ਸ਼ਬਦਾਂ ਦੀ ਜੰਗ—ਇਹ ਕਿਉਂ ਦਿਲਾਂ ਨੂੰ ਜ਼ਖ਼ਮੀ ਕਰਦੀ ਹੈ?
ਸ਼ਬਦਾਂ ਦੀ ਜੰਗ—ਇਹ ਕਿਉਂ ਦਿਲਾਂ ਨੂੰ ਜ਼ਖ਼ਮੀ ਕਰਦੀ ਹੈ?
“ਲੜਾਈਆਂ ਕਿੱਥੋਂ ਅਤੇ ਝਗੜੇ ਕਿੱਥੋਂ ਤੁਹਾਡੇ ਵਿੱਚ ਆਉਂਦੇ ਹਨ?”—ਯਾਕੂਬ 4:1.
ਬਾਈਬਲ ਲਿਖਾਰੀ ਯਾਕੂਬ ਇਹ ਸਵਾਲ ਰੋਮੀ ਫ਼ੌਜੀਆਂ ਨੂੰ ਨਹੀਂ ਪੁੱਛ ਰਿਹਾ ਸੀ ਜੋ ਉਸ ਸਮੇਂ ਜੰਗ ਲੜ ਰਹੇ ਸਨ; ਨਾ ਹੀ ਖੰਜਰਧਾਰੀ ਯਹੂਦੀ ਡਾਕੂਆਂ ਦੀਆਂ ਗੁਰੀਲਾ ਜੰਗਾਂ ਦਾ ਕਾਰਨ ਪੁੱਛ ਰਿਹਾ ਸੀ। ਯਾਕੂਬ ਤਾਂ ਆਮ ਬੰਦਿਆਂ ਦੇ ਆਪਸੀ ਲੜਾਈ-ਝਗੜਿਆਂ ਦੀ ਗੱਲ ਕਰ ਰਿਹਾ ਸੀ। ਕਿਉਂ? ਕਿਉਂਕਿ ਯੁੱਧ ਵਾਂਗ, ਇਹ ਲੜਾਈ-ਝਗੜੇ ਵੀ ਵਿਨਾਸ਼ਕਾਰੀ ਸਿੱਧ ਹੋ ਸਕਦੇ ਹਨ। ਬਾਈਬਲ ਵਿਚ ਦਿੱਤੀਆਂ ਕੁਝ ਉਦਾਹਰਣਾਂ ਉੱਤੇ ਗੌਰ ਕਰੋ।
ਪ੍ਰਾਚੀਨ ਸਮੇਂ ਦੇ ਕੁਲਪਿਤਾ ਯਾਕੂਬ ਦੇ ਪੁੱਤਰ ਆਪਣੇ ਛੋਟੇ ਭਰਾ ਯੂਸੁਫ਼ ਨੂੰ ਇੰਨੀ ਨਫ਼ਰਤ ਕਰਦੇ ਸਨ ਕਿ ਉਨ੍ਹਾਂ ਨੇ ਉਸ ਨੂੰ ਸੌਦਾਗਰਾਂ ਦੇ ਹੱਥ ਵੇਚ ਦਿੱਤਾ। (ਉਤਪਤ 37:4-28) ਸਦੀਆਂ ਬਾਅਦ ਇਸਰਾਏਲ ਦੇ ਰਾਜਾ ਸ਼ਾਊਲ ਨੇ ਦਾਊਦ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ। ਕਿਉਂ? ਕਿਉਂਕਿ ਉਹ ਦਾਊਦ ਤੋਂ ਸੜਦਾ ਸੀ। (1 ਸਮੂਏਲ 18:7-11; 23:14, 15) ਪਹਿਲੀ ਸਦੀ ਵਿਚ ਦੋ ਮਸੀਹੀ ਤੀਵੀਆਂ ਯੂਓਦੀਆ ਅਤੇ ਸੁੰਤੁਖੇ ਦੇ ਆਪਸੀ ਮਤਭੇਦ ਕਰਕੇ ਪੂਰੀ ਕਲੀਸਿਯਾ ਵਿਚ ਅਸ਼ਾਂਤੀ ਸੀ।—ਫ਼ਿਲਿੱਪੀਆਂ 4:2.
ਅੱਜ ਤੋਂ ਕੁਝ ਸਦੀਆਂ ਪਹਿਲਾਂ ਕਈ ਦੇਸ਼ਾਂ ਵਿਚ ਇਹ ਰਿਵਾਜ ਸੀ ਕਿ ਆਪਸੀ ਝਗੜਾ ਮੁਕਾਉਣ ਲਈ ਦੋ ਬੰਦੇ ਤਲਵਾਰਾਂ ਜਾਂ ਪਸਤੌਲਾਂ ਨਾਲ ਇਕ-ਦੂਸਰੇ ਦਾ ਸਾਮ੍ਹਣਾ ਕਰਦੇ ਸਨ। ਨਤੀਜੇ ਵਜੋਂ ਅਕਸਰ ਦੋਨਾਂ ਵਿੱਚੋਂ ਇਕ ਬੰਦਾ ਮਾਰਿਆ ਜਾਂਦਾ ਸੀ ਜਾਂ ਜ਼ਿੰਦਗੀ ਭਰ ਲਈ ਅਪਾਹਜ ਹੋ ਜਾਂਦਾ ਸੀ। ਪਰ ਅੱਜ-ਕੱਲ੍ਹ ਲੋਕ ਆਮ ਤੌਰ ਤੇ ਕਾਟਵੇਂ ਬੋਲ ਬੋਲ ਕੇ ਇਕ-ਦੂਸਰੇ ਨੂੰ ਜ਼ਖ਼ਮੀ ਕਰਦੇ ਹਨ। ਹਾਲਾਂਕਿ ਉਹ ਲਹੂ ਨਹੀਂ ਵਹਾਉਂਦੇ, ਪਰ ਉਨ੍ਹਾਂ ਦੇ ਕਠੋਰ ਸ਼ਬਦ ਦਿਲਾਂ ਨੂੰ ਚੀਰ ਕੇ ਰੱਖ ਦਿੰਦੇ ਹਨ ਅਤੇ ਇੱਜ਼ਤ-ਮਾਣ ਮਿੱਟੀ ਵਿਚ ਮਿਲਾ ਦਿੰਦੇ ਹਨ। ਇਨ੍ਹਾਂ “ਲੜਾਈਆਂ” ਵਿਚ ਅਕਸਰ ਮਾਸੂਮ ਲੋਕ ਮਾਰੇ ਜਾਂਦੇ ਹਨ।
ਕੁਝ ਸਾਲ ਪਹਿਲਾਂ ਇਕ ਐਂਗਲੀਕਨ ਪਾਦਰੀ ਨੇ ਆਪਣੇ ਗਿਰਜੇ ਦੇ ਇਕ ਹੋਰ ਪਾਦਰੀ ਉੱਤੇ ਹੇਰਾ-ਫੇਰੀ ਦਾ ਇਲਜ਼ਾਮ ਲਗਾਇਆ। ਉਨ੍ਹਾਂ ਦਾ ਝਗੜਾ ਇਸ ਹੱਦ ਤਕ ਵਧ ਗਿਆ ਕਿ ਚਰਚ ਦੋ ਗੁੱਟਾਂ ਵਿਚ ਵੰਡਿਆ ਗਿਆ। ਕੁਝ ਮੈਂਬਰ ਉਦੋਂ ਗਿਰਜੇ ਵਿਚ ਆਉਂਦੇ ਹੀ ਨਹੀਂ ਸਨ ਜਦੋਂ ਵਿਰੋਧੀ ਧਿਰ ਦਾ ਪਾਦਰੀ ਉਪਦੇਸ਼ ਦੇ ਰਿਹਾ ਹੁੰਦਾ ਸੀ। ਦੋਨਾਂ ਪਾਦਰੀਆਂ ਨੂੰ ਇਕ-ਦੂਸਰੇ ਨਾਲ ਇੰਨੀ ਨਫ਼ਰਤ ਸੀ ਕਿ ਉਹ ਗਿਰਜੇ ਵਿਚ ਪੂਜਾ ਦੌਰਾਨ ਵੀ ਇਕ-ਦੂਜੇ ਨਾਲ ਗੱਲ ਨਹੀਂ ਕਰਦੇ ਸਨ। ਬਾਅਦ ਵਿਚ ਜਦੋਂ ਦੋਸ਼ ਲਗਾਉਣ ਵਾਲੇ ਪਾਦਰੀ ਉੱਤੇ ਬਦਫੈਲੀ ਦਾ ਦੋਸ਼ ਲਗਾਇਆ ਗਿਆ, ਤਾਂ ਦੋਨਾਂ ਪਾਦਰੀਆਂ ਵਿਚ ਲੜਾਈ ਨੇ ਹੋਰ ਜ਼ੋਰ ਫੜ ਲਿਆ।
ਆਰਚਬਿਸ਼ਪ ਆਫ਼ ਕੈਂਟਰਬਰੀ ਨੇ ਦੋਨਾਂ ਪਾਦਰੀਆਂ ਦੇ ਝਗੜੇ ਨੂੰ “ਨਾਸੂਰ” ਕਹਿੰਦੇ ਹੋਏ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਉਹ ਆਪਣੀ ਲੜਾਈ ਮੁਕਾ ਦੇਣ। ਉਸ ਨੇ ਕਿਹਾ ਕਿ ਇਹ ਲੜਾਈ “ਸਾਡੇ ਪ੍ਰਭੂ ਦੇ ਨਾਂ ਦੀ ਬਦਨਾਮੀ” ਦਾ ਕਾਰਨ ਬਣ ਗਈ ਹੈ। ਸਾਲ 1997 ਵਿਚ ਇਕ ਪਾਦਰੀ ਰੀਟਾਇਰ ਹੋਣ ਲਈ ਮੰਨ ਗਿਆ। ਪਰ ਦੂਸਰੇ ਪਾਦਰੀ ਨੇ ਆਪਣਾ ਰੁਤਬਾ ਉਦੋਂ ਤਕ ਨਹੀਂ ਛੱਡਿਆ ਜਦ ਤਕ ਕਿ ਰੀਟਾਇਰਮੈਂਟ ਦੀ ਉਮਰ ਤੇ ਉਸ ਨੂੰ ਮਜਬੂਰਨ ਪਦਵੀ ਨਹੀਂ ਛੱਡਣੀ ਪਈ। ਫਿਰ ਵੀ ਉਸ ਨੇ ਅੰਤ ਤਕ ਆਪਣੀ ਪਦਵੀ ਨੂੰ ਫੜੀ ਰੱਖਿਆ ਅਤੇ 7 ਅਗਸਤ 2001 ਨੂੰ 70 ਸਾਲ ਦੀ ਉਮਰ ਤੇ ਰੀਟਾਇਰ ਹੋਇਆ। ਦ ਚਰਚ ਆਫ਼ ਇੰਗਲੈਂਡ ਨਿਊਜ਼ਪੇਪਰ ਮੁਤਾਬਕ, ਜਿਸ ਦਿਨ ਇਹ ਪਾਦਰੀ ਰੀਟਾਇਰ ਹੋਇਆ, ਉਹ “ਸੰਤ” ਵਿਕਟ੍ਰੀਸ਼ਿਅਸ ਦੇ ਤਿਉਹਾਰ ਦਾ ਦਿਨ ਸੀ। “ਸੰਤ” ਵਿਕਟ੍ਰੀਸ਼ਿਅਸ ਕੌਣ ਸੀ? ਕਿਹਾ ਜਾਂਦਾ ਹੈ ਕਿ ਚੌਥੀ ਸਦੀ ਦੇ ਇਸ ਬਿਸ਼ਪ ਨੂੰ ਕੋਰੜੇ ਮਾਰੇ ਗਏ ਸਨ ਕਿਉਂਕਿ ਉਹ ਫ਼ੌਜ ਵਿਚ ਲੜਨ ਲਈ ਤਿਆਰ ਨਹੀਂ ਸੀ। ਇਸ ਬਿਸ਼ਪ ਅਤੇ ਰੀਟਾਇਰ ਹੋਏ ਪਾਦਰੀ ਦੇ ਰਵੱਈਏ ਵਿਚ ਫ਼ਰਕ ਨੂੰ ਦਰਸਾਉਂਦੇ ਹੋਏ ਇਸ ਅਖ਼ਬਾਰ ਨੇ ਕਿਹਾ: “ਦੂਸਰੇ ਪਾਦਰੀਆਂ ਨਾਲ ਲੜਨ ਤੋਂ ਇਨਕਾਰ ਕਰਨਾ ਇਸ ਪਾਦਰੀ ਦੀ ਖੂਬੀ ਨਹੀਂ ਸੀ।”
ਦੋਨੋਂ ਪਾਦਰੀ ਆਪਣੇ ਆਪ ਨੂੰ ਅਤੇ ਦੂਸਰਿਆਂ ਨੂੰ ਦੁੱਖ ਪਹੁੰਚਾਉਣ ਤੋਂ ਬਚ ਸਕਦੇ ਸਨ ਜੇ ਉਨ੍ਹਾਂ ਨੇ ਰੋਮੀਆਂ 12:17, 18 ਦੀ ਇਸ ਸਲਾਹ ਨੂੰ ਲਾਗੂ ਕੀਤਾ ਹੁੰਦਾ: “ਬੁਰਿਆਈ ਦੇ ਵੱਟੇ ਕਿਸੇ ਨਾਲ ਬੁਰਿਆਈ ਨਾ ਕਰੋ। ਜਿਹੜੀਆਂ ਗੱਲਾਂ ਸਾਰੇ ਮਨੁੱਖਾਂ ਦੇ ਭਾਣੇ ਚੰਗੀਆਂ ਹਨ ਓਹਨਾਂ ਦਾ ਧਿਆਨ ਰੱਖੋ। ਜੇ ਹੋ ਸੱਕੇ ਤਾਂ ਆਪਣੀ ਵਾਹ ਲੱਗਦਿਆਂ ਸਾਰੇ ਮਨੁੱਖਾਂ ਦੇ ਨਾਲ ਮੇਲ ਰੱਖੋ।”
ਤੁਹਾਡੇ ਬਾਰੇ ਕੀ? ਜੇ ਕੋਈ ਤੁਹਾਨੂੰ ਗੁੱਸਾ ਚੜ੍ਹਾਉਂਦਾ ਹੈ, ਤਾਂ ਕੀ ਤੁਸੀਂ ਉਸ ਉੱਤੇ ਟੁੱਟ ਪੈਂਦੇ ਹੋ? ਜਾਂ ਕੀ ਤੁਸੀਂ ਸ਼ਾਂਤ ਰਹਿ ਕੇ ਸੁਲ੍ਹਾ-ਸਫ਼ਾਈ ਕਰਨ ਲਈ ਰਾਹ ਖੁੱਲ੍ਹਾ ਰੱਖਦੇ ਹੋ? ਜੇ ਤੁਸੀਂ ਕਿਸੇ ਨੂੰ ਦੁੱਖ ਪਹੁੰਚਾਉਂਦੇ ਹੋ, ਤਾਂ ਕੀ ਤੁਸੀਂ ਉਸ ਵਿਅਕਤੀ ਤੋਂ ਦੂਰ ਰਹਿੰਦੇ ਹੋ, ਇਸ ਆਸ ਨਾਲ ਕਿ ਸਮੇਂ ਦੇ ਬੀਤਣ ਨਾਲ ਉਹ ਸ਼ਾਇਦ ਤੁਹਾਡੀ ਗ਼ਲਤੀ ਭੁੱਲ ਜਾਵੇਗਾ ਅਤੇ ਸਭ ਕੁਝ ਆਪੇ ਠੀਕ ਹੋ ਜਾਵੇਗਾ? ਜਾਂ ਕੀ ਤੁਸੀਂ ਜਲਦੀ ਮਾਫ਼ੀ ਮੰਗ ਕੇ ਸੁਲ੍ਹਾ ਕਰ ਲੈਂਦੇ ਹੋ? ਤੁਸੀਂ ਭਾਵੇਂ ਦੂਸਰੇ ਕੋਲੋਂ ਮਾਫ਼ੀ ਮੰਗਦੇ ਹੋ ਜਾਂ ਦੂਸਰੇ ਨੂੰ ਮਾਫ਼ ਕਰਦੇ ਹੋ, ਸੁਲ੍ਹਾ-ਸਫ਼ਾਈ ਕਰਨ ਨਾਲ ਤੁਹਾਡੀ ਮਨ ਦੀ ਸ਼ਾਂਤੀ ਬਰਕਰਾਰ ਰਹੇਗੀ। ਬਾਈਬਲ ਦੀ ਸਲਾਹ ਮੰਨ ਕੇ ਪੁਰਾਣੇ ਲੜਾਈ-ਝਗੜੇ ਵੀ ਖ਼ਤਮ ਕੀਤੇ ਜਾ ਸਕਦੇ ਹਨ ਜਿਵੇਂ ਅਗਲੇ ਲੇਖ ਵਿਚ ਦੱਸਿਆ ਗਿਆ ਹੈ।