Skip to content

Skip to table of contents

ਬਰਲੇਬੁਰਕ ਬਾਈਬਲ

ਬਰਲੇਬੁਰਕ ਬਾਈਬਲ

ਬਰਲੇਬੁਰਕ ਬਾਈਬਲ

ਸਤਾਰਵੀਂ ਤੇ ਅਠਾਰਵੀਂ ਸਦੀ ਦੌਰਾਨ ਜਰਮਨ ਲੂਥਰਨ ਚਰਚ ਵਿਚ ਪਾਈਟਿਜ਼ਮ ਨਾਂ ਦੀ ਇਕ ਨਵੀਂ ਧਾਰਮਿਕ ਲਹਿਰ ਸ਼ੁਰੂ ਹੋਈ। ਇਸ ਲਹਿਰ ਦੇ ਕੁਝ ਪੈਰੋਕਾਰਾਂ ਨੂੰ ਆਪਣੇ ਵਿਸ਼ਵਾਸਾਂ ਕਾਰਨ ਦੂਸਰਿਆਂ ਦੇ ਮਖੌਲ ਦਾ ਸਾਮ੍ਹਣਾ ਕਰਨਾ ਪਿਆ ਅਤੇ ਤਸੀਹੇ ਸਹਿਣੇ ਪਏ। ਅਤਿਆਚਾਰਾਂ ਤੋਂ ਬਚਣ ਲਈ ਇਸ ਲਹਿਰ ਦੇ ਕਈ ਵਿਦਵਾਨਾਂ ਨੇ ਫ੍ਰੈਂਕਫਰਟ ਆਮ ਮਾਨ ਸ਼ਹਿਰ ਤੋਂ ਕੁਝ 150 ਕਿਲੋਮੀਟਰ ਦੂਰ ਉੱਤਰ ਵਿਚ ਬਰਲੇਬੁਰਕ ਕਸਬੇ ਵਿਚ ਸ਼ਰਨ ਲਈ। ਉੱਥੇ ਦਾ ਨਵਾਬ ਕਾਜ਼ੀਮੀਰ ਵੌਨ ਵਿਟਗਨਸ਼ਟਾਈਨ ਬਰਲੇਬੁਰਕ ਧਰਮ ਦੀ ਬਹੁਤ ਇੱਜ਼ਤ ਕਰਦਾ ਸੀ, ਇਸ ਲਈ ਉਸ ਨੇ ਇਨ੍ਹਾਂ ਵਿਦਵਾਨਾਂ ਨੂੰ ਆਪਣੇ ਕਸਬੇ ਵਿਚ ਪਨਾਹ ਦਿੱਤੀ। ਬਰਲੇਬੁਰਕ ਵਿਚ ਇਨ੍ਹਾਂ ਪ੍ਰਚਾਰਕਾਂ ਤੇ ਵਿਦਵਾਨਾਂ ਦੇ ਆਉਣ ਨਾਲ ਇਕ ਨਵੇਂ ਬਾਈਬਲ ਅਨੁਵਾਦ ਨੇ ਜਨਮ ਲਿਆ ਜੋ ਅੱਜ ਬਰਲੇਬੁਰਕ ਬਾਈਬਲ ਦੇ ਨਾਂ ਤੋਂ ਜਾਣਿਆ ਜਾਂਦਾ ਹੈ। ਉਨ੍ਹਾਂ ਦੇ ਮਨਾਂ ਵਿਚ ਇਹ ਅਨੁਵਾਦ ਕਰਨ ਦਾ ਵਿਚਾਰ ਕਿਵੇਂ ਆਇਆ?

ਬਰਲੇਬੁਰਕ ਵਿਚ ਸ਼ਰਨ ਲੈਣ ਵਾਲੇ ਵਿਦਵਾਨਾਂ ਵਿੱਚੋਂ ਇਕ ਯੋਹਾਨ ਹਾਉਗ ਸੀ ਜੋ ਸਟ੍ਰਾਸਬੁਰਗ ਦਾ ਰਹਿਣ ਵਾਲਾ ਸੀ। ਪਾਦਰੀਆਂ ਦੇ ਅਤਿਆਚਾਰੀ ਵਤੀਰੇ ਨੇ ਉਸ ਨੂੰ ਆਪਣਾ ਸ਼ਹਿਰ ਛੱਡਣ ਲਈ ਮਜਬੂਰ ਕਰ ਦਿੱਤਾ ਸੀ। ਹਾਉਗ ਬਹੁਤ ਹੀ ਪੜ੍ਹਿਆ-ਲਿਖਿਆ ਸੀ ਅਤੇ ਕਈ ਭਾਸ਼ਾਵਾਂ ਜਾਣਦਾ ਸੀ। ਉਸ ਨੇ ਬਰਲੇਬੁਰਕ ਵਿਚ ਆਏ ਹੋਰ ਵਿਦਵਾਨਾਂ ਨੂੰ “ਬਾਈਬਲ ਦਾ ਅਜਿਹਾ ਸ਼ੁੱਧ ਅਨੁਵਾਦ ਛਾਪਣ” ਦੀ ਆਪਣੀ ਇੱਛਾ ਬਾਰੇ ਦੱਸਿਆ “ਜਿਸ ਵਿਚ ਲੂਥਰ ਦੇ ਅਨੁਵਾਦ ਦੀਆਂ ਗ਼ਲਤੀਆਂ ਨਾ ਹੋਣ ਅਤੇ ਜੋ ਪਰਮੇਸ਼ੁਰ ਦੇ ਬਚਨ ਦਾ ਸ਼ਾਬਦਿਕ ਅਨੁਵਾਦ ਹੋਣ ਦੇ ਨਾਲ-ਨਾਲ ਇਸ ਦੇ ਅਸਲੀ ਅਰਥ ਨੂੰ ਵੀ ਸਮਝਾਵੇ।” (ਬਰਲੇਬੁਰਕ ਬਾਈਬਲ ਦਾ ਇਤਿਹਾਸ) ਹਾਉਗ ਦਾ ਟੀਚਾ ਇਹੋ ਜਿਹੀ ਬਾਈਬਲ ਤਿਆਰ ਕਰਨ ਦਾ ਸੀ ਜਿਸ ਵਿਚ ਆਇਤਾਂ ਦਾ ਮਤਲਬ ਸਮਝਾਉਣ ਲਈ ਟਿੱਪਣੀਆਂ ਹੋਣ ਤਾਂਕਿ ਆਮ ਇਨਸਾਨ ਵੀ ਬਾਈਬਲ ਨੂੰ ਸਮਝ ਸਕੇ। ਹਾਉਗ ਨੇ ਹੋਰ ਯੂਰਪੀ ਦੇਸ਼ਾਂ ਦੇ ਵਿਦਵਾਨਾਂ ਦੀ ਵੀ ਮਦਦ ਲਈ ਅਤੇ 20 ਸਾਲ ਤਕ ਅਨੁਵਾਦ ਕਰਨ ਵਿਚ ਲੱਗਾ ਰਿਹਾ। ਬਰਲੇਬੁਰਕ ਬਾਈਬਲ 1726 ਵਿਚ ਛਪਣੀ ਸ਼ੁਰੂ ਹੋਈ। ਬਹੁਤ ਸਾਰੀਆਂ ਟਿੱਪਣੀਆਂ ਹੋਣ ਕਾਰਨ ਇਹ ਬਾਈਬਲ ਅੱਠ ਖੰਡਾਂ ਵਿਚ ਛਾਪੀ ਗਈ ਸੀ।

ਬਰਲੇਬੁਰਕ ਬਾਈਬਲ ਵਿਚ ਕਈ ਦਿਲਚਸਪ ਗੱਲਾਂ ਹਨ। ਉਦਾਹਰਣ ਲਈ, ਕੂਚ 6:2, 3 ਵਿਚ ਲਿਖਿਆ ਹੈ: “ਫੇਰ ਪਰਮੇਸ਼ੁਰ ਨੇ ਮੂਸਾ ਨਾਲ ਗੱਲ ਕੀਤੀ ਅਰ ਉਸ ਨੂੰ ਆਖਿਆ: ਮੈਂ ਪ੍ਰਭੂ ਹਾਂ! ਅਤੇ ਮੈਂ ਅਬਰਾਹਾਮ ਨੂੰ/ਇਸਹਾਕ ਨੂੰ ਅਤੇ ਯਾਕੂਬ ਨੂੰ ਸਰਬਸ਼ਕਤੀਮਾਨ ਪਰਮੇਸ਼ੁਰ ਦੇ ਤੌਰ ਤੇ ਦਰਸ਼ਣ ਦਿੱਤਾ: ਪਰ ਮੈਂ ਆਪਣੇ ਨਾਮ ਯਹੋਵਾਹ ਨਾਲ ਉਨ੍ਹਾਂ ਉੱਤੇ ਪ੍ਰਗਟ ਨਹੀਂ ਹੋਇਆ।” ਇਨ੍ਹਾਂ ਆਇਤਾਂ ਉੱਤੇ ਇਹ ਟਿੱਪਣੀ ਦਿੱਤੀ ਗਈ ਹੈ: “ਯਹੋਵਾਹ ਨਾਂ . . . ਵਿਲੱਖਣ ਨਾਂ/ਜਾਂ/ਐਲਾਨਿਆ ਗਿਆ ਨਾਂ।” ਇਸੇ ਤਰ੍ਹਾਂ ਕੂਚ 3:15 ਅਤੇ ਕੂਚ 34:6 ਉੱਤੇ ਦਿੱਤੀਆਂ ਟਿੱਪਣੀਆਂ ਵਿਚ ਵੀ ਪਰਮੇਸ਼ੁਰ ਦੇ ਨਿੱਜੀ ਨਾਂ ਯਹੋਵਾਹ ਦਾ ਜ਼ਿਕਰ ਆਉਂਦਾ ਹੈ।

ਇਸ ਤਰ੍ਹਾਂ ਬਰਲੇਬੁਰਕ ਬਾਈਬਲ ਉਨ੍ਹਾਂ ਜਰਮਨ ਬਾਈਬਲਾਂ ਦੀ ਲੰਬੀ ਸੂਚੀ ਵਿਚ ਜੋੜੀ ਗਈ ਜਿਨ੍ਹਾਂ ਵਿਚ ਕਿਤੇ-ਨਾ-ਕਿਤੇ ਯਹੋਵਾਹ ਨਾਂ ਇਸਤੇਮਾਲ ਕੀਤਾ ਗਿਆ ਹੈ, ਭਾਵੇਂ ਇਹ ਨਾਂ ਆਇਤਾਂ ਵਿਚ, ਫੁਟਨੋਟ ਵਿਚ ਜਾਂ ਟਿੱਪਣੀਆਂ ਵਿਚ ਦਿੱਤਾ ਗਿਆ ਹੋਵੇ। ਪਰਮੇਸ਼ੁਰ ਦੇ ਨਾਂ ਦੀ ਮਹਿਮਾ ਕਰਨ ਵਾਲਾ ਇਕ ਆਧੁਨਿਕ ਅਨੁਵਾਦ ਨਿਊ ਵਰਲਡ ਟ੍ਰਾਂਸਲੇਸ਼ਨ ਆਫ਼ ਦ ਹੋਲੀ ਸਕ੍ਰਿਪਚਰਸ ਹੈ ਜੋ ਯਹੋਵਾਹ ਦੇ ਗਵਾਹਾਂ ਨੇ ਛਾਪਿਆ ਹੈ।