Skip to content

Skip to table of contents

“ਅਜ਼ਮਾਇਸ਼ਾਂ ਦੇ ਬਾਵਜੂਦ ਵਫ਼ਾਦਾਰ”

“ਅਜ਼ਮਾਇਸ਼ਾਂ ਦੇ ਬਾਵਜੂਦ ਵਫ਼ਾਦਾਰ”

“ਅਜ਼ਮਾਇਸ਼ਾਂ ਦੇ ਬਾਵਜੂਦ ਵਫ਼ਾਦਾਰ”

ਸਾਲ 1951 ਦੇ ਅਪ੍ਰੈਲ ਵਿਚ ਸ਼ਕਤੀਸ਼ਾਲੀ ਰੂਸੀ ਸਰਕਾਰ ਨੇ ਪੱਛਮੀ ਸੋਵੀਅਤ ਸੰਘ ਵਿਚ ਨਿਰਦੋਸ਼ ਮਸੀਹੀਆਂ ਦੇ ਧਾਰਮਿਕ ਸਮੂਹ ਉੱਤੇ ਧਾਵਾ ਬੋਲ ਦਿੱਤਾ। ਇਹ ਯਹੋਵਾਹ ਦੇ ਗਵਾਹਾਂ ਸਨ। ਉਨ੍ਹਾਂ ਨੂੰ ਦੇਸ਼-ਨਿਕਾਲਾ ਦੇ ਕੇ ਸਾਇਬੇਰੀਆ ਭੇਜਣ ਦਾ ਹੁਕਮ ਸੁਣਾਇਆ ਗਿਆ ਜਿੱਥੇ ਉਨ੍ਹਾਂ ਨੂੰ ਔਖੇ ਹਾਲਾਤਾਂ ਵਿਚ ਬਿਨਾਂ ਸਹੂਲਤਾਂ ਦੇ ਜ਼ਿੰਦਗੀ ਗੁਜ਼ਾਰਨੀ ਪੈਣੀ ਸੀ। ਸਾਇਬੇਰੀਆ ਜਾਣ ਲਈ 20 ਦਿਨਾਂ ਦਾ ਔਖਾ ਸਫ਼ਰ ਤੈ ਕਰਨ ਲਈ ਹਜ਼ਾਰਾਂ ਪਰਿਵਾਰਾਂ ਨੂੰ ਟ੍ਰੇਨ ਦੇ ਡੱਬਿਆਂ ਵਿਚ ਤੁੰਨਿਆ ਗਿਆ। ਇਨ੍ਹਾਂ ਵਿਚ ਿਨੱਕੇ-ਿਨੱਕੇ ਬੱਚੇ, ਗਰਭਵਤੀ ਔਰਤਾਂ ਅਤੇ ਬਜ਼ੁਰਗ ਲੋਕ ਵੀ ਸ਼ਾਮਲ ਸਨ।

ਅਪ੍ਰੈਲ 2001 ਨੂੰ ਮਾਸਕੋ ਵਿਚ ਇਸ ਇਤਿਹਾਸਕ ਘਟਨਾ ਦੀ 50ਵੀਂ ਵਰ੍ਹੇਗੰਢ ਮਨਾਈ ਗਈ। ਉਸ ਮੌਕੇ ਤੇ ਇਕ ਦਸਤਾਵੇਜ਼ੀ ਫ਼ਿਲਮ ਦਾ ਵਿਡਿਓ ਜਾਰੀ ਕੀਤਾ ਗਿਆ ਜਿਸ ਵਿਚ ਕਈ ਦਹਾਕਿਆਂ ਦੌਰਾਨ ਸਾਬਕਾ ਸੋਵੀਅਤ ਸੰਘ ਵਿਚ ਯਹੋਵਾਹ ਦੇ ਗਵਾਹਾਂ ਉੱਤੇ ਹੋਏ ਅਤਿਆਚਾਰਾਂ ਬਾਰੇ ਦੱਸਿਆ ਗਿਆ ਹੈ। ਇਸ ਫ਼ਿਲਮ ਵਿਚ ਇਤਿਹਾਸਕਾਰਾਂ ਅਤੇ ਚਸ਼ਮਦੀਦ ਗਵਾਹਾਂ ਨੇ ਦੱਸਿਆ ਕਿ ਯਹੋਵਾਹ ਦੇ ਗਵਾਹ ਕਿਵੇਂ ਬੇਹੱਦ ਖ਼ਰਾਬ ਹਾਲਾਤਾਂ ਦੇ ਬਾਵਜੂਦ ਨਾ ਕੇਵਲ ਜ਼ਿੰਦਾ ਰਹੇ, ਸਗੋਂ ਉਹ ਵਧੇ-ਫੁਲੇ ਵੀ।

ਅਜ਼ਮਾਇਸ਼ਾਂ ਦੇ ਬਾਵਜੂਦ ਵਫ਼ਾਦਾਰ—ਸੋਵੀਅਤ ਸੰਘ ਵਿਚ ਯਹੋਵਾਹ ਦੇ ਗਵਾਹ ਨਾਮਕ ਇਸ ਦਸਤਾਵੇਜ਼ੀ ਫ਼ਿਲਮ ਨੂੰ ਹੁਣ ਤਕ ਰੂਸ ਅਤੇ ਹੋਰ ਦੇਸ਼ਾਂ ਵਿਚ ਲੱਖਾਂ ਲੋਕ ਦੇਖ ਚੁੱਕੇ ਹਨ। ਆਮ ਜਨਤਾ ਅਤੇ ਇਤਿਹਾਸਕਾਰਾਂ ਦੋਨਾਂ ਨੇ ਇਸ ਫ਼ਿਲਮ ਦੀ ਬਹੁਤ ਪ੍ਰਸ਼ੰਸਾ ਕੀਤੀ ਹੈ। ਹੇਠਾਂ ਦੋ ਰੂਸੀ ਵਿਦਵਾਨਾਂ ਦੀਆਂ ਟਿੱਪਣੀਆਂ ਦਿੱਤੀਆਂ ਹਨ ਜੋ ਸਾਇਬੇਰੀਆ ਦੇ ਉਸੇ ਇਲਾਕੇ ਵਿਚ ਰਹਿੰਦੇ ਹਨ ਜਿੱਥੇ ਦੇਸ਼-ਨਿਕਾਲਾ ਦਿੱਤੇ ਜਾਣ ਤੋਂ ਬਾਅਦ ਜ਼ਿਆਦਾਤਰ ਗਵਾਹਾਂ ਨੂੰ ਭੇਜਿਆ ਗਿਆ ਸੀ:

“ਮੈਨੂੰ ਇਹ ਫ਼ਿਲਮ ਬਹੁਤ ਹੀ ਵਧੀਆ ਲੱਗੀ। ਮੈਨੂੰ ਪਹਿਲਾਂ ਵੀ ਤੁਹਾਡੇ ਧਰਮ ਦੇ ਲੋਕ ਪਸੰਦ ਸੀ, ਪਰ ਇਹ ਫ਼ਿਲਮ ਦੇਖਣ ਤੋਂ ਬਾਅਦ ਤਾਂ ਤੁਹਾਡੇ ਲਈ ਮੇਰੇ ਦਿਲ ਵਿਚ ਆਦਰ ਹੋਰ ਵਧ ਗਿਆ ਹੈ। ਇਹ ਫ਼ਿਲਮ ਬਹੁਤ ਹੀ ਵਧੀਆ ਤਰੀਕੇ ਨਾਲ ਤਿਆਰ ਕੀਤੀ ਗਈ ਹੈ! ਮੈਨੂੰ ਇਹ ਗੱਲ ਸਭ ਤੋਂ ਚੰਗੀ ਲੱਗੀ ਕਿ ਇਕ ਸਮੂਹ ਦੇ ਤੌਰ ਤੇ ਗਵਾਹਾਂ ਦੀ ਕਹਾਣੀ ਸੁਣਾਉਣ ਦੀ ਬਜਾਇ ਤੁਸੀਂ ਵੱਖ-ਵੱਖ ਵਿਅਕਤੀਆਂ ਦੇ ਤਜਰਬੇ ਦੱਸੇ। ਮੈਂ ਭਾਵੇਂ ਆਰਥੋਡਾਕਸ ਚਰਚ ਦਾ ਮੈਂਬਰ ਹਾਂ ਅਤੇ ਆਪਣਾ ਧਰਮ ਬਦਲਣ ਦਾ ਮੇਰਾ ਕੋਈ ਇਰਾਦਾ ਨਹੀਂ, ਫਿਰ ਵੀ ਮੈਨੂੰ ਯਹੋਵਾਹ ਦੇ ਗਵਾਹ ਬਹੁਤ ਪਸੰਦ ਹਨ। ਮੈਂ ਆਪਣੀ ਯੂਨੀਵਰਸਿਟੀ ਲਈ ਇਸ ਵਿਡਿਓ ਦੀ ਇਕ ਕਾਪੀ ਚਾਹੁੰਦਾ ਹਾਂ। ਮੈਂ ਤੇ ਹੋਰ ਪ੍ਰੋਫ਼ੈਸਰਾਂ ਨੇ ਇਸ ਵਿਡਿਓ ਨੂੰ ਕਲਾਸ ਦੇ ਸਲੇਬਸ ਵਿਚ ਸ਼ਾਮਲ ਕਰਨ ਦਾ ਫ਼ੈਸਲਾ ਕੀਤਾ ਹੈ ਅਤੇ ਅਸੀਂ ਇਹ ਫ਼ਿਲਮ ਸਾਰੇ ਵਿਦਿਆਰਥੀਆਂ ਨੂੰ ਦਿਖਾਵਾਂਗੇ।”—ਪ੍ਰੋਫ਼ੈਸਰ ਸਿਰਗੇ ਨਿਕੋਲੇਇਵਿਚ ਰੂਬਤਸੋਫ਼, ਰੂਸ ਵਿਚ ਇਰਕੁਤਸਕ ਦੇ ਸਟੇਟ ਪੈਡਾਗੋਗੀਕਲ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਦਾ ਡੀਨ।

“ਮੈਨੂੰ ਇਹ ਫ਼ਿਲਮ ਦੇਖ ਕੇ ਬਹੁਤ ਖ਼ੁਸ਼ੀ ਹੋਈ। ਅਤਿਆਚਾਰਾਂ ਬਾਰੇ ਫ਼ਿਲਮ ਬਣਾਉਣ ਵੇਲੇ ਘਟਨਾਵਾਂ ਨੂੰ ਸਹੀ ਕ੍ਰਮ ਵਿਚ ਪੇਸ਼ ਕਰਨਾ ਅਕਸਰ ਬਹੁਤ ਔਖਾ ਹੁੰਦਾ ਹੈ। ਪਰ ਤੁਸੀਂ ਇਹੋ ਕੀਤਾ ਹੈ। ਮੈਂ ਤੁਹਾਡੀਆਂ ਹੋਰ ਫਿਲਮਾਂ ਵੀ ਦੇਖਣੀਆਂ ਚਾਹਾਂਗਾ।”—ਪ੍ਰੋਫ਼ੈਸਰ ਸਿਰਗੇ ਇਲਯੀਚ ਕੂਜ਼ਨੈਤਸੋਫ਼, ਰੂਸ ਦੇ ਇਰਕੁਤਸਕ ਸਟੇਟ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਦਾ ਡੀਨ।

ਸਾਇਬੇਰੀਆ ਵਿਚ ਰਹਿਣ ਵਾਲੇ ਯਹੋਵਾਹ ਦੇ ਗਵਾਹਾਂ ਨੇ ਵੀ ਇਸ ਦਸਤਾਵੇਜ਼ੀ ਫ਼ਿਲਮ ਦੀ ਦਿਲੋਂ ਸ਼ਲਾਘਾ ਕੀਤੀ। ਉਨ੍ਹਾਂ ਵਿੱਚੋਂ ਕਈਆਂ ਦੀਆਂ ਟਿੱਪਣੀਆਂ ਹੇਠਾਂ ਦਿੱਤੀਆਂ ਹਨ:

“ਇਸ ਵਿਡਿਓ ਵਿਚ ਦਿਖਾਈਆਂ ਗਈਆਂ ਘਟਨਾਵਾਂ ਜਦੋਂ ਰੂਸ ਵਿਚ ਵਾਪਰ ਰਹੀਆਂ ਸਨ, ਉਦੋਂ ਬਹੁਤ ਸਾਰੇ ਲੋਕਾਂ ਨੂੰ ਯਹੋਵਾਹ ਦੇ ਗਵਾਹਾਂ ਦੇ ਕੰਮਾਂ ਬਾਰੇ ਗ਼ਲਤਫ਼ਹਿਮੀ ਸੀ। ਪਰ ਇਹ ਫ਼ਿਲਮ ਦੇਖਣ ਤੋਂ ਬਾਅਦ ਉਹ ਜਾਣ ਗਏ ਹਨ ਕਿ ਸਾਡਾ ਸੰਗਠਨ ਕੋਈ ਖੁਫੀਆ ਪੰਥ ਨਹੀਂ ਹੈ। ਕੁਝ ਭੈਣ-ਭਰਾਵਾਂ ਜਿਨ੍ਹਾਂ ਨੇ ਹਾਲ ਹੀ ਵਿਚ ਬਪਤਿਸਮਾ ਲਿਆ, ਨੇ ਕਿਹਾ: ‘ਅਸੀਂ ਕਦੇ ਸੋਚਿਆ ਵੀ ਨਹੀਂ ਸੀ ਕਿ ਜਿਨ੍ਹਾਂ ਮਸੀਹੀ ਭੈਣ-ਭਰਾਵਾਂ ਦੇ ਨਾਲ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੇ ਸੀ, ਉਨ੍ਹਾਂ ਨੇ ਇੰਨੇ ਸਾਰੇ ਅਤਿਆਚਾਰ ਸਹੇ ਸਨ!’ ਇਹ ਫ਼ਿਲਮ ਦੇਖਣ ਤੋਂ ਬਾਅਦ ਇਕ ਗਵਾਹ ਨੇ ਪਾਇਨੀਅਰ ਬਣਨ ਦੀ ਇੱਛਾ ਵੀ ਜ਼ਾਹਰ ਕੀਤੀ।”—ਆਨਾ ਵੋਵਚੁਕ ਜਿਸ ਨੂੰ ਸਾਇਬੇਰੀਆ ਭੇਜਿਆ ਗਿਆ ਸੀ।

“ਜਦੋਂ ਫ਼ਿਲਮ ਵਿਚ ਖੁਫੀਆ ਪੁਲਸ ਨੇ ਗਵਾਹਾਂ ਦੇ ਘਰ ਦਾ ਦਰਵਾਜ਼ਾ ਖੜਕਾਇਆ, ਤਾਂ ਮੇਰੇ ਰੌਂਗਟੇ ਖੜ੍ਹੇ ਹੋ ਗਏ। ਮੈਨੂੰ ਉਹ ਸਮਾਂ ਚੇਤੇ ਆ ਗਿਆ ਜਦੋਂ ਸਾਡੇ ਦਰਵਾਜ਼ੇ ਤੇ ਵੀ ਦਸਤਕ ਹੋਈ ਸੀ ਤੇ ਮੇਰੇ ਮਾਤਾ ਜੀ ਨੇ ਕਿਹਾ ਸੀ: ‘ਸ਼ਾਇਦ ਕਿੱਧਰੇ ਅੱਗ ਲੱਗੀ ਹੋਣੀ।’ ਪਰ ਇਸ ਫ਼ਿਲਮ ਨੇ ਮੈਨੂੰ ਇਸ ਗੱਲ ਦਾ ਅਹਿਸਾਸ ਕਰਾਇਆ ਕਿ ਬਹੁਤ ਸਾਰੇ ਗਵਾਹਾਂ ਨੇ ਮੇਰੇ ਨਾਲੋਂ ਜ਼ਿਆਦਾ ਦੁੱਖ ਝੱਲੇ ਸਨ। ਇਹ ਸਾਰੀ ਜਾਣਕਾਰੀ ਸਾਨੂੰ ਮਜ਼ਬੂਤ ਬਣਾਉਂਦੀ ਹੈ ਤਾਂਕਿ ਅਸੀਂ ਹੋਰ ਜ਼ਿਆਦਾ ਜੋਸ਼ ਨਾਲ ਯਹੋਵਾਹ ਦੀ ਸੇਵਾ ਕਰਦੇ ਰਹਿ ਸਕੀਏ।”—ਸਤੀਪਾਨ ਵੋਵਚੁਕ ਜਿਸ ਨੂੰ ਸਾਇਬੇਰੀਆ ਭੇਜਿਆ ਗਿਆ ਸੀ।

“ਮੇਰੇ ਮਾਤਾ-ਪਿਤਾ ਨੂੰ ਵੀ ਸਾਇਬੇਰੀਆ ਭੇਜਿਆ ਗਿਆ ਸੀ। ਇਸ ਲਈ ਮੈਂ ਸੋਚਦਾ ਸੀ ਕਿ ਮੈਨੂੰ ਉਨ੍ਹਾਂ ਸਮਿਆਂ ਬਾਰੇ ਸਭ ਕੁਝ ਪਤਾ ਸੀ। ਪਰ ਇਹ ਫ਼ਿਲਮ ਦੇਖਣ ਤੋਂ ਬਾਅਦ ਮੈਨੂੰ ਅਹਿਸਾਸ ਹੋਇਆ ਕਿ ਮੈਂ ਤਾਂ ਕੁਝ ਵੀ ਨਹੀਂ ਜਾਣਦਾ। ਭੈਣ-ਭਰਾਵਾਂ ਦੀਆਂ ਇੰਟਰਵਿਊਆਂ ਸੁਣ ਕੇ ਮੇਰੀਆਂ ਅੱਖਾਂ ਭਰ ਆਈਆਂ। ਹੁਣ ਇਹ ਤਜਰਬੇ ਮੇਰੇ ਲਈ ਕੇਵਲ ਕਹਾਣੀਆਂ ਨਹੀਂ, ਸਗੋਂ ਹਕੀਕਤ ਬਣ ਗਏ ਹਨ। ਇਸ ਫ਼ਿਲਮ ਨੂੰ ਦੇਖਣ ਤੋਂ ਬਾਅਦ ਪਰਮੇਸ਼ੁਰ ਨਾਲ ਮੇਰਾ ਰਿਸ਼ਤਾ ਹੋਰ ਪੱਕਾ ਹੋਇਆ ਹੈ। ਮੈਨੂੰ ਆਉਣ ਵਾਲੀਆਂ ਮੁਸ਼ਕਲਾਂ ਨੂੰ ਸਹਿਣ ਦੀ ਤਾਕਤ ਮਿਲੀ ਹੈ।”—ਵਲਡੀਮੀਰ ਕਵੌਸ਼, ਇਰਕੁਤਸਕ।

“ਭਰਾਵਾਂ ਦੇ ਤਜਰਬੇ ਪੜ੍ਹਨ ਨਾਲੋਂ ਇਹ ਫ਼ਿਲਮ ਦੇਖਣ ਨਾਲ ਮੇਰੇ ਉੱਤੇ ਜ਼ਿਆਦਾ ਡੂੰਘਾ ਅਸਰ ਪਿਆ ਹੈ। ਭਰਾਵਾਂ ਦੀਆਂ ਇੰਟਰਵਿਊਆਂ ਦੇਖਣ ਤੇ ਸੁਣਨ ਵੇਲੇ ਮੈਨੂੰ ਲੱਗਾ ਜਿੱਦਾਂ ਉਨ੍ਹਾਂ ਦੇ ਦੁੱਖਾਂ-ਤਕਲੀਫ਼ਾਂ ਵਿਚ ਮੈਂ ਵੀ ਉਨ੍ਹਾਂ ਦੇ ਨਾਲ ਸੀ। ਖ਼ਾਸਕਰ ਉਸ ਭਰਾ ਦੇ ਤਜਰਬੇ ਤੋਂ ਮੈਨੂੰ ਬਹੁਤ ਉਤਸ਼ਾਹ ਮਿਲਿਆ ਜੋ ਜੇਲ੍ਹ ਤੋਂ ਆਪਣੀਆਂ ਨਿੱਕੀਆਂ ਕੁੜੀਆਂ ਲਈ ਪੋਸਟਕਾਰਡ ਉੱਤੇ ਤਸਵੀਰਾਂ ਬਣਾ ਕੇ ਭੇਜਿਆ ਕਰਦਾ ਸੀ। ਉਸ ਵਾਂਗ ਮੈਂ ਵੀ ਆਪਣੇ ਬੱਚਿਆਂ ਦੇ ਦਿਲਾਂ ਵਿਚ ਬਾਈਬਲ ਦੀਆਂ ਸੱਚਾਈਆਂ ਬਿਠਾਉਣ ਦੀ ਪੂਰੀ ਕੋਸ਼ਿਸ਼ ਕਰਾਂਗਾ। ਇਸ ਫ਼ਿਲਮ ਲਈ ਤੁਹਾਡਾ ਬਹੁਤ ਧੰਨਵਾਦ! ਇਸ ਨੂੰ ਦੇਖ ਕੇ ਰੂਸ ਦੇ ਯਹੋਵਾਹ ਦੇ ਗਵਾਹਾਂ ਨੂੰ ਪੱਕਾ ਯਕੀਨ ਹੋ ਗਿਆ ਹੈ ਕਿ ਉਹ ਵਾਕਈ ਯਹੋਵਾਹ ਦੇ ਵਿਸ਼ਵ-ਵਿਆਪੀ ਸੰਗਠਨ ਦਾ ਹਿੱਸਾ ਹਨ।”—ਟਾਟਿਆਨਾ ਕਾਲਿਨਾ, ਇਰਕੁਤਸਕ।

“ਇਹ ਕਹਾਵਤ ‘ਸੌ ਵਾਰ ਸੁਣਨ ਨਾਲੋਂ ਇਕ ਵਾਰ ਦੇਖਣਾ ਚੰਗਾ’ ਸੱਚ-ਮੁੱਚ ਇਸ ਫ਼ਿਲਮ ਉੱਤੇ ਸਹੀ ਬੈਠਦੀ ਹੈ। ਇਸ ਨੂੰ ਦੇਖ ਕੇ ਸਾਨੂੰ ਲੱਗਾ ਜਿੱਦਾਂ ਅਸੀਂ ਉਸ ਸਮੇਂ ਵਿਚ ਜੀ ਰਹੇ ਹਾਂ ਅਤੇ ਸਭ ਕੁਝ ਦੇਖ ਰਹੇ ਹਾਂ! ਇਸ ਫ਼ਿਲਮ ਨੇ ਮੈਨੂੰ ਉਨ੍ਹਾਂ ਜਲਾਵਤਨ ਗਵਾਹਾਂ ਦੀਆਂ ਜ਼ਿੰਦਗੀਆਂ ਬਾਰੇ ਗਹਿਰਾਈ ਨਾਲ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਆਪਣੇ ਹਾਲਾਤਾਂ ਦੀ ਤੁਲਨਾ ਉਨ੍ਹਾਂ ਦੇ ਹਾਲਾਤਾਂ ਨਾਲ ਕਰ ਕੇ ਮੈਨੂੰ ਅਹਿਸਾਸ ਹੋਇਆ ਕਿ ਮੇਰੀਆਂ ਸਮੱਸਿਆਵਾਂ ਤਾਂ ਕੁਝ ਵੀ ਨਹੀਂ ਹਨ।”—ਲਿਡਿਆ ਬੀਡਾ, ਇਰਕੁਤਸਕ।

ਅਜ਼ਮਾਇਸ਼ਾਂ ਦੇ ਬਾਵਜੂਦ ਵਫ਼ਾਦਾਰ ਵਿਡਿਓ ਹੁਣ ਤਕ 25 ਭਾਸ਼ਾਵਾਂ ਵਿਚ ਰਿਲੀਸ ਹੋ ਚੁੱਕਾ ਹੈ ਅਤੇ ਦੁਨੀਆਂ ਭਰ ਵਿਚ ਲੋਕਾਂ ਨੇ ਇਸ ਨੂੰ ਬਹੁਤ ਪਸੰਦ ਕੀਤਾ ਹੈ। * ਸੇਂਟ ਪੀਟਰਸਬਰਗ, ਓਮਸਕ ਤੇ ਹੋਰ ਰੂਸੀ ਸ਼ਹਿਰਾਂ ਤੋਂ ਇਲਾਵਾ ਵੀਨੈਤਸਯਾ, ਕੈਰਚ, ਮੈਲਿਟੋਪਲ ਅਤੇ ਲਵੀਫ਼ ਜ਼ਿਲ੍ਹੇ ਦੇ ਯੂਕਰੇਨੀ ਸ਼ਹਿਰਾਂ ਵਿਚ ਟੈਲੀਵਿਯਨ ਸਟੇਸ਼ਨਾਂ ਨੇ ਇਸ ਪੂਰੀ ਫ਼ਿਲਮ ਨੂੰ ਪ੍ਰਸਾਰਿਤ ਕੀਤਾ ਹੈ। ਅੰਤਰਰਾਸ਼ਟਰੀ ਫ਼ਿਲਮ ਸਮੀਖਿਆ ਬੋਰਡਾਂ ਤੋਂ ਵੀ ਇਸ ਫ਼ਿਲਮ ਨੂੰ ਕਈ ਇਨਾਮ ਮਿਲੇ ਹਨ।

ਇਸ ਦਸਤਾਵੇਜ਼ੀ ਫ਼ਿਲਮ ਦਾ ਸੰਦੇਸ਼ ਬਹੁਤ ਜ਼ਬਰਦਸਤ ਸਾਬਤ ਹੋਇਆ ਹੈ ਕਿਉਂਕਿ ਇਸ ਵਿਚ ਉਨ੍ਹਾਂ ਹਜ਼ਾਰਾਂ ਸਾਧਾਰਣ ਇਨਸਾਨਾਂ ਦੀ ਕਹਾਣੀ ਦੱਸੀ ਗਈ ਹੈ ਜਿਨ੍ਹਾਂ ਨੇ ਅਤਿਆਚਾਰ ਦੇ ਲੰਬੇ ਦੌਰ ਦੇ ਦੌਰਾਨ ਬੇਮਿਸਾਲ ਦਲੇਰੀ ਅਤੇ ਪਰਮੇਸ਼ੁਰ ਪ੍ਰਤੀ ਗਹਿਰੀ ਸ਼ਰਧਾ ਦਾ ਸਬੂਤ ਦਿੱਤਾ। ਸੋਵੀਅਤ ਸੰਘ ਵਿਚ ਯਹੋਵਾਹ ਦੇ ਗਵਾਹ ਵਾਕਈ ਅਜ਼ਮਾਇਸ਼ਾਂ ਵਿਚ ਵਫ਼ਾਦਾਰ ਰਹੇ ਹਨ। ਜੇ ਤੁਸੀਂ ਇਹ ਫ਼ਿਲਮ ਦੇਖਣੀ ਚਾਹੁੰਦੇ ਹੋ, ਤਾਂ ਤੁਸੀਂ ਯਹੋਵਾਹ ਦੇ ਗਵਾਹਾਂ ਤੋਂ ਇਹ ਵਿਡਿਓ ਹਾਸਲ ਕਰ ਸਕਦੇ ਹੋ। ਕਿਰਪਾ ਕਰ ਕੇ ਆਪਣੇ ਇਲਾਕੇ ਵਿਚ ਕਿਸੇ ਗਵਾਹ ਨਾਲ ਸੰਪਰਕ ਕਰੋ।

[ਫੁਟਨੋਟ]

^ ਪੈਰਾ 13 ਇਹ ਵਿਡਿਓ ਫ਼ਿਲਮ ਅੰਗ੍ਰੇਜ਼ੀ, ਇੰਡੋਨੇਸ਼ੀਆਈ, ਇਤਾਲਵੀ, ਸਪੇਨੀ, ਸਲੋਵਾਕ, ਸਲੋਵੀਨੀ, ਸਵੀਡਨੀ, ਹੰਗਰੀਆਈ, ਕੈਂਟਨੀਸ, ਕੋਰੀਆਈ, ਚੈੱਕ, ਜਪਾਨੀ, ਜਰਮਨ, ਡੱਚ, ਡੈਨਿਸ਼, ਨਾਰਵੀ, ਪੋਲਿਸ਼, ਫਰਾਂਸੀਸੀ, ਫਿਨੀ, ਬਲਗੇਰੀਅਨ, ਮੈਂਦਾਰਿਨ, ਯੂਨਾਨੀ, ਰੂਸੀ, ਰੋਮਾਨੀਅਨ ਅਤੇ ਲਿਥੂਨੀ ਭਾਸ਼ਾਵਾਂ ਵਿਚ ਉਪਲਬਧ ਹੈ।

[ਸਫ਼ੇ 8 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

ਸਟਾਲਿਨ: U.S. Army photo

[ਸਫ਼ੇ 9 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

ਸਟਾਲਿਨ: U.S. Army photo