Skip to content

Skip to table of contents

ਪਤੀ-ਪਤਨੀ ਵਿਚ ਅੱਜ ਵੀ ਪਿਆਰ ਹੋ ਸਕਦਾ ਹੈ

ਪਤੀ-ਪਤਨੀ ਵਿਚ ਅੱਜ ਵੀ ਪਿਆਰ ਹੋ ਸਕਦਾ ਹੈ

ਪਤੀ-ਪਤਨੀ ਵਿਚ ਅੱਜ ਵੀ ਪਿਆਰ ਹੋ ਸਕਦਾ ਹੈ

“ਪ੍ਰੇਮ ਨੂੰ ਪਾ ਲਓ ਜਿਹੜਾ ਸੰਪੂਰਨਤਾਈ ਦਾ ਬੰਧ ਹੈ।”—ਕੁਲੁੱਸੀਆਂ 3:14.

1, 2. (ੳ) ਸਾਡੀਆਂ ਕਲੀਸਿਯਾਵਾਂ ਵਿਚ ਕਿਹੋ ਜਿਹੇ ਜੋੜੇ ਦੇਖੇ ਜਾ ਸਕਦੇ ਹਨ? (ਅ) ਵਿਆਹੁਤਾ ਜੀਵਨ ਵਿਚ ਕਿਹੋ ਜਿਹੇ ਜੋੜੇ ਸੁਖ ਪਾਉਂਦੇ ਹਨ?

ਸਾਡੀਆਂ ਕਲੀਸਿਯਾਵਾਂ ਵਿਚ ਕਿਹੋ ਜਿਹੇ ਜੋੜੇ ਹਨ? ਕਈਆਂ ਦੇ ਵਿਆਹ ਹੋਏ ਨੂੰ 10, 20, 30 ਜਾਂ ਇਸ ਤੋਂ ਵੀ ਜ਼ਿਆਦਾ ਸਾਲ ਹੋ ਗਏ ਹਨ। ਇਨ੍ਹਾਂ ਭੈਣ-ਭਾਈਆਂ ਨੂੰ ਦੇਖ ਕੇ ਸਾਡਾ ਜੀ ਕਿੰਨਾ ਖ਼ੁਸ਼ ਹੁੰਦਾ ਹੈ ਕਿਉਂਕਿ ਇਨ੍ਹਾਂ ਨੇ ਦੁੱਖ-ਸੁਖ ਵਿਚ ਆਪਣੇ ਜੀਵਨ ਸਾਥੀ ਦਾ ਸਾਥ ਦਿੱਤਾ ਹੈ।—ਉਤਪਤ 2:24.

2 ਕਈ ਜੋੜੇ ਸਵੀਕਾਰ ਕਰਦੇ ਹਨ ਕਿ ਬੀਤੇ ਸਾਲ ਮੁਸ਼ਕਲਾਂ ਤੋਂ ਬਿਨਾਂ ਨਹੀਂ ਗੁਜ਼ਰੇ ਸਨ। ਇਕ ਔਰਤ ਨੇ ਲਿਖਿਆ: ‘ਸੁਖੀ ਹੋਣ ਦਾ ਇਹ ਮਤਲਬ ਨਹੀਂ ਕਿ ਪਤੀ-ਪਤਨੀ ਨੂੰ ਕਿਸੇ ਗੱਲ ਦੀ ਚਿੰਤਾ ਨਹੀਂ। ਵਿਆਹੁਤਾ ਜੀਵਨ ਵਿਚ ਖ਼ੁਸ਼ੀਆਂ ਦੇ ਨਾਲ-ਨਾਲ ਗਮ ਵੀ ਆਉਂਦੇ ਹਨ। ਪਰ ਸੁਖ ਉਹ ਪਤੀ-ਪਤਨੀ ਪਾਉਂਦੇ ਹਨ ਜੋ ਭਾਂਡੇ ਖੜਕਣ ਦੇ ਬਾਵਜੂਦ ਇਕੱਠੇ ਰਹਿੰਦੇ ਹਨ।’ ਸੁਖੀ ਜੋੜਿਆਂ ਨੇ ਔਖੀਆਂ ਘੜੀਆਂ ਦਾ ਸਾਮ੍ਹਣਾ ਕਰਨਾ ਸਿੱਖਿਆ ਹੈ, ਖ਼ਾਸਕਰ ਉਨ੍ਹਾਂ ਮੁਸ਼ਕਲਾਂ ਦਾ ਜੋ ਬੱਚਿਆਂ ਦੀ ਪਰਵਰਿਸ਼ ਦੌਰਾਨ ਆਉਂਦੀਆਂ ਹਨ। ਜ਼ਿੰਦਗੀ ਦੇ ਤਜਰਬਿਆਂ ਨੇ ਇਨ੍ਹਾਂ ਜੋੜਿਆਂ ਨੂੰ ਸਿਖਾਇਆ ਹੈ ਕਿ ਸੱਚਾ ਪਿਆਰ “ਕਦੇ ਟਲਦਾ ਨਹੀਂ।”—1 ਕੁਰਿੰਥੀਆਂ 13:8.

3. ਵਿਆਹ ਅਤੇ ਤਲਾਕ ਨਾਲ ਸੰਬੰਧਿਤ ਅੰਕੜਿਆਂ ਤੋਂ ਕੀ ਪਤਾ ਲੱਗਦਾ ਹੈ ਅਤੇ ਇਨ੍ਹਾਂ ਕਾਰਨ ਸਾਡੇ ਮਨ ਵਿਚ ਕਿਹੜੇ ਸਵਾਲ ਉੱਠਦੇ ਹਨ?

3 ਅਫ਼ਸੋਸ ਦੀ ਗੱਲ ਹੈ ਕਿ ਬਹੁਤ ਸਾਰੇ ਜੋੜਿਆਂ ਦੇ ਵਿਆਹ ਦਾ ਬੇੜਾ ਗਰਕ ਹੋ ਗਿਆ ਹੈ। ਇਕ ਰਿਪੋਰਟ ਵਿਚ ਦੱਸਿਆ ਗਿਆ: ‘ਅਮਰੀਕਾ ਵਿਚ 50 ਫੀ ਸਦੀ ਵਿਆਹ ਤਲਾਕ ਵਿਚ ਖ਼ਤਮ ਹੋ ਜਾਣਗੇ। ਇਸ ਤੋਂ ਇਲਾਵਾ ਇਹ ਤਲਾਕ ਵਿਆਹ ਦੇ ਪਹਿਲੇ ਅੱਠਾਂ ਸਾਲਾਂ ਦੇ ਅੰਦਰ-ਅੰਦਰ ਹੋ ਜਾਣਗੇ। ਇਨ੍ਹਾਂ ਵਿੱਚੋਂ 75 ਫੀ ਸਦੀ ਲੋਕ ਦੂਸਰਾ ਵਿਆਹ ਕਰਾਉਣਗੇ ਅਤੇ ਉਨ੍ਹਾਂ ਵਿੱਚੋਂ 60 ਫੀ ਸਦੀ ਫਿਰ ਤੋਂ ਤਲਾਕ ਲੈ ਲੈਣਗੇ।’ ਜਿਨ੍ਹਾਂ ਦੇਸ਼ਾਂ ਵਿਚ ਤਲਾਕ ਦੀ ਦਰ ਪਹਿਲਾਂ ਘੱਟ ਸੀ, ਹੁਣ ਉਨ੍ਹਾਂ ਵਿਚ ਮਾਮਲਾ ਬਦਲ ਗਿਆ ਹੈ। ਮਿਸਾਲ ਲਈ, ਹਾਲ ਹੀ ਦੇ ਸਾਲਾਂ ਦੌਰਾਨ ਜਪਾਨ ਵਿਚ ਤਲਾਕ ਦੀ ਦਰ ਦੁਗਣੀ ਹੋ ਗਈ ਹੈ। ਇਸ ਤਰ੍ਹਾਂ ਕਿਉਂ ਹੋਇਆ ਹੈ? ਵਿਆਹ ਟੁੱਟਣ ਦੇ ਕੀ ਕਾਰਨ ਹਨ ਜਿਨ੍ਹਾਂ ਦਾ ਸਾਡੇ ਭੈਣ-ਭਾਈਆਂ ਤੇ ਵੀ ਪ੍ਰਭਾਵ ਪੈ ਰਿਹਾ ਹੈ? ਸ਼ਤਾਨ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਅਸੀਂ ਆਪਣੇ ਵਿਆਹੁਤਾ ਜੀਵਨ ਵਿਚ ਪਿਆਰ ਨੂੰ ਬਰਕਰਾਰ ਕਿਵੇਂ ਰੱਖ ਸਕਦੇ ਹਾਂ?

ਖ਼ਤਰਿਆਂ ਤੋਂ ਬਚੋ

4. ਅੱਜ-ਕੱਲ੍ਹ ਵਿਆਹੁਤਾ ਜੀਵਨ ਵਿਚ ਪਿਆਰ ਨੂੰ ਬਰਕਰਾਰ ਰੱਖਣਾ ਇੰਨਾ ਮੁਸ਼ਕਲ ਕਿਉਂ ਹੈ?

4 ਬਾਈਬਲ ਤੋਂ ਅਸੀਂ ਸਮਝ ਸਕਦੇ ਹਾਂ ਕਿ ਅੱਜ-ਕੱਲ੍ਹ ਵਿਆਹੁਤਾ ਜੀਵਨ ਵਿਚ ਪਿਆਰ ਨੂੰ ਬਰਕਰਾਰ ਰੱਖਣਾ ਇੰਨਾ ਮੁਸ਼ਕਲ ਕਿਉਂ ਹੈ। ਮਿਸਾਲ ਲਈ, ਪੌਲੁਸ ਰਸੂਲ ਨੇ ਦੱਸਿਆ ਸੀ ਕਿ ਆਖ਼ਰੀ ਦਿਨਾਂ ਵਿਚ ਲੋਕ ਕਿਹੋ ਜਿਹੇ ਹੋਣਗੇ: “ਅੰਤ ਦਿਆਂ ਦਿਨਾਂ ਵਿੱਚ ਭੈੜੇ ਸਮੇਂ ਆ ਜਾਣਗੇ ਕਿਉਂ ਜੋ ਮਨੁੱਖ ਆਪ ਸੁਆਰਥੀ, ਮਾਇਆ ਦੇ ਲੋਭੀ, ਸ਼ੇਖ਼ੀਬਾਜ਼, ਹੰਕਾਰੀ, ਕੁਫ਼ਰ ਬਕਣ ਵਾਲੇ, ਮਾਪਿਆਂ ਦੇ ਅਣਆਗਿਆਕਾਰ, ਨਾਸ਼ੁਕਰੇ, ਅਪਵਿੱਤਰ, ਨਿਰਮੋਹ, ਪੱਥਰ ਦਿਲ, ਪਰਾਈ ਨਿੰਦਿਆ ਕਰਨ ਵਾਲੇ, ਅਸੰਜਮੀ, ਕਰੜੇ, ਨੇਕੀ ਦੇ ਵੈਰੀ, ਨਿਮਕ ਹਰਾਮ, ਕਾਹਲੇ, ਘਮੰਡੀ, ਪਰਮੇਸ਼ੁਰ ਦੇ ਨਹੀਂ ਸਗੋਂ ਭੋਗ ਬਿਲਾਸ ਦੇ ਪ੍ਰੇਮੀ ਹੋਣਗੇ, ਭਗਤੀ ਦਾ ਰੂਪ ਧਾਰ ਕੇ ਵੀ ਉਹ ਦੀ ਸ਼ਕਤੀ ਦੇ ਇਨਕਾਰੀ ਹੋਣਗੇ, ਤੂੰ ਇਨ੍ਹਾਂ ਤੋਂ ਵੀ ਪਰੇ ਰਹੁ।”—2 ਤਿਮੋਥਿਉਸ 3:1-5.

5. ਇਕ ਖ਼ੁਦਗਰਜ਼ ਇਨਸਾਨ ਆਪਣੇ ਘਰ ਦਾ ਸੁਖ ਭੰਗ ਕਿਵੇਂ ਕਰਦਾ ਹੈ ਅਤੇ ਇਸ ਦੇ ਸੰਬੰਧ ਵਿਚ ਬਾਈਬਲ ਦੀ ਕੀ ਸਲਾਹ ਹੈ?

5 ਪੌਲੁਸ ਦੇ ਇਨ੍ਹਾਂ ਸ਼ਬਦਾਂ ਤੋਂ ਬਹੁਤ ਸਾਰੀਆਂ ਗੱਲਾਂ ਜ਼ਾਹਰ ਹੁੰਦੀਆਂ ਹਨ ਜਿਨ੍ਹਾਂ ਕਾਰਨ ਸ਼ਾਦੀ ਦਾ ਬੰਧਨ ਟੁੱਟਣ ਦੀ ਨੌਬਤ ਤਕ ਪਹੁੰਚ ਸਕਦਾ ਹੈ। ਮਿਸਾਲ ਲਈ ਜੋ ਲੋਕ “ਆਪ ਸੁਆਰਥੀ” ਹਨ, ਉਨ੍ਹਾਂ ਨੂੰ ਕਿਸੇ ਹੋਰ ਦੀ ਨਹੀਂ, ਪਰ ਆਪਣੀ ਹੀ ਪਈ ਰਹਿੰਦੀ ਹੈ। ਖ਼ੁਦਗਰਜ਼ ਪਤੀ-ਪਤਨੀ ਆਪਣੀ ਗੱਲ ਤੇ ਅੜੇ ਰਹਿੰਦੇ ਹਨ ਅਤੇ ਦੂਸਰੇ ਦੀ ਕੋਈ ਪਰਵਾਹ ਨਹੀਂ ਕਰਦੇ। ਕੀ ਸੁਖ ਦੀ ਨੀਂਹ ਇਸ ਤਰ੍ਹਾਂ ਧਰੀ ਜਾ ਸਕਦੀ ਹੈ? ਬਿਲਕੁਲ ਨਹੀਂ। ਇਸੇ ਲਈ ਪੌਲੁਸ ਰਸੂਲ ਨੇ ਸਾਨੂੰ ਸਾਰਿਆਂ ਨੂੰ ਅਤੇ ਸ਼ਾਦੀ-ਸ਼ੁਦਾ ਲੋਕਾਂ ਨੂੰ ਵੀ ਕਿਹਾ ਕਿ ਤੁਸੀਂ “ਧੜੇ ਬਾਜ਼ੀਆਂ ਅਥਵਾ ਫੋਕੇ ਘੁਮੰਡ ਨਾਲ ਕੁਝ ਨਾ ਕਰੋ ਸਗੋਂ ਤੁਸੀਂ ਅਧੀਨਗੀ ਨਾਲ ਇੱਕ ਦੂਏ ਨੂੰ ਆਪਣੇ ਆਪ ਤੋਂ ਉੱਤਮ ਜਾਣੋ। ਤੁਹਾਡੇ ਵਿੱਚੋਂ ਹਰੇਕ ਜਣਾ ਆਪਣੇ ਹੀ ਹਾਲ ਉੱਤੇ ਨਹੀਂ ਸਗੋਂ ਹਰੇਕ ਦੂਜਿਆਂ ਦੇ ਹਾਲ ਉੱਤੇ ਵੀ ਨਿਗਾਹ ਕਰੇ।”—ਫ਼ਿਲਿੱਪੀਆਂ 2:3, 4.

6. ਮਾਇਆ ਦਾ ਲੋਭ ਪਤੀ-ਪਤਨੀ ਦੇ ਰਿਸ਼ਤੇ ਵਿਚ ਦਰਾੜ ਕਿਵੇਂ ਪਾ ਸਕਦਾ ਹੈ?

6 ਮਾਇਆ ਦਾ ਲੋਭ ਪਤੀ-ਪਤਨੀ ਦੇ ਰਿਸ਼ਤੇ ਵਿਚ ਦਰਾੜ ਪਾ ਸਕਦਾ ਹੈ। ਪੌਲੁਸ ਨੇ ਚੇਤਾਵਨੀ ਦਿੱਤੀ: “ਓਹ ਜਿਹੜੇ ਧਨਵਾਨ ਬਣਿਆ ਚਾਹੁੰਦੇ ਹਨ ਸੋ ਪਰਤਾਵੇ ਅਤੇ ਫਾਹੀ ਵਿੱਚ ਅਤੇ ਬਹੁਤਿਆਂ ਮੂਰਖਪੁਣੇ ਦਿਆਂ ਅਤੇ ਨੁਕਸਾਨ ਕਰਨ ਵਾਲਿਆਂ ਵਿਸ਼ਿਆਂ ਵਿੱਚ ਪੈਂਦੇ ਹਨ ਜੋ ਮਨੁੱਖਾਂ ਨੂੰ ਤਬਾਹੀ ਅਤੇ ਨਾਸ ਦੇ ਸਮੁੰਦਰ ਵਿੱਚ ਡੋਬ ਦਿੰਦੇ ਹਨ। ਕਿਉਂ ਜੋ ਮਾਇਆ ਦਾ ਲੋਭ ਹਰ ਪਰਕਾਰ ਦੀਆਂ ਬੁਰਿਆਈਆਂ ਦੀ ਜੜ੍ਹ ਹੈ ਅਤੇ ਕਈ ਲੋਕ ਉਹ ਨੂੰ ਲੋਚਦਿਆਂ ਨਿਹਚਾ ਦੇ ਰਾਹੋਂ ਘੁੱਥ ਗਏ ਅਤੇ ਆਪਣੇ ਆਪ ਨੂੰ ਅਨੇਕ ਗਮਾਂ ਦਿਆਂ ਤੀਰਾਂ ਨਾਲ ਵਿੰਨ੍ਹਿਆ ਹੈ।” (1 ਤਿਮੋਥਿਉਸ 6:9, 10) ਅਫ਼ਸੋਸ ਦੀ ਗੱਲ ਹੈ ਕਿ ਬਹੁਤ ਸਾਰੇ ਜੋੜਿਆਂ ਤੇ ਪੌਲੁਸ ਦੀ ਗੱਲ ਸੱਚ ਸਾਬਤ ਹੋਈ ਹੈ। ਪੈਸੇ ਦੀ ਦੌੜ ਵਿਚ ਬਹੁਤ ਸਾਰੇ ਲੋਕ ਆਪਣੇ ਜੀਵਨ ਸਾਥੀ ਦੀਆਂ ਲੋੜਾਂ ਨੂੰ ਭੁੱਲ ਜਾਂਦੇ ਹਨ। ਨਤੀਜੇ ਵਜੋਂ ਉਹ ਨਾ ਤਾਂ ਇਕੱਠੇ ਬੈਠ ਕੇ ਰੋਟੀ ਖਾਂਦੇ ਹਨ ਤੇ ਨਾ ਹੀ ਇਕ-ਦੂਜੇ ਨਾਲ ਆਪਣੇ ਦਿਲ ਦੀ ਗੱਲ ਕਰਦੇ ਹਨ। ਉਨ੍ਹਾਂ ਨੂੰ ਆਪਣੇ ਆਪ ਵਿਚ ਹੀ ਰਹਿਣ ਦੀ ਆਦਤ ਪੈ ਜਾਂਦੀ ਹੈ।

7. ਇਕ ਇਨਸਾਨ ਕਿਹੋ ਜਿਹੇ ਰਾਹ ਚੱਲ ਕੇ ਆਪਣੇ ਵਿਆਹ ਨੂੰ ਖ਼ਤਰੇ ਵਿਚ ਪਾ ਸਕਦਾ ਹੈ?

7 ਪੌਲੁਸ ਨੇ ਇਹ ਵੀ ਕਿਹਾ ਸੀ ਕਿ ਆਖ਼ਰੀ ਦਿਨਾਂ ਵਿਚ ਕੁਝ ਲੋਕ ‘ਨਿਰਮੋਹ ਅਤੇ ਪੱਥਰ ਦਿਲ’ ਹੋਣਗੇ। ਅਜਿਹੇ ਲੋਕ ਵਿਆਹ ਦੀ ਪਵਿੱਤਰਤਾ ਨੂੰ ਭੁੱਲ ਜਾਂਦੇ ਹਨ ਅਤੇ ਜੋ ਵਾਅਦਾ ਹਮੇਸ਼ਾ ਨਿਭਾਇਆ ਜਾਣਾ ਚਾਹੀਦਾ ਹੈ, ਉਸ ਨੂੰ ਨਕਾਰ ਦਿੰਦੇ ਹਨ। (ਮਲਾਕੀ 2:14-16) ਕੁਝ ਲੋਕ ਆਪਣੇ ਪਤੀ-ਪਤਨੀ ਦੀ ਬਜਾਇ ਕਿਸੇ ਹੋਰ ਨਾਲ ਇਸ਼ਕਬਾਜ਼ੀ ਕਰਦੇ ਹਨ। ਮਿਸਾਲ ਲਈ ਇਕ 35 ਕੁ ਸਾਲ ਦੀ ਤੀਵੀਂ ਦਾ ਘਰਵਾਲਾ ਇਨ੍ਹਾਂ ਚੱਕਰਾਂ ਵਿਚ ਪੈ ਕੇ ਉਸ ਨੂੰ ਛੱਡ ਕੇ ਚਲਾ ਗਿਆ। ਉਹ ਦੱਸਦੀ ਹੈ ਕਿ ਉਹ ਹੋਰਨਾਂ ਤੀਵੀਆਂ ਨਾਲ ਪਹਿਲਾਂ ਹੀ ਛੇੜ-ਛਾੜ ਕਰਿਆ ਕਰਦਾ ਸੀ। ਉਹ ਨਹੀਂ ਸਮਝਦਾ ਸੀ ਕਿ ਹੋਰਨਾਂ ਔਰਤਾਂ ਨਾਲ ਅੱਖ-ਮਟੱਕਾ ਕਰ ਕੇ ਉਹ ਆਪਣੀ ਘਰਵਾਲੀ ਦਾ ਦਿਲ ਦੁਖੀ ਕਰ ਰਿਹਾ ਸੀ ਅਤੇ ਇਕ ਸ਼ਾਦੀ-ਸ਼ੁਦਾ ਆਦਮੀ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਉਸ ਦੀ ਪਤਨੀ ਨੇ ਉਸ ਨੂੰ ਸਾਵਧਾਨ ਵੀ ਕੀਤਾ, ਪਰ ਉਸ ਆਦਮੀ ਨੇ ਉਸ ਦੀ ਇਕ ਨਾ ਸੁਣੀ। ਉਹ ਕੁਰਾਹੇ ਪੈ ਗਿਆ ਅਤੇ ਵਿਭਚਾਰ ਕਰ ਬੈਠਾ। ਉਹ ਦੂਰ ਦੀ ਸੋਚਣ ਤੋਂ ਬਿਨਾਂ ਸਿੱਧਾ ਫਾਹੀ ਵਿਚ ਫਸਿਆ।—ਕਹਾਉਤਾਂ 6:27-29.

8. ਕੋਈ ਇਨਸਾਨ ਵਿਭਚਾਰ ਕਰਨ ਤੋਂ ਪਹਿਲਾਂ ਕੀ ਕਰਦਾ ਹੈ?

8 ਬਾਈਬਲ ਵਿਚ ਵਿਭਚਾਰ ਬਾਰੇ ਕਿੰਨੀ ਸਾਫ਼ ਚੇਤਾਵਨੀ ਦਿੱਤੀ ਗਈ ਹੈ। ‘ਜਿਹੜਾ ਕਿਸੇ ਤੀਵੀਂ ਨਾਲ ਵਿਭਚਾਰ ਕਰਦਾ ਹੈ ਉਹ ਨਿਰਬੁੱਧ ਹੈ, ਜਿਹੜਾ ਇਹ ਕਰਦਾ ਹੈ, ਉਹ ਆਪਣੀ ਜਾਨ ਦਾ ਨਾਸ ਕਰਦਾ ਹੈ।’ (ਕਹਾਉਤਾਂ 6:32) ਆਮ ਤੌਰ ਤੇ ਵਿਭਚਾਰ ਬਿਨਾਂ ਸੋਚੇ ਨਹੀਂ ਹੁੰਦਾ। ਬਾਈਬਲ ਦਾ ਲਿਖਾਰੀ ਯਾਕੂਬ ਦੱਸਦਾ ਹੈ ਕਿ ਪਹਿਲਾਂ ਕਿਸੇ ਦੀ ਕਾਮਨਾ ਉਸ ਨੂੰ ਲੁਭਾਉਂਦੀ ਹੈ ਤੇ ਫਿਰ ਹੀ ਉਹ ਜਾ ਕੇ ਵਿਭਚਾਰ ਵਰਗਾ ਪਾਪ ਕਰਦਾ ਹੈ। (ਯਾਕੂਬ 1:14, 15) ਗ਼ਲਤ ਕਦਮ ਚੁੱਕਣ ਵਾਲਾ ਇਨਸਾਨ ਹੌਲੀ-ਹੌਲੀ ਆਪਣੇ ਜੀਵਨ ਸਾਥੀ ਨਾਲ ਬੇਵਫ਼ਾਈ ਕਰਦਾ ਹੈ ਅਤੇ ਉਮਰ ਭਰ ਇਕੱਠੇ ਰਹਿਣ ਦਾ ਵਾਅਦਾ ਤੋੜ ਦਿੰਦਾ ਹੈ। ਯਿਸੂ ਨੇ ਕਿਹਾ ਸੀ: “ਤੁਸਾਂ ਸੁਣਿਆ ਹੈ ਜੋ ਇਹ ਕਿਹਾ ਗਿਆ ਸੀ ਭਈ ਤੂੰ ਜ਼ਨਾਹ ਨਾ ਕਰ। ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਜੋ ਕੋਈ ਤੀਵੀਂ ਨੂੰ ਬੁਰੀ ਇੱਛਿਆ ਕਰ ਕੇ ਵੇਖਦਾ ਹੈ ਸੋ ਤਦੋਂ ਹੀ ਆਪਣੇ ਮਨੋਂ ਉਹ ਦੇ ਨਾਲ ਜ਼ਨਾਹ ਕਰ ਚੁੱਕਿਆ।”—ਮੱਤੀ 5:27, 28.

9. ਕਹਾਉਤਾਂ 5:18-20 ਦੀ ਵਧੀਆ ਸਲਾਹ ਦਾ ਕੀ ਲਾਭ ਹੈ?

9 ਇਸ ਲਈ ਕਹਾਉਤਾਂ ਦੀ ਪੋਥੀ ਵਿਚ ਦਿੱਤੀ ਗਈ ਵਧੀਆ ਸਲਾਹ ਉੱਤੇ ਚੱਲ ਕੇ ਵਫ਼ਾਦਾਰ ਰਹੋ: “ਤੇਰਾ ਸੋਤਾ ਮੁਬਾਰਕ ਹੋਵੇ, ਅਤੇ ਤੂੰ ਆਪਣੀ ਜੁਆਨੀ ਦੀ ਵਹੁਟੀ ਨਾਲ ਅਨੰਦ ਰਹੁ। ਉਹ ਪਿਆਰੀ ਹਰਨੀ ਅਤੇ ਸੋਹਣੀ ਹਰਨੋਟੀ ਹੋਵੇ, ਉਹ ਦੀਆਂ ਛਾਤੀਆਂ ਤੋਂ ਸਦਾ ਤੈਨੂੰ ਤ੍ਰਿਪਤ ਆਵੇ, ਅਤੇ ਨਿੱਤ ਓਸੇ ਦੇ ਪ੍ਰੇਮ ਨਾਲ ਮੋਹਿਤ ਰਹੁ। ਹੇ ਮੇਰੇ ਪੁੱਤ੍ਰ, ਤੂੰ ਕਾਹਨੂੰ ਪਰਾਈ ਤੀਵੀਂ ਨਾਲ ਮੋਹਿਤ ਹੋਵੇਂ, ਅਤੇ ਓਪਰੀ ਨੂੰ ਕਾਹਨੂੰ ਛਾਤੀ ਨਾਲ ਲਾਵੇਂ?”—ਕਹਾਉਤਾਂ 5:18-20.

ਵਿਆਹ ਕਰਾਉਣ ਵਿਚ ਜਲਦਬਾਜ਼ੀ ਨਾ ਕਰੋ

10. ਰਿਸ਼ਤਾ ਪੱਕਾ ਕਰਨ ਤੋਂ ਪਹਿਲਾਂ ਇਹ ਕਿਉਂ ਜ਼ਰੂਰੀ ਹੈ ਕਿ ਮੁੰਡਾ-ਕੁੜੀ ਇਕ-ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਕਰਨ?

10 ਜਦ ਮੁੰਡਾ-ਕੁੜੀ ਸ਼ਾਦੀ ਕਰਾਉਣ ਵਿਚ ਜਲਦੀ ਕਰਦੇ ਹਨ, ਤਾਂ ਉਨ੍ਹਾਂ ਦੇ ਵਿਆਹੁਤਾ ਜੀਵਨ ਵਿਚ ਮੁਸ਼ਕਲਾਂ ਆ ਸਕਦੀਆਂ ਹਨ। ਕਿਉਂ? ਜਵਾਨ ਹੋਣ ਕਾਰਨ ਉਨ੍ਹਾਂ ਨੂੰ ਜ਼ਿੰਦਗੀ ਵਿਚ ਬਹੁਤਾ ਤਜਰਬਾ ਨਹੀਂ ਹੁੰਦਾ ਜਿਸ ਕਰਕੇ ਉਹ ਵਿਆਹ ਦੀਆਂ ਜ਼ਿੰਮੇਵਾਰੀਆਂ ਸੰਭਾਲਣ ਦੇ ਕਾਬਲ ਨਹੀਂ ਹੁੰਦੇ। ਇਹ ਵੀ ਹੋ ਸਕਦਾ ਹੈ ਕਿ ਉਹ ਇਕ-ਦੂਜੇ ਨੂੰ ਬਹੁਤੀ ਚੰਗੀ ਤਰ੍ਹਾਂ ਜਾਣਦੇ ਹੀ ਨਾ ਹੋਣ ਜਿਵੇਂ ਕਿ ਉਨ੍ਹਾਂ ਦੇ ਸਾਥੀ ਨੂੰ ਕੀ ਪਸੰਦ ਹੈ ਤੇ ਕੀ ਨਹੀਂ, ਉਹ ਜ਼ਿੰਦਗੀ ਵਿਚ ਕੀ ਬਣਨਾ ਚਾਹੁੰਦਾ ਜਾਂ ਉਸ ਦਾ ਖ਼ਾਨਦਾਨ ਕਿਹੋ ਜਿਹਾ ਹੈ। ਸਮਝਦਾਰੀ ਦੀ ਗੱਲ ਹੋਵੇਗੀ ਜੇ ਰਿਸ਼ਤਾ ਪੱਕਾ ਕਰਨ ਤੋਂ ਪਹਿਲਾਂ ਮੁੰਡਾ-ਕੁੜੀ ਇਕ-ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਕਰਨ। ਇਹ ਸਭ ਕੁਝ ਕਰਨ ਲਈ ਸਮਾਂ ਲੱਗੇਗਾ। ਇਸਹਾਕ ਦੇ ਪੁੱਤਰ ਯਾਕੂਬ ਬਾਰੇ ਸੋਚੋ। ਭਾਵੇਂ ਉਹ ਲਾਬਾਨ ਦੀ ਧੀ ਰਾਖੇਲ ਨਾਲ ਵਿਆਹ ਕਰਨਾ ਚਾਹੁੰਦਾ ਸੀ, ਪਰ ਉਸ ਨੂੰ ਆਪਣੇ ਹੋਣ ਵਾਲੇ ਸੌਹਰੇ ਲਈ ਸੱਤ ਸਾਲ ਕੰਮ ਕਰਨਾ ਪਿਆ ਸੀ। ਉਹ ਇੰਤਜ਼ਾਰ ਕਰਨ ਲਈ ਤਿਆਰ ਕਿਉਂ ਸੀ? ਕਿਉਂਕਿ ਰਾਖੇਲ ਲਈ ਉਸ ਦੇ ਦਿਲ ਵਿਚ ਦਿਵਾਨਗੀ ਨਹੀਂ, ਪਰ ਸੱਚਾ ਪਿਆਰ ਸੀ।—ਉਤਪਤ 29:20-30.

11. (ੳ) ਵਿਆਹ-ਸ਼ਾਦੀ ਕਿਸ-ਕਿਸ ਗੱਲ ਦਾ ਬੰਧਨ ਹੁੰਦਾ ਹੈ? (ਅ) ਪਤੀ-ਪਤਨੀ ਲਈ ਜ਼ਬਾਨ ਨੂੰ ਠੀਕ ਤਰੀਕੇ ਨਾਲ ਵਰਤਣਾ ਕਿਉਂ ਜ਼ਰੂਰੀ ਹੈ?

11 ਵਿਆਹ-ਸ਼ਾਦੀ ਸਿਰਫ਼ ਰੋਮਾਂਸ ਦੀ ਗੱਲ ਨਹੀਂ ਹੈ। ਵਿਆਹ ਦੋ ਜਣਿਆਂ ਦਾ ਬੰਧਨ ਹੈ। ਮੁੰਡਾ-ਕੁੜੀ ਦੋ ਵੱਖਰੇ ਪਰਿਵਾਰਾਂ ਤੋਂ ਹੁੰਦੇ ਹਨ, ਉਨ੍ਹਾਂ ਦੀਆਂ ਸ਼ਖ਼ਸੀਅਤਾਂ ਵੱਖਰੀਆਂ ਹੁੰਦੀਆਂ ਹਨ, ਉਨ੍ਹਾਂ ਦੀਆਂ ਆਪਣੀਆਂ-ਆਪਣੀਆਂ ਭਾਵਨਾਵਾਂ ਹੁੰਦੀਆਂ ਹਨ ਅਤੇ ਉਨ੍ਹਾਂ ਨੇ ਅਕਸਰ ਵੱਖਰੀ ਕਿਸਮ ਦੀ ਪੜ੍ਹਾਈ-ਲਿਖਾਈ ਕੀਤੀ ਹੁੰਦੀ ਹੈ। ਹੋ ਸਕਦਾ ਹੈ ਕਿ ਉਹ ਅਲੱਗ ਜਾਤਾਂ ਤੋਂ ਹੋਣ ਅਤੇ ਵੱਖਰੀਆਂ ਬੋਲੀਆਂ ਬੋਲਦੇ ਹੋਣ। ਭਾਵੇਂ ਬਾਕੀ ਗੱਲਾਂ ਵਿਚ ਬਹੁਤਾ ਫ਼ਰਕ ਨਾ ਵੀ ਹੋਵੇ, ਪਰ ਉਨ੍ਹਾਂ ਦੇ ਆਪੋ-ਆਪਣੇ ਖ਼ਿਆਲ ਤਾਂ ਜ਼ਰੂਰ ਹੁੰਦੇ ਹਨ। ਕਦੇ-ਕਦੇ ਪਤੀ-ਪਤਨੀ ਆਪਣੇ ਖ਼ਿਆਲ ਪੇਸ਼ ਕਰਨ ਲਈ ਉੱਚੀ ਆਵਾਜ਼ ਵਰਤਣ ਤੇ ਕਦੇ ਧੀਮੀ। ਪਰ ਗੱਲਬਾਤ ਜਿਵੇਂ ਮਰਜ਼ੀ ਕੀਤੀ ਜਾਵੇ ਇਸ ਦਾ ਉਨ੍ਹਾਂ ਦੇ ਰਿਸ਼ਤੇ ਤੇ ਅਸਰ ਜ਼ਰੂਰ ਪੈਂਦਾ ਹੈ। ਉਹ ਹਮੇਸ਼ਾ ਇਕ-ਦੂਜੇ ਵਿਚ ਨੁਕਸ ਕੱਢੀ ਜਾ ਸਕਦੇ ਹਨ ਜਾਂ ਫਿਰ ਇਕ-ਦੂਜੇ ਨੂੰ ਹੌਸਲਾ ਦੇ ਸਕਦੇ ਹਨ। ਜੀ ਹਾਂ, ਅਸੀਂ ਆਪਣੀ ਜ਼ਬਾਨ ਨਾਲ ਸੱਟ ਜਾਂ ਮਲ੍ਹਮ ਲਾ ਸਕਦੇ ਹਾਂ। ਜੇ ਇਸ ਨੂੰ ਲਗਾਮ ਨਾ ਦਿੱਤੀ ਜਾਵੇ, ਤਾਂ ਵਿਆਹ ਟੁੱਟਣ ਦੀ ਨੌਬਤ ਤੇ ਆ ਸਕਦਾ ਹੈ।—ਕਹਾਉਤਾਂ 12:18; 15:1, 2; 16:24; 21:9; 31:26.

12, 13. ਵਿਆਹ ਕਰਾਉਣ ਬਾਰੇ ਸੋਚਦੇ ਸਮੇਂ ਤੁਹਾਨੂੰ ਕੀ ਯਾਦ ਰੱਖਣਾ ਚਾਹੀਦਾ ਹੈ?

12 ਇਸ ਲਈ ਚੰਗਾ ਹੋਵੇਗਾ ਜੇ ਵਿਆਹ ਤੋਂ ਪਹਿਲਾਂ ਮੁੰਡਾ-ਕੁੜੀ ਇਕ-ਦੂਜੇ ਨੂੰ ਚੰਗੀ ਤਰ੍ਹਾਂ ਜਾਣਨ ਤੇ ਸਮਝਣ। ਇਕ ਸਿਆਣੀ ਸ਼ਾਦੀ-ਸ਼ੁਦਾ ਭੈਣ ਨੇ ਕਿਹਾ: “ਜਦ ਤੁਸੀਂ ਕਿਸੇ ਨਾਲ ਵਿਆਹ ਕਰਾਉਣ ਬਾਰੇ ਸੋਚਦੇ ਹੋ, ਤਾਂ ਪਹਿਲਾਂ ਆਪਣੇ ਆਪ ਨੂੰ ਪੁੱਛੋ ਕਿ ਉਸ ਦੀਆਂ ਕਿਹੜੀਆਂ ਗੱਲਾਂ ਤੁਹਾਨੂੰ ਪਸੰਦ ਹਨ। ਤੁਹਾਡੇ ਮਨ ਵਿਚ ਤਕਰੀਬਨ ਦਸ ਗੱਲਾਂ ਤਾਂ ਹੋਣੀਆਂ ਚਾਹੀਦੀਆਂ ਹਨ। ਜੇ ਤੁਹਾਨੂੰ ਉਸ ਵਿਚ ਸਿਰਫ਼ ਸੱਤ ਨਜ਼ਰ ਆਉਣ, ਤਾਂ ਆਪਣੇ ਆਪ ਨੂੰ ਪੁੱਛੋ, ‘ਜਿਹੜੀਆਂ ਤਿੰਨ ਇਸ ਵਿਚ ਨਹੀਂ ਹਨ, ਕੀ ਮੈਂ ਉਨ੍ਹਾਂ ਦੀ ਘਾਟ ਤੋਂ ਬਿਨਾਂ ਸਬਰ ਕਰ ਸਕਾਂਗਾ? ਕੀ ਉਨ੍ਹਾਂ ਦੀ ਕਮੀ ਮੈਨੂੰ ਰੋਜ਼-ਰੋਜ਼ ਤੰਗ ਨਹੀਂ ਕਰੇਗੀ?’ ਜੇ ਉਸ ਬਾਰੇ ਤੁਹਾਡੇ ਮਨ ਵਿਚ ਕੋਈ ਵੀ ਸ਼ੱਕ ਹੈ, ਤਾਂ ਵਿਆਹ ਕਰਾਉਣ ਨੂੰ ਕਾਹਲੀ ਨਾ ਕਰੋ।” ਪਰ ਤੁਹਾਨੂੰ ਸੁਪਨਿਆਂ ਦੀ ਦੁਨੀਆਂ ਵਿਚ ਵੀ ਨਹੀਂ ਰਹਿਣਾ ਚਾਹੀਦਾ ਕਿ ਕਿਸੇ-ਨ-ਕਿਸੇ ਦਿਨ ਤੁਹਾਡਾ ਰਾਜਕੁਮਾਰ ਜਾਂ ਰਾਜਕੁਮਾਰੀ ਤੁਹਾਨੂੰ ਮਿਲ ਹੀ ਜਾਵੇਗੀ। ਹਕੀਕਤ ਤਾਂ ਇਹ ਹੈ ਕਿ ਸਭ ਲੋਕ ਪਾਪੀ ਹਨ ਤੇ ਗ਼ਲਤੀਆਂ ਕਰਦੇ ਹਨ। ਇਸ ਦਾ ਮਤਲਬ ਹੈ ਕਿ ਜਿਸ ਦੀ ਤੁਹਾਨੂੰ ਤਲਾਸ਼ ਹੈ ਉਸ ਵਿਚ ਤੁਹਾਡੇ ਵਾਂਗ ਕਮੀਆਂ ਤਾਂ ਜ਼ਰੂਰ ਹੋਣਗੀਆਂ।—ਲੂਕਾ 6:41.

13 ਵਿਆਹੁਤਾ ਜੀਵਨ ਵਿਚ ਤੁਹਾਨੂੰ ਸਭ ਕੁਝ ਤਾਂ ਨਹੀਂ ਮਿਲਦਾ, ਤੁਹਾਨੂੰ ਕੁਝ-ਨ-ਕੁਝ ਤਾਂ ਕੁਰਬਾਨ ਕਰਨਾ ਹੀ ਪੈਂਦਾ ਹੈ। ਇਸ ਬਾਰੇ ਗੱਲ ਕਰਦੇ ਹੋਏ ਪੌਲੁਸ ਰਸੂਲ ਨੇ ਲਿਖਿਆ: “ਮੈਂ ਇਹ ਚਾਹੁੰਦਾ ਹਾਂ ਜੋ ਤੁਸੀਂ ਨਿਚਿੰਤ ਰਹੋ। ਅਣਵਿਆਹਿਆ ਪੁਰਖ ਪ੍ਰਭੁ ਦੀਆਂ ਗੱਲਾਂ ਦੀ ਚਿੰਤਾ ਕਰਦਾ ਹੈ ਜੋ ਉਹ ਪ੍ਰਭੁ ਨੂੰ ਕਿਵੇਂ ਪਰਸੰਨ ਕਰੇ। ਪਰ ਵਿਆਹਿਆ ਹੋਇਆ ਸੰਸਾਰ ਦੀਆਂ ਗੱਲਾਂ ਦੀ ਚਿੰਤਾ ਕਰਦਾ ਹੈ ਜੋ ਆਪਣੀ ਪਤਨੀ ਨੂੰ ਕਿਵੇਂ ਪਰਸੰਨ ਕਰੇ ਅਤੇ ਉਹ ਦੁਬਧਾ ਵਿੱਚ ਪਿਆ ਰਹਿੰਦਾ ਹੈ। ਅਣਵਿਆਹੀ ਇਸਤ੍ਰੀ ਯਾ ਕੁਆਰੀ ਪ੍ਰਭੁ ਦੀਆਂ ਗੱਲਾਂ ਦੀ ਚਿੰਤਾ ਕਰਦੀ ਹੈ ਭਈ ਉਹ ਦੇਹੀ ਅਤੇ ਆਤਮਾ ਵਿੱਚ ਪਵਿੱਤਰ ਹੋਵੇ ਪਰ ਜਿਹੜੀ ਵਿਆਹੀ ਹੈ ਉਹ ਸੰਸਾਰ ਦੀਆਂ ਗੱਲਾਂ ਦੀ ਚਿੰਤਾ ਕਰਦੀ ਹੈ ਜੋ ਆਪਣੇ ਪਤੀ ਨੂੰ ਕਿਵੇਂ ਪਰਸੰਨ ਕਰੇ।”—1 ਕੁਰਿੰਥੀਆਂ 7:32-34.

ਵਿਆਹ ਟੁੱਟਣ ਦੇ ਕੁਝ ਕਾਰਨ

14, 15. ਵਿਆਹ ਟੁੱਟਣ ਤੋਂ ਪਹਿਲਾਂ ਕਈ ਵਾਰ ਕੀ ਦੇਖਿਆ ਗਿਆ ਹੈ?

14 ਬਾਰਾਂ ਸਾਲ ਦੀ ਸ਼ਾਦੀ ਤੋਂ ਬਾਅਦ ਸਾਡੀ ਇਕ ਭੈਣ ਦਾ ਪਤੀ ਕਿਸੇ ਹੋਰ ਤੀਵੀਂ ਮਗਰ ਲੱਗ ਕੇ ਉਸ ਨੂੰ ਛੱਡ ਗਿਆ। ਇਹ ਹੋਣ ਤੋਂ ਪਹਿਲਾਂ ਕੀ ਸਾਡੀ ਭੈਣ ਨੇ ਦਾਲ ਵਿਚ ਕੁਝ ਕਾਲਾ ਨਹੀਂ ਦੇਖਿਆ ਸੀ? ਉਹ ਦੱਸਦੀ ਹੈ: “ਉਹ ਪ੍ਰਾਰਥਨਾ ਕਰਨੋਂ ਹਟ ਗਿਆ ਸੀ ਤੇ ਛੋਟੇ-ਛੋਟੇ ਬਹਾਨੇ ਬਣਾ ਕੇ ਨਾ ਮੀਟਿੰਗਾਂ ਵਿਚ ਜਾਂਦਾ ਸੀ ਤੇ ਨਾ ਹੀ ਪ੍ਰਚਾਰ ਕਰਨ ਜਾਂਦਾ ਸੀ। ਉਹ ਮੇਰੇ ਨਾਲ ਗੱਲ ਕਰਨੋਂ ਵੀ ਹਟ ਗਿਆ ਤੇ ਕਹਿੰਦਾ ਸੀ ਕਿ ਉਹ ਬਹੁਤ ਥੱਕ ਗਿਆ ਜਾਂ ਉਸ ਕੋਲ ਟੈਮ ਨਹੀਂ ਸੀ। ਅਸੀਂ ਪਹਿਲਾਂ ਵਾਂਗ ਆਪਸ ਵਿਚ ਸੱਚਾਈ ਬਾਰੇ ਗੱਲ ਵੀ ਨਹੀਂ ਕਰ ਸਕਦੇ ਸੀ। ਉਹ ਬਿਲਕੁਲ ਬਦਲ ਗਿਆ ਸੀ।”

15 ਹੋਰ ਭੈਣ-ਭਰਾ ਦੱਸਦੇ ਹਨ ਕਿ ਉਨ੍ਹਾਂ ਦੇ ਜੀਵਨ ਸਾਥੀ ਉਨ੍ਹਾਂ ਨੂੰ ਕਿਉਂ ਛੱਡ ਕੇ ਗਏ ਸਨ। ਯਹੋਵਾਹ ਵਿਚ ਉਨ੍ਹਾਂ ਦੀ ਨਿਹਚਾ ਕਮਜ਼ੋਰ ਹੋ ਗਈ ਸੀ, ਉਨ੍ਹਾਂ ਨੇ ਬਾਈਬਲ ਦੀ ਸਟੱਡੀ ਕਰਨ ਵੱਲ ਧਿਆਨ ਦੇਣਾ ਛੱਡ ਦਿੱਤਾ ਸੀ, ਪ੍ਰਾਰਥਨਾ ਕਰਨੀ ਜਾਂ ਮੀਟਿੰਗਾਂ ਵਿਚ ਜਾਣਾ ਛੱਡ ਦਿੱਤਾ ਸੀ। ਇਸ ਦੇ ਨਤੀਜੇ ਵਜੋਂ ਉਨ੍ਹਾਂ ਦਾ ਧਿਆਨ ਰੱਬ ਦੀਆਂ ਗੱਲਾਂ ਵੱਲੋਂ ਹਟ ਗਿਆ ਯਾਨੀ ਨਾ ਯਹੋਵਾਹ ਉਨ੍ਹਾਂ ਲਈ ਅਸਲੀ ਰਿਹਾ ਤੇ ਨਾ ਹੀ ਉਸ ਦੇ ਵਾਅਦੇ। ਉਨ੍ਹਾਂ ਨੇ ਨਵੇਂ ਸੰਸਾਰ ਵਿਚ ਵਿਸ਼ਵਾਸ ਕਰਨਾ ਛੱਡ ਦਿੱਤਾ। ਕਈ ਵਾਰ ਕਿਸੇ ਓਪਰੇ ਮਗਰ ਲੱਗਣ ਤੋਂ ਪਹਿਲਾਂ ਹੀ ਉਹ ਸੱਚਾਈ ਵਿਚ ਇਸ ਤਰ੍ਹਾਂ ਕਮਜ਼ੋਰ ਹੋਏ ਹਨ।—ਇਬਰਾਨੀਆਂ 10:38, 39; 11:6; 2 ਪਤਰਸ 3:13, 14.

16. ਵਿਆਹ ਦੇ ਬੰਧਨ ਨੂੰ ਬਰਕਰਾਰ ਰੱਖਣ ਲਈ ਕੀ ਕੀਤਾ ਜਾ ਸਕਦਾ ਹੈ?

16 ਇਸ ਤੋਂ ਉਲਟ ਇਕ ਪਤੀ-ਪਤਨੀ ਦੱਸਦੇ ਹਨ ਕਿ ਉਹ ਆਪਣੇ ਵਿਆਹੁਤਾ ਜੀਵਨ ਵਿਚ ਇੰਨੇ ਸੁਖੀ ਹਨ ਕਿਉਂਕਿ ਉਨ੍ਹਾਂ ਨੇ ਮਿਲ ਕੇ ਰੱਬ ਵੱਲ ਧਿਆਨ ਲਾਇਆ ਹੈ। ਉਹ ਇਕੱਠੇ ਪ੍ਰਾਰਥਨਾ ਅਤੇ ਬਾਈਬਲ ਦੀ ਸਟੱਡੀ ਕਰਦੇ ਹਨ। ਪਤੀ ਦੱਸਦਾ ਹੈ: “ਅਸੀਂ ਇਕੱਠੇ ਬਾਈਬਲ ਪੜ੍ਹਦੇ ਹਾਂ ਤੇ ਇਕੱਠੇ ਪ੍ਰਚਾਰ ਕਰਨ ਜਾਂਦੇ ਹਾਂ। ਅਸੀਂ ਇਕੱਠੇ ਪਰਮੇਸ਼ੁਰ ਦੀ ਸੇਵਾ ਕਰ ਕੇ ਖ਼ੁਸ਼ ਹੁੰਦੇ ਹਾਂ।” ਇਸ ਤੋਂ ਅਸੀਂ ਇਕ ਜ਼ਰੂਰੀ ਸਬਕ ਸਿੱਖਦੇ ਹਾਂ: ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਬਰਕਰਾਰ ਰੱਖ ਕੇ ਵਿਆਹ ਦਾ ਬੰਧਨ ਵੀ ਬਰਕਰਾਰ ਰੱਖਿਆ ਜਾ ਸਕਦਾ ਹੈ।

ਸਮਝਦਾਰੀ ਤੇ ਗੱਲ-ਬਾਤ ਕਰਨ ਦੀ ਜ਼ਰੂਰਤ

17. (ੳ) ਵਿਆਹ ਨੂੰ ਮਜ਼ਬੂਤ ਰੱਖਣ ਲਈ ਪਹਿਲੀ ਜ਼ਰੂਰੀ ਗੱਲ ਕੀ ਹੈ? (ਅ) ਪੌਲੁਸ ਰਸੂਲ ਨੇ ਪਿਆਰ ਬਾਰੇ ਕੀ ਲਿਖਿਆ ਸੀ?

17 ਵਿਆਹ ਨੂੰ ਮਜ਼ਬੂਤ ਰੱਖਣ ਲਈ ਹੋਰ ਵੀ ਜ਼ਰੂਰੀ ਗੱਲਾਂ ਹਨ। ਪਹਿਲੀ ਗੱਲ ਹੈ ਕਿ ਅਸੀਂ ਸੁਪਨਿਆਂ ਦੀ ਦੁਨੀਆਂ ਵਿਚ ਨਾ ਰਹੀਏ। ਜਦ ਪਿਆਰ ਨਵਾਂ-ਨਵਾਂ ਹੁੰਦਾ ਹੈ, ਤਾਂ ਦੂਜੇ ਵਿਚ ਸਾਨੂੰ ਕੋਈ ਨੁਕਸ ਨਜ਼ਰ ਨਹੀਂ ਆਉਂਦਾ। ਪਰ ਜੇ ਨੁਕਸ ਨਜ਼ਰ ਆਵੇ ਵੀ, ਤਾਂ ਅਸੀਂ ਅੱਖਾਂ ਮੀਟ ਲੈਂਦੇ ਹਾਂ। ਅਸੀਂ ਸ਼ਾਇਦ ਰੋਮਾਂਸ ਨਾਵਲਾਂ ਪੜ੍ਹ ਕੇ ਜਾਂ ਫਿਲਮਾਂ ਦੇਖ ਕੇ ਇਸ ਤਰ੍ਹਾਂ ਦੇ ਜੀਵਨ ਸਾਥੀ ਦੀ ਤਲਾਸ਼ ਕਰੀਏ ਜੋ ਸਾਡੀਆਂ ਉਮੀਦਾਂ ਤੇ ਨਾ ਉਤਰ ਸਕੇ। ਸਮੇਂ ਦੇ ਬੀਤਣ ਨਾਲ ਸਾਡੀਆਂ ਅੱਖਾਂ ਤੋਂ ਪੜਦਾ ਉੱਠ ਜਾਂਦਾ ਹੈ। ਫਿਰ ਸਾਡੇ ਸਾਥੀ ਦੀਆਂ ਛੋਟੀਆਂ-ਛੋਟੀਆਂ ਗੱਲਾਂ ਤੋਂ ਸਾਨੂੰ ਖਿੱਝ ਆਉਣ ਲੱਗਦੀ ਹੈ। ਰਾਈ ਦੇ ਦਾਣੇ ਨੂੰ ਪਹਾੜ ਜਿੱਡਾ ਬਣਾਉਣ ਦੀ ਬਜਾਇ ਚੰਗਾ ਹੋਵੇਗਾ ਜੇ ਅਸੀਂ ਆਪਣੇ ਵਿਚ ਪਵਿੱਤਰ ਆਤਮਾ ਦੇ ਫਲ ਪੈਦਾ ਕਰਨ ਦੀ ਕੋਸ਼ਿਸ਼ ਕਰੀਏ ਜਿਸ ਦਾ ਇਕ ਫਲ ਹੈ ਪਿਆਰ। (ਗਲਾਤੀਆਂ 5:22, 23) ਪਿਆਰ ਦੀ ਭਾਵਨਾ ਬਹੁਤ ਗਹਿਰੀ ਹੁੰਦੀ ਹੈ। ਇੱਥੇ ਅਸੀਂ ਉਸ ਪਿਆਰ ਦੀ ਗੱਲ ਨਹੀਂ ਕਰ ਰਹੇ ਜੋ ਤੀਵੀਂ-ਆਦਮੀ ਦਰਮਿਆਨ ਹੁੰਦਾ ਹੈ, ਪਰ ਉਸ ਪਿਆਰ ਦੀ ਜੋ ਬਾਈਬਲ ਸਿਖਾਉਂਦੀ ਹੈ। ਪੌਲੁਸ ਰਸੂਲ ਨੇ ਇਸ ਪਿਆਰ ਬਾਰੇ ਲਿਖਿਆ: “ਪ੍ਰੇਮ ਧੀਰਜਵਾਨ ਅਤੇ ਕਿਰਪਾਲੂ ਹੈ। ਪ੍ਰੇਮ . . . ਆਪ ਸੁਆਰਥੀ ਨਹੀਂ, ਚਿੜ੍ਹਦਾ ਨਹੀਂ, ਬੁਰਾ ਨਹੀਂ ਮੰਨਦਾ। ਉਹ . . . ਸਭ ਕੁਝ ਝੱਲ ਲੈਂਦਾ, ਸਭਨਾਂ ਗੱਲਾਂ ਦੀ ਪਰਤੀਤ ਕਰਦਾ, ਸਭਨਾਂ ਗੱਲਾਂ ਦੀ ਆਸ ਰੱਖਦਾ, ਸਭ ਕੁਝ ਸਹਿ ਲੈਂਦਾ।” (1 ਕੁਰਿੰਥੀਆਂ 13:4-7) ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਜੇ ਅਸੀਂ ਸੱਚ-ਮੁੱਚ ਪਿਆਰ ਕਰਦੇ ਹਾਂ, ਤਾਂ ਅਸੀਂ ਆਪਣੇ ਸਾਥੀ ਦੀਆਂ ਕਮੀਆਂ ਤੇ ਕਮਜ਼ੋਰੀਆਂ ਸਹਿਣ ਲਈ ਤਿਆਰ ਹੋਵਾਂਗੇ। ਉਸ ਦੀਆਂ ਗ਼ਲਤੀਆਂ ਦਾ ਭਾਂਡਾ ਫੋੜਨ ਦੀ ਬਜਾਇ ਅਸੀਂ ਪਿਆਰ ਨਾਲ ਉਨ੍ਹਾਂ ਨੂੰ ਢੱਕ ਲਵਾਂਗੇ।—ਕਹਾਉਤਾਂ 10:12.

18. ਵਿਚਾਰ-ਵਟਾਂਦਰਾ ਕਰਨ ਨਾਲ ਵਿਆਹ ਦਾ ਬੰਧਨ ਮਜ਼ਬੂਤ ਕਿਵੇਂ ਬਣਦਾ ਹੈ?

18 ਵਿਆਹ ਨੂੰ ਮਜ਼ਬੂਤ ਰੱਖਣ ਲਈ ਦੂਸਰੀ ਜ਼ਰੂਰੀ ਗੱਲ ਹੈ ਵਿਚਾਰ-ਵਟਾਂਦਰਾ ਕਰਨਾ। ਭਾਵੇਂ ਸਾਡਾ ਵਿਆਹ ਹੋਏ ਨੂੰ ਕਈ ਸਾਲ ਬੀਤ ਚੁੱਕੇ ਹੋਣ, ਫਿਰ ਵੀ ਸਾਨੂੰ ਇਕ-ਦੂਜੇ ਨਾਲ ਗੱਲ-ਬਾਤ ਕਰਨੀ ਚਾਹੀਦੀ ਹੈ ਤੇ ਇਕ-ਦੂਜੇ ਦੀ ਸੁਣਨੀ ਚਾਹੀਦੀ ਹੈ। ਇਕ ਪਤੀ ਦੱਸਦਾ ਹੈ: “ਅਸੀਂ ਇਕ-ਦੂਏ ਅੱਗੇ ਆਪਣਾ ਪੂਰਾ ਦਿਲ ਖੋਲ੍ਹ ਦਿੰਦੇ ਹਾਂ, ਪਰ ਗੱਲ ਇਸ ਤਰ੍ਹਾਂ ਕਰਦੇ ਕਿ ਦੂਸਰੇ ਦਾ ਦਿਲ ਨਾ ਦੁਖੇ।” ਹੌਲੀ-ਹੌਲੀ ਪਤੀ-ਪਤਨੀ ਆਪਣੇ ਸਾਥੀ ਨੂੰ ਸਮਝਣ ਲੱਗ ਪੈਂਦੇ ਹਨ, ਉਹ ਗੱਲਾਂ ਵੀ ਜੋ ਨਹੀਂ ਕਹੀਆਂ ਜਾਂਦੀਆਂ। ਸਮੇਂ ਦੇ ਬੀਤਣ ਨਾਲ ਉਹ ਜਾਣ ਜਾਂਦੇ ਹਨ ਕਿ ਦੂਸਰਾ ਜਣਾ ਕਿਵੇਂ ਮਹਿਸੂਸ ਕਰਦਾ ਜਾਂ ਸੋਚਦਾ ਹੈ। ਕੁਝ ਔਰਤਾਂ ਕਹਿੰਦੀਆਂ ਹਨ ਕਿ ਉਨ੍ਹਾਂ ਦੇ ਘਰਵਾਲੇ ਉਨ੍ਹਾਂ ਦੀ ਗੱਲ ਨਹੀਂ ਸੁਣਦੇ। ਕੁਝ ਆਦਮੀ ਕਹਿੰਦੇ ਹਨ ਕਿ ਉਨ੍ਹਾਂ ਦੀਆਂ ਘਰਵਾਲੀਆਂ ਬੇਮੌਕੇ ਬੋਲਦੀਆਂ ਰਹਿੰਦੀਆਂ ਹਨ। ਵਿਚਾਰ-ਵਟਾਂਦਰਾ ਕਰਨ ਲਈ ਹਮਦਰਦੀ ਤੇ ਸਮਝਦਾਰੀ ਦੀ ਲੋੜ ਹੈ। ਚੰਗੀ ਤਰ੍ਹਾਂ ਗੱਲ-ਬਾਤ ਕਰਨ ਨਾਲ ਪਤੀ-ਪਤਨੀ ਦੋਹਾਂ ਨੂੰ ਲਾਭ ਹੁੰਦਾ ਹੈ।—ਯਾਕੂਬ 1:19.

19. (ੳ) ਮਾਫ਼ੀ ਮੰਗਣੀ ਆਸਾਨ ਕਿਉਂ ਨਹੀਂ ਹੁੰਦੀ? (ਅ) ਸਾਨੂੰ ਮਾਫ਼ੀ ਕਿਉਂ ਮੰਗ ਲੈਣੀ ਚਾਹੀਦੀ ਹੈ?

19 ਗੱਲਬਾਤ ਜਾਰੀ ਰੱਖਣ ਲਈ ਕਦੀ-ਕਦੀ ਸਾਨੂੰ ਮਾਫ਼ੀ ਵੀ ਮੰਗਣ ਦੀ ਲੋੜ ਪੈਂਦੀ ਹੈ। ਇਸ ਤਰ੍ਹਾਂ ਕਰਨਾ ਆਸਾਨ ਨਹੀਂ ਹੈ। ਆਪਣੀ ਗ਼ਲਤੀ ਕਬੂਲ ਕਰਨ ਲਈ ਨੀਵੇਂ ਹੋਣਾ ਪੈਂਦਾ ਹੈ। ਪਰ ਇਸ ਦਾ ਸਾਡੇ ਵਿਆਹੁਤਾ ਜੀਵਨ ਤੇ ਕਿੰਨਾ ਚੰਗਾ ਅਸਰ ਪੈਂਦਾ ਹੈ! ਮਾਫ਼ੀ ਮੰਗਣ ਨਾਲ ਗੱਲ ਸੁਲਝਾਈ ਜਾ ਸਕਦੀ ਹੈ ਤਾਂਕਿ ਬਾਅਦ ਵਿਚ ਇਸ ਬਾਰੇ ਵਾਰ-ਵਾਰ ਬਹਿਸ ਨਹੀਂ ਕੀਤੀ ਜਾਵੇਗੀ। ਪੌਲੁਸ ਰਸੂਲ ਨੇ ਕਿਹਾ: “ਜੇ ਕੋਈ ਕਿਸੇ ਉੱਤੇ ਗਿਲਾ ਰੱਖਦਾ ਹੋਵੇ ਤਾਂ ਇੱਕ ਦੂਏ ਦੀ ਸਹਿ ਲਵੇ ਅਤੇ ਇੱਕ ਦੂਏ ਨੂੰ ਮਾਫ਼ ਕਰ ਦੇਵੇ। ਜਿਵੇਂ ਪ੍ਰਭੁ ਨੇ ਤੁਹਾਨੂੰ ਮਾਫ਼ ਕੀਤਾ ਤਿਵੇਂ ਤੁਸੀਂ ਵੀ ਕਰੋ ਅਤੇ ਇਨ੍ਹਾਂ ਸਭਨਾਂ ਦੇ ਉੱਤੋਂ ਦੀ ਪ੍ਰੇਮ ਨੂੰ ਪਾ ਲਓ ਜਿਹੜਾ ਸੰਪੂਰਨਤਾਈ ਦਾ ਬੰਧ ਹੈ।”—ਕੁਲੁੱਸੀਆਂ 3:13, 14.

20 ਵਿਆਹ ਨੂੰ ਮਜ਼ਬੂਤ ਰੱਖਣ ਲਈ ਤੀਸਰੀ ਜ਼ਰੂਰੀ ਗੱਲ ਹੈ ਇਕ-ਦੂਸਰੇ ਦਾ ਆਸਰਾ। ਇਕ ਪਤੀ-ਪਤਨੀ ਨੂੰ ਇਕ-ਦੂਜੇ ਉੱਤੇ ਭਰੋਸਾ ਰੱਖਣਾ ਚਾਹੀਦਾ ਹੈ ਤੇ ਇਕ-ਦੂਜੇ ਦੀ ਗੱਲ ਦਾ ਯਕੀਨ ਕਰਨਾ ਚਾਹੀਦਾ ਹੈ। ਇਕ ਨੂੰ ਦੂਸਰੇ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ, ਨਾ ਉਸ ਦਾ ਆਪਣੇ ਆਪ ਵਿਚ ਮਾਣ ਘਟਾਉਣਾ ਚਾਹੀਦਾ ਹੈ। ਸਾਨੂੰ ਆਪਣੇ ਸਾਥੀ ਵਿਚ ਨੁਕਸ ਕੱਢਣ ਦੀ ਬਜਾਇ ਉਸ ਦੀ ਸਿਫ਼ਤ ਕਰਨੀ ਚਾਹੀਦੀ ਹੈ। (ਕਹਾਉਤਾਂ 31:28ਅ) ਸਾਨੂੰ ਉਸ ਦਾ ਮਜ਼ਾਕ ਉਡਾ ਕੇ ਉਸ ਦੀ ਬੇਇੱਜ਼ਤੀ ਨਹੀਂ ਕਰਨੀ ਚਾਹੀਦੀ। (ਕੁਲੁੱਸੀਆਂ 4:6) ਇਕ-ਦੂਸਰੇ ਨੂੰ ਸਹਾਰਾ ਦੇਣ ਲਈ ਸਾਨੂੰ ਪਿਆਰ ਨਾਲ ਗੱਲ ਕਰਨੀ ਚਾਹੀਦੀ ਹੈ। ਜਿਸ ਤਰੀਕੇ ਨਾਲ ਅਸੀਂ ਆਪਣੇ ਪਤੀ-ਪਤਨੀ ਵੱਲ ਦੇਖਦੇ ਹਾਂ, ਉਸ ਨਾਲ ਪੇਸ਼ ਆਉਂਦੇ ਹਾਂ, ਉਸ ਤੋਂ ਉਸ ਨੂੰ ਪਤਾ ਹੋਣਾ ਚਾਹੀਦਾ ਕਿ ਅਸੀਂ ਅਜੇ ਵੀ ਉਸ ਨਾਲ ਪਿਆਰ ਕਰਦੇ ਹਾਂ। ਇਨ੍ਹਾਂ ਕੁਝ ਤਰੀਕਿਆਂ ਨਾਲ ਅੱਜ ਵੀ ਪਤੀ-ਪਤਨੀ ਵਿਚ ਪਿਆਰ ਬਰਕਰਾਰ ਰੱਖਿਆ ਜਾ ਸਕਦਾ ਹੈ। ਇਨ੍ਹਾਂ ਤੋਂ ਇਲਾਵਾ ਹੋਰ ਤਰੀਕੇ ਵੀ ਹਨ। ਵਿਆਹ ਦੇ ਬੰਧਨ ਨੂੰ ਮਜ਼ਬੂਤ ਰੱਖਣ ਲਈ ਅਗਲੇ ਲੇਖ ਵਿਚ ਬਾਈਬਲ ਤੋਂ ਹੋਰ ਸਲਾਹਾਂ ਦਿੱਤੀਆਂ ਗਈਆਂ ਹਨ। *

[ਫੁਟਨੋਟ]

^ ਪੈਰਾ 1 ਹੋਰ ਜਾਣਕਾਰੀ ਲਈ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਕਿਤਾਬ ਪਰਿਵਾਰਕ ਖ਼ੁਸ਼ੀ ਦਾ ਰਾਜ਼ ਪੜ੍ਹੋ।

ਕੀ ਤੁਸੀਂ ਸਮਝਾ ਸਕਦੇ ਹੋ?

• ਵਿਆਹੁਤਾ ਜੀਵਨ ਵਿਚ ਪਿਆਰ ਨੂੰ ਬਰਕਰਾਰ ਰੱਖਣਾ ਇੰਨਾ ਮੁਸ਼ਕਲ ਕਿਉਂ ਹੈ?

• ਜਲਦਬਾਜ਼ੀ ਵਿਚ ਸ਼ਾਦੀ ਕਰਾਉਣੀ ਠੀਕ ਕਿਉਂ ਨਹੀਂ?

• ਪਰਮੇਸ਼ੁਰ ਦੀ ਸੇਵਾ ਕਰਨ ਨਾਲ ਵਿਆਹੁਤਾ ਜੀਵਨ ਤੇ ਕੀ ਅਸਰ ਪੈਂਦਾ ਹੈ?

• ਵਿਆਹ ਦੇ ਬੰਧਨ ਨੂੰ ਕਿਹੜੀਆਂ ਗੱਲਾਂ ਮਜ਼ਬੂਤ ਬਣਾਉਂਦੀਆਂ ਹਨ

[ਸਵਾਲ]

20. ਇਕ ਪਤੀ-ਪਤਨੀ ਨੂੰ ਆਪਣੇ ਘਰ ਵਿਚ ਅਤੇ ਬਾਕੀਆਂ ਸਾਮ੍ਹਣੇ ਆਪਣੇ ਸਾਥੀ ਨਾਲ ਕਿਹੋ ਜਿਹਾ ਸਲੂਕ ਕਰਨਾ ਚਾਹੀਦਾ ਹੈ?

[ਸਫ਼ੇ 12 ਉੱਤੇ ਤਸਵੀਰ]

ਵਿਆਹ-ਸ਼ਾਦੀ ਸਿਰਫ਼ ਰੋਮਾਂਸ ਦੀ ਗੱਲ ਨਹੀਂ ਹੈ

[ਸਫ਼ੇ 14 ਉੱਤੇ ਤਸਵੀਰ]

ਪਤੀ-ਪਤਨੀ ਇਕੱਠੇ ਮਿਲ ਕੇ ਯਹੋਵਾਹ ਦੀ ਭਗਤੀ ਕਰਨ ਨਾਲ ਆਪਣੇ ਪਿਆਰ ਨੂੰ ਬਰਕਰਾਰ ਰੱਖ ਸਕਦੇ ਹਨ