‘ਤੁਸੀਂ ਮੁੱਲ ਲਏ ਹੋਏ ਹੋ’
‘ਤੁਸੀਂ ਮੁੱਲ ਲਏ ਹੋਏ ਹੋ’
“ਤੁਸੀਂ ਤਾਂ ਮੁੱਲ ਨਾਲ ਲਏ ਹੋਏ ਹੋ, ਇਸ ਲਈ ਆਪਣੀ ਦੇਹੀ ਨਾਲ ਪਰਮੇਸ਼ੁਰ ਦੀ ਵਡਿਆਈ ਕਰੋ।”—1 ਕੁਰਿੰਥੀਆਂ 6:20.
1, 2. (ੳ) ਮੂਸਾ ਦੀ ਬਿਵਸਥਾ ਦੇ ਮੁਤਾਬਕ ਇਬਰਾਨੀ ਗੋਲੇ-ਗੋਲੀਆਂ ਦੇ ਕੀ ਹੱਕ ਸਨ? (ਅ) ਜੇ ਕੋਈ ਗ਼ੁਲਾਮ ਆਪਣੇ ਮਾਲਕ ਨਾਲ ਪਿਆਰ ਕਰਦਾ ਸੀ, ਤਾਂ ਉਹ ਕੀ ਕਰਨ ਦਾ ਫ਼ੈਸਲਾ ਕਰ ਸਕਦਾ ਸੀ?
ਬਾਈਬਲ ਦੇ ਇਕ ਕੋਸ਼ ਮੁਤਾਬਕ “ਪੁਰਾਣੇ ਜ਼ਮਾਨੇ ਵਿਚ ਗ਼ੁਲਾਮੀ ਆਮ ਸੀ ਅਤੇ ਇਸ ਨੂੰ ਮਾੜਾ ਨਹੀਂ ਸਮਝਿਆ ਜਾਂਦਾ ਸੀ।” ਉਸ ਕੋਸ਼ ਵਿਚ ਅੱਗੇ ਕਿਹਾ ਗਿਆ ਕਿ ‘ਪ੍ਰਾਚੀਨ ਮਿਸਰ, ਯੂਨਾਨ ਅਤੇ ਰੋਮ ਗ਼ੁਲਾਮਾਂ ਦੀ ਮਿਹਨਤ ਤੇ ਨਿਰਭਰ ਕਰਦੇ ਸਨ। ਪਹਿਲੀ ਸਦੀ ਵਿਚ ਇਟਲੀ ਦੇ ਤਿੰਨਾਂ ਵਿੱਚੋਂ ਇਕ ਜਣਾ ਅਤੇ ਬਾਕੀ ਦੇਸ਼ਾਂ ਦੇ ਪੰਜਾਂ ਵਿੱਚੋਂ ਇਕ ਜਣਾ ਗ਼ੁਲਾਮ ਸੀ।’
2 ਪ੍ਰਾਚੀਨ ਇਸਰਾਏਲ ਵਿਚ ਵੀ ਗ਼ੁਲਾਮ ਅਵਸਥਾ ਵਿਚ ਲੋਕ ਰਹਿੰਦੇ ਸਨ, ਪਰ ਮੂਸਾ ਦੀ ਬਿਵਸਥਾ ਦੇ ਮੁਤਾਬਕ ਇਬਰਾਨੀ ਗੋਲੇ-ਗੋਲੀਆਂ ਦੇ ਵੀ ਹੱਕ ਸਨ। ਮਿਸਾਲ ਲਈ, ਬਿਵਸਥਾ ਵਿਚ ਲਿਖਿਆ ਸੀ ਕਿ ਇਕ ਇਸਰਾਏਲੀ ਛੇ ਤੋਂ ਜ਼ਿਆਦਾ ਸਾਲ ਗ਼ੁਲਾਮ ਨਹੀਂ ਰਹਿ ਸਕਦਾ ਸੀ। ਸੱਤਵੇਂ ਸਾਲ ਉਹ “ਮੁਖਤ ਅਜ਼ਾਦ ਹੋਕੇ ਚੱਲਿਆ” ਜਾਂਦਾ ਸੀ। ਗ਼ੁਲਾਮਾਂ ਨਾਲ ਇੰਨਾ ਚੰਗਾ ਸਲੂਕ ਕੀਤਾ ਜਾਂਦਾ ਸੀ ਕਿ ਬਿਵਸਥਾ ਵਿਚ ਇਹ ਪ੍ਰਬੰਧ ਵੀ ਕੀਤਾ ਗਿਆ ਸੀ: “ਜੇ ਗੋੱਲਾ ਸਫ਼ਾਈ ਨਾਲ ਆਖੇ ਕਿ ਮੈਂ ਆਪਣੇ ਸਵਾਮੀ ਅਤੇ ਆਪਣੀ ਤੀਵੀਂ ਅਤੇ ਆਪਣੇ ਬੱਚਿਆਂ ਨਾਲ ਪਰੇਮ ਕਰਦਾ ਹਾਂ। ਮੈਂ ਅਜ਼ਾਦ ਹੋਕੇ ਚੱਲਿਆ ਨਹੀਂ ਜਾਵਾਂਗਾ ਤਾਂ ਉਸ ਦਾ ਸਵਾਮੀ ਉਸ ਨੂੰ ਨਿਆਈਆਂ ਦੇ ਕੋਲ ਲਿਆਵੇ ਅਤੇ ਓਹ ਦਰਵੱਜੇ ਦੇ ਕੋਲ ਅਥਵਾ ਚੁਗਾਠ ਦੇ ਕੋਲ ਲਿਆ ਕੇ ਆਰ ਨਾਲ ਉਸ ਦੇ ਕੰਨ ਨੂੰ ਉਸ ਦਾ ਸਵਾਮੀ ਵਿੰਨ੍ਹੇ ਸੋ ਉਹ ਉਸ ਦੀ ਸਦਾ ਲਈ ਟਹਿਲ ਕਰੇ।”—ਕੂਚ 21:2-6; ਲੇਵੀਆਂ 25:42, 43; ਬਿਵਸਥਾ ਸਾਰ 15:12-18.
3. (ੳ) ਪਹਿਲੀ ਸਦੀ ਵਿਚ ਰਹਿਣ ਵਾਲੇ ਮਸੀਹੀ ਭੈਣ-ਭਾਈਆਂ ਨੇ ਕਿਹੋ ਜਿਹੀ ਗ਼ੁਲਾਮੀ ਸਵੀਕਾਰ ਕੀਤੀ ਸੀ? (ਅ) ਅਸੀਂ ਪਰਮੇਸ਼ੁਰ ਦੀ ਸੇਵਾ ਕਰਨ ਲਈ ਤਿਆਰ ਕਿਉਂ ਹੁੰਦੇ ਹਾਂ?
3 ਆਪਣੀ ਰਜ਼ਾਮੰਦੀ ਨਾਲ ਕਿਸੇ ਦਾ ਗ਼ੁਲਾਮ ਰਹਿਣ ਦੇ ਪ੍ਰਬੰਧ ਤੋਂ ਸਾਨੂੰ ਗ਼ੁਲਾਮੀ ਦੀ ਇਕ ਹੋਰ ਝਲਕ ਵੀ ਮਿਲਦੀ ਹੈ। ਇਸ ਟਹਿਲ-ਸੇਵਾ ਬਾਰੇ ਯਿਸੂ ਦੇ ਚੇਲਿਆਂ ਨੇ ਲਿਖਿਆ ਸੀ। ਮਿਸਾਲ ਲਈ ਬਾਈਬਲ ਦੇ ਲੇਖਕ ਪੌਲੁਸ, ਯਾਕੂਬ, ਪਤਰਸ ਅਤੇ ਯਹੂਦਾਹ ਨੇ ਆਪਣੇ ਆਪ ਨੂੰ ਪਰਮੇਸ਼ੁਰ ਅਤੇ ਮਸੀਹ ਦੇ ਦਾਸ ਸੱਦਿਆ ਸੀ। (ਤੀਤੁਸ 1:1; ਯਾਕੂਬ 1:1; 2 ਪਤਰਸ 1:1; ਯਹੂਦਾਹ 1) ਪੌਲੁਸ ਨੇ ਥੱਸਲੁਨੀਕਿਯਾ ਵਿਚ ਰਹਿੰਦੇ ਮਸੀਹੀਆਂ ਨੂੰ ਯਾਦ ਦਿਲਾਇਆ ਸੀ ਕਿ ਉਹ ‘ਮੂਰਤੀਆਂ ਨੂੰ ਛੱਡ ਕੇ ਪਰਮੇਸ਼ੁਰ ਦੀ ਵੱਲ ਮੁੜੇ ਭਈ ਸਤ ਸ੍ਰੀ ਅਕਾਲ ਪਰਮੇਸ਼ੁਰ ਦੀ ਸੇਵਾ ਕਰਨ।’ (1 ਥੱਸਲੁਨੀਕੀਆਂ 1:9) ਕਿਹੜੀ ਚੀਜ਼ ਨੇ ਇਨ੍ਹਾਂ ਭੈਣ-ਭਾਈਆਂ ਨੂੰ ਪਰਮੇਸ਼ੁਰ ਦੀ ਸੇਵਾ ਕਰਨ ਲਈ ਤਿਆਰ ਕੀਤਾ ਸੀ? ਉਸੇ ਗੱਲ ਨੇ ਜਿਸ ਕਾਰਨ ਇਕ ਇਸਰਾਏਲੀ ਗ਼ੁਲਾਮ ਆਪਣੀ ਆਜ਼ਾਦੀ ਤਿਆਗ ਕੇ ਆਪਣੇ ਮਾਲਕ ਦੀ ਟਹਿਲ ਕਰਨ ਲਈ ਰਾਜ਼ੀ ਸੀ। ਇਹ ਸੀ ਪਿਆਰ। ਅਸੀਂ ਵੀ ਪਰਮੇਸ਼ੁਰ ਨਾਲ ਪਿਆਰ ਕਰਦੇ ਹਾਂ ਤੇ ਇਸ ਲਈ ਉਸ ਦੇ ਦਾਸ ਬਣੇ ਰਹਿਣਾ ਚਾਹੁੰਦੇ ਹਾਂ। ਜਦ ਅਸੀਂ ਸੱਚੇ ਪਰਮੇਸ਼ੁਰ ਨੂੰ ਜਾਣਦੇ ਹਾਂ ਤੇ ਉਸ ਨਾਲ ਪਿਆਰ ਕਰਨਾ ਸਿੱਖਦੇ ਹਾਂ, ਤਾਂ ਅਸੀਂ “ਆਪਣੇ ਸਾਰੇ ਮਨ ਨਾਲ ਅਤੇ ਆਪਣੀ ਸਾਰੀ ਜਾਨ ਨਾਲ” ਉਸ ਦੀ ਸੇਵਾ ਕਰਨੀ ਚਾਹੁੰਦੇ ਹਾਂ। (ਬਿਵਸਥਾ ਸਾਰ 10:12, 13) ਪਰ ਯਹੋਵਾਹ ਅਤੇ ਯਿਸੂ ਮਸੀਹ ਦੇ ਦਾਸ ਬਣਨ ਦਾ ਕੀ ਮਤਲਬ ਹੈ? ਇਸ ਗ਼ੁਲਾਮੀ ਵਿਚ ਸਾਨੂੰ ਕੀ-ਕੀ ਕਰਨ ਦੀ ਲੋੜ ਹੈ? ਇਸ ਦਾ ਸਾਡੀ ਰੋਜ਼ਾਨਾ ਜ਼ਿੰਦਗੀ ਤੇ ਕੀ ਅਸਰ ਪੈਂਦਾ ਹੈ?
“ਸੱਭੋ ਕੁਝ ਪਰਮੇਸ਼ੁਰ ਦੀ ਵਡਿਆਈ ਲਈ ਕਰੋ”
4. ਅਸੀਂ ਪਰਮੇਸ਼ੁਰ ਅਤੇ ਯਿਸੂ ਦੇ ਦਾਸ ਕਿਵੇਂ ਬਣਦੇ ਹਾਂ?
4 ਕਿਹਾ ਗਿਆ ਹੈ ਕਿ ਉਹ ਇਨਸਾਨ ਗ਼ੁਲਾਮ ਜਾਂ ਦਾਸ ਹੈ “ਜੋ ਕਾਨੂੰਨੀ ਤੌਰ ਤੇ ਕਿਸੇ ਹੋਰ ਦੀ ਮਲਕੀਅਤ ਹੈ ਅਤੇ ਉਸ ਦੀ ਮਰਜ਼ੀ ਪੂਰੀ ਕਰਨ ਲਈ ਮਜਬੂਰ ਹੈ।” ਜਦ ਅਸੀਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਸੌਂਪ ਕੇ ਬਪਤਿਸਮਾ ਲੈਂਦਾ ਹਾਂ, ਤਾਂ ਅਸੀਂ ਕਾਨੂੰਨੀ ਤੌਰ ਤੇ ਉਸ ਦੇ ਹੋ ਜਾਂਦੇ ਹਾਂ। ਪੌਲੁਸ ਰਸੂਲ ਨੇ ਗੱਲ ਇਸ ਤਰ੍ਹਾਂ ਸਮਝਾਈ: “ਤੁਸੀਂ ਆਪਣੇ ਆਪ ਦੇ ਨਹੀਂ ਹੋ? ਤੁਸੀਂ ਤਾਂ ਮੁੱਲ ਨਾਲ ਲਏ ਹੋਏ ਹੋ।” (1 ਕੁਰਿੰਥੀਆਂ 6:19, 20) ਇਹ ਮੁੱਲ ਕੀ ਹੈ? ਇਹ ਯਿਸੂ ਮਸੀਹ ਦਾ ਬਲੀਦਾਨ ਹੈ ਜਿਸ ਦੇ ਆਧਾਰ ਤੇ ਪਰਮੇਸ਼ੁਰ ਸਾਨੂੰ ਆਪਣੇ ਸੇਵਕਾਂ ਦੇ ਨਾਤੇ ਕਬੂਲ ਕਰਦਾ ਹੈ ਭਾਵੇਂ ਅਸੀਂ ਸਵਰਗ ਵਿਚ ਜਾਂ ਧਰਤੀ ਤੇ ਰਹਿਣ ਦੀ ਉਮੀਦ ਰੱਖਦੇ ਹੋਈਏ। (ਅਫ਼ਸੀਆਂ 1:7; 2:13; ਪਰਕਾਸ਼ ਦੀ ਪੋਥੀ 5:9) ਇਸ ਲਈ ਸਾਡੇ ਬਪਤਿਸਮੇ ਤੋਂ ਹੀ ‘ਅਸੀਂ ਪ੍ਰਭੁ ਦੇ ਹਾਂ।’ (ਰੋਮੀਆਂ 14:8) ਪਰਮੇਸ਼ੁਰ ਦੇ ਦਾਸ ਹੋਣ ਦੇ ਨਾਲ-ਨਾਲ ਅਸੀਂ ਯਿਸੂ ਮਸੀਹ ਦੇ ਵੀ ਦਾਸ ਹਾਂ ਕਿਉਂਕਿ ਅਸੀਂ ਉਸ ਦੇ ਬਹੁਮੁੱਲੇ ਲਹੂ ਨਾਲ ਖ਼ਰੀਦੇ ਗਏ ਹਾਂ। ਤਾਂ ਫਿਰ ਸਾਨੂੰ ਉਸ ਦੇ ਹੁਕਮਾਂ ਦੀ ਵੀ ਪਾਲਣਾ ਕਰਨੀ ਚਾਹੀਦੀ ਹੈ।—1 ਪਤਰਸ 1:18, 19.
5. ਯਹੋਵਾਹ ਦੇ ਦਾਸਾਂ ਵਜੋਂ ਸਾਡਾ ਪਹਿਲਾ ਫ਼ਰਜ਼ ਕੀ ਹੈ ਅਤੇ ਇਸ ਨੂੰ ਅਸੀਂ ਪੂਰਾ ਕਿਵੇਂ ਕਰ ਸਕਦੇ ਹਾਂ?
1 ਯੂਹੰਨਾ 5:3 ਵਿਚ ਦੱਸਿਆ ਗਿਆ ਹੈ ਕਿ “ਪਰਮੇਸ਼ੁਰ ਦਾ ਪ੍ਰੇਮ ਇਹ ਹੈ ਭਈ ਅਸੀਂ ਉਹ ਦੇ ਹੁਕਮਾਂ ਦੀ ਪਾਲਣਾ ਕਰੀਏ, ਅਤੇ ਉਹ ਦੇ ਹੁਕਮ ਔਖੇ ਨਹੀਂ ਹਨ।” ਤਾਂ ਫਿਰ, ਸਾਡੀ ਆਗਿਆਕਾਰੀ ਸਾਡੇ ਪਿਆਰ ਅਤੇ ਸਾਡੀ ਅਧੀਨਗੀ ਦਾ ਸਬੂਤ ਹੈ। ਇਹ ਸਾਡੀ ਹਰ ਕਰਨੀ ਤੋਂ ਸਾਬਤ ਹੋਣਾ ਚਾਹੀਦਾ ਹੈ। ਪੌਲੁਸ ਨੇ ਕਿਹਾ: “ਭਾਵੇਂ ਤੁਸੀਂ ਖਾਂਦੇ ਭਾਵੇਂ ਪੀਂਦੇ ਭਾਵੇਂ ਕੁਝ ਹੀ ਕਰਦੇ ਹੋ ਸੱਭੋ ਕੁਝ ਪਰਮੇਸ਼ੁਰ ਦੀ ਵਡਿਆਈ ਲਈ ਕਰੋ।” (1 ਕੁਰਿੰਥੀਆਂ 10:31) ਸਾਨੂੰ ਰੋਜ਼, ਛੋਟੀਆਂ-ਛੋਟੀਆਂ ਗੱਲਾਂ ਵਿਚ ਵੀ ਦਿਖਾਉਣਾ ਚਾਹੀਦਾ ਹੈ ਕਿ ਅਸੀਂ ਯਹੋਵਾਹ ਦੀ ਸੇਵਾ ਕਰਦੇ ਹਾਂ।—ਰੋਮੀਆਂ 12:11.
5 ਇਕ ਗ਼ੁਲਾਮ ਨੂੰ ਆਪਣੇ ਮਾਲਕ ਦੀ ਆਗਿਆ ਦੀ ਪਾਲਣਾ ਕਰਨੀ ਪੈਂਦੀ ਹੈ। ਅਸੀਂ ਆਪਣੀ ਮਰਜ਼ੀ ਨਾਲ ਗ਼ੁਲਾਮ ਬਣੇ ਹਾਂ ਕਿਉਂਕਿ ਅਸੀਂ ਆਪਣੇ ਮਾਲਕ ਨਾਲ ਪਿਆਰ ਕਰਦੇ ਹਾਂ। ਸਾਨੂੰ6. ਫ਼ੈਸਲੇ ਕਰਦੇ ਸਮੇਂ ਸਾਨੂੰ ਯਹੋਵਾਹ ਨਾਲ ਆਪਣੇ ਰਿਸ਼ਤੇ ਬਾਰੇ ਕੀ ਯਾਦ ਰੱਖਣਾ ਚਾਹੀਦਾ ਹੈ? ਇਸ ਦੀ ਇਕ ਉਦਾਹਰਣ ਦਿਓ।
6 ਮਿਸਾਲ ਲਈ ਜਦੋਂ ਸਾਨੂੰ ਕੋਈ ਫ਼ੈਸਲਾ ਕਰਨਾ ਪੈਂਦਾ ਹੈ, ਤਾਂ ਸਾਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ ਕਿ ਸਾਡਾ ਸੁਆਮੀ ਯਹੋਵਾਹ ਸਾਡੇ ਤੋਂ ਕੀ ਚਾਹੁੰਦਾ ਹੈ। (ਮਲਾਕੀ 1:6) ਪਰ ਕਦੀ-ਕਦੀ ਫ਼ੈਸਲੇ ਕਰਨੇ ਔਖੇ ਕਿਉਂ ਹੁੰਦੇ ਹਨ? ਕਿਉਂਕਿ ਸਾਡਾ ਜੀਅ ਜੋ ਚਾਹੁੰਦਾ ਉਹ ਪਰਮੇਸ਼ੁਰ ਦੀ ਮਰਜ਼ੀ ਤੋਂ ਉਲਟ ਹੈ। ਇਨ੍ਹਾਂ ਮੌਕਿਆਂ ਤੇ ਕੀ ਅਸੀਂ ਪਰਮੇਸ਼ੁਰ ਦੀ ਸਲਾਹ ਮੁਤਾਬਕ ਚੱਲਾਂਗੇ ਜਾਂ ਆਪਣੇ ਦਿਲ ਦੀ ਸੁਣਾਂਗੇ ਜੋ “ਧੋਖੇਬਾਜ਼” ਅਤੇ “ਪੁੱਜ ਕੇ ਖਰਾਬ ਹੈ।” (ਯਿਰਮਿਯਾਹ 17:9) ਮਲਿੱਸਾ ਦੇ ਬਪਤਿਸਮੇ ਤੋਂ ਕੁਝ ਹੀ ਸਮੇਂ ਬਾਅਦ ਇਕ ਨੌਜਵਾਨ ਉਸ ਨਾਲ ਆਸ਼ਕੀ ਦੀਆਂ ਗੱਲਾਂ ਕਰਨ ਲੱਗਾ। ਵੈਸੇ ਉਹ ਬੜਾ ਸਾਊ ਬੰਦਾ ਸੀ ਅਤੇ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਵੀ ਕਰ ਰਿਹਾ ਸੀ। ਪਰ ਕਲੀਸਿਯਾ ਦੇ ਇਕ ਬਜ਼ੁਰਗ ਨੇ ਮਲਿੱਸਾ ਨੂੰ “ਕੇਵਲ ਪ੍ਰਭੁ ਵਿੱਚ” ਹੀ ਵਿਆਹ ਕਰਾਉਣ ਬਾਰੇ ਯਹੋਵਾਹ ਦਾ ਹੁਕਮ ਯਾਦ ਦਿਲਾਇਆ। (1 ਕੁਰਿੰਥੀਆਂ 7:39; 2 ਕੁਰਿੰਥੀਆਂ 6:14) ਮਲਿੱਸਾ ਦੱਸਦੀ ਹੈ ਅੱਗੇ ਕੀ ਹੋਇਆ: “ਇਸ ਸਲਾਹ ਮੁਤਾਬਕ ਚੱਲਣਾ ਮੇਰੇ ਲਈ ਸੌਖਾ ਨਹੀਂ ਸੀ। ਪਰ ਮੈਂ ਸੋਚਿਆ ਕਿ ਜੇ ਮੈਂ ਯਹੋਵਾਹ ਦੀ ਮਰਜ਼ੀ ਪੂਰੀ ਕਰਨ ਲਈ ਆਪਣੀ ਜ਼ਿੰਦਗੀ ਉਸ ਨੂੰ ਸੌਂਪੀ ਹੈ, ਤਾਂ ਫਿਰ ਮੈਂ ਉਸ ਦੇ ਹੁਕਮਾਂ ਦੀ ਹੀ ਪਾਲਣਾ ਕਰਾਂਗੀ।” ਉਸ ਸਮੇਂ ਬਾਰੇ ਸੋਚਦਿਆਂ ਉਸ ਨੇ ਕਿਹਾ: “ਮੈਂ ਕਿੰਨੀ ਖ਼ੁਸ਼ ਹਾਂ ਕਿ ਮੈਂ ਯਹੋਵਾਹ ਦਾ ਹੁਕਮ ਮੰਨ ਲਿਆ। ਉਸ ਆਦਮੀ ਨੇ ਸਟੱਡੀ ਕਰਨੀ ਬੰਦ ਕਰ ਦਿੱਤੀ। ਜੇ ਮੈਂ ਉਸ ਨਾਲ ਵਿਆਹ ਕਰਾ ਲੈਂਦੀ, ਤਾਂ ਹੁਣ ਮੇਰੇ ਪਤੀ ਨੇ ਯਹੋਵਾਹ ਦਾ ਗਵਾਹ ਨਹੀਂ ਹੋਣਾ ਸੀ।”
7, 8. (ੳ) ਸਾਨੂੰ ਇਨਸਾਨਾਂ ਨੂੰ ਖ਼ੁਸ਼ ਕਰਨ ਵੱਲ ਬਹੁਤਾ ਧਿਆਨ ਕਿਉਂ ਨਹੀਂ ਦੇਣਾ ਚਾਹੀਦਾ? (ਅ) ਉਦਾਹਰਣ ਦਿਓ ਕਿ ਇਨਸਾਨਾਂ ਤੋਂ ਡਰਨ ਦੀ ਬਜਾਇ ਕੀ ਕੀਤਾ ਜਾ ਸਕਦਾ ਹੈ।
7 ਪਰਮੇਸ਼ੁਰ ਦੇ ਦਾਸ ਹੋਣ ਦੇ ਨਾਤੇ ਸਾਨੂੰ ਕਦੇ ਵੀ ਇਨਸਾਨਾਂ ਦੇ ਗ਼ੁਲਾਮ ਨਹੀਂ ਬਣ ਜਾਣਾ ਚਾਹੀਦਾ। (1 ਕੁਰਿੰਥੀਆਂ 7:23) ਹਾਂ ਇਹ ਸੱਚ ਹੈ ਕਿ ਅਸੀਂ ਸਾਰੇ ਚਾਹੁੰਦੇ ਹਾਂ ਕਿ ਸਾਰੇ ਲੋਕ ਸਾਨੂੰ ਪਸੰਦ ਕਰਨ, ਪਰ ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਯਿਸੂ ਦੇ ਚੇਲੇ ਹੋਣ ਦੇ ਨਾਤੇ ਅਸੀਂ ਦੁਨੀਆਂ ਦੇ ਲੋਕਾਂ ਨਾਲੋਂ ਵੱਖਰੇ ਹਾਂ। ਪੌਲੁਸ ਨੇ ਪੁੱਛਿਆ: ‘ਕੀ ਮੈਂ ਆਦਮੀਆਂ ਦੀ ਕਿਰਪਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ?’ ਜਵਾਬ ਵਿਚ ਉਸ ਨੇ ਕਿਹਾ: ‘ਜੇ ਮੈਂ ਆਦਮੀਆਂ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਤਾਂ ਫਿਰ ਮੈਂ ਮਸੀਹ ਦਾ ਦਾਸ ਨਹੀਂ ਹਾਂ।’ (ਗਲਾਤੀਆਂ 1:10, ਪਵਿੱਤਰ ਬਾਈਬਲ ਨਵਾਂ ਅਨੁਵਾਦ) ਜੀ ਹਾਂ, ਅਸੀਂ ਹਾਣੀਆਂ ਦੇ ਦਬਾਅ ਹੇਠ ਆ ਕੇ ਲੋਕਾਂ ਨੂੰ ਖ਼ੁਸ਼ ਕਰਨ ਵਾਲੇ ਬਣ ਸਕਦੇ ਹਾਂ। ਤਾਂ ਫਿਰ ਜਦ ਸਾਡੇ ਤੇ ਕੁਝ ਕਰਨ ਦਾ ਦਬਾਅ ਪਾਇਆ ਜਾਂਦਾ ਹੈ, ਤਾਂ ਅਸੀਂ ਕੀ ਕਰ ਸਕਦੇ ਹਾਂ?
8 ਆਓ ਆਪਾਂ ਸਪੇਨ ਦੇਸ਼ ਤੋਂ ਏਲੇਨਾ ਦੀ ਮਿਸਾਲ ਉੱਤੇ ਗੌਰ ਕਰੀਏ। ਉਸ ਦੀ ਕਲਾਸ ਵਿਚ ਕਈ ਵਿਦਿਆਰਥੀ ਲਹੂ ਦਾਨ ਕਰਦੇ ਸਨ। ਉਹ ਜਾਣਦੇ ਸਨ ਕਿ ਏਲੇਨਾ ਯਹੋਵਾਹ ਦੀ ਗਵਾਹ ਸੀ ਅਤੇ ਉਹ ਨਾ ਤਾਂ ਲਹੂ ਦਾਨ ਕਰੇਗੀ ਤੇ ਨਾ ਹੀ ਲਹੂ ਚੜ੍ਹਾਏ ਜਾਣ ਲਈ ਰਾਜ਼ੀ ਹੋਵੇਗੀ। ਜਦ ਏਲੇਨਾ ਨੂੰ ਸਾਰੀ ਕਲਾਸ ਸਾਮ੍ਹਣੇ ਆਪਣੇ ਖ਼ਿਆਲ ਪੇਸ਼ ਕਰਨ ਦਾ ਮੌਕਾ ਮਿਲਿਆ, ਤਾਂ ਉਹ ਨੇ ਇਕ ਪੇਸ਼ਕਾਰੀ ਤਿਆਰ ਕੀਤੀ। ਉਹ ਦੱਸਦੀ ਹੈ: “ਸੱਚ ਦੱਸਾਂ, ਤਾਂ ਮੈਂ ਕਾਫ਼ੀ ਡਰੀ ਹੋਈ ਸੀ। ਪਰ ਮੈਂ ਚੰਗੀ ਤਰ੍ਹਾਂ ਤਿਆਰੀ ਕੀਤੀ ਅਤੇ ਫਿਰ ਨਤੀਜਿਆਂ ਤੋਂ ਹੈਰਾਨ ਰਹਿ ਗਈ। ਕਈ ਵਿਦਿਆਰਥੀ ਮੇਰੀ ਇੱਜ਼ਤ ਕਰਨ ਲੱਗ ਪਏ ਅਤੇ ਸਾਡੇ ਅਧਿਆਪਕ ਨੇ ਵੀ ਮੇਰੀ ਸੇਵਕਾਈ ਦੀ ਤਾਰੀਫ਼ ਕੀਤੀ। ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਮੈਂ ਯਹੋਵਾਹ ਦੇ ਨਾਂ ਦੀ ਗਵਾਹੀ ਦੇ ਸਕੀ। ਇਸ ਤੋਂ ਮੈਨੂੰ ਬਹੁਤ ਖ਼ੁਸ਼ੀ ਮਿਲੀ ਕਿਉਂਕਿ ਮੈਂ ਸਾਰਿਆਂ ਨੂੰ ਸਾਫ਼-ਸਾਫ਼ ਦੱਸ ਸਕੀ ਕਿ ਬਾਈਬਲ ਦੇ ਮੁਤਾਬਕ ਮੇਰੇ ਵਿਸ਼ਵਾਸ ਕੀ ਹਨ।” (ਉਤਪਤ 9:3, 4; ਰਸੂਲਾਂ ਦੇ ਕਰਤੱਬ 15:28, 29) ਜੀ ਹਾਂ ਯਹੋਵਾਹ ਅਤੇ ਯਿਸੂ ਦੇ ਦਾਸਾਂ ਵਜੋਂ ਅਸੀਂ ਬਾਕੀ ਦੇ ਲੋਕਾਂ ਨਾਲੋਂ ਵੱਖਰੇ ਨਜ਼ਰ ਆਉਂਦੇ ਹਾਂ। ਇਸ ਦੇ ਬਾਵਜੂਦ ਜੇ ਅਸੀਂ ਅਦਬ ਨਾਲ ਜਵਾਬ ਦੇਣ ਲਈ ਤਿਆਰ ਰਹੀਏ, ਤਾਂ ਅਸੀਂ ਲੋਕਾਂ ਦੀਆਂ ਨਜ਼ਰਾਂ ਵਿਚ ਇੱਜ਼ਤ ਹਾਸਲ ਕਰ ਸਕਦੇ ਹਾਂ।—1 ਪਤਰਸ 3:15.
9. ਅਸੀਂ ਉਸ ਦੂਤ ਤੋਂ ਕੀ ਸਿੱਖਦੇ ਹਾਂ ਜਿਸ ਨੂੰ ਯੂਹੰਨਾ ਰਸੂਲ ਨੇ ਦੇਖਿਆ ਸੀ?
9 ਇਹ ਗੱਲ ਯਾਦ ਰੱਖ ਕੇ ਕਿ ਅਸੀਂ ਪਰਮੇਸ਼ੁਰ ਦੇ ਦਾਸ ਹਾਂ, ਸਾਨੂੰ ਅਧੀਨ ਰਹਿਣ ਵਿਚ ਵੀ ਮਦਦ ਮਿਲੇਗੀ। ਇਕ ਵਾਰ ਯੂਹੰਨਾ ਰਸੂਲ ਨੇ ਸਵਰਗੀ ਯਰੂਸ਼ਲਮ ਦਾ ਇੰਨਾ ਸ਼ਾਨਦਾਰ ਦਰਸ਼ਣ ਦੇਖਿਆ ਕਿ ਉਹ ਉਸ ਦੂਤ ਦੇ ਪੈਰੀਂ ਪੈ ਕੇ ਮੱਥਾ ਟੇਕਣ ਲੱਗਾ ਜਿਸ ਨੇ ਪਰਮੇਸ਼ੁਰ ਦੇ ਥਾਂ ਉਸ ਨਾਲ ਗੱਲ ਕੀਤੀ ਸੀ। ਪਰ ਦੂਤ ਨੇ ਇਕਦਮ ਕਿਹਾ: “ਇਉਂ ਨਾ ਕਰ! ਮੈਂ ਤਾਂ ਤੇਰੇ ਅਤੇ ਨਬੀਆਂ ਦੇ ਜੋ ਤੇਰੇ ਭਰਾ ਹਨ ਅਤੇ ਓਹਨਾਂ ਦੇ ਜਿਹੜੇ ਇਸ ਪੋਥੀ ਦੀਆਂ ਗੱਲਾਂ ਦੀ ਪਾਲਣਾ ਕਰਦੇ ਹਨ ਨਾਲ ਦਾ ਦਾਸ ਹਾਂ। ਪਰਮੇਸ਼ੁਰ ਨੂੰ ਮੱਥਾ ਟੇਕ!” (ਪਰਕਾਸ਼ ਦੀ ਪੋਥੀ 22:8, 9) ਇਸ ਦੂਤ ਨੇ ਪਰਮੇਸ਼ੁਰ ਦੇ ਬਾਕੀ ਦੇ ਦਾਸਾਂ ਲਈ ਕਿੰਨੀ ਵਧੀਆ ਮਿਸਾਲ ਕਾਇਮ ਕੀਤੀ! ਭਾਵੇਂ ਕਲੀਸਿਯਾ ਵਿਚ ਕੁਝ ਮਸੀਹੀਆਂ ਨੂੰ ਖ਼ਾਸ ਜ਼ਿੰਮੇਵਾਰੀ ਸੌਂਪੀ ਗਈ ਹੋਵੇ, ਪਰ ਫਿਰ ਵੀ ਯਿਸੂ ਨੇ ਕਿਹਾ: “ਜੋ ਕੋਈ ਤੁਹਾਡੇ ਵਿੱਚੋਂ ਵੱਡਾ ਹੋਣਾ ਚਾਹੇ ਸੋ ਤੁਹਾਡਾ ਟਹਿਲੂਆ ਹੋਵੇ ਅਤੇ ਜੋ ਕੋਈ ਤੁਹਾਡੇ ਵਿੱਚੋਂ ਸਰਦਾਰ ਬਣਿਆ ਚਾਹੇ ਸੋ ਤੁਹਾਡਾ ਕਾਮਾ ਹੋਵੇ।” (ਮੱਤੀ 20:26, 27) ਜੀ ਹਾਂ, ਯਿਸੂ ਦੇ ਚੇਲਿਆਂ ਵਜੋਂ ਅਸੀਂ ਸਾਰੇ ਗ਼ੁਲਾਮ ਹਾਂ।
“ਜੋ ਕੁਝ ਸਾਨੂੰ ਕਰਨਾ ਉਚਿਤ ਸੀ ਅਸਾਂ ਉਹੀ ਕੀਤਾ”
10. ਬਾਈਬਲ ਤੋਂ ਪਰਮੇਸ਼ੁਰ ਦੇ ਵਫ਼ਾਦਾਰ ਸੇਵਕਾਂ ਦੀਆਂ ਉਦਾਹਰਣਾਂ ਦਿਓ ਜਿਨ੍ਹਾਂ ਲਈ ਉਸ ਦੀ ਮਰਜ਼ੀ ਪੂਰੀ ਕਰਨੀ ਆਸਾਨ ਨਹੀਂ ਸੀ।
10 ਪਾਪੀ ਇਨਸਾਨਾਂ ਲਈ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਨੀ ਹਮੇਸ਼ਾ ਸੌਖੀ ਨਹੀਂ ਹੁੰਦੀ। ਮਿਸਾਲ ਲਈ ਜਦ ਯਹੋਵਾਹ ਨੇ ਮੂਸਾ ਨਬੀ ਨੂੰ ਮਿਸਰ ਜਾ ਕੇ ਇਸਰਾਏਲੀਆਂ ਨੂੰ ਛੁਡਾਉਣ ਬਾਰੇ ਕਿਹਾ, ਤਾਂ ਉਹ ਕਹਿਣਾ ਮੰਨਣ ਤੋਂ ਝਿਜਕਦਾ ਸੀ। (ਕੂਚ 3:10, 11; 4:1, 10) ਜਦ ਯੂਨਾਹ ਨੂੰ ਨੀਨਵਾਹ ਦੇ ਲੋਕਾਂ ਨੂੰ ਯਹੋਵਾਹ ਦੀ ਸਜ਼ਾ ਸੁਣਾਉਣ ਲਈ ਭੇਜਿਆ ਗਿਆ, ਤਾਂ ਉਹ “ਯਹੋਵਾਹ ਦੇ ਹਜ਼ੂਰੋਂ ਤਰਸ਼ੀਸ਼ ਨੂੰ ਭੱਜਣ ਲਈ ਉੱਠਿਆ।” (ਯੂਨਾਹ 1:2, 3) ਯਿਰਮਿਯਾਹ ਨਬੀ ਦੇ ਲਿਖਾਰੀ ਬਾਰੂਕ ਦੀ ਸ਼ਿਕਾਇਤ ਸੀ ਕਿ ਉਹ ਪਰਮੇਸ਼ੁਰ ਦੇ ਕੰਮ ਕਰ-ਕਰ ਕੇ ਥੱਕ ਗਿਆ ਸੀ। (ਯਿਰਮਿਯਾਹ 45:2, 3) ਜਦ ਸਾਡਾ ਜੀਅ ਪਰਮੇਸ਼ੁਰ ਦੀ ਮਰਜ਼ੀ ਤੋਂ ਉਲਟ ਜਾਣ ਨੂੰ ਕਰਦਾ ਹੈ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਆਓ ਆਪਾਂ ਯਿਸੂ ਦੇ ਇਕ ਦ੍ਰਿਸ਼ਟਾਂਤ ਤੋਂ ਮਦਦ ਹਾਸਲ ਕਰੀਏ।
11, 12. (ੳ) ਲੂਕਾ 17:7-10 ਵਿਚ ਦੱਸੇ ਗਏ ਯਿਸੂ ਦੇ ਦ੍ਰਿਸ਼ਟਾਂਤ ਦਾ ਸਾਰ ਦਿਓ। (ਅ) ਯਿਸੂ ਦੇ ਦ੍ਰਿਸ਼ਟਾਂਤ ਤੋਂ ਅਸੀਂ ਕੀ ਸਬਕ ਸਿੱਖਦੇ ਹਾਂ?
11 ਯਿਸੂ ਨੇ ਇਕ ਅਜਿਹੇ ਨੌਕਰ ਦੀ ਗੱਲ ਕੀਤੀ ਜੋ ਸਾਰੀ ਦਿਹਾੜੀ ਖੇਤਾਂ ਵਿਚ ਆਪਣੇ ਮਾਲਕ ਦੀਆਂ ਭੇਡਾਂ ਚਾਰਦਾ ਸੀ। ਲੂਕਾ 17:7-10.
ਉਹ ਥੱਕਿਆ-ਟੁੱਟਿਆ 12 ਘੰਟੇ ਡਾਢੀ ਮਿਹਨਤ ਕਰਨ ਤੋਂ ਬਾਅਦ ਘਰ ਵਾਪਸ ਆਇਆ, ਪਰ ਉਸ ਦੇ ਮਾਲਕ ਨੇ ਉਸ ਨੂੰ ਆਰਾਮ ਨਾਲ ਰੋਟੀ ਖਾਣ ਨੂੰ ਨਹੀਂ ਕਿਹਾ। ਇਸ ਦੀ ਬਜਾਇ ਉਸ ਨੇ ਕਿਹਾ: “ਕੁਝ ਤਿਆਰ ਕਰ ਜੋ ਮੈਂ ਖਾਵਾਂ ਅਤੇ ਲੱਕ ਬੰਨ੍ਹ ਕੇ ਮੇਰੀ ਟਹਿਲ ਕਰ ਜਦ ਤੀਕੁਰ ਮੈਂ ਖਾ ਪੀ ਨਾ ਹਟਾਂ, ਅਤੇ ਇਹ ਦੇ ਪਿੱਛੋਂ ਤੂੰ ਖਾਵੀਂ ਪੀਵੀਂ।” ਉਸ ਚਾਕਰ ਨੂੰ ਪਹਿਲਾਂ ਆਪਣੇ ਮਾਲਕ ਦੀਆਂ ਲੋੜਾਂ ਪੂਰੀਆਂ ਕਰਨ ਦੀ ਜ਼ਰੂਰਤ ਸੀ, ਫਿਰ ਉਹ ਆਪਣੇ ਬਾਰੇ ਸੋਚ ਸਕਦਾ ਸੀ। ਦ੍ਰਿਸ਼ਟਾਂਤ ਦੇ ਅਖ਼ੀਰ ਵਿਚ ਯਿਸੂ ਨੇ ਕਿਹਾ: “ਇਸ ਤਰਾਂ ਤੁਸੀਂ ਵੀ ਜਾਂ ਓਹ ਸਾਰੇ ਕੰਮ ਜਿਨ੍ਹਾਂ ਦਾ ਤੁਹਾਨੂੰ ਹੁਕਮ ਦਿੱਤਾ ਗਿਆ ਪੂਰੇ ਕਰ ਚੁੱਕੋ ਤਾਂ ਕਹੋ ਭਈ ਅਸੀਂ ਨਿਕੰਮੇ ਬੰਦੇ ਹਾਂ, ਜੋ ਕੁਝ ਸਾਨੂੰ ਕਰਨਾ ਉਚਿਤ ਸੀ ਅਸਾਂ ਉਹੀ ਕੀਤਾ।”—12 ਯਿਸੂ ਦੇ ਦ੍ਰਿਸ਼ਟਾਂਤ ਦਾ ਇਹ ਮਤਲਬ ਨਹੀਂ ਸੀ ਕਿ ਯਹੋਵਾਹ ਨੂੰ ਸਾਡੀ ਸੇਵਕਾਈ ਦੀ ਕੋਈ ਕਦਰ ਨਹੀਂ। ਬਾਈਬਲ ਵਿਚ ਸਾਫ਼-ਸਾਫ਼ ਕਿਹਾ ਗਿਆ: “ਪਰਮੇਸ਼ੁਰ ਕੁਨਿਆਈ ਨਹੀਂ ਜੋ ਤੁਹਾਡੇ ਕੰਮ ਨੂੰ ਅਤੇ ਉਸ ਪ੍ਰੇਮ ਨੂੰ ਭੁੱਲ ਜਾਵੇ ਜਿਹੜਾ ਤੁਸਾਂ ਉਹ ਦੇ ਨਾਮ ਨਾਲ ਵਿਖਾਇਆ।” (ਇਬਰਾਨੀਆਂ 6:10) ਇਸ ਦੀ ਬਜਾਇ ਯਿਸੂ ਦੇ ਕਹਿਣ ਦਾ ਮਤਲਬ ਸੀ ਕਿ ਇਕ ਦਾਸ ਆਪਣੇ ਆਪ ਨੂੰ ਖ਼ੁਸ਼ ਕਰਨ ਬਾਰੇ ਜਾਂ ਆਪਣੇ ਆਰਾਮ ਬਾਰੇ ਹੀ ਨਹੀਂ ਸੋਚ ਸਕਦਾ। ਜਦ ਅਸੀਂ ਪਰਮੇਸ਼ੁਰ ਨੂੰ ਆਪਣੀ ਜ਼ਿੰਦਗੀ ਸੌਂਪ ਕੇ ਉਸ ਦੇ ਦਾਸ ਬਣਦੇ ਹਾਂ, ਤਾਂ ਅਸੀਂ ਆਪਣੀ ਇੱਛਾ ਨੂੰ ਪਹਿਲ ਦੇਣ ਦੀ ਬਜਾਇ ਉਸ ਦੀ ਇੱਛਾ ਨੂੰ ਪਹਿਲ ਦਿੰਦੇ ਹਾਂ। ਭਾਵੇਂ ਸਾਨੂੰ ਆਪਣੀ ਇੱਛਾ ਕੁਚਲਣੀ ਪਵੇ, ਫਿਰ ਵੀ ਅਸੀਂ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਾਂਗੇ।
13, 14. (ੳ) ਕਿਨ੍ਹਾਂ ਹਾਲਾਤਾਂ ਵਿਚ ਸਾਨੂੰ ਆਪਣੀ ਇੱਛਾ ਨੂੰ ਸ਼ਾਇਦ ਦੱਬ ਕੇ ਰੱਖਣਾ ਪਵੇ? (ਅ) ਸਾਨੂੰ ਪਰਮੇਸ਼ੁਰ ਦੀ ਮਰਜ਼ੀ ਨੂੰ ਪਹਿਲ ਕਿਉਂ ਦੇਣੀ ਚਾਹੀਦੀ ਹੈ?
13 ਪਰਮੇਸ਼ੁਰ ਦਾ ਬਚਨ ਬਾਈਬਲ ਅਤੇ “ਮਾਤਬਰ ਅਤੇ ਬੁੱਧਵਾਨ ਨੌਕਰ” ਦੁਆਰਾ ਤਿਆਰ ਕੀਤਾ ਗਿਆ ਸਾਹਿੱਤ ਪੜ੍ਹਨ ਲਈ ਸਾਨੂੰ ਕਾਫ਼ੀ ਜਤਨ ਕਰਨ ਦੀ ਲੋੜ ਪੈ ਸਕਦੀ ਹੈ। (ਮੱਤੀ 24:45) ਖ਼ਾਸਕਰ ਜੇ ਸਾਡੇ ਲਈ ਪੜ੍ਹਨਾ-ਲਿਖਣਾ ਮੁਸ਼ਕਲ ਹੋਵੇ ਜਾਂ ਜੋ ਅਸੀਂ ਪੜ੍ਹ ਰਹੇ ਹਾਂ ਉਸ ਵਿਚ “ਪਰਮੇਸ਼ੁਰ ਦੀਆਂ ਡੂੰਘੀਆਂ ਵਸਤਾਂ” ਹੋਣ। (1 ਕੁਰਿੰਥੀਆਂ 2:10) ਪਰ ਫਿਰ ਵੀ ਸਾਨੂੰ ਇਸ ਪੜ੍ਹਾਈ ਲਈ ਸਮਾਂ ਕੱਢਣਾ ਚਾਹੀਦਾ ਹੈ। ਸਾਨੂੰ ਆਪਣੇ ਆਪ ਨਾਲ ਭਾਵੇਂ ਸਖ਼ਤੀ ਵਰਤਣੀ ਪਵੇ, ਪਰ ਸਾਨੂੰ ਇਨ੍ਹਾਂ ਗੱਲਾਂ ਤੇ ਧਿਆਨ ਜ਼ਰੂਰ ਲਾਉਣਾ ਚਾਹੀਦਾ ਹੈ। ਕਿਉਂਕਿ ਜੇ ਅਸੀਂ ਇਸ ਤਰ੍ਹਾਂ ਨਾ ਕੀਤਾ, ਤਾਂ ਅਸੀਂ ਉਸ ਅੰਨ ਦਾ ਸੁਆਦ ਲੈਣਾ ਨਹੀਂ ਸਿੱਖਾਂਗੇ ਜੋ “ਸਿਆਣਿਆਂ ਲਈ ਹੈ।”—ਇਬਰਾਨੀਆਂ 5:14.
14 ਉਨ੍ਹਾਂ ਸਮਿਆਂ ਬਾਰੇ ਕੀ ਜਦ ਅਸੀਂ ਸਾਰੀ ਦਿਹਾੜੀ ਕੰਮ ਕਰਨ ਤੋਂ ਬਾਅਦ ਥੱਕੇ-ਟੁੱਟੇ ਘਰ ਵਾਪਸ ਆਉਂਦੇ ਹਾਂ? ਉਸ ਸਮੇਂ ਭਾਵੇਂ ਮੀਟਿੰਗਾਂ ਵਿਚ ਜਾਣ ਨੂੰ ਸਾਡਾ ਜੀਅ ਬਿਲਕੁਲ ਨਹੀਂ ਕਰਦਾ, ਪਰ ਫਿਰ ਵੀ ਸਾਨੂੰ ਜਾਣਾ ਚਾਹੀਦਾ ਹੈ। ਸਾਨੂੰ ਸ਼ਾਇਦ ਅਜਨਬੀਆਂ ਨਾਲ ਗੱਲ ਕਰਨੀ ਔਖੀ ਲੱਗੇ ਅਤੇ ਉਨ੍ਹਾਂ ਨੂੰ ਪ੍ਰਚਾਰ ਕਰਨਾ ਸਾਡੇ ਲਈ ਆਸਾਨ ਨਾ ਹੋਵੇ। ਪੌਲੁਸ ਰਸੂਲ ਨੇ ਵੀ ਸਵੀਕਾਰ ਕੀਤਾ ਸੀ ਕਿ ਅਜਿਹੇ ਸਮੇਂ ਹੋ ਸਕਦੇ ਹਨ ਜਦ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਸਾਡੀ “ਭਾਉਣੀ ਤੋਂ ਬਿਨਾ” ਹੋਵੇ ਯਾਨੀ ਅਸੀਂ ਨਾ ਵੀ ਕਰਨਾ ਚਾਹੀਏ। (1 ਕੁਰਿੰਥੀਆਂ 9:17) ਪਰ ਫਿਰ ਵੀ ਅਸੀਂ ਇਹ ਸਭ ਕੁਝ ਕਰਦੇ ਹਾਂ ਕਿਉਂਕਿ ਸਾਡਾ ਮਾਲਕ ਯਹੋਵਾਹ, ਜਿਸ ਨੂੰ ਅਸੀਂ ਪਿਆਰ ਕਰਦੇ ਹਾਂ, ਸਾਨੂੰ ਇਹ ਕੰਮ ਕਰਨ ਲਈ ਕਹਿੰਦਾ ਹੈ। ਕੀ ਅਸੀਂ ਸਖ਼ਤ ਮਿਹਨਤ ਨਾਲ ਸਟੱਡੀ ਕਰ ਕੇ, ਮੀਟਿੰਗਾਂ ਵਿਚ ਜਾ ਕੇ ਅਤੇ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈ ਕੇ ਤਾਜ਼ਗੀ ਮਹਿਸੂਸ ਨਹੀਂ ਕਰਦੇ? ਜੀ ਹਾਂ, ਅਸੀਂ ਇਹ ਸਭ ਕੁਝ ਕਰ ਕੇ ਖ਼ੁਸ਼ ਹੁੰਦੇ ਹਾਂ।—ਜ਼ਬੂਰਾਂ ਦੀ ਪੋਥੀ 1:1, 2; 122:1; 145:10-13.
“ਪਿਛਾਹਾਂ ਨੂੰ” ਨਾ ਦੇਖੋ
15. ਯਿਸੂ ਨੇ ਅਧੀਨਗੀ ਦੀ ਮਿਸਾਲ ਕਿਵੇਂ ਛੱਡੀ ਸੀ?
15 ਯਿਸੂ ਮਸੀਹ ਨੇ ਇਕ ਬਹੁਤ ਹੀ ਵਧੀਆ ਢੰਗ ਨਾਲ ਆਪਣੇ ਪਿਤਾ ਨੂੰ ਆਪਣੀ ਅਧੀਨਗੀ ਦਿਖਾਈ ਸੀ। ਉਸ ਨੇ ਆਪਣੇ ਚੇਲਿਆਂ ਨੂੰ ਕਿਹਾ: “ਮੈਂ ਸੁਰਗੋਂ ਉੱਤਰਿਆ ਹਾਂ ਇਸ ਲਈ ਨਹੀਂ ਜੋ ਆਪਣੀ ਮਰਜ਼ੀ ਸਗੋਂ ਉਹ ਦੀ ਮਰਜ਼ੀ ਦੇ ਅਨੁਸਾਰ ਚੱਲਾਂ ਜਿਹ ਨੇ ਮੈਨੂੰ ਘੱਲਿਆ।” (ਯੂਹੰਨਾ 6:38) ਆਪਣੀ ਮੌਤ ਤੋਂ ਪਹਿਲਾਂ ਜਦ ਉਹ ਗਥਸਮਨੀ ਦੇ ਬਾਗ਼ ਵਿਚ ਬਹੁਤ ਹੀ ਦੁਖੀ ਸੀ, ਤਾਂ ਉਸ ਨੇ ਪ੍ਰਾਰਥਨਾ ਕੀਤੀ: “ਹੇ ਮੇਰੇ ਪਿਤਾ, ਜੇ ਹੋ ਸੱਕੇ ਤਾਂ ਇਹ ਪਿਆਲਾ ਮੈਥੋਂ ਟਲ ਜਾਵੇ ਪਰ ਉਹ ਨਾ ਹੋਵੇ ਜੋ ਮੈਂ ਚਾਹੁੰਦਾ ਹਾਂ ਪਰ ਉਹ ਜੋ ਤੂੰ ਚਾਹੁੰਦਾ ਹੈਂ।”—ਮੱਤੀ 26:39.
16, 17. (ੳ) ਸਾਨੂੰ ਉਨ੍ਹਾਂ ਗੱਲਾਂ ਬਾਰੇ ਕਿਵੇਂ ਮਹਿਸੂਸ ਕਰਨਾ ਚਾਹੀਦਾ ਜੋ ਅਸੀਂ ਪਿੱਛੇ ਛੱਡ ਆਏ ਹਾਂ? (ਅ) ਪੌਲੁਸ ਨੇ ਆਪਣੀਆਂ ਪਿੱਛਲੀਆਂ ਗੱਲਾਂ ਨੂੰ “ਕੂੜਾ” ਸਮਝ ਕੇ ਸਮਝਦਾਰੀ ਕਿਵੇਂ ਦਿਖਾਈ ਸੀ?
16 ਯਿਸੂ ਮਸੀਹ ਚਾਹੁੰਦਾ ਹੈ ਕਿ ਅਸੀਂ ਪਰਮੇਸ਼ੁਰ ਦੇ ਦਾਸ ਰਹਿਣ ਦਾ ਆਪਣਾ ਵਾਅਦਾ ਨਿਭਾਈਏ। ਉਸ ਨੇ ਕਿਹਾ: “ਜੇ ਕੋਈ ਆਪਣਾ ਹੱਥ ਹਲ ਤੇ ਰੱਖ ਕੇ ਪਿਛਾਹਾਂ ਨੂੰ ਵੇਖੇ ਤਾਂ ਉਹ ਪਰਮੇਸ਼ੁਰ ਦੇ ਰਾਜ ਦੇ ਜੋਗ ਨਹੀਂ।” (ਲੂਕਾ 9:62) ਪਰਮੇਸ਼ੁਰ ਦੀ ਸੇਵਾ ਕਰਦੇ ਹੋਏ ਪਿੱਛਲੀਆਂ ਗੱਲਾਂ ਬਾਰੇ ਸੋਚੀ ਜਾਣਾ ਠੀਕ ਨਹੀਂ ਹੈ। ਇਸ ਦੀ ਬਜਾਇ ਸਾਨੂੰ ਉਨ੍ਹਾਂ ਗੱਲਾਂ ਦੀ ਕਦਰ ਕਰਨੀ ਚਾਹੀਦੀ ਹੈ ਜੋ ਸਾਨੂੰ ਪਰਮੇਸ਼ੁਰ ਦੇ ਦਾਸ ਬਣਨ ਤੋਂ ਮਿਲਦੀਆਂ ਹਨ। ਪੌਲੁਸ ਨੇ ਫ਼ਿਲਿੱਪੀਆਂ ਨੂੰ ਲਿਖਿਆ: “ਮਸੀਹ ਯਿਸੂ ਆਪਣੇ ਪ੍ਰਭੁ ਦੇ ਗਿਆਨ ਦੀ ਉੱਤਮਤਾਈ ਦੇ ਕਾਰਨ ਸਾਰੀਆਂ ਗੱਲਾਂ ਨੂੰ ਮੈਂ ਹਾਨ ਦੀਆਂ ਹੀ ਸਮਝਦਾ ਹਾਂ ਅਤੇ ਉਹ ਦੀ ਖਾਤਰ ਮੈਂ ਇਨ੍ਹਾਂ ਸਭਨਾਂ ਗੱਲਾਂ ਦੀ ਹਾਨ ਝੱਲੀ ਅਤੇ ਉਨ੍ਹਾਂ ਨੂੰ ਕੂੜਾ ਸਮਝਦਾ ਹਾਂ ਭਈ ਮੈਂ ਮਸੀਹ ਨੂੰ ਖੱਟ ਲਵਾਂ।”—ਫ਼ਿਲਿੱਪੀਆਂ 3:8.
17 ਜ਼ਰਾ ਸੋਚੋ ਪਰਮੇਸ਼ੁਰ ਦਾ ਦਾਸ ਬਣਨ ਲਈ ਪੌਲੁਸ ਨੇ ਕਿਨ੍ਹਾਂ ਗੱਲਾਂ ਨੂੰ “ਕੂੜਾ” ਸਮਝ ਕੇ ਪਿੱਛੇ ਛੱਡਿਆ ਸੀ। ਉਸ ਨੇ ਦੁਨੀਆਂ ਦੇ ਐਸ਼ੋ-ਆਰਾਮ ਦੇ ਨਾਲ-ਨਾਲ ਯਹੂਦੀਆਂ ਦਾ ਆਗੂ ਬਣਨ ਦੀ ਸੰਭਾਵਨਾ ਵੀ ਪਿੱਛੇ ਛੱਡੀ ਸੀ। ਜੇ ਪੌਲੁਸ ਨੇ ਯਹੂਦੀ ਧਰਮ ਨਾ ਛੱਡਿਆ ਹੁੰਦਾ, ਤਾਂ ਹੋ ਸਕਦਾ ਹੈ ਕਿ ਉਹ ਆਪਣੇ ਉਸਤਾਦ ਗਮਲੀਏਲ ਦੇ ਪੁੱਤਰ ਸਿਮਓਨ ਵਾਂਗ ਉੱਚੀ ਪਦਵੀ ਤੇ ਪਹੁੰਚ ਸਕਦਾ ਸੀ। (ਰਸੂਲਾਂ ਦੇ ਕਰਤੱਬ 22:3; ਗਲਾਤੀਆਂ 1:14) ਸਿਮਓਨ ਫ਼ਰੀਸੀਆਂ ਦਾ ਆਗੂ ਬਣ ਗਿਆ ਸੀ ਅਤੇ ਭਾਵੇਂ ਉਹ ਨਹੀਂ ਵੀ ਚਾਹੁੰਦਾ ਸੀ ਉਸ ਨੇ ਰੋਮੀਆਂ ਖ਼ਿਲਾਫ਼ ਯਹੂਦੀ ਬਗਾਵਤ (ਸੰਨ 66-70) ਵਿਚ ਵੱਡਾ ਹਿੱਸਾ ਲਿਆ ਸੀ। ਉਸ ਲੜਾਈ ਵਿਚ ਉਹ ਜਾਂ ਤਾਂ ਯਹੂਦੀ ਅੱਤਵਾਦੀਆਂ ਦੇ ਹੱਥੀਂ ਜਾਂ ਰੋਮੀ ਫ਼ੌਜ ਦੇ ਹੱਥੀਂ ਮਾਰਿਆ ਗਿਆ ਸੀ।
18. ਇਕ ਉਦਾਹਰਣ ਦਿਓ ਕਿ ਯਹੋਵਾਹ ਦੀ ਸੇਵਾ ਵਿਚ ਜਤਨ ਕਰਨ ਤੋਂ ਕੀ ਮਿਲਦਾ ਹੈ।
18 ਯਹੋਵਾਹ ਦੇ ਕਈ ਗਵਾਹਾਂ ਨੇ ਪੌਲੁਸ ਦੀ ਨਕਲ ਕੀਤੀ ਹੈ। ਜੀਨ ਨਾਂ ਦੀ ਭੈਣ ਦੱਸਦੀ ਹੈ: “ਸਕੂਲ ਦੀ ਪੜ੍ਹਾਈ ਖ਼ਤਮ ਕਰਨ ਤੋਂ ਕੁਝ ਹੀ ਸਾਲ ਬਾਅਦ ਲੰਡਨ ਦੇ ਇਕ ਪ੍ਰਸਿੱਧ ਵਕੀਲ ਦੀ ਮੁੱਖ ਸੈਕਟਰੀ ਵਜੋਂ ਮੇਰੀ ਨੌਕਰੀ ਲੱਗ ਗਈ। ਮੈਨੂੰ ਇਹ ਕੰਮ ਬਹੁਤ ਹੀ ਪਸੰਦ ਸੀ ਤੇ ਤਨਖ਼ਾਹ ਵੀ ਮਾੜੀ ਨਹੀਂ ਸੀ, ਪਰ ਮੈਂ ਆਪਣੇ ਦਿਲ ਵਿਚ ਜਾਣਦੀ ਸੀ ਕਿ ਮੈਨੂੰ ਯਹੋਵਾਹ ਲਈ ਹੋਰ ਕਰਨਾ ਚਾਹੀਦਾ ਹੈ। ਆਖ਼ਰਕਾਰ ਮੈਂ ਅਸਤੀਫ਼ਾ ਦੇ ਦਿੱਤਾ ਅਤੇ ਪਾਇਨੀਅਰੀ ਕਰਨ ਲੱਗ ਪਈ। ਮੈਂ ਕਿੰਨੀ ਖ਼ੁਸ਼ ਹਾਂ ਕਿ ਤਕਰੀਬਨ 20 ਸਾਲ ਪਹਿਲਾਂ ਮੈਂ ਇਹ ਕਦਮ ਚੁੱਕਿਆ ਸੀ! ਇਸ ਸੇਵਾ ਨੇ ਮੇਰੀ ਜ਼ਿੰਦਗੀ ਨੂੰ ਉਹ ਮਕਸਦ ਦਿੱਤਾ ਜੋ ਸੈਕਟਰੀ ਦਾ ਕੰਮ ਕਦੇ ਨਹੀਂ ਦੇ ਸਕਦਾ ਸੀ। ਜਦ ਮੈਂ ਕਿਸੇ ਨੂੰ ਬਾਈਬਲ ਪੜ੍ਹਨ ਤੋਂ ਬਾਅਦ ਆਪਣੀ ਜ਼ਿੰਦਗੀ ਵਿਚ ਤਬਦੀਲੀਆਂ ਕਰਦੇ ਦੇਖਦੀ ਹਾਂ, ਤਾਂ ਇਸ ਤੋਂ ਜੋ ਵੱਡੀ ਖ਼ੁਸ਼ੀ ਮੈਨੂੰ ਮਿਲਦੀ ਹੈ ਉਹ ਹੋਰ ਕਿਤਿਓਂ ਨਹੀਂ ਮਿਲ ਸਕਦੀ। ਕਿਸੇ ਦੀ ਮਦਦ ਕਰਨੀ ਇਕ ਬਹੁਤ ਹੀ ਸ਼ਾਨਦਾਰ ਸਨਮਾਨ ਹੈ। ਯਹੋਵਾਹ ਜੋ ਸਾਨੂੰ ਦਿੰਦਾ ਹੈ, ਉਸ ਦੇ ਬਦਲੇ ਅਸੀਂ ਤਾਂ ਉਸ ਨੂੰ ਬੱਸ ਕੁਝ ਵੀ ਨਹੀਂ ਦੇ ਸਕਦੇ।”
19. ਸਾਨੂੰ ਕੀ ਕਰਨ ਲਈ ਆਪਣਾ ਮਨ ਬਣਾ ਲੈਣਾ ਚਾਹੀਦਾ ਹੈ ਅਤੇ ਕਿਉਂ?
19 ਸਮੇਂ ਦੇ ਬੀਤਣ ਨਾਲ ਸਾਡੇ ਹਾਲਾਤ ਬਦਲ ਸਕਦੇ ਹਨ, ਪਰ ਸਾਡੀ ਭਗਤੀ ਨਹੀਂ ਬਦਲਦੀ। ਅਸੀਂ ਯਹੋਵਾਹ ਦੇ ਦਾਸ ਹਾਂ, ਪਰ ਉਹ ਗੱਲ ਸਾਡੇ ਤੇ ਛੱਡ ਦਿੰਦਾ ਹੈ ਕਿ ਅਸੀਂ ਆਪਣਾ ਸਮਾਂ, ਆਪਣੀ ਤਾਕਤ, ਆਪਣੀਆਂ ਕਾਬਲੀਅਤਾਂ ਅਤੇ ਆਪਣਾ ਬਾਕੀ ਸਭ ਕੁਝ ਕਿਸ ਤਰ੍ਹਾਂ ਵਰਤਾਂਗੇ। ਇਸ ਮਾਮਲੇ ਵਿਚ ਅਸੀਂ ਜੋ ਫ਼ੈਸਲੇ ਕਰਾਂਗੇ ਉਸ ਤੋਂ ਪਰਮੇਸ਼ੁਰ ਲਈ ਸਾਡਾ ਪਿਆਰ ਜ਼ਾਹਰ ਹੋ ਸਕਦਾ ਹੈ। ਅਸੀਂ ਉਸ ਨੂੰ ਦਿਖਾ ਸਕਦੇ ਹਾਂ ਕਿ ਉਸ ਲਈ ਅਸੀਂ ਕੀ-ਕੀ ਕੁਰਬਾਨ ਕਰਨ ਨੂੰ ਤਿਆਰ ਹਾਂ। (ਮੱਤੀ 6:33) ਸਾਡੇ ਹਾਲਾਤ ਜੋ ਮਰਜ਼ੀ ਹੋਣ ਕੀ ਸਾਨੂੰ ਯਹੋਵਾਹ ਲਈ ਅੱਡੀ ਚੋਟੀ ਦਾ ਜ਼ੋਰ ਨਹੀਂ ਲਾਉਣਾ ਚਾਹੀਦਾ? ਪੌਲੁਸ ਨੇ ਲਿਖਿਆ: “ਜੇ ਮਨ ਦੀ ਤਿਆਰੀ ਅੱਗੇ ਹੋਵੇ ਤਾਂ ਉਹ ਉਸ ਦੇ ਅਨੁਸਾਰ ਜੋ ਕਿਸੇ ਕੋਲ ਹੈ ਪਰਵਾਨ ਹੁੰਦੀ ਹੈ ਨਾ ਉਸ ਦੇ ਅਨੁਸਾਰ ਜੋ ਉਸ ਦੇ ਕੋਲ ਨਹੀਂ ਹੈ।”—2 ਕੁਰਿੰਥੀਆਂ 8:12.
‘ਤੁਸੀਂ ਆਪਣਾ ਫਲ ਪਾਉਂਦੇ ਹੋ’
20, 21. (ੳ) ਪਰਮੇਸ਼ੁਰ ਦੇ ਦਾਸਾਂ ਵਿਚ ਕਿਹੋ ਜਿਹਾ ਫਲ ਪੈਦਾ ਹੁੰਦਾ ਹੈ? (ਅ) ਯਹੋਵਾਹ ਉਨ੍ਹਾਂ ਲੋਕਾਂ ਲਈ ਕੀ ਕਰਦਾ ਹੈ ਜੋ ਆਪਣੀ ਪੂਰੀ ਵਾਹ ਲਾ ਕੇ ਉਸ ਦੀ ਸੇਵਾ ਕਰਦੇ ਹਨ?
20 ਪਰਮੇਸ਼ੁਰ ਦੇ ਦਾਸ ਹੋਣਾ ਮੁਸ਼ਕਲ ਨਹੀਂ ਹੈ। ਇਹ ਸਾਨੂੰ ਹੋਰਨਾਂ ਦੇ ਗ਼ੁਲਾਮ ਬਣਨ ਤੋਂ ਬਚਾਉਂਦਾ ਹੈ। ਹੋਰ ਕਈ ਕਿਸਮ ਦੀਆਂ ਗ਼ੁਲਾਮੀਆਂ ਹਨ ਜੋ ਸਾਡੀ ਖ਼ੁਸ਼ੀ ਖੋਹ ਸਕਦੀਆਂ ਹਨ। ਪੌਲੁਸ ਨੇ ਲਿਖਿਆ: “ਪਰ ਹੁਣ ਤੁਸਾਂ ਪਾਪ ਤੋਂ ਛੁੱਟ ਕੇ ਅਤੇ ਪਰਮੇਸ਼ੁਰ ਦੇ ਦਾਸ ਬਣ ਕੇ ਪਵਿੱਤਰਤਾਈ ਦੇ ਲਈ ਆਪਣਾ ਫਲ ਅਤੇ ਓੜਕ ਨੂੰ ਸਦੀਪਕ ਜੀਵਨ ਪਾਉਂਦੇ ਹੋ।” (ਰੋਮੀਆਂ 6:22) ਪਰਮੇਸ਼ੁਰ ਦੀ ਸੇਵਾ ਕਰ ਕੇ ਸਾਡੇ ਵਿਚ ਪਵਿੱਤਰਤਾਈ ਦਾ ਫਲ ਪੈਦਾ ਹੁੰਦਾ ਯਾਨੀ ਸਾਡੇ ਨੇਕ ਚਾਲ-ਚੱਲਣ ਕਾਰਨ ਅਸੀਂ ਸ਼ੁੱਧ ਰਹਿੰਦੇ ਹਾਂ। ਇਸ ਤੋਂ ਇਲਾਵਾ ਸਾਨੂੰ ਭਵਿੱਖ ਵਿਚ ਹਮੇਸ਼ਾ ਦੀ ਜ਼ਿੰਦਗੀ ਵੀ ਮਿਲੇਗੀ।
21 ਯਹੋਵਾਹ ਆਪਣੇ ਦਾਸਾਂ ਨੂੰ ਦਿਲ ਖੋਲ੍ਹ ਕੇ ਦਿੰਦਾ ਹੈ। ਜਦ ਉਸ ਦੀ ਸੇਵਾ ਵਿਚ ਅਸੀਂ ਆਪਣੀ ਪੂਰੀ ਵਾਹ ਲਾਉਂਦੇ ਹਾਂ, ਤਾਂ ਉਹ ਸਾਡੇ ਤੇ “ਅਕਾਸ਼ ਦੀਆਂ ਖਿੜਕੀਆਂ” ਖੋਲ੍ਹ ਕੇ ਬਹੁਤ ਸਾਰੀਆਂ ਬਰਕਤਾਂ ਵਰ੍ਹਾਉਂਦਾ ਹੈ। (ਮਲਾਕੀ 3:10) ਜੀ ਹਾਂ ਸਾਡੇ ਸਾਮ੍ਹਣੇ ਕਿੰਨਾ ਸ਼ਾਨਦਾਰ ਭਵਿੱਖ ਹੈ ਜਿਸ ਵਿਚ ਅਸੀਂ ਹਮੇਸ਼ਾ ਲਈ ਯਹੋਵਾਹ ਦੇ ਦਾਸ ਬਣੇ ਰਹਿ ਸਕਦੇ ਹਾਂ!
ਕੀ ਤੁਹਾਨੂੰ ਯਾਦ ਹੈ?
• ਅਸੀਂ ਪਰਮੇਸ਼ੁਰ ਦੇ ਦਾਸ ਕਿਉਂ ਬਣਦੇ ਹਾਂ?
• ਅਸੀਂ ਕਿਵੇਂ ਦਿਖਾਉਂਦੇ ਹਾਂ ਕਿ ਅਸੀਂ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਨੀ ਚਾਹੁੰਦੇ ਹਾਂ?
• ਸਾਨੂੰ ਯਹੋਵਾਹ ਦੀ ਇੱਛਾ ਨੂੰ ਪਹਿਲ ਦੇਣ ਲਈ ਤਿਆਰ ਕਿਉਂ ਹੋਣਾ ਚਾਹੀਦਾ ਹੈ?
• ਸਾਨੂੰ ਪਿਛਾਹਾਂ ਨੂੰ ਕਿਉਂ ਨਹੀਂ ਦੇਖਣਾ ਚਾਹੀਦਾ?
[ਸਵਾਲ]
[ਸਫ਼ੇ 16 ਉੱਤੇ ਤਸਵੀਰ]
ਇਸਰਾਏਲ ਵਿਚ ਆਪਣੀ ਰਜ਼ਾਮੰਦੀ ਨਾਲ ਗ਼ੁਲਾਮ ਰਹਿਣ ਦੇ ਪ੍ਰਬੰਧ ਤੋਂ ਮਸੀਹੀਆਂ ਦੀ ਟਹਿਲ-ਸੇਵਾ ਦੀ ਇਕ ਝਲਕ ਮਿਲਦੀ ਹੈ
[ਸਫ਼ੇ 17 ਉੱਤੇ ਤਸਵੀਰ]
ਬਪਤਿਸਮਾ ਲੈ ਕੇ ਅਸੀਂ ਪਰਮੇਸ਼ੁਰ ਦੇ ਦਾਸ ਬਣ ਜਾਂਦੇ ਹਾਂ
[ਸਫ਼ੇ 17 ਉੱਤੇ ਤਸਵੀਰ]
ਯਿਸੂ ਦੇ ਚੇਲੇ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਨ ਨੂੰ ਪਹਿਲ ਦਿੰਦੇ ਹਨ
[ਸਫ਼ੇ 18 ਉੱਤੇ ਤਸਵੀਰ]
ਮੂਸਾ ਆਪਣੀ ਜ਼ਿੰਮੇਵਾਰੀ ਚੁੱਕਣ ਤੋਂ ਝਿਜਕਦਾ ਸੀ