮ ਵਾਕਈ ਦਰਸ਼ਣ ਦਿੰਦੀ ਹੈ ਜਾਂ ਨਹੀਂ।” ਅੰਦਾਜ਼ਾ ਲਗਾਇਆ ਗਿਆ ਸੀ ਕਿ ਹੋਰ 10,000 ਲੋਕ ਮਰਿਯਮ ਦੇ ਦਰਸ਼ਣ ਕਰਨ ਲਈ ਉਨ੍ਹਾਂ ਤੀਵੀਆਂ ਦੇ ਪਿੰਡ ਜਾਣਗੇ। ਕਿਹਾ ਜਾਂਦਾ ਹੈ ਕਿ ਸਾਲ 1858 ਵਿਚ ਫਰਾਂਸ ਦੇ ਸ਼ਹਿਰ ਲੁਅਰਡਜ਼ ਵਿਚ ਅਤੇ 1917 ਵਿਚ ਪੁਰਤਗਾਲ ਦੇ ਪਿੰਡ ਫੈਟੀਮਾ ਵਿਚ ਵੀ ਕੁਆਰੀ ਮਰਿਯਮ ਨੇ ਲੋਕਾਂ ਨੂੰ ਦਰਸ਼ਣ ਦਿੱਤੇ ਸਨ।

ਚਮਤਕਾਰਾਂ ਸੰਬੰਧੀ ਗ਼ੈਰ-ਈਸਾਈ ਧਰਮਾਂ ਦੇ ਵਿਸ਼ਵਾਸ

ਲਗਭਗ ਸਾਰੇ ਧਰਮਾਂ ਦੇ ਲੋਕ ਚਮਤਕਾਰਾਂ ਤੇ ਵਿਸ਼ਵਾਸ ਕਰਦੇ ਹਨ। ਦੀ ਐਨਸਾਈਕਲੋਪੀਡੀਆ ਆਫ਼ ਰਿਲੀਜਨ ਦੱਸਦਾ ਹੈ ਕਿ ਬੁੱਧ ਧਰਮ, ਈਸਾਈ ਧਰਮ ਅਤੇ ਇਸਲਾਮ ਧਰਮ ਦੇ ਬਾਨੀਆਂ ਦੇ ਚਮਤਕਾਰਾਂ ਸੰਬੰਧੀ ਵਿਸ਼ਵਾਸ ਵੱਖੋ-ਵੱਖਰੇ ਸਨ। ਪਰ ਇਹ ਐਨਸਾਈਕਲੋਪੀਡੀਆ ਕਹਿੰਦਾ ਹੈ: “ਇਨ੍ਹਾਂ ਧਰਮਾਂ ਦੇ ਇਤਿਹਾਸ ਤੋਂ ਪਤਾ ਚੱਲਦਾ ਹੈ ਕਿ ਚਮਤਕਾਰ ਤੇ ਚਮਤਕਾਰਾਂ ਦੀਆਂ ਕਹਾਣੀਆਂ ਧਰਮ ਦਾ ਮੁੱਖ ਹਿੱਸਾ ਰਹੀਆਂ ਹਨ।” ਇਹ ਐਨਸਾਈਕਲੋਪੀਡੀਆ ਅੱਗੇ ਕਹਿੰਦਾ ਹੈ ਕਿ “ਮਹਾਤਮਾ ਬੁੱਧ ਨੇ ਆਪ ਕਈ ਵਾਰ ਚਮਤਕਾਰ ਕੀਤੇ ਸਨ।” ਬਾਅਦ ਵਿਚ ਜਦੋਂ “ਬੁੱਧ ਧਰਮ ਚੀਨ ਵਿਚ ਫੈਲ ਗਿਆ, ਤਾਂ ਬੋਧੀ ਭਿਕਸ਼ੂ ਅਕਸਰ ਆਪਣੀਆਂ ਚਮਤਕਾਰੀ ਸ਼ਕਤੀਆਂ ਦਾ ਪ੍ਰਦਰਸ਼ਨ ਕਰਦੇ ਸਨ।”

ਅਜਿਹੇ ਚਮਤਕਾਰਾਂ ਬਾਰੇ ਗੱਲ ਕਰਨ ਤੋਂ ਬਾਅਦ ਇਸ ਐਨਸਾਈਕਲੋਪੀਡੀਆ ਨੇ ਅਖ਼ੀਰ ਵਿਚ ਕਿਹਾ: “ਮਹਾਤਮਾ ਬੁੱਧ ਦੀ ਜੀਵਨੀ ਲਿਖਣ ਵਾਲੇ ਧਾਰਮਿਕ ਲਿਖਾਰੀਆਂ ਦੁਆਰਾ ਦੱਸੀਆਂ ਗਈਆਂ ਸਾਰੀਆਂ ਕਹਾਣੀਆਂ ਸ਼ਾਇਦ ਸੱਚ ਨਾ ਹੋਣ। ਪਰ ਲਿਖਾਰੀਆਂ ਨੇ ਮਹਾਤਮਾ ਬੁੱਧ ਦੀ ਮਹਿਮਾ ਕਰਨ ਦੀ ਚੰਗੀ ਨੀਅਤ ਨਾਲ ਇਹ ਕਹਾਣੀਆਂ ਘੜੀਆਂ ਸਨ ਜੋ ਆਪਣੇ ਸੱਚੇ ਭਗਤਾਂ ਨੂੰ ਚਮਤਕਾਰੀ ਸ਼ਕਤੀਆਂ ਦਿੰਦਾ ਸੀ।” ਇਹ ਐਨਸਾਈਕਲੋਪੀਡੀਆ ਇਸਲਾਮ ਬਾਰੇ ਵੀ ਕਹਿੰਦਾ ਹੈ: “ਇਸਲਾਮ ਨੂੰ ਮੰਨਣ ਵਾਲੇ ਜ਼ਿਆਦਾਤਰ ਲੋਕ ਚਮਤਕਾਰਾਂ ਤੇ ਵਿਸ਼ਵਾਸ ਕਰਦੇ ਆਏ ਹਨ। ਹਦੀਸ ਮੁਤਾਬਕ ਹਜ਼ਰਤ ਮੁਹੰਮਦ ਨੇ ਕਈ ਵਾਰ ਲੋਕਾਂ ਸਾਮ੍ਹਣੇ ਚਮਤਕਾਰ ਕੀਤੇ ਸਨ। . . . ਕਿਹਾ ਜਾਂਦਾ ਹੈ ਕਿ ਮਰਨ ਤੋਂ ਬਾਅਦ ਵੀ ਪੀਰ-ਪੈਗੰਬਰ ਆਪਣੀਆਂ ਕਬਰਾਂ ਉੱਤੇ ਸੱਚੇ ਭਗਤਾਂ ਲਈ ਚਮਤਕਾਰ ਕਰਦੇ ਹਨ ਅਤੇ ਉਨ੍ਹਾਂ ਦੀਆਂ ਦੁਆਵਾਂ ਕਬੂਲ ਕਰਦੇ ਹਨ।”

ਈਸਾਈ ਧਰਮਾਂ ਵਿਚ ਹੁੰਦੇ ਚਮਤਕਾਰਾਂ ਬਾਰੇ ਕੀ?

ਈਸਾਈ ਧਰਮ ਨੂੰ ਮੰਨਣ ਵਾਲੇ ਲੋਕਾਂ ਦੇ ਚਮਤਕਾਰਾਂ ਸੰਬੰਧੀ ਵਿਚਾਰ ਵੱਖੋ-ਵੱਖਰੇ ਹਨ। ਕੁਝ ਲੋਕ ਮੰਨਦੇ ਹਨ ਕਿ ਬਾਈਬਲ ਵਿਚ ਜ਼ਿਕਰ ਕੀਤੇ ਗਏ ਯਿਸੂ ਮਸੀਹ ਦੇ ਚਮਤਕਾਰਾਂ ਅਤੇ ਉਸ ਤੋਂ ਪਹਿਲਾਂ ਪਰਮੇਸ਼ੁਰ ਦੇ ਹੋਰ ਸੇਵਕਾਂ ਦੇ ਚਮਤਕਾਰਾਂ ਦੀਆਂ ਕਹਾਣੀਆਂ ਸੱਚੀਆਂ ਹਨ। ਪਰ ਬਹੁਤ ਸਾਰੇ ਲੋਕ ਪ੍ਰੋਟੈਸਟੈਂਟ ਸੁਧਾਰਕ ਮਾਰਟਿਨ ਲੂਥਰ ਨਾਲ ਸਹਿਮਤ ਹੋਣਗੇ। ਦੀ ਐਨਸਾਈਕਲੋਪੀਡੀਆ ਆਫ਼ ਰਿਲੀਜਨ ਉਸ ਬਾਰੇ ਕਹਿੰਦਾ ਹੈ: “ਲੂਥਰ ਅਤੇ ਕੈਲਵਿਨ ਦੋਵਾਂ ਨੇ ਲਿਖਿਆ ਕਿ ਚਮਤਕਾਰਾਂ ਦਾ ਸਮਾਂ ਖ਼ਤਮ ਹੋ ਚੁੱਕਾ ਸੀ ਅਤੇ ਲੋਕਾਂ ਨੂੰ ਚਮਤਕਾਰਾਂ ਦੀ ਉਮੀਦ ਨਹੀਂ ਕਰਨੀ ਚਾਹੀਦੀ।” ਇਹ ਐਨਸਾਈਕਲੋਪੀਡੀਆ ਕਹਿੰਦਾ ਹੈ ਕਿ ਕੈਥੋਲਿਕ ਚਰਚ ‘ਚਮਤਕਾਰਾਂ ਨੂੰ ਸਹੀ ਸਾਬਤ ਕੀਤੇ ਬਿਨਾਂ ਹੀ’ ਇਨ੍ਹਾਂ ਉੱਤੇ ਵਿਸ਼ਵਾਸ ਕਰਦਾ ਹੈ। ਪਰ “ਪ੍ਰੋਟੈਸਟੈਂਟ ਵਿਦਵਾਨ ਇਹ ਮੰਨਦੇ ਸਨ ਕਿ ਮਸੀਹੀਅਤ ਦਾ ਮਤਲਬ ਹੈ ਨੈਤਿਕ ਕੰਮ ਕਰਨੇ। ਪਰਮੇਸ਼ੁਰ ਜਾਂ ਆਤਮਿਕ ਸ਼ਕਤੀਆਂ ਦਾ ਨਾ ਤਾਂ ਮਨੁੱਖੀ ਜ਼ਿੰਦਗੀ ਨਾਲ ਕੋਈ ਵਾਸਤਾ ਹੈ ਤੇ ਨਾ ਹੀ ਉਹ ਇਸ ਨੂੰ ਜ਼ਿਆਦਾ ਪ੍ਰਭਾਵਿਤ ਕਰਦੀਆਂ ਹਨ।”

ਕਈ ਈਸਾਈ ਤੇ ਪਾਦਰੀ ਇਸ ਗੱਲ ਤੇ ਸ਼ੱਕ ਕਰਦੇ ਹਨ ਕਿ ਬਾਈਬਲ ਵਿਚ ਦੱਸੇ ਗਏ ਚਮਤਕਾਰ ਕਦੇ ਹੋਏ ਸਨ। ਉਦਾਹਰਣ ਲਈ, ਬਾਈਬਲ ਵਿਚ ਕੂਚ 3:1-5 ਵਿਚ ਦੱਸਿਆ ਗਿਆ ਹੈ ਕਿ ਮੂਸਾ ਨੇ ਇਕ ਬਲਦੀ ਝਾੜੀ ਦੇਖੀ ਸੀ। ਕਿਤਾਬ ਬਾਈਬਲ ਅਸਲ ਵਿਚ ਕੀ ਕਹਿੰਦੀ ਹੈ (ਅੰਗ੍ਰੇਜ਼ੀ) ਸਮਝਾਉਂਦੀ ਹੈ ਕਿ ਕਈ ਜਰਮਨ ਧਰਮ-ਸ਼ਾਸਤਰੀ ਨਹੀਂ ਮੰਨਦੇ ਕਿ ਇਹ ਚਮਤਕਾਰ ਕਦੇ ਹੋਇਆ ਸੀ। ਇਸ ਦੀ ਬਜਾਇ, ਉਹ ਇਸ ਦਾ ਅਰਥ ਕੱਢਦੇ ਹਨ ਕਿ ਇਹ “ਮੂਸਾ ਦੀ ਅੰਦਰੂਨੀ ਜੱਦੋ-ਜਹਿਦ ਤੇ ਜ਼ਮੀਰ ਦੀਆਂ ਲਾਅਨਤਾਂ ਨੂੰ ਦਰਸਾਉਂਦਾ ਹੈ।” ਇਹ ਕਿਤਾਬ ਅੱਗੇ ਕਹਿੰਦੀ ਹੈ: ‘ਅੱਗ ਦੀਆਂ ਲਾਟਾਂ ਸ਼ਾਇਦ ਫੁੱਲ ਸਨ ਜੋ ਪਰਮੇਸ਼ੁਰ ਦੀ ਹਜ਼ੂਰੀ ਦੀ ਰੌਸ਼ਨੀ ਵਿਚ ਖਿੜ ਗਏ ਸਨ।’

ਤੁਹਾਨੂੰ ਸ਼ਾਇਦ ਇਹ ਵਿਆਖਿਆ ਸਹੀ ਨਾ ਲੱਗੇ। ਤਾਂ ਫਿਰ ਤੁਹਾਨੂੰ ਕੀ ਵਿਸ਼ਵਾਸ ਕਰਨਾ ਚਾਹੀਦਾ ਹੈ? ਕੀ ਇਹ ਵਿਸ਼ਵਾਸ ਕਰਨਾ ਸਹੀ ਹੈ ਕਿ ਚਮਤਕਾਰ ਅਸਲ ਵਿਚ ਹੋਏ ਸਨ? ਅਤੇ ਅੱਜ ਹੁੰਦੇ ਚਮਤਕਾਰਾਂ ਬਾਰੇ ਕੀ? ਜੇ ਅਸੀਂ ਫ਼ਰਿਸ਼ਤਿਆਂ ਤੋਂ ਇਸ ਬਾਰੇ ਨਹੀਂ ਪੁੱਛ ਸਕਦੇ, ਤਾਂ ਫਿਰ ਕਿਸ ਕੋਲੋਂ ਪੁੱਛ ਸਕਦੇ ਹਾਂ?

ਬਾਈਬਲ ਦੇ ਵਿਚਾਰ

ਕੋਈ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦਾ ਕਿ ਬਾਈਬਲ ਵਿਚ ਦੱਸਿਆ ਗਿਆ ਹੈ ਕਿ ਪੁਰਾਣੇ ਜ਼ਮਾਨੇ ਵਿਚ ਕਈ ਵਾਰ ਪਰਮੇਸ਼ੁਰ ਨੇ ਅਜਿਹੇ ਕੰਮ ਕੀਤੇ ਸਨ ਜੋ ਇਨਸਾਨਾਂ ਲਈ ਕਰਨੇ ਨਾਮੁਮਕਿਨ ਸਨ। ਉਸ ਬਾਰੇ ਅਸੀਂ ਪੜ੍ਹਦੇ ਹਾਂ: ‘ਤੈਂ ਆਪਣੀ ਪਰਜਾ ਇਸਰਾਏਲ ਨੂੰ ਮਿਸਰ ਦੇ ਦੇਸ ਵਿੱਚੋਂ ਨਿਸ਼ਾਨਾਂ ਅਤੇ ਅਚੰਭਿਆਂ ਨਾਲ ਅਤੇ ਤਕੜੇ ਹੱਥ ਅਤੇ ਪਸਾਰੀ ਹੋਈ ਬਾਂਹ ਨਾਲ ਅਤੇ ਵੱਡੇ ਭੈ ਨਾਲ ਬਾਹਰ ਲਿਆਂਦਾ।’ (ਯਿਰਮਿਯਾਹ 32:21) ਜ਼ਰਾ ਕਲਪਨਾ ਕਰੋ! ਪਰਮੇਸ਼ੁਰ ਨੇ ਮਿਸਰ ਦੇਸ਼ ਉੱਤੇ ਦਸ ਮਰੀਆਂ, ਜਿਨ੍ਹਾਂ ਵਿਚ ਜੇਠੇ ਪੁੱਤਰਾਂ ਦੀ ਮੌਤ ਵੀ ਸ਼ਾਮਲ ਸੀ, ਲਿਆ ਕੇ ਉਸ ਜ਼ਮਾਨੇ ਦੀ ਸਭ ਤੋਂ ਸ਼ਕਤੀਸ਼ਾਲੀ ਕੌਮ ਦੀਆਂ ਗੋਡਣੀਆਂ ਲਵਾ ਦਿੱਤੀਆਂ ਸਨ। ਸੱਚ-ਮੁੱਚ ਇਹ ਮਰੀਆਂ ਚਮਤਕਾਰ ਸਨ!—ਕੂਚ, ਅਧਿਆਇ 7 ਤੋਂ 14.

ਕਈ ਸਦੀਆਂ ਬਾਅਦ, ਚਾਰੇ ਇੰਜੀਲਾਂ ਦੇ ਲੇਖਕਾਂ ਨੇ ਯਿਸੂ ਦੇ ਤਕਰੀਬਨ 35 ਚਮਤਕਾਰਾਂ ਬਾਰੇ ਦੱਸਿਆ। ਅਸਲ ਵਿਚ ਉਨ੍ਹਾਂ ਦੇ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਯਿਸੂ ਨੇ ਇਸ ਨਾਲੋਂ ਕਿਤੇ ਜ਼ਿਆਦਾ ਚਮਤਕਾਰ ਕੀਤੇ ਸਨ। ਕੀ ਇੰਜੀਲਾਂ ਵਿਚ ਦੱਸੇ ਚਮਤਕਾਰ ਸੱਚੇ ਹਨ ਜਾਂ ਝੂਠੇ? *ਮੱਤੀ 9:35; ਲੂਕਾ 9:11.

ਜੇ ਬਾਈਬਲ ਪਰਮੇਸ਼ੁਰ ਦਾ ਬਚਨ ਹੈ ਅਤੇ ਇਸ ਵਿਚ ਸੱਚਾਈ ਦੱਸੀ ਗਈ ਹੈ, ਤਾਂ ਤੁਸੀਂ ਇਸ ਵਿਚ ਦੱਸੇ ਗਏ ਚਮਤਕਾਰਾਂ ਤੇ ਵਿਸ਼ਵਾਸ ਕਰ ਸਕਦੇ ਹੋ। ਬਾਈਬਲ ਇਹ ਗੱਲ ਸਾਫ਼-ਸਾਫ਼ ਦੱਸਦੀ ਹੈ ਕਿ ਪੁਰਾਣੇ ਜ਼ਮਾਨੇ ਵਿਚ ਚਮਤਕਾਰੀ ਢੰਗ ਨਾਲ ਲੋਕਾਂ ਦੀਆਂ ਬੀਮਾਰੀਆਂ ਨੂੰ ਠੀਕ ਕੀਤਾ ਗਿਆ, ਮੁਰਦਿਆਂ ਨੂੰ ਜੀ ਉਠਾਇਆ ਗਿਆ ਅਤੇ ਹੋਰ ਕਈ ਅਚੰਭੇ ਕੀਤੇ ਗਏ ਸਨ। ਪਰ ਬਾਈਬਲ ਇਹ ਵੀ ਸਾਫ਼-ਸਾਫ਼ ਦੱਸਦੀ ਹੈ ਕਿ ਹੁਣ ਚਮਤਕਾਰ ਨਹੀਂ ਹੁੰਦੇ। (ਸਫ਼ਾ 4 ਉੱਤੇ “ਕੁਝ ਚਮਤਕਾਰ ਅੱਜ ਕਿਉਂ ਨਹੀਂ ਹੁੰਦੇ?” ਨਾਮਕ ਡੱਬੀ ਦੇਖੋ।) ਕੀ ਇਸ ਦਾ ਇਹ ਮਤਲਬ ਹੈ ਕਿ ਜਿਹੜੇ ਲੋਕ ਬਾਈਬਲ ਨੂੰ ਸੱਚ ਮੰਨਦੇ ਹਨ, ਉਹ ਅੱਜ ਹੁੰਦੇ ਚਮਤਕਾਰਾਂ ਤੇ ਵਿਸ਼ਵਾਸ ਨਹੀਂ ਕਰਦੇ? ਇਸ ਸਵਾਲ ਦਾ ਜਵਾਬ ਅਗਲੇ ਲੇਖ ਵਿਚ ਦਿੱਤਾ ਗਿਆ ਹੈ।

[ਫੁਟਨੋਟ]

^ ਪੈਰਾ 3 ਬਾਈਬਲ ਦੀ ਇਕ ਡਿਕਸ਼ਨਰੀ ਮੁਤਾਬਕ ਸ਼ਬਦ “ਚਮਤਕਾਰ” ਦਾ ਮਤਲਬ ਹੈ: ‘ਅਜਿਹੇ ਕੰਮ ਜਿਨ੍ਹਾਂ ਨੂੰ ਕੋਈ ਮਨੁੱਖੀ ਜਾਂ ਕੁਦਰਤੀ ਤਾਕਤ ਨਹੀਂ ਕਰ ਸਕਦੀ ਤੇ ਜਿਨ੍ਹਾਂ ਪਿੱਛੇ ਅਲੌਕਿਕ ਸ਼ਕਤੀ ਦਾ ਹੱਥ ਮੰਨਿਆ ਜਾਂਦਾ ਹੈ।’ ਇਸ ਲੇਖ ਵਿਚ ਸ਼ਬਦ “ਚਮਤਕਾਰ” ਦਾ ਇਹੋ ਮਤਲਬ ਹੈ।

^ ਪੈਰਾ 14 ਤੁਸੀਂ ਆਪ ਇਸ ਗੱਲ ਦੇ ਸਬੂਤ ਦੇਖ ਸਕਦੇ ਹੋ ਕਿ ਬਾਈਬਲ ਉੱਤੇ ਭਰੋਸਾ ਕੀਤਾ ਜਾ ਸਕਦਾ ਹੈ। ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਕਿਤਾਬ ਬਾਈਬਲ—ਪਰਮੇਸ਼ੁਰ ਦਾ ਬਚਨ ਜਾਂ ਮਨੁੱਖ ਦਾ? (ਅੰਗ੍ਰੇਜ਼ੀ) ਵਿਚ ਕੁਝ ਸਬੂਤ ਦਿੱਤੇ ਗਏ ਹਨ।

[ਸਫ਼ੇ 4 ਉੱਤੇ ਡੱਬੀ]

ਚਮਤਕਾਰ ਅੱਜ ਕਿਉਂ ਨਹੀਂ ਹੁੰਦੇ?

ਬਾਈਬਲ ਵਿਚ ਕਈ ਤਰ੍ਹਾਂ ਦੇ ਚਮਤਕਾਰਾਂ ਦਾ ਜ਼ਿਕਰ ਕੀਤਾ ਗਿਆ ਹੈ। (ਕੂਚ 7:19-21; 1 ਰਾਜਿਆਂ 17:1-7; 18:22-38; 2 ਰਾਜਿਆਂ 5:1-14; ਮੱਤੀ 8:24-27; ਲੂਕਾ 17:11-19; ਯੂਹੰਨਾ 2:1-11; 9:1-7) ਯਿਸੂ ਦੇ ਕਈ ਚਮਤਕਾਰਾਂ ਨੇ ਸਾਬਤ ਕੀਤਾ ਕਿ ਉਸ ਉੱਤੇ ਪਰਮੇਸ਼ੁਰ ਦੀ ਕਿਰਪਾ-ਦ੍ਰਿਸ਼ਟੀ ਸੀ। ਪਹਿਲੀ ਸਦੀ ਵਿਚ ਯਿਸੂ ਦੇ ਚੇਲਿਆਂ ਨੂੰ ਵੀ ਚਮਤਕਾਰੀ ਦਾਤਾਂ ਮਿਲੀਆਂ ਸਨ, ਜਿਵੇਂ ਵੱਖੋ-ਵੱਖਰੀਆਂ ਭਾਸ਼ਾਵਾਂ ਵਿਚ ਗੱਲ ਕਰਨ ਅਤੇ ਬਚਨ ਵਿਚ ਲਿਖੀਆਂ ਗੱਲਾਂ ਨੂੰ ਸਮਝਣ ਦੀ ਦਾਤ। (ਰਸੂਲਾਂ ਦੇ ਕਰਤੱਬ 2:5-12; 1 ਕੁਰਿੰਥੀਆਂ 12:28-31) ਨਵੀਂ-ਨਵੀਂ ਬਣੀ ਮਸੀਹੀ ਕਲੀਸਿਯਾ ਨੂੰ ਇਨ੍ਹਾਂ ਚਮਤਕਾਰੀ ਦਾਤਾਂ ਤੋਂ ਬਹੁਤ ਫ਼ਾਇਦਾ ਹੋਇਆ। ਕਿਵੇਂ?

ਉਸ ਵੇਲੇ ਇਸਰਾਏਲ ਵਿਚ ਪਰਮੇਸ਼ੁਰ ਦੇ ਬਚਨ ਦੀਆਂ ਕਾਪੀਆਂ ਥੋੜ੍ਹੀਆਂ ਸਨ। ਆਮ ਤੌਰ ਤੇ ਅਮੀਰਾਂ ਕੋਲ ਹੀ ਲਪੇਟਵੀਆਂ ਪੱਤਰੀਆਂ ਜਾਂ ਕਿਤਾਬਾਂ ਹੁੰਦੀਆਂ ਸਨ। ਹੋਰ ਦੇਸ਼ਾਂ ਵਿਚ ਲੋਕਾਂ ਨੂੰ ਬਾਈਬਲ ਜਾਂ ਇਸ ਦੇ ਲੇਖਕ ਯਹੋਵਾਹ ਦਾ ਕੋਈ ਗਿਆਨ ਨਹੀਂ ਸੀ। ਮਸੀਹੀ ਸਿੱਖਿਆਵਾਂ ਜ਼ਬਾਨੀ ਦਿੱਤੀਆਂ ਜਾਂਦੀਆਂ ਸਨ। ਇਸ ਲਈ ਮਸੀਹੀਆਂ ਨੂੰ ਮਿਲੀਆਂ ਚਮਤਕਾਰੀ ਦਾਤਾਂ ਨੇ ਸਾਬਤ ਕੀਤਾ ਕਿ ਪਰਮੇਸ਼ੁਰ ਮਸੀਹੀ ਕਲੀਸਿਯਾ ਨੂੰ ਇਸਤੇਮਾਲ ਕਰ ਰਿਹਾ ਸੀ।

ਪਰ ਪੌਲੁਸ ਨੇ ਦੱਸਿਆ ਕਿ ਇਹ ਦਾਤਾਂ ਮਕਸਦ ਪੂਰਾ ਹੋਣ ਤੇ ਖ਼ਤਮ ਹੋ ਜਾਣਗੀਆਂ। “ਭਾਵੇਂ ਅਗੰਮ ਵਾਕ ਹੋਣ ਓਹ ਮੁੱਕ ਜਾਣਗੇ, ਭਾਵੇਂ ਬੋਲੀਆਂ ਹੋਣ ਓਹ ਜਾਂਦੀਆਂ ਰਹਿਣਗੀਆਂ, ਭਾਵੇਂ ਇਲਮ ਹੋਵੇ ਉਹ ਮੁੱਕ ਜਾਵੇਗਾ। ਅਸੀਂ ਤਾਂ ਕੁਝ ਕੁਝ ਜਾਣਦੇ ਹਾਂ ਅਤੇ ਕੁਝ ਕੁਝ ਅਗੰਮ ਵਾਕ ਬੋਲਦੇ ਹਾਂ। ਪਰ ਜਦ ਸੰਪੂਰਨ ਆਵੇ ਤਦ ਅਧੂਰਾ ਮੁੱਕ ਜਾਵੇਗਾ।”—1 ਕੁਰਿੰਥੀਆਂ 13:8-10.

ਅੱਜ ਲੋਕਾਂ ਕੋਲ ਆਪਣੀਆਂ ਬਾਈਬਲਾਂ, ਕੰਨਕੌਰਡੈਂਸ ਤੇ ਐਨਸਾਈਕਲੋਪੀਡੀਆ ਹਨ। ਸੱਠ ਲੱਖ ਤੋਂ ਜ਼ਿਆਦਾ ਕੁਸ਼ਲ ਮਸੀਹੀ ਬਾਈਬਲ ਤੋਂ ਪਰਮੇਸ਼ੁਰ ਦਾ ਗਿਆਨ ਪਾਉਣ ਵਿਚ ਲੋਕਾਂ ਦੀ ਮਦਦ ਕਰ ਰਹੇ ਹਨ। ਇਸ ਲਈ ਅੱਜ ਇਹ ਗੱਲ ਸਾਬਤ ਕਰਨ ਲਈ ਚਮਤਕਾਰਾਂ ਦੀ ਜ਼ਰੂਰਤ ਨਹੀਂ ਹੈ ਕਿ ਪਰਮੇਸ਼ੁਰ ਨੇ ਯਿਸੂ ਮਸੀਹ ਨੂੰ ਮੁਕਤੀਦਾਤਾ ਨਿਯੁਕਤ ਕੀਤਾ ਹੈ ਤੇ ਯਹੋਵਾਹ ਆਪਣੇ ਲੋਕਾਂ ਦੀ ਮਦਦ ਕਰ ਰਿਹਾ ਹੈ।