Skip to content

Skip to table of contents

ਅਸੀਂ ਦੂਰ-ਦੂਰ ਤਕ ਪ੍ਰਚਾਰ ਕਰਨ ਲਈ ਆਪਣੇ ਹਾਲਾਤਾਂ ਦਾ ਪੂਰਾ ਲਾਭ ਉਠਾਇਆ

ਅਸੀਂ ਦੂਰ-ਦੂਰ ਤਕ ਪ੍ਰਚਾਰ ਕਰਨ ਲਈ ਆਪਣੇ ਹਾਲਾਤਾਂ ਦਾ ਪੂਰਾ ਲਾਭ ਉਠਾਇਆ

ਜੀਵਨੀ

ਅਸੀਂ ਦੂਰ-ਦੂਰ ਤਕ ਪ੍ਰਚਾਰ ਕਰਨ ਲਈ ਆਪਣੇ ਹਾਲਾਤਾਂ ਦਾ ਪੂਰਾ ਲਾਭ ਉਠਾਇਆ

ਰੀਕਾਰਡੋ ਮਾਲਿਕਸੀ ਦੀ ਜ਼ਬਾਨੀ

ਜਦੋਂ ਆਪਣੇ ਮਸੀਹੀ ਮਿਆਰਾਂ ਦੀ ਖ਼ਾਤਰ ਮੈਨੂੰ ਨੌਕਰੀ ਛੱਡਣੀ ਪਈ, ਤਾਂ ਮੈਂ ਤੇ ਮੇਰੇ ਪਰਿਵਾਰ ਨੇ ਮਾਰਗ-ਦਰਸ਼ਨ ਲਈ ਯਹੋਵਾਹ ਨੂੰ ਪ੍ਰਾਰਥਨਾ ਕੀਤੀ। ਅਸੀਂ ਯਹੋਵਾਹ ਦੀ ਹੋਰ ਜ਼ਿਆਦਾ ਸੇਵਾ ਕਰਨ ਦੀ ਆਪਣੀ ਇੱਛਾ ਉਸ ਅੱਗੇ ਜ਼ਾਹਰ ਕੀਤੀ। ਕੁਝ ਹੀ ਸਮੇਂ ਬਾਅਦ ਅਸੀਂ ਜ਼ਿੰਦਗੀ ਦੇ ਉਸ ਸਫ਼ਰ ਤੇ ਤੁਰ ਪਏ ਜੋ ਸਾਡੇ ਕਦਮਾਂ ਨੂੰ ਦੋ ਮਹਾਂਦੀਪਾਂ ਦੇ ਅੱਠ ਵੱਖ-ਵੱਖ ਦੇਸ਼ਾਂ ਵੱਲ ਲੈ ਗਿਆ। ਇਸ ਤਰ੍ਹਾਂ ਸਾਨੂੰ ਦੂਰ-ਦੁਰੇਡੇ ਦੇਸ਼ਾਂ ਵਿਚ ਪ੍ਰਚਾਰ ਕਰਨ ਦਾ ਮੌਕਾ ਮਿਲਿਆ।

ਮੇਰਾ ਜਨਮ 1933 ਵਿਚ ਫ਼ਿਲਪੀਨ ਵਿਚ ਹੋਇਆ ਸੀ। ਚੌਦਾਂ ਜੀਆਂ ਵਾਲਾ ਸਾਡਾ ਪਰਿਵਾਰ ਪ੍ਰੋਟੈਸਟੈਂਟ ਧਰਮ ਨੂੰ ਮੰਨਦਾ ਸੀ ਅਤੇ ਅਸੀਂ ਸਾਰੇ ਫ਼ਿਲਪੀਨ ਇੰਡੀਪੈਂਡੰਟ ਚਰਚ ਦੇ ਮੈਂਬਰ ਸੀ। ਬਾਰਾਂ ਸਾਲ ਦੀ ਉਮਰ ਤੇ ਮੈਂ ਪਰਮੇਸ਼ੁਰ ਨੂੰ ਬੇਨਤੀ ਕੀਤੀ ਕਿ ਉਹ ਮੈਨੂੰ ਸੱਚੇ ਧਰਮ ਦਾ ਰਾਹ ਦਿਖਾਵੇ। ਸਾਡੇ ਸਕੂਲ ਵਿਚ ਇਕ ਕਲਾਸ ਵਿਚ ਕੈਥੋਲਿਕ ਧਰਮ ਦੀ ਸਿੱਖਿਆ ਦਿੱਤੀ ਜਾਂਦੀ ਸੀ। ਆਪਣੇ ਇਕ ਅਧਿਆਪਕ ਦੇ ਕਹਿਣ ਤੇ ਮੈਂ ਇਸ ਕਲਾਸ ਵਿਚ ਸ਼ਾਮਲ ਹੋ ਗਿਆ। ਸਿੱਟੇ ਵਜੋਂ ਮੈਂ ਇਕ ਪੱਕਾ ਕੈਥੋਲਿਕ ਬਣ ਗਿਆ। ਮੈਂ ਬਾਕਾਇਦਾ ਹਰ ਸ਼ਨੀਵਾਰ ਨੂੰ ਕਨਫੈਸ਼ਨ (ਗੁਨਾਹਾਂ ਦਾ ਇਕਬਾਲ) ਕਰਨ ਅਤੇ ਐਤਵਾਰ ਨੂੰ ਚਰਚ ਜਾਂਦਾ ਸੀ। ਪਰ ਹੌਲੀ-ਹੌਲੀ ਇਸ ਧਰਮ ਬਾਰੇ ਮੇਰਾ ਭਰਮ ਟੁੱਟ ਗਿਆ। ਮੈਂ ਪਾਦਰੀਆਂ ਨੂੰ ਨਰਕ, ਤ੍ਰਿਏਕ ਅਤੇ ਮੌਤ ਤੋਂ ਬਾਅਦ ਇਨਸਾਨਾਂ ਦੀ ਹਾਲਤ ਬਾਰੇ ਸਵਾਲ ਪੁੱਛੇ, ਪਰ ਉਨ੍ਹਾਂ ਦੇ ਖੋਖਲੇ ਜਵਾਬਾਂ ਤੋਂ ਮੈਨੂੰ ਸੰਤੁਸ਼ਟੀ ਨਾ ਹੋ ਸਕੀ।

ਸੰਤੋਖਜਨਕ ਜਵਾਬ

ਕਾਲਜ ਵਿਚ ਪੜ੍ਹਦੇ ਸਮੇਂ ਮੈਂ ਮੁੰਡਿਆਂ ਦੇ ਇਕ ਗਿਰੋਹ ਨਾਲ ਮਿਲਣ-ਗਿਲਣ ਲੱਗ ਪਿਆ ਜੋ ਲੜਾਈ-ਝਗੜੇ ਕਰਦੇ, ਜੂਆ ਖੇਡਦੇ, ਸਿਗਰਟਾਂ ਪੀਂਦੇ ਅਤੇ ਹੋਰ ਗ਼ਲਤ ਕੰਮ ਕਰਦੇ ਸਨ। ਇਕ ਦਿਨ ਮੈਂ ਆਪਣੀ ਕਲਾਸ ਦੇ ਇਕ ਮੁੰਡੇ ਦੇ ਮਾਤਾ ਜੀ ਨੂੰ ਮਿਲਿਆ। ਉਹ ਯਹੋਵਾਹ ਦੀ ਗਵਾਹ ਸੀ। ਉਸ ਨੂੰ ਵੀ ਮੈਂ ਉਹੋ ਸਵਾਲ ਪੁੱਛੇ ਜੋ ਮੈਂ ਪਾਦਰੀਆਂ ਨੂੰ ਪੁੱਛਿਆ ਕਰਦਾ ਸੀ। ਉਸ ਨੇ ਮੇਰੇ ਹਰ ਸਵਾਲ ਦਾ ਜਵਾਬ ਬਾਈਬਲ ਵਿੱਚੋਂ ਦਿੱਤਾ ਜਿਸ ਤੋਂ ਮੈਨੂੰ ਪੱਕਾ ਵਿਸ਼ਵਾਸ ਹੋ ਗਿਆ ਕਿ ਉਹ ਸੱਚ ਦੱਸ ਰਹੀ ਸੀ।

ਮੈਂ ਇਕ ਬਾਈਬਲ ਖ਼ਰੀਦ ਕੇ ਗਵਾਹਾਂ ਨਾਲ ਬਾਈਬਲ ਸਟੱਡੀ ਕਰਨ ਲੱਗ ਪਿਆ। ਫਿਰ ਮੈਂ ਯਹੋਵਾਹ ਦੇ ਗਵਾਹਾਂ ਦੀਆਂ ਸਾਰੀਆਂ ਸਭਾਵਾਂ ਵਿਚ ਵੀ ਜਾਣ ਲੱਗ ਪਿਆ। ਮੈਂ ਬਾਈਬਲ ਵਿਚ ਪੜ੍ਹਿਆ ਕਿ “ਬੁਰੀਆਂ ਸੰਗਤਾਂ ਚੰਗਿਆਂ ਚਲਣਾਂ ਨੂੰ ਵਿਗਾੜ ਦਿੰਦੀਆਂ ਹਨ।” (1 ਕੁਰਿੰਥੀਆਂ 15:33) ਇਸ ਲਈ ਮੈਂ ਆਪਣੇ ਗ਼ਲਤ ਦੋਸਤਾਂ ਨਾਲ ਸੰਗਤ ਕਰਨੀ ਛੱਡ ਦਿੱਤੀ। ਇਸ ਤੋਂ ਬਾਅਦ ਮੈਂ ਬਾਈਬਲ ਸਟੱਡੀ ਵਿਚ ਤੇਜ਼ੀ ਨਾਲ ਤਰੱਕੀ ਕੀਤੀ ਅਤੇ ਆਪਣਾ ਜੀਵਨ ਯਹੋਵਾਹ ਨੂੰ ਸਮਰਪਿਤ ਕਰ ਦਿੱਤਾ। ਸਾਲ 1951 ਵਿਚ ਬਪਤਿਸਮਾ ਲੈਣ ਤੋਂ ਬਾਅਦ ਮੈਂ ਕਈ ਮਹੀਨਿਆਂ ਤਕ ਇਕ ਪਾਇਨੀਅਰ ਦੇ ਤੌਰ ਤੇ ਪੂਰਾ ਸਮਾਂ ਪ੍ਰਚਾਰ ਕੀਤਾ। ਦਸੰਬਰ 1953 ਵਿਚ ਔਰੀਆ ਮੈਨਡੋਜ਼ਾ ਕਰੂਜ਼ ਨਾਲ ਮੇਰਾ ਵਿਆਹ ਹੋ ਗਿਆ। ਔਰੀਆ ਨਾ ਕੇਵਲ ਮੇਰੀ ਜੀਵਨ ਸਾਥਣ ਬਣੀ, ਸਗੋਂ ਉਸ ਨੇ ਪ੍ਰਚਾਰ ਦੇ ਕੰਮ ਵਿਚ ਵੀ ਹਰ ਕਦਮ ਤੇ ਮੇਰਾ ਸਾਥ ਦਿੱਤਾ।

ਸਾਡੀ ਪ੍ਰਾਰਥਨਾ ਸੁਣੀ ਗਈ

ਮੈਂ ਤੇ ਔਰੀਆ ਦੀ ਇਹੋ ਦਿਲੀ ਇੱਛਾ ਸੀ ਕਿ ਅਸੀਂ ਪਾਇਨੀਅਰੀ ਕਰੀਏ। ਪਰ ਉਸ ਸਮੇਂ ਯਹੋਵਾਹ ਦੀ ਹੋਰ ਜ਼ਿਆਦਾ ਸੇਵਾ ਕਰਨ ਦੀ ਸਾਡੀ ਇੱਛਾ ਪੂਰੀ ਨਾ ਹੋ ਸਕੀ। ਤਾਂ ਵੀ ਅਸੀਂ ਲਗਾਤਾਰ ਯਹੋਵਾਹ ਨੂੰ ਪ੍ਰਾਰਥਨਾ ਕਰਦੇ ਰਹੇ ਕਿ ਉਹ ਸਾਨੂੰ ਹੋਰ ਸੇਵਾ ਕਰਨ ਦੇ ਮੌਕੇ ਦੇਵੇ। ਉਦੋਂ ਸਾਡੀ ਜ਼ਿੰਦਗੀ ਬਹੁਤ ਔਖੀ ਸੀ। ਫਿਰ ਵੀ ਅਸੀਂ ਆਪਣੇ ਅਧਿਆਤਮਿਕ ਟੀਚਿਆਂ ਨੂੰ ਕਦੇ ਨਹੀਂ ਭੁੱਲੇ। ਪੱਚੀ ਸਾਲ ਦੀ ਉਮਰ ਤੇ ਮੈਨੂੰ ਯਹੋਵਾਹ ਦੇ ਗਵਾਹਾਂ ਦੀ ਇਕ ਕਲੀਸਿਯਾ ਵਿਚ ਪ੍ਰਧਾਨ ਨਿਗਾਹਬਾਨ ਨਿਯੁਕਤ ਕੀਤਾ ਗਿਆ।

ਹੌਲੀ-ਹੌਲੀ ਬਾਈਬਲ ਬਾਰੇ ਮੇਰਾ ਗਿਆਨ ਵਧਦਾ ਗਿਆ। ਜਦੋਂ ਮੈਨੂੰ ਯਹੋਵਾਹ ਦੇ ਸਿਧਾਂਤਾਂ ਦੀ ਹੋਰ ਚੰਗੀ ਸਮਝ ਹਾਸਲ ਹੋਈ, ਤਾਂ ਮੈਨੂੰ ਅਹਿਸਾਸ ਹੋਇਆ ਕਿ ਸੱਚਾ ਮਸੀਹੀ ਹੋਣ ਕਰਕੇ ਮੇਰੀ ਨੌਕਰੀ ਮੇਰੇ ਲਈ ਠੀਕ ਨਹੀਂ ਸੀ। (ਯਸਾਯਾਹ 2:2-4) ਮੈਂ ਨੌਕਰੀ ਛੱਡਣ ਦਾ ਫ਼ੈਸਲਾ ਕੀਤਾ। ਇਹ ਫ਼ੈਸਲਾ ਕਰਨਾ ਸਾਡੇ ਲਈ ਬਹੁਤ ਔਖਾ ਸੀ ਕਿਉਂਕਿ ਨੌਕਰੀ ਨਾ ਹੋਣ ਤੇ ਮੈਂ ਆਪਣੇ ਪਰਿਵਾਰ ਦਾ ਢਿੱਡ ਕਿਵੇਂ ਭਰਨਾ ਸੀ। ਹਮੇਸ਼ਾ ਵਾਂਗ ਇਸ ਵਾਰ ਵੀ ਅਸੀਂ ਯਹੋਵਾਹ ਪਰਮੇਸ਼ੁਰ ਨੂੰ ਆਪਣੀਆਂ ਚਿੰਤਾਵਾਂ ਬਾਰੇ ਦੱਸਿਆ। (ਜ਼ਬੂਰਾਂ ਦੀ ਪੋਥੀ 65:2) ਪਰ ਨਾਲ ਹੀ ਅਸੀਂ ਅਜਿਹੀ ਜਗ੍ਹਾ ਤੇ ਪ੍ਰਚਾਰ ਕਰਨ ਦੇ ਮੌਕੇ ਲਈ ਵੀ ਉਸ ਨੂੰ ਬੇਨਤੀ ਕੀਤੀ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਸੀ। (ਫ਼ਿਲਿੱਪੀਆਂ 4:6, 7) ਅਸੀਂ ਸੁਪਨੇ ਵਿਚ ਵੀ ਨਹੀਂ ਸੋਚ ਸਕਦੇ ਸੀ ਕਿ ਯਹੋਵਾਹ ਸਾਡੇ ਅੱਗੇ ਇੰਨੇ ਸਾਰੇ ਮੌਕਿਆਂ ਦੇ ਦਰਵਾਜ਼ੇ ਖੋਲ੍ਹ ਦੇਵੇਗਾ!

ਸਫ਼ਰ ਦੀ ਸ਼ੁਰੂਆਤ

ਅਪ੍ਰੈਲ 1965 ਵਿਚ ਮੈਨੂੰ ਲਾਓਸ ਦੇ ਵੀਅਨਤਿਆਨ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਅੱਗ-ਬੁਝਾਉ ਵਿਭਾਗ ਦੇ ਸੁਪਰਵਾਈਜ਼ਰ ਦੀ ਨੌਕਰੀ ਮਿਲਣ ਤੇ ਅਸੀਂ ਲਾਓਸ ਚਲੇ ਗਏ। ਵੀਅਨਤਿਆਨ ਸ਼ਹਿਰ ਵਿਚ ਉਦੋਂ 24 ਯਹੋਵਾਹ ਦੇ ਗਵਾਹ ਸਨ ਅਤੇ ਅਸੀਂ ਮਿਸ਼ਨਰੀਆਂ ਤੇ ਹੋਰ ਭਰਾਵਾਂ ਨਾਲ ਪ੍ਰਚਾਰ ਕਰਨ ਦਾ ਆਨੰਦ ਮਾਣਿਆ। ਫਿਰ ਮੇਰੀ ਬਦਲੀ ਥਾਈਲੈਂਡ ਦੇ ਉਦੋਨ ਥਾਨੀ ਹਵਾਈ ਅੱਡੇ ਤੇ ਹੋ ਗਈ। ਉਸ ਕਸਬੇ ਵਿਚ ਕੋਈ ਗਵਾਹ ਨਹੀਂ ਸੀ। ਇਸ ਲਈ ਸਾਡਾ ਪਰਿਵਾਰ ਹਰ ਹਫ਼ਤੇ ਇਕੱਠਾ ਮਿਲ ਕੇ ਆਪ ਸਭਾਵਾਂ ਕਰਦਾ ਸੀ। ਅਸੀਂ ਘਰ-ਘਰ ਪ੍ਰਚਾਰ ਕਰਦੇ, ਦਿਲਚਸਪੀ ਲੈਣ ਵਾਲਿਆਂ ਨੂੰ ਦੁਬਾਰਾ ਮਿਲਦੇ ਅਤੇ ਉਨ੍ਹਾਂ ਨਾਲ ਬਾਈਬਲ ਸਟੱਡੀ ਕਰਦੇ ਸੀ।

ਅਸੀਂ ਯਿਸੂ ਦੀ ਸਲਾਹ ਨੂੰ ਹਮੇਸ਼ਾ ਚੇਤੇ ਰੱਖਿਆ ਜੋ ਉਸ ਨੇ ਆਪਣੇ ਚੇਲਿਆਂ ਨੂੰ ਦਿੱਤੀ ਸੀ। ਉਸ ਨੇ ਉਨ੍ਹਾਂ ਨੂੰ “ਬਹੁਤਾ ਫਲ” ਪੈਦਾ ਕਰਦੇ ਰਹਿਣ ਦਾ ਉਪਦੇਸ਼ ਦਿੱਤਾ ਸੀ। (ਯੂਹੰਨਾ 15:8) ਇਸ ਲਈ ਅਸੀਂ ਠਾਣ ਲਿਆ ਕਿ ਅਸੀਂ ਉਨ੍ਹਾਂ ਚੇਲਿਆਂ ਦੀ ਰੀਸ ਕਰਦੇ ਹੋਏ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਰਹਾਂਗੇ। ਛੇਤੀ ਹੀ ਸਾਨੂੰ ਆਪਣੇ ਜਤਨਾਂ ਦਾ ਚੰਗਾ ਫਲ ਮਿਲਿਆ। ਇਕ ਥਾਈ ਕੁੜੀ ਨੇ ਸੱਚਾਈ ਨੂੰ ਕਬੂਲ ਕਰ ਲਿਆ ਅਤੇ ਸਾਡੀ ਧਰਮ ਭੈਣ ਬਣ ਗਈ। ਉੱਤਰੀ ਅਮਰੀਕਾ ਦੇ ਦੋ ਆਦਮੀਆਂ ਨੇ ਵੀ ਸੱਚਾਈ ਅਪਣਾ ਲਈ ਅਤੇ ਬਾਅਦ ਵਿਚ ਉਨ੍ਹਾਂ ਨੇ ਮਸੀਹੀ ਬਜ਼ੁਰਗਾਂ ਦੇ ਤੌਰ ਤੇ ਸੇਵਾ ਕੀਤੀ। ਅਸੀਂ ਉੱਤਰੀ ਥਾਈਲੈਂਡ ਵਿਚ ਦਸ ਸਾਲ ਤੋਂ ਜ਼ਿਆਦਾ ਸਮੇਂ ਤਕ ਯਹੋਵਾਹ ਦੀ ਸੇਵਾ ਕੀਤੀ। ਸਾਨੂੰ ਇਹ ਜਾਣ ਕੇ ਬਹੁਤ ਖ਼ੁਸ਼ੀ ਹੋਈ ਕਿ ਅੱਜ ਉਦੋਨ ਥਾਨੀ ਵਿਚ ਗਵਾਹਾਂ ਦੀ ਇਕ ਕਲੀਸਿਯਾ ਹੈ! ਅਸੀਂ ਸੱਚਾਈ ਦੇ ਜੋ ਬੀਜ ਬੀਜੇ ਉਨ੍ਹਾਂ ਵਿੱਚੋਂ ਕੁਝ ਅਜੇ ਵੀ ਫਲ ਦੇ ਰਹੇ ਹਨ।

ਪਰ ਦੁੱਖ ਦੀ ਗੱਲ ਸੀ ਕਿ ਮੇਰੀ ਫਿਰ ਤੋਂ ਬਦਲੀ ਹੋ ਗਈ। ਅਸੀਂ “ਖੇਤੀ ਦੇ ਮਾਲਕ” ਨੂੰ ਬੇਨਤੀ ਕੀਤੀ ਕਿ ਉਹ ਸਾਨੂੰ ਪ੍ਰਚਾਰ ਦੇ ਕੰਮ ਵਿਚ ਵਰਤਦਾ ਰਹੇ। (ਮੱਤੀ 9:38) ਇਸ ਵਾਰ ਮੇਰੀ ਬਦਲੀ ਈਰਾਨ ਦੀ ਰਾਜਧਾਨੀ ਤਹਿਰਾਨ ਵਿਚ ਹੋਈ ਜਿੱਥੇ ਉਸ ਸਮੇਂ ਸ਼ਾਹ ਦਾ ਰਾਜ ਸੀ।

ਔਖੀਆਂ ਹਾਲਤਾਂ ਵਿਚ ਪ੍ਰਚਾਰ

ਤਹਿਰਾਨ ਵਿਚ ਪਹੁੰਚ ਕੇ ਅਸੀਂ ਸਭ ਤੋਂ ਪਹਿਲਾਂ ਆਪਣੇ ਭਰਾਵਾਂ ਦੀ ਭਾਲ ਕੀਤੀ। ਤਹਿਰਾਨ ਵਿਚ ਗਵਾਹਾਂ ਦਾ ਇਕ ਛੋਟਾ ਜਿਹਾ ਗਰੁੱਪ ਸੀ। ਇਹ ਭੈਣ-ਭਰਾ 13 ਵੱਖ-ਵੱਖ ਦੇਸ਼ਾਂ ਤੋਂ ਆਏ ਸਨ। ਇਰਾਨ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲਈ ਸਾਨੂੰ ਆਪਣੇ ਤਰੀਕੇ ਵਿਚ ਤਬਦੀਲੀਆਂ ਕਰਨੀਆਂ ਪਈਆਂ। ਭਾਵੇਂ ਕਿ ਤਹਿਰਾਨ ਵਿਚ ਕਿਸੇ ਨੇ ਸਾਡਾ ਵਿਰੋਧ ਨਹੀਂ ਕੀਤਾ, ਪਰ ਫਿਰ ਵੀ ਸਾਨੂੰ ਪ੍ਰਚਾਰ ਕਰਨ ਵੇਲੇ ਬਹੁਤ ਸਾਵਧਾਨੀ ਵਰਤਣੀ ਪੈਂਦੀ ਸੀ।

ਅਸੀਂ ਕਦੇ-ਕਦੇ ਅੱਧੀ ਰਾਤ ਨੂੰ ਜਾਂ ਉਸ ਤੋਂ ਵੀ ਬਾਅਦ ਲੋਕਾਂ ਨਾਲ ਬਾਈਬਲ ਸਟੱਡੀ ਕਰਦੇ ਸੀ ਕਿਉਂਕਿ ਉਹ ਦਿਨ ਵੇਲੇ ਕੰਮ ਕਰਦੇ ਸਨ। ਪਰ ਅਸੀਂ ਬਹੁਤ ਖ਼ੁਸ਼ ਹੋਏ ਜਦੋਂ ਸਾਡੀ ਮਿਹਨਤ ਰੰਗ ਲਿਆਈ। ਕਈ ਫ਼ਿਲਪੀਨੋ ਤੇ ਕੋਰੀਆਈ ਪਰਿਵਾਰਾਂ ਨੇ ਬਾਈਬਲ ਦੀ ਸੱਚਾਈ ਨੂੰ ਕਬੂਲ ਕੀਤਾ ਅਤੇ ਆਪਣੀਆਂ ਜ਼ਿੰਦਗੀਆਂ ਯਹੋਵਾਹ ਨੂੰ ਸਮਰਪਿਤ ਕੀਤੀਆਂ।

ਮੇਰੀ ਅਗਲੀ ਬਦਲੀ ਢਾਕਾ, ਬੰਗਲਾਦੇਸ਼ ਵਿਚ ਹੋਈ। ਦਸੰਬਰ 1977 ਵਿਚ ਅਸੀਂ ਉੱਥੇ ਪਹੁੰਚੇ। ਇਸ ਦੇਸ਼ ਵਿਚ ਵੀ ਪ੍ਰਚਾਰ ਕਰਨਾ ਆਸਾਨ ਨਹੀਂ ਸੀ। ਫਿਰ ਵੀ ਅਸੀਂ ਪ੍ਰਚਾਰ ਕਰਦੇ ਰਹਿਣ ਦੀ ਪੂਰੀ ਕੋਸ਼ਿਸ਼ ਕੀਤੀ। ਯਹੋਵਾਹ ਦੀ ਪਵਿੱਤਰ ਆਤਮਾ ਦੀ ਸੇਧ ਵਿਚ ਚੱਲਦੇ ਹੋਏ ਸਾਨੂੰ ਕਈ ਈਸਾਈ ਪਰਿਵਾਰ ਮਿਲੇ। ਉਨ੍ਹਾਂ ਵਿੱਚੋਂ ਕਈ ਲੋਕ ਬਾਈਬਲ ਦੀ ਸੱਚਾਈ ਦੇ ਤਾਜ਼ਗੀਦਾਇਕ ਪਾਣੀ ਦੇ ਪਿਆਸੇ ਸਨ। (ਯਸਾਯਾਹ 55:1) ਅਸੀਂ ਕਈ ਲੋਕਾਂ ਨਾਲ ਬਾਈਬਲ ਸਟੱਡੀ ਸ਼ੁਰੂ ਕਰ ਸਕੇ।

ਅਸੀਂ ਇਸ ਗੱਲ ਨੂੰ ਕਦੇ ਨਹੀਂ ਭੁੱਲੇ ਕਿ ਪਰਮੇਸ਼ੁਰ ਦੀ ਇੱਛਾ ਹੈ ਕਿ “ਸਾਰੇ ਮਨੁੱਖ ਬਚਾਏ ਜਾਣ।” (1 ਤਿਮੋਥਿਉਸ 2:4) ਸਾਨੂੰ ਇਸ ਗੱਲ ਦੀ ਖ਼ੁਸ਼ੀ ਸੀ ਕਿ ਕਿਸੇ ਨੇ ਸਾਡੇ ਕੰਮ ਵਿਚ ਅੜਿੱਕਾ ਪਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਲੋਕਾਂ ਦਾ ਡਰ ਦੂਰ ਕਰਨ ਲਈ ਅਸੀਂ ਬੜੇ ਪਿਆਰ ਨਾਲ ਉਨ੍ਹਾਂ ਨਾਲ ਗੱਲ ਕਰਦੇ ਸੀ। ਪੌਲੁਸ ਰਸੂਲ ਵਾਂਗ ਅਸੀਂ ਵੀ ‘ਸਭਨਾਂ ਲਈ ਸਭ ਕੁਝ ਬਣਨ’ ਦੀ ਕੋਸ਼ਿਸ਼ ਕੀਤੀ। (1 ਕੁਰਿੰਥੀਆਂ 9:22) ਜਦੋਂ ਲੋਕ ਸਾਡੇ ਆਉਣ ਦਾ ਕਾਰਨ ਪੁੱਛਦੇ ਸਨ, ਤਾਂ ਅਸੀਂ ਬੜੇ ਪਿਆਰ ਨਾਲ ਉਨ੍ਹਾਂ ਨੂੰ ਸਮਝਾਉਂਦੇ ਸੀ ਕਿ ਅਸੀਂ ਉਨ੍ਹਾਂ ਦੇ ਘਰ ਕਿਉਂ ਆਏ ਸਾਂ। ਜ਼ਿਆਦਾਤਰ ਲੋਕ ਬਹੁਤ ਹੀ ਦੋਸਤਾਨਾ ਸੁਭਾਅ ਦੇ ਸਨ ਤੇ ਉਨ੍ਹਾਂ ਨੇ ਖ਼ੁਸ਼ੀ ਨਾਲ ਸਾਡੀ ਗੱਲ ਸੁਣੀ।

ਢਾਕਾ ਵਿਚ ਅਸੀਂ ਇਕ ਗਵਾਹ ਭੈਣ ਨੂੰ ਮਿਲੇ ਅਤੇ ਉਸ ਨੂੰ ਸਭਾਵਾਂ ਵਿਚ ਆਉਣ ਦਾ ਉਤਸ਼ਾਹ ਦਿੱਤਾ। ਬਾਅਦ ਵਿਚ ਅਸੀਂ ਉਸ ਨੂੰ ਸਾਡੇ ਨਾਲ ਪ੍ਰਚਾਰ ਕਰਨ ਦੀ ਵੀ ਪ੍ਰੇਰਣਾ ਦਿੱਤੀ। ਇਕ ਹੋਰ ਮੌਕੇ ਤੇ ਮੇਰੀ ਪਤਨੀ ਨੇ ਇਕ ਪਰਿਵਾਰ ਨਾਲ ਬਾਈਬਲ ਸਟੱਡੀ ਸ਼ੁਰੂ ਕੀਤੀ ਅਤੇ ਉਨ੍ਹਾਂ ਨੂੰ ਵੀ ਸਭਾਵਾਂ ਵਿਚ ਆਉਣ ਦਾ ਸੱਦਾ ਦਿੱਤਾ। ਯਹੋਵਾਹ ਦੀ ਕਿਰਪਾ ਨਾਲ ਇਹ ਪੂਰਾ ਪਰਿਵਾਰ ਯਹੋਵਾਹ ਦੀ ਸੇਵਾ ਕਰਨ ਲੱਗ ਪਿਆ। ਬਾਅਦ ਵਿਚ ਇਸ ਪਰਿਵਾਰ ਦੀਆਂ ਦੋ ਧੀਆਂ ਨੇ ਬਾਈਬਲ ਸਾਹਿੱਤ ਦਾ ਬੰਗਲਾ ਭਾਸ਼ਾ ਵਿਚ ਅਨੁਵਾਦ ਕਰਨ ਵਿਚ ਹੱਥ ਵਟਾਇਆ। ਉਨ੍ਹਾਂ ਦੇ ਕਈ ਰਿਸ਼ਤੇਦਾਰ ਹੁਣ ਯਹੋਵਾਹ ਦੀ ਸੇਵਾ ਕਰ ਰਹੇ ਹਨ। ਹੋਰ ਕਈ ਬਾਈਬਲ ਸਟੱਡੀਆਂ ਨੇ ਵੀ ਸੱਚਾਈ ਨੂੰ ਅਪਣਾ ਲਿਆ। ਕਈ ਹੁਣ ਕਲੀਸਿਯਾਵਾਂ ਵਿਚ ਬਜ਼ੁਰਗਾਂ ਜਾਂ ਪਾਇਨੀਅਰਾਂ ਵਜੋਂ ਸੇਵਾ ਕਰ ਰਹੇ ਹਨ।

ਢਾਕਾ ਬਹੁਤ ਹੀ ਭਾਰੀ ਵਸੋਂ ਵਾਲਾ ਸ਼ਹਿਰ ਹੈ, ਇਸ ਲਈ ਅਸੀਂ ਆਪਣੇ ਕਈ ਰਿਸ਼ਤੇਦਾਰਾਂ ਨੂੰ ਪ੍ਰਚਾਰ ਦੇ ਕੰਮ ਵਿਚ ਮਦਦ ਕਰਨ ਲਈ ਬੁਲਾਇਆ। ਕਈਆਂ ਨੇ ਸਾਡਾ ਸੱਦਾ ਸਵੀਕਾਰ ਕੀਤਾ ਅਤੇ ਬੰਗਲਾਦੇਸ਼ ਆ ਗਏ। ਅਸੀਂ ਯਹੋਵਾਹ ਦੇ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਕਿ ਉਸ ਨੇ ਸਾਨੂੰ ਉਸ ਦੇਸ਼ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦਾ ਮੌਕਾ ਦਿੱਤਾ! ਜਦੋਂ ਅਸੀਂ ਢਾਕਾ ਪਹੁੰਚੇ ਸੀ, ਤਾਂ ਉਦੋਂ ਉੱਥੇ ਸਿਰਫ਼ ਇਕ ਹੀ ਗਵਾਹ ਸੀ, ਪਰ ਅੱਜ ਬੰਗਲਾਦੇਸ਼ ਵਿਚ ਦੋ ਕਲੀਸਿਯਾਵਾਂ ਹਨ।

ਜੁਲਾਈ 1982 ਵਿਚ ਅਸੀਂ ਦੁਖੀ ਦਿਲਾਂ ਨਾਲ ਆਪਣੇ ਬੰਗਲਾਦੇਸ਼ੀ ਭੈਣ-ਭਰਾਵਾਂ ਨੂੰ ਅਲਵਿਦਾ ਕਹੀ। ਕੁਝ ਸਮੇਂ ਬਾਅਦ ਮੈਨੂੰ ਯੂਗਾਂਡਾ ਦੇ ਏਨਟੇਬੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਕੰਮ ਮਿਲ ਗਿਆ। ਅਸੀਂ ਯੂਗਾਂਡਾ ਵਿਚ ਚਾਰ ਸਾਲ ਤੇ ਸੱਤ ਮਹੀਨੇ ਰਹੇ। ਇਸ ਦੇਸ਼ ਵਿਚ ਸਾਨੂੰ ਯਹੋਵਾਹ ਦੇ ਮਹਾਨ ਨਾਂ ਦੀ ਮਹਿਮਾ ਕਰਨ ਦੇ ਕਈ ਮੌਕੇ ਮਿਲੇ।

ਪੂਰਬੀ ਅਫ਼ਰੀਕਾ ਵਿਚ ਯਹੋਵਾਹ ਦੀ ਸੇਵਾ

ਜਦੋਂ ਅਸੀਂ ਏਨਟੇਬੀ ਹਵਾਈ ਅੱਡੇ ਤੇ ਉਤਰੇ, ਤਾਂ ਡਰਾਈਵਰ ਸਾਡਾ ਇੰਤਜ਼ਾਰ ਕਰ ਰਿਹਾ ਸੀ। ਹਵਾਈ ਅੱਡੇ ਤੋਂ ਨਿਕਲਦੇ ਸਾਰ ਹੀ ਮੈਂ ਉਸ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਦੱਸਣਾ ਸ਼ੁਰੂ ਕਰ ਦਿੱਤਾ। ਡਰਾਈਵਰ ਨੇ ਮੈਨੂੰ ਪੁੱਛਿਆ: “ਕੀ ਤੁਸੀਂ ਯਹੋਵਾਹ ਦੇ ਗਵਾਹ ਹੋ?” ਜਦੋਂ ਮੈਂ ਹਾਂ ਕਿਹਾ, ਤਾਂ ਉਸ ਨੇ ਕਿਹਾ: “ਤੁਹਾਡਾ ਇਕ ਭਰਾ ਕੰਟ੍ਰੋਲ ਟਾਵਰ ਵਿਚ ਕੰਮ ਕਰਦਾ ਹੈ।” ਮੈਂ ਉਸ ਨੂੰ ਤੁਰੰਤ ਸਾਨੂੰ ਉੱਥੇ ਲੈ ਜਾਣ ਲਈ ਕਿਹਾ। ਉਹ ਭਰਾ ਸਾਨੂੰ ਮਿਲ ਕੇ ਬਹੁਤ ਖ਼ੁਸ਼ ਹੋਇਆ। ਅਸੀਂ ਉਸ ਨਾਲ ਸਭਾਵਾਂ ਵਿਚ ਜਾਣ ਅਤੇ ਪ੍ਰਚਾਰ ਦਾ ਕੰਮ ਕਰਨ ਦੇ ਬੰਦੋਬਸਤ ਕੀਤੇ।

ਉਸ ਸਮੇਂ ਯੂਗਾਂਡਾ ਵਿਚ ਸਿਰਫ਼ 228 ਪ੍ਰਚਾਰਕ ਸਨ। ਪਹਿਲੇ ਸਾਲ ਅਸੀਂ ਏਨਟੇਬੀ ਵਿਚ ਰਹਿ ਰਹੇ ਦੋ ਭਰਾਵਾਂ ਨਾਲ ਮਿਲ ਕੇ ਸੱਚਾਈ ਦੇ ਬੀਜ ਬੀਜੇ। ਉੱਥੇ ਦੇ ਲੋਕ ਪੜ੍ਹਨਾ ਬਹੁਤ ਪਸੰਦ ਕਰਦੇ ਹਨ, ਇਸ ਲਈ ਉਹ ਖ਼ੁਸ਼ੀ-ਖ਼ੁਸ਼ੀ ਸਾਡੇ ਤੋਂ ਢੇਰ ਸਾਰੀਆਂ ਕਿਤਾਬਾਂ-ਰਸਾਲੇ ਲੈ ਲੈਂਦੇ ਸਨ। ਅਸੀਂ ਯੂਗਾਂਡਾ ਦੀ ਰਾਜਧਾਨੀ ਕੰਪਾਲਾ ਦੇ ਭਰਾਵਾਂ ਨੂੰ ਸੱਦਾ ਦਿੱਤਾ ਕਿ ਉਹ ਸ਼ਨੀਵਾਰ ਤੇ ਐਤਵਾਰ ਨੂੰ ਏਨਟੇਬੀ ਆ ਕੇ ਸਾਡੇ ਨਾਲ ਪ੍ਰਚਾਰ ਕਰਨ। ਜਦੋਂ ਮੈਂ ਆਪਣਾ ਪਹਿਲਾ ਭਾਸ਼ਣ ਦਿੱਤਾ, ਤਾਂ ਉਸ ਪਬਲਿਕ ਸਭਾ ਵਿਚ ਮੇਰੇ ਤੋਂ ਇਲਾਵਾ ਸਿਰਫ਼ ਚਾਰ ਜਣੇ ਸਨ।

ਅਗਲੇ ਤਿੰਨ ਸਾਲਾਂ ਦੌਰਾਨ ਸਾਡੀ ਜ਼ਿੰਦਗੀ ਦੇ ਕੁਝ ਸਭ ਤੋਂ ਖ਼ੁਸ਼ੀਆਂ ਭਰੇ ਪਲ ਆਏ। ਅਸੀਂ ਆਪਣੇ ਬਾਈਬਲ ਵਿਦਿਆਰਥੀਆਂ ਨੂੰ ਤੇਜ਼ੀ ਨਾਲ ਤਰੱਕੀ ਕਰਦੇ ਅਤੇ ਯਹੋਵਾਹ ਦੇ ਸੇਵਕ ਬਣਦੇ ਦੇਖਿਆ। (3 ਯੂਹੰਨਾ 4) ਇਕ ਸਰਕਟ ਸੰਮੇਲਨ ਵਿਚ ਸਾਡੇ ਛੇ ਵਿਦਿਆਰਥੀਆਂ ਨੇ ਬਪਤਿਸਮਾ ਲਿਆ। ਕਈਆਂ ਨੇ ਸਾਨੂੰ ਪੂਰੇ ਸਮੇਂ ਦੀ ਨੌਕਰੀ ਕਰਨ ਦੇ ਬਾਵਜੂਦ ਪਾਇਨੀਅਰੀ ਕਰਦੇ ਦੇਖ ਕੇ ਆਪ ਵੀ ਪਾਇਨੀਅਰ ਬਣਨ ਦੀ ਇੱਛਾ ਜ਼ਾਹਰ ਕੀਤੀ।

ਅਸੀਂ ਦੇਖਿਆ ਕਿ ਕੰਮ ਦੀ ਥਾਂ ਤੇ ਵੀ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਦਾ ਵਧੀਆ ਮੌਕਾ ਸੀ। ਇਕ ਵਾਰ ਮੈਂ ਹਵਾਈ ਅੱਡੇ ਤੇ ਇਕ ਅੱਗ-ਬੁਝਾਉ ਅਫ਼ਸਰ ਕੋਲ ਗਿਆ ਅਤੇ ਉਸ ਨੂੰ ਸੋਹਣੀ ਧਰਤੀ ਉੱਤੇ ਸਦਾ ਲਈ ਜੀਣ ਦੀ ਉਮੀਦ ਬਾਰੇ ਦੱਸਿਆ। ਮੈਂ ਉਸੇ ਦੀ ਬਾਈਬਲ ਵਿੱਚੋਂ ਉਸ ਨੂੰ ਦਿਖਾਇਆ ਕਿ ਧਰਤੀ ਉੱਤੇ ਆਗਿਆਕਾਰ ਮਨੁੱਖਜਾਤੀ ਅਮਨ-ਚੈਨ ਨਾਲ ਜੀਏਗੀ ਅਤੇ ਲੋਕ ਫਿਰ ਕਦੇ ਬੇਘਰ ਨਹੀਂ ਹੋਣਗੇ ਜਾਂ ਗ਼ਰੀਬੀ, ਯੁੱਧ, ਬੀਮਾਰੀ ਤੇ ਮੌਤ ਦੀ ਮਾਰ ਨਹੀਂ ਸਹਿਣਗੇ। (ਜ਼ਬੂਰਾਂ ਦੀ ਪੋਥੀ 46:9; ਯਸਾਯਾਹ 33:24; 65:21, 22; ਪਰਕਾਸ਼ ਦੀ ਪੋਥੀ 21:3, 4) ਆਪਣੀ ਬਾਈਬਲ ਵਿਚ ਇਹ ਸਾਰੀਆਂ ਗੱਲਾਂ ਪੜ੍ਹ ਕੇ ਉਸ ਦੀ ਰੁਚੀ ਜਾਗ ਪਈ ਅਤੇ ਉਸ ਨੇ ਉਸੇ ਵੇਲੇ ਬਾਈਬਲ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ। ਉਹ ਸਾਰੀਆਂ ਸਭਾਵਾਂ ਵਿਚ ਵੀ ਆਉਣ ਲੱਗ ਪਿਆ। ਛੇਤੀ ਹੀ ਉਸ ਨੇ ਆਪਣੀ ਜ਼ਿੰਦਗੀ ਯਹੋਵਾਹ ਨੂੰ ਸਮਰਪਿਤ ਕਰ ਦਿੱਤੀ ਅਤੇ ਬਪਤਿਸਮਾ ਲੈ ਲਿਆ। ਬਾਅਦ ਵਿਚ ਉਸ ਨੇ ਸਾਡੇ ਨਾਲ ਮਿਲ ਕੇ ਪਾਇਨੀਅਰੀ ਵੀ ਕੀਤੀ।

ਜਦੋਂ ਅਸੀਂ ਯੂਗਾਂਡਾ ਵਿਚ ਸੀ, ਤਾਂ ਉੱਥੇ ਦੋ ਵਾਰ ਘਰੇਲੂ ਯੁੱਧ ਛਿੜਿਆ, ਪਰ ਅਸੀਂ ਯਹੋਵਾਹ ਦੀ ਸੇਵਾ ਕਰਨੀ ਜਾਰੀ ਰੱਖੀ। ਯੁੱਧ ਦੌਰਾਨ ਕੌਮਾਂਤਰੀ ਏਜੰਸੀਆਂ ਦੇ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਛੇ ਮਹੀਨਿਆਂ ਲਈ ਨੈਰੋਬੀ, ਕੀਨੀਆ ਘੱਲ ਦਿੱਤਾ ਗਿਆ ਸੀ। ਅਸੀਂ ਬਾਕੀ ਭੈਣ-ਭਰਾ ਜੋ ਯੂਗਾਂਡਾ ਵਿਚ ਸੀ, ਬੜੀ ਸਾਵਧਾਨੀ ਨਾਲ ਪ੍ਰਚਾਰ ਦਾ ਕੰਮ ਅਤੇ ਸਭਾਵਾਂ ਕਰਦੇ ਰਹੇ।

ਅਪ੍ਰੈਲ 1988 ਵਿਚ ਏਨਟੇਬੀ ਵਿਚ ਮੇਰਾ ਕੰਮ ਪੂਰਾ ਹੋ ਗਿਆ। ਭਾਵੇਂ ਸਾਨੂੰ ਭਰਾਵਾਂ ਨੂੰ ਛੱਡ ਕੇ ਜਾਣ ਦਾ ਦੁੱਖ ਸੀ, ਪਰ ਏਨਟੇਬੀ ਵਿਚ ਭੈਣ-ਭਰਾਵਾਂ ਦੀ ਵਧਦੀ ਗਿਣਤੀ ਨੂੰ ਦੇਖ ਕੇ ਸਾਨੂੰ ਬਹੁਤ ਸੰਤੋਖ ਮਿਲਿਆ। ਜੁਲਾਈ 1997 ਵਿਚ ਜਦੋਂ ਸਾਨੂੰ ਦੁਬਾਰਾ ਏਨਟੇਬੀ ਜਾਣ ਦਾ ਮੌਕਾ ਮਿਲਿਆ, ਤਾਂ ਅਸੀਂ ਦੇਖਿਆ ਕਿ ਸਾਡੇ ਕੁਝ ਸਾਬਕਾ ਬਾਈਬਲ ਵਿਦਿਆਰਥੀ ਉਦੋਂ ਕਲੀਸਿਯਾ ਵਿਚ ਬਜ਼ੁਰਗ ਵਜੋਂ ਸੇਵਾ ਕਰ ਰਹੇ ਸਨ। ਪਬਲਿਕ ਭਾਸ਼ਣ ਵਿਚ 106 ਲੋਕਾਂ ਦੀ ਹਾਜ਼ਰੀ ਦੇਖ ਕੇ ਸਾਡਾ ਜੀਅ ਖ਼ੁਸ਼ ਹੋ ਗਿਆ!

ਨਵੇਂ ਖੇਤਰ ਵਿਚ ਸੇਵਾ

ਕੀ ਸਾਨੂੰ ਯਹੋਵਾਹ ਦੀ ਸੇਵਾ ਕਰਨ ਦੇ ਹੋਰ ਜ਼ਿਆਦਾ ਮੌਕੇ ਮਿਲਦੇ? ਹਾਂ, ਏਨਟੇਬੀ ਤੋਂ ਬਾਅਦ ਮੈਨੂੰ ਸੋਮਾਲੀਆ ਵਿਚ ਮਾੱਗਾਦੀਸ਼ੂ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਕੰਮ ਮਿਲਿਆ। ਅਸੀਂ ਇਸ ਦੇਸ਼ ਵਿਚ ਵੀ ਵਧ-ਚੜ੍ਹ ਕੇ ਪ੍ਰਚਾਰ ਕਰਨ ਦਾ ਫ਼ੈਸਲਾ ਕੀਤਾ ਜਿੱਥੇ ਪਹਿਲਾਂ ਕਦੀ ਪ੍ਰਚਾਰ ਨਹੀਂ ਕੀਤਾ ਗਿਆ ਸੀ।

ਸਾਨੂੰ ਜ਼ਿਆਦਾਤਰ ਦੂਤਾਵਾਸ ਦੇ ਅਫ਼ਸਰਾਂ, ਫ਼ਿਲਪੀਨੋ ਕਰਮਚਾਰੀਆਂ ਅਤੇ ਹੋਰ ਵਿਦੇਸ਼ੀਆਂ ਨੂੰ ਹੀ ਪ੍ਰਚਾਰ ਕਰਨ ਦਾ ਮੌਕਾ ਮਿਲਦਾ ਸੀ। ਅਸੀਂ ਉਨ੍ਹਾਂ ਨੂੰ ਬਾਜ਼ਾਰ ਵਿਚ ਅਕਸਰ ਮਿਲਦੇ ਸੀ। ਅਸੀਂ ਉਨ੍ਹਾਂ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਵੀ ਜਾਂਦੇ ਸੀ। ਯਹੋਵਾਹ ਉੱਤੇ ਪੂਰਾ ਭਰੋਸਾ ਰੱਖਦੇ ਹੋਏ ਅਸੀਂ ਹੁਸ਼ਿਆਰੀ ਨਾਲ ਲੋਕਾਂ ਨਾਲ ਗੱਲਬਾਤ ਸ਼ੁਰੂ ਕਰਨ ਦੇ ਨਵੇਂ-ਨਵੇਂ ਤਰੀਕੇ ਲੱਭਦੇ ਸੀ। ਇਸ ਤਰ੍ਹਾਂ ਅਸੀਂ ਕਈ ਦੇਸ਼ਾਂ ਤੋਂ ਆਏ ਲੋਕਾਂ ਨਾਲ ਬਾਈਬਲ ਦੀਆਂ ਸੱਚਾਈਆਂ ਸਾਂਝੀਆਂ ਕਰ ਸਕੇ ਅਤੇ ਉਨ੍ਹਾਂ ਵਿੱਚੋਂ ਕਈਆਂ ਨੇ ਸੱਚਾਈ ਨੂੰ ਕਬੂਲ ਕੀਤਾ। ਮਾੱਗਾਦੀਸ਼ੂ ਵਿਚ ਦੋ ਸਾਲ ਰਹਿਣ ਤੋਂ ਬਾਅਦ ਮੇਰੀ ਬਦਲੀ ਹੋ ਗਈ। ਅਸੀਂ ਸੋਮਾਲੀਆ ਤੋਂ ਸਹੀ ਸਮੇਂ ਤੇ ਨਿਕਲੇ ਕਿਉਂਕਿ ਕੁਝ ਹੀ ਸਮੇਂ ਬਾਅਦ ਉੱਥੇ ਲੜਾਈ ਸ਼ੁਰੂ ਹੋ ਗਈ ਸੀ।

ਸੋਮਾਲੀਆ ਤੋਂ ਬਾਅਦ ਇੰਟਰਨੈਸ਼ਨਲ ਸਿਵਲ ਏਵੀਏਸ਼ਨ ਸੰਗਠਨ ਨੇ ਮੈਨੂੰ ਯਾਂਗੋਨ, ਮਨਮਾਰ ਭੇਜ ਦਿੱਤਾ। ਇੱਥੇ ਵੀ ਸਾਨੂੰ ਚੰਗੇ ਦਿਲ ਵਾਲੇ ਲੋਕਾਂ ਨੂੰ ਪਰਮੇਸ਼ੁਰ ਦੇ ਮਕਸਦਾਂ ਬਾਰੇ ਸਿਖਾਉਣ ਦਾ ਵਧੀਆ ਮੌਕਾ ਮਿਲਿਆ। ਮਨਮਾਰ ਤੋਂ ਬਾਅਦ ਸਾਨੂੰ ਤਨਜ਼ਾਨੀਆ ਵਿਚ ਦਾਰ ਐਸ ਸਲਾਮ ਭੇਜਿਆ ਗਿਆ। ਉੱਥੇ ਘਰ-ਘਰ ਪ੍ਰਚਾਰ ਕਰਨਾ ਆਸਾਨ ਸੀ ਕਿਉਂਕਿ ਉੱਥੇ ਕਾਫ਼ੀ ਸਾਰੇ ਲੋਕ ਅੰਗ੍ਰੇਜ਼ੀ ਬੋਲਦੇ ਸਨ।

ਅਸੀਂ ਜਿਨ੍ਹਾਂ ਵੀ ਦੇਸ਼ਾਂ ਵਿਚ ਕੰਮ ਕੀਤਾ, ਸਾਨੂੰ ਪ੍ਰਚਾਰ ਕਰਨ ਵਿਚ ਜ਼ਿਆਦਾ ਸਮੱਸਿਆਵਾਂ ਨਹੀਂ ਆਈਆਂ, ਭਾਵੇਂ ਕਿ ਕਈ ਦੇਸ਼ਾਂ ਵਿਚ ਯਹੋਵਾਹ ਦੇ ਗਵਾਹਾਂ ਦੇ ਕੰਮ ਉੱਤੇ ਪਾਬੰਦੀਆਂ ਲੱਗੀਆਂ ਹੋਈਆਂ ਸਨ। ਮੇਰਾ ਕੰਮ ਅਕਸਰ ਸਰਕਾਰੀ ਜਾਂ ਕੌਮਾਂਤਰੀ ਏਜੰਸੀਆਂ ਨਾਲ ਜੁੜਿਆ ਹੁੰਦਾ ਸੀ, ਇਸ ਲਈ ਮੇਰੇ ਰੁਤਬੇ ਕਰਕੇ ਲੋਕ ਸਾਡੇ ਪ੍ਰਚਾਰ ਦੇ ਕੰਮ ਬਾਰੇ ਜ਼ਿਆਦਾ ਸਵਾਲ ਨਹੀਂ ਪੁੱਛਦੇ ਸਨ।

ਮੇਰੀ ਨੌਕਰੀ ਦੀ ਖ਼ਾਤਰ ਮੈਨੂੰ ਤੇ ਮੇਰੀ ਪਤਨੀ ਨੂੰ ਤੀਹ ਸਾਲ ਤਕ ਥਾਓਂ-ਥਾਈ ਘੁੰਮਣਾ ਪਿਆ। ਪਰ ਅਸੀਂ ਇਸ ਨੌਕਰੀ ਨੂੰ ਵਰਦਾਨ ਸਮਝਿਆ ਕਿਉਂਕਿ ਇਸ ਨਾਲ ਅਸੀਂ ਕਈ ਥਾਵਾਂ ਤੇ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰ ਸਕੇ। ਅਸੀਂ ਯਹੋਵਾਹ ਦੇ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਸ ਦੀ ਮਦਦ ਨਾਲ ਅਸੀਂ ਆਪਣੇ ਹਾਲਾਤਾਂ ਦਾ ਪੂਰਾ ਫ਼ਾਇਦਾ ਉਠਾਉਂਦੇ ਹੋਏ ਦੂਰ-ਦੂਰ ਤਕ ਖ਼ੁਸ਼ ਖ਼ਬਰੀ ਨੂੰ ਫੈਲਾ ਸਕੇ।

ਵਾਪਸ ਆਪਣੇ ਦੇਸ਼ ਵਿਚ

ਮੈਂ 58 ਸਾਲ ਦੀ ਉਮਰ ਤੇ ਸਮੇਂ ਤੋਂ ਪਹਿਲਾਂ ਰੀਟਾਇਰਮੈਂਟ ਲੈ ਕੇ ਫ਼ਿਲਪੀਨ ਵਾਪਸ ਆਉਣ ਦਾ ਫ਼ੈਸਲਾ ਕੀਤਾ। ਆਪਣੇ ਦੇਸ਼ ਵਾਪਸ ਆ ਕੇ ਅਸੀਂ ਫਿਰ ਤੋਂ ਯਹੋਵਾਹ ਨੂੰ ਮਾਰਗ-ਦਰਸ਼ਣ ਲਈ ਪ੍ਰਾਰਥਨਾ ਕੀਤੀ। ਅਸੀਂ ਕਵੀਟੀ ਜ਼ਿਲ੍ਹੇ ਵਿਚ ਟ੍ਰੇਸੇ ਮਾਰਟੀਰੇਸ ਸ਼ਹਿਰ ਦੀ ਕਲੀਸਿਯਾ ਦੀਆਂ ਸਭਾਵਾਂ ਵਿਚ ਜਾਣ ਲੱਗ ਪਏ। ਉਸ ਸਮੇਂ ਉੱਥੇ ਸਿਰਫ਼ 19 ਪ੍ਰਚਾਰਕ ਸਨ। ਅਸੀਂ ਰੋਜ਼ਾਨਾ ਪ੍ਰਚਾਰ ਕਰਨ ਦੇ ਪ੍ਰਬੰਧ ਕੀਤੇ ਜਿਸ ਨਾਲ ਕਈ ਬਾਈਬਲ ਸਟੱਡੀਆਂ ਸ਼ੁਰੂ ਹੋ ਗਈਆਂ। ਹੌਲੀ-ਹੌਲੀ ਕਲੀਸਿਯਾ ਵਿਚ ਭੈਣ-ਭਰਾਵਾਂ ਦੀ ਗਿਣਤੀ ਵਧਣ ਲੱਗ ਪਈ। ਇਕ ਸਮੇਂ ਤਾਂ ਮੇਰੀ ਪਤਨੀ 19 ਅਤੇ ਮੈਂ 14 ਸਟੱਡੀਆਂ ਕਰਾ ਰਿਹਾ ਸੀ।

ਛੇਤੀ ਹੀ ਸਾਡਾ ਕਿੰਗਡਮ ਹਾਲ ਛੋਟਾ ਪੈ ਗਿਆ। ਅਸੀਂ ਯਹੋਵਾਹ ਨੂੰ ਇਸ ਬਾਰੇ ਪ੍ਰਾਰਥਨਾ ਕੀਤੀ। ਇਕ ਭਰਾ ਤੇ ਉਸ ਦੀ ਪਤਨੀ ਨੇ ਆਪਣੀ ਜ਼ਮੀਨ ਦਾ ਇਕ ਟੁਕੜਾ ਦਾਨ ਕਰ ਦਿੱਤਾ ਅਤੇ ਬ੍ਰਾਂਚ ਆਫ਼ਿਸ ਸਾਨੂੰ ਨਵਾਂ ਕਿੰਗਡਮ ਹਾਲ ਬਣਾਉਣ ਲਈ ਕਰਜ਼ਾ ਦੇਣ ਲਈ ਮੰਨ ਗਿਆ। ਇਸ ਨਵੇਂ ਹਾਲ ਦਾ ਸਾਡੇ ਪ੍ਰਚਾਰ ਦੇ ਕੰਮ ਉੱਤੇ ਬਹੁਤ ਹੀ ਚੰਗਾ ਅਸਰ ਪਿਆ ਅਤੇ ਹਫ਼ਤੇ-ਦਰ-ਹਫ਼ਤੇ ਸਾਡੀਆਂ ਸਭਾਵਾਂ ਵਿਚ ਹਾਜ਼ਰੀ ਵਧਦੀ ਚਲੀ ਗਈ। ਇਸ ਸਮੇਂ ਅਸੀਂ 17 ਪ੍ਰਕਾਸ਼ਕਾਂ ਵਾਲੀ ਇਕ ਹੋਰ ਕਲੀਸਿਯਾ ਦੀ ਮਦਦ ਕਰ ਰਹੇ ਹਾਂ ਜਿੱਥੇ ਜਾਣ-ਆਉਣ ਲਈ ਸਾਨੂੰ ਦੋ ਘੰਟੇ ਲੱਗਦੇ ਹਨ।

ਅਸੀਂ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਸਾਨੂੰ ਇੰਨੇ ਸਾਰੇ ਦੇਸ਼ਾਂ ਵਿਚ ਯਹੋਵਾਹ ਦੀ ਸੇਵਾ ਕਰਨ ਦਾ ਮੌਕਾ ਮਿਲਿਆ! ਭਾਵੇਂ ਸਾਨੂੰ ਥਾਂ-ਥਾਂ ਘੁੰਮਣਾ ਪਿਆ, ਪਰ ਮੈਨੂੰ ਤੇ ਮੇਰੀ ਪਤਨੀ ਨੂੰ ਇਸ ਗੱਲ ਦੀ ਖ਼ੁਸ਼ੀ ਹੈ ਕਿ ਅਸੀਂ ਹਰ ਸੰਭਵ ਤਰੀਕੇ ਨਾਲ ਲੋਕਾਂ ਦੀ ਯਹੋਵਾਹ ਬਾਰੇ ਜਾਣਨ ਵਿਚ ਮਦਦ ਕਰ ਸਕੇ।

[ਸਫ਼ੇ 24, 25 ਉੱਤੇ ਨਕਸ਼ਾ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਈਰਾਨ

ਯੂਗਾਂਡਾ

ਸੋਮਾਲੀਆ

ਤਨਜ਼ਾਨੀਆ

ਬੰਗਲਾਦੇਸ਼

ਮਨਮਾਰ

ਲਾਓਸ

ਥਾਈਲੈਂਡ

ਫ਼ਿਲਪੀਨ

[ਸਫ਼ੇ 23 ਉੱਤੇ ਤਸਵੀਰ]

ਆਪਣੀ ਪਤਨੀ ਔਰੀਆ ਨਾਲ