Skip to content

Skip to table of contents

‘ਜੇ ਕੋਈ ਤੈਨੂੰ ਵਿਗਾਰੇ ਲੈ ਜਾਵੇ’

‘ਜੇ ਕੋਈ ਤੈਨੂੰ ਵਿਗਾਰੇ ਲੈ ਜਾਵੇ’

‘ਜੇ ਕੋਈ ਤੈਨੂੰ ਵਿਗਾਰੇ ਲੈ ਜਾਵੇ’

“ਓਏ! ਇਹ ਸਭ ਕਰਨਾ ਛੱਡ ਤੇ ਮੇਰਾ ਸਾਮਾਨ ਚੁੱਕ ਕੇ ਚੱਲ।” ਤੁਹਾਡੇ ਖ਼ਿਆਲ ਵਿਚ ਪਹਿਲੀ ਸਦੀ ਵਿਚ ਕੰਮ ਵਿਚ ਰੁੱਝਿਆ ਯਹੂਦੀ ਕੀ ਕਰਦਾ ਜੇ ਕੋਈ ਰੋਮੀ ਸਿਪਾਹੀ ਇਹ ਕਹਿ ਕੇ ਉਸ ਤੋਂ ਜ਼ਬਰਦਸਤੀ ਆਪਣਾ ਕੰਮ ਕਰਾਉਂਦਾ? ਪਹਾੜੀ ਉਪਦੇਸ਼ ਵਿਚ ਯਿਸੂ ਨੇ ਸਲਾਹ ਦਿੱਤੀ ਸੀ: “ਜੋ ਕੋਈ ਤੈਨੂੰ ਇੱਕ ਕੋਹ ਵਿਗਾਰੇ ਲੈ ਜਾਵੇ ਤਾਂ ਉਹ ਦੇ ਨਾਲ ਦੋ ਕੋਹ ਚੱਲਿਆ ਜਾਹ।” (ਮੱਤੀ 5:41) ਯਿਸੂ ਦੇ ਸੁਣਨ ਵਾਲਿਆਂ ਨੇ ਇਸ ਸਲਾਹ ਨੂੰ ਕਿਵੇਂ ਲਿਆ? ਅੱਜ ਸਾਡੇ ਲਈ ਇਸ ਦਾ ਕੀ ਮਤਲਬ ਹੈ?

ਇਨ੍ਹਾਂ ਸਵਾਲਾਂ ਦੇ ਜਵਾਬਾਂ ਲਈ ਸਾਨੂੰ ਪੁਰਾਣੇ ਜ਼ਮਾਨੇ ਵਿਚ ਕਰਵਾਈ ਜਾਂਦੀ ਵਗਾਰ ਬਾਰੇ ਜਾਣਨ ਦੀ ਲੋੜ ਹੈ। ਯਿਸੂ ਦੇ ਜ਼ਮਾਨੇ ਵਿਚ ਇਸਰਾਏਲ ਦੇ ਨਿਵਾਸੀ ਇਸ ਪ੍ਰਥਾ ਤੋਂ ਭਲੀ-ਭਾਂਤ ਜਾਣੂ ਸਨ।

ਵਗਾਰ

ਵਗਾਰ 18ਵੀਂ ਸਦੀ ਸਾ.ਯੁ.ਪੂ. ਵਿਚ ਦੱਖਣ-ਪੱਛਮੀ ਏਸ਼ੀਆ ਦੇ ਦੇਸ਼ਾਂ ਵਿਚ ਪ੍ਰਚਲਿਤ ਸੀ। ਪ੍ਰਾਚੀਨ ਸੀਰੀਆ ਦੇ ਸ਼ਹਿਰ ਅਲਾਲਕ ਤੋਂ ਮਿਲੇ ਪ੍ਰਸ਼ਾਸਨਕ ਦਸਤਾਵੇਜ਼ਾਂ ਵਿਚ ਉਨ੍ਹਾਂ ਲੋਕਾਂ ਦੇ ਸਮੂਹਾਂ ਦਾ ਜ਼ਿਕਰ ਮਿਲਦਾ ਹੈ ਜਿਨ੍ਹਾਂ ਤੋਂ ਸਰਕਾਰ ਵਗਾਰੀ ਕਰਵਾਉਂਦੀ ਸੀ। ਸੀਰੀਆ ਦੇ ਸਮੁੰਦਰੀ ਕਿਨਾਰੇ ਤੇ ਸਥਿਤ ਯੂਗਾਰੀਟ ਵਿਚ ਪਟੇਦਾਰ ਕਿਸਾਨਾਂ ਤੋਂ ਵੀ ਇਸੇ ਤਰ੍ਹਾਂ ਕੰਮ ਲਿਆ ਜਾਂਦਾ ਸੀ, ਸਿਵਾਇ ਉਨ੍ਹਾਂ ਦੇ ਜਿਨ੍ਹਾਂ ਨੂੰ ਰਾਜਾ ਵਗਾਰ ਤੋਂ ਮੁਕਤ ਕਰ ਦਿੰਦਾ ਸੀ।

ਯੁੱਧ ਵਿਚ ਹਾਰੇ ਲੋਕਾਂ ਤੋਂ ਅਕਸਰ ਵਗਾਰ ਕਰਵਾਈ ਜਾਂਦੀ ਸੀ। ਮਿਸਰੀ ਇਸਰਾਏਲੀਆਂ ਨੂੰ ਇੱਟਾਂ ਬਣਾਉਣ ਦੇ ਕੰਮ ਤੇ ਲਾ ਕੇ ਹੱਡ-ਭੰਨਵੀਂ ਮਿਹਨਤ ਕਰਵਾਉਂਦੇ ਸਨ। ਬਾਅਦ ਵਿਚ ਇਸਰਾਏਲੀਆਂ ਨੇ ਵਾਅਦਾ ਕੀਤੇ ਦੇਸ਼ ਕਨਾਨ ਦੇ ਲੋਕਾਂ ਤੋਂ ਵਗਾਰ ਕਰਵਾਈ ਅਤੇ ਦਾਊਦ ਤੇ ਸੁਲੇਮਾਨ ਨੇ ਵੀ ਇਹ ਪ੍ਰਥਾ ਜਾਰੀ ਰੱਖੀ।—ਕੂਚ 1:13, 14; 2 ਸਮੂਏਲ 12:31; 1 ਰਾਜਿਆਂ 9:20, 21.

ਜਦੋਂ ਇਸਰਾਏਲੀਆਂ ਨੇ ਸਮੂਏਲ ਤੋਂ ਇਕ ਰਾਜੇ ਦੀ ਮੰਗ ਕੀਤੀ, ਤਾਂ ਉਸ ਨੇ ਉਨ੍ਹਾਂ ਨੂੰ ਸਮਝਾਇਆ ਕਿ ਰਾਜਾ ਉਨ੍ਹਾਂ ਤੋਂ ਕਿਹੜੇ-ਕਿਹੜੇ ਕੰਮ ਕਰਵਾਏਗਾ। ਉਹ ਆਪਣੀ ਪਰਜਾ ਨੂੰ ਰਥਵਾਨ ਅਤੇ ਘੋੜਸਵਾਰ ਬਣਾਏਗਾ, ਉਨ੍ਹਾਂ ਤੋਂ ਵਾਹੀ ਤੇ ਵਾਢੀ ਕਰਵਾਏਗਾ, ਹਥਿਆਰ ਬਣਵਾਏਗਾ ਤੇ ਹੋਰ ਕਈ ਕੰਮ ਕਰਵਾਏਗਾ। (1 ਸਮੂਏਲ 8:4-17) ਪਰ ਯਹੋਵਾਹ ਦਾ ਮੰਦਰ ਬਣਵਾਉਣ ਵੇਲੇ ਸੁਲੇਮਾਨ ਨੇ ਦੂਜੀਆਂ ਕੌਮਾਂ ਦੇ ਲੋਕਾਂ ਤੋਂ ਵਗਾਰੀ ਕਰਵਾਈ ਸੀ, “ਪਰ ਇਸਰਾਏਲੀਆਂ ਵਿੱਚੋਂ ਸੁਲੇਮਾਨ ਨੇ ਬੇਗਾਰੀ ਨਾ ਬਣਾਏ। ਓਹ ਜੋਧੇ ਤੇ ਉਹ ਦੇ ਟਹਿਲੂਏ ਤੇ ਉਹ ਦੇ ਸਰਦਾਰ ਤੇ ਉਹ ਦੇ ਅਫਸਰ ਤੇ ਉਹ ਦੇ ਰਥਾਂ ਦੇ ਸਰਦਾਰ ਤੇ ਉਹ ਦੇ ਅਸਵਾਰ ਸਨ।”—1 ਰਾਜਿਆਂ 9:22.

ਉਸਾਰੀ ਦੇ ਕੰਮ ਵਿਚ ਲੱਗੇ ਇਸਰਾਏਲੀਆਂ ਬਾਰੇ 1 ਰਾਜਿਆਂ 5:13, 14 ਕਹਿੰਦਾ ਹੈ: “ਸੁਲੇਮਾਨ ਪਾਤਸ਼ਾਹ ਨੇ ਸਾਰੇ ਇਸਰਾਏਲ ਤੋਂ ਬੇਗਾਰ ਲਈ ਅਤੇ ਬੇਗਾਰੀ ਤੀਹ ਹਜ਼ਾਰ ਮਨੁੱਖ ਸਨ। ਅਤੇ ਉਹ ਉਨ੍ਹਾਂ ਵਿੱਚੋਂ ਮਹੀਨੇ ਭਰ ਲਈ ਦਸ ਹਜ਼ਾਰ ਵਾਰੋ ਵੱਟੀ ਲਬਾਨੋਨ ਨੂੰ ਘੱਲਦਾ ਸੀ। ਐਉਂ ਓਹ ਇੱਕ ਮਹੀਨਾ ਲਬਾਨੋਨ ਵਿੱਚ ਰਹਿੰਦੇ ਸਨ ਅਤੇ ਦੋ ਮਹੀਨੇ ਆਪਣੇ ਘਰੀਂ।” (1 ਰਾਜਿਆਂ 5:13, 14) ਇਕ ਵਿਦਵਾਨ ਕਹਿੰਦਾ ਹੈ ਕਿ “ਬਿਨਾਂ ਸ਼ੱਕ ਇਸਰਾਏਲ ਅਤੇ ਯਹੂਦਿਯਾ ਦੇ ਰਾਜਿਆਂ ਨੇ ਆਪਣੀਆਂ ਇਮਾਰਤਾਂ ਬਣਾਉਣ ਅਤੇ ਆਪਣੇ ਖੇਤਾਂ ਵਿਚ ਕੰਮ ਕਰਵਾਉਣ ਵਾਸਤੇ ਵਗਾਰੀ ਨੂੰ ਇਕ ਜ਼ਰੀਏ ਦੇ ਤੌਰ ਤੇ ਵਰਤਿਆ।”

ਸੁਲੇਮਾਨ ਦੇ ਰਾਜ ਵਿਚ ਲੋਕਾਂ ਤੇ ਇਹ ਬਹੁਤ ਭਾਰਾ ਬੋਝ ਸੀ। ਇਹ ਬੋਝ ਪਹਿਲਾਂ ਹੀ ਇੰਨਾ ਭਾਰਾ ਸੀ ਕਿ ਜਦੋਂ ਰਹਬੁਆਮ ਨੇ ਇਸ ਬੋਝ ਨੂੰ ਹੋਰ ਭਾਰਾ ਕਰਨ ਦੀ ਧਮਕੀ ਦਿੱਤੀ, ਤਾਂ ਸਾਰੇ ਇਸਰਾਏਲ ਨੇ ਬਗਾਵਤ ਕਰ ਦਿੱਤੀ ਅਤੇ ਵਗਾਰੀ ਕਰਵਾਉਣ ਵਾਲੇ ਅਧਿਕਾਰੀ ਨੂੰ ਪੱਥਰ ਮਾਰ-ਮਾਰ ਕੇ ਮਾਰ ਦਿੱਤਾ। (1 ਰਾਜਿਆਂ 12:12-18) ਪਰ ਇਹ ਪ੍ਰਥਾ ਖ਼ਤਮ ਨਹੀਂ ਹੋਈ। ਰਹਬੁਆਮ ਦੇ ਪੋਤੇ ਆਸਾ ਨੇ ਯਹੂਦਾਹ ਦੇ ਸਾਰੇ ਲੋਕਾਂ ਨੂੰ ਗਬਾ ਤੇ ਮਿਸਫਾਹ ਸ਼ਹਿਰਾਂ ਨੂੰ ਉਸਾਰਨ ਦਾ ਹੁਕਮ ਦਿੱਤਾ ਅਤੇ “ਕੋਈ ਬਾਕੀ ਨਾ ਰਹਿਣ ਦਿੱਤਾ।”—1 ਰਾਜਿਆਂ 15:22.

ਰੋਮੀ ਰਾਜ ਅਧੀਨ

ਯਿਸੂ ਦੇ ਪਹਾੜੀ ਉਪਦੇਸ਼ ਤੋਂ ਪਤਾ ਲੱਗਦਾ ਹੈ ਕਿ ਪਹਿਲੀ ਸਦੀ ਦੇ ਯਹੂਦੀ ਜਾਣਦੇ ਸਨ ਕਿ ਰੋਮੀ ਅਧਿਕਾਰੀ ਉਨ੍ਹਾਂ ਤੋਂ ਕਦੇ ਵੀ ‘ਵਿਗਾਰ’ ਕਰਵਾ ਸਕਦੇ ਸਨ। ਵਗਾਰ ਅਨੁਵਾਦ ਕੀਤਾ ਗਿਆ ਯੂਨਾਨੀ ਸ਼ਬਦ ਆਗਾਰੈਉਵੋ ਫ਼ਾਰਸੀ ਭਾਸ਼ਾ ਤੋਂ ਲਿਆ ਗਿਆ ਹੈ ਜੋ ਮੁੱਢ ਵਿਚ ਸੰਦੇਸ਼ਵਾਹਕਾਂ ਦੇ ਕੰਮ ਨੂੰ ਦਰਸਾਉਂਦਾ ਸੀ। ਇਨ੍ਹਾਂ ਸੰਦੇਸ਼ਵਾਹਕਾਂ ਨੂੰ ਰਾਜੇ ਨੇ ਅਧਿਕਾਰ ਦਿੱਤਾ ਹੋਇਆ ਸੀ ਕਿ ਉਹ ਸਰਕਾਰੀ ਕੰਮ ਨਿਪਟਾਉਣ ਲਈ ਆਦਮੀਆਂ, ਘੋੜਿਆਂ, ਸਮੁੰਦਰੀ ਜਹਾਜ਼ਾਂ ਜਾਂ ਕਿਸੇ ਵੀ ਚੀਜ਼ ਤੋਂ ਜ਼ਬਰਦਸਤੀ ਕੰਮ ਲੈ ਸਕਦੇ ਸਨ।

ਯਿਸੂ ਦੇ ਦਿਨਾਂ ਵਿਚ ਇਸਰਾਏਲ ਉੱਤੇ ਰੋਮੀਆਂ ਦਾ ਰਾਜ ਸੀ ਜਿਨ੍ਹਾਂ ਨੇ ਇਸੇ ਤਰ੍ਹਾਂ ਦੀ ਇਕ ਪ੍ਰਥਾ ਨੂੰ ਅਪਣਾ ਲਿਆ ਸੀ। ਰੋਮ ਅਧੀਨ ਪੂਰਬੀ ਦੇਸ਼ਾਂ ਵਿਚ ਟੈਕਸ ਲੈਣ ਤੋਂ ਇਲਾਵਾ, ਲੋਕਾਂ ਤੋਂ ਬਾਕਾਇਦਾ ਜਾਂ ਲੋੜ ਪੈਣ ਤੇ ਕਿਸੇ ਵੀ ਵੇਲੇ ਵਗਾਰ ਕਰਵਾਈ ਜਾ ਸਕਦੀ ਸੀ। ਲੋਕਾਂ ਨੂੰ ਇਹ ਪ੍ਰਥਾ ਬਿਲਕੁਲ ਪਸੰਦ ਨਹੀਂ ਸੀ। ਇਸ ਤੋਂ ਇਲਾਵਾ, ਸਰਕਾਰੀ ਸਾਮਾਨ ਢੋਣ ਜਾਂ ਸਫ਼ਰ ਲਈ ਸਰਕਾਰੀ ਕਰਮਚਾਰੀ ਕਿਸੇ ਵੀ ਵਿਅਕਤੀ ਦੇ ਜਾਨਵਰਾਂ, ਰਥਵਾਨਾਂ ਜਾਂ ਰਥਾਂ ਨੂੰ ਨਾਜਾਇਜ਼ ਤੌਰ ਤੇ ਜ਼ਬਤ ਕਰ ਲੈਂਦੇ ਸਨ। ਇਤਿਹਾਸਕਾਰ ਮਾਈਕਲ ਰਸਟੋਫਟਸਿਫ ਅਨੁਸਾਰ ਪ੍ਰਸ਼ਾਸਕਾਂ ਨੇ “[ਪ੍ਰਥਾ] ਨੂੰ ਸਹੀ ਢੰਗ ਨਾਲ ਚਲਾਉਣ ਲਈ ਨਿਯਮ ਬਣਾਉਣ ਦੀ ਕੋਸ਼ਿਸ਼ ਕੀਤੀ, ਪਰ ਕਾਮਯਾਬ ਨਹੀਂ ਹੋਏ ਕਿਉਂਕਿ ਜਿੰਨੀ ਦੇਰ ਤਕ ਇਹ ਪ੍ਰਥਾ ਚੱਲਦੀ ਰਹਿੰਦੀ, ਇਸ ਦੇ ਬੁਰੇ ਨਤੀਜੇ ਹੀ ਨਿਕਲਣੇ ਸਨ। ਈਮਾਨਦਾਰ ਰੋਮੀ ਅਧਿਕਾਰੀਆਂ ਨੇ ਤਾਨਾਸ਼ਾਹੀ ਅਤੇ ਵਗਾਰੀ ਕਾਰਨ ਹੁੰਦੀ ਜ਼ੋਰ-ਜ਼ਬਰਦਸਤੀ ਨੂੰ ਰੋਕਣ ਲਈ ਇਕ ਤੋਂ ਬਾਅਦ ਇਕ ਫ਼ਰਮਾਨ ਜਾਰੀ ਕੀਤੇ। . . . ਪਰ ਇਸ ਪ੍ਰਥਾ ਦਾ ਦਬਦਬਾ ਬਣਿਆ ਰਿਹਾ।”

ਯੂਨਾਨ ਦਾ ਇਕ ਵਿਦਵਾਨ ਕਹਿੰਦਾ ਹੈ: “ਕਿਸੇ ਨੂੰ ਵੀ ਨਿਸ਼ਚਿਤ ਦੂਰੀ ਤਕ ਫ਼ੌਜੀ ਸਾਮਾਨ ਚੁੱਕ ਕੇ ਲੈ ਜਾਣ ਲਈ ਕਿਹਾ ਜਾ ਸਕਦਾ ਸੀ” ਅਤੇ “ਰੋਮੀ ਫ਼ੌਜੀ ਕਿਸੇ ਤੋਂ ਵੀ ਕੋਈ ਵੀ ਕੰਮ ਜ਼ਬਰੀ ਕਰਵਾ ਸਕਦੇ ਸਨ।” ਸ਼ਮਊਨ ਕੁਰੇਨੀ ਨਾਲ ਇਹੀ ਹੋਇਆ ਸੀ ਜਿਸ ਨੂੰ ਰੋਮੀ ਸਿਪਾਹੀਆਂ ਨੇ ਯਿਸੂ ਦੀ ਸੂਲੀ ਚੁੱਕ ਕੇ ਲੈ ਜਾਣ ਲਈ “ਵਿਗਾਰੇ ਫੜਿਆ” ਸੀ।—ਮੱਤੀ 27:32.

ਯਹੂਦੀ ਰਾਬਿਨੀ ਲਿਖਤਾਂ ਵਿਚ ਵੀ ਇਸ ਪ੍ਰਥਾ ਦਾ ਜ਼ਿਕਰ ਮਿਲਦਾ ਹੈ। ਮਿਸਾਲ ਲਈ, ਇਕ ਯਹੂਦੀ ਰੱਬੀ ਨੂੰ ਫੜ ਕੇ ਕਿਹਾ ਗਿਆ ਕਿ ਉਹ ਮਹਿੰਦੀ ਮਹਿਲ ਵਿਚ ਲੈ ਕੇ ਚੱਲੇ। ਕਾਰੋਬਾਰੀ ਲੋਕਾਂ ਦੇ ਮਜ਼ਦੂਰਾਂ ਨੂੰ ਜ਼ਬਰੀ ਕਿਸੇ ਹੋਰ ਕੰਮ ਤੇ ਲਾ ਦਿੱਤਾ ਜਾਂਦਾ ਸੀ, ਫਿਰ ਵੀ ਉਨ੍ਹਾਂ ਨੂੰ ਮਜ਼ਦੂਰਾਂ ਦੀ ਦਿਹਾੜੀ ਆਪ ਦੇਣੀ ਪੈਂਦੀ ਸੀ। ਭਾਰ ਢੋਣ ਵਾਲੇ ਜਾਨਵਰਾਂ ਜਾਂ ਬਲਦਾਂ ਨੂੰ ਵਗਾਰੀ ਲਈ ਲਿਆ ਜਾ ਸਕਦਾ ਸੀ। ਜੇ ਇਨ੍ਹਾਂ ਜਾਨਵਰਾਂ ਨੂੰ ਮੋੜ ਵੀ ਦਿੱਤਾ ਜਾਂਦਾ ਸੀ, ਤਾਂ ਉਹ ਅੱਗੋਂ ਕੰਮ ਕਰਨ ਦੇ ਲਾਇਕ ਨਹੀਂ ਰਹਿ ਜਾਂਦੇ ਸਨ। ਇਸੇ ਕਰਕੇ ਜਾਨਵਰਾਂ ਨੂੰ ਵਗਾਰੀ ਤੇ ਲੈ ਲਏ ਜਾਣਾ ਉਨ੍ਹਾਂ ਨੂੰ ਮਾਲਕ ਤੋਂ ਹਮੇਸ਼ਾ ਲਈ ਹਥਿਆ ਲੈਣ ਦੇ ਬਰਾਬਰ ਹੁੰਦਾ ਸੀ। ਇਸ ਲਈ ਇਕ ਯਹੂਦੀ ਕਹਾਵਤ ਸਹੀ ਕਹਿੰਦੀ ਹੈ: “ਆਗਾਰੈਈਆ (ਵਗਾਰੀ ਕਰਨੀ) ਮੌਤ ਦੇ ਮੂੰਹ ਵਿਚ ਜਾਣਾ ਹੈ।” ਇਕ ਇਤਿਹਾਸਕਾਰ ਕਹਿੰਦਾ ਹੈ: “ਕਈ ਵਾਰ ਵਗਾਰੀ ਲਈ ਭਾਰ ਢੋਣ ਵਾਲੇ ਜਾਨਵਰਾਂ ਨੂੰ ਲੈਣ ਦੀ ਬਜਾਇ ਹਲ ਵਾਹੁਣ ਵਾਲੇ ਪਸ਼ੂਆਂ ਨੂੰ ਜ਼ਬਤ ਕਰ ਲਿਆ ਜਾਂਦਾ ਸੀ। ਇਸ ਤਰ੍ਹਾਂ ਖੇਤੀਬਾੜੀ ਵਾਸਤੇ ਕੋਈ ਜਾਨਵਰ ਹੀ ਨਹੀਂ ਬਚਦਾ ਸੀ ਜਿਸ ਕਰਕੇ ਪੂਰੇ ਦਾ ਪੂਰਾ ਪਿੰਡ ਉਜੜ ਜਾਂਦਾ ਸੀ।”

ਤੁਸੀਂ ਕਲਪਨਾ ਕਰ ਸਕਦੇ ਹੋ ਕਿ ਲੋਕ ਵਗਾਰੀ ਨੂੰ ਕਿਉਂ ਇੰਨੀ ਘਿਰਣਾ ਕਰਦੇ ਸਨ, ਖ਼ਾਸਕਰ ਜਦੋਂ ਇਹ ਘਮੰਡ ਤੇ ਅਨਿਆਂ ਕਾਰਨ ਲੋਕਾਂ ਤੇ ਥੋਪ ਦਿੱਤੀ ਜਾਂਦੀ ਸੀ। ਯਹੂਦੀ ਆਪਣੇ ਉੱਤੇ ਰਾਜ ਕਰਨ ਵਾਲੀਆਂ ਗ਼ੈਰ-ਯਹੂਦੀ ਤਾਕਤਾਂ ਨਾਲ ਨਫ਼ਰਤ ਕਰਦੇ ਸਨ। ਇਸ ਲਈ ਉਹ ਗੁੱਸੇ ਨਾਲ ਭੜਕ ਉੱਠਦੇ ਸਨ ਜਦੋਂ ਉਨ੍ਹਾਂ ਤੋਂ ਕਸ਼ਟਦਾਇਕ ਮਜ਼ਦੂਰੀ ਕਰਵਾ ਕੇ ਉਨ੍ਹਾਂ ਨੂੰ ਜ਼ਲੀਲ ਕੀਤਾ ਜਾਂਦਾ ਸੀ। ਸਾਨੂੰ ਨਹੀਂ ਪਤਾ ਕਿ ਕਾਨੂੰਨੀ ਤੌਰ ਤੇ ਕਿਸੇ ਨਾਗਰਿਕ ਨੂੰ ਸਾਮਾਨ ਚੁੱਕ ਕੇ ਲੈ ਜਾਣ ਲਈ ਕਿੰਨੀ ਕੁ ਹੱਦ ਤਕ ਮਜਬੂਰ ਕੀਤਾ ਜਾ ਸਕਦਾ ਸੀ। ਕਈ ਲੋਕ ਕਾਨੂੰਨੀ ਤੌਰ ਤੇ ਮਿਥੀ ਦੂਰੀ ਤੋਂ ਇਕ ਕਦਮ ਵੀ ਅੱਗੇ ਨਹੀਂ ਜਾਂਦੇ ਸਨ।

ਯਿਸੂ ਇਸੇ ਪ੍ਰਥਾ ਦੀ ਗੱਲ ਕਰ ਰਿਹਾ ਸੀ ਜਦੋਂ ਉਸ ਨੇ ਕਿਹਾ: “ਜੋ ਕੋਈ ਤੈਨੂੰ ਇੱਕ ਕੋਹ ਵਿਗਾਰੇ ਲੈ ਜਾਵੇ ਤਾਂ ਉਹ ਦੇ ਨਾਲ ਦੋ ਕੋਹ ਚੱਲਿਆ ਜਾਹ।” (ਮੱਤੀ 5:41) ਇਹ ਸੁਣ ਕੇ ਕਈਆਂ ਨੇ ਯਿਸੂ ਨੂੰ ਕਠੋਰ ਸਮਝਿਆ ਹੋਣਾ। ਉਸ ਦੇ ਕਹਿਣ ਦਾ ਕੀ ਮਤਲਬ ਸੀ?

ਮਸੀਹੀਆਂ ਦਾ ਕੀ ਰਵੱਈਆ ਹੋਣਾ ਚਾਹੀਦਾ ਹੈ?

ਸਿੱਧੇ-ਸਾਦੇ ਸ਼ਬਦਾਂ ਵਿਚ ਕਿਹਾ ਜਾਵੇ, ਤਾਂ ਯਿਸੂ ਆਪਣੇ ਸੁਣਨ ਵਾਲਿਆਂ ਨੂੰ ਕਹਿ ਰਿਹਾ ਸੀ ਕਿ ਜੇ ਸਰਕਾਰ ਉਨ੍ਹਾਂ ਨੂੰ ਕੋਈ ਜਾਇਜ਼ ਕੰਮ ਕਰਨ ਲਈ ਕਹੇ, ਤਾਂ ਉਨ੍ਹਾਂ ਨੂੰ ਖ਼ੁਸ਼ੀ ਨਾਲ ਤੇ ਬਿਨਾਂ ਕੁੜਕੁੜਾਏ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਉਨ੍ਹਾਂ ਨੇ ‘ਜਿਹੜੀਆਂ ਚੀਜ਼ਾਂ ਕੈਸਰ ਦੀਆਂ ਸਨ ਸੋ ਕੈਸਰ ਨੂੰ ਦੇਣੀਆਂ ਸਨ,’ ਪਰ ਇਸ ਦੇ ਨਾਲ ਹੀ ਉਨ੍ਹਾਂ ਨੇ ‘ਜਿਹੜੀਆਂ ਚੀਜ਼ਾਂ ਪਰਮੇਸ਼ੁਰ ਦੀਆਂ ਹਨ ਸੋ ਪਰਮੇਸ਼ੁਰ ਨੂੰ ਦੇਣ’ ਦੇ ਆਪਣੇ ਫ਼ਰਜ਼ ਨੂੰ ਅਣਗੌਲਿਆਂ ਨਹੀਂ ਕਰਨਾ ਸੀ।—ਮਰਕੁਸ 12:17. *

ਇਸ ਤੋਂ ਇਲਾਵਾ, ਪੌਲੁਸ ਰਸੂਲ ਨੇ ਮਸੀਹੀਆਂ ਨੂੰ ਕਿਹਾ ਸੀ: “ਹਰੇਕ ਪ੍ਰਾਣੀ ਹਕੂਮਤਾਂ ਦੇ ਅਧੀਨ ਰਹੇ ਕਿਉਂਕਿ ਅਜਿਹੀ ਕੋਈ ਹਕੂਮਤ ਨਹੀਂ ਜਿਹੜੀ ਪਰਮੇਸ਼ੁਰ ਦੀ ਵੱਲੋਂ ਨਾ ਹੋਵੇ ਅਤੇ ਜਿੰਨੀਆਂ ਹਕੂਮਤਾਂ ਹਨ ਓਹ ਪਰਮੇਸ਼ੁਰ ਦੀਆਂ ਠਹਿਰਾਈਆਂ ਹੋਈਆਂ ਹਨ। ਇਸ ਲਈ ਜਿਹੜਾ ਹਕੂਮਤ ਦਾ ਸਾਹਮਣਾ ਕਰਦਾ ਹੈ ਉਹ ਪਰਮੇਸ਼ੁਰ ਦੇ ਇੰਤਜ਼ਾਮ ਦਾ ਸਾਹਮਣਾ ਕਰਦਾ ਹੈ . . . ਜੇਕਰ ਤੂੰ ਬੁਰਾ ਕਰੇਂ ਤਾਂ ਡਰ ਇਸ ਲਈ ਜੋ ਉਹ ਐਵੇਂ ਤਲਵਾਰ ਲਾਏ ਹੋਏ ਨਹੀਂ।”—ਰੋਮੀਆਂ 13:1-4.

ਇਸ ਤਰ੍ਹਾਂ ਯਿਸੂ ਅਤੇ ਪੌਲੁਸ ਨੇ ਇਹ ਗੱਲ ਮੰਨੀ ਕਿ ਰਾਜੇ ਜਾਂ ਸਰਕਾਰ ਨੂੰ ਹੁਕਮ ਤੋੜਨ ਵਾਲਿਆਂ ਨੂੰ ਸਜ਼ਾ ਦੇਣ ਦਾ ਹੱਕ ਹੈ। ਕਿਹੋ ਜਿਹੀ ਸਜ਼ਾ? ਪਹਿਲੀ ਤੇ ਦੂਜੀ ਸਦੀ ਦਾ ਯੂਨਾਨੀ ਫ਼ਿਲਾਸਫ਼ਰ ਐਪਿਕਟੀਟਸ ਜਵਾਬ ਦਿੰਦਾ ਹੈ: “ਜੇ ਅਚਾਨਕ ਲੋੜ ਪੈਣ ਤੇ ਸਿਪਾਹੀ ਤੁਹਾਡਾ ਗਧਾ ਲੈ ਜਾਵੇ, ਤਾਂ ਉਸ ਨੂੰ ਲੈ ਜਾਣ ਦਿਓ। ਵਿਰੋਧ ਨਾ ਕਰੋ ਤੇ ਨਾ ਹੀ ਕੁੜਕੁੜਾਓ, ਨਹੀਂ ਤਾਂ ਤੁਹਾਨੂੰ ਮਾਰਿਆ-ਕੁੱਟਿਆ ਜਾਵੇਗਾ ਤੇ ਤੁਹਾਡਾ ਗਧਾ ਵੀ ਤੁਹਾਨੂੰ ਨਹੀਂ ਮਿਲੇਗਾ।”

ਪਰ ਪੁਰਾਣੇ ਜ਼ਮਾਨੇ ਵਾਂਗ ਅੱਜ ਵੀ ਮਸੀਹੀਆਂ ਨੇ ਮਹਿਸੂਸ ਕੀਤਾ ਹੈ ਕਿ ਉਹ ਆਪਣੀ ਜ਼ਮੀਰ ਕਾਰਨ ਸਰਕਾਰ ਦੀਆਂ ਕਈ ਮੰਗਾਂ ਨਹੀਂ ਮੰਨ ਸਕਦੇ। ਕਦੇ-ਕਦੇ ਇਸ ਤਰ੍ਹਾਂ ਕਰਨ ਦੇ ਗੰਭੀਰ ਸਿੱਟੇ ਨਿਕਲਦੇ ਹਨ। ਕੁਝ ਮਸੀਹੀਆਂ ਨੂੰ ਮੌਤ ਦੀ ਸਜ਼ਾ ਦੇ ਦਿੱਤੀ ਗਈ। ਹੋਰਨਾਂ ਨੇ ਆਪਣੇ ਨਿਰਪੱਖ ਰਹਿਣ ਦੇ ਇਰਾਦੇ ਤੇ ਡਟੇ ਰਹਿਣ ਦੀ ਖ਼ਾਤਰ ਕੁਝ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਜਿਸ ਕਰਕੇ ਉਨ੍ਹਾਂ ਨੂੰ ਕਈ ਸਾਲ ਜੇਲ੍ਹਾਂ ਵਿਚ ਰਹਿਣਾ ਪਿਆ। (ਯਸਾਯਾਹ 2:4; ਯੂਹੰਨਾ 17:16; 18:36) ਹੋਰਨਾਂ ਮੌਕਿਆਂ ਤੇ ਮਸੀਹੀਆਂ ਨੇ ਮਹਿਸੂਸ ਕੀਤਾ ਹੈ ਕਿ ਕੁਝ ਸਰਕਾਰੀ ਕੰਮ ਕਰਨ ਵਿਚ ਕੋਈ ਹਰਜ ਨਹੀਂ ਹੈ। ਮਿਸਾਲ ਲਈ, ਕੁਝ ਮਸੀਹੀ ਸੋਚਦੇ ਹਨ ਕਿ ਉਹ ਆਪਣੀ ਜ਼ਮੀਰ ਅਨੁਸਾਰ ਅਜਿਹੇ ਕੁਝ ਕੰਮ ਕਰ ਸਕਦੇ ਹਨ ਜਿਨ੍ਹਾਂ ਤੋਂ ਸਮਾਜ ਨੂੰ ਫ਼ਾਇਦਾ ਹੁੰਦਾ ਹੈ। ਇਹ ਕੰਮ ਸ਼ਾਇਦ ਬਿਰਧਾਂ ਜਾਂ ਅਪਾਹਜਾਂ ਦੀ ਮਦਦ ਕਰਨੀ, ਅੱਗ-ਬੁਝਾਉ ਕਰਮਚਾਰੀਆਂ ਦੇ ਤੌਰ ਤੇ ਕੰਮ ਕਰਨਾ, ਬੀਚਾਂ ਦੀ ਸਫ਼ਾਈ, ਪਾਰਕਾਂ, ਜੰਗਲਾਂ ਜਾਂ ਲਾਇਬ੍ਰੇਰੀਆਂ ਵਿਚ ਕੰਮ ਕਰਨਾ ਆਦਿ ਹੋ ਸਕਦੇ ਹਨ।

ਇਹ ਸੱਚ ਹੈ ਕਿ ਹਰ ਦੇਸ਼ ਦੇ ਹਾਲਾਤ ਇੱਕੋ ਜਿਹੇ ਨਹੀਂ ਹਨ। ਇਸ ਲਈ ਹਰ ਮਸੀਹੀ ਨੂੰ ਆਪਣੀ ਬਾਈਬਲ-ਸਿੱਖਿਅਤ ਜ਼ਮੀਰ ਦੀ ਆਵਾਜ਼ ਸੁਣ ਕੇ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਉਹ ਸਰਕਾਰ ਦੀਆਂ ਮੰਗਾਂ ਮੰਨੇ ਕਿ ਨਾ।

ਦੋ ਕੋਹ ਜਾਣਾ

ਜਾਇਜ਼ ਮੰਗਾਂ ਨੂੰ ਖ਼ੁਸ਼ੀ ਨਾਲ ਪੂਰਾ ਕਰਨ ਬਾਰੇ ਯਿਸੂ ਦਾ ਸਿਧਾਂਤ ਨਾ ਸਿਰਫ਼ ਸਰਕਾਰੀ ਮੰਗਾਂ ਦੇ ਸੰਬੰਧ ਵਿਚ ਲਾਗੂ ਹੁੰਦਾ ਹੈ, ਸਗੋਂ ਦੂਜਿਆਂ ਨਾਲ ਚੰਗੇ ਸੰਬੰਧ ਬਣਾਉਣ ਵਿਚ ਵੀ ਫ਼ਾਇਦੇਮੰਦ ਹੈ। ਮਿਸਾਲ ਲਈ, ਤੁਹਾਡਾ ਮਾਲਕ ਜਾਂ ਅਫ਼ਸਰ ਜੇ ਤੁਹਾਨੂੰ ਕੋਈ ਅਜਿਹਾ ਕੰਮ ਕਰਨ ਲਈ ਕਹਿੰਦਾ ਹੈ ਜੋ ਤੁਸੀਂ ਨਹੀਂ ਕਰਨਾ ਚਾਹੁੰਦੇ ਪਰ ਇਹ ਪਰਮੇਸ਼ੁਰ ਦੇ ਨਿਯਮਾਂ ਦੇ ਖ਼ਿਲਾਫ਼ ਨਹੀਂ ਹੈ, ਤਾਂ ਤੁਸੀਂ ਕਿਸ ਤਰ੍ਹਾਂ ਦਾ ਰਵੱਈਆ ਦਿਖਾਓਗੇ? ਤੁਸੀਂ ਸ਼ਾਇਦ ਸੋਚੋ ਕਿ ਤੁਹਾਡਾ ਨਾਜਾਇਜ਼ ਫ਼ਾਇਦਾ ਉਠਾਇਆ ਜਾ ਰਿਹਾ ਹੈ ਜਿਸ ਕਰਕੇ ਤੁਸੀਂ ਨਾਰਾਜ਼ਗੀ ਜ਼ਾਹਰ ਕਰਦੇ ਹੋ। ਇਸ ਤਰ੍ਹਾਂ ਕਰਨ ਨਾਲ ਤੁਹਾਡੀ ਉਸ ਨਾਲ ਦੁਸ਼ਮਣੀ ਹੋ ਸਕਦੀ ਹੈ। ਦੂਜੇ ਪਾਸੇ, ਜੇ ਤੁਸੀਂ ਸੜ-ਭੁੱਜ ਕੇ ਕੰਮ ਕਰ ਵੀ ਦਿੰਦੇ ਹੋ, ਤਾਂ ਤੁਹਾਨੂੰ ਅੰਦਰੂਨੀ ਸ਼ਾਂਤੀ ਨਹੀਂ ਮਿਲੇਗੀ। ਤਾਂ ਫਿਰ ਇਸ ਦਾ ਕੀ ਹੱਲ ਹੈ? ਯਿਸੂ ਦੇ ਕਹੇ ਅਨੁਸਾਰ ਦੋ ਕੋਹ ਚੱਲੋ। ਤੁਹਾਨੂੰ ਜਿੰਨਾ ਕੁਝ ਕਰਨ ਲਈ ਕਿਹਾ ਗਿਆ ਹੈ ਉਸ ਤੋਂ ਜ਼ਿਆਦਾ ਕਰੋ। ਇਸ ਨੂੰ ਖ਼ੁਸ਼ੀ-ਖ਼ੁਸ਼ੀ ਕਰੋ। ਇਸ ਤਰ੍ਹਾਂ ਦਾ ਰਵੱਈਆ ਰੱਖਣ ਨਾਲ ਤੁਹਾਨੂੰ ਇਹ ਨਹੀਂ ਲੱਗੇਗਾ ਕਿ ਤੁਹਾਡਾ ਫ਼ਾਇਦਾ ਉਠਾਇਆ ਜਾ ਰਿਹਾ ਹੈ। ਜ਼ਿਆਦਾ ਕਰਨ ਨਾਲ ਤੁਸੀਂ ਅਜੇ ਵੀ ਆਪਣੀ ਮਰਜ਼ੀ ਦੇ ਮਾਲਕ ਹੋਵੋਗੇ।

ਇਕ ਲੇਖਕ ਕਹਿੰਦਾ ਹੈ: “ਬਹੁਤ ਸਾਰੇ ਲੋਕ ਜ਼ਿੰਦਗੀ ਭਰ ਉੱਨਾ ਹੀ ਕੰਮ ਕਰਦੇ ਹਨ ਜਿੰਨਾ ਉਨ੍ਹਾਂ ਨੂੰ ਕਰਨ ਲਈ ਕਿਹਾ ਜਾਂਦਾ ਹੈ। ਉਨ੍ਹਾਂ ਲਈ ਜ਼ਿੰਦਗੀ ਇਕ ਕੌੜਾ ਤਜਰਬਾ ਹੈ ਤੇ ਉਹ ਹਮੇਸ਼ਾ ਥੱਕੇ ਰਹਿੰਦੇ ਹਨ। ਕਈ ਲੋਕ ਆਪਣੇ ਜ਼ਿੰਮੇ ਦੇ ਕੰਮ ਤੋਂ ਜ਼ਿਆਦਾ ਕੰਮ ਕਰਦੇ ਹਨ ਤੇ ਖ਼ੁਸ਼ੀ ਨਾਲ ਹੋਰਨਾਂ ਦੀ ਮਦਦ ਕਰਦੇ ਹਨ।” ਕਈ ਹਾਲਾਤਾਂ ਵਿਚ ਇਹ ਫ਼ੈਸਲਾ ਕਰਨਾ ਸਾਡੇ ਹੱਥ ਹੁੰਦਾ ਹੈ ਕਿ ਅਸੀਂ ਇਕ ਕੋਹ ਜਾਣਾ ਹੈ ਜਾਂ ਦੋ ਕੋਹ। ਪਹਿਲੀ ਹਾਲਤ ਵਿਚ, ਅਸੀਂ ਸ਼ਾਇਦ ਆਪਣੇ ਹੱਕਾਂ ਦੀ ਮੰਗ ਕਰੀਏ। ਦੂਜੀ ਹਾਲਤ ਵਿਚ, ਅਸੀਂ ਖ਼ੁਸ਼ੀ-ਖ਼ੁਸ਼ੀ ਦੋ ਕੋਹ ਜਾਂਦੇ ਹਾਂ। ਤੁਸੀਂ ਕਿਸ ਤਰ੍ਹਾਂ ਦੇ ਵਿਅਕਤੀ ਹੋ? ਜੇ ਤੁਸੀਂ ਆਪਣੇ ਕੰਮਾਂ ਨੂੰ ਸਿਰਫ਼ ਫ਼ਰਜ਼ ਜਾਂ ਮਜਬੂਰੀ ਨਾ ਸਮਝੋ, ਬਲਕਿ ਇਹ ਸੋਚੋ ਕਿ ਤੁਸੀਂ ਇਹ ਕੰਮ ਕਰਨੇ ਚਾਹੁੰਦੇ ਹੋ, ਤਾਂ ਤੁਹਾਨੂੰ ਜ਼ਿਆਦਾ ਖ਼ੁਸ਼ੀ ਮਿਲੇਗੀ ਤੇ ਤੁਸੀਂ ਆਪਣਾ ਕੰਮ ਚੰਗੀ ਤਰ੍ਹਾਂ ਕਰ ਪਾਓਗੇ।

ਤਦ ਕੀ ਜੇ ਤੁਸੀਂ ਆਪ ਮਾਲਕ ਜਾਂ ਅਫ਼ਸਰ ਹੋ? ਇਹ ਇਕ ਮਸੀਹੀ ਲਈ ਚੰਗੀ ਗੱਲ ਨਹੀਂ ਹੈ ਕਿ ਉਹ ਆਪਣੇ ਇਖ਼ਤਿਆਰ ਨੂੰ ਦੂਜਿਆਂ ਤੋਂ ਜ਼ਬਰਦਸਤੀ ਕੋਈ ਕੰਮ ਕਰਵਾਉਣ ਲਈ ਵਰਤੇ। ਯਿਸੂ ਨੇ ਕਿਹਾ ਸੀ: “ਪਰਾਈਆਂ ਕੌਮਾਂ ਦੇ ਸਰਦਾਰ ਉਨ੍ਹਾਂ ਉੱਤੇ ਹੁਕਮ ਚਲਾਉਂਦੇ ਹਨ ਅਤੇ ਓਹ ਜਿਹੜੇ ਵੱਡੇ ਹਨ ਉਨ੍ਹਾਂ ਉੱਤੇ ਧੌਂਸ ਜਮਾਉਂਦੇ ਹਨ।” ਇਸ ਤਰ੍ਹਾਂ ਕਰਨਾ ਮਸੀਹੀ ਅਸੂਲਾਂ ਦੇ ਖ਼ਿਲਾਫ਼ ਹੈ। (ਮੱਤੀ 20:25, 26) ਹਾਲਾਂਕਿ ਜ਼ੋਰ-ਜ਼ਬਰਦਸਤੀ ਕਰਨ ਨਾਲ ਕੰਮ ਪੂਰਾ ਹੋ ਸਕਦਾ ਹੈ, ਪਰ ਜ਼ਰਾ ਸੋਚੋ ਕਿ ਦੂਜਿਆਂ ਨਾਲ ਸਾਡੇ ਸੰਬੰਧ ਕਿੰਨੇ ਸੁਖਾਵੇਂ ਬਣਨਗੇ ਜੇ ਅਸੀਂ ਉਨ੍ਹਾਂ ਤੋਂ ਨਰਮੀ ਨਾਲ ਉਚਿਤ ਮੰਗਾਂ ਕਰਦੇ ਹਾਂ ਤੇ ਬਦਲੇ ਵਿਚ ਉਹ ਇਨ੍ਹਾਂ ਮੰਗਾਂ ਨੂੰ ਆਦਰ ਤੇ ਖ਼ੁਸ਼ੀ ਨਾਲ ਪੂਰਾ ਕਰਦੇ ਹਨ! ਜੀ ਹਾਂ, ਇਕ ਕੋਹ ਜਾਣ ਦੀ ਬਜਾਇ ਦੋ ਕੋਹ ਜਾਣ ਨਾਲ ਤੁਹਾਡੀ ਜ਼ਿੰਦਗੀ ਖ਼ੁਸ਼ਹਾਲ ਹੋ ਸਕਦੀ ਹੈ।

[ਫੁਟਨੋਟ]

^ ਪੈਰਾ 18 ‘ਕੈਸਰ ਦੀਆਂ ਚੀਜ਼ਾਂ ਕੈਸਰ ਨੂੰ ਤੇ ਪਰਮੇਸ਼ੁਰ ਦੀਆਂ ਚੀਜ਼ਾਂ ਪਰਮੇਸ਼ੁਰ ਨੂੰ ਦੇਣ’ ਦਾ ਕੀ ਮਤਲਬ ਹੈ, ਇਸ ਬਾਰੇ ਪੂਰੀ ਜਾਣਕਾਰੀ ਲਈ ਪਹਿਰਾਬੁਰਜ, 1 ਮਈ 1996, ਸਫ਼ੇ 15-20 ਦੇਖੋ।

[ਸਫ਼ੇ 25 ਉੱਤੇ ਡੱਬੀ]

ਪੁਰਾਣੇ ਜ਼ਮਾਨੇ ਵਿਚ ਵਗਾਰ ਦੀ ਦੁਰਵਰਤੋਂ

ਦੁਰਵਰਤੋਂ ਨੂੰ ਰੋਕਣ ਲਈ ਬਣਾਏ ਨਿਯਮਾਂ ਤੋਂ ਪਤਾ ਚੱਲਦਾ ਹੈ ਕਿ ਵਗਾਰ ਦੇ ਪੱਜ ਨਾਲ ਕੰਮ ਕਰਾਉਣ ਲਈ ਅਕਸਰ ਲੋਕਾਂ ਦਾ ਨਾਜਾਇਜ਼ ਫ਼ਾਇਦਾ ਉਠਾਇਆ ਜਾਂਦਾ ਸੀ। ਮਿਸਰ ਦੇ ਰਾਜਾ ਟਾਲਮੀ ਯੂਅਰਜਟੀਜ਼ ਨੇ 118 ਸਾ.ਯੁ.ਪੂ. ਵਿਚ ਫ਼ਰਮਾਨ ਜਾਰੀ ਕੀਤਾ ਕਿ ਉਸ ਦੇ ਅਧਿਕਾਰੀਆਂ ਨੂੰ “ਆਪਣੇ ਨਿੱਜੀ ਕੰਮ ਲਈ ਦੇਸ਼ ਦੇ ਕਿਸੇ ਵੀ ਵਾਸੀ ਤੋਂ ਵਗਾਰ ਕਰਵਾਉਣ ਦਾ ਹੱਕ ਨਹੀਂ ਹੈ ਤੇ ਨਾ ਹੀ ਆਪਣੇ ਫ਼ਾਇਦੇ ਲਈ ਉਨ੍ਹਾਂ ਦੇ ਜਾਨਵਰਾਂ ਨੂੰ ਵਰਤ ਸਕਦੇ ਹਨ।” ਇਸ ਤੋਂ ਇਲਾਵਾ ‘ਕਿਸੇ ਨੂੰ ਵੀ ਆਪਣੇ ਫ਼ਾਇਦੇ ਲਈ ਦੂਸਰਿਆਂ ਦੇ ਬੇੜੇ ਨਹੀਂ ਵਰਤਣੇ ਚਾਹੀਦੇ।’ ਮਿਸਰ ਦੇ ਗ੍ਰੇਟ ਓਏਸਿਸ ਮੰਦਰ ਵਿੱਚੋਂ ਮਿਲੀ 49 ਸਾ.ਯੁ. ਦੀ ਇਕ ਸ਼ਿਲ੍ਹਾ-ਲੇਖ ਤੋਂ ਪਤਾ ਲੱਗਦਾ ਹੈ ਕਿ ਰੋਮੀ ਮੈਜਿਸਟ੍ਰੇਟ ਵਰਜੀਲੀਅਸ ਕਪਿਟੋ ਜਾਣਦਾ ਸੀ ਕਿ ਸਿਪਾਹੀ ਵਗਾਰ ਦੀ ਨਾਜਾਇਜ਼ ਵਰਤੋਂ ਕਰਦੇ ਸਨ, ਇਸ ਲਈ ਉਸ ਨੇ ਕਾਨੂੰਨ ਬਣਾਇਆ ਕਿ ‘ਕਿਸੇ ਵੀ ਅਧਿਕਾਰੀ ਕੋਲ ਕਿਸੇ ਨੂੰ ਵਗਾਰ ਤੇ ਲਾਉਣ ਦਾ ਅਧਿਕਾਰ ਨਹੀਂ ਜਦ ਤਕ ਉਸ ਨੂੰ ਮੇਰੇ ਤੋਂ ਲਿਖਤੀ ਰੂਪ ਵਿਚ ਮਨਜ਼ੂਰੀ ਨਹੀਂ ਮਿਲਦੀ।’

[ਸਫ਼ੇ 24 ਉੱਤੇ ਤਸਵੀਰ]

ਸ਼ਮਊਨ ਕੁਰੇਨੀ ਤੋਂ ਵਗਾਰ ਕਰਾਈ ਗਈ

[ਸਫ਼ੇ 26 ਉੱਤੇ ਤਸਵੀਰ]

ਬਹੁਤ ਸਾਰੇ ਗਵਾਹਾਂ ਨੇ ਆਪਣੀ ਮਸੀਹੀ ਖਰਿਆਈ ਨੂੰ ਬਣਾਈ ਰੱਖਣ ਕਾਰਨ ਕਈ ਸਾਲ ਜੇਲ੍ਹਾਂ ਵਿਚ ਗੁਜ਼ਾਰੇ