Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਕੀ ਪਰਮੇਸ਼ੁਰ ਦੇ ਮਨ-ਭਾਉਂਦੇ ਸੇਵਕ ਦਾਊਦ ਨੇ ਆਪਣੇ ਬੰਦੀਆਂ ਨਾਲ ਕਠੋਰ ਸਲੂਕ ਕੀਤਾ ਸੀ, ਜਿਵੇਂ ਕਿ ਕੁਝ ਲੋਕ 2 ਸਮੂਏਲ 12:31 ਅਤੇ 1 ਇਤਹਾਸ 20:3 ਤੋਂ ਸਿੱਟਾ ਕੱਢਦੇ ਹਨ?

ਨਹੀਂ। ਦਾਊਦ ਨੇ ਅੰਮੋਨੀ ਬੰਦੀਆਂ ਤੋਂ ਸਿਰਫ਼ ਵਗਾਰ ਕਰਵਾਈ ਸੀ। ਇਨ੍ਹਾਂ ਆਇਤਾਂ ਨੂੰ ਬਾਈਬਲ ਦੇ ਕੁਝ ਤਰਜਮਿਆਂ ਵਿਚ ਜਿਸ ਤਰੀਕੇ ਨਾਲ ਅਨੁਵਾਦ ਕੀਤਾ ਗਿਆ ਹੈ, ਉਸ ਤੋਂ ਦਾਊਦ ਦੇ ਸਲੂਕ ਦਾ ਗ਼ਲਤ ਮਤਲਬ ਕੱਢਿਆ ਗਿਆ ਹੈ।

ਅੰਮੋਨੀਆਂ ਨਾਲ ਕੀਤੇ ਸਲੂਕ ਦਾ ਵਰਣਨ ਕਰਦੇ ਵੇਲੇ ਇਹ ਬਾਈਬਲ ਅਨੁਵਾਦ ਦਾਊਦ ਨੂੰ ਬੇਰਹਿਮ ਤੇ ਜ਼ਾਲਮ ਵਿਅਕਤੀ ਦੇ ਰੂਪ ਵਿਚ ਪੇਸ਼ ਕਰਦੇ ਹਨ। ਮਿਸਾਲ ਲਈ, ਕਿੰਗ ਜੇਮਜ਼ ਵਰਯਨ ਵਿਚ 2 ਸਮੂਏਲ 12:31 ਕਹਿੰਦਾ ਹੈ: “ਉਹ ਨੇ ਉਨ੍ਹਾਂ ਨੂੰ ਜੋ ਉਹ ਦੇ ਵਿੱਚ ਸਨ ਬਾਹਰ ਕੱਢ ਕੇ ਆਰਿਆਂ ਨਾਲ ਚਿਰਵਾਇਆ, ਉਨ੍ਹਾਂ ਉੱਤੇ ਲੋਹੇ ਦੇ ਸੁਹਾਗੇ ਫਿਰਵਾਏ, ਲੋਹੇ ਦੇ ਕੁਲਹਾੜਿਆਂ ਨਾਲ ਉਨ੍ਹਾਂ ਨੂੰ ਕਟਵਾਇਆ ਅਤੇ ਉਨ੍ਹਾਂ ਨੂੰ ਇੱਟਾਂ ਦੇ ਭੱਠੇ ਵਿੱਚੋਂ ਦੀ ਲੰਘਾਇਆ ਅਤੇ ਉਹ ਨੇ ਅੰਮੋਨੀਆਂ ਦੇ ਸਾਰੇ ਸ਼ਹਿਰਾਂ ਨਾਲ ਏਹੋ ਹੀ ਕੀਤਾ।” 1 ਇਤਹਾਸ 20:3 ਦੇ ਬਿਰਤਾਂਤ ਨੂੰ ਵੀ ਇਸੇ ਤਰ੍ਹਾਂ ਅਨੁਵਾਦ ਕੀਤਾ ਗਿਆ ਹੈ।

ਪਰ ਬਾਈਬਲ ਵਿਦਵਾਨ ਸੈਮੂਏਲ ਰੋਲਸ ਡਰਾਈਵਰ ਨੇ ਕਿਹਾ ਕਿ ਬੇਰਹਿਮੀ ‘ਦਾਊਦ ਦੀ ਸ਼ਖ਼ਸੀਅਤ ਅਤੇ ਸੁਭਾਅ ਨਾਲ ਬਿਲਕੁਲ ਮੇਲ ਨਹੀਂ ਖਾਂਦੀ।’ ਇਸ ਲਈ, ਦੀ ਐਂਕਰ ਬਾਈਬਲ ਵਿਚ ਇਕ ਟਿੱਪਣੀ ਕਹਿੰਦੀ ਹੈ: “ਦਾਊਦ ਜਿੱਤੇ ਇਲਾਕੇ ਦਾ ਆਰਥਿਕ ਫ਼ਾਇਦਾ ਉਠਾਉਣ ਲਈ ਬੰਦੀਆਂ ਨੂੰ ਕੰਮ ਤੇ ਲਾ ਰਿਹਾ ਸੀ ਕਿਉਂਕਿ ਜਿੱਤਣ ਵਾਲੇ ਰਾਜਿਆਂ ਦੀ ਇਹੋ ਰੀਤ ਸੀ।” ਇਸੇ ਤਰ੍ਹਾਂ ਐਡਮ ਕਲਾਰਕ ਕਹਿੰਦਾ ਹੈ: “ਇਸ ਦਾ ਮਤਲਬ ਹੈ ਕਿ ਦਾਊਦ ਨੇ ਲੋਕਾਂ ਨੂੰ ਗ਼ੁਲਾਮ ਬਣਾਇਆ, ਉਨ੍ਹਾਂ ਨੂੰ ਲੱਕੜਾਂ ਦੀ ਚਿਰਾਈ ਕਰਨ, ਲੋਹੇ ਦੇ ਹਲ ਬਣਾਉਣ, ਖਾਣਾਂ ਖੋਦਣ, ਲੱਕੜਾਂ ਕੱਟਣ ਅਤੇ ਇੱਟਾਂ ਪੱਥਣ ਦੇ ਕੰਮ ਤੇ ਲਾਇਆ। ਇੱਥੇ ਮਨੁੱਖਾਂ ਨੂੰ ਚੀਰਨ ਤੇ ਕੱਟਣ-ਵੱਢਣ ਦੀ ਗੱਲ ਨਹੀਂ ਕੀਤੀ ਗਈ ਕਿਉਂਕਿ ਇਹ ਵਿਚਾਰ ਅੰਮੋਨੀਆਂ ਪ੍ਰਤੀ ਦਾਊਦ ਦੇ ਰਵੱਈਏ ਤੋਂ ਪੂਰੀ ਤਰ੍ਹਾਂ ਉਲਟ ਹੈ।”

ਕਈ ਆਧੁਨਿਕ ਅਨੁਵਾਦਾਂ ਵਿਚ ਇਨ੍ਹਾਂ ਆਇਤਾਂ ਦਾ ਸਹੀ ਅਨੁਵਾਦ ਕੀਤਾ ਗਿਆ ਹੈ। ਤਾਂ ਫਿਰ ਦਾਊਦ ਉੱਤੇ ਅਣਮਨੁੱਖੀ ਸਲੂਕ ਕਰਨ ਦਾ ਇਲਜ਼ਾਮ ਲਾਉਣ ਦਾ ਕੋਈ ਠੋਸ ਆਧਾਰ ਨਹੀਂ ਹੈ। * ਪੰਜਾਬੀ ਦੀ ਪਵਿੱਤਰ ਬਾਈਬਲ ਨਵਾਂ ਅਨੁਵਾਦ ਤੇ ਧਿਆਨ ਦਿਓ: “ਦਾਊਦ ਨੇ ਰੱਬਾਹ ਨਿਵਾਸੀਆਂ ਕੋਲੋਂ ਤਰ੍ਹਾਂ ਤਰ੍ਹਾਂ ਦੇ ਕੰਮ ਲੈਣੇ ਸ਼ੁਰੂ ਕੀਤੇ: ਲਕੜੀ ਚੀਰਨ ਦਾ, ਲੋਹਾ ਕੁੱਟਣ ਦਾ, ਇੱਟਾਂ ਪੱਥਨ ਆਦਿ ਦਾ। ਉਸ ਨੇ ਇਹੋ ਜਿਹੇ ਕੰਮ ਹੋਰ ਥਾਵਾਂ ਦੇ ਅੰਮੋਨੀ ਲੋਕਾਂ ਤੋਂ ਵੀ ਲਏ।” (2 ਸਮੂਏਲ 12:31) “ਦਾਊਦ ਰੱਬਾਹ ਨਿਵਾਸੀਆਂ ਨੂੰ ਬਾਹਰ ਲੈ ਕੇ ਆਇਆ ਅਤੇ ਉਹਨਾਂ ਕੋਲੋਂ ਤਰ੍ਹਾਂ ਤਰ੍ਹਾਂ ਦੇ ਕੰਮ ਲੈਣੇ ਸ਼ੁਰੂ ਕੀਤੇ: ਲਕੜੀ ਚੀਰਨ ਦਾ, ਲੋਹਾ ਕੁੱਟਣ ਦਾ, ਇੱਟਾਂ ਪੱਥਨ ਦਾ ਆਦਿ। ਉਸ ਨੇ ਇਹੋ ਹਾਲ ਹੋਰ ਥਾਵਾਂ ਦੇ ਅੰਮੋਨੀ ਲੋਕਾਂ ਨਾਲ ਕੀਤਾ।” (1 ਇਤਿਹਾਸ 20:3) ਪੰਜਾਬੀ ਵਿਚ ਈਜ਼ੀ ਟੂ ਰੀਡ ਵਰਯਨ ਵਿਚ ਵੀ ਸਹੀ ਅਨੁਵਾਦ ਕੀਤਾ ਗਿਆ ਹੈ: “ਦਾਊਦ ਨੇ ਉਨ੍ਹਾਂ ਲੋਕਾਂ ਨੂੰ ਜੋ ਰੱਬਾਹ ਸ਼ਹਿਰ ਵਿੱਚ ਸਨ ਬਾਹਰ ਕੱਢਕੇ ਆਰਿਆਂ, ਲੋਹੇ ਦੇ ਸੁਹਾਗਿਆਂ ਅਤੇ ਲੋਹੇ ਦੇ ਕੁਲਹਾੜਿਆਂ ਨਾਲ ਉਨ੍ਹਾਂ ਤੋਂ ਕੰਮ ਲਿਆ ਅਤੇ ਉਨ੍ਹਾਂ ਨੂੰ ਇੱਟਾਂ ਨਾਲ ਈਮਾਰਤਾਂ ਬਨਾਉਣ ਮਜਦੂਰੀ ਕਰਨ ਤੇ ਮਜ਼ਬੂਰ ਕੀਤਾ।” (2 ਸਮੂਏਲ 12:31) “ਦਾਊਦ ਨੇ ਰੱਬਾਹ ਵਿੱਚੋਂ ਲੋਕਾਂ ਨੂੰ ਬਾਹਰ ਕੱਢ ਕੇ ਉਨ੍ਹਾਂ ਨੂੰ ਆਰੀਆਂ, ਲੋਹੇ ਦੀਆਂ ਸਲਾਖਾਂ ਅਤੇ ਕੁਹਾੜੀਆਂ ਨਾਲ ਕੰਮ ਕਰਨ ਲਈ ਮਜ਼ਬੂਰ ਕੀਤਾ। ਉਸ ਨੇ ਇੰਝ ਹੀ ਅੰਮੋਨੀਆਂ ਦੇ ਬਾਕੀ ਸ਼ਹਿਰਾਂ ਦੇ ਲੋਕਾਂ ਨਾਲ ਵੀ ਕੀਤਾ।”—1 ਇਤਹਾਸ 20:3.

ਦਾਊਦ ਨੇ ਬੰਦੀ ਅੰਮੋਨੀਆਂ ਨੂੰ ਨਾ ਤਾਂ ਜ਼ਾਲਮਾਨਾ ਤਰੀਕੇ ਨਾਲ ਤਸੀਹੇ ਦਿੱਤੇ ਤੇ ਨਾ ਹੀ ਉਨ੍ਹਾਂ ਦਾ ਬੇਰਹਿਮੀ ਨਾਲ ਕਤਲ ਕੀਤਾ। ਉਸ ਨੇ ਆਪਣੇ ਸਮੇਂ ਦੇ ਯੁੱਧਾਂ ਦੇ ਕਠੋਰ ਨਿਯਮਾਂ ਅਨੁਸਾਰ ਲੋਕਾਂ ਨਾਲ ਸਲੂਕ ਨਹੀਂ ਕੀਤਾ।

[ਫੁਟਨੋਟ]

^ ਪੈਰਾ 6 ਇਕ ਸ਼ਬਦ-ਜੋੜ ਨੂੰ ਮਾਮੂਲੀ ਜਿਹਾ ਬਦਲਣ ਨਾਲ ਇਬਰਾਨੀ ਕਥਨ ਦਾ ਮਤਲਬ ਪੂਰੀ ਤਰ੍ਹਾਂ ਬਦਲ ਜਾਂਦਾ ਹੈ, ਜਿਵੇਂ ਕਿ “ਉਸ ਨੇ ਉਨ੍ਹਾਂ ਨੂੰ ਆਰੇ ਤੇ ਲਾਇਆ” ਜਾਂ “ਉਸ ਨੇ ਉਨ੍ਹਾਂ ਨੂੰ ਟੋਟੇ-ਟੋਟੇ ਕੀਤਾ (ਚੀਰਿਆ)।” ਇਸ ਤੋਂ ਇਲਾਵਾ, “ਇੱਟਾਂ ਦੇ ਭੱਠੇ” ਲਈ ਵਰਤੇ ਇਬਰਾਨੀ ਸ਼ਬਦ ਦਾ ਮਤਲਬ “ਇੱਟਾਂ ਦਾ ਸਾਂਚਾ” ਵੀ ਹੋ ਸਕਦਾ ਹੈ। ਕਿਸੇ ਨੂੰ ਇੱਟ ਦੇ ਸਾਂਚੇ ਵਿੱਚੋਂ ਦੀ ਲੰਘਾਉਣਾ ਨਾਮੁਮਕਿਨ ਹੈ।