Skip to content

Skip to table of contents

ਸ਼ਾਦੀ-ਸ਼ੁਦਾ ਭੈਣ-ਭਰਾਵਾਂ ਲਈ ਸਲਾਹ

ਸ਼ਾਦੀ-ਸ਼ੁਦਾ ਭੈਣ-ਭਰਾਵਾਂ ਲਈ ਸਲਾਹ

ਸ਼ਾਦੀ-ਸ਼ੁਦਾ ਭੈਣ-ਭਰਾਵਾਂ ਲਈ ਸਲਾਹ

“ਹੇ ਪਤਨੀਓ, ਤੁਸੀਂ ਆਪਣਿਆਂ ਪਤੀਆਂ ਦੇ ਅਧੀਨ ਹੋਵੋ ਜਿਵੇਂ ਪ੍ਰਭੁ ਦੇ। ਹੇ ਪਤੀਓ, ਆਪਣੀਆਂ ਪਤਨੀਆਂ ਨਾਲ ਪ੍ਰੇਮ ਰੱਖੋ।”—ਅਫ਼ਸੀਆਂ 5:22, 25.

1. ਵਿਆਹ-ਸ਼ਾਦੀ ਬਾਰੇ ਸਾਨੂੰ ਕਿਵੇਂ ਸੋਚਣਾ ਚਾਹੀਦਾ ਹੈ?

ਯਿਸੂ ਮਸੀਹ ਨੇ ਕਿਹਾ ਸੀ ਕਿ ਪਰਮੇਸ਼ੁਰ ਨੇ ਤੀਵੀਂ-ਆਦਮੀ ਨੂੰ ਵਿਆਹ ਵਿਚ ਜੋੜ ਕੇ “ਇੱਕੋ ਸਰੀਰ” ਬਣਾਇਆ ਹੈ। (ਮੱਤੀ 19:5, 6) ਵਿਆਹ ਦੇ ਬੰਧਨ ਵਿਚ ਵੱਖਰੀਆਂ ਸ਼ਖ਼ਸੀਅਤਾਂ ਵਾਲੇ ਦੋ ਇਨਸਾਨ ਇਕੱਠੇ ਮਿਲ ਕੇ ਕੰਮ ਕਰਦੇ ਅਤੇ ਇੱਕੋ ਮੰਜ਼ਲ ਵੱਲ ਤੁਰਦੇ ਹਨ। ਵਿਆਹ-ਸ਼ਾਦੀ ਕੋਈ ਮਾਮੂਲੀ ਰਿਸ਼ਤਾ ਨਹੀਂ ਜੋ ਅੱਜ ਜੋੜਿਆ ਤੇ ਕੱਲ੍ਹ ਤੋੜਿਆ। ਇਹ ਜ਼ਿੰਦਗੀ ਭਰ ਇਕੱਠੇ ਰਹਿਣ ਦਾ ਵਾਅਦਾ ਹੈ। ਕਈ ਮੁਲਕਾਂ ਵਿਚ ਆਸਾਨੀ ਨਾਲ ਤਲਾਕ ਹਾਸਲ ਕੀਤਾ ਜਾ ਸਕਦਾ ਹੈ, ਪਰ ਯਹੋਵਾਹ ਦੇ ਲੋਕਾਂ ਦੀਆਂ ਨਜ਼ਰਾਂ ਵਿਚ ਵਿਆਹ ਦਾ ਰਿਸ਼ਤਾ ਪਵਿੱਤਰ ਹੈ ਜੋ ਕਿਸੇ ਗੰਭੀਰ ਕਾਰਨ ਤੋਂ ਬਿਨਾਂ ਤੋੜਿਆ ਨਹੀਂ ਜਾਣਾ ਚਾਹੀਦਾ।—ਮੱਤੀ 19:9.

2. (ੳ) ਸ਼ਾਦੀ-ਸ਼ੁਦਾ ਭੈਣ-ਭਰਾਵਾਂ ਨੂੰ ਮਦਦ ਕਿੱਥੋਂ ਮਿਲ ਸਕਦੀ ਹੈ? (ਅ) ਯਹੋਵਾਹ ਦੇ ਲੋਕਾਂ ਲਈ ਵਿਆਹ ਵਿਚ ਸਫ਼ਲ ਹੋਣਾ ਜ਼ਰੂਰੀ ਕਿਉਂ ਹੈ?

2 ਵਿਆਹੁਤਾ ਜੀਵਨ ਬਾਰੇ ਸਲਾਹ ਦੇਣ ਵਾਲੀ ਇਕ ਔਰਤ ਨੇ ਕਿਹਾ: ‘ਪਤੀ-ਪਤਨੀਆਂ ਦੇ ਰਿਸ਼ਤੇ ਵਿਚ ਮੁਸ਼ਕਲਾਂ ਤਾਂ ਆਉਂਦੀਆਂ ਰਹਿੰਦੀਆਂ, ਪਰ ਜਿਹੜੇ ਜੋੜੇ ਇਨ੍ਹਾਂ ਦਾ ਡੱਟ ਕੇ ਮੁਕਾਬਲਾ ਕਰਦੇ ਹਨ ਉਹ ਸਫ਼ਲ ਹੁੰਦੇ ਹਨ। ਉਹ ਜ਼ਿੰਦਗੀ ਦੇ ਹਰ ਮੋੜ ਤੇ ਹੋਰਨਾਂ ਤੋਂ ਮਦਦ ਲੈਣ ਤੋਂ ਪਿੱਛੇ ਨਹੀਂ ਹਟਦੇ ਹਨ।’ ਸਾਡੇ ਸ਼ਾਦੀ-ਸ਼ੁਦਾ ਭੈਣ-ਭਾਈਆਂ ਨੂੰ ਮਦਦ ਕਿੱਥੋਂ ਮਿਲ ਸਕਦੀ ਹੈ? ਉਹ ਬਾਈਬਲ ਦੀ ਸਲਾਹ ਲੈ ਸਕਦੇ ਹਨ, ਕਲੀਸਿਯਾ ਵਿਚ ਹੋਰਨਾਂ ਭੈਣ-ਭਰਾਵਾਂ ਤੋਂ ਅਤੇ ਪ੍ਰਾਰਥਨਾ ਰਾਹੀਂ ਯਹੋਵਾਹ ਤੋਂ ਮਦਦ ਮੰਗ ਸਕਦੇ ਹਨ। ਅਜਿਹੇ ਪਤੀ-ਪਤਨੀ ਸਾਲਾਂ ਦੇ ਬੀਤਣ ਨਾਲ ਵੀ ਖ਼ੁਸ਼ੀ ਭਰੀ ਅਤੇ ਸੁਖ ਦੀ ਜ਼ਿੰਦਗੀ ਬਤੀਤ ਕਰਦੇ ਹਨ। ਸਭ ਤੋਂ ਵੱਡੀ ਗੱਲ ਹੈ ਕਿ ਅਜਿਹੇ ਜੋੜਿਆਂ ਦੇ ਵਿਆਹਾਂ ਤੋਂ ਯਹੋਵਾਹ ਦੀ ਵਡਿਆਈ ਹੁੰਦੀ ਹੈ ਕਿਉਂਕਿ ਉਸ ਨੇ ਹੀ ਵਿਆਹ ਦੀ ਨੀਂਹ ਧਰੀ ਸੀ।—ਉਤਪਤ 2:18, 21-24; 1 ਕੁਰਿੰਥੀਆਂ 10:31; ਅਫ਼ਸੀਆਂ 3:15; 1 ਥੱਸਲੁਨੀਕੀਆਂ 5:17.

ਯਿਸੂ ਤੇ ਉਸ ਦੇ ਚੇਲਿਆਂ ਦੀ ਨਕਲ ਕਰੋ

3. (ੳ) ਪੌਲੁਸ ਰਸੂਲ ਨੇ ਸ਼ਾਦੀ-ਸ਼ੁਦਾ ਭੈਣ-ਭਾਈਆਂ ਨੂੰ ਕਿਹੜੀ ਸਲਾਹ ਦਿੱਤੀ ਸੀ? (ਅ) ਯਿਸੂ ਦੀ ਨਕਲ ਕਰਨ ਦਾ ਕੀ ਮਤਲਬ ਹੈ?

3 ਪੌਲੁਸ ਰਸੂਲ ਨੇ ਸਰਦਾਰੀ ਦੇ ਅਸੂਲ ਬਾਰੇ ਕਿਹਾ ਸੀ: “ਜਿਸ ਪਰਕਾਰ ਕਲੀਸਿਯਾ ਮਸੀਹ ਦੇ ਅਧੀਨ ਹੈ ਇਸੇ ਪਰਕਾਰ ਪਤਨੀਆਂ ਭੀ ਹਰ ਗੱਲ ਵਿੱਚ ਆਪਣਿਆਂ ਪਤੀਆਂ ਦੇ ਅਧੀਨ ਹੋਣ। ਹੇ ਪਤੀਓ, ਆਪਣੀਆਂ ਪਤਨੀਆਂ ਨਾਲ ਪ੍ਰੇਮ ਰੱਖੋ ਜਿਵੇਂ ਮਸੀਹ ਨੇ ਵੀ ਕਲੀਸਿਯਾ ਨਾਲ ਪ੍ਰੇਮ ਕੀਤਾ ਅਤੇ ਆਪਣੇ ਆਪ ਨੂੰ ਉਸ ਦੇ ਲਈ ਦੇ ਦਿੱਤਾ।” (ਅਫ਼ਸੀਆਂ 5:24, 25) ਇੱਥੇ ਦੱਸਿਆ ਗਿਆ ਹੈ ਕਿ ਕਲੀਸਿਯਾ ਯਾਨੀ ਯਿਸੂ ਦੇ ਚੇਲੇ ਉਸ ਦੇ ਅਧੀਨ ਸਨ। ਜਿਹੜੀਆਂ ਪਤਨੀਆਂ ਆਪਣੇ ਪਤੀਆਂ ਦੇ ਅਧੀਨ ਰਹਿੰਦੀਆਂ ਹਨ, ਉਹ ਬਾਈਬਲ ਦੀ ਸਲਾਹ ਮੁਤਾਬਕ ਚੱਲਦੀਆਂ ਹਨ। ਇਸ ਹਵਾਲੇ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਯਿਸੂ ਨੇ ਆਪਣੇ ਚੇਲਿਆਂ ਨੂੰ ਕਿੰਨਾ ਪਿਆਰ ਕੀਤਾ ਸੀ। ਜਿਹੜੇ ਪਤੀ ਯਿਸੂ ਦੇ ਪਿਆਰ ਦੀ ਨਕਲ ਕਰ ਕੇ ਆਪਣੀਆਂ ਪਤਨੀਆਂ ਨੂੰ ਚੰਗੇ ਤੇ ਮਾੜੇ ਸਮੇਂ ਵਿਚ ਪਿਆਰ ਕਰਦੇ ਹਨ, ਉਹ ਵੀ ਬਾਈਬਲ ਦੀ ਸਲਾਹ ਮੁਤਾਬਕ ਚੱਲਦੇ ਹਨ। ਇਹ ਸਲਾਹ ਕਿੰਨੀ ਵਧੀਆ ਹੈ!

4. ਪਤੀ ਯਿਸੂ ਦੀ ਨਕਲ ਕਿਵੇਂ ਕਰ ਸਕਦੇ ਹਨ?

4 ਸਾਡੇ ਭਰਾ ਆਪਣੇ ਪਰਿਵਾਰਾਂ ਦੇ ਸਿਰ ਹਨ ਅਤੇ ਉਨ੍ਹਾਂ ਦਾ ਸਿਰ ਯਿਸੂ ਮਸੀਹ ਹੈ। (1 ਕੁਰਿੰਥੀਆਂ 11:3) ਇਸ ਲਈ ਜਿਵੇਂ ਯਿਸੂ ਨੇ ਆਪਣੇ ਚੇਲਿਆਂ ਦੀ ਦੇਖ-ਭਾਲ ਕੀਤੀ ਸੀ, ਉਸੇ ਤਰ੍ਹਾਂ ਪਤੀ ਵੀ ਪਿਆਰ ਨਾਲ ਆਪਣੇ ਪਰਿਵਾਰਾਂ ਦੀ ਦੇਖ-ਭਾਲ ਕਰਦੇ ਹਨ। ਭਾਵੇਂ ਉਨ੍ਹਾਂ ਨੂੰ ਆਪਾ ਵਾਰਨਾ ਪਵੇ, ਪਰ ਉਹ ਆਪਣੇ ਟੱਬਰ ਲਈ ਸਭ ਕੁਝ ਕਰਨ ਨੂੰ ਤਿਆਰ ਹੁੰਦੇ ਹਨ। ਉਹ ਆਪਣੀ ਮਰਜ਼ੀ ਕਰਨ ਦੀ ਬਜਾਇ ਆਪਣੇ ਪਰਿਵਾਰ ਦੀਆਂ ਲੋੜਾਂ ਬਾਰੇ ਸੋਚਦੇ ਹਨ। ਯਿਸੂ ਨੇ ਕਿਹਾ ਸੀ: “ਜੋ ਕੁਝ ਤੁਸੀਂ ਚਾਹੁੰਦੇ ਹੋ ਜੋ ਮਨੁੱਖ ਤੁਹਾਡੇ ਨਾਲ ਕਰਨ ਤੁਸੀਂ ਵੀ ਉਨ੍ਹਾਂ ਨਾਲ ਓਵੇਂ ਹੀ ਕਰੋ।” (ਮੱਤੀ 7:12) ਇਹ ਗੱਲ ਖ਼ਾਸਕਰ ਪਤੀ-ਪਤਨੀ ਦੇ ਰਿਸ਼ਤੇ ਤੇ ਲਾਗੂ ਹੁੰਦੀ ਹੈ। ਪੌਲੁਸ ਨੇ ਇਸ ਬਾਰੇ ਕਿਹਾ: “ਪਤੀਆਂ ਨੂੰ ਭੀ ਚਾਹੀਦਾ ਹੈ ਜੋ ਆਪਣੀਆਂ ਪਤਨੀਆਂ ਨਾਲ ਅਜਿਹਾ ਪ੍ਰੇਮ ਕਰਨ ਜਿਵੇਂ ਆਪਣੇ ਸਰੀਰਾਂ ਨਾਲ ਕਰਦੇ ਹਨ। . . . ਕਿਉਂ ਜੋ ਕਿਸੇ ਨੇ ਆਪਣੇ ਸਰੀਰ ਨਾਲ ਕਦੇ ਵੈਰ ਨਹੀਂ ਕੀਤਾ ਸਗੋਂ ਉਹ ਉਸ ਨੂੰ ਪਾਲਦਾ ਪਲੋਸਦਾ ਹੈ।” (ਅਫ਼ਸੀਆਂ 5:28, 29) ਇਕ ਪਤੀ ਨੂੰ ਆਪਣੀ ਬੀਵੀ ਦਾ ਚੰਗਾ ਖ਼ਿਆਲ ਰੱਖਣਾ ਚਾਹੀਦਾ ਜਿਵੇਂ ਉਹ ਆਪਣਾ ਖ਼ਿਆਲ ਰੱਖਦਾ ਹੈ।

5. ਪਤਨੀਆਂ ਯਿਸੂ ਦੇ ਚੇਲਿਆਂ ਦੇ ਨਮੂਨੇ ਤੇ ਕਿਵੇਂ ਚੱਲ ਸਕਦੀਆਂ ਹਨ?

5 ਰੱਬ ਦੀ ਭਗਤੀ ਕਰਨ ਵਾਲੀਆਂ ਪਤਨੀਆਂ ਯਿਸੂ ਦੇ ਚੇਲਿਆਂ ਦੇ ਨਮੂਨੇ ਤੇ ਚੱਲਦੀਆਂ ਹਨ। ਚੇਲਿਆਂ ਨੇ ਯਿਸੂ ਦੇ ਮਗਰ ਜਾਣ ਲਈ ਆਪਣਾ ਸਭ ਕੁਝ ਪਿੱਛੇ ਛੱਡ ਦਿੱਤਾ ਸੀ। ਯਿਸੂ ਦੀ ਮੌਤ ਤੋਂ ਬਾਅਦ ਵੀ ਉਹ ਉਸ ਦੇ ਅਧੀਨ ਰਹੇ ਹਨ ਅਤੇ ਬੀਤੇ ਤਕਰੀਬਨ 2,000 ਸਾਲਾਂ ਦੌਰਾਨ ਯਿਸੂ ਦੇ ਸੱਚੇ ਚੇਲਿਆਂ ਨੇ ਉਸ ਦੇ ਅਧੀਨ ਰਹਿ ਕੇ ਉਸ ਨੂੰ ਆਪਣੇ ਸਿਰ ਵਜੋਂ ਕਬੂਲ ਕੀਤਾ ਹੈ। ਇਸੇ ਤਰ੍ਹਾਂ ਰੱਬ ਦਾ ਭੈ ਮੰਨਣ ਵਾਲੀ ਪਤਨੀ ਆਪਣੇ ਪਤੀ ਦੀ ਸਰਦਾਰੀ ਤੇ ਨੱਕ ਨਹੀਂ ਚੜ੍ਹਾਉਂਦੀ ਅਤੇ ਨਾ ਹੀ ਸੋਚਦੀ ਹੈ ਕਿ ਉਸ ਦੇ ਅਧੀਨ ਰਹਿਣਾ ਮਾਮੂਲੀ ਗੱਲ ਹੈ। ਇਸ ਦੀ ਬਜਾਇ ਉਹ ਆਪਣੇ ਪਤੀ ਦੀ ਗੱਲ ਸੁਣਦੀ, ਉਸ ਨਾਲ ਮਿਲ ਕੇ ਕੰਮ ਕਰਦੀ ਅਤੇ ਉਸ ਨੂੰ ਹੱਲਾਸ਼ੇਰੀ ਦਿੰਦੀ ਹੈ। ਜਦੋਂ ਪਤੀ-ਪਤਨੀ ਦੋਵੇਂ ਇਸ ਤਰ੍ਹਾਂ ਪਿਆਰ ਨਾਲ ਇਕ-ਦੂਜੇ ਨਾਲ ਪੇਸ਼ ਆਉਂਦੇ ਹਨ, ਤਾਂ ਉਨ੍ਹਾਂ ਦੇ ਰਿਸ਼ਤੇ ਵਿਚ ਪਿਆਰ ਤੇ ਸੁਖ ਬਰਕਰਾਰ ਜ਼ਰੂਰ ਰਹਿੰਦੇ ਹਨ।

ਆਪਣੀ ਪਤਨੀ ਦਾ ਖ਼ਿਆਲ ਰੱਖੋ

6. ਪਤਰਸ ਰਸੂਲ ਨੇ ਪਤੀਆਂ ਨੂੰ ਕਿਹੜੀ ਸਲਾਹ ਦਿੱਤੀ ਸੀ ਅਤੇ ਇਹ ਇੰਨੀ ਜ਼ਰੂਰੀ ਕਿਉਂ ਹੈ?

6 ਪਤਰਸ ਰਸੂਲ ਨੇ ਵੀ ਸ਼ਾਦੀ-ਸ਼ੁਦਾ ਲੋਕਾਂ ਨੂੰ ਸਲਾਹ ਦਿੱਤੀ ਸੀ। ਖ਼ਾਸਕਰ ਪਤੀਆਂ ਨੂੰ ਉਸ ਨੇ ਕਿਹਾ: “ਬੁੱਧ ਦੇ ਅਨੁਸਾਰ ਆਪਣੀਆਂ ਪਤਨੀਆਂ ਨਾਲ ਵੱਸੋ ਅਤੇ ਇਸਤ੍ਰੀ ਨੂੰ ਆਪਣੇ ਨਾਲੋਂ ਕੋਮਲ ਸਰੀਰ ਜਾਣ ਕੇ ਅਤੇ ਇਹ ਭੀ ਭਈ ਤੁਸੀਂ ਦੋਵੇਂ ਜੀਵਨ ਦੀ ਬਖ਼ਸ਼ੀਸ਼ ਦੇ ਸਾਂਝੇ ਅਧਕਾਰੀ ਹੋ ਉਹ ਦਾ ਆਦਰ ਕਰੋ ਤਾਂ ਜੋ ਤੁਹਾਡੀਆਂ ਪ੍ਰਾਰਥਨਾਂ ਰੁਕ ਨਾ ਜਾਣ।” (1 ਪਤਰਸ 3:7) ਇਸ ਆਇਤ ਦੇ ਆਖ਼ਰੀ ਸ਼ਬਦਾਂ ਨੂੰ ਫਿਰ ਤੋਂ ਦੇਖੋ। ਪਤਰਸ ਨੇ ਕਿਹਾ ਕਿ ਜੇ ਇਕ ਪਤੀ ਨੇ ਆਪਣੀ ਪਤਨੀ ਦਾ ਆਦਰ ਨਾ ਕੀਤਾ, ਤਾਂ ਯਹੋਵਾਹ ਨਾਲ ਉਸ ਦੇ ਰਿਸ਼ਤੇ ਤੇ ਮਾੜਾ ਅਸਰ ਪਵੇਗਾ। ਉਸ ਦੀਆਂ ਪ੍ਰਾਰਥਨਾਵਾਂ ਦੇ ਸੁਣੇ ਜਾਣ ਵਿਚ ਰੁਕਾਵਟ ਆ ਜਾਵੇਗੀ। ਹੁਣ ਅਸੀਂ ਪਤਰਸ ਦੀ ਸਲਾਹ ਦੀ ਜ਼ਰੂਰਤ ਸਮਝਦੇ ਹਾਂ।

7. ਇਕ ਪਤੀ ਨੂੰ ਆਪਣੀ ਪਤਨੀ ਦਾ ਆਦਰ ਕਿਵੇਂ ਕਰਨਾ ਚਾਹੀਦਾ ਹੈ?

7 ਤਾਂ ਫਿਰ ਇਕ ਪਤੀ ਆਪਣੀ ਪਤਨੀ ਦਾ ਆਦਰ ਕਿਵੇਂ ਕਰ ਸਕਦਾ ਹੈ? ਪਤਨੀ ਦਾ ਆਦਰ ਕਰਨ ਦਾ ਮਤਲਬ ਹੈ ਕਿ ਪਤੀ ਉਸ ਨਾਲ ਪਿਆਰ, ਇੱਜ਼ਤ ਅਤੇ ਅਦਬ ਨਾਲ ਪੇਸ਼ ਆਵੇ। ਪਹਿਲੀ ਸਦੀ ਦੇ ਯੂਨਾਨੀ ਲੋਕਾਂ ਨੂੰ ਪਤਨੀ ਨਾਲ ਚੰਗਾ ਸਲੂਕ ਕਰਨਾ ਸ਼ਾਇਦ ਅਜੀਬ ਲੱਗਾ ਹੋਵੇ। ਇਕ ਯੂਨਾਨੀ ਵਿਦਵਾਨ ਨੇ ਲਿਖਿਆ: ‘ਰੋਮੀ ਕਾਨੂੰਨ ਮੁਤਾਬਕ ਤੀਵੀਆਂ ਕੋਲ ਕੋਈ ਹੱਕ ਨਹੀਂ ਸਨ। ਕਾਨੂੰਨ ਅਨੁਸਾਰ ਉਨ੍ਹਾਂ ਦੇ ਹੱਕ ਬੱਚਿਆਂ ਦੇ ਹੱਕ ਬਰਾਬਰ ਸਨ। ਉਨ੍ਹਾਂ ਨੇ ਬਿਲਕੁਲ ਆਪਣੇ ਪਤੀਆਂ ਦੇ ਅਧੀਨ, ਆਸਰੇ ਅਤੇ ਵੱਸ ਵਿਚ ਜੀਣਾ ਸੀ।’ ਇਹ ਪਤਰਸ ਦੀ ਸਲਾਹ ਤੋਂ ਕਿੰਨਾ ਉਲਟ ਸੀ! ਰੱਬ ਦਾ ਭੈ ਮੰਨਣ ਵਾਲਾ ਪਤੀ ਆਪਣੀ ਪਤਨੀ ਦਾ ਆਦਰ ਕਰਦਾ ਸੀ। ਉਹ ਉਸ ਨਾਲ ਆਪਣੀ ਮਰਜ਼ੀ ਮੁਤਾਬਕ ਪੇਸ਼ ਆਉਣ ਦੀ ਬਜਾਇ ਬਾਈਬਲ ਦੇ ਅਸੂਲਾਂ ਮੁਤਾਬਕ ਪੇਸ਼ ਆਉਂਦਾ ਸੀ। ਇਸ ਤੋਂ ਇਲਾਵਾ ਉਹ “ਬੁੱਧ ਦੇ ਅਨੁਸਾਰ” ਆਪਣੀ ਪਤਨੀ ਦਾ ਖ਼ਿਆਲ ਰੱਖਦਾ ਸੀ ਤੇ ਕੋਮਲ ਸਰੀਰ ਦੇ ਨਾਤੇ ਉਸ ਦੀ ਦੇਖ-ਭਾਲ ਕਰਦਾ ਸੀ।

ਉਸ ਨੂੰ “ਕੋਮਲ ਸਰੀਰ” ਕਿਉਂ ਸੱਦਿਆ ਗਿਆ?

8, 9. ਕਿਨ੍ਹਾਂ ਤਰੀਕਿਆਂ ਨਾਲ ਔਰਤਾਂ ਮਰਦਾਂ ਦੇ ਬਰਾਬਰ ਹਨ?

8 ਪਤਰਸ ਨੇ ਔਰਤ ਨੂੰ “ਕੋਮਲ ਸਰੀਰ” ਕਿਉਂ ਸੱਦਿਆ ਸੀ? ਉਸ ਦਾ ਮਤਲਬ ਇਹ ਨਹੀਂ ਸੀ ਕਿ ਤੀਵੀਂ ਦਿਮਾਗ਼ੀ ਤੌਰ ਤੇ ਜਾਂ ਰੱਬ ਦੀ ਭਗਤੀ ਕਰਨ ਵਿਚ ਮਰਦਾਂ ਨਾਲੋਂ ਕਮਜ਼ੋਰ ਹੈ। ਹਾਂ ਇਹ ਸੱਚ ਹੈ ਕਿ ਕਲੀਸਿਯਾ ਵਿਚ ਭਰਾਵਾਂ ਨੂੰ ਰੱਬ ਦੀ ਸੇਵਾ ਕਰਨ ਦੇ ਜੋ ਮੌਕੇ ਮਿਲਦੇ ਹਨ ਉਹ ਭੈਣਾਂ ਨੂੰ ਨਹੀਂ ਮਿਲਦੇ ਅਤੇ ਆਪਣੇ ਘਰਾਂ ਵਿਚ ਭੈਣਾਂ ਆਪਣਿਆਂ ਪਤੀਆਂ ਦੇ ਅਧੀਨ ਹਨ। (1 ਕੁਰਿੰਥੀਆਂ 14:35; 1 ਤਿਮੋਥਿਉਸ 2:12) ਇਸ ਦੇ ਬਾਵਜੂਦ ਭਰਾਵਾਂ ਦੇ ਨਾਲ-ਨਾਲ ਭੈਣਾਂ ਨੂੰ ਵੀ ਨਿਹਚਾ ਰੱਖਣ, ਸਬਰ ਕਰਨ ਅਤੇ ਉੱਚੇ ਨੈਤਿਕ ਮਿਆਰਾਂ ਮੁਤਾਬਕ ਚੱਲਣ ਦੀ ਲੋੜ ਹੈ। ਪਤਰਸ ਨੇ ਕਿਹਾ ਸੀ ਕਿ ਪਤੀ-ਪਤਨੀ ਦੋਵੇਂ “ਜੀਵਨ ਦੀ ਬਖ਼ਸ਼ੀਸ਼ ਦੇ ਸਾਂਝੇ” ਹਨ। ਜਿੱਥੋਂ ਤਕ ਮੁਕਤੀ ਦੀ ਗੱਲ ਆਉਂਦੀ ਹੈ ਯਹੋਵਾਹ ਦੀਆਂ ਨਜ਼ਰਾਂ ਵਿਚ ਨਰ-ਨਾਰੀ ਬਰਾਬਰ ਹਨ। (ਗਲਾਤੀਆਂ 3:28) ਪਤਰਸ ਰਸੂਲ ਪਹਿਲੀ ਸਦੀ ਦੇ ਉਨ੍ਹਾਂ ਭੈਣ-ਭਾਈਆਂ ਨੂੰ ਲਿਖ ਰਿਹਾ ਸੀ ਜੋ ਯਿਸੂ ਨਾਲ ਸਵਰਗ ਵਿਚ ਰਾਜ ਕਰਨ ਦੀ ਉਮੀਦ ਰੱਖਦੇ ਸਨ। ਇਸ ਲਈ ਉਸ ਨੇ ਪਤੀਆਂ ਨੂੰ ਯਾਦ ਦਿਲਾਇਆ ਕਿ ਮਸੀਹ ਦੇ ਨਾਲ ਸਾਂਝੇ ਅਧਕਾਰੀਆਂ ਵਜੋਂ ਉਹ ਤੇ ਉਨ੍ਹਾਂ ਦੀਆਂ ਪਤਨੀਆਂ ਦੋਵੇਂ ਇੱਕੋ ਉਮੀਦ ਰੱਖਦੇ ਸਨ। (ਰੋਮੀਆਂ 8:17) ਇਕ ਦਿਨ ਦੋਵੇਂ ਸਵਰਗ ਵਿਚ ਜਾਜਕ ਬਣਨਗੇ ਅਤੇ ਧਰਤੀ ਉੱਤੇ ਰਾਜ ਕਰਨਗੇ।—ਪਰਕਾਸ਼ ਦੀ ਪੋਥੀ 5:10.

9 ਇਸ ਉਮੀਦ ਸਦਕਾ ਉਹ ਤੀਵੀਆਂ ਆਪਣੇ ਪਤੀਆਂ ਤੋਂ ਨੀਵੀਂ ਪਦਵੀ ਤੇ ਨਹੀਂ ਸਨ। ਇਸੇ ਤਰ੍ਹਾਂ ਜ਼ਮੀਨ ਤੇ ਰਹਿਣ ਦੀ ਉਮੀਦ ਰੱਖਣ ਵਾਲੇ ਤੀਵੀਂ-ਆਦਮੀ ਵੀ ਬਰਾਬਰ ਹਨ। “ਵੱਡੀ ਭੀੜ” ਦੇ ਮੈਂਬਰਾਂ ਵਜੋਂ ਦੋਹਾਂ ਨੇ ਲੇਲੇ ਦੇ ਲਹੂ ਨਾਲ ਆਪਣੇ ਬਸਤਰ ਧੋ ਕੇ ਉਨ੍ਹਾਂ ਨੂੰ ਚਿੱਟਾ ਕੀਤਾ ਹੈ। ਤੀਵੀਂ-ਆਦਮੀ ਦੋਵੇਂ “ਰਾਤ ਦਿਨ” ਯਹੋਵਾਹ ਦੀ ਵਡਿਆਈ ਕਰਦੇ ਹਨ। (ਪਰਕਾਸ਼ ਦੀ ਪੋਥੀ 7:9, 10, 14, 15) ਦੋਵੇਂ ਉਸ ਸਮੇਂ ਦੀ ਉਡੀਕ ਵਿਚ ਹਨ ਜਦ ਉਹ “ਪਰਮੇਸ਼ੁਰ ਦੇ ਬਾਲਕਾਂ ਦੀ ਵਡਿਆਈ ਦੀ ਅਜ਼ਾਦੀ” ਵਿਚ “ਅਸਲ ਜੀਵਨ” ਹਾਸਲ ਕਰਨਗੇ। (ਰੋਮੀਆਂ 8:21; 1 ਤਿਮੋਥਿਉਸ 6:19) ਸਾਡੇ ਭੈਣ-ਭਾਈ ਚਾਹੇ ਸਵਰਗ ਵਿਚ ਰਾਜ ਕਰਨ ਦੀ ਉਮੀਦ ਰੱਖਦੇ ਹਨ ਜਾਂ ਧਰਤੀ ਤੇ ਹਮੇਸ਼ਾ ਦੀ ਜ਼ਿੰਦਗੀ ਜੀਣ ਦੀ, ਦੋਵੇਂ ਸਮੂਹ “ਇੱਕੋ ਅਯਾਲੀ” ਦੀ ਦੇਖ-ਰੇਖ ਅਧੀਨ “ਇੱਕੋ ਇੱਜੜ” ਹਨ। (ਯੂਹੰਨਾ 10:16) ਇਕ-ਦੂਜੇ ਦਾ ਆਦਰ ਕਰਨ ਲਈ ਇਹ ਪਤੀ-ਪਤਨੀ ਲਈ ਕਿੰਨੀ ਜ਼ਬਰਦਸਤ ਪ੍ਰੇਰਣਾ ਹੈ!

10. ਔਰਤ ਨੂੰ “ਕੋਮਲ ਸਰੀਰ” ਕਿਉਂ ਸੱਦਿਆ ਗਿਆ ਹੈ?

10 ਫਿਰ ਇਕ ਔਰਤ “ਕੋਮਲ ਸਰੀਰ” ਕਿਵੇਂ ਹੈ? ਪਤਰਸ ਸ਼ਾਇਦ ਕਹਿ ਰਿਹਾ ਸੀ ਕਿ ਆਮ ਤੌਰ ਤੇ ਔਰਤਾਂ ਆਦਮੀਆਂ ਨਾਲੋਂ ਨਿੱਕੀਆਂ ਹੁੰਦੀਆਂ ਤੇ ਉਨ੍ਹਾਂ ਵਿਚ ਆਦਮੀਆਂ ਜਿੰਨੀ ਤਾਕਤ ਨਹੀਂ ਹੁੰਦੀ। ਇਸ ਤੋਂ ਇਲਾਵਾ ਔਰਤ ਦੇ ਸਰੀਰ ਤੇ ਮਾਂ ਬਣਨ ਦੀ ਕਾਬਲੀਅਤ ਦਾ ਵੀ ਵੱਡਾ ਅਸਰ ਪੈਂਦਾ ਹੈ। ਇਨਸਾਨਜਾਤ ਦੀ ਪਾਪੀ ਹਾਲਤ ਵਿਚ ਬੱਚੇ ਜਣਨ ਦੀ ਉਮਰ ਵਾਲੀ ਔਰਤ ਨੂੰ ਹਰ ਮਹੀਨੇ ਸਰੀਰਕ ਮੁਸ਼ਕਲਾਂ ਸਹਿਣੀਆਂ ਪੈਂਦੀਆਂ ਹਨ। ਇਨ੍ਹਾਂ ਮੌਕਿਆਂ ਤੇ, ਗਰਭ ਦੌਰਾਨ ਅਤੇ ਬੱਚੇ ਦੇ ਜਨਮ ਤੋਂ ਬਾਅਦ ਵੀ ਜ਼ਰੂਰੀ ਹੈ ਕਿ ਔਰਤ ਦੀ ਖ਼ਾਸ ਦੇਖ-ਰੇਖ ਅਤੇ ਲਿਹਾਜ਼ ਕੀਤਾ ਜਾਵੇ। ਆਦਰ ਕਰਨ ਵਾਲਾ ਪਤੀ ਆਪਣੀ ਪਤਨੀ ਦੀਆਂ ਇਹ ਲੋੜਾਂ ਪੂਰੀਆਂ ਕਰ ਕੇ ਆਪਣੇ ਵਿਆਹ ਵਿਚ ਪਿਆਰ ਨੂੰ ਬਰਕਰਾਰ ਰੱਖਦਾ ਹੈ।

ਜੇ ਸਾਡੇ ਜੀਵਨ ਸਾਥੀ ਨੇ ਸੱਚਾਈ ਨੂੰ ਸਵੀਕਾਰ ਨਾ ਕੀਤਾ ਹੋਵੇ

11. ਵੱਖਰੇ ਧਰਮਾਂ ਦੇ ਹੋਣ ਦੇ ਬਾਵਜੂਦ ਪਤੀ-ਪਤਨੀ ਆਪਣੇ ਰਿਸ਼ਤੇ ਵਿਚ ਸੁਖ ਕਿਵੇਂ ਪਾ ਸਕਦੇ ਹਨ?

11 ਫ਼ਰਜ਼ ਕਰੋ ਕਿ ਅਸੀਂ ਵਿਆਹ ਤੋਂ ਬਾਅਦ ਸੱਚਾਈ ਸਿੱਖੀ ਹੈ ਤੇ ਸਾਡੇ ਜੀਵਨ ਸਾਥੀ ਨੇ ਸਾਡੇ ਨਾਲ ਯਹੋਵਾਹ ਦੀ ਭਗਤੀ ਕਰਨੀ ਸ਼ੁਰੂ ਨਹੀਂ ਕੀਤੀ। ਫਿਰ ਵੀ ਕੀ ਅਸੀਂ ਆਪਣੇ ਵਿਆਹ ਵਿਚ ਪਿਆਰ ਨੂੰ ਬਰਕਰਾਰ ਰੱਖ ਸਕਦੇ ਹਾਂ? ਬਹੁਤ ਸਾਰੇ ਪਤੀ-ਪਤਨੀ ਇਸ ਤਰ੍ਹਾਂ ਕਰਨ ਵਿਚ ਕਾਮਯਾਬ ਹੋਏ ਹਨ। ਵੱਖਰੇ ਧਰਮਾਂ ਦੇ ਹੋਣ ਦੇ ਬਾਵਜੂਦ ਪਤੀ-ਪਤਨੀ ਆਪਣੇ ਰਿਸ਼ਤੇ ਵਿਚ ਸੁਖ ਪਾ ਸਕਦੇ ਹਨ। ਯਹੋਵਾਹ ਦੀਆਂ ਨਜ਼ਰਾਂ ਵਿਚ ਉਨ੍ਹਾਂ ਦਾ ਰਿਸ਼ਤਾ ਪਵਿੱਤਰ ਹੈ ਅਤੇ ਉਹ ਦੋਵੇਂ “ਇਕ ਸਰੀਰ” ਹਨ। ਇਸ ਲਈ ਸਾਡੇ ਭੈਣ-ਭਾਈਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਜੇ ਉਨ੍ਹਾਂ ਦਾ ਜੀਵਨ ਸਾਥੀ ਉਨ੍ਹਾਂ ਦੇ ਨਾਲ ਰਹਿਣ ਲਈ ਤਿਆਰ ਹੈ, ਤਾਂ ਉਨ੍ਹਾਂ ਨੂੰ ਇਕੱਠੇ ਰਹਿਣਾ ਚਾਹੀਦਾ ਹੈ। ਜੇ ਉਨ੍ਹਾਂ ਦੇ ਬੱਚੇ ਹਨ, ਤਾਂ ਉਨ੍ਹਾਂ ਬੱਚਿਆਂ ਨੂੰ ਯਹੋਵਾਹ ਦੀ ਸਿੱਖਿਆ ਤੋਂ ਲਾਭ ਹੋਵੇਗਾ।—1 ਕੁਰਿੰਥੀਆਂ 7:12-14.

12, 13. ਪਤਰਸ ਦੀ ਸਲਾਹ ਮੁਤਾਬਕ ਚੱਲ ਕੇ ਸਾਡੀਆਂ ਉਹ ਭੈਣਾਂ ਆਪਣੇ ਪਤੀਆਂ ਦੀ ਮਦਦ ਕਿਵੇਂ ਕਰ ਸਕਦੀਆਂ ਹਨ ਜੋ ਸੱਚਾਈ ਵਿਚ ਨਹੀਂ ਹਨ?

12 ਪਤਰਸ ਨੇ ਪਿਆਰ ਨਾਲ ਉਨ੍ਹਾਂ ਭੈਣਾਂ ਨੂੰ ਸਲਾਹ ਦਿੱਤੀ ਜਿਨ੍ਹਾਂ ਦੇ ਪਤੀ ਯਹੋਵਾਹ ਦੀ ਭਗਤੀ ਨਹੀਂ ਕਰਦੇ। ਸਾਡੇ ਉਹ ਭਰਾ ਵੀ ਉਸ ਦੀ ਸਲਾਹ ਤੋਂ ਲਾਭ ਹਾਸਲ ਕਰ ਸਕਦੇ ਹਨ ਜਿਨ੍ਹਾਂ ਦੀਆਂ ਪਤਨੀਆਂ ਸੱਚਾਈ ਵਿਚ ਨਹੀਂ ਹਨ। ਪਤਰਸ ਨੇ ਲਿਖਿਆ: “ਹੇ ਪਤਨੀਓ, ਆਪਣਿਆਂ ਪਤੀਆਂ ਦੇ ਅਧੀਨ ਹੋਵੋ ਭਈ ਜੇ ਕੋਈ ਬਚਨ ਨਾ ਵੀ ਮੰਨਦੇ ਹੋਣ ਤਾਂ ਓਹ ਬਚਨ ਤੋਂ ਬਿਨਾ ਆਪਣੀਆਂ ਪਤਨੀਆਂ ਦੀ ਚਾਲ ਢਾਲ ਦੇ ਕਾਰਨ ਖਿੱਚੇ ਜਾਣ। ਜਿਸ ਵੇਲੇ ਓਹ ਤੁਹਾਡੀ ਪਵਿੱਤਰ ਚਾਲ ਢਾਲ ਨੂੰ ਜੋ ਅਦਬ ਦੇ ਨਾਲ ਹੋਵੇ ਵੇਖ ਲੈਣ।”—1 ਪਤਰਸ 3:1, 2.

13 ਜੇਕਰ ਇਕ ਪਤਨੀ ਆਪਣੇ ਪਤੀ ਨੂੰ ਪਿਆਰ ਨਾਲ ਆਪਣੇ ਵਿਸ਼ਵਾਸ ਸਮਝਾ ਸਕਦੀ ਹੈ, ਤਾਂ ਗੱਲ ਸਭ ਤੋਂ ਵਧੀਆ ਹੈ। ਪਰ ਜੇ ਉਹ ਉਸ ਦੀ ਗੱਲ ਨਾ ਸੁਣਨੀ ਚਾਹੇ, ਤਾਂ ਫਿਰ ਪਤਨੀ ਨੂੰ ਕੀ ਕਰਨਾ ਚਾਹੀਦਾ ਹੈ? ਪਤਨੀ ਉਸ ਨੂੰ ਸੁਣਨ ਲਈ ਮਜਬੂਰ ਤਾਂ ਨਹੀਂ ਕਰ ਸਕਦੀ, ਪਰ ਉਹ ਆਪਣੇ ਨੇਕ ਚਾਲ-ਚੱਲਣ ਨਾਲ ਆਪਣੇ ਪਤੀ ਨੂੰ ਜਿੱਤ ਸਕਦੀ ਹੈ। ਕਈ ਪਤੀ ਜਿਨ੍ਹਾਂ ਨੂੰ ਪਹਿਲਾਂ ਆਪਣੀ ਪਤਨੀ ਦੇ ਵਿਸ਼ਵਾਸਾਂ ਵਿਚ ਬਿਲਕੁਲ ਕੋਈ ਦਿਲਚਸਪੀ ਨਹੀਂ ਸੀ ਜਾਂ ਉਹ ਉਸ ਦਾ ਵਿਰੋਧ ਕਰਦੇ ਸਨ, ਆਪਣੀ ਪਤਨੀ ਦਾ ਵਧੀਆ ਚਾਲ-ਚੱਲਣ ਦੇਖ ਕੇ ਸੱਚਾਈ ਵਿਚ ਆ ਗਏ ਹਨ। ਜੇ ਕੋਈ ਪਤੀ ਯਹੋਵਾਹ ਦੀ ਭਗਤੀ ਕਰਨ ਲਈ ਰਾਜ਼ੀ ਨਾ ਵੀ ਹੋਵੇ, ਫਿਰ ਵੀ ਉਸ ਦੀ ਪਤਨੀ ਦਾ ਵਧੀਆ ਚਾਲ-ਚੱਲਣ ਉਸ ਤੇ ਚੰਗਾ ਪ੍ਰਭਾਵ ਪਾ ਸਕਦਾ ਹੈ। ਇਹ ਉਨ੍ਹਾਂ ਦੇ ਵਿਆਹ ਦੇ ਬੰਧਨ ਨੂੰ ਮਜ਼ਬੂਤ ਕਰ ਸਕਦਾ ਹੈ। ਸਾਡੀ ਇਕ ਭੈਣ ਦੇ ਪਤੀ ਨੇ ਇਕ ਅਖ਼ਬਾਰ ਨੂੰ ਆਪਣੀ ਘਰਵਾਲੀ ਬਾਰੇ ਇਕ ਚਿੱਠੀ ਲਿਖੀ। ਉਹ ਆਪ ਯਹੋਵਾਹ ਦਾ ਗਵਾਹ ਨਹੀਂ ਹੈ ਕਿਉਂਕਿ ਉਸ ਦੇ ਮੁਤਾਬਕ ਉਹ ਗਵਾਹਾਂ ਦੇ ਉੱਚੇ ਨੈਤਿਕ ਮਿਆਰਾਂ ਉੱਤੇ ਨਹੀਂ ਚੱਲ ਸਕਦਾ। ਪਰ ਉਸ ਨੇ ਗਵਾਹਾਂ ਦੀ ਅਤੇ ਆਪਣੀ ਬੀਵੀ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਉਹ “ਇਕ ਦਿਲਕਸ਼ ਪਤਨੀ ਦਾ ਖ਼ੁਸ਼ ਪਤੀ ਸੀ।”

14. ਸਾਡੇ ਭਰਾ ਆਪਣੀਆਂ ਘਰਵਾਲੀਆਂ ਦੀ ਮਦਦ ਕਿਵੇਂ ਕਰ ਸਕਦੇ ਹਨ ਜੇ ਉਹ ਸੱਚਾਈ ਵਿਚ ਨਹੀਂ ਹਨ?

14 ਸਾਡੇ ਭਰਾਵਾਂ ਨੇ ਵੀ ਪਤਰਸ ਦੀ ਸਲਾਹ ਮੁਤਾਬਕ ਚੱਲ ਕੇ ਆਪਣੇ ਨੇਕ ਚਾਲ-ਚੱਲਣ ਨਾਲ ਆਪਣੀਆਂ ਘਰਵਾਲੀਆਂ ਨੂੰ ਜਿੱਤ ਲਿਆ ਹੈ। ਇਨ੍ਹਾਂ ਔਰਤਾਂ ਨੇ ਦੇਖਿਆ ਹੈ ਕਿ ਸੱਚਾਈ ਸਿੱਖਣ ਤੋਂ ਬਾਅਦ ਉਨ੍ਹਾਂ ਦੇ ਘਰਵਾਲੇ ਘਰ ਦੀ ਜ਼ਿੰਮੇਵਾਰੀ ਚੁੱਕਣ ਲੱਗ ਪੈਂਦੇ ਹਨ। ਉਹ ਬਹੁਤੀ ਪੀਣ, ਨਸ਼ੇ ਕਰਨ ਅਤੇ ਜੁਆ ਖੇਡਣ ਵਿਚ ਪੈਸਾ ਬਰਬਾਦ ਕਰਨੋਂ ਹਟ ਜਾਂਦੇ ਹਨ ਅਤੇ ਹੁਣ ਗਾਲ਼ਾਂ ਵੀ ਨਹੀਂ ਕੱਢਦੇ। ਸਾਡੇ ਭਰਾਵਾਂ ਦੀਆਂ ਘਰਵਾਲੀਆਂ ਉੱਤੇ ਕਲੀਸਿਯਾ ਵਿਚ ਭੈਣਾਂ-ਭਰਾਵਾਂ ਨੂੰ ਦੇਖ ਕੇ ਚੰਗਾ ਪ੍ਰਭਾਵ ਪਿਆ ਹੈ। ਸਾਡਾ ਆਪਸੀ ਪਿਆਰ ਦੇਖ ਕੇ ਉਨ੍ਹਾਂ ਨੇ ਆਪ ਸਾਡੇ ਨਾਲ ਯਹੋਵਾਹ ਦੀ ਭਗਤੀ ਕਰਨੀ ਚਾਹੀ ਹੈ।—ਯੂਹੰਨਾ 13:34, 35.

“ਮਨ ਦੀ ਗੁਪਤ ਇਨਸਾਨੀਅਤ”

15, 16. ਸਾਡੀ ਭੈਣ ਦਾ ਕਿਹੋ ਜਿਹਾ ਚਾਲ-ਚਲਣ ਉਸ ਦੇ ਘਰਵਾਲੇ ਨੂੰ ਜਿੱਤ ਸਕਦਾ ਹੈ?

15 ਪਤੀ ਨੂੰ ਜਿੱਤਣ ਲਈ ਕਿਹੋ ਜਿਹੇ ਚਾਲ-ਚੱਲਣ ਦੀ ਲੋੜ ਹੁੰਦੀ ਹੈ? ਅਜਿਹਾ ਚਾਲ-ਚੱਲਣ ਜੋ ਸਾਡੀ ਹਰੇਕ ਭੈਣ ਦਾ ਹੋਣਾ ਚਾਹੀਦਾ ਹੈ। ਪਤਰਸ ਨੇ ਕਿਹਾ: “ਤੁਹਾਡਾ ਸਿੰਗਾਰ ਸਿਰ ਗੁੰਦਣ ਅਤੇ ਸੋਨੇ ਦੇ ਗਹਿਣੇ ਪਾਉਣ ਅਥਵਾ ਬਸਤਰ ਪਹਿਨਣ ਦੇ ਨਾਲ ਬਾਹਰਲਾ ਨਾ ਹੋਵੇ। ਪਰ ਉਹ ਮਨ ਦੀ ਗੁਪਤ ਇਨਸਾਨੀਅਤ ਹੋਵੇ ਜਿਹੜੀ ਓਸ ਅਵਨਾਸੀ ਸਿੰਗਾਰ ਨਾਲ ਹੈ ਅਰਥਾਤ ਕੋਮਲ ਅਤੇ ਗੰਭੀਰ ਆਤਮਾ ਨਾਲ ਕਿਉਂ ਜੋ ਇਹ ਪਰਮੇਸ਼ੁਰ ਦੇ ਲੇਖੇ ਵੱਡੇ ਮੁੱਲ ਦਾ ਹੈ। ਕਿਉਂ ਜੋ ਇਸੇ ਤਰਾਂ ਅਗਲੇ ਸਮਿਆਂ ਵਿੱਚ ਪਵਿੱਤਰ ਇਸਤ੍ਰੀਆਂ ਜਿਹੜੀਆਂ ਪਰਮੇਸ਼ੁਰ ਉੱਤੇ ਆਸ ਰੱਖਦੀਆਂ ਸਨ ਆਪਣਿਆਂ ਪੁਰਸ਼ਾਂ ਦੇ ਅਧੀਨ ਹੋ ਕੇ ਆਪਣੇ ਆਪ ਨੂੰ ਸਿੰਗਾਰਦੀਆਂ ਸਨ। ਜਿਵੇਂ ਸਾਰਾਹ ਅਬਰਾਹਾਮ ਨੂੰ ਸੁਆਮੀ ਕਹਿ ਕੇ ਉਹ ਦੇ ਅਧੀਨ ਰਹੀ ਜਿਹ ਦੀਆਂ ਤੁਸੀਂ ਬੱਚੀਆਂ ਹੋਈਆਂ ਜੇ ਸ਼ੁਭ ਕਰਮ ਕਰਦੀਆਂ ਅਤੇ ਕਿਸੇ ਪਰਕਾਰ ਦੇ ਡਹਿਲ ਨਾਲ ਨਾ ਡਰਦੀਆਂ ਹੋਵੋ।”—1 ਪਤਰਸ 3:3-6.

16 ਪਤਰਸ ਨੇ ਭੈਣਾਂ ਨੂੰ ਕਿਹਾ ਕਿ ਉਹ ਆਪਣਾ ਪੂਰਾ ਧਿਆਨ ਆਪਣੇ ਬਾਹਰਲੇ ਰੂਪ ਵੱਲ ਹੀ ਨਾ ਲਾਉਣ। ਇਸ ਦੀ ਬਜਾਇ ਉਨ੍ਹਾਂ ਦੇ ਪਤੀਆਂ ਨੂੰ ਦਿੱਸ ਜਾਣਾ ਚਾਹੀਦਾ ਕਿ ਬਾਈਬਲ ਦੀ ਸਿੱਖਿਆ ਦਾ ਉਨ੍ਹਾਂ ਦੇ ਦਿਲ ਤੇ ਕਿੰਨਾ ਪ੍ਰਭਾਵ ਪੈ ਰਿਹਾ ਹੈ। ਉਸ ਨੂੰ ਆਪਣੀ ਪਤਨੀ ਦੇ ਸੁਭਾਅ ਵਿਚ ਤਬਦੀਲੀ ਨਜ਼ਰ ਆ ਜਾਣੀ ਚਾਹੀਦੀ ਹੈ। ਉਹ ਸ਼ਾਇਦ ਦੇਖੇ ਕਿ ਉਸ ਦੀ ਪਤਨੀ ਦੀ ਮਿਜ਼ਾਜ ਪਹਿਲਾਂ ਨਾਲੋਂ ਕਿੰਨੀ ਬਿਹਤਰ ਹੋ ਗਈ ਹੈ। (ਅਫ਼ਸੀਆਂ 4:22-24) ਉਸ ਨੂੰ ਆਪਣੀ ਪਤਨੀ ਦੀ ਨਵੀਂ “ਕੋਮਲ ਅਤੇ ਗੰਭੀਰ ਆਤਮਾ” ਜ਼ਰੂਰ ਪਸੰਦ ਆਵੇਗੀ। ਇਸ ਤਬਦੀਲੀ ਤੋਂ ਸਿਰਫ਼ ਉਸ ਦਾ ਪਤੀ ਹੀ ਨਹੀਂ ਖ਼ੁਸ਼ ਹੋਵੇਗਾ, ਪਰ ਇਹ “ਪਰਮੇਸ਼ੁਰ ਦੇ ਲੇਖੇ ਵੱਡੇ ਮੁੱਲ” ਦੀ ਤਬਦੀਲੀ ਹੈ।—ਕੁਲੁੱਸੀਆਂ 3:12.

17. ਸਾਡੀਆਂ ਭੈਣਾਂ ਸਾਰਾਹ ਦੀ ਮਿਸਾਲ ਤੇ ਕਿਵੇਂ ਚੱਲ ਸਕਦੀਆਂ ਹਨ?

17 ਬਾਈਬਲ ਵਿਚ ਪਤਨੀਆਂ ਲਈ ਸਾਰਾਹ ਦੀ ਮਿਸਾਲ ਦਿੱਤੀ ਗਈ ਹੈ। ਉਸ ਉੱਤੇ ਗੌਰ ਕਰਨ ਨਾਲ ਸਾਡੀਆਂ ਸਾਰੀਆਂ ਭੈਣਾਂ ਨੂੰ ਲਾਭ ਹੋ ਸਕਦਾ ਹੈ ਚਾਹੇ ਉਨ੍ਹਾਂ ਦੇ ਪਤੀ ਸੱਚਾਈ ਵਿਚ ਹੋਣ ਜਾਂ ਨਾ। ਸਾਰਾਹ ਹਮੇਸ਼ਾ ਆਪਣੇ ਪਤੀ ਅਬਰਾਹਾਮ ਦੇ ਅਧੀਨ ਰਹੀ ਸੀ। ਉਸ ਨੇ ਤਾਂ ਆਪਣੇ ਦਿਲ ਵਿਚ ਵੀ ਉਸ ਨੂੰ ਆਪਣਾ “ਸਵਾਮੀ” ਸਵੀਕਾਰ ਕੀਤਾ ਸੀ। (ਉਤਪਤ 18:12) ਉਸ ਦੀ ਅਧੀਨਗੀ ਨੇ ਉਸ ਦੀ ਕਦਰ ਨਹੀਂ ਘਟਾਈ ਸੀ। ਇਸ ਔਰਤ ਦੀ ਯਹੋਵਾਹ ਵਿਚ ਪੱਕੀ ਨਿਹਚਾ ਸੀ। ਅਸੀਂ ਯਕੀਨ ਕਰ ਸਕਦੇ ਹਾਂ ਕਿ ਉਹ ‘ਗਵਾਹਾਂ ਦੇ ਵੱਡੇ ਬੱਦਲ’ ਵਿਚ ਗਿਣੀ ਗਈ ਹੈ ਜਿਨ੍ਹਾਂ ਦੀ ਨਿਹਚਾ ਦੀ ਰੀਸ ਕਰ ਕੇ ਅਸੀਂ ‘ਉਸ ਦੌੜ ਵਿੱਚ ਜੋ ਸਾਡੇ ਸਾਹਮਣੇ ਪਈ ਹੋਈ ਹੈ ਸਬਰ ਨਾਲ ਦੌੜ’ ਸਕਦੇ ਹਾਂ। (ਇਬਰਾਨੀਆਂ 11:11; 12:1) ਇਕ ਭੈਣ ਲਈ ਸਾਰਾਹ ਵਰਗੀ ਪਤਨੀ ਬਣਨਾ ਨਿਰਾਦਰ ਦੀ ਗੱਲ ਨਹੀਂ ਹੈ।

18. ਜਿਨ੍ਹਾਂ ਭੈਣ-ਭਾਈਆਂ ਦੇ ਘਰਵਾਲੇ ਸੱਚਾਈ ਵਿਚ ਨਾ ਹੋਣ, ਉਨ੍ਹਾਂ ਨੂੰ ਬਾਈਬਲ ਦੀਆਂ ਕਿਹੜੀਆਂ ਗੱਲਾਂ ਯਾਦ ਰੱਖਣੀਆਂ ਚਾਹੀਦੀਆਂ ਹਨ?

18 ਜੇ ਇਕ ਪਤੀ ਸੱਚਾਈ ਵਿਚ ਨਾ ਵੀ ਹੋਵੇ, ਫਿਰ ਵੀ ਉਹ ਆਪਣੇ ਘਰ ਦਾ ਸਰਦਾਰ ਹੈ। ਜੇ ਉਹ ਸੱਚਾਈ ਵਿਚ ਹੈ, ਤਾਂ ਉਹ ਆਪਣੀ ਨਿਹਚਾ ਦਾ ਸਮਝੌਤਾ ਕਰਨ ਤੋਂ ਬਿਨਾਂ ਆਪਣੀ ਘਰਵਾਲੀ ਦੇ ਧਰਮ ਦਾ ਲਿਹਾਜ਼ ਕਰੇਗਾ। ਜੇ ਪਤਨੀ ਸੱਚਾਈ ਵਿਚ ਹੈ, ਤਾਂ ਉਹ ਵੀ ਆਪਣੀ ਨਿਹਚਾ ਦਾ ਸਮਝੌਤਾ ਨਹੀਂ ਕਰੇਗੀ। (ਰਸੂਲਾਂ ਦੇ ਕਰਤੱਬ 5:29) ਫਿਰ ਵੀ ਉਹ ਭੈਣ ਆਪਣੇ ਪਤੀ ਦੀ ਸਰਦਾਰੀ ਨੂੰ ਤੁੱਛ ਨਹੀਂ ਸਮਝੇਗੀ। ਉਹ ਆਪਣੇ ਪਤੀ ਦੀ ਸਰਦਾਰੀ ਦੀ ਕਦਰ ਕਰੇਗੀ ਅਤੇ ਉਸ ਦੇ ਅਧੀਨ ਰਹੇਗੀ।—ਰੋਮੀਆਂ 7:2.

ਬਾਈਬਲ ਤੋਂ ਵਧੀਆ ਸਲਾਹ

19. ਕਿਹੜੀਆਂ ਗੱਲਾਂ ਵਿਆਹ ਦੇ ਬੰਧਨ ਨੂੰ ਟੁੱਟਣ ਦੀ ਨੌਬਤ ਤਕ ਲਿਆਉਂਦੀਆਂ ਹਨ ਅਤੇ ਇਨ੍ਹਾਂ ਬਾਰੇ ਅਸੀਂ ਕੀ ਕਰ ਸਕਦੇ ਹਾਂ?

19 ਅੱਜ-ਕੱਲ੍ਹ ਬਹੁਤ ਸਾਰੀਆਂ ਗੱਲਾਂ ਵਿਆਹ ਦੇ ਬੰਧਨ ਨੂੰ ਟੁੱਟਣ ਦੀ ਨੌਬਤ ਤਕ ਲਿਆ ਸਕਦੀਆਂ ਹਨ। ਕੁਝ ਆਦਮੀ ਘਰ ਦੀ ਜ਼ਿੰਮੇਵਾਰੀ ਨਹੀਂ ਚੁੱਕਦੇ ਹਨ। ਕੁਝ ਔਰਤਾਂ ਆਪਣੇ ਪਤੀ ਦੀ ਸਰਦਾਰੀ ਕਬੂਲ ਨਹੀਂ ਕਰਦੀਆਂ। ਕੁਝ ਘਰਾਂ ਵਿਚ ਪਤੀ-ਪਤਨੀ ਇਕ-ਦੂਜੇ ਨੂੰ ਕੁੱਟਦੇ-ਮਾਰਦੇ ਜਾਂ ਗਾਲ਼ਾਂ ਕੱਢਦੇ ਹਨ। ਇਸ ਤੋਂ ਇਲਾਵਾ ਹੋਰ ਵੀ ਗੱਲਾਂ ਸਾਡੇ ਲਈ ਆਪਣੇ ਪਿਆਰ ਨੂੰ ਬਰਕਰਾਰ ਰੱਖਣਾ ਮੁਸ਼ਕਲ ਬਣਾਉਂਦੀਆਂ ਹਨ। ਪੈਸੇ ਦੀ ਤੰਗੀ, ਸਾਡੀਆਂ ਪਾਪੀ ਕਾਮਨਾਵਾਂ ਤੇ ਦੁਨੀਆਂ ਦੀ ਹਵਾ ਸਾਨੂੰ ਗ਼ਲਤ ਪਾਸੇ ਲਾਉਂਦੀ ਹੈ। ਪਰ ਜਿਹੜੇ ਭੈਣ-ਭਰਾ ਬਾਈਬਲ ਦੀ ਸਲਾਹ ਮੁਤਾਬਕ ਚੱਲਦੇ ਹਨ, ਯਹੋਵਾਹ ਉਨ੍ਹਾਂ ਦੀ ਝੋਲੀ ਬਰਕਤਾਂ ਨਾਲ ਭਰ ਦਿੰਦਾ ਹੈ। ਜੇ ਘਰ ਵਿਚ ਸਿਰਫ਼ ਇੱਕੋ ਜਣਾ ਬਾਈਬਲ ਦੀ ਸਲਾਹ ਮੁਤਾਬਕ ਚੱਲੇ, ਫਿਰ ਵੀ ਪਰਿਵਾਰ ਨੂੰ ਇਸ ਤੋਂ ਲਾਭ ਹੋਣਗੇ। ਯਹੋਵਾਹ ਨੂੰ ਆਪਣੇ ਉਹ ਸੇਵਕ ਪਿਆਰੇ ਹਨ ਜੋ ਮੁਸ਼ਕਲਾਂ ਦੇ ਬਾਵਜੂਦ ਆਪਣੇ ਵਿਆਹ ਵਿਚ ਪਿਆਰ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰਦੇ ਹਨ। ਯਹੋਵਾਹ ਉਨ੍ਹਾਂ ਨੂੰ ਸਹਾਰਾ ਦਿੰਦਾ ਰਹੇਗਾ। ਉਹ ਉਨ੍ਹਾਂ ਦੀ ਵਫ਼ਾਦਾਰੀ ਨੂੰ ਕਦੇ ਨਹੀਂ ਭੁੱਲੇਗਾ।—ਇਬਰਾਨੀਆਂ 6:10; 1 ਪਤਰਸ 3:12.

20. ਪਤਰਸ ਨੇ ਸਾਰੇ ਭੈਣ-ਭਾਈਆਂ ਨੂੰ ਕਿਹੜੀ ਸਲਾਹ ਦਿੱਤੀ ਸੀ?

20 ਪਤੀ-ਪਤਨੀਆਂ ਨੂੰ ਸਲਾਹ ਦੇਣ ਤੋਂ ਬਾਅਦ ਪਤਰਸ ਰਸੂਲ ਨੇ ਕਿਹਾ: “ਗੱਲ ਕਾਹਦੀ, ਤੁਸੀਂ ਸੱਭੇ ਇੱਕ ਮਨ ਹੋਵੋ, ਆਪੋ ਵਿੱਚੀਂ ਦਰਦੀ ਬਣੋ, ਭਰੱਪਣ ਦਾ ਪ੍ਰੇਮ ਰੱਖੋ, ਤਰਸਵਾਨ ਅਤੇ ਮਨ ਦੇ ਹਲੀਮ ਹੋਵੋ। ਬੁਰਿਆਈ ਦੇ ਬਦਲੇ ਬੁਰਿਆਈ ਨਾ ਕਰੋ ਅਤੇ ਗਾਲ ਦੇ ਬਦਲੇ ਗਾਲ ਨਾ ਕੱਢੋ ਸਗੋਂ ਉਲਟੇ ਅਸੀਸ ਦਿਓ ਕਿਉਂ ਜੋ ਤੁਸੀਂ ਇਸੇ ਦੇ ਲਈ ਸੱਦੇ ਗਏ ਤਾਂ ਜੋ ਅਸੀਸ ਦੇ ਅਧਕਾਰੀ ਹੋਵੋ।” (1 ਪਤਰਸ 3:8, 9) ਇਹ ਸਲਾਹ ਸੱਚ-ਮੁੱਚ ਹੀ ਵਧੀਆ ਹੈ ਤੇ ਖ਼ਾਸਕਰ ਪਤੀ-ਪਤਨੀ ਲਈ।

ਕੀ ਤੁਹਾਨੂੰ ਯਾਦ ਹੈ?

• ਸਾਡੇ ਭਰਾ ਯਿਸੂ ਦੀ ਨਕਲ ਕਿਵੇਂ ਕਰਦੇ ਹਨ?

• ਸਾਡੀਆਂ ਭੈਣਾਂ ਯਿਸੂ ਦੇ ਚੇਲਿਆਂ ਦੀ ਨਕਲ ਕਿਵੇਂ ਕਰਦੀਆਂ ਹਨ?

• ਪਤੀ ਆਪਣੀਆਂ ਪਤਨੀਆਂ ਦਾ ਆਦਰ ਕਿਵੇਂ ਕਰ ਸਕਦੇ ਹਨ?

• ਜੇ ਸਾਡੀ ਭੈਣ ਦਾ ਘਰਵਾਲਾ ਸੱਚਾਈ ਵਿਚ ਨਹੀਂ ਹੈ, ਤਾਂ ਉਸ ਨੂੰ ਕੀ ਕਰਨਾ ਚਾਹੀਦਾ ਹੈ?

[ਸਵਾਲ]

[ਸਫ਼ੇ 16 ਉੱਤੇ ਤਸਵੀਰ]

ਸਾਡੇ ਭਰਾ ਆਪਣੀਆਂ ਬੀਵੀਆਂ ਦਾ ਚੰਗਾ ਖ਼ਿਆਲ ਰੱਖਦੇ ਹਨ

ਸਾਡੀਆਂ ਭੈਣਾਂ ਆਪਣੇ ਪਤੀਆਂ ਦਾ ਆਦਰ-ਸਤਿਕਾਰ ਕਰਦੀਆਂ ਹਨ

[ਸਫ਼ੇ 17 ਉੱਤੇ ਤਸਵੀਰ]

ਰੋਮੀ ਕਾਨੂੰਨਾਂ ਤੋਂ ਉਲਟ ਬਾਈਬਲ ਵਿਚ ਪਤੀ ਨੂੰ ਆਪਣੀ ਪਤਨੀ ਦਾ ਆਦਰ ਕਰਨ ਲਈ ਕਿਹਾ ਗਿਆ ਹੈ

[ਸਫ਼ੇ 18 ਉੱਤੇ ਤਸਵੀਰ]

“ਵੱਡੀ ਭੀੜ” ਦੇ ਸਾਰੇ ਤੀਵੀਂ-ਆਦਮੀ ਹਮੇਸ਼ਾ ਲਈ ਧਰਤੀ ਤੇ ਜ਼ਿੰਦਾ ਰਹਿਣ ਦੀ ਉਮੀਦ ਰੱਖਦੇ ਹਨ

[ਸਫ਼ੇ 20 ਉੱਤੇ ਤਸਵੀਰ]

ਸਾਰਾਹ ਲਈ ਅਬਰਾਹਾਮ ਉਸ ਦਾ ਸਵਾਮੀ ਸੀ