Skip to content

Skip to table of contents

ਸੁਲ੍ਹਾ ਕਰਨ ਦੇ ਲਾਭ

ਸੁਲ੍ਹਾ ਕਰਨ ਦੇ ਲਾਭ

ਸੁਲ੍ਹਾ ਕਰਨ ਦੇ ਲਾਭ

ਐੱ ਡ ਕੁਝ ਹੀ ਘੰਟਿਆਂ ਦਾ ਮਹਿਮਾਨ ਸੀ, ਪਰ ਬਿੱਲ ਉਸ ਦੀ ਸ਼ਕਲ ਤਕ ਨਹੀਂ ਦੇਖਣੀ ਚਾਹੁੰਦਾ ਸੀ। ਵੀਹ ਸਾਲ ਪਹਿਲਾਂ ਐੱਡ ਦੇ ਇਕ ਗ਼ਲਤ ਫ਼ੈਸਲੇ ਕਰਕੇ ਬਿੱਲ ਨੂੰ ਆਪਣੀ ਨੌਕਰੀ ਤੋਂ ਹੱਥ ਧੋਣਾ ਪਿਆ ਸੀ ਜਿਸ ਕਰਕੇ ਉਨ੍ਹਾਂ ਦੀ ਦੋਸਤੀ ਦੁਸ਼ਮਣੀ ਵਿਚ ਬਦਲ ਗਈ। ਹੁਣ ਐੱਡ ਬਿੱਲ ਤੋਂ ਮਾਫ਼ੀ ਮੰਗਣੀ ਚਾਹੁੰਦਾ ਸੀ ਤਾਂਕਿ ਉਹ ਸ਼ਾਂਤੀ ਨਾਲ ਮਰ ਸਕੇ। ਪਰ ਬਿੱਲ ਉਸ ਦੀ ਕੋਈ ਗੱਲ ਸੁਣਨ ਲਈ ਤਿਆਰ ਨਹੀਂ ਸੀ।

ਲਗਭਗ 30 ਸਾਲਾਂ ਬਾਅਦ ਜਦੋਂ ਬਿੱਲ ਮਰਨ ਕੰਢੇ ਪਿਆ ਸੀ, ਤਾਂ ਉਸ ਨੇ ਦੱਸਿਆ ਕਿ ਉਹ ਐੱਡ ਨੂੰ ਕਿਉਂ ਮਾਫ਼ ਕਰਨ ਲਈ ਤਿਆਰ ਨਹੀਂ ਸੀ। “ਮੇਰਾ ਜਿਗਰੀ ਦੋਸਤ ਹੋ ਕੇ ਵੀ ਐੱਡ ਨੇ ਮੇਰੇ ਨਾਲ ਦਗਾ ਕੀਤਾ। ਵੀਹ ਸਾਲ ਬਾਅਦ ਵੀ ਮੈਂ ਉਸ ਦੀ ਗ਼ਲਤੀ ਨੂੰ ਭੁਲਾ ਨਹੀਂ ਸਕਿਆ। . . . ਮੈਂ ਸ਼ਾਇਦ ਗ਼ਲਤ ਕੀਤਾ, ਪਰ ਮੈਂ ਉਸ ਨੂੰ ਕਦੇ ਮਾਫ਼ ਨਹੀਂ ਕਰ ਸਕਦਾ।” *

ਹਰ ਮਤਭੇਦ ਦੇ ਇੰਨੇ ਦੁਖਦਾਈ ਨਤੀਜੇ ਨਹੀਂ ਨਿਕਲਦੇ, ਤਾਂ ਵੀ ਇਸ ਨਾਲ ਅਕਸਰ ਦੋਵੇਂ ਧਿਰਾਂ ਵਿਚ ਕੁੜੱਤਣ ਜਾਂ ਵੈਰ ਪੈਦਾ ਹੋ ਜਾਂਦਾ ਹੈ। ਐੱਡ ਵਰਗੇ ਕਿਸੇ ਵਿਅਕਤੀ ਦੀ ਮਿਸਾਲ ਲੈ ਲਓ। ਉਹ ਜਾਣਦਾ ਹੈ ਕਿ ਉਸ ਦੇ ਗ਼ਲਤ ਫ਼ੈਸਲੇ ਕਰਕੇ ਉਸ ਦੇ ਦੋਸਤ ਦਾ ਨੁਕਸਾਨ ਹੋਇਆ ਹੈ, ਇਸ ਲਈ ਸ਼ਾਇਦ ਉਸ ਦੀ ਜ਼ਮੀਰ ਉਸ ਨੂੰ ਕੋਸਦੀ ਰਹੇ। ਨਾਲ ਹੀ ਆਪਣੇ ਜਿਗਰੀ ਦੋਸਤ ਦੀ ਦੋਸਤੀ ਨੂੰ ਗੁਆਉਣ ਦਾ ਵੀ ਉਸ ਨੂੰ ਬਹੁਤ ਗਮ ਹੁੰਦਾ ਹੈ। ਪਰ ਉਸ ਨੂੰ ਸਭ ਤੋਂ ਜ਼ਿਆਦਾ ਦੁੱਖ ਇਸ ਗੱਲ ਦਾ ਹੁੰਦਾ ਹੈ ਕਿ ਉਸ ਦੇ ਦੋਸਤ ਨੇ ਸਾਲਾਂ ਦੀ ਦੋਸਤੀ ਨੂੰ ਕਿੰਨੀ ਆਸਾਨੀ ਨਾਲ ਭੁਲਾ ਦਿੱਤਾ!

ਪਰ ਬਿੱਲ ਵਾਂਗ ਸੋਚਣ ਵਾਲਾ ਵਿਅਕਤੀ ਸਮਝਦਾ ਹੈ ਕਿ ਉਸ ਦੇ ਦੋਸਤ ਨੇ ਉਸ ਦਾ ਨਾਜਾਇਜ਼ ਫ਼ਾਇਦਾ ਉਠਾਇਆ ਹੈ। ਉਸ ਦੇ ਦਿਲ ਵਿਚ ਕੁੜੱਤਣ ਤੇ ਨਫ਼ਰਤ ਪੈਦਾ ਹੋ ਜਾਂਦੀ ਹੈ। ਉਸ ਦਾ ਮੰਨਣਾ ਹੈ ਕਿ ਉਸ ਦੇ ਦੋਸਤ ਨੇ ਜਾਣ-ਬੁੱਝ ਕੇ ਉਸ ਦਾ ਨੁਕਸਾਨ ਕੀਤਾ ਹੈ। ਅਕਸਰ ਜਦੋਂ ਦੋ ਵਿਅਕਤੀਆਂ ਵਿਚ ਮਤਭੇਦ ਹੁੰਦਾ ਹੈ, ਤਾਂ ਦੋਨੋਂ ਹੀ ਆਪਣੇ ਆਪ ਨੂੰ ਸਹੀ ਤੇ ਦੂਸਰੇ ਨੂੰ ਗ਼ਲਤ ਕਹਿੰਦੇ ਹਨ। ਇਸ ਤਰ੍ਹਾਂ ਚੰਗੇ ਦੋਸਤਾਂ ਵਿਚ ਜੰਗ ਸ਼ੁਰੂ ਹੋ ਜਾਂਦੀ ਹੈ।

ਉਹ ਅਜਿਹੇ ਹਥਿਆਰਾਂ ਨਾਲ ਲੜਦੇ ਹਨ ਜਿਨ੍ਹਾਂ ਦੀ ਕੋਈ ਆਵਾਜ਼ ਨਹੀਂ ਹੁੰਦੀ—ਉਹ ਇਕ-ਦੂਸਰੇ ਨੂੰ ਦੇਖ ਕੇ ਮੂੰਹ ਮੋੜ ਲੈਂਦੇ ਹਨ ਜਾਂ ਆਮੋ-ਸਾਮ੍ਹਣੇ ਆਉਣ ਤੇ ਅਜਨਬੀਆਂ ਵਾਂਗ ਪੇਸ਼ ਆਉਂਦੇ ਹਨ। ਉਹ ਦੂਰੋਂ ਇਕ-ਦੂਸਰੇ ਨੂੰ ਚੋਰ ਅੱਖਾਂ ਨਾਲ ਦੇਖਦੇ ਹਨ ਜਾਂ ਨਫ਼ਰਤ ਭਰੀਆਂ ਅੱਖਾਂ ਨਾਲ ਤੀਰ ਚਲਾਉਂਦੇ ਹਨ। ਜੇ ਉਨ੍ਹਾਂ ਨੂੰ ਗੱਲ ਕਰਨੀ ਪੈ ਵੀ ਜਾਵੇ, ਤਾਂ ਉਹ ਘੱਟੋ-ਘੱਟ ਬੋਲਣ ਦੀ ਕੋਸ਼ਿਸ਼ ਕਰਦੇ ਹਨ ਜਾਂ ਕਾਟਵੇਂ ਬੋਲ ਬੋਲ ਕੇ ਇਕ-ਦੂਸਰੇ ਨੂੰ ਬੇਇੱਜ਼ਤ ਕਰਦੇ ਹਨ।

ਇਕ-ਦੂਸਰੇ ਦੇ ਜਾਨੀ ਦੁਸ਼ਮਣ ਬਣਨ ਦੇ ਬਾਵਜੂਦ ਇਹ ਦੋਵੇਂ ਵਿਅਕਤੀ ਕਈ ਗੱਲਾਂ ਤੇ ਸਹਿਮਤ ਹੋਣਗੇ। ਉਨ੍ਹਾਂ ਨੂੰ ਆਪਣੀ ਗਹਿਰੀ ਦੋਸਤੀ ਟੁੱਟ ਜਾਣ ਦਾ ਬਹੁਤ ਦੁੱਖ ਹੁੰਦਾ ਹੈ ਅਤੇ ਉਹ ਸ਼ਾਇਦ ਮੰਨਣਗੇ ਕਿ ਇਸ ਵਿਚ ਉਨ੍ਹਾਂ ਦੀ ਵੀ ਗ਼ਲਤੀ ਸੀ। ਦੋਨਾਂ ਦੇ ਦਿਲਾਂ ਨੂੰ ਠੇਸ ਪਹੁੰਚੀ ਹੈ ਅਤੇ ਦੋਵੇਂ ਹੀ ਜਾਣਦੇ ਹਨ ਕਿ ਜ਼ਖ਼ਮ ਨੂੰ ਭਰਨ ਲਈ ਕੁਝ ਕਰਨਾ ਪਵੇਗਾ। ਪਰ ਸੁਲ੍ਹਾ-ਸਫ਼ਾਈ ਕਰਨ ਵੱਲ ਪਹਿਲਾ ਕਦਮ ਕੌਣ ਚੁੱਕੇਗਾ? ਦੋਨੋਂ ਹੀ ਪਹਿਲ ਕਰਨ ਲਈ ਰਾਜ਼ੀ ਨਹੀਂ ਹੁੰਦੇ ਹਨ।

ਦੋ ਹਜ਼ਾਰ ਸਾਲ ਪਹਿਲਾਂ ਯਿਸੂ ਮਸੀਹ ਦੇ ਖ਼ਾਸ ਚੇਲੇ ਅਕਸਰ ਆਪਸ ਵਿਚ ਲੜ ਪੈਂਦੇ ਸਨ। (ਮਰਕੁਸ 10:35-41; ਲੂਕਾ 9:46; 22:24) ਇਕ ਵਾਰ ਉਨ੍ਹਾਂ ਦੀ ਬਹਿਸ ਮਗਰੋਂ ਯਿਸੂ ਨੇ ਉਨ੍ਹਾਂ ਨੂੰ ਪੁੱਛਿਆ: “ਤੁਸੀਂ ਰਾਹ ਵਿੱਚ ਕੀ ਗੱਲਾਂ ਬਾਤਾਂ ਕਰਦੇ ਸਾਓ?” ਸ਼ਰਮਿੰਦੇ ਹੋ ਕੇ ਕਿਸੇ ਨੇ ਕੋਈ ਜਵਾਬ ਨਾ ਦਿੱਤਾ। (ਮਰਕੁਸ 9:33, 34) ਆਪਸੀ ਮਤਭੇਦ ਦੇ ਬਾਵਜੂਦ, ਯਿਸੂ ਦੇ ਚੰਗੇ ਉਪਦੇਸ਼ ਨੇ ਉਨ੍ਹਾਂ ਦੀ ਆਪਸ ਵਿਚ ਸ਼ਾਂਤੀ ਬਣਾਈ ਰੱਖਣ ਵਿਚ ਮਦਦ ਕੀਤੀ। ਯਿਸੂ ਦੀ ਸਿੱਖਿਆ ਅਤੇ ਉਸ ਦੇ ਕੁਝ ਚੇਲਿਆਂ ਦੀ ਸਲਾਹ ਅੱਜ ਵੀ ਲੋਕਾਂ ਨੂੰ ਝਗੜੇ ਮੁਕਾਉਣ ਅਤੇ ਟੁੱਟੇ ਰਿਸ਼ਤਿਆਂ ਨੂੰ ਜੋੜਨ ਵਿਚ ਮਦਦ ਕਰਦੀ ਹੈ। ਆਓ ਆਪਾਂ ਕੁਝ ਉਦਾਹਰਣਾਂ ਦੇਖੀਏ।

ਸੁਲ੍ਹਾ ਕਰਨ ਦੀ ਕੋਸ਼ਿਸ਼ ਕਰੋ

“ਮੈਂ ਉਸ ਨਾਲ ਕੋਈ ਗੱਲ ਨਹੀਂ ਕਰਨੀ। ਮੈਂ ਉਸ ਦੀ ਸ਼ਕਲ ਤਕ ਨਹੀਂ ਦੇਖਣੀ ਚਾਹੁੰਦਾ।” ਜੇ ਤੁਸੀਂ ਕਦੇ ਕਿਸੇ ਬਾਰੇ ਇਹੋ ਜਿਹੀ ਗੱਲ ਕਹੀ ਹੈ, ਤਾਂ ਤੁਹਾਨੂੰ ਹਾਲਾਤ ਨੂੰ ਸੁਧਾਰਨ ਲਈ ਠੋਸ ਕਦਮ ਚੁੱਕਣ ਦੀ ਲੋੜ ਹੈ ਜਿਵੇਂ ਹੇਠਾਂ ਦਿੱਤਾ ਬਾਈਬਲ ਦਾ ਹਵਾਲਾ ਦਿਖਾਉਂਦਾ ਹੈ।

ਯਿਸੂ ਨੇ ਇਹ ਸਿੱਖਿਆ ਦਿੱਤੀ ਸੀ: “ਸੋ ਜੇ ਤੂੰ ਜਗਵੇਦੀ ਉੱਤੇ ਆਪਣੀ ਭੇਟ ਚੜ੍ਹਾਉਣ ਲੱਗੇਂ ਅਰ ਉੱਥੇ ਤੈਨੂੰ ਚੇਤੇ ਆਵੇ ਜੋ ਮੈਂ ਆਪਣੇ ਭਰਾ ਨਾਲ ਖੋਟ ਕਮਾਇਆ ਹੈ, ਤਾਂ ਉੱਥੇ ਆਪਣੀ ਭੇਟ ਜਗਵੇਦੀ ਦੇ ਸਾਹਮਣੇ ਛੱਡ ਕੇ ਚੱਲਿਆ ਜਾਹ ਅਤੇ ਪਹਿਲਾਂ ਆਪਣੇ ਭਰਾ ਨਾਲ ਮੇਲ ਕਰ।” (ਮੱਤੀ 5:23, 24) ਉਸ ਨੇ ਇਹ ਵੀ ਕਿਹਾ ਸੀ: “ਜੇ ਤੇਰਾ ਭਾਈ ਤੇਰਾ ਗੁਨਾਹ ਕਰੇ ਤਾਂ ਜਾਹ ਅਰ ਉਹ ਦੇ ਸੰਗ ਇਕੱਲਾ ਹੋ ਕੇ ਉਹ ਨੂੰ ਸਮਝਾ ਦਿਹ।” (ਮੱਤੀ 18:15) ਭਾਵੇਂ ਤੁਸੀਂ ਕਿਸੇ ਨੂੰ ਚੋਟ ਪਹੁੰਚਾਈ ਹੈ ਜਾਂ ਕਿਸੇ ਨੇ ਤੁਹਾਨੂੰ ਠੇਸ ਪਹੁੰਚਾਈ ਹੈ, ਯਿਸੂ ਦੇ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਤੁਹਾਨੂੰ ਉਸ ਵਿਅਕਤੀ ਕੋਲ ਜਾ ਕੇ ਤੁਰੰਤ ਝਗੜਾ ਨਿਪਟਾ ਲੈਣਾ ਚਾਹੀਦਾ ਹੈ। ਉਸ ਨਾਲ “ਨਰਮਾਈ ਦੇ ਸੁਭਾਉ ਨਾਲ” ਗੱਲ ਕਰਨੀ ਜ਼ਰੂਰੀ ਹੈ। (ਗਲਾਤੀਆਂ 6:1) ਗੱਲਬਾਤ ਕਰਨ ਦਾ ਟੀਚਾ ਆਪਣੇ ਆਪ ਨੂੰ ਸਹੀ ਸਾਬਤ ਕਰਨਾ ਜਾਂ ਅਗਲੇ ਨੂੰ ਸ਼ਰਮਿੰਦਾ ਕਰ ਕੇ ਉਸ ਕੋਲੋਂ ਮਾਫ਼ੀ ਮੰਗਵਾਉਣੀ ਨਹੀਂ ਹੋਣਾ ਚਾਹੀਦਾ, ਸਗੋਂ ਸੁਲ੍ਹਾ-ਸਫ਼ਾਈ ਕਰਨ ਦੇ ਮਕਸਦ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਕੀ ਬਾਈਬਲ ਦੀ ਇਹ ਸਲਾਹ ਮੰਨਣੀ ਫ਼ਾਇਦੇਮੰਦ ਹੈ?

ਅਰਨੈਸਟ ਕਈ ਸਾਲਾਂ ਤੋਂ ਇਕ ਵੱਡੇ ਦਫ਼ਤਰ ਵਿਚ ਸੁਪਰਵਾਈਜ਼ਰ ਦਾ ਕੰਮ ਕਰ ਰਿਹਾ ਹੈ। * ਕੰਮ ਦੇ ਸਿਲਸਿਲੇ ਵਿਚ ਉਸ ਦਾ ਵਾਹ ਕਈ ਤਰ੍ਹਾਂ ਦੇ ਲੋਕਾਂ ਨਾਲ ਪੈਂਦਾ ਹੈ। ਅਰਨੈਸਟ ਨੇ ਦੇਖਿਆ ਹੈ ਕਿ ਛੋਟੀ-ਮੋਟੀ ਗੱਲ ਤੇ ਮਤਭੇਦ ਤੇ ਝਗੜੇ ਪੈਦਾ ਹੋ ਸਕਦੇ ਹਨ। ਇਸ ਦੇ ਬਾਵਜੂਦ ਉਹ ਸਾਰਿਆਂ ਨਾਲ ਚੰਗੇ ਸੰਬੰਧ ਬਣਾਈ ਰੱਖਣ ਦੀ ਕੋਸ਼ਿਸ਼ ਕਰਦਾ ਹੈ। ਉਹ ਦੱਸਦਾ ਹੈ: “ਕਦੇ-ਕਦੇ ਮੇਰਾ ਦੂਸਰਿਆਂ ਨਾਲ ਮਤਭੇਦ ਹੋ ਜਾਂਦਾ ਹੈ। ਪਰ ਮੈਂ ਉਨ੍ਹਾਂ ਨਾਲ ਬੈਠ ਕੇ ਇਸ ਬਾਰੇ ਝੱਟ ਗੱਲ ਕਰ ਲੈਂਦਾ ਹਾਂ। ਸਾਰਿਆਂ ਨੂੰ ਮੇਰੀ ਇਹੀ ਸਲਾਹ ਹੈ ਕਿ ਜਿਨ੍ਹਾਂ ਨਾਲ ਤੁਹਾਡਾ ਮਤਭੇਦ ਹੈ, ਸਿੱਧਾ ਉਨ੍ਹਾਂ ਕੋਲ ਜਾਓ ਅਤੇ ਸੁਲ੍ਹਾ ਕਰਨ ਦੇ ਮਕਸਦ ਨਾਲ ਉਨ੍ਹਾਂ ਨਾਲ ਗੱਲ ਕਰੋ। ਇਸ ਤਰ੍ਹਾਂ ਕਰਨ ਦੇ ਹਮੇਸ਼ਾ ਚੰਗੇ ਨਤੀਜੇ ਨਿਕਲਦੇ ਹਨ।”

ਅਲੀਸਿਆ ਦੇ ਦੋਸਤ-ਮਿੱਤਰ ਵੱਖ-ਵੱਖ ਪਿਛੋਕੜਾਂ ਤੋਂ ਆਏ ਹਨ। ਉਹ ਕਹਿੰਦੀ ਹੈ: “ਕਦੇ-ਕਦੇ ਕੋਈ ਗੱਲ ਕਹਿਣ ਤੋਂ ਬਾਅਦ ਮੈਨੂੰ ਲੱਗਦਾ ਹੈ ਕਿ ਮੈਂ ਕਿਸੇ ਨੂੰ ਠੇਸ ਪਹੁੰਚਾਈ ਹੈ। ਇਸ ਲਈ ਮੈਂ ਜਾ ਕੇ ਉਸ ਤੋਂ ਮਾਫ਼ੀ ਮੰਗਦੀ ਹਾਂ। ਭਾਵੇਂ ਦੂਸਰਿਆਂ ਨੇ ਮੇਰੀ ਗੱਲ ਦਾ ਬੁਰਾ ਨਾ ਵੀ ਮਨਾਇਆ ਹੋਵੇ, ਫਿਰ ਵੀ ਮਾਫ਼ੀ ਮੰਗਣ ਨਾਲ ਮੈਨੂੰ ਮਨ ਦੀ ਸ਼ਾਂਤੀ ਮਿਲਦੀ ਹੈ ਕਿਉਂਕਿ ਇਸ ਤਰ੍ਹਾਂ ਦੋਸਤਾਂ ਵਿਚ ਕੋਈ ਗ਼ਲਤਫ਼ਹਿਮੀ ਨਹੀਂ ਰਹਿੰਦੀ।”

ਰੁਕਾਵਟਾਂ ਦੂਰ ਕਰੋ

ਆਪਸੀ ਝਗੜਿਆਂ ਨੂੰ ਨਿਪਟਾਉਣ ਦੇ ਰਾਹ ਵਿਚ ਕਈ ਰੁਕਾਵਟਾਂ ਖੜ੍ਹੀਆਂ ਹੋ ਸਕਦੀਆਂ ਹਨ। ਕੀ ਤੁਸੀਂ ਕਦੇ ਕਿਹਾ ਹੈ: “ਸੁਲ੍ਹਾ ਕਰਨ ਮੈਂ ਕਿਉਂ ਜਾਵਾਂ? ਗ਼ਲਤੀ ਤਾਂ ਉਸ ਦੀ ਹੈ।” ਜਾਂ ਕੀ ਤੁਸੀਂ ਕਦੇ ਕਿਸੇ ਨਾਲ ਸੁਲ੍ਹਾ ਕਰਨ ਲਈ ਗਏ, ਪਰ ਉਸ ਨੇ ਅੱਗੋਂ ਕਹਿ ਦਿੱਤਾ ਕਿ “ਮੈਂ ਤੇਰੇ ਨਾਲ ਕੋਈ ਗੱਲ ਨਹੀਂ ਕਰਨੀ”? ਕੁਝ ਲੋਕ ਇਸ ਤਰ੍ਹਾਂ ਕਹਿੰਦੇ ਹਨ ਕਿਉਂਕਿ ਉਨ੍ਹਾਂ ਦੇ ਦਿਲਾਂ ਨੂੰ ਗਹਿਰੀ ਸੱਟ ਲੱਗੀ ਹੁੰਦੀ ਹੈ। ਕਹਾਉਤਾਂ 18:19 ਕਹਿੰਦਾ ਹੈ: “ਰੁੱਸੇ ਹੋਏ ਭਰਾ ਨੂੰ ਮਨਾਉਣਾ ਪੱਕੇ ਸ਼ਹਿਰ ਦੇ ਜਿੱਤਣ ਨਾਲੋਂ ਵੀ ਔਖਾ ਹੈ, ਝਗੜੇ ਕਿਲ੍ਹੇ ਦੇ ਹੋੜੇ ਵਰਗੇ ਹੁੰਦੇ ਹਨ।” ਇਸ ਲਈ ਦੂਸਰੇ ਵਿਅਕਤੀ ਦੇ ਜਜ਼ਬਾਤਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਜੇ ਉਹ ਤੁਹਾਨੂੰ ਰੁੱਖਾ ਜਵਾਬ ਦਿੰਦਾ ਹੈ, ਤਾਂ ਕੁਝ ਸਮੇਂ ਬਾਅਦ ਉਸ ਨਾਲ ਫਿਰ ਤੋਂ ਗੱਲ ਕਰਨ ਦਾ ਜਤਨ ਕਰੋ। ਹੋ ਸਕਦਾ ਕਿ ਉਦੋਂ ਸੁਲ੍ਹਾ ਕਰਨ ਲਈ “ਪੱਕੇ ਸ਼ਹਿਰ” ਦਾ ਫਾਟਕ ਖੁੱਲ੍ਹਾ ਹੋਵੇ ਅਤੇ ਫਾਟਕ ਉੱਤੇ ‘ਹੋੜਾ’ ਨਾ ਹੋਵੇ।

ਸਾਰਿਆਂ ਨੂੰ ਆਪਣੀ ਇੱਜ਼ਤ ਪਿਆਰੀ ਹੁੰਦੀ ਹੈ। ਕਦੇ-ਕਦੇ ਇਹ ਵੀ ਸੁਲ੍ਹਾ-ਸਫ਼ਾਈ ਕਰਨ ਦੇ ਰਾਹ ਵਿਚ ਰੁਕਾਵਟ ਬਣ ਸਕਦੀ ਹੈ। ਕੁਝ ਲੋਕ ਸੋਚਦੇ ਹਨ ਕਿ ਆਪਣੇ ਵਿਰੋਧੀ ਕੋਲੋਂ ਮਾਫ਼ੀ ਮੰਗਣ ਜਾਂ ਉਸ ਨਾਲ ਗੱਲ ਕਰਨ ਨਾਲ ਉਨ੍ਹਾਂ ਦੀ ਇੱਜ਼ਤ ਘੱਟ ਜਾਵੇਗੀ। ਆਪਣੀ ਇੱਜ਼ਤ ਦਾ ਖ਼ਿਆਲ ਰੱਖਣਾ ਚੰਗੀ ਗੱਲ ਹੈ, ਪਰ ਕੀ ਸੁਲ੍ਹਾ-ਸਫ਼ਾਈ ਕਰਨ ਤੋਂ ਇਨਕਾਰ ਕਰਨ ਨਾਲ ਸਾਡੀ ਇੱਜ਼ਤ ਵਧੇਗੀ ਜਾਂ ਕੀ ਅਸੀਂ ਆਪਣੀਆਂ ਨਜ਼ਰਾਂ ਵਿਚ ਡਿੱਗ ਜਾਵਾਂਗੇ? ਕੀ ਸੁਲ੍ਹਾ ਨਾ ਕਰਨ ਦਾ ਅਸਲੀ ਕਾਰਨ ਕਿਤੇ ਸਾਡਾ ਘਮੰਡ ਤਾਂ ਨਹੀਂ?

ਬਾਈਬਲ ਦਾ ਲਿਖਾਰੀ ਯਾਕੂਬ ਦਿਖਾਉਂਦਾ ਹੈ ਕਿ ਝਗੜਾਲੂ ਸੁਭਾਅ ਅਤੇ ਘਮੰਡ ਵਿਚ ਡੂੰਘਾ ਸੰਬੰਧ ਹੈ। ਕੁਝ ਮਸੀਹੀਆਂ ਵਿਚ ਚੱਲ ਰਹੀਆਂ “ਲੜਾਈਆਂ” ਅਤੇ ‘ਝਗੜਿਆਂ’ ਬਾਰੇ ਦੱਸਣ ਤੋਂ ਬਾਅਦ ਉਸ ਨੇ ਕਿਹਾ: “ਪਰਮੇਸ਼ੁਰ ਹੰਕਾਰੀਆਂ ਦਾ ਸਾਹਮਣਾ ਕਰਦਾ ਪਰ ਹਲੀਮਾਂ ਉੱਤੇ ਕਿਰਪਾ ਕਰਦਾ ਹੈ।” (ਯਾਕੂਬ 4:1-3, 6) ਸੁਲ੍ਹਾ ਕਰਨ ਵਿਚ ਹੰਕਾਰ ਕਿਵੇਂ ਰੁਕਾਵਟ ਬਣਦਾ ਹੈ?

ਹੰਕਾਰੀ ਲੋਕ ਇਸ ਧੋਖੇ ਵਿਚ ਰਹਿੰਦੇ ਹਨ ਕਿ ਉਹ ਦੂਸਰਿਆਂ ਨਾਲੋਂ ਚੰਗੇ ਹਨ। ਉਹ ਸੋਚਦੇ ਹਨ ਕਿ ਉਨ੍ਹਾਂ ਕੋਲ ਦੂਸਰਿਆਂ ਨੂੰ ਚੰਗਾ ਜਾਂ ਮਾੜਾ ਵਿਅਕਤੀ ਕਰਾਰ ਦੇਣ ਦਾ ਅਧਿਕਾਰ ਹੈ। ਉਹ ਕਿਵੇਂ? ਜਦੋਂ ਉਨ੍ਹਾਂ ਦਾ ਕਿਸੇ ਨਾਲ ਮਤਭੇਦ ਹੁੰਦਾ ਹੈ, ਤਾਂ ਉਹ ਆਪਣੇ ਵਿਰੋਧੀ ਨੂੰ ਗਿਆ-ਗੁਜ਼ਰਿਆ ਬੰਦਾ ਸਮਝਦੇ ਹਨ ਜਿਸ ਦੇ ਸੁਧਰਨ ਦੀ ਕੋਈ ਆਸ ਨਹੀਂ। ਉਨ੍ਹਾਂ ਦਾ ਘਮੰਡ ਉਨ੍ਹਾਂ ਨੂੰ ਮਾਫ਼ੀ ਮੰਗਣ ਤੋਂ ਰੋਕਦਾ ਹੈ ਤੇ ਉਹ ਸੋਚਦੇ ਹਨ ਕਿ ਉਨ੍ਹਾਂ ਦਾ ਵਿਰੋਧੀ ਉਨ੍ਹਾਂ ਦੀ ਦੋਸਤੀ ਦੇ ਲਾਇਕ ਨਹੀਂ। ਇਸ ਤਰ੍ਹਾਂ ਹੰਕਾਰੀ ਲੋਕ ਮਤਭੇਦ ਮਿਟਾਉਣ ਦੀ ਬਜਾਇ ਅਕਸਰ ਨਫ਼ਰਤ ਦੀ ਅੱਗ ਨੂੰ ਸੁਲਗਦੇ ਰਹਿਣ ਦਿੰਦੇ ਹਨ।

ਜਿਵੇਂ ਸੜਕ ਉੱਤੇ ਕੀਤੀ ਗਈ ਨਾਕਾਬੰਦੀ ਗੱਡੀਆਂ ਨੂੰ ਅੱਗੇ ਜਾਣ ਤੋਂ ਰੋਕਦੀ ਹੈ, ਉਵੇਂ ਹੀ ਘਮੰਡ ਸੁਲ੍ਹਾ-ਸਫ਼ਾਈ ਵੱਲ ਵਧਦੇ ਕਦਮਾਂ ਨੂੰ ਰੋਕ ਦਿੰਦਾ ਹੈ। ਜੇ ਤੁਸੀਂ ਕਿਸੇ ਨਾਲ ਸੁਲ੍ਹਾ ਕਰਨ ਤੋਂ ਹਿਚਕਿਚਾ ਰਹੇ ਹੋ ਜਾਂ ਸੁਲ੍ਹਾ ਕਰਨ ਦੇ ਦੂਸਰਿਆਂ ਦੇ ਜਤਨਾਂ ਦਾ ਵਿਰੋਧ ਕਰ ਰਹੇ ਹੋ, ਤਾਂ ਹੋ ਸਕਦਾ ਹੈ ਕਿ ਤੁਹਾਡਾ ਘਮੰਡ ਤੁਹਾਨੂੰ ਸੁਲ੍ਹਾ-ਸਫ਼ਾਈ ਕਰਨ ਤੋਂ ਰੋਕ ਰਿਹਾ ਹੈ। ਤੁਸੀਂ ਆਪਣੇ ਘਮੰਡ ਉੱਤੇ ਕਿਵੇਂ ਕਾਬੂ ਪਾ ਸਕਦੇ ਹੋ? ਘਮੰਡ ਦੀ ਬਜਾਇ ਹਲੀਮੀ ਦਾ ਗੁਣ ਪੈਦਾ ਕਰ ਕੇ।

ਹਲੀਮ ਬਣੋ

ਬਾਈਬਲ ਅਧੀਨਗੀ ਜਾਂ ਹਲੀਮੀ ਪੈਦਾ ਕਰਨ ਦਾ ਉਤਸ਼ਾਹ ਦਿੰਦੀ ਹੈ। “ਅਧੀਨਗੀ ਅਤੇ ਯਹੋਵਾਹ ਦਾ ਭੈ ਮੰਨਣ ਦਾ ਫਲ ਧਨ, ਆਦਰ ਅਤੇ ਜੀਉਣ ਹੈ।” (ਕਹਾਉਤਾਂ 22:4) ਜ਼ਬੂਰਾਂ ਦੀ ਪੋਥੀ 138:6 ਸਾਨੂੰ ਹਲੀਮਾਂ ਅਤੇ ਹੰਕਾਰੀਆਂ ਬਾਰੇ ਪਰਮੇਸ਼ੁਰ ਦੀ ਰਾਇ ਦੱਸਦਾ ਹੈ: “ਭਾਵੇਂ ਯਹੋਵਾਹ ਮਹਾਨ ਹੈ, ਤਾਂ ਵੀ ਉਹ ਹੀਣਿਆਂ ਨੂੰ ਵੇਖਦਾ ਹੈ, ਪਰ ਹੰਕਾਰੀਆਂ ਨੂੰ ਦੂਰੋਂ ਜਾਣ ਲੈਂਦਾ ਹੈ!”

ਕਈ ਲੋਕ ਹਲੀਮੀ ਨੂੰ ਜ਼ਿੱਲਤ ਸਮਝਦੇ ਹਨ। ਦੁਨਿਆਵੀ ਸ਼ਾਸਕਾਂ ਦੀ ਹੀ ਮਿਸਾਲ ਲੈ ਲਓ। ਹਾਲਾਂਕਿ ਸਿਆਸੀ ਨੇਤਾਵਾਂ ਦੀ ਇੱਛਾ ਅੱਗੇ ਸਾਰੀ ਕੌਮ ਸਿਰ ਨਿਵਾਉਂਦੀ ਹੈ, ਪਰ ਨੇਤਾ ਆਪਣੀਆਂ ਗ਼ਲਤੀਆਂ ਮੰਨਣ ਤੋਂ ਕਤਰਾਉਂਦੇ ਹਨ। ਜੇ ਕੋਈ ਸਿਆਸਤਦਾਨ ਕਹਿ ਵੀ ਦੇਵੇ ਕਿ “ਮੇਰੇ ਕੋਲੋਂ ਗ਼ਲਤੀ ਹੋ ਗਈ, ਮੈਨੂੰ ਮਾਫ਼ ਕਰ ਦਿਓ,” ਤਾਂ ਇਹ ਗੱਲ ਸਨਸਨੀਖ਼ੇਜ਼ ਖ਼ਬਰ ਬਣ ਕੇ ਅਖ਼ਬਾਰਾਂ ਵਿਚ ਛਪ ਜਾਂਦੀ ਹੈ। ਮਿਸਾਲ ਲਈ, ਹਾਲ ਹੀ ਵਿਚ ਜਦੋਂ ਇਕ ਸਾਬਕਾ ਸਰਕਾਰੀ ਅਫ਼ਸਰ ਨੇ ਇਕ ਦਰਦਨਾਕ ਹਾਦਸੇ ਨੂੰ ਟਾਲਣ ਵਿਚ ਆਪਣੀ ਅਸਫ਼ਲਤਾ ਲਈ ਮਾਫ਼ੀ ਮੰਗੀ, ਤਾਂ ਉਸ ਦੇ ਸ਼ਬਦ ਅਖ਼ਬਾਰਾਂ ਦੀਆਂ ਸੁਰਖੀਆਂ ਬਣੇ।

ਇਕ ਸ਼ਬਦਕੋਸ਼ ਵਿਚ ਹਲੀਮੀ ਦੀ ਇਹ ਪਰਿਭਾਸ਼ਾ ਦਿੱਤੀ ਗਈ ਹੈ: “ਹਲੀਮ ਹੋਣ ਦਾ ਗੁਣ ਜਾਂ ਆਪਣੇ ਬਾਰੇ ਨੀਵੀਂ ਰਾਇ ਰੱਖਣੀ . . . ਇਹ ਘਮੰਡ ਜਾਂ ਹੰਕਾਰ ਦੇ ਉਲਟ ਹੈ।” ਧਿਆਨ ਦਿਓ ਕਿ ਹਲੀਮ ਵਿਅਕਤੀ ਉਹ ਹੈ ਜੋ ਆਪਣੇ ਬਾਰੇ ਨੀਵੀਂ ਰਾਇ ਰੱਖਦਾ ਹੈ। ਉਸ ਦੀ ਹਲੀਮੀ ਦੂਸਰਿਆਂ ਦੀ ਰਾਇ ਉੱਤੇ ਨਿਰਭਰ ਨਹੀਂ ਕਰਦੀ। ਹਲੀਮੀ ਨਾਲ ਆਪਣੀ ਗ਼ਲਤੀ ਕਬੂਲ ਕਰਨ ਅਤੇ ਦਿਲੋਂ ਮਾਫ਼ੀ ਮੰਗਣ ਨਾਲ ਕੋਈ ਵਿਅਕਤੀ ਜ਼ਲੀਲ ਨਹੀਂ ਹੁੰਦਾ, ਸਗੋਂ ਦੂਸਰਿਆਂ ਦੀਆਂ ਨਜ਼ਰਾਂ ਵਿਚ ਉਸ ਦੀ ਇੱਜ਼ਤ ਹੋਰ ਵਧ ਜਾਂਦੀ ਹੈ। ਬਾਈਬਲ ਕਹਿੰਦੀ ਹੈ: “ਨਾਸ ਹੋਣ ਤੋਂ ਪਹਿਲਾਂ ਮਨੁੱਖ ਦਾ ਮਨ ਹੰਕਾਰੀ ਹੁੰਦਾ ਹੈ, ਪਰ ਆਦਰ ਤੋਂ ਪਹਿਲਾਂ ਅਧੀਨਗੀ ਹੁੰਦੀ ਹੈ।”—ਕਹਾਉਤਾਂ 18:12.

ਆਪਣੀ ਗ਼ਲਤੀ ਲਈ ਮਾਫ਼ੀ ਨਾ ਮੰਗਣ ਵਾਲੇ ਸਿਆਸਤਦਾਨਾਂ ਬਾਰੇ ਇਕ ਲੈਕਚਰਾਰ ਨੇ ਕਿਹਾ: “ਬਦਕਿਸਮਤੀ ਨਾਲ ਉਹ ਸੋਚਦੇ ਹਨ ਕਿ ਆਪਣੀ ਗ਼ਲਤੀ ਕਬੂਲ ਕਰਨੀ ਕਮਜ਼ੋਰੀ ਦੀ ਨਿਸ਼ਾਨੀ ਹੈ। ਜਿਨ੍ਹਾਂ ਕਮਜ਼ੋਰ ਲੋਕਾਂ ਨੂੰ ਆਪਣੇ ਉੱਤੇ ਭਰੋਸਾ ਨਹੀਂ ਹੁੰਦਾ ਉਹ ਕਦੇ ਵੀ ਮਾਫ਼ੀ ਨਹੀਂ ਮੰਗਦੇ। ਪਰ ਵੱਡੇ ਦਿਲ ਵਾਲੇ ਦਲੇਰ ਇਨਸਾਨ ਹੀ ਹਨ ਜੋ ਇਹ ਕਹਿਣ ਤੋਂ ਨਹੀਂ ਹਿਚਕਿਚਾਉਂਦੇ ਕਿ ‘ਮੇਰੇ ਤੋਂ ਗ਼ਲਤੀ ਹੋ ਗਈ।’” ਇਹੋ ਗੱਲ ਆਮ ਲੋਕਾਂ ਬਾਰੇ ਵੀ ਸੱਚ ਹੈ। ਜੇ ਤੁਸੀਂ ਘਮੰਡ ਦੀ ਥਾਂ ਤੇ ਹਲੀਮੀ ਤੋਂ ਕੰਮ ਲੈਂਦੇ ਹੋ, ਤਾਂ ਤੁਸੀਂ ਸੌਖਿਆਂ ਹੀ ਝਗੜਿਆਂ ਨੂੰ ਨਿਪਟਾ ਸਕੋਗੇ। ਇਕ ਪਰਿਵਾਰ ਉੱਤੇ ਗੌਰ ਕਰੋ ਜਿਸ ਨੇ ਇਸ ਗੱਲ ਦੀ ਸੱਚਾਈ ਦੇਖੀ।

ਕਿਸੇ ਗ਼ਲਤਫ਼ਹਿਮੀ ਕਰਕੇ ਜੂਲੀ ਤੇ ਉਸ ਦੇ ਭਰਾ ਵਿਲੀਅਮ ਵਿਚ ਤਣਾਅ ਪੈਦਾ ਹੋ ਗਿਆ। ਵਿਲੀਅਮ ਆਪਣੀ ਭੈਣ ਤੇ ਜੀਜੇ ਜੋਸਫ਼ ਨਾਲ ਇੰਨਾ ਗੁੱਸੇ ਸੀ ਕਿ ਉਸ ਨੇ ਉਨ੍ਹਾਂ ਨਾਲੋਂ ਰਿਸ਼ਤਾ ਤੋੜ ਲਿਆ। ਉਸ ਨੇ ਉਹ ਸਾਰੇ ਤੋਹਫ਼ੇ ਵੀ ਮੋੜ ਦਿੱਤੇ ਜੋ ਜੂਲੀ ਤੇ ਜੋਸਫ਼ ਨੇ ਉਸ ਨੂੰ ਦਿੱਤੇ ਸਨ। ਦਿਨ ਅਤੇ ਮਹੀਨੇ ਬੀਤਦੇ ਗਏ ਅਤੇ ਭੈਣ-ਭਰਾ ਵਿਚ ਦੂਰੀ ਵਧਦੀ ਚਲੀ ਗਈ।

ਪਰ ਫਿਰ ਜੋਸਫ਼ ਨੇ ਮੱਤੀ 5:23, 24 ਦੀ ਸਲਾਹ ਲਾਗੂ ਕਰਨ ਦੀ ਠਾਣੀ। ਉਸ ਨੇ ਨਰਮਾਈ ਨਾਲ ਆਪਣੇ ਸਾਲੇ ਨਾਲ ਸੁਲ੍ਹਾ-ਸਫ਼ਾਈ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੇ ਵਿਲੀਅਮ ਨੂੰ ਚਿੱਠੀਆਂ ਲਿਖੀਆਂ ਜਿਨ੍ਹਾਂ ਵਿਚ ਉਸ ਨੇ ਉਸ ਨੂੰ ਠੇਸ ਪਹੁੰਚਾਉਣ ਲਈ ਮਾਫ਼ੀ ਮੰਗੀ। ਜੋਸਫ਼ ਨੇ ਆਪਣੀ ਪਤਨੀ ਨੂੰ ਵੀ ਆਪਣੇ ਭਰਾ ਨੂੰ ਮਾਫ਼ ਕਰ ਦੇਣ ਦਾ ਉਤਸ਼ਾਹ ਦਿੱਤਾ। ਅਖ਼ੀਰ ਵਿਲੀਅਮ ਨੂੰ ਅਹਿਸਾਸ ਹੋਇਆ ਕਿ ਜੂਲੀ ਤੇ ਜੋਸਫ਼ ਵਾਕਈ ਉਸ ਨਾਲ ਸੁਲ੍ਹਾ ਕਰਨੀ ਚਾਹੁੰਦੇ ਸਨ। ਇਹ ਦੇਖ ਕੇ ਵਿਲੀਅਮ ਵੀ ਨਰਮ ਪੈ ਗਿਆ। ਉਹ ਤੇ ਉਸ ਦੀ ਪਤਨੀ ਅਤੇ ਜੂਲੀ ਤੇ ਜੋਸਫ਼ ਆਪਸ ਵਿਚ ਮਿਲੇ ਅਤੇ ਗਲੇ ਲੱਗ ਕੇ ਇਕ-ਦੂਸਰੇ ਤੋਂ ਮਾਫ਼ੀ ਮੰਗੀ। ਹੁਣ ਉਹ ਪਹਿਲਾਂ ਵਾਂਗ ਇਕ-ਦੂਸਰੇ ਨੂੰ ਪਿਆਰ ਨਾਲ ਮਿਲਦੇ ਹਨ।

ਜੇ ਤੁਸੀਂ ਕਿਸੇ ਨਾਲ ਹੋਏ ਮਤਭੇਦ ਨੂੰ ਮਿਟਾਉਣਾ ਚਾਹੁੰਦੇ ਹੋ, ਤਾਂ ਧੀਰਜ ਨਾਲ ਬਾਈਬਲ ਦੀਆਂ ਸਲਾਹਾਂ ਨੂੰ ਲਾਗੂ ਕਰੋ ਅਤੇ ਉਸ ਵਿਅਕਤੀ ਨਾਲ ਸੁਲ੍ਹਾ ਕਰਨ ਦੀ ਪੂਰੀ ਕੋਸ਼ਿਸ਼ ਕਰੋ। ਯਹੋਵਾਹ ਤੁਹਾਡੇ ਜਤਨਾਂ ਉੱਤੇ ਜ਼ਰੂਰ ਅਸੀਸ ਦੇਵੇਗਾ। ਪਰਮੇਸ਼ੁਰ ਨੇ ਪ੍ਰਾਚੀਨ ਇਸਰਾਏਲ ਨੂੰ ਜੋ ਸ਼ਬਦ ਕਹੇ ਸਨ ਉਹੋ ਤੁਹਾਡੇ ਲਈ ਵੀ ਸੱਚ ਹੋਣਗੇ: “ਕਾਸ਼ ਕਿ ਤੂੰ ਮੇਰੇ ਹੁਕਮਾਂ ਨੂੰ ਮੰਨਦਾ! ਤਾਂ ਤੇਰੀ ਸ਼ਾਂਤੀ ਨਦੀ ਵਾਂਙੁ, ਤਾਂ ਤੇਰਾ ਧਰਮ ਸਮੁੰਦਰ ਦੀਆਂ ਲਹਿਰਾਂ ਵਾਂਙੁ ਹੁੰਦਾ।”—ਯਸਾਯਾਹ 48:18.

[ਫੁਟਨੋਟ]

^ ਪੈਰਾ 3 ਸਟੈਨਲੀ ਕਲਾਊਡ ਤੇ ਲਿੱਨ ਓਲਸਨ ਦੀ ਕਿਤਾਬ ਦ ਮਰੋ ਬੁਆਏਜ਼—ਪਾਇਨੀਅਰਜ਼ ਆਨ ਦ ਫਰੰਟ ਲਾਇੰਸ ਆਫ਼ ਬਰੌਡਕਾਸਟ ਜਰਨਲਿਜ਼ਮ ਉੱਤੇ ਆਧਾਰਿਤ।

^ ਪੈਰਾ 12 ਕੁਝ ਨਾਂ ਬਦਲ ਦਿੱਤੇ ਗਏ ਹਨ।

[ਸਫ਼ੇ 7 ਉੱਤੇ ਤਸਵੀਰ]

ਮਾਫ਼ੀ ਮੰਗਣ ਨਾਲ ਅਕਸਰ ਗਿਲੇ-ਸ਼ਿਕਵੇ ਦੂਰ ਹੋ ਜਾਂਦੇ ਹਨ