Skip to content

Skip to table of contents

ਸੇਬਾ ਟਾਪੂ ਦੀ ਸੈਰ

ਸੇਬਾ ਟਾਪੂ ਦੀ ਸੈਰ

ਸੇਬਾ ਟਾਪੂ ਦੀ ਸੈਰ

ਸੇਬਾ ਟਾਪੂ ਦਾ ਇਤਿਹਾਸ ਬਹੁਤ ਹੀ ਦਿਲਚਸਪ ਹੈ। ਪੁਰਾਣੇ ਸਮਿਆਂ ਵਿਚ ਇਹ ਟਾਪੂ ਸਮੁੰਦਰੀ ਡਾਕੂਆਂ ਦਾ ਅੱਡਾ ਹੋਇਆ ਕਰਦਾ ਸੀ ਜੋ ਕੈਰੀਬੀਅਨ ਸਾਗਰ ਵਿਚ ਜਹਾਜ਼ਾਂ ਨੂੰ ਲੁੱਟਦੇ ਸਨ। ਅੱਜ ਇਸ ਿਨੱਕੇ ਜਿਹੇ ਟਾਪੂ ਉੱਤੇ ਨੀਦਰਲੈਂਡਜ਼ ਦੀ ਸਰਕਾਰ ਦਾ ਰਾਜ ਹੈ। ਲਗਭਗ 1,600 ਲੋਕਾਂ ਦੀ ਵਸੋਂ ਵਾਲਾ ਇਹ ਟਾਪੂ ਪੋਰਟੋ ਰੀਕੋ ਤੋਂ 240 ਕਿਲੋਮੀਟਰ ਦੂਰ ਪੂਰਬ ਵਿਚ ਸਥਿਤ ਹੈ। ਟਾਪੂ ਉੱਤੇ ਸਿਰਫ਼ ਪੰਜ ਯਹੋਵਾਹ ਦੇ ਗਵਾਹ ਹਨ। ਪੁਰਾਣੇ ਸਮਿਆਂ ਦੇ ਸਮੁੰਦਰੀ ਡਾਕੂਆਂ ਤੋਂ ਉਲਟ ਇਹ ਦਲੇਰ ਪ੍ਰਚਾਰਕ ਸੋਨੇ-ਚਾਂਦੀ ਨਾਲੋਂ ਵੀ ਕੀਮਤੀ ਚੀਜ਼ ਦੀ ਤਲਾਸ਼ ਵਿਚ ਹਨ। ਉਹ ਉਨ੍ਹਾਂ ਲੋਕਾਂ ਨੂੰ ਲੱਭਣ ਵਿਚ ਜੁਟੇ ਹੋਏ ਹਨ ਜੋ ਸੱਚੇ ਪਰਮੇਸ਼ੁਰ ਦੀ ਸੇਵਾ ਕਰਨੀ ਚਾਹੁੰਦੇ ਹਨ।—ਰਸੂਲਾਂ ਦੇ ਕਰਤੱਬ 13:48.

ਇਸ ਟਾਪੂ ਉੱਤੇ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਪਹਿਲੀ ਵਾਰ 22 ਜੂਨ, 1952 ਵਿਚ ਸੁਣਾਈ ਗਈ ਸੀ ਜਦੋਂ ਯਹੋਵਾਹ ਦੇ ਗਵਾਹ ਸਿਬੀਆ ਨਾਂ ਦੀ 59-ਫੁੱਟ ਲੰਬੀ ਕਿਸ਼ਤੀ ਵਿਚ ਇੱਥੇ ਪ੍ਰਚਾਰ ਕਰਨ ਆਏ ਸਨ। (ਮੱਤੀ 24:14) ਸੇਬਾ ਦੀ ਰਾਜਧਾਨੀ ‘ਦ ਬੌਟਮ’ ਤਕ ਪਹੁੰਚਣ ਲਈ ਮਿਸ਼ਨਰੀ ਗਸਟ ਮੇਕੀ ਅਤੇ ਸਟੈਨਲੀ ਕਾਰਟਰ ਨੂੰ 500 ਤੋਂ ਜ਼ਿਆਦਾ ਪੱਥਰ ਦੀਆਂ ਪੌੜੀਆਂ ਚੜ੍ਹਨੀਆਂ ਪਈਆਂ ਜਿਨ੍ਹਾਂ ਨੂੰ ‘ਦ ਲੈਡਰ’ ਕਿਹਾ ਜਾਂਦਾ ਹੈ। * ਸਦੀਆਂ ਤਕ ਇਹੋ ਤੰਗ ਰਸਤਾ ਟਾਪੂ ਦੇ ਲੋਕਾਂ ਤਕ ਪਹੁੰਚਣ ਦਾ ਇੱਕੋ-ਇਕ ਰਾਹ ਸੀ।

ਸੇਬਾ ਟਾਪੂ ਉੱਤੇ ਮਸੀਹੀ ਪ੍ਰਚਾਰ ਕੰਮ ਦੀ ਪਹਿਲੀ ਪੱਕੀ ਰਿਪੋਰਟ ਯਹੋਵਾਹ ਦੇ ਗਵਾਹਾਂ ਦੀ 1966 ਯੀਅਰ ਬੁੱਕ ਵਿਚ ਛਪੀ ਸੀ। ਉਸ ਰਿਪੋਰਟ ਅਨੁਸਾਰ ਉਦੋਂ ਟਾਪੂ ਉੱਤੇ ਕੇਵਲ ਇਕ ਸਰਗਰਮ ਗਵਾਹ ਸੀ। ਬਾਅਦ ਵਿਚ ਕੈਨੇਡਾ ਤੋਂ ਆਏ ਇਕ ਪਰਿਵਾਰ ਨੇ ਇੱਥੇ ਕਈ ਸਾਲ ਪ੍ਰਚਾਰ ਕੀਤਾ। ਹਾਲ ਹੀ ਵਿਚ ਇਕ ਬਜ਼ੁਰਗ ਅਮਰੀਕੀ ਜੋੜਾ ਰਸਲ ਅਤੇ ਕੈਥੀ ਅਮਰੀਕਾ ਤੋਂ ਇੱਥੇ ਆਏ ਅਤੇ ਉਨ੍ਹਾਂ ਨੇ ਇੱਥੇ ਪ੍ਰਚਾਰ ਦੇ ਕੰਮ ਵਿਚ ਹਿੱਸਾ ਲਿਆ। ਆਓ ਆਪਾਂ ਉਨ੍ਹਾਂ ਦਾ ਤਜਰਬਾ ਉਨ੍ਹਾਂ ਦੀ ਜ਼ਬਾਨੀ ਸੁਣੀਏ।

ਸੇਬਾ ਦੀ ਫੇਰੀ

ਮੈਂ ਤੇ ਮੇਰੀ ਪਤਨੀ ਹਵਾਈ ਜਹਾਜ਼ ਰਾਹੀਂ ਸੇਬਾ ਪਹੁੰਚੇ ਜਿੱਥੇ ਸਾਡਾ ਮੇਜ਼ਬਾਨ ਰੌਨਲਡ ਸਾਡੀ ਉਡੀਕ ਕਰ ਰਿਹਾ ਸੀ। ਸੇਬਾ ਟਾਪੂ ਉੱਤੇ 1990 ਦੇ ਦਹਾਕੇ ਦੇ ਜ਼ਿਆਦਾਤਰ ਸਾਲਾਂ ਦੌਰਾਨ ਰੌਨਲਡ ਤੋਂ ਇਲਾਵਾ ਹੋਰ ਕੋਈ ਗਵਾਹ ਨਹੀਂ ਸੀ। ਅਸੀਂ ਰੌਨਲਡ ਲਈ ਥੋੜ੍ਹੀਆਂ ਹਰੀਆਂ ਸਬਜ਼ੀਆਂ ਲਿਆਏ ਸੀ। ਉਸ ਨੂੰ ਇਹ ਤੋਹਫ਼ਾ ਬਹੁਤ ਹੀ ਪਸੰਦ ਆਇਆ ਕਿਉਂਕਿ ਸੇਬਾ ਟਾਪੂ ਉੱਤੇ ਲੋਕ ਵੇਚਣ ਲਈ ਸਬਜ਼ੀਆਂ ਨਹੀਂ ਉਗਾਉਂਦੇ ਸਨ। ਇਕ ਛੋਟੇ ਜਿਹੇ ਟਰੱਕ ਵਿਚ ਸਵਾਰ ਹੋ ਕੇ ਅਸੀਂ ਮਾਊਂਟ ਸੀਨਰੀ ਨਾਂ ਦੇ ਸ਼ਾਂਤ ਜਵਾਲਾਮੁਖੀ ਪਹਾੜ ਦੇ ਸਿਖਰ ਉੱਤੇ ਪਹੁੰਚੇ।

ਰਾਹ ਵਿਚ ਅਸੀਂ ‘ਹੈੱਲਜ਼ ਗੇਟ’ ਨਾਂ ਦੇ ਪਿੰਡ ਰੁਕੇ ਕਿਉਂਕਿ ਰੌਨਲਡ ਦੇਖਣਾ ਚਾਹੁੰਦਾ ਸੀ ਕਿ ਐਤਵਾਰ ਦੇ ਪਬਲਿਕ ਭਾਸ਼ਣ ਦੀ ਸੂਚਨਾ ਅਜੇ ਵੀ ਪਬਲਿਕ ਸੂਚਨਾ ਬੋਰਡ ਉੱਤੇ ਲੱਗੀ ਹੋਈ ਸੀ ਜਾਂ ਨਹੀਂ। ਬੋਰਡ ਉੱਤੇ ਇਹ ਸੂਚਨਾ ਲੱਗੀ ਦੇਖ ਕੇ ਸਾਨੂੰ ਤਸੱਲੀ ਹੋਈ ਅਤੇ ਅਸੀਂ ਆਪਣਾ ਸਫ਼ਰ ਜਾਰੀ ਰੱਖਿਆ। ਅਖ਼ੀਰ ਅਸੀਂ ਟਾਪੂ ਦੇ ਸਭ ਤੋਂ ਵੱਡੇ ਪਿੰਡ ਵਿੰਡਵਰਡਸਾਇਡ ਪਹੁੰਚੇ। ਇਹ ਸੋਹਣਾ ਪਿੰਡ ਟਾਪੂ ਦੇ ਹਵਾ ਦੇ ਰੁਖ ਵਾਲੇ ਪਾਸੇ ਹੈ ਅਤੇ ਇਹ ਸਮੁੰਦਰੀ ਤਲ ਤੋਂ ਲਗਭਗ 1,300 ਫੁੱਟ ਦੀ ਉਚਾਈ ਤੇ ਸਥਿਤ ਹੈ। ਜਦੋਂ ਅਸੀਂ ਰੌਨਲਡ ਦੇ ਘਰ ਪਹੁੰਚੇ, ਤਾਂ ਅਸੀਂ ਉਸ ਦੇ ਘਰ ਦੇ ਵਰਾਂਡੇ ਉੱਤੇ ਰੰਗੀਨ ਸਾਈਨ ਬੋਰਡ ਦੇਖਿਆ ਜਿਸ ਉੱਤੇ ਲਿਖਿਆ ਹੋਇਆ ਸੀ ‘ਯਹੋਵਾਹ ਦੇ ਗਵਾਹਾਂ ਦਾ ਕਿੰਗਡਮ ਹਾਲ।’

ਦੁਪਹਿਰ ਦੇ ਖਾਣੇ ਦੌਰਾਨ ਮੈਂ ਰੌਨਲਡ ਨੂੰ ਉਹ ਸਵਾਲ ਪੁੱਛਿਆ ਜਿਸ ਦਾ ਜਵਾਬ ਜਾਣਨ ਲਈ ਹੀ ਅਸੀਂ ਇੱਥੇ ਆਏ ਸੀ, “ਕਿਸ ਗੱਲ ਨੇ ਤੁਹਾਨੂੰ ਸੇਬਾ ਟਾਪੂ ਉੱਤੇ ਰਾਜ ਦਾ ਪ੍ਰਚਾਰ ਕਰਨ ਲਈ ਉਭਾਰਿਆ?”

ਰੌਨਲਡ ਨੇ ਜਵਾਬ ਦਿੱਤਾ: “ਮੈਂ ਤੇ ਮੇਰੀ ਪਤਨੀ ਪੋਰਟੋ ਰੀਕੋ ਦੇ ਬ੍ਰਾਂਚ ਆਫ਼ਿਸ ਦੀ ਉਸਾਰੀ ਵਿਚ ਮਦਦ ਕਰ ਰਹੇ ਸੀ। ਸਾਲ 1993 ਵਿਚ ਉਸਾਰੀ ਪੂਰੀ ਹੋਣ ਤੋਂ ਬਾਅਦ ਅਸੀਂ ਆਪਣੀ ਵਿਦੇਸ਼ੀ ਸੇਵਾ ਜਾਰੀ ਰੱਖਣੀ ਚਾਹੁੰਦੇ ਸੀ। ਕੁਝ ਸਮਾਂ ਪਹਿਲਾਂ ਅਸੀਂ ਇਕ ਹੋਰ ਪਾਇਨੀਅਰ ਜੋੜੇ ਨਾਲ ਸੇਬਾ ਆਏ ਸੀ ਤੇ ਅਸੀਂ ਦੇਖਿਆ ਕਿ ਇੱਥੇ ਦੇ 1,400 ਵਸਨੀਕਾਂ ਨੂੰ ਪ੍ਰਚਾਰ ਕਰਨ ਲਈ ਕੋਈ ਗਵਾਹ ਨਹੀਂ ਸੀ। ਇਸ ਲਈ ਅਸੀਂ ਸੇਬਾ ਆ ਕੇ ਰਹਿਣ ਅਤੇ ਪ੍ਰਚਾਰ ਕਰਨ ਬਾਰੇ ਪੋਰਟੋ ਰੀਕੋ ਦੀ ਬ੍ਰਾਂਚ ਕਮੇਟੀ ਨਾਲ ਗੱਲ ਕੀਤੀ।

“ਸਾਨੂੰ ਇਜਾਜ਼ਤ ਮਿਲ ਗਈ ਅਤੇ ਅਸੀਂ ਸੇਬਾ ਆ ਕੇ ਰਹਿਣ ਲੱਗ ਪਏ। ਪਰ ਅਫ਼ਸੋਸ, ਦੋ ਸਾਲ ਬਾਅਦ ਹੀ ਮੇਰੀ ਪਤਨੀ ਦੀ ਤਬੀਅਤ ਬਹੁਤ ਖ਼ਰਾਬ ਹੋ ਗਈ ਅਤੇ ਸਾਨੂੰ ਵਾਪਸ ਕੈਲੇਫ਼ੋਰਨੀਆ ਜਾਣਾ ਪਿਆ। ਉਸ ਦੇ ਗੁਜ਼ਰ ਜਾਣ ਤੋਂ ਬਾਅਦ ਮੈਂ ਸੇਬਾ ਵਾਪਸ ਆ ਗਿਆ। ਦਰਅਸਲ ਮੈਂ ਜਦੋਂ ਕੋਈ ਕੰਮ ਸ਼ੁਰੂ ਕਰਦਾ ਹਾਂ, ਤਾਂ ਉਸ ਨੂੰ ਅਧੂਰਾ ਛੱਡਣਾ ਮੈਨੂੰ ਚੰਗਾ ਨਹੀਂ ਲੱਗਦਾ।”

ਸੇਬਾ ਵਿਚ ਘਰ-ਘਰ ਦੀ ਸੇਵਕਾਈ

ਰੌਨਲਡ ਦਾ ਘਰ ਇਕ ਸੌ ਸਾਲ ਪੁਰਾਣਾ ਹੈ। ਉਹ ਬੈਠਕ ਨੂੰ ਕਿੰਗਡਮ ਹਾਲ ਦੇ ਤੌਰ ਤੇ ਇਸਤੇਮਾਲ ਕਰਦਾ ਹੈ। * ਉਹ ਘਰ ਦੇ ਬਾਹਰ ਵਿਹੜੇ ਵਿਚ ਹੀ ਖਾਣਾ-ਪੀਣਾ ਬਣਾਉਂਦਾ ਹੈ। ਜਦੋਂ ਅਸੀਂ ਸਵੇਰੇ ਸੇਵਕਾਈ ਵਿਚ ਜਾਣ ਤੋਂ ਪਹਿਲਾਂ ਨਾਸ਼ਤਾ ਕਰ ਰਹੇ ਸੀ, ਤਾਂ ਮੀਂਹ ਪੈਣ ਕਰਕੇ ਸਾਰਾ ਸਾਮਾਨ ਭਿੱਜ ਗਿਆ। ਪਰ ਮੀਂਹ ਛੇਤੀ ਹੀ ਹਟ ਗਿਆ ਅਤੇ ਅਸੀਂ ‘ਦ ਬੌਟਮ’ ਪਿੰਡ ਵਿਚ ਪ੍ਰਚਾਰ ਕਰਨ ਲਈ ਨਿਕਲ ਗਏ। ਰੌਨਲਡ ਹਰ ਘਰ ਦੇ ਮਾਲਕ ਦਾ ਨਾਂ ਜਾਣਦਾ ਸੀ। ਅਸੀਂ ਲੋਕਾਂ ਨਾਲ ਕਿਸੇ ਤਾਜ਼ੀ ਖ਼ਬਰ ਬਾਰੇ ਗੱਲਬਾਤ ਕਰਦੇ ਅਤੇ ਫਿਰ ਉਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਂਦੇ। ਜ਼ਿਆਦਾਤਰ ਲੋਕ ਰੌਨਲਡ ਅਤੇ ਉਸ ਦੇ ਪ੍ਰਚਾਰ ਦੇ ਕੰਮ ਤੋਂ ਵਾਕਫ਼ ਸਨ ਅਤੇ ਉਨ੍ਹਾਂ ਨੇ ਸਾਡਾ ਸਾਹਿੱਤ ਖ਼ੁਸ਼ੀ-ਖ਼ੁਸ਼ੀ ਸਵੀਕਾਰ ਕੀਤਾ।

ਜੇ ਤੁਸੀਂ ਪਿੰਡ ਦੇ ਲੋਕਾਂ ਤੋਂ ਵਾਕਫ਼ ਨਹੀਂ ਹੋ, ਤਾਂ ਘਰਾਂ ਦੀ ਪਛਾਣ ਕਰਨੀ ਬਹੁਤ ਮੁਸ਼ਕਲ ਹੈ। ਕਿਉਂ? ਕਿਉਂਕਿ ਸਾਰੇ ਘਰ ਇੱਕੋ ਜਿਹੇ ਨਜ਼ਰ ਆਉਂਦੇ ਹਨ। ਰੌਨਲਡ ਨੇ ਸਾਨੂੰ ਦੱਸਿਆ ਕਿ “ਸੇਬਾ ਵਿਚ ਇਹ ਕਾਨੂੰਨ ਹੈ ਕਿ ਸਾਰੇ ਘਰਾਂ ਨੂੰ ਇੱਕੋ ਜਿਹਾ ਰੰਗ ਕੀਤਾ ਜਾਵੇ।” ਮੈਂ ਦੇਖਿਆ ਕਿ ਸਾਰੇ ਘਰ ਚਿੱਟੇ ਰੰਗ ਦੇ ਸਨ ਅਤੇ ਉਨ੍ਹਾਂ ਦੀਆਂ ਛੱਤਾਂ ਲਾਲ ਰੰਗ ਦੀਆਂ ਸਨ।

ਲੋਕਾਂ ਨਾਲ ਬਾਈਬਲ ਉੱਤੇ ਚਰਚਾ ਕਰਨ ਤੋਂ ਬਾਅਦ ਅਸੀਂ ਉਨ੍ਹਾਂ ਨੂੰ ਐਤਵਾਰ ਨੂੰ ਪਬਲਿਕ ਭਾਸ਼ਣ ਸੁਣਨ ਲਈ ਕਿੰਗਡਮ ਹਾਲ ਆਉਣ ਦਾ ਸੱਦਾ ਦਿੱਤਾ। ਰੌਨਲਡ ਹਰ ਹਫ਼ਤੇ ਪਬਲਿਕ ਭਾਸ਼ਣ ਦਿੰਦਾ ਹੈ, ਸਿਵਾਇ ਇਸ ਦੇ ਜਦੋਂ ਉਹ ਕਿਧਰੇ ਬਾਹਰ ਗਿਆ ਹੁੰਦਾ ਹੈ। ਇਸ ਸਮੇਂ ਸੇਬਾ ਵਿਚ 17 ਬਾਈਬਲ ਸਟੱਡੀਆਂ ਕਰਾਈਆਂ ਜਾ ਰਹੀਆਂ ਹਨ। ਸਾਲ 2004 ਵਿਚ ਮਸੀਹ ਦੀ ਮੌਤ ਦੇ ਯਾਦਗਾਰੀ ਸਮਾਰੋਹ ਵਿਚ 20 ਜਣੇ ਮੌਜੂਦ ਸਨ। ਇਹ ਗਿਣਤੀ ਭਾਵੇਂ ਦੇਖਣ ਨੂੰ ਘੱਟ ਲੱਗੇ, ਪਰ ਇਹ ਸੇਬਾ ਦੀ ਕੁੱਲ ਆਬਾਦੀ ਦਾ 1 ਪ੍ਰਤਿਸ਼ਤ ਹਿੱਸਾ ਹੈ!

ਜੀ ਹਾਂ, ਯਹੋਵਾਹ ਦੇ ਗਵਾਹ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਮੁਕਤੀ ਦਾ ਸੰਦੇਸ਼ ਦੇਣ ਲਈ ਅੱਡੀ-ਚੋਟੀ ਦਾ ਜ਼ੋਰ ਲਾ ਰਹੇ ਹਨ। ਭਾਵੇਂ ਸੇਬਾ ਵਰਗਾ ਨਿੱਕਾ ਜਿਹਾ ਟਾਪੂ ਹੋਵੇ ਜਾਂ ਕੋਈ ਮਹਾਂਦੀਪ, ਯਹੋਵਾਹ ਦੇ ਗਵਾਹ ‘ਸਾਰੀਆਂ ਕੌਮਾਂ ਨੂੰ ਚੇਲੇ ਬਣਾਉਣ’ ਦੀ ਜ਼ਿੰਮੇਵਾਰੀ ਨੂੰ ਵਫ਼ਾਦਾਰੀ ਨਾਲ ਨਿਭਾ ਰਹੇ ਹਨ।—ਮੱਤੀ 28:19.

ਦਿਨ ਝੱਟ ਲੰਘ ਗਏ ਅਤੇ ਸਾਡੇ ਜਾਣ ਦਾ ਸਮਾਂ ਆ ਗਿਆ। ਅਸੀਂ ਆਪਣੇ ਮੇਜ਼ਬਾਨ ਨੂੰ ਅਲਵਿਦਾ ਕਹੀ ਅਤੇ ਹਵਾਈ ਜਹਾਜ਼ ਰਾਹੀਂ ਵਾਪਸ ਘਰ ਆ ਗਏ। ਪਰ ਸਾਡੇ ਮਨਾਂ ਵਿਚ ਸੇਬਾ ਦੀ ਸੈਰ ਦੀ ਯਾਦ ਹਮੇਸ਼ਾ ਤਾਜ਼ੀ ਰਹੇਗੀ!

[ਫੁਟਨੋਟ]

^ ਪੈਰਾ 3 ਕਿਹਾ ਜਾਂਦਾ ਹੈ ਕਿ ਸਮੁੰਦਰੀ ਡਾਕੂਆਂ ਨੇ ਇਸ ਜਗ੍ਹਾ ਨੂੰ ‘ਦ ਬੌਟਮ’ ਨਾਂ ਦਿੱਤਾ ਸੀ ਕਿਉਂਕਿ ਉਹ ਸੋਚਦੇ ਸਨ ਕਿ ਇਹ ਜੁਆਲਾਮੁਖੀ ਪਹਾੜ ਦੇ ਕ੍ਰੇਟਰ ਦੀ ਤਹਿ ਤੇ ਸਥਿਤ ਸੀ।

^ ਪੈਰਾ 12 ਸਤੰਬਰ 28, 2003 ਨੂੰ ਫਲੋਰਿਡਾ, ਅਮਰੀਕਾ ਤੋਂ ਕਈ ਸਵੈ-ਸੇਵੀ ਭੈਣ-ਭਰਾ ਸੇਬਾ ਆਏ। ਉਨ੍ਹਾਂ ਨੇ ਰੌਨਲਡ ਦੇ ਘਰ ਨੇੜੇ ਇਕ ਇਮਾਰਤ ਦੀ ਮੁਰੰਮਤ ਕਰ ਕੇ ਇਕ ਨਵਾਂ ਕਿੰਗਡਮ ਹਾਲ ਬਣਾ ਦਿੱਤਾ।

[ਸਫ਼ੇ 10 ਉੱਤੇ ਨਕਸ਼ਾ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਪੋਰਟੋ ਰੀਕੋ

[ਸਫ਼ੇ 10 ਉੱਤੇ ਤਸਵੀਰ]

Background: www.sabatourism.com