ਦੁਨੀਆਂ ਦਾ ਢਿੱਡ ਕੌਣ ਭਰੇਗਾ?
ਦੁਨੀਆਂ ਦਾ ਢਿੱਡ ਕੌਣ ਭਰੇਗਾ?
ਭੁੱਖਮਰੀ ਨੂੰ ਖ਼ਤਮ ਕਰਨ ਲਈ ਸੰਯੁਕਤ ਰਾਸ਼ਟਰ ਸੰਘ ਦੀ ਵਿਸ਼ਵ ਖ਼ੁਰਾਕ ਪ੍ਰੋਗ੍ਰਾਮ ਏਜੰਸੀ ਅਨੁਸਾਰ 80 ਕਰੋੜ ਲੋਕ ਭੁੱਖਮਰੀ ਦੀ ਮਾਰ ਝੱਲ ਰਹੇ ਹਨ ਜਿਨ੍ਹਾਂ ਵਿਚ ਜ਼ਿਆਦਾਤਰ ਬੱਚੇ ਹਨ। ਹਾਲ ਹੀ ਵਿਚ ਇਸ ਏਜੰਸੀ ਨੇ ਕਿਹਾ ਕਿ ਅਮੀਰ ਦੇਸ਼ ਜੋ ਧਨ-ਸੰਪਤੀ ਅਤੇ ਧਿਆਨ ਭੁੱਖਮਰੀ ਨੂੰ ਖ਼ਤਮ ਕਰਨ ਵਿਚ ਲਾ ਸਕਦੇ ਸਨ, ਉਹ ਉਨ੍ਹਾਂ ਨੂੰ ਹੋਰਨਾਂ ਸਮੱਸਿਆਵਾਂ ਨਾਲ ਨਜਿੱਠਣ ਵਿਚ ਲਾਉਣੇ ਪਏ, ਜਿਵੇਂ ਕਿ ਅੱਤਵਾਦ। ਛੂਤ ਦੇ ਰੋਗਾਂ ਕਾਰਨ ਭੁੱਖਮਰੀ ਦੀ ਸਮੱਸਿਆ ਹੋਰ ਵਧ ਗਈ ਹੈ। ਇਸ ਏਜੰਸੀ ਦੀ ਗਲੋਬਲ ਸਕੂਲ ਫੀਡਿੰਗ ਰਿਪੋਰਟ ਨੇ ਏਡਜ਼ ਦੀ ਮਾਰ ਹੇਠ ਰਹਿੰਦੇ ਅਫ਼ਰੀਕੀ ਦੇਸ਼ਾਂ ਬਾਰੇ ਕਿਹਾ: ‘ਏਡਜ਼ ਪੂਰੀ ਦੀ ਪੂਰੀ ਪੀੜ੍ਹੀ ਨੂੰ ਹੂੰਝ ਕੇ ਲੈ ਜਾ ਰਹੀ ਹੈ। ਮਾਪਿਆਂ ਦੀ ਅਨਿਆਈ ਮੌਤ ਕਾਰਨ ਉਨ੍ਹਾਂ ਦੇ ਬੱਚੇ ਯਤੀਮ ਹੋ ਜਾਂਦੇ ਹਨ। ਜ਼ਿਆਦਾਤਰ ਬੱਚਿਆਂ ਨੂੰ ਖੇਤੀਬਾੜੀ ਅਤੇ ਰੋਜ਼ਮੱਰਾ ਦੀ ਜ਼ਿੰਦਗੀ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ ਜੋ ਆਮ ਤੌਰ ਤੇ ਮਾਪੇ ਆਪਣੇ ਬੱਚਿਆਂ ਨੂੰ ਸਿਖਾਉਂਦੇ ਹਨ।’
ਵਿਸ਼ਵ ਖ਼ੁਰਾਕ ਪ੍ਰੋਗ੍ਰਾਮ ਇਕ ਸਕੀਮ ਚਲਾ ਰਿਹਾ ਹੈ ਤਾਂਕਿ ਸਕੂਲਾਂ ਵਿਚ ਘੱਟੋ-ਘੱਟ ਇਕ ਵੇਲੇ ਦਾ ਖਾਣਾ ਦਿੱਤਾ ਜਾ ਸਕੇ। ਇਹ ਸਕੀਮ ਚਲਾਉਣ ਦਾ ਮਕਸਦ ਨਾ ਸਿਰਫ਼ ਭੁੱਖਮਰੀ ਨੂੰ ਘਟਾਉਣਾ ਹੈ, ਸਗੋਂ ਸਿੱਖਿਆ ਦੇ ਜ਼ਰੀਏ ਹੋਰ ਪ੍ਰੋਗ੍ਰਾਮਾਂ ਨੂੰ ਵੀ ਚਲਾਉਣਾ ਹੈ ਜੋ ਨੌਜਵਾਨਾਂ ਨੂੰ ਐੱਚ ਆਈ ਵੀ/ਏਡਜ਼ ਦੀ ਮਹਾਂਮਾਰੀ ਪ੍ਰਤੀ ਜਾਗਰੂਕ ਕਰਨ ਲਈ ਬਣਾਏ ਗਏ ਹਨ।
ਜਿਨ੍ਹਾਂ ਥਾਵਾਂ ਤੇ ਇਸ ਸਕੀਮ ਨੂੰ ਲਾਗੂ ਕੀਤਾ ਗਿਆ ਹੈ, ਉੱਥੇ ਬੱਚਿਆਂ ਨੂੰ ਚੰਗੀ ਖ਼ੁਰਾਕ ਮਿਲੀ ਹੈ ਅਤੇ ਉਨ੍ਹਾਂ ਨੂੰ ਆਪਣੀ ਸਫ਼ਾਈ ਰੱਖਣ ਦੀ ਸਿਖਲਾਈ ਦੇਣ ਦੇ ਨਾਲ-ਨਾਲ ਹੋਰ ਮਦਦ ਵੀ ਦਿੱਤੀ ਗਈ ਹੈ। ਇਹ ਵੀ ਦੇਖਿਆ ਗਿਆ ਹੈ ਕਿ ਜਿਸ ਥਾਂ ਲੋਕਾਂ ਨੇ ਆਪਣੇ ਜੀਉਣ ਦੇ ਤੌਰ-ਤਰੀਕਿਆਂ ਨੂੰ ਬਦਲਿਆ ਹੈ, ਉੱਥੇ ਐੱਚ ਆਈ ਵੀ/ਏਡਜ਼ ਦੀ ਇਨਫ਼ੈਕਸ਼ਨ ਦਰ ਘੱਟ ਰਹੀ ਹੈ।
ਦੁੱਖ ਦੀ ਗੱਲ ਹੈ ਕਿ ਇਨਸਾਨ ਆਪਣੇ ਜਤਨਾਂ ਸਦਕਾ ਕੁਝ ਹੱਦ ਤਕ ਹੀ ਸਫ਼ਲ ਹੁੰਦੇ ਹਨ। ਪਰ ਬਾਈਬਲ ਇਹ ਵਾਅਦਾ ਕਰਦੇ ਹੋਏ ਸਾਨੂੰ ਦਿਲਾਸਾ ਦਿੰਦੀ ਹੈ ਕਿ ਪਰਮੇਸ਼ੁਰ ਭੁੱਖਮਰੀ ਨੂੰ ਸਦਾ ਲਈ ਖ਼ਤਮ ਕਰਨ ਵਾਲਾ ਹੈ। ਜ਼ਬੂਰਾਂ ਦੀ ਪੋਥੀ 72:16 ਵਿਚ ਲਿਖਿਆ ਹੈ: ‘ਧਰਤੀ ਵਿੱਚ ਪਹਾੜਾਂ ਦੀ ਟੀਸੀ ਉੱਤੇ ਬਹੁਤਾ ਅੰਨ ਹੋਵੇਗਾ।’ ਪਰਮੇਸ਼ੁਰ ਦੇ ਰਾਜ ਵਿਚ ਲੋਕ ਯਹੋਵਾਹ ਪਰਮੇਸ਼ੁਰ ਬਾਰੇ ਕਹਿਣਗੇ: ‘ਤੂੰ ਧਰਤੀ ਦੀ ਸੁੱਧ ਲੈਂਦਾ ਅਤੇ ਉਹ ਨੂੰ ਰੇਲ ਪੇਲ ਕਰਦਾ ਹੈਂ, ਇਸੇ ਤਰਾਂ ਧਰਤੀ ਨੂੰ ਤਿਆਰ ਕਰ ਕੇ ਤੂੰ ਉਨ੍ਹਾਂ ਲਈ ਅੰਨ ਤਿਆਰ ਕਰਦਾ ਹੈਂ।’—ਜ਼ਬੂਰਾਂ ਦੀ ਪੋਥੀ 65:9.
[ਸਫ਼ੇ 32 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
WFP/Y. Yuge