Skip to content

Skip to table of contents

ਯਹੋਵਾਹ ਦੀ ਵਡਿਆਈ ਕਰ ਕੇ ਨੌਜਵਾਨ ਬਰਕਤਾਂ ਪਾਉਂਦੇ ਹਨ

ਯਹੋਵਾਹ ਦੀ ਵਡਿਆਈ ਕਰ ਕੇ ਨੌਜਵਾਨ ਬਰਕਤਾਂ ਪਾਉਂਦੇ ਹਨ

“ਮੇਰੀ ਸਹਾਇਤਾ ਯਹੋਵਾਹ ਤੋਂ ਹੈ”

ਯਹੋਵਾਹ ਦੀ ਵਡਿਆਈ ਕਰ ਕੇ ਨੌਜਵਾਨ ਬਰਕਤਾਂ ਪਾਉਂਦੇ ਹਨ

ਇਕ 15 ਸਾਲਾਂ ਦੇ ਮੁੰਡੇ ਨੇ ਆਪਣੀਆਂ ਉਮੀਦਾਂ ਬਾਰੇ ਜੋਸ਼ ਨਾਲ ਕਿਹਾ: “ਮੈਂ ਤਾਂ ਜ਼ਿੰਦਗੀ ਦਾ ਪੂਰਾ-ਪੂਰਾ ਮਜ਼ਾ ਲੈਣਾ ਅਤੇ ਸਭ ਤੋਂ ਵਧੀਆ ਚੀਜ਼ਾਂ ਚਾਹੁੰਦਾ ਹਾਂ।” ਇਹ ਸੱਚ ਹੈ ਕਿ ਹਰ ਕੋਈ ਆਪਣੇ ਲਈ ਖ਼ੁਸ਼ੀਆਂ ਚਾਹੁੰਦਾ ਹੈ, ਪਰ ਜ਼ਿੰਦਗੀ ਵਿਚ ਤਜਰਬਾ ਨਾ ਹੋਣ ਕਰਕੇ ਨੌਜਵਾਨ ਕਦੇ-ਕਦੇ ਗ਼ਲਤ ਫ਼ੈਸਲੇ ਕਰ ਲੈਂਦੇ ਹਨ ਜਿਨ੍ਹਾਂ ਦੇ ਬੁਰੇ ਨਤੀਜੇ ਉਨ੍ਹਾਂ ਨੂੰ ਉਮਰ ਭਰ ਭੁਗਤਣੇ ਪੈਂਦੇ ਹਨ। ਤਾਂ ਫਿਰ ਸਵਾਲ ਉੱਠਦਾ ਹੈ ਕਿ ਇਕ ਨੌਜਵਾਨ ਨੂੰ ਜ਼ਿੰਦਗੀ ਵਿੱਚੋਂ ਖ਼ੁਸ਼ੀ ਹਾਸਲ ਕਰਨ ਲਈ ਕੀ ਕਰਨ ਦੀ ਲੋੜ ਹੈ? ਬਾਈਬਲ ਇਸ ਬਾਰੇ ਸਾਫ਼-ਸਾਫ਼ ਦੱਸਦੀ ਹੈ: “ਆਪਣੀ ਜੁਆਨੀ ਦੇ ਦਿਨੀਂ ਆਪਣੇ ਕਰਤਾਰ ਨੂੰ ਚੇਤੇ ਰੱਖ।”—ਉਪਦੇਸ਼ਕ ਦੀ ਪੋਥੀ 12:1.

ਕਈ ਸ਼ਾਇਦ ਮਹਿਸੂਸ ਕਰਨ ਕਿ ਯਹੋਵਾਹ ਦੀ ਉਸਤਤ ਅਤੇ ਸੇਵਾ ਕਰਨੀ ਸਿਰਫ਼ ਸਿਆਣਿਆਂ ਦਾ ਕੰਮ ਹੈ। ਪਰ ਪੁਰਾਣੇ ਸਮਿਆਂ ਵਿਚ ਕਈ ਨੌਜਵਾਨਾਂ ਨੇ ਯਹੋਵਾਹ ਦੀ ਉਸਤਤ ਕੀਤੀ ਸੀ। ਅਲਕਾਨਾਹ ਅਤੇ ਹੰਨਾਹ ਦਾ ਪੁੱਤਰ ਸਮੂਏਲ ਅਜੇ ਛੋਟੀ ਉਮਰ ਦਾ ਹੀ ਸੀ ਜਦ ਉਸ ਨੇ ਯਹੋਵਾਹ ਦੀ ਹੈਕਲ ਵਿਚ ਸੇਵਾ ਕਰਨੀ ਸ਼ੁਰੂ ਕੀਤੀ ਸੀ। (1 ਸਮੂਏਲ 1:19, 20, 24; 2:11) ਇਸ ਤੋਂ ਇਲਾਵਾ, ਇਕ ਛੋਟੀ ਉਮਰ ਦੀ ਇਬਰਾਨੀ ਕੁੜੀ ਨੇ ਯਹੋਵਾਹ ਵਿਚ ਆਪਣੀ ਪੱਕੀ ਨਿਹਚਾ ਦਿਖਾਈ ਜਦ ਉਸ ਨੇ ਕਿਹਾ ਕਿ ਅਲੀਸ਼ਾ ਨਬੀ ਸੀਰੀਆ ਦੇਸ਼ ਦੇ ਸੈਨਾਪਤੀ ਨਅਮਾਨ ਦਾ ਕੋੜ੍ਹ ਚੰਗਾ ਕਰ ਸਕਦਾ ਹੈ। (2 ਰਾਜਿਆਂ 5:2, 3) ਜ਼ਬੂਰਾਂ ਦੀ ਪੋਥੀ 148:7, 12 ਵਿਚ ਸਾਰੇ ਮੁੰਡੇ-ਕੁੜੀਆਂ ਨੂੰ ਹੁਕਮ ਦਿੱਤਾ ਗਿਆ ਹੈ ਕਿ ਉਹ ਯਹੋਵਾਹ ਦੀ ਉਸਤਤ ਕਰਨ। * ਯਿਸੂ ਨੇ ਕੇਵਲ 12 ਸਾਲਾਂ ਦੀ ਉਮਰ ਤੇ ਹੀ ਆਪਣੇ ਸਵਰਗੀ ਪਿਤਾ ਦੇ ਕੰਮਾਂ ਵਿਚ ਰੁਚੀ ਲੈਣੀ ਸ਼ੁਰੂ ਕੀਤੀ ਸੀ। (ਲੂਕਾ 2:41-49) ਸ਼ਾਸਤਰਾਂ ਤੋਂ ਮਸੀਹਾ ਬਾਰੇ ਸਿੱਖਿਆ ਲੈਣ ਦੇ ਕਾਰਨ ਕਈ ਮੁੰਡਿਆਂ ਨੇ ਯਿਸੂ ਨੂੰ ਦੇਖ ਕੇ ਹੈਕਲ ਵਿਚ ਉੱਚੀ ਆਵਾਜ਼ ਨਾਲ ਕਿਹਾ: “ਦਾਊਦ ਦੇ ਪੁੱਤਰ ਦੀ ਵਡਿਆਈ ਹੋਵੇ।”—ਮੱਤੀ 21:15, 16; ਪਵਿੱਤਰ ਬਾਈਬਲ ਨਵਾਂ ਅਨੁਵਾਦ।

ਅੱਜ ਦੇ ਨੌਜਵਾਨ ਯਹੋਵਾਹ ਦੇ ਗੁਣ ਗਾ ਰਹੇ

ਅੱਜ ਵੀ ਅਨੇਕ ਵੱਖੋ-ਵੱਖਰੀ ਉਮਰ ਦੇ ਨੌਜਵਾਨ ਹਨ ਜਿਨ੍ਹਾਂ ਨੂੰ ਯਹੋਵਾਹ ਦੀ ਵਡਿਆਈ ਕਰਨ ਤੇ ਮਾਣ ਹੈ। ਉਹ ਸਕੂਲਾਂ ਵਿਚ ਅਤੇ ਹੋਰ ਥਾਵਾਂ ਤੇ ਦਲੇਰੀ ਨਾਲ ਦੂਸਰਿਆਂ ਨੂੰ ਆਪਣਿਆਂ ਵਿਸ਼ਵਾਸਾਂ ਬਾਰੇ ਦੱਸਦੇ ਹਨ। ਹੇਠਾਂ ਦਿੱਤੀਆਂ ਦੋ ਮਿਸਾਲਾਂ ਤੇ ਗੌਰ ਕਰੋ।

ਬਰਤਾਨੀਆ ਵਿਚ 18 ਸਾਲਾਂ ਦੀ ਸਟੈਫ਼ਨੀ ਦੀ ਕਲਾਸ ਵਿਚ ਗਰਭਪਾਤ ਵਰਗੇ ਵਿਸ਼ਿਆਂ ਤੇ ਚਰਚਾ ਹੋ ਰਹੀ ਸੀ। ਅਧਿਆਪਕ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਅੱਜ-ਕੱਲ੍ਹ ਆਮ ਤੌਰ ਤੇ ਗਰਭਪਾਤ ਨੂੰ ਠੀਕ ਸਮਝਿਆ ਜਾਂਦਾ ਹੈ ਅਤੇ ਕੋਈ ਵੀ ਕੁੜੀ ਇਸ ਤੇ ਇਤਰਾਜ਼ ਨਹੀਂ ਕਰੇਗੀ। ਜਦੋਂ ਕਲਾਸ ਵਿਚ ਸਾਰੇ ਵਿਦਿਆਰਥੀ ਉਸ ਦੇ ਵਿਚਾਰਾਂ ਨਾਲ ਸਹਿਮਤ ਹੋਏ, ਤਾਂ ਸਟੈਫ਼ਨੀ ਕੋਲੋਂ ਸਿਹਾ ਨਾ ਗਿਆ। ਉਹ ਗਰਭਪਾਤ ਦੇ ਸੰਬੰਧ ਵਿਚ ਬਾਈਬਲ ਵਿਚਲੀ ਜਾਣਕਾਰੀ ਸਾਰਿਆਂ ਨੂੰ ਦੱਸਣੀ ਚਾਹੁੰਦੀ ਸੀ। ਮੌਕਾ ਆਪਣੇ ਆਪ ਹੀ ਪੇਸ਼ ਹੋਇਆ ਜਦ ਅਧਿਆਪਕ ਨੇ ਸਟੈਫ਼ਨੀ ਨੂੰ ਗਰਭਪਾਤ ਸੰਬੰਧੀ ਉਸ ਦੀ ਰਾਇ ਪੁੱਛੀ। ਭਾਵੇਂ ਉਹ ਪਹਿਲਾਂ ਘਬਰਾਉਂਦੀ ਸੀ, ਪਰ ਮੌਕੇ ਦਾ ਫ਼ਾਇਦਾ ਉਠਾਉਂਦੇ ਹੋਏ ਸਟੈਫ਼ਨੀ ਨੇ ਹਿੰਮਤ ਨਾਲ ਕੂਚ 21:22-24 ਦੇ ਹਵਾਲਿਆਂ ਨੂੰ ਮੂੰਹ-ਜ਼ਬਾਨੀ ਦੁਹਰਾਇਆ। ਉਸ ਨੇ ਸਮਝਾਇਆ ਕਿ ਇਕ ਅਣਜੰਮੇ ਬੱਚੇ ਦੀ ਜਾਨ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਅਨਮੋਲ ਹੈ ਅਤੇ ਉਸ ਨੂੰ ਕਿਸੇ ਵੀ ਕਿਸਮ ਦਾ ਨੁਕਸਾਨ ਪਹੁੰਚਾਉਣਾ ਪਰਮੇਸ਼ੁਰ ਦੇ ਅਸੂਲਾਂ ਦੇ ਖ਼ਿਲਾਫ਼ ਹੈ।

ਹਾਲਾਂਕਿ ਸਟੈਫ਼ਨੀ ਦਾ ਟੀਚਰ ਇਕ ਪਾਦਰੀ ਸੀ, ਪਰ ਉਸ ਨੇ ਇਹ ਆਇਤਾਂ ਕਦੇ ਵੀ ਨਹੀਂ ਪੜ੍ਹੀਆਂ ਸਨ। ਸਟੈਫ਼ਨੀ ਦੀ ਗਵਾਹੀ ਦਾ ਚੰਗਾ ਅਸਰ ਨਾ ਕੇਵਲ ਟੀਚਰ ਤੇ ਬਲਕਿ ਕਲਾਸ ਵਿਚ ਬੈਠੇ ਬਾਕੀ ਦਿਆਂ ਉੱਤੇ ਵੀ ਪਿਆ ਅਤੇ ਕਈਆਂ ਨੇ ਸਟੈਫ਼ਨੀ ਦੇ ਵਿਸ਼ਵਾਸਾਂ ਬਾਰੇ ਹੋਰ ਜਾਣਨਾ ਚਾਹਿਆ। ਨਤੀਜਾ ਇਹ ਨਿਕਲਿਆ ਕਿ ਕਲਾਸ ਵਿਚ ਇਕ ਕੁੜੀ ਨੇ ਸਟੈਫ਼ਨੀ ਤੋਂ ਪਹਿਰਾਬੁਰਜ ਅਤੇ ਜਾਗਰੂਕ ਬਣੋ! ਦੇ ਰਸਾਲੇ ਬਾਕਾਇਦਾ ਲੈਣੇ ਸ਼ੁਰੂ ਕਰ ਦਿੱਤੇ। ਇਸ ਤੋਂ ਇਲਾਵਾ ਜਦੋਂ ਸਟੈਫ਼ਨੀ ਨੇ ਯਹੋਵਾਹ ਦੇ ਗਵਾਹਾਂ ਦੇ ਇਕ ਸੰਮੇਲਨ ਵਿਚ ਬਪਤਿਸਮਾ ਲਿਆ, ਤਾਂ ਉਸ ਨੂੰ ਦੇਖਣ ਲਈ ਕਲਾਸ ਵਿੱਚੋਂ ਦੋ ਹੋਰ ਕੁੜੀਆਂ ਵੀ ਚੱਲੀਆਂ ਆਈਆਂ।

ਦੱਖਣੀ ਅਮਰੀਕਾ ਦੇ ਸੂਰੀਨਾਮ ਦੇਸ਼ ਵਿਚ ਛੇ ਸਾਲਾਂ ਦੀ ਵਾਰੀਟਾ ਰਹਿੰਦੀ ਹੈ। ਉਸ ਨੇ ਯਹੋਵਾਹ ਦੀ ਵਡਿਆਈ ਕਿਸ ਤਰ੍ਹਾਂ ਕੀਤੀ? ਵਾਰੀਟਾ ਦੀ ਟੀਚਰ ਤਿੰਨ ਦਿਨਾਂ ਲਈ ਸਕੂਲੇ ਨਹੀਂ ਆਈ ਸੀ। ਵਾਪਸ ਆਉਣ ਤੇ ਉਸ ਨੇ ਸਾਰੇ ਬੱਚਿਆਂ ਨੂੰ ਪੁੱਛਿਆ ਜੇ ਉਹ ਉਸ ਦੀ ਗ਼ੈਰ-ਹਾਜ਼ਰੀ ਦਾ ਕਾਰਨ ਜਾਣਦੇ ਸਨ। ਉਨ੍ਹਾਂ ਨੇ ਰਲ ਕੇ ਆਖਿਆ, “ਤੁਸੀਂ ਬੀਮਾਰ ਸੀ, ਹੈਨਾ?” ਟੀਚਰ ਨੇ ਅੱਗੋਂ ਜਵਾਬ ਦਿੱਤਾ, “ਨਹੀਂ, ਮੇਰੀ ਵੱਡੀ ਭੈਣ ਗੁਜ਼ਰ ਗਈ ਅਤੇ ਮੈਂ ਬਹੁਤ ਹੀ ਉਦਾਸ ਹਾਂ, ਇਸ ਲਈ ਤੁਹਾਨੂੰ ਸਾਰਿਆਂ ਨੂੰ ਹੁਣ ਚੁੱਪ ਰਹਿਣਾ ਪੈਣਾ ਕਿਉਂਕਿ ਮੈਨੂੰ ਸਿਰਦਰਦ ਹੈ।” ਵਾਰੀਟਾ ਘਰ ਆ ਕੇ ਸੋਚਣ ਲੱਗੀ ਕਿ ਉਹ ਆਪਣੀ ਟੀਚਰ ਦੀ ਮਦਦ ਕਿਸ ਤਰ੍ਹਾਂ ਕਰ ਸਕਦੀ ਹੈ।

ਉਸੇ ਦੁਪਹਿਰ ਜਦ ਥੋੜ੍ਹੇ ਕੁ ਚਿਰ ਲਈ ਵਾਰੀਟਾ ਦੀ ਮੰਮੀ ਦੀ ਅੱਖ ਲੱਗੀ, ਤਾਂ ਵਾਰੀਟਾ ਆਪਣੇ ਆਪ ਹੀ ਪੁਰਾਣੇ ਰਸਾਲਿਆਂ ਨੂੰ ਫਰੋਲ-ਫਰੋਲ ਕੇ ਆਪਣੀ ਟੀਚਰ ਲਈ ਕੁਝ ਲੱਭਣ ਲੱਗ ਪਈ। ਉਸ ਨੂੰ 15 ਜੁਲਾਈ 2001 ਦਾ ਰਸਾਲਾ ਲੱਭਿਆ ਜਿਸ ਦਾ ਵਿਸ਼ਾ ਸੀ: “ਕੀ ਮੌਤ ਤੋਂ ਬਾਅਦ ਜੀਵਨ ਹੈ?” ਰਸਾਲਾ ਦੇਖ ਕੇ ਵਾਰੀਟਾ ਤਾਂ ਖ਼ੁਸ਼ੀ ਨਾਲ ਝੂਮ ਉੱਠੀ ਅਤੇ ਆਪਣੀ ਮੰਮੀ ਨੂੰ ਜਗ੍ਹਾ ਕੇ ਕਹਿਣ ਲੱਗੀ: “ਮੰਮੀ ਜੀ, ਮੰਮੀ ਜੀ, ਦੇਖੋ! ਮੈਨੂੰ ਆਪਣੀ ਟੀਚਰ ਲਈ ਇਕ ਮੈਗਜ਼ੀਨ ਲੱਭਿਆ!” ਵਾਰੀਟਾ ਨੇ ਇਕ ਚਿੱਠੀ ਲਿਖ ਕੇ ਇਸ ਰਸਾਲੇ ਨਾਲ ਆਪਣੀ ਟੀਚਰ ਨੂੰ ਭੇਜ ਦਿੱਤੀ। ਚਿੱਠੀ ਵਿਚ ਵਾਰੀਟਾ ਨੇ ਲਿਖਿਆ: “ਇਹ ਸੁਨੇਹਾ ਖ਼ਾਸ ਕਰਕੇ ਤੁਹਾਡੇ ਲਈ ਹੈ। ਜਦੋਂ ਸਾਰੀ ਧਰਤੀ ਇਕ ਸੁੰਦਰ ਬਾਗ਼ ਵਰਗੀ ਹੋ ਜਾਵੇਗੀ, ਤਾਂ ਤੁਸੀਂ ਆਪਣੀ ਭੈਣ ਨੂੰ ਮੁੜ ਕੇ ਇੱਥੇ ਹੀ ਦੇਖੋਗੇ। ਇਹ ਜ਼ਰੂਰ ਹੋਵੇਗਾ ਕਿਉਂਕਿ ਯਹੋਵਾਹ ਪਰਮੇਸ਼ੁਰ ਕਦੇ ਝੂਠ ਨਹੀਂ ਬੋਲਦਾ। ਉਸ ਨੇ ਵਾਅਦਾ ਕੀਤਾ ਹੈ ਕਿ ਉਹ ਧਰਤੀ ਨੂੰ ਇਕ ਫਿਰਦੌਸ ਬਣਾ ਦੇਵੇਗਾ ਅਤੇ ਮੁਰਦਿਆਂ ਨੂੰ ਮੁੜ ਕੇ ਜ਼ਿੰਦਾ ਕਰੇਗਾ।” ਵਾਰੀਟਾ ਦੀ ਟੀਚਰ ਨੂੰ ਰਸਾਲਿਆਂ ਤੋਂ ਬਹੁਤ ਦਿਲਾਸਾ ਮਿਲਿਆ।

ਭਵਿੱਖ ਲਈ ਨੀਂਹ ਧਰੋ

ਯਹੋਵਾਹ “ਪਰਮਧੰਨ ਪਰਮੇਸ਼ੁਰ” ਹੈ ਤੇ ਉਹ ਨੌਜਵਾਨਾਂ ਨੂੰ ਜ਼ਿੰਦਗੀ ਦਾ ਲੁਤਫ਼ ਉਠਾਉਣ ਤੋਂ ਨਹੀਂ ਰੋਕਦਾ। (1 ਤਿਮੋਥਿਉਸ 1:11) ਇਹ ਅਸੀਂ ਜਾਣਦੇ ਹਾਂ ਕਿਉਂਕਿ ਉਸ ਦਾ ਸ਼ਬਦ ਕਹਿੰਦਾ ਹੈ: “ਹੇ ਜੁਆਨ, ਤੂੰ ਆਪਣੀ ਜੁਆਨੀ ਵਿੱਚ ਮੌਜ ਕਰ, ਅਤੇ ਆਪਣੀ ਜੁਆਨੀ ਦੇ ਦਿਨਾਂ ਵਿੱਚ ਤੇਰਾ ਜੀ ਤੈਨੂੰ ਪਰਚਾਵੇ।” (ਉਪਦੇਸ਼ਕ ਦੀ ਪੋਥੀ 11:9) ਯਹੋਵਾਹ ਇਹ ਗੱਲ ਵੀ ਜਾਣਦਾ ਹੈ ਕਿ ਨੌਜਵਾਨ ਅਕਸਰ ਪਲ ਭਰ ਦੀਆਂ ਖ਼ੁਸ਼ੀਆਂ ਪਾਉਣ ਲਈ ਗੁਮਰਾਹ ਹੋ ਜਾਂਦੇ ਹਨ ਅਤੇ ਚੰਗੇ-ਮਾੜੇ ਵਤੀਰੇ ਦਾ ਫਲ ਉਨ੍ਹਾਂ ਨੂੰ ਸ਼ਾਇਦ ਉਮਰ ਭਰ ਭੁਗਤਣਾ ਪਵੇ। ਇਸੇ ਕਰਕੇ ਬਾਈਬਲ ਨੌਜਵਾਨਾਂ ਨੂੰ ਇਹ ਨਸੀਹਤ ਦਿੰਦੀ ਹੈ: “ਆਪਣੀ ਜੁਆਨੀ ਦੇ ਦਿਨੀਂ ਆਪਣੇ ਕਰਤਾਰ ਨੂੰ ਚੇਤੇ ਰੱਖ, ਜਦ ਕਿ ਓਹ ਮਾੜੇ ਦਿਨ ਅਜੇ ਨਹੀਂ ਆਏ, ਅਤੇ ਓਹ ਵਰਹੇ ਅਜੇ ਨੇੜੇ ਨਹੀਂ ਪੁੱਜੇ ਜਿਨ੍ਹਾਂ ਵਿੱਚ ਤੂੰ ਆਖੇਂਗਾ, ਏਹਨਾਂ ਵਿੱਚ ਮੈਨੂੰ ਕੁਝ ਖ਼ੁਸ਼ੀ ਨਹੀਂ ਹੈ।”—ਉਪਦੇਸ਼ਕ ਦੀ ਪੋਥੀ 12:1.

ਜੀ ਹਾਂ, ਇਹ ਯਹੋਵਾਹ ਦੀ ਇੱਛਾ ਹੈ ਕਿ ਨੌਜਵਾਨ ਆਪਣੇ ਕੀਮਤੀ ਜੀਵਨ ਦੇ ਹਰ ਇਕ ਪਹਿਲੂ ਵਿਚ ਖ਼ੁਸ਼ੀਆਂ ਪ੍ਰਾਪਤ ਕਰਨ। ਆਪਣੇ ਸ੍ਰਿਸ਼ਟੀਕਰਤਾ ਯਹੋਵਾਹ ਨੂੰ ਚੇਤੇ ਰੱਖ ਕੇ ਅਤੇ ਉਸ ਦੀ ਮਹਿਮਾ ਕਰ ਕੇ ਨੌਜਵਾਨ ਖ਼ੁਸ਼ੀਆਂ ਤੇ ਮਕਸਦ ਭਰੀ ਜ਼ਿੰਦਗੀ ਜੀ ਸਕਣਗੇ। ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਸਮੇਂ ਵੀ ਉਹ ਭਰੋਸੇ ਨਾਲ ਕਹਿ ਸਕਣਗੇ: “ਮੇਰੀ ਸਹਾਇਤਾ ਯਹੋਵਾਹ ਤੋਂ ਹੈ।”—ਜ਼ਬੂਰਾਂ ਦੀ ਪੋਥੀ 121:2.

[ਫੁਟਨੋਟ]

^ ਪੈਰਾ 4 ਸਾਲ 2005 ਲਈ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੇ ਗਏ ਕਲੰਡਰ ਤੇ ਮਾਰਚ ਤੇ ਅਪ੍ਰੈਲ ਦੇ ਮਹੀਨਿਆਂ ਦੀਆਂ ਤਸਵੀਰਾਂ ਦੇਖੋ।

[ਸਫ਼ੇ 9 ਉੱਤੇ ਸੁਰਖੀ]

‘ਗਭਰੂ ਤੇ ਕੁਆਰੀਆਂ ਸਭੇ ਪ੍ਰਿਥਵੀ ਤੋਂ ਯਹੋਵਾਹ ਦੀ ਉਸਤਤ ਕਰਨ!’—ਜ਼ਬੂਰਾਂ ਦੀ ਪੋਥੀ 148:7, 12.

[ਸਫ਼ੇ 8 ਉੱਤੇ ਡੱਬੀ]

ਯਹੋਵਾਹ ਨੌਜਵਾਨਾਂ ਦੀ ਸਹਾਇਤਾ ਕਰਦਾ ਹੈ

“ਹੇ ਪ੍ਰਭੁ ਯਹੋਵਾਹ, ਤੂੰ ਹੀ ਮੇਰੀ ਤਾਂਘ ਹੈਂ, ਅਤੇ ਮੇਰੀ ਜੁਆਨੀ ਤੋਂ ਮੇਰਾ ਭਰੋਸਾ ਹੈਂ।”—ਜ਼ਬੂਰਾਂ ਦੀ ਪੋਥੀ 71:5.

“[ਪਰਮੇਸ਼ੁਰ] ਭਲਿਆਈ ਨਾਲ ਤੇਰੇ ਮੂੰਹ ਨੂੰ ਰਜਾਉਂਦਾ ਹੈ, ਤੂੰ ਉਕਾਬ ਵਾਂਙੁ ਆਪਣੀ ਜੁਆਨੀ ਨੂੰ ਨਵਾਂ ਕਰਦਾ ਹੈਂ।”—ਜ਼ਬੂਰਾਂ ਦੀ ਪੋਥੀ 103:5.