Skip to content

Skip to table of contents

ਤੁਹਾਡੀ ਜ਼ਿੰਦਗੀ ਤੇ ਯਿਸੂ ਨੇ ਕਿਹੋ ਜਿਹਾ ਪ੍ਰਭਾਵ ਪਾਇਆ ਹੈ?

ਤੁਹਾਡੀ ਜ਼ਿੰਦਗੀ ਤੇ ਯਿਸੂ ਨੇ ਕਿਹੋ ਜਿਹਾ ਪ੍ਰਭਾਵ ਪਾਇਆ ਹੈ?

ਤੁਹਾਡੀ ਜ਼ਿੰਦਗੀ ਤੇ ਯਿਸੂ ਨੇ ਕਿਹੋ ਜਿਹਾ ਪ੍ਰਭਾਵ ਪਾਇਆ ਹੈ?

ਜਿਵੇਂ ਅਸੀਂ ਪਿਛਲੇ ਲੇਖ ਵਿਚ ਦੇਖ ਚੁੱਕੇ ਹਾਂ, ਯਿਸੂ ਦੀਆਂ ਸਿੱਖਿਆਵਾਂ ਦਾ ਸੱਚ-ਮੁੱਚ ਸਾਰੀ ਦੁਨੀਆਂ ਉੱਤੇ ਗਹਿਰਾ ਅਸਰ ਪਿਆ ਹੈ। ਪਰ ਸਾਨੂੰ ਆਪਣੇ ਆਪ ਤੋਂ ਇਹ ਸਵਾਲ ਪੁੱਛਣ ਦੀ ਲੋੜ ਹੈ ਕਿ “ਯਿਸੂ ਦੀਆਂ ਸਿੱਖਿਆਵਾਂ ਨੇ ਮੇਰੀ ਜ਼ਿੰਦਗੀ ਤੇ ਕਿਹੋ ਜਿਹਾ ਪ੍ਰਭਾਵ ਪਾਇਆ ਹੈ?”

ਯਿਸੂ ਨੇ ਜ਼ਿੰਦਗੀ ਦੇ ਬਹੁਤ ਸਾਰੇ ਵਿਸ਼ਿਆਂ ਉੱਤੇ ਗੱਲਬਾਤ ਕੀਤੀ ਸੀ। ਤੁਸੀਂ ਜ਼ਿੰਦਗੀ ਦੇ ਹਰ ਪਹਿਲੂ ਵਿਚ ਉਸ ਤੋਂ ਕੋਈ-ਨ-ਕੋਈ ਸਬਕ ਜ਼ਰੂਰ ਸਿੱਖ ਸਕਦੇ ਹੋ। ਆਓ ਆਪਾਂ ਇਸ ਲੇਖ ਵਿਚ ਦੇਖੀਏ ਕਿ ਯਿਸੂ ਨੇ ਜ਼ਰੂਰੀ ਕੰਮਾਂ ਨੂੰ ਪਹਿਲ ਦੇਣ, ਰੱਬ ਨਾਲ ਚੰਗਾ ਰਿਸ਼ਤਾ ਕਾਇਮ ਕਰਨ, ਇਕ-ਦੂਜੇ ਨੂੰ ਦਿਲੋਂ ਮਾਫ਼ ਕਰਨ, ਮਸਲੇ ਹੱਲ ਕਰਨ ਅਤੇ ਹਿੰਸਾ ਤੋਂ ਦੂਰ ਰਹਿਣ ਬਾਰੇ ਕੀ ਸਿਖਾਇਆ ਸੀ।

ਜ਼ਰੂਰੀ ਗੱਲਾਂ ਵੱਲ ਧਿਆਨ ਦਿਓ

ਅੱਜ-ਕੱਲ੍ਹ ਲੋਕ ਜ਼ਿੰਦਗੀ ਦੀ ਹਫੜਾ-ਦਫੜੀ ਵਿਚ ਇੰਨੇ ਰੁੱਝੇ ਰਹਿੰਦੇ ਹਨ ਕਿ ਰੱਬ ਦੇ ਕੰਮਾਂ ਲਈ ਉਨ੍ਹਾਂ ਨੂੰ ਸਮਾਂ ਹੀ ਨਹੀਂ ਮਿਲਦਾ। ਮਿਸਾਲ ਲਈ, ਜੈਰੀ (ਅਸਲੀ ਨਾਂ ਨਹੀਂ) ਵੀਹਾਂ ਸਾਲਾਂ ਦਾ ਹੈ ਅਤੇ ਉਹ ਰੱਬ ਬਾਰੇ ਸਿੱਖ ਰਿਹਾ ਹੈ। ਜੋ ਕੁਝ ਉਹ ਸਿੱਖ ਰਿਹਾ ਹੈ ਉਸ ਨੂੰ ਬਹੁਤ ਚੰਗਾ ਲੱਗਦਾ ਹੈ ਅਤੇ ਉਹ ਜਾਣਦਾ ਹੈ ਕਿ ਇਹ ਸਭ ਉਸ ਦੇ ਭਲੇ ਲਈ ਹੈ। ਪਰ ਜੈਰੀ ਦੱਸਦਾ ਹੈ: “ਮੇਰੇ ਕੋਲ ਹਰ ਹਫ਼ਤੇ ਰੱਬ ਬਾਰੇ ਗੱਲਬਾਤ ਕਰਨ ਦਾ ਸਮਾਂ ਨਹੀਂ ਹੈ। ਮੈਂ ਹਫ਼ਤੇ ਵਿਚ ਛੇ ਦਿਨ ਕੰਮ ਕਰਦਾ ਹਾਂ। ਮੈਨੂੰ ਸਿਰਫ਼ ਐਤਵਾਰ ਹੀ ਛੁੱਟੀ ਹੁੰਦੀ ਹੈ। ਫਿਰ ਹੋਰ ਵੀ ਕਈ ਕੰਮ ਕਰਨ ਵਾਲੇ ਹੁੰਦੇ ਹਨ, ਜਿਨ੍ਹਾਂ ਨੂੰ ਪੂਰਾ ਕਰ ਕੇ ਮੇਰੀ ਤਾਂ ਬੱਸ ਹੀ ਹੋ ਜਾਂਦੀ ਹੈ।” ਕੀ ਤੁਹਾਡੀ ਵੀ ਇਹੋ ਹਾਲਤ ਹੈ? ਜੇ ਹਾਂ, ਤਾਂ ਯਿਸੂ ਦੇ ਅਗਲਿਆਂ ਸ਼ਬਦਾਂ ਤੋਂ ਤੁਹਾਨੂੰ ਜ਼ਰੂਰ ਮਦਦ ਮਿਲੇਗੀ।

ਯਿਸੂ ਨੇ ਆਪਣੇ ਚਰਨੀਂ ਬੈਠੀ ਭੀੜ ਨੂੰ ਇਹ ਸਿੱਖਿਆ ਦਿੱਤੀ ਸੀ: “ਮੈਂ ਤੁਹਾਨੂੰ ਆਖਦਾ ਹਾਂ ਜੋ ਆਪਣੇ ਪ੍ਰਾਣਾਂ ਦੇ ਲਈ ਚਿੰਤਾ ਨਾ ਕਰੋ ਭਈ ਅਸੀਂ ਕੀ ਖਾਵਾਂਗੇ ਯਾ ਕੀ ਪੀਵਾਂਗੇ ਅਤੇ ਨਾ ਆਪਣੇ ਸਰੀਰ ਦੇ ਲਈ ਜੋ ਕੀ ਪਹਿਨਾਂਗੇ? ਭਲਾ, ਪ੍ਰਾਣ ਭੋਜਨ ਨਾਲੋਂ ਅਤੇ ਸਰੀਰ ਬਸਤ੍ਰ ਨਾਲੋਂ ਵਧੀਕ ਨਹੀਂ? ਅਕਾਸ਼ ਦੇ ਪੰਛੀਆਂ ਵੱਲ ਧਿਆਨ ਕਰੋ ਜੋ ਓਹ ਨਾ ਬੀਜਦੇ ਨਾ ਵੱਢਦੇ ਹਨ ਅਤੇ ਨਾ ਭੜੋਲਿਆਂ ਵਿੱਚ ਇਕੱਠੇ ਕਰਦੇ ਹਨ ਅਰ ਤੁਹਾਡਾ ਸੁਰਗੀ ਪਿਤਾ ਉਨ੍ਹਾਂ ਦੀ ਪਿਰਤਪਾਲ ਕਰਦਾ ਹੈ। ਭਲਾ, ਤੁਸੀਂ ਉਨ੍ਹਾਂ ਨਾਲੋਂ ਉੱਤਮ ਨਹੀਂ ਹੋ? . . . ਸੋ ਤੁਸੀਂ ਚਿੰਤਾ ਕਰ ਕੇ ਇਹ ਨਾ ਕਹੋ ਭਈ ਕੀ ਖਾਵਾਂਗੇ? ਯਾ ਕੀ ਪੀਵਾਂਗੇ? ਯਾ ਕੀ ਪਹਿਨਾਂਗੇ? ਪਰਾਈਆਂ ਕੌਮਾਂ ਦੇ ਲੋਕ ਤਾਂ ਇਨ੍ਹਾਂ ਸਭਨਾਂ ਵਸਤਾਂ ਨੂੰ ਭਾਲਦੇ ਹਨ, ਕਿਉਂ ਜੋ ਤੁਹਾਡਾ ਸੁਰਗੀ ਪਿਤਾ ਜਾਣਦਾ ਹੈ ਜੋ ਤੁਹਾਨੂੰ ਇਨ੍ਹਾਂ ਸਭਨਾਂ ਵਸਤਾਂ ਦੀ ਲੋੜ ਹੈ। ਪਰ ਤੁਸੀਂ ਪਹਿਲਾਂ ਉਹ ਦੇ ਰਾਜ ਅਤੇ ਉਹ ਦੇ ਧਰਮ ਨੂੰ ਭਾਲੋ ਤਾਂ ਤੁਹਾਨੂੰ ਏਹ ਸਾਰੀਆਂ ਵਸਤਾਂ ਵੀ ਦਿੱਤੀਆਂ ਜਾਣਗੀਆਂ।” (ਮੱਤੀ 6:25-33) ਇਸ ਤੋਂ ਅਸੀਂ ਕਿਹੜਾ ਸਬਕ ਸਿੱਖਦੇ ਹਾਂ?

ਇੱਥੇ ਯਿਸੂ ਇਹ ਨਹੀਂ ਸੀ ਕਹਿ ਰਿਹਾ ਕਿ ਸਾਨੂੰ ਆਪਣੀ ਜਾਂ ਆਪਣੇ ਟੱਬਰ ਦੀ ਦੇਖ-ਭਾਲ ਨਹੀਂ ਕਰਨੀ ਚਾਹੀਦੀ। ਬਾਈਬਲ ਸਾਫ਼ ਕਹਿੰਦੀ ਹੈ ਕਿ ਜੇ “ਕੋਈ ਮਨੁੱਖ ਆਪਣੇ ਸੰਬੰਧੀ ਦਾ ਧਿਆਨ ਨਹੀਂ ਰੱਖਦਾ, ਖ਼ਾਸ ਕਰਕੇ ਆਪਣੇ ਟੱਬਰ ਦੇ ਲੋਕਾਂ ਦਾ, ਤਾਂ ਸਮਝੋ ਉਹ ਵਿਸ਼ਵਾਸ ਤੋਂ ਡਿੱਗ ਚੁਕਾ ਹੈ ਅਤੇ ਉਹ ਅਵਿਸ਼ਵਾਸੀਆਂ ਤੋਂ ਵੀ ਭੈੜਾ ਹੈ।” (1 ਤਿਮੋਥਿਉਸ 5:8, ਪਵਿੱਤਰ ਬਾਈਬਲ ਨਵਾਂ ਅਨੁਵਾਦ) ਤਾਂ ਫਿਰ ਯਿਸੂ ਕੀ ਕਹਿ ਰਿਹਾ ਸੀ? ਉਹ ਇਹ ਕਹਿ ਰਿਹਾ ਸੀ ਕਿ ਜੇ ਅਸੀਂ ਪਹਿਲਾਂ ਰੱਬ ਦੀ ਮਰਜ਼ੀ ਪੂਰੀ ਕਰਨ ਵੱਲ ਧਿਆਨ ਦੇਈਏ, ਤਾਂ ਰੱਬ ਸਾਡੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰੇਗਾ। ਇੱਥੇ ਅਸੀਂ ਇਹ ਸਬਕ ਸਿੱਖਦੇ ਹਾਂ ਕਿ ਸਾਨੂੰ ਜ਼ਰੂਰੀ ਗੱਲਾਂ ਨੂੰ ਪਹਿਲ ਦੇਣੀ ਚਾਹੀਦੀ ਹੈ। ਇਸ ਸਲਾਹ ਉੱਤੇ ਚੱਲ ਕੇ ਸਾਨੂੰ ਬਹੁਤ ਸਾਰੀਆਂ ਖ਼ੁਸ਼ੀਆਂ ਮਿਲਣਗੀਆਂ ਕਿਉਂਕਿ ਯਿਸੂ ਨੇ ਕਿਹਾ ਸੀ ਕਿ “ਧੰਨ ਉਹ ਲੋਕ ਹਨ, ਜਿਹੜੇ ਆਪਣੀ ਆਤਮਕ ਲੋੜ ਨੂੰ ਜਾਣਦੇ ਹਨ।”—ਮੱਤੀ 5:3, ਨਵਾਂ ਅਨੁਵਾਦ।

ਰੱਬ ਨਾਲ ਗੂੜ੍ਹਾ ਰਿਸ਼ਤਾ ਕਾਇਮ ਕਰੋ

ਜਿਹੜੇ ਲੋਕ ਆਪਣੀ ਆਤਮਿਕ ਲੋੜ ਪਛਾਣਦੇ ਹਨ ਉਹ ਇਹ ਵੀ ਜਾਣਦੇ ਹਨ ਕਿ ਰੱਬ ਨਾਲ ਉਨ੍ਹਾਂ ਨੂੰ ਗੂੜ੍ਹਾ ਰਿਸ਼ਤਾ ਕਾਇਮ ਕਰਨ ਦੀ ਲੋੜ ਹੈ। ਤਾਂ ਫਿਰ ਅਸੀਂ ਰੱਬ ਨਾਲ ਗੂੜ੍ਹਾ ਰਿਸ਼ਤਾ ਕਿੱਦਾਂ ਕਾਇਮ ਕਰ ਸਕਦੇ ਹਾਂ? ਕਿਸੇ ਨਾਲ ਦੋਸਤੀ ਕਰਨ ਤੋਂ ਪਹਿਲਾਂ ਸਾਨੂੰ ਇਹ ਜਾਣਨ ਦੀ ਲੋੜ ਹੁੰਦੀ ਹੈ ਕਿ ਉਹ ਕਿਹੋ ਜਿਹਾ ਵਿਅਕਤੀ ਹੈ। ਉਸ ਦਾ ਸੁਭਾਅ, ਉਸ ਦੇ ਵਿਚਾਰ, ਉਸ ਦੇ ਗੁਣ ਕਿਹੋ ਜਿਹੇ ਹਨ? ਉਸ ਨੇ ਕਿਹੜੇ-ਕਿਹੜੇ ਕੰਮ ਕੀਤੇ ਹਨ? ਉਸ ਨੂੰ ਕੀ ਚੰਗਾ ਲੱਗਦਾ ਹੈ ਤੇ ਕੀ ਬੁਰਾ? ਇਸੇ ਤਰ੍ਹਾਂ, ਰੱਬ ਨਾਲ ਰਿਸ਼ਤਾ ਕਾਇਮ ਕਰਨ ਲਈ ਸਾਡੇ ਵਾਸਤੇ ਉਸ ਬਾਰੇ ਇਹ ਸਭ ਕੁਝ ਜਾਣਨਾ ਬਹੁਤ ਜ਼ਰੂਰੀ ਹੈ। ਯਿਸੂ ਨੇ ਸਮਝਾਇਆ ਸੀ ਕਿ ਉਸ ਦੇ ਚੇਲਿਆਂ ਨੂੰ ਰੱਬ ਬਾਰੇ ਸਹੀ ਗਿਆਨ ਹਾਸਲ ਕਰਨ ਦੀ ਲੋੜ ਹੈ। ਪ੍ਰਾਰਥਨਾ ਕਰਦੇ ਹੋਏ ਉਸ ਨੇ ਕਿਹਾ: “ਸਦੀਪਕ ਜੀਉਣ ਇਹ ਹੈ ਕਿ ਓਹ ਤੈਨੂੰ ਜੋ ਸੱਚਾ ਵਾਹਿਦ ਪਰਮੇਸ਼ੁਰ ਹੈ ਅਤੇ ਯਿਸੂ ਮਸੀਹ ਨੂੰ ਜਿਹ ਨੂੰ ਤੈਂ ਘੱਲਿਆ ਜਾਣਨ।” (ਯੂਹੰਨਾ 17:3) ਜੀ ਹਾਂ, ਜੇ ਅਸੀਂ ਰੱਬ ਨਾਲ ਰਿਸ਼ਤਾ ਕਾਇਮ ਕਰਨਾ ਚਾਹੁੰਦੇ ਹਾਂ, ਤਾਂ ਸਾਨੂੰ ਉਸ ਨੂੰ ਚੰਗੀ ਤਰ੍ਹਾਂ ਜਾਣਨ ਦੀ ਲੋੜ ਹੈ। ਉਸ ਨੇ ਆਪਣੇ ਬਾਰੇ ਇਹ ਸਭ ਗੱਲਾਂ ਸਾਨੂੰ ਆਪਣੇ ਬਚਨ ਬਾਈਬਲ ਵਿਚ ਦੱਸੀਆਂ ਹਨ। (2 ਤਿਮੋਥਿਉਸ 3:16) ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਸਮਾਂ ਕੱਢ ਕੇ ਉਸ ਦਾ ਬਚਨ ਪੜ੍ਹੀਏ।

ਪਰ ਗਿਆਨ ਹਾਸਲ ਕਰਨਾ ਹੀ ਕਾਫ਼ੀ ਨਹੀਂ ਹੈ। ਉਸੇ ਪ੍ਰਾਰਥਨਾ ਵਿਚ ਯਿਸੂ ਨੇ ਇਹ ਵੀ ਕਿਹਾ ਸੀ: “ਓਹਨਾਂ [ਚੇਲਿਆਂ] ਨੇ ਤੇਰੇ ਬਚਨ ਦੀ ਪਾਲਨਾ ਕੀਤੀ ਹੈ।” (ਯੂਹੰਨਾ 17:6) ਤਾਂ ਫਿਰ ਸਾਨੂੰ ਸਿੱਖੀਆਂ ਗੱਲਾਂ ਤੇ ਅਮਲ ਕਰਨ ਦੀ ਵੀ ਲੋੜ ਹੈ। ਜ਼ਰਾ ਸੋਚੋ, ਜੇ ਅਸੀਂ ਰੱਬ ਦੀਆਂ ਕਦਰਾਂ-ਕੀਮਤਾਂ ਠੁਕਰਾ ਕੇ ਆਪਣੀ ਮਰਜ਼ੀ ਕਰੀਏ, ਤਾਂ ਕੀ ਅਸੀਂ ਉਮੀਦ ਰੱਖ ਸਕਦੇ ਹਾਂ ਕਿ ਰੱਬ ਨਾਲ ਸਾਡਾ ਰਿਸ਼ਤਾ ਕਾਇਮ ਰਹੇਗਾ? ਬਿਲਕੁਲ ਨਹੀਂ! ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਉਸ ਦੇ ਸਿਧਾਂਤਾਂ ਅਨੁਸਾਰ ਆਪਣੀ ਜ਼ਿੰਦਗੀ ਢਾਲਣ ਦੀ ਕੋਸ਼ਿਸ਼ ਕਰੀਏ। ਆਓ ਆਪਾਂ ਉਸ ਦੇ ਦੋ ਸਿਧਾਂਤਾਂ ਉੱਤੇ ਗੌਰ ਕਰੀਏ ਜੋ ਦੂਸਰਿਆਂ ਨਾਲ ਚੰਗਾ ਰਿਸ਼ਤਾ ਬਣਾਈ ਰੱਖਣ ਵਿਚ ਸਾਡੀ ਮਦਦ ਕਰਨਗੇ।

ਇਕ-ਦੂਜੇ ਨੂੰ ਦਿਲੋਂ ਮਾਫ਼ ਕਰੋ

ਇਕ ਵਾਰ ਯਿਸੂ ਨੇ ਇਕ ਛੋਟੀ ਜਿਹੀ ਕਹਾਣੀ ਦੱਸ ਕੇ ਇਹ ਸਿਖਾਇਆ ਸੀ ਕਿ ਸਾਨੂੰ ਦੂਸਰਿਆਂ ਨਾਲ ਕਿਹੋ ਜਿਹਾ ਵਰਤਾਅ ਕਰਨਾ ਚਾਹੀਦਾ ਹੈ। ਕਹਾਣੀ ਵਿਚ ਇਕ ਰਾਜੇ ਨੇ ਇਕ ਦਿਨ ਆਪਣੇ ਨੌਕਰਾਂ ਦਾ ਹਿਸਾਬ-ਕਿਤਾਬ ਕਰਨ ਦਾ ਫ਼ੈਸਲਾ ਕੀਤਾ। ਇਕ ਨੌਕਰ ਵੱਲ ਉਸ ਦੇ ਬਹੁਤ ਪੈਸੇ ਨਿਕਲਦੇ ਸਨ। ਰਾਜੇ ਨੇ ਉਸ ਨੌਕਰ ਨੂੰ ਹੁਕਮ ਦਿੱਤਾ ਕਿ ਉਹ ਆਪਣੀ ਤੀਵੀਂ ਅਤੇ ਬਾਲ-ਬੱਚੇ ਵੇਚ ਕੇ ਕਰਜ਼ਾ ਚੁਕਾਵੇ। ਨੌਕਰ ਨੇ ਰਾਜੇ ਦੇ ਪੈਰੀਂ ਪੈ ਕੇ ਬੇਨਤੀ ਕੀਤੀ: “ਸੁਆਮੀ ਜੀ, ਮੇਰੇ ਉੱਤੇ ਧੀਰਜ ਕਰੋ ਤਾਂ ਮੈਂ ਤੁਹਾਡਾ ਸਾਰਾ ਕਰਜ ਭਰ ਦਿਆਂਗਾ।” ਰਾਜੇ ਨੂੰ ਉਸ ਤੇ ਬਹੁਤ ਤਰਸ ਆਇਆ ਅਤੇ ਉਸ ਨੇ ਉਸ ਦਾ ਸਾਰਾ ਕਰਜ਼ਾ ਮਾਫ਼ ਕਰ ਦਿੱਤਾ। ਪਰ ਜਦ ਉਹੀ ਨੌਕਰ ਬਾਹਰ ਗਿਆ ਅਤੇ ਉਸ ਨੂੰ ਇਕ ਸਾਥੀ ਨੌਕਰ ਮਿਲਿਆ ਜਿਸ ਤੋਂ ਉਸ ਨੇ ਸਿਰਫ਼ ਪੰਜਾਹ ਕੁ ਰੁਪਏ ਲੈਣੇ ਸਨ, ਤਾਂ ਉਸ ਨੇ ਉਸ ਨੂੰ ਗਲੇ ਤੋਂ ਫੜ ਕੇ ਕਿਹਾ ਕਿ ਮੇਰੇ ਸਾਰੇ ਪੈਸੇ ਹੁਣੇ ਵਾਪਸ ਕਰ। ਉਸ ਬੇਚਾਰੇ ਨੌਕਰ ਨੇ ਗੋਡੀਂ ਪੈ ਕੇ ਰਹਿਮ ਦੀ ਭੀਖ ਮੰਗੀ, ਪਰ ਪਹਿਲੇ ਨੌਕਰ ਨੇ ਉਸ ਦੀ ਇਕ ਨਾ ਸੁਣੀ। ਉਸ ਨੇ ਉਸ ਨੂੰ ਕੈਦ ਵਿਚ ਸੁੱਟਵਾ ਦਿੱਤਾ ਜਦ ਤਕ ਉਹ ਉਸ ਦੀ ਪਾਈ-ਪਾਈ ਚੁਕਾ ਨਾ ਸਕਿਆ। ਜਦ ਇਸ ਸਾਰੀ ਘਟਨਾ ਬਾਰੇ ਰਾਜੇ ਨੂੰ ਪਤਾ ਲੱਗਾ, ਤਾਂ ਉਹ ਬਹੁਤ ਹੀ ਗੁੱਸੇ ਹੋਇਆ। ਉਸ ਨੇ ਦੁਸ਼ਟ ਨੌਕਰ ਨੂੰ ਪੁੱਛਿਆ: “ਜਿਹੀ ਮੈਂ ਤੇਰੇ ਉੱਤੇ ਦਯਾ ਕੀਤੀ ਕੀ ਤੈਨੂੰ ਆਪਣੇ ਨਾਲ ਦੇ ਨੌਕਰ ਉੱਤੇ ਤਿਹੀ ਦਯਾ ਕਰਨੀ ਨਹੀਂ ਸੀ ਚਾਹੀਦੀ?” ਫਿਰ ਰਾਜੇ ਨੇ ਉਸ ਨਾਸ਼ੁਕਰੇ ਦੁਸ਼ਟ ਨੌਕਰ ਨੂੰ ਕੈਦ ਵਿਚ ਸੁੱਟਵਾ ਦਿੱਤਾ ਜਿੰਨਾ ਚਿਰ ਉਹ ਆਪਣਾ ਸਾਰਾ ਕਰਜ਼ ਚੁਕਾ ਨਾ ਸਕਿਆ। ਇਸ ਕਹਾਣੀ ਤੋਂ ਅਸੀਂ ਕਿਹੜਾ ਸਬਕ ਸਿੱਖਦੇ ਹਾਂ? ਯਿਸੂ ਦੱਸਦਾ ਹੈ: “ਇਸੇ ਤਰਾਂ ਮੇਰਾ ਸੁਰਗੀ ਪਿਤਾ ਵੀ ਤੁਹਾਡੇ ਨਾਲ ਕਰੇਗਾ ਜੇ ਤੁਸੀਂ ਆਪਣੇ ਭਾਈਆਂ ਨੂੰ ਆਪਣੇ ਦਿਲਾਂ ਤੋਂ ਮਾਫ਼ ਨਾ ਕਰੋ।”—ਮੱਤੀ 18:23-35.

ਨਾਮੁਕੰਮਲ ਹੋਣ ਕਰਕੇ ਅਸੀਂ ਬਹੁਤ ਗ਼ਲਤੀਆਂ ਕਰਦੇ ਹਾਂ। ਅਸੀਂ ਯਹੋਵਾਹ ਦੀਆਂ ਨਜ਼ਰਾਂ ਵਿਚ ਪਾਪੀ ਹਾਂ। ਪਾਪ ਦਾ ਇਹ ਵੱਡਾ ਕਰਜ਼ ਅਸੀਂ ਕਦੇ ਨਹੀਂ ਚੁਕਾ ਸਕਦੇ। ਅਸੀਂ ਤਾਂ ਬਸ ਦੁਆ ਕਰ ਕੇ ਦਿਲੋਂ ਮਾਫ਼ੀ ਮੰਗ ਸਕਦੇ ਹਾਂ। ਖ਼ੈਰ ਯਹੋਵਾਹ ਪਰਮੇਸ਼ੁਰ ਸਾਡੇ ਹਰ ਪਾਪ ਮਾਫ਼ ਕਰਨ ਲਈ ਤਿਆਰ ਹੈ, ਪਰ ਇਸ ਸ਼ਰਤ ਤੇ ਕਿ ਅਸੀਂ ਵੀ ਇਕ-ਦੂਜੇ ਨੂੰ ਦਿਲੋਂ ਮਾਫ਼ ਕਰੀਏ। ਸਾਡੇ ਲਈ ਇਹ ਕਿੰਨਾ ਵਧੀਆ ਸਬਕ ਹੈ! ਯਿਸੂ ਨੇ ਆਪਣੇ ਚੇਲਿਆਂ ਨੂੰ ਇਸ ਤਰ੍ਹਾਂ ਦੁਆ ਕਰਨੀ ਸਿਖਾਈ: “ਸਾਡੀਆਂ ਗਲਤੀਆਂ ਸਾਨੂੰ ਮਾਫ਼ ਕਰ, ਜਿਸ ਤਰ੍ਹਾਂ ਅਸੀਂ ਆਪਣੇ ਗਲਤੀਆਂ ਕਰਨ ਵਾਲਿਆਂ ਨੂੰ ਮਾਫ਼ ਕੀਤਾ ਹੈ।”—ਮੱਤੀ 6:12.

ਦਿਲੋਂ ਬੁਰਾਈ ਦੀ ਜੜ੍ਹ ਪੁੱਟੋ

ਯਿਸੂ ਇਨਸਾਨਾਂ ਦਾ ਸੁਭਾਅ ਚੰਗੀ ਤਰ੍ਹਾਂ ਸਮਝਦਾ ਸੀ। ਮੁਸ਼ਕਲਾਂ ਦਾ ਹੱਲ ਕਰਨ ਵਿਚ ਯਿਸੂ ਦੀ ਸਲਾਹ ਮਸਲੇ ਦੀ ਜੜ੍ਹ ਜਾਂ ਅਸਲੀ ਕਾਰਨ ਤਕ ਪਹੁੰਚਦੀ ਸੀ। ਹੇਠਾਂ ਦਿੱਤੀਆਂ ਦੋ ਉਦਾਹਰਣਾਂ ਵੱਲ ਧਿਆਨ ਦਿਓ।

ਯਿਸੂ ਨੇ ਕਿਹਾ: “ਤੁਸਾਂ ਸੁਣਿਆ ਹੈ ਜੋ ਅਗਲਿਆਂ ਨੂੰ ਇਹ ਕਿਹਾ ਗਿਆ ਸੀ, ਤੂੰ ਖੂਨ ਨਾ ਕਰ ਅਤੇ ਜੋ ਕੋਈ ਖੂਨ ਕਰੇ ਸੋ ਅਦਾਲਤ ਵਿੱਚ ਸਜ਼ਾ ਦੇ ਲਾਇਕ ਹੋਵੇਗਾ। ਪਰ ਮੈਂ ਤੁਹਾਨੂੰ ਆਖਦਾ ਹਾਂ ਭਈ ਹਰੇਕ ਜੋ ਆਪਣੇ ਭਰਾ ਉੱਤੇ ਕ੍ਰੋਧ ਕਰੇ ਉਹ ਅਦਾਲਤ ਵਿੱਚ ਸਜ਼ਾ ਦੇ ਲਾਇਕ ਹੋਵੇਗਾ।” (ਮੱਤੀ 5:21, 22) ਇੱਥੇ ਯਿਸੂ ਸਮਝਾਉਂਦਾ ਹੈ ਕਿ ਅਕਸਰ ਖ਼ੂਨੀ ਆਪਣੇ ਦਿਲ ਵਿਚ ਨਫ਼ਰਤ ਦੀ ਅੱਗ ਬਲ਼ਦੀ ਰੱਖਦਾ ਹੈ ਅਤੇ ਇਹ ਨਫ਼ਰਤ ਹਿੰਸਾ ਦੀ ਜੜ੍ਹ ਹੁੰਦੀ ਹੈ। ਜੇ ਲੋਕ ਨਫ਼ਰਤ ਦੀ ਭਾਵਨਾ ਨੂੰ ਕਾਬੂ ਕਰਨਾ ਸਿੱਖਣ, ਤਾਂ ਉਹ ਕਦੇ ਕਿਸੇ ਦਾ ਖ਼ੂਨ ਕਰਨ ਬਾਰੇ ਨਾ ਸੋਚਣਗੇ। ਜ਼ਰਾ ਸੋਚੋ, ਯਿਸੂ ਦੀ ਇਸ ਸਿੱਖਿਆ ਉੱਤੇ ਚੱਲ ਕੇ ਕਿੰਨਾ ਖ਼ੂਨ-ਖ਼ਰਾਬਾ ਰੋਕਿਆ ਜਾ ਸਕਦਾ ਹੈ!

ਯਿਸੂ ਇਕ ਹੋਰ ਦੁਖਦਾਈ ਸਮੱਸਿਆ ਦੀ ਜੜ੍ਹ ਤਕ ਪਹੁੰਚਦਾ ਹੈ। ਉਸ ਨੇ ਆਪਣੇ ਚਰਨੀਂ ਬੈਠੀ ਭੀੜ ਨੂੰ ਕਿਹਾ: “ਤੁਸਾਂ ਸੁਣਿਆ ਹੈ ਜੋ ਇਹ ਕਿਹਾ ਗਿਆ ਸੀ ਭਈ ਤੂੰ ਜ਼ਨਾਹ ਨਾ ਕਰ। ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਜੋ ਕੋਈ ਤੀਵੀਂ ਨੂੰ ਬੁਰੀ ਇੱਛਿਆ ਕਰ ਕੇ ਵੇਖਦਾ ਹੈ ਸੋ ਤਦੋਂ ਹੀ ਆਪਣੇ ਮਨੋਂ ਉਹ ਦੇ ਨਾਲ ਜ਼ਨਾਹ ਕਰ ਚੁੱਕਿਆ। ਅਰ ਜੇ ਤੇਰੀ ਸੱਜੀ ਅੱਖ ਤੈਨੂੰ ਠੋਕਰ ਖੁਆਵੇ ਤਾਂ ਉਹ ਨੂੰ ਕੱਢ ਕੇ ਆਪਣੇ ਕੋਲੋਂ ਸੁੱਟ ਦਿਹ।” (ਮੱਤੀ 5:27-29) ਯਿਸੂ ਸਮਝਾਉਂਦਾ ਹੈ ਕਿ ਵਿਭਚਾਰ ਕਰਨ ਦਾ ਵਿਚਾਰ ਪਹਿਲਾਂ ਦਿਲ ਵਿਚ ਪੈਦਾ ਹੁੰਦਾ ਹੈ। ਜੇ ਵਿਅਕਤੀ ਆਪਣੇ ਦਿਲ ਵਿੱਚੋਂ ਗੰਦੇ ਵਿਚਾਰ ਕੱਢ ਸੁੱਟੇ, ਤਾਂ ਉਹ ਅਜਿਹੀ ਘਿਣਾਉਣੀ ਹਰਕਤ ਕਦੇ ਨਾ ਕਰੇਗਾ।

“ਆਪਣੀ ਤਲਵਾਰ ਮਿਆਨ ਕਰ”

ਜਿਸ ਰਾਤ ਯਿਸੂ ਨੂੰ ਫੜਵਾਇਆ ਗਿਆ ਸੀ, ਉਸ ਰਾਤ ਉਸ ਦੇ ਇਕ ਚੇਲੇ ਨੇ ਉਸ ਦੀ ਰੱਖਿਆ ਕਰਨ ਲਈ ਆਪਣੀ ਤਲਵਾਰ ਕੱਢੀ। ਪਰ ਯਿਸੂ ਨੇ ਉਸ ਨੂੰ ਇਹ ਹੁਕਮ ਦਿੱਤਾ: “ਆਪਣੀ ਤਲਵਾਰ ਮਿਆਨ ਕਰ ਕਿਉਂਕਿ ਸਭ ਜੋ ਤਲਵਾਰ ਖਿੱਚਦੇ ਹਨ ਤਲਵਾਰ ਨਾਲ ਮਾਰੇ ਜਾਣਗੇ।” (ਮੱਤੀ 26:52) ਅਗਲੇ ਦਿਨ ਯਿਸੂ ਨੇ ਪੁੰਤਿਯੁਸ ਪਿਲਾਤੁਸ ਨੂੰ ਕਿਹਾ: “ਮੇਰੀ ਪਾਤਸ਼ਾਹੀ ਇਸ ਜਗਤ ਤੋਂ ਨਹੀਂ। ਜੇ ਮੇਰੀ ਪਾਤਸ਼ਾਹੀ ਇਸ ਜਗਤ ਤੋਂ ਹੁੰਦੀ ਤਾਂ ਮੇਰੇ ਨੌਕਰ ਲੜਦੇ ਜੋ ਮੈਂ ਯਹੂਦੀਆਂ ਦੇ ਹਵਾਲੇ ਨਾ ਕੀਤਾ ਜਾਂਦਾ ਪਰ ਹੁਣ ਮੇਰੀ ਪਾਤਸ਼ਾਹੀ ਤਾਂ ਐਥੋਂ ਦੀ ਨਹੀਂ।” (ਯੂਹੰਨਾ 18:36) ਕੀ ਅੱਜ ਅਹਿੰਸਾ ਬਾਰੇ ਯਿਸੂ ਦੀ ਇਸ ਸਿੱਖਿਆ ਤੇ ਚੱਲਣਾ ਮੁਮਕਿਨ ਹੈ?

ਯਿਸੂ ਦੇ ਮੁਢਲੇ ਚੇਲੇ ਅਹਿੰਸਾ ਬਾਰੇ ਯਿਸੂ ਦੀ ਸਿੱਖਿਆ ਨੂੰ ਕਿਵੇਂ ਵਿਚਾਰਦੇ ਸਨ? ਮੁਢਲੇ ਮਸੀਹੀਆਂ ਦਾ ਯੁੱਧ ਪ੍ਰਤੀ ਨਜ਼ਰੀਆ ਨਾਂ ਦੀ ਕਿਤਾਬ ਕਹਿੰਦੀ ਹੈ: ‘ਯਿਸੂ ਦੀਆਂ ਸਿੱਖਿਆਵਾਂ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਕਿਸੇ ਵੀ ਕਿਸਮ ਦੀ ਹਿੰਸਾ ਗ਼ਲਤ ਹੈ। ਇਸ ਦਾ ਮਤਲਬ ਹੋਇਆ ਕਿ ਮਸੀਹੀ ਯੁੱਧਾਂ ਵਿਚ ਹਿੱਸਾ ਨਹੀਂ ਲੈ ਸਕਦੇ। ਯਿਸੂ ਦੇ ਮੁਢਲੇ ਚੇਲਿਆਂ ਨੇ ਯਿਸੂ ਦੀ ਇਸ ਸਿੱਖਿਆ ਨੂੰ ਮੰਨਿਆ ਸੀ। ਉਨ੍ਹਾਂ ਨੇ ਦੂਸਰਿਆਂ ਨਾਲ ਪਿਆਰ ਅਤੇ ਨਰਮਾਈ ਨਾਲ ਵਰਤਾਅ ਕੀਤਾ। ਉਨ੍ਹਾਂ ਨੇ ਸ਼ਾਂਤੀ ਦਾ ਰਾਹ ਅਪਣਾਇਆ ਸੀ। ਉਨ੍ਹਾਂ ਨੇ ਯੁੱਧਾਂ ਦੀ ਸਖ਼ਤ ਨਿੰਦਿਆ ਕੀਤੀ ਕਿਉਂਕਿ ਇਨ੍ਹਾਂ ਵਿਚ ਲੋਕਾਂ ਦਾ ਖ਼ੂਨ ਵਹਾਇਆ ਜਾਂਦਾ ਸੀ।’ ਦੁਨੀਆਂ ਦਾ ਇਤਿਹਾਸ ਕਿੰਨਾ ਵੱਖਰਾ ਹੋਣਾ ਸੀ ਜੇ ਉਹ ਲੋਕ ਜੋ ਮਸੀਹ ਦੇ ਚੇਲੇ ਹੋਣ ਦਾ ਦਾਅਵਾ ਕਰਦੇ ਸਨ, ਦਿਲੋਂ ਉਸ ਦੀ ਇਸ ਸਿੱਖਿਆ ਉੱਤੇ ਚੱਲਦੇ!

ਯਿਸੂ ਦੀ ਹਰ ਸਿੱਖਿਆ ਤੋਂ ਤੁਸੀਂ ਲਾਭ ਉਠਾ ਸਕਦੇ ਹੋ

ਯਿਸੂ ਦੀਆਂ ਸਿੱਖਿਆਵਾਂ ਕਿੰਨੀਆਂ ਸੋਹਣੀਆਂ, ਸਰਲ ਅਤੇ ਪ੍ਰਭਾਵਸ਼ਾਲੀ ਹਨ! ਹਰ ਕੋਈ ਇਨ੍ਹਾਂ ਸਿੱਖਿਆਵਾਂ ਬਾਰੇ ਸਿੱਖ ਕੇ ਅਤੇ ਇਨ੍ਹਾਂ ਉੱਤੇ ਚੱਲ ਕੇ ਲਾਭ ਹਾਸਲ ਕਰ ਸਕਦਾ ਹੈ। *

ਇਹ ਜਾਣਨ ਲਈ ਕਿ ਤੁਸੀਂ ਯਿਸੂ ਦੀਆਂ ਵਧੀਆ ਸਿੱਖਿਆਵਾਂ ਤੋਂ ਕਿੱਦਾਂ ਲਾਭ ਹਾਸਲ ਕਰ ਸਕਦੇ ਹੋ, ਤੁਸੀਂ ਆਪਣੇ ਇਲਾਕੇ ਵਿਚ ਯਹੋਵਾਹ ਦੇ ਗਵਾਹਾਂ ਨਾਲ ਸੰਪਰਕ ਕਰ ਸਕਦੇ ਹੋ ਜਾਂ ਇਸ ਰਸਾਲੇ ਦੇ ਸਫ਼ਾ 2 ਉੱਤੇ ਦਿੱਤੇ ਪਤੇ ਤੇ ਲਿਖ ਸਕਦੇ ਹੋ। ਯਹੋਵਾਹ ਦੇ ਗਵਾਹਾਂ ਨੂੰ ਤੁਹਾਡੀ ਮਦਦ ਕਰ ਕੇ ਬਹੁਤ ਖ਼ੁਸ਼ੀ ਹੋਵੇਗੀ।

[ਫੁਟਨੋਟ]

^ ਪੈਰਾ 22 ਜੇਕਰ ਤੁਸੀਂ ਯਿਸੂ ਦੀਆਂ ਸਾਰੀਆਂ ਸਿੱਖਿਆਵਾਂ ਬਾਰੇ ਜਾਣਨਾ ਚਾਹੁੰਦੇ ਹੋ, ਤਾਂ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ ਕਿਤਾਬ ਦੇਖੋ।

[ਸਫ਼ੇ 5 ਉੱਤੇ ਤਸਵੀਰ]

‘ਤੁਹਾਡਾ ਸੁਰਗੀ ਪਿਤਾ ਉਨ੍ਹਾਂ ਨੂੰ ਖਾਣ ਲਈ ਭੋਜਨ ਦਿੰਦਾ ਹੈ’

[ਸਫ਼ੇ 7 ਉੱਤੇ ਤਸਵੀਰ]

ਯਿਸੂ ਦੀਆਂ ਸਿੱਖਿਆਵਾਂ ਦਾ ਤੁਹਾਡੀ ਜ਼ਿੰਦਗੀ ਉੱਤੇ ਚੰਗਾ ਪ੍ਰਭਾਵ ਪੈ ਸਕਦਾ ਹੈ