Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਦਾਊਦ ਤੇ ਉਸ ਦੇ ਬੰਦਿਆਂ ਨੇ ਹਜ਼ੂਰੀ ਦੀ ਰੋਟੀ ਖਾਧੀ। ਕੀ ਇਸ ਦਾ ਇਹ ਮਤਲਬ ਹੋਇਆ ਕਿ ਔਖੇ ਹਾਲਾਤਾਂ ਵਿਚ ਪਰਮੇਸ਼ੁਰ ਦੇ ਨਿਯਮ ਤੋੜਨੇ ਜਾਇਜ਼ ਹਨ?—1 ਸਮੂਏਲ 21:1-6.

ਹਰ ਸਬਤ ਦੇ ਦਿਨ ਤੇ ਹਜ਼ੂਰੀ ਦੀਆਂ ਬੇਹੀਆਂ ਰੋਟੀਆਂ ਦੀ ਥਾਂ ਤੇ ਤਾਜ਼ੀਆਂ ਰੋਟੀਆਂ ਰੱਖੀਆਂ ਜਾਂਦੀਆਂ ਸਨ। ਲੇਵੀਆਂ 24:5-9 ਦੇ ਮੁਤਾਬਕ ਇਹ ਰੋਟੀਆਂ ਸਿਰਫ਼ ਜਾਜਕ ਹੀ ਖਾ ਸਕਦੇ ਸਨ। ਇਸ ਹੁਕਮ ਪਿੱਛੇ ਸਿਧਾਂਤ ਇਹ ਸੀ ਕਿ ਹਜ਼ੂਰੀ ਦੀਆਂ ਰੋਟੀਆਂ ਪਵਿੱਤਰ ਸਨ ਅਤੇ ਸਿਰਫ਼ ਪਰਮੇਸ਼ੁਰ ਦੀ ਸੇਵਾ ਵਿਚ ਲੱਗੇ ਵਿਅਕਤੀ ਯਾਨੀ ਜਾਜਕ ਹੀ ਇਨ੍ਹਾਂ ਨੂੰ ਖਾ ਸਕਦੇ ਸਨ। ਕਿਸੇ ਆਮ ਮਜ਼ਦੂਰ ਨੂੰ ਇਹ ਰੋਟੀਆਂ ਦੇਣੀਆਂ ਜਾਂ ਇਨ੍ਹਾਂ ਨੂੰ ਕੇਵਲ ਸ਼ੌਕ ਲਈ ਖਾਣਾ ਸਰਾਸਰ ਗ਼ਲਤ ਸੀ। ਪਰ ਅਹੀਮਲਕ ਜਾਜਕ ਨੇ ਦਾਊਦ ਤੇ ਉਸ ਦੇ ਬੰਦਿਆਂ ਨੂੰ ਇਹ ਰੋਟੀਆਂ ਦੇ ਕੇ ਕੋਈ ਪਾਪ ਨਹੀਂ ਕੀਤਾ ਸੀ।

ਦਾਊਦ ਦੇ ਸ਼ਬਦਾਂ ਤੋਂ ਲੱਗਦਾ ਸੀ ਕਿ ਰਾਜਾ ਸ਼ਾਊਲ ਨੇ ਉਸ ਨੂੰ ਕਿਸੇ ਖ਼ਾਸ ਕੰਮ ਲਈ ਭੇਜਿਆ ਸੀ। ਦਾਊਦ ਤੇ ਉਸ ਦੇ ਬੰਦੇ ਬਹੁਤ ਭੁੱਖੇ ਸਨ। ਉਨ੍ਹਾਂ ਨੂੰ ਰੋਟੀਆਂ ਦੇਣ ਤੋਂ ਪਹਿਲਾਂ ਅਹੀਮਲਕ ਨੇ ਪੱਕਾ ਕੀਤਾ ਕਿ ਉਹ ਬਿਵਸਥਾ ਅਨੁਸਾਰ ਸ਼ੁੱਧ ਸਨ ਕਿ ਨਹੀਂ। ਭਾਵੇਂ ਕਿ ਦਾਊਦ ਤੇ ਉਸ ਦੇ ਬੰਦਿਆਂ ਦੁਆਰਾ ਹਜ਼ੂਰੀ ਦੀਆਂ ਰੋਟੀਆਂ ਖਾਣੀਆਂ ਕਾਨੂੰਨੀ ਤੌਰ ਤੇ ਗ਼ਲਤ ਸੀ, ਪਰ ਇਹ ਇਸ ਪਰਮੇਸ਼ੁਰੀ ਸਿਧਾਂਤ ਦੇ ਇਕਸਾਰ ਸੀ ਕਿ ਇਹ ਰੋਟੀਆਂ ਪਵਿੱਤਰ ਲੋਕ ਹੀ ਖਾ ਸਕਦੇ ਸਨ। ਇਸੇ ਲਈ ਅਹੀਮਲਕ ਨੇ ਦਾਊਦ ਨੂੰ ਰੋਟੀਆਂ ਖਾਣ ਲਈ ਦਿੱਤੀਆਂ ਸਨ। ਬਾਅਦ ਵਿਚ ਯਿਸੂ ਮਸੀਹ ਨੇ ਇਸ ਘਟਨਾ ਦੀ ਮਿਸਾਲ ਦਿੰਦੇ ਹੋਏ ਸਮਝਾਇਆ ਕਿ ਫ਼ਰੀਸੀਆਂ ਨੂੰ ਸਬਤ ਦੇ ਕਾਨੂੰਨ ਲਾਗੂ ਕਰਨ ਵਿਚ ਕੱਟੜ ਨਹੀਂ ਹੋਣਾ ਚਾਹੀਦਾ ਸੀ।—ਮੱਤੀ 12:1-8.

ਪਰ ਇਸ ਦਾ ਇਹ ਮਤਲਬ ਨਹੀਂ ਕਿ ਜਦੋਂ ਹਾਲਾਤ ਸੁਖਾਵੇਂ ਨਾ ਹੋਣ, ਤਾਂ ਅਸੀਂ ਪਰਮੇਸ਼ੁਰ ਦੇ ਨਿਯਮਾਂ ਨੂੰ ਤੋੜ ਸਕਦੇ ਹਾਂ। ਮਿਸਾਲ ਲਈ, ਇਸਰਾਏਲੀਆਂ ਅਤੇ ਫਲਿਸਤੀਆਂ ਵਿਚ ਛਿੜੀ ਲੜਾਈ ਦੌਰਾਨ ਇਕ ਗੰਭੀਰ ਸਥਿਤੀ ਪੈਦਾ ਹੋ ਗਈ ਸੀ। ਰਾਜਾ ਸ਼ਾਊਲ ਨੇ ਕਿਹਾ ਸੀ: “ਜਿਹੜਾ ਅੱਜ ਤਕਾਲਾਂ ਤੋੜੀ ਭੋਜਨ ਚੱਖੇ ਉਹ ਦੇ ਉੱਤੇ ਸਰਾਪ ਹੋਊ ਏਸ ਕਰਕੇ ਜੋ ਮੈਂ ਆਪਣੇ ਵੈਰੀਆਂ ਤੋਂ ਬਦਲਾ ਲਵਾਂ।” ਬਾਈਬਲ ਦੱਸਦੀ ਹੈ ਕਿ ਯੋਧਿਆਂ ਨੇ ਸਾਰਾ ਦਿਨ “ਫਲਿਸਤੀਆਂ ਨੂੰ ਮਾਰਿਆ।” ਯੋਧੇ ਬਹੁਤ ਥੱਕ ਗਏ ਸਨ ਅਤੇ ਭੁੱਖ ਨਾਲ ਉਨ੍ਹਾਂ ਦਾ ਬੁਰਾ ਹਾਲ ਸੀ। ਸੋ ਉਹ “ਭੇਡਾਂ ਅਤੇ ਬਲਦਾਂ ਨੂੰ ਫੜ ਕੇ ਅਤੇ ਉਨ੍ਹਾਂ ਨੂੰ ਧਰਤੀ ਉੱਤੇ ਵੱਢ ਕੇ ਲਹੂ ਸਣੇ ਖਾ ਗਏ।” (1 ਸਮੂਏਲ 14:24, 31-33) ਲਹੂ ਬਾਰੇ ਯਹੋਵਾਹ ਦਾ ਨਿਯਮ ਤੋੜ ਕੇ ਉਨ੍ਹਾਂ ਨੇ ਬਹੁਤ ਵੱਡਾ ਪਾਪ ਕੀਤਾ। ਯਹੋਵਾਹ ਨੇ ਉਨ੍ਹਾਂ ਨੂੰ ਸਾਫ਼-ਸਾਫ਼ ਦੱਸਿਆ ਸੀ ਕਿ ਲਹੂ ਸਿਰਫ਼ ਪਾਪਾਂ ਦਾ “ਪ੍ਰਾਸਚਿਤ ਕਰਨ ਲਈ” ਵਰਤਿਆ ਜਾ ਸਕਦਾ ਸੀ। (ਲੇਵੀਆਂ 17:10-12; ਉਤਪਤ 9:3, 4) ਫਿਰ ਵੀ ਯਹੋਵਾਹ ਨੇ ਉਨ੍ਹਾਂ ਦੋਸ਼ੀ ਬੰਦਿਆਂ ਉੱਤੇ ਦਇਆ ਕੀਤੀ। ਉਸ ਨੇ ਉਨ੍ਹਾਂ ਦੇ ਬਲੀਦਾਨ ਕਬੂਲ ਕਰ ਕੇ ਉਨ੍ਹਾਂ ਨੂੰ ਮਾਫ਼ ਕਰ ਦਿੱਤਾ।—1 ਸਮੂਏਲ 14:34, 35.

ਜੀ ਹਾਂ, ਯਹੋਵਾਹ ਸਾਡੇ ਤੋਂ ਆਸ ਰੱਖਦਾ ਹੈ ਕਿ ਅਸੀਂ ਹਰ ਹਾਲਤ ਵਿਚ ਉਸ ਦਾ ਕਹਿਣਾ ਮੰਨੀਏ। ਯੂਹੰਨਾ ਰਸੂਲ ਨੇ ਕਿਹਾ: “ਪਰਮੇਸ਼ੁਰ ਦਾ ਪ੍ਰੇਮ ਇਹ ਹੈ ਭਈ ਅਸੀਂ ਉਹ ਦੇ ਹੁਕਮਾਂ ਦੀ ਪਾਲਨਾ ਕਰੀਏ।”—1 ਯੂਹੰਨਾ 5:3.

[ਸਫ਼ੇ 30 ਉੱਤੇ ਤਸਵੀਰ]

ਡੇਹਰੇ ਵਿਚ ਹਰ ਸਬਤ ਦੇ ਦਿਨ ਹਜ਼ੂਰੀ ਦੀਆਂ ਤਾਜ਼ੀਆਂ ਰੋਟੀਆਂ ਰੱਖੀਆਂ ਜਾਂਦੀਆਂ ਸਨ