Skip to content

Skip to table of contents

ਚੰਗਾ ਆਚਰਣ ‘ਪਰਮੇਸ਼ੁਰ ਦੀ ਸਿੱਖਿਆ ਨੂੰ ਸਿੰਗਾਰਦਾ ਹੈ’

ਚੰਗਾ ਆਚਰਣ ‘ਪਰਮੇਸ਼ੁਰ ਦੀ ਸਿੱਖਿਆ ਨੂੰ ਸਿੰਗਾਰਦਾ ਹੈ’

ਚੰਗਾ ਆਚਰਣ ‘ਪਰਮੇਸ਼ੁਰ ਦੀ ਸਿੱਖਿਆ ਨੂੰ ਸਿੰਗਾਰਦਾ ਹੈ’

ਰੂਸ ਦੇ ਕਰਾਂਸਨੋਯਾਰਸਕ ਸ਼ਹਿਰ ਦੀ ਰਹਿਣ ਵਾਲੀ ਮਾਰੀਆ ਇੰਨਾ ਵਧੀਆ ਗਾਉਂਦੀ ਹੈ ਕਿ ਉਸ ਦੀ ਅਧਿਆਪਕਾ ਨੇ ਉਸ ਨੂੰ ਸਕੂਲ ਦੀ ਗਾਇਕ-ਮੰਡਲੀ ਵਿਚ ਸ਼ਾਮਲ ਕਰ ਲਿਆ। ਕੁਝ ਸਮੇਂ ਬਾਅਦ ਮਾਰੀਆ ਨੇ ਆਪਣੀ ਇਕ ਅਧਿਆਪਕਾ ਕੋਲ ਜਾ ਕੇ ਬੜੇ ਅਦਬ ਨਾਲ ਸਮਝਾਇਆ ਕਿ ਉਸ ਦੀ ਬਾਈਬਲ-ਸਿੱਖਿਅਤ ਜ਼ਮੀਰ ਉਸ ਨੂੰ ਕੁਝ ਧਾਰਮਿਕ ਗੀਤ ਗਾਉਣ ਦੀ ਇਜਾਜ਼ਤ ਨਹੀਂ ਦਿੰਦੀ। ਅਧਿਆਪਕਾ ਨੂੰ ਇਸ ਗੱਲ ਤੇ ਬਹੁਤ ਹੈਰਾਨੀ ਹੋਈ ਕਿ ‘ਰੱਬ ਦੀ ਮਹਿਮਾ ਕਰਨ ਵਾਲੇ ਭਜਨ ਗਾਉਣ ਵਿਚ ਭਲਾ ਕੀ ਬੁਰਾਈ ਹੋ ਸਕਦੀ ਹੈ?’

ਤ੍ਰਿਏਕ ਦੀ ਸਿੱਖਿਆ ਉੱਤੇ ਆਧਾਰਿਤ ਇਕ ਗੀਤ ਦੀ ਉਦਾਹਰਣ ਦਿੰਦੇ ਹੋਏ ਮਾਰੀਆ ਨੇ ਆਪਣੀ ਬਾਈਬਲ ਖੋਲ੍ਹ ਕੇ ਅਧਿਆਪਕਾ ਨੂੰ ਦਿਖਾਇਆ ਕਿ ਪਰਮੇਸ਼ੁਰ ਅਤੇ ਯਿਸੂ ਮਸੀਹ ਇਕ ਵਿਅਕਤੀ ਨਹੀਂ ਹਨ ਅਤੇ ਪਵਿੱਤਰ ਆਤਮਾ ਪਰਮੇਸ਼ੁਰ ਦੀ ਸ਼ਕਤੀ ਹੈ, ਨਾ ਕਿ ਕੋਈ ਵਿਅਕਤੀ। (ਮੱਤੀ 26:39; ਯੂਹੰਨਾ 14:28; ਰਸੂਲਾਂ ਦੇ ਕਰਤੱਬ 4:31) ਮਾਰੀਆ ਅੱਗੇ ਦੱਸਦੀ ਹੈ: “ਮੇਰੀ ਅਧਿਆਪਕਾ ਨੇ ਇਸ ਗੱਲ ਦਾ ਬੁਰਾ ਨਹੀਂ ਮਨਾਇਆ। ਸਾਡੇ ਸਕੂਲ ਦੇ ਅਧਿਆਪਕ ਬਹੁਤ ਚੰਗੇ ਹਨ। ਉਹ ਵਿਦਿਆਰਥੀਆਂ ਦੀਆਂ ਸ਼ਖ਼ਸੀਅਤਾਂ ਨੂੰ ਦਬਾਉਣ ਦੀ ਕੋਸ਼ਿਸ਼ ਨਹੀਂ ਕਰਦੇ।”

ਮਾਰੀਆ ਦੇ ਪੱਕੇ ਧਾਰਮਿਕ ਵਿਸ਼ਵਾਸਾਂ ਨੂੰ ਦੇਖ ਕੇ ਉਸ ਦੇ ਅਧਿਆਪਕ ਤੇ ਸਹਿਪਾਠੀ ਉਸ ਦਾ ਬਹੁਤ ਆਦਰ ਕਰਦੇ ਹਨ। ਮਾਰੀਆ ਕਹਿੰਦੀ ਹੈ: “ਆਪਣੀ ਜ਼ਿੰਦਗੀ ਵਿਚ ਬਾਈਬਲ ਦੇ ਸਿਧਾਂਤ ਲਾਗੂ ਕਰ ਕੇ ਮੈਨੂੰ ਬਹੁਤ ਲਾਭ ਹੋਇਆ ਹੈ। ਸਾਲ ਦੇ ਅਖ਼ੀਰ ਵਿਚ ਮੈਨੂੰ ਈਮਾਨਦਾਰੀ ਤੇ ਸ਼ਿਸ਼ਟਾਚਾਰ ਲਈ ਸਕੂਲ ਵੱਲੋਂ ਇਨਾਮ ਮਿਲਿਆ। ਮੇਰੇ ਮਾਤਾ-ਪਿਤਾ ਨੂੰ ਵੀ ਸਕੂਲ ਅਧਿਕਾਰੀਆਂ ਨੇ ਇਕ ਕਦਰਦਾਨੀ ਭਰੀ ਚਿੱਠੀ ਲਿਖੀ ਜਿਸ ਵਿਚ ਉਨ੍ਹਾਂ ਨੇ ਮੇਰੇ ਮਾਪਿਆਂ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਆਪਣੀ ਕੁੜੀ ਨੂੰ ਇੰਨੇ ਚੰਗੇ ਸੰਸਕਾਰ ਸਿਖਾਏ।”

ਮਾਰੀਆ ਨੇ 18 ਅਗਸਤ 2001 ਨੂੰ ਬਪਤਿਸਮਾ ਲੈ ਲਿਆ। ਉਹ ਕਹਿੰਦੀ ਹੈ: “ਮੈਂ ਬਹੁਤ ਹੀ ਖ਼ੁਸ਼ ਹਾਂ ਕਿ ਮੈਂ ਸਰਬਸ਼ਕਤੀਮਾਨ ਤੇ ਦਿਆਲੂ ਪਰਮੇਸ਼ੁਰ ਯਹੋਵਾਹ ਦੀ ਸੇਵਾ ਕਰਦੀ ਹਾਂ!” ਅੱਜ ਦੁਨੀਆਂ ਭਰ ਵਿਚ ਯਹੋਵਾਹ ਦੇ ਨੌਜਵਾਨ ਗਵਾਹ ਤੀਤੁਸ 2:10 ਦੇ ਸ਼ਬਦਾਂ ਨੂੰ ਪੂਰਾ ਕਰ ਰਹੇ ਹਨ ਜਿੱਥੇ ਲਿਖਿਆ ਹੈ: ‘ਸਾਰੀਆਂ ਗੱਲਾਂ ਵਿੱਚ ਆਪਣੇ ਮੁਕਤੀ ਦਾਤਾ ਪਰਮੇਸ਼ੁਰ ਦੀ ਸਿੱਖਿਆ ਨੂੰ ਸਿੰਗਾਰੋ।’

[ਸਫ਼ੇ 32 ਉੱਤੇ ਤਸਵੀਰ]

ਬਪਤਿਸਮਾ ਲੈਣ ਤੋਂ ਬਾਅਦ ਮਾਰੀਆ ਆਪਣੇ ਮਾਤਾ-ਪਿਤਾ ਨਾਲ

[ਸਫ਼ੇ 32 ਉੱਤੇ ਤਸਵੀਰ]

ਕਦਰਦਾਨੀ ਭਰੀ ਚਿੱਠੀ ਅਤੇ ਚੰਗੇ ਆਚਰਣ ਦਾ ਸਰਟੀਫਿਕੇਟ