Skip to content

Skip to table of contents

ਸਮਸੂਨ ਯਹੋਵਾਹ ਦੀ ਮਦਦ ਨਾਲ ਜਿੱਤਿਆ

ਸਮਸੂਨ ਯਹੋਵਾਹ ਦੀ ਮਦਦ ਨਾਲ ਜਿੱਤਿਆ

ਸਮਸੂਨ ਯਹੋਵਾਹ ਦੀ ਮਦਦ ਨਾਲ ਜਿੱਤਿਆ

ਸਮਸੂਨ ਨੂੰ ਫੜਨ ਵਾਲੇ ਬੇਰਹਿਮ ਲੋਕਾਂ ਨੇ ਉਸ ਦੀਆਂ ਅੱਖ ਕੱਢ ਸੁੱਟੀਆਂ ਅਤੇ ਉਸ ਨੂੰ ਚੱਕੀ ਪੀਹਣ ਲਾ ਦਿੱਤਾ ਸੀ। ਫਿਰ ਉਹ ਉਸ ਨੂੰ ਕੈਦਖ਼ਾਨੇ ਵਿੱਚੋਂ ਕੱਢ ਕੇ ਆਪਣੇ ਦੇਵਤੇ ਦੇ ਮੰਦਰ ਵਿਚ ਲਿਆਏ ਤਾਂਕਿ ਉਹ ਸਾਰੇ ਲੋਕਾਂ ਦਾ ਦਿਲ ਬਹਿਲਾਵੇ। ਉਹ ਸਾਰਿਆਂ ਲਈ ਤਮਾਸ਼ਾ ਬਣ ਗਿਆ ਸੀ। ਸਮਸੂਨ ਨਾ ਤਾਂ ਅਪਰਾਧੀ ਸੀ ਤੇ ਨਾ ਹੀ ਕਿਸੇ ਦੁਸ਼ਮਣ ਫ਼ੌਜ ਦਾ ਕਮਾਂਡਰ। ਉਹ ਯਹੋਵਾਹ ਦਾ ਭਗਤ ਸੀ ਅਤੇ ਉਸ ਨੇ ਇਸਰਾਏਲ ਵਿਚ 20 ਸਾਲ ਨਿਆਈ ਵਜੋਂ ਸੇਵਾ ਕੀਤੀ ਸੀ।

ਸਮਸੂਨ ਦੁਨੀਆਂ ਦਾ ਸਭ ਤੋਂ ਤਕੜਾ ਆਦਮੀ ਸੀ। ਤਾਂ ਫਿਰ ਉਹ ਇਸ ਹਾਲਤ ਵਿਚ ਕਿਵੇਂ ਫੱਸਿਆ ਸੀ? ਕੀ ਉਹ ਆਪਣੀ ਵੱਡੀ ਤਾਕਤ ਨਾਲ ਉੱਥੋਂ ਬਚ ਨਿਕਲ ਨਹੀਂ ਸਕਦਾ ਸੀ? ਉਸ ਦੀ ਤਾਕਤ ਦਾ ਰਾਜ਼ ਕੀ ਸੀ? ਕੀ ਅਸੀਂ ਉਸ ਦੀ ਜੀਵਨ ਕਹਾਣੀ ਤੋਂ ਕੋਈ ਸਬਕ ਸਿੱਖ ਸਕਦੇ ਹਾਂ?

“ਇਸਰਾਏਲੀਆਂ ਦਾ ਬਚਾਓ” ਕਰਨ ਲਈ ਪੈਦਾ ਹੋਇਆ

ਸਾਲਾਂ ਦੌਰਾਨ ਇਸਰਾਏਲੀ ਲੋਕ ਕਈ ਵਾਰ ਯਹੋਵਾਹ ਦੀ ਭਗਤੀ ਕਰਨੋਂ ਹਟ ਗਏ ਸਨ। ਇਸ ਲਈ ਜਦ ‘ਇਸਰਾਏਲੀਆਂ ਨੇ ਯਹੋਵਾਹ ਦੀ ਨਿਗਾਹ ਵਿੱਚ ਫੇਰ ਬਦੀ ਕੀਤੀ, ਤਾਂ ਯਹੋਵਾਹ ਨੇ ਉਨ੍ਹਾਂ ਨੂੰ ਚਾਲੀਹਾਂ ਵਰਿਹਾਂ ਤੋੜੀ ਫਲਿਸਤੀਆਂ ਦੇ ਹੱਥ ਸੌਂਪ ਦਿੱਤਾ।’—ਨਿਆਈਆਂ 13:1.

ਸਮਸੂਨ ਦੀ ਕਹਾਣੀ ਉਸ ਸਮੇਂ ਸ਼ੁਰੂ ਹੋਈ ਜਦ ਮਾਨੋਆਹ ਨਾਂ ਦੇ ਆਦਮੀ ਦੀ ਬਾਂਝ ਤੀਵੀਂ ਕੋਲ ਯਹੋਵਾਹ ਦੇ ਦੂਤ ਨੇ ਆ ਕੇ ਕਿਹਾ ਕਿ ਉਹ ਇਕ ਮੁੰਡੇ ਨੂੰ ਜਨਮ ਦੇਵੇਗੀ। ਉਸ ਦੂਤ ਨੇ ਅੱਗੇ ਕਿਹਾ: “ਉਹ ਦੇ ਸਿਰ ਉੱਤੇ ਉਸਤਰਾ ਕਦੇ ਨਾ ਲੱਗੇ ਇਸ ਲਈ ਜੋ ਉਹ ਮੁੰਡਾ ਗਰਭ ਤੋਂ ਹੀ ਪਰਮੇਸ਼ੁਰ ਦਾ ਨਜ਼ੀਰ ਹੋਵੇਗਾ ਅਤੇ ਉਹ ਫ਼ਲਿਸਤੀਆਂ ਦੇ ਹੱਥੋਂ ਇਸਰਾਏਲੀਆਂ ਦਾ ਬਚਾਓ ਕਰਨ ਲੱਗੇਗਾ।” (ਨਿਆਈਆਂ 13:2-5) ਸਮਸੂਨ ਦੀ ਮਾਂ ਦੇ ਗਰਭਵਤੀ ਹੋਣ ਤੋਂ ਪਹਿਲਾਂ ਹੀ ਯਹੋਵਾਹ ਨੇ ਤੈਅ ਕਰ ਲਿਆ ਸੀ ਕਿ ਉਹ ਕੀ ਕੰਮ ਕਰੇਗਾ। ਉਸ ਦੇ ਜਨਮ ਤੋਂ ਹੀ ਉਸ ਨੇ ਇਕ ਨਜ਼ੀਰ ਹੋਣਾ ਸੀ ਯਾਨੀ ਇਕ ਅਜਿਹਾ ਇਨਸਾਨ ਜੋ ਖ਼ਾਸ ਸੇਵਾ ਕਰਨ ਲਈ ਚੁਣਿਆ ਗਿਆ ਸੀ।

“ਮੇਰੀਆਂ ਅੱਖਾਂ ਵਿੱਚ ਓਹੋ ਜਚਦੀ ਹੈ”

ਸਮਸੂਨ ਵੱਡਾ ਹੁੰਦਾ ਗਿਆ ਅਤੇ “ਯਹੋਵਾਹ ਨੇ ਉਹ ਨੂੰ ਅਸੀਸ ਦਿੱਤੀ।” (ਨਿਆਈਆਂ 13:24) ਇਕ ਦਿਨ ਉਹ ਆਪਣੇ ਮਾਤਾ-ਪਿਤਾ ਕੋਲ ਆ ਕੇ ਕਹਿਣ ਲੱਗਾ: “ਫਲਿਸਤੀਆਂ ਦੀਆਂ ਧੀਆਂ ਵਿੱਚੋਂ ਤਿਮਨਾਥ ਵਿੱਚ ਮੈਂ ਇੱਕ ਤੀਵੀਂ ਡਿੱਠੀ ਹੈ, ਸੋ ਉਹ ਨੂੰ ਲੈ ਆਓ ਜੋ ਮੇਰੀ ਵਹੁਟੀ ਬਣੇ।” (ਨਿਆਈਆਂ 14:2) ਜ਼ਰਾ ਉਨ੍ਹਾਂ ਦੀ ਹੈਰਾਨੀ ਦੀ ਕਲਪਨਾ ਕਰੋ: ਜਿਨ੍ਹਾਂ ਜ਼ਾਲਮਾਂ ਦੇ ਹੱਥੋਂ ਉਨ੍ਹਾਂ ਦੇ ਬੇਟੇ ਨੇ ਇਸਰਾਏਲ ਨੂੰ ਬਚਾਉਣਾ ਸੀ, ਉਹ ਉਨ੍ਹਾਂ ਨਾਲ ਵਿਆਹ ਦਾ ਰਿਸ਼ਤਾ ਜੋੜਨਾ ਚਾਹੁੰਦਾ ਸੀ। ਦੇਵੀ-ਦੇਵਤਿਆਂ ਦੀ ਪੂਜਾ ਕਰਨ ਵਾਲੀ ਤੀਵੀਂ ਨਾਲ ਵਿਆਹ ਕਰਾਉਣਾ ਯਹੋਵਾਹ ਦੇ ਕਾਨੂੰਨ ਦੇ ਖ਼ਿਲਾਫ਼ ਸੀ। (ਕੂਚ 34:11-16) ਇਸ ਲਈ ਉਸ ਦੇ ਮਾਂ-ਬਾਪ ਨੇ ਕਿਹਾ: ‘ਭਲਾ, ਤੇਰੇ ਭਾਈ ਚਾਰੇ ਦੀਆਂ ਧੀਆਂ ਵਿੱਚ ਅਤੇ ਸਾਡੇ ਸਾਰੇ ਲੋਕਾਂ ਵਿੱਚ ਕੋਈ ਤੀਵੀਂ ਨਹੀਂ ਜੋ ਅਸੁੰਨਤੀ ਫਲਿਸਤੀਆਂ ਵਿੱਚੋਂ ਤੂੰ ਵਹੁਟੀ ਲੈਣ ਲਈ ਗਿਆ ਹੈਂ?’ ਫਿਰ ਵੀ ਸਮਸੂਨ ਨੇ ਜ਼ਿੱਦ ਕੀਤੀ: “ਮੈਨੂੰ ਇਹੋ ਲੈ ਦਿਓ ਕਿਉਂ ਜੋ ਮੇਰੀਆਂ ਅੱਖਾਂ ਵਿੱਚ ਓਹੋ ਜਚਦੀ ਹੈ।”—ਨਿਆਈਆਂ 14:3.

ਫਲਿਸਤੀਆਂ ਦੀ ਇਹ ਤੀਵੀਂ ਸਮਸੂਨ ਨੂੰ “ਜਚਦੀ” ਕਿਉਂ ਸੀ? ਬਾਈਬਲ ਦੇ ਇਕ ਐਨਸਾਈਕਲੋਪੀਡੀਆ ਮੁਤਾਬਕ ਇਸ ਦਾ ਇਹ ਮਤਲਬ ਨਹੀਂ ਕਿ ਉਹ ‘ਬਹੁਤ ਹੀ ਸੋਹਣੀ ਜਾਂ ਸੁਚੱਜੀ ਸੀ, ਪਰ ਉਹ ਕਿਸੇ ਖ਼ਾਸ ਕੰਮ ਲਈ ਜਚਦੀ ਸੀ।’ ਕਿਹੜੇ ਕੰਮ ਲਈ? ਨਿਆਈਆਂ 14:4 ਵਿਚ ਸਾਨੂੰ ਦੱਸਿਆ ਗਿਆ ਕਿ ਸਮਸੂਨ “ਫਲਿਸਤੀਆਂ ਨਾਲ ਲੜਾਈ ਕਰਨ ਦਾ ਇੱਕ ਪੱਜ ਲੱਭਦਾ ਸੀ।” ਸਮਸੂਨ ਨੇ ਉਸ ਤੀਵੀਂ ਨੂੰ ਪਸੰਦ ਕੀਤਾ ਕਿਉਂਕਿ ਉਹ ਆਪਣਾ ਇਹ ਕੰਮ ਨੇਪਰੇ ਚਾੜ੍ਹਨਾ ਚਾਹੁੰਦਾ ਸੀ। ਬਾਈਬਲ ਸਾਨੂੰ ਦੱਸਦੀ ਹੈ ਕਿ ਫਿਰ ਉਹ ਸਮਾਂ ਆਇਆ ਜਦ “ਯਹੋਵਾਹ ਦਾ ਆਤਮਾ . . . ਉਹ ਨੂੰ ਉਕਸਾਉਣ ਲੱਗਾ” ਯਾਨੀ ਸਮਸੂਨ ਆਪਣਾ ਕੰਮ ਕਰਨ ਲਈ ਤਿਆਰ ਹੋਇਆ। (ਨਿਆਈਆਂ 13:25) ਇਸ ਤੋਂ ਅਸੀਂ ਸਮਝਦੇ ਹਾਂ ਕਿ ਜਦ ਸਮਸੂਨ ਨੇ ਉਸ ਤੀਵੀਂ ਨੂੰ ਪਸੰਦ ਕੀਤਾ ਅਤੇ ਨਿਆਈ ਵਜੋਂ ਬਾਕੀ ਦੇ ਆਪਣੇ ਕੰਮ ਕੀਤੇ, ਤਾਂ ਇਸ ਦੇ ਪਿੱਛੇ ਯਹੋਵਾਹ ਦੀ ਹੀ ਆਤਮਾ ਸੀ। ਕੀ ਸਮਸੂਨ ਨੂੰ ਫਲਿਸਤੀਆਂ ਨਾਲ ਲੜਨ ਦਾ ਮੌਕਾ ਮਿਲਿਆ ਜੋ ਉਹ ਲੱਭ ਰਿਹਾ ਸੀ? ਆਓ ਆਪਾਂ ਦੇਖੀਏ ਕਿ ਯਹੋਵਾਹ ਨੇ ਉਸ ਨੂੰ ਕਿਵੇਂ ਯਕੀਨ ਦਿਲਾਇਆ ਕਿ ਉਹ ਉਸ ਦੇ ਨਾਲ ਸੀ।

ਇਕ ਦਿਨ ਸਮਸੂਨ ਆਪਣੀ ਹੋਣ ਵਾਲੀ ਵਹੁਟੀ ਦੇ ਸ਼ਹਿਰ ਤਿਮਨਾਥ ਜਾ ਰਿਹਾ ਸੀ। ਬਾਈਬਲ ਸਾਨੂੰ ਦੱਸਦੀ ਹੈ ਜਦ ਉਹ ‘ਤਿਮਨਾਥ ਦੇ ਦਾਖ ਦੇ ਬਾਗਾਂ ਵਿੱਚ ਅੱਪੜਿਆ ਤਾਂ ਵੇਖੋ, ਇੱਕ ਜੁਆਨ ਬਬਰ ਸ਼ੇਰ ਉਹ ਦੇ ਸਾਹਮਣੇ ਆ ਗੱਜਿਆ। ਤਾਂ ਯਹੋਵਾਹ ਦਾ ਆਤਮਾ ਸਮਸੂਨ ਉੱਤੇ ਜ਼ੋਰ ਨਾਲ ਆਇਆ ਅਤੇ ਭਾਵੇਂ ਉਹ ਦੇ ਹੱਥ ਵਿੱਚ ਕੁਝ ਭੀ ਨਹੀਂ ਸੀ ਪਰ ਉਹ ਨੇ ਉਸ ਨੂੰ ਪਾੜ’ ਕੇ ਮਾਰ ਦਿੱਤਾ। ਇਸ ਘਟਨਾ ਦੌਰਾਨ ਸਮਸੂਨ ਇਕੱਲਾ ਹੀ ਸੀ। ਕਿਸੇ ਨੇ ਵੀ ਉਸ ਨੂੰ ਆਪਣੀ ਵੱਡੀ ਤਾਕਤ ਵਰਤਦੇ ਨਹੀਂ ਦੇਖਿਆ ਸੀ। ਕੀ ਇਹ ਯਹੋਵਾਹ ਦਾ ਸਮਸੂਨ ਨੂੰ ਯਕੀਨ ਦਿਲਾਉਣ ਦਾ ਤਰੀਕਾ ਸੀ ਕਿ ਇਕ ਨਜ਼ੀਰ ਵਜੋਂ ਉਹ ਆਪਣੀ ਜ਼ਿੰਮੇਵਾਰੀ ਪੂਰੀ ਕਰਨ ਦੇ ਕਾਬਲ ਸੀ? ਬਾਈਬਲ ਸਾਨੂੰ ਇਹ ਨਹੀਂ ਦੱਸਦੀ, ਪਰ ਸਮਸੂਨ ਇੰਨੀ ਗੱਲ ਜ਼ਰੂਰ ਸਮਝ ਗਿਆ ਸੀ ਕਿ ਅਜਿਹੀ ਤਾਕਤ ਉਸ ਦੀ ਆਪਣੀ ਨਹੀਂ ਸੀ। ਇਹ ਤਾਕਤ ਪਰਮੇਸ਼ੁਰ ਤੋਂ ਉਸ ਨੂੰ ਮਿਲੀ ਸੀ। ਉਹ ਯਹੋਵਾਹ ਉੱਤੇ ਭਰੋਸਾ ਰੱਖ ਸਕਦਾ ਸੀ ਕਿ ਉਹੀ ਉਸ ਦੀ ਮਦਦ ਕਰੇਗਾ। ਸ਼ੇਰ ਵਾਲੀ ਘਟਨਾ ਵਾਪਰਨ ਤੋਂ ਬਾਅਦ “ਉਹ ਲਹਿ ਗਿਆ ਅਤੇ ਉਸ ਤੀਵੀਂ ਨਾਲ ਗੱਲਾਂ ਕੀਤੀਆਂ ਅਤੇ ਉਹ ਸਮਸੂਨ ਦੀਆਂ ਅੱਖਾਂ ਵਿੱਚ ਜਚ ਗਈ।”—ਨਿਆਈਆਂ 14:5-7.

ਜਦ ਸਮਸੂਨ ਮੁਕਲਾਵਾ ਲਿਆਉਣ ਉਸ ਤੀਵੀਂ ਦੇ ਘਰ ਵਾਪਸ ਗਿਆ, ਤਾਂ ਉਹ “ਰਾਹ ਤੋਂ ਲਾਂਭੇ ਹੋ ਕੇ ਬਬਰ ਸ਼ੇਰ ਦੀ ਲੋਥ ਵੇਖਣ ਗਿਆ ਅਤੇ ਵੇਖੋ, ਉੱਥੇ ਬਬਰ ਸ਼ੇਰ ਦੀ ਲੋਥ ਵਿੱਚ ਸ਼ਹਿਤ ਦੀਆਂ ਮੱਖੀਆਂ ਦਾ ਝੁੰਡ ਅਤੇ ਸ਼ਹਿਤ ਭੀ ਸੀ।” ਬਾਅਦ ਵਿਚ ਉਸ ਨੇ ਆਪਣੇ 30 ਫਲਿਸਤੀ ਜਨੇਤੀਆਂ ਨੂੰ ਇਹ ਬੁਝਾਰਤ ਪਾਈ: “ਖਾਣ ਵਾਲੇ ਵਿੱਚੋਂ ਭੋਜਨ ਨਿੱਕਲਿਆ, ਅਤੇ ਤਕੜੇ ਵਿੱਚੋਂ ਮਿਠਾਸ।” ਜੇ ਉਹ ਇਸ ਨੂੰ ਬੁੱਝ ਸਕੇ, ਤਾਂ ਸਮਸੂਨ ਨੇ ਉਨ੍ਹਾਂ ਨੂੰ ਤੀਹ ਕੁੜਤੇ ਅਤੇ ਬਸਤਰਾਂ ਦੇ ਜੋੜੇ ਦੇਣ ਦਾ ਵਾਅਦਾ ਕੀਤਾ। ਪਰ ਜੇ ਉਹ ਨਾ ਬੁੱਝ ਸਕੇ, ਤਾਂ ਫਿਰ ਉਨ੍ਹਾਂ ਨੂੰ ਉਸ ਨੂੰ ਇਹ ਦੇਣੇ ਪੈਣੇ ਸਨ। ਤਿੰਨ ਦਿਨਾਂ ਲਈ ਉਹ ਆਪਣਾ ਮਨ ਖਪਾਉਂਦੇ ਰਹੇ, ਪਰ ਬੁਝਾਰਤ ਬੁੱਝ ਨਾ ਸਕੇ। ਚੌਥੇ ਦਿਨ ਉਨ੍ਹਾਂ ਨੇ ਉਸ ਤੀਵੀਂ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਕਿਹਾ: “ਸਾਡੇ ਲਈ ਆਪਣੇ ਭਰਤੇ ਨੂੰ ਫੁਲਾਹੁਣੀਆਂ ਦੇਹ ਜੋ ਉਹ ਸਾਥੋਂ ਬੁਝਾਰਤ ਬੁਝਾਵੇ, ਨਹੀਂ ਤਾਂ ਅਸੀਂ ਤੈਨੂੰ ਅਤੇ ਤੇਰੇ ਪਿਉ ਦੇ ਘਰ ਨੂੰ ਅੱਗ ਨਾਲ ਸਾੜ ਸੁੱਟਾਂਗੇ।” ਉਹ ਕਿੰਨੇ ਨਿਰਦਈ ਸਨ! ਜੇ ਫਲਿਸਤੀ ਆਪਣੇ ਲੋਕਾਂ ਨਾਲ ਅਜਿਹਾ ਸਲੂਕ ਕਰਦੇ ਸਨ, ਤਾਂ ਜ਼ਰਾ ਸੋਚੋ ਕਿ ਉਹ ਇਸਰਾਏਲੀਆਂ ਨਾਲ ਕਿੰਨੀ ਬੇਦਰਦੀ ਨਾਲ ਪੇਸ਼ ਆਉਂਦੇ ਸਨ!—ਨਿਆਈਆਂ 14:8-15.

ਸਮਸੂਨ ਦੀ ਵਹੁਟੀ ਡਰ ਗਈ ਸੀ ਤੇ ਉਸ ਨੇ ਆਪਣੇ ਪਤੀ ਤੇ ਜ਼ੋਰ ਪਾਉਣਾ ਸ਼ੁਰੂ ਕਰ ਦਿੱਤਾ। ਬੁਝਾਰਤ ਜਾਣ ਕੇ ਉਸ ਨੇ ਸਮਸੂਨ ਨਾਲ ਬੇਵਫ਼ਾਈ ਕੀਤੀ ਅਤੇ ਇਕਦਮ ਜਾ ਕੇ ਉਨ੍ਹਾਂ ਜਨੇਤੀਆਂ ਨੂੰ ਬੁਝਾਰਤ ਦੱਸ ਦਿੱਤੀ। ਜਦ ਉਨ੍ਹਾਂ ਨੇ ਸਮਸੂਨ ਨੂੰ ਜਵਾਬ ਦੱਸਿਆ, ਤਾਂ ਸਮਸੂਨ ਸਮਝ ਗਿਆ ਕਿ ਉਨ੍ਹਾਂ ਨੇ ਕੀ ਕੀਤਾ ਸੀ। ਉਸ ਨੇ ਉਨ੍ਹਾਂ ਨੂੰ ਕਿਹਾ: “ਜੇ ਕਦੀ ਤੁਸੀਂ ਮੇਰੀ ਵੱਛੀ ਨੂੰ ਹਲ ਅੱਗੇ ਨਾ ਜੋਂਦੇ, ਤਾਂ ਮੇਰੀ ਬੁਝਾਰਤ ਕਦੀ ਨਾ ਬੁੱਝਦੇ!” ਹੁਣ ਸਮਸੂਨ ਨੂੰ ਉਹ ਮੌਕਾ ਮਿਲ ਗਿਆ ਜਿਸ ਦੀ ਉਹ ਭਾਲ ਵਿਚ ਸੀ। “ਯਹੋਵਾਹ ਦਾ ਆਤਮਾ ਡਾਢੇ ਜ਼ੋਰ ਨਾਲ ਉਹ ਦੇ ਉੱਤੇ ਆਇਆ ਅਤੇ ਉਹ ਅਸ਼ਕਲੋਨ ਨੂੰ ਲਹਿ ਗਿਆ ਅਤੇ ਉਨ੍ਹਾਂ ਦੇ ਤੀਹ ਮਨੁੱਖ ਵੱਢੇ ਅਤੇ ਉਨ੍ਹਾਂ ਦੇ ਬਸਤਰ ਲਾਹ ਕੇ ਓਹੋ ਕੱਪੜੇ ਬੁਝਾਰਤ ਬੁੱਝਣ ਵਾਲਿਆਂ ਨੂੰ ਦਿੱਤੇ।”—ਨਿਆਈਆਂ 14:18, 19.

ਕੀ ਸਮਸੂਨ ਨੇ ਅਸ਼ਕਲੋਨ ਵਿਚ ਬਦਲਾ ਲੈਣ ਲਈ ਇਹ ਸਭ ਕੁਝ ਕੀਤਾ ਸੀ? ਨਹੀਂ। ਯਹੋਵਾਹ ਨੇ ਉਸ ਨੂੰ ਇਹ ਕੰਮ ਕਰਨ ਲਈ ਵਰਤਿਆ ਸੀ। ਸਮਸੂਨ ਦੇ ਜ਼ਰੀਏ ਯਹੋਵਾਹ ਨੇ ਆਪਣੇ ਲੋਕਾਂ ਨੂੰ ਜ਼ਾਲਮਾਂ ਦੇ ਹੱਥੋਂ ਬਚਾਉਣ ਲਈ ਇਹ ਲੜਾਈ ਛਿੜਵਾਈ ਸੀ। ਇਸ ਲੜਾਈ ਨੂੰ ਜਾਰੀ ਰੱਖਣਾ ਜ਼ਰੂਰੀ ਸੀ। ਸਮਸੂਨ ਨੂੰ ਅਗਲਾ ਮੌਕਾ ਫਿਰ ਮਿਲਿਆ ਜਦ ਉਹ ਆਪਣੀ ਵਹੁਟੀ ਨੂੰ ਮਿਲਣ ਗਿਆ।

ਇਕੱਲਿਆਂ ਜੰਗ ਲੜਿਆ

ਤਿਮਨਾਥ ਪਹੁੰਚ ਕੇ ਸਮਸੂਨ ਨੂੰ ਪਤਾ ਲੱਗਾ ਕਿ ਉਸ ਦੇ ਸਹੁਰੇ ਨੇ ਉਸ ਦੀ ਵਹੁਟੀ ਨੂੰ ਕਿਸੇ ਹੋਰ ਨਾਲ ਵਿਆਹ ਦਿੱਤਾ ਸੀ। ਉਸ ਦੇ ਭਾਣੇ ਸਮਸੂਨ ਨੂੰ ਉਸ ਦੀ ਬੇਟੀ ਨਾਲ ਨਫ਼ਰਤ ਹੋ ਗਈ ਸੀ। ਸਮਸੂਨ ਨੇ ਵੀ ਆਪਣਾ ਕ੍ਰੋਧ ਦਿਖਾਇਆ। ਉਸ ਨੇ 300 ਲੂੰਬੜੀਆਂ ਫੜੀਆਂ ਅਤੇ ਉਨ੍ਹਾਂ ਨੂੰ ਦੋ-ਦੋ ਕਰ ਕੇ ਉਨ੍ਹਾਂ ਦੀਆਂ ਪੂਛਾਂ ਵਿਚ ਮਸ਼ਾਲਾਂ ਬੰਨ੍ਹ ਦਿੱਤੀਆਂ। ਜਦ ਲੂੰਬੜੀਆਂ ਛੱਡ ਦਿੱਤੀਆਂ ਗਈਆਂ, ਤਾਂ ਉਨ੍ਹਾਂ ਨੇ ਫਲਿਸਤੀਆਂ ਦੇ ਖੇਤਾਂ, ਅੰਗੂਰੀ ਬਾਗ਼ਾਂ ਅਤੇ ਜ਼ੈਤੂਨ ਦੇ ਬਗ਼ੀਚਿਆਂ ਨੂੰ ਅੱਗ ਲਾ ਦਿੱਤੀ। ਆਪਣੀਆਂ ਤਿੰਨ ਫ਼ਸਲਾਂ ਭਸਮ ਹੁੰਦੀਆਂ ਦੇਖ ਕੇ ਫਲਿਸਤੀ ਗੁੱਸੇ ਨਾਲ ਹੋਰ ਵੀ ਬੇਰਹਿਮੀ ਬਣੇ। ਉਨ੍ਹਾਂ ਦੇ ਭਾਣੇ ਕਸੂਰ ਸਮਸੂਨ ਦੀ ਤੀਵੀਂ ਅਤੇ ਉਸ ਦੇ ਪਿਤਾ ਦਾ ਸੀ, ਇਸ ਲਈ ਉਨ੍ਹਾਂ ਨੇ ਉਨ੍ਹਾਂ ਦੋਹਾਂ ਨੂੰ ਫੂਕ ਸੁੱਟਿਆ। ਇਸ ਦਹਿਸ਼ਤ ਨੇ ਸਮਸੂਨ ਨੂੰ ਬਦਲਾ ਲੈਣ ਦਾ ਬਹਾਨਾ ਦਿੱਤਾ ਤੇ ਉਸ ਨੇ ਉਨ੍ਹਾਂ ਦਾ ਵੱਡਾ ਖ਼ੂਨ-ਖ਼ਰਾਬਾ ਕੀਤਾ।—ਨਿਆਈਆਂ 15:1-8.

ਕੀ ਇਸਰਾਏਲੀ ਸਮਝ ਗਏ ਸਨ ਕਿ ਯਹੋਵਾਹ ਪਰਮੇਸ਼ੁਰ ਨੇ ਹੀ ਸਮਸੂਨ ਨੂੰ ਉਨ੍ਹਾਂ ਦਾ ਆਗੂ ਚੁਣਿਆ ਸੀ ਅਤੇ ਉਹ ਉਸ ਦੇ ਜ਼ਰੀਏ ਫਲਿਸਤੀਆਂ ਨੂੰ ਹਰਾ ਰਿਹਾ ਸੀ? ਨਹੀਂ, ਉਹ ਨਹੀਂ ਸਮਝੇ ਤੇ ਨਾ ਹੀ ਉਨ੍ਹਾਂ ਨੇ ਮਿਲ ਕੇ ਸਮਸੂਨ ਨੂੰ ਸਹਾਰਾ ਦਿੱਤਾ। ਫਲਿਸਤੀਆਂ ਤੋਂ ਡਰ ਕੇ ਯਹੂਦਾਹ ਦੇ ਲੋਕਾਂ ਨੇ ਆਪਣੇ 3,000 ਆਦਮੀਆਂ ਨੂੰ ਸਮਸੂਨ ਨੂੰ ਪਕੜਨ ਲਈ ਭੇਜ ਦਿੱਤਾ ਅਤੇ ਉਨ੍ਹਾਂ ਨੇ ਉਸ ਨੂੰ ਉਸ ਦੇ ਦੁਸ਼ਮਣਾਂ ਦੇ ਹਵਾਲੇ ਕੀਤਾ। ਪਰ ਸਮਸੂਨ ਦੇ ਆਪਣੇ ਲੋਕਾਂ ਦੀ ਬੇਵਫ਼ਾਈ ਨੇ ਉਸ ਨੂੰ ਆਪਣੇ ਦੁਸ਼ਮਣਾਂ ਦਾ ਹੋਰ ਨੁਕਸਾਨ ਕਰਨ ਦਾ ਮੌਕਾ ਦਿੱਤਾ। ਫਲਿਸਤੀਆਂ ਦੇ ਹਵਾਲੇ ਹੋਣ ਤੋਂ ਪਹਿਲਾਂ, “ਯਹੋਵਾਹ ਦਾ ਆਤਮਾ ਡਾਢੇ ਜ਼ੋਰ ਨਾਲ ਉਹ ਦੇ ਉੱਤੇ ਆਇਆ ਅਤੇ ਓਹ ਰੱਸੇ ਜਿਨ੍ਹਾਂ ਨਾਲ ਉਹ ਦੀਆਂ ਬਾਹਾਂ ਬੰਨ੍ਹੀਆਂ ਸਨ ਅਜੇਹੇ ਹੋ ਗਏ ਜੇਹੇ ਅੱਗ ਨਾਲ ਸੜੇ ਹੋਏ ਸਨ ਅਤੇ ਉਹ ਦੇ ਹੱਥਾਂ ਦੇ ਬੰਧਨ ਖੁਲ੍ਹ ਗਏ।” ਫਿਰ ਉਸ ਨੇ ਇਕ ਖੋਤੇ ਦੇ ਜਬਾੜ੍ਹੇ ਦੀ ਹੱਡੀ ਨਾਲ 1,000 ਫਲਿਸਤੀਆਂ ਨੂੰ ਮੌਤ ਦੇ ਘਾਟ ਉਤਾਰਿਆ।—ਨਿਆਈਆਂ 15:10-15.

ਯਹੋਵਾਹ ਨੂੰ ਬੇਨਤੀ ਕਰ ਕੇ ਸਮਸੂਨ ਨੇ ਕਿਹਾ: “ਤੈਂ ਆਪਣੇ ਸੇਵਕ ਦੇ ਹੱਥੀਂ ਇੱਕ ਵੱਡਾ ਬਚਾਓ ਬਖਸ਼ਿਆ ਅਤੇ ਹੁਣ ਭਲਾ, ਮੈਂ ਤੇਹ ਨਾਲ ਮਰ ਕੇ ਅਸੁੰਨਤੀਆਂ ਦੇ ਹੱਥਾਂ ਵਿੱਚ ਪਵਾਂ?” ਯਹੋਵਾਹ ਨੇ ਉਸ ਦੀ ਪ੍ਰਾਰਥਨਾ ਸੁਣ ਲਈ ਅਤੇ “ਪਰਮੇਸ਼ੁਰ ਨੇ . . . ਇੱਕ ਟੋਆ ਪੁੱਟਿਆ ਅਰ ਉੱਥੋਂ ਪਾਣੀ ਨਿੱਕਲਿਆ ਅਤੇ ਜਾਂ ਉਹ ਨੇ ਪੀਤਾ ਤਾਂ ਉਹ ਦੀ ਜਾਨ ਵਿੱਚ ਫੇਰ ਜਾਨ ਆਈ।”—ਨਿਆਈਆਂ 15:18, 19.

ਸਮਸੂਨ ਪੂਰੀ ਤਰ੍ਹਾਂ ਜਾਣਦਾ ਸੀ ਕਿ ਉਸ ਨੇ ਆਪਣੀ ਜ਼ਿੰਦਗੀ ਵਿਚ ਕੀ ਕਰਨਾ ਸੀ ਯਾਨੀ ਫਲਿਸਤੀਆਂ ਨਾਲ ਲੜਾਈ। ਇਸੇ ਉਦੇਸ਼ ਨਾਲ ਉਹ ਅੱਜ਼ਾਹ ਸ਼ਹਿਰ ਵਿਚ ਇਕ ਵੇਸਵਾ ਦੇ ਘਰ ਗਿਆ ਵਿਭਚਾਰ ਕਰਨ ਲਈ ਨਹੀਂ ਪਰ ਰਾਤ ਗੁਜ਼ਾਰਨ ਲਈ। ਇਹ ਦੁਸ਼ਮਣਾਂ ਦਾ ਸ਼ਹਿਰ ਸੀ ਤੇ ਸਮਸੂਨ ਨੂੰ ਰਹਿਣ ਲਈ ਕੋਈ ਥਾਂ-ਟਿਕਾਣਾ ਚਾਹੀਦਾ ਸੀ। ਉਹ ਅੱਧੀ ਰਾਤ ਉੱਠ ਕੇ ਸ਼ਹਿਰ ਦਾ ਫਾਟਕ ਅਤੇ ਉਸ ਦੀਆਂ ਦੋਹਾਂ ਚੁਗਾਠਾਂ ਨੂੰ ਚੁੱਕ ਕੇ ਤਕਰੀਬਨ 60 ਕਿਲੋਮੀਟਰ ਦੂਰ ਹਬਰੋਨ ਦੇ ਲਾਗੇ ਇਕ ਪਹਾੜ ਦੀ ਚੋਟੀ ਉੱਤੇ ਲੈ ਗਿਆ। ਇਹ ਸਭ ਕੁਝ ਉਸ ਨੇ ਪਰਮੇਸ਼ੁਰ ਤੋਂ ਮਿਲੀ ਤਾਕਤ ਅਤੇ ਉਸ ਦੀ ਮਿਹਰ ਨਾਲ ਕੀਤਾ ਸੀ।—ਨਿਆਈਆਂ 16:1-3.

ਉਸ ਸਮੇਂ ਦੇ ਹਾਲਾਤ ਸਾਧਾਰਣ ਨਹੀਂ ਸਨ, ਇਸ ਲਈ ਪਵਿੱਤਰ ਆਤਮਾ ਨੇ ਅਸਾਧਾਰਣ ਤਰੀਕੇ ਨਾਲ ਸਮਸੂਨ ਦੀ ਮਦਦ ਕੀਤੀ ਸੀ। ਅੱਜ ਪਰਮੇਸ਼ੁਰ ਦੇ ਵਫ਼ਾਦਾਰ ਸੇਵਕ ਵੀ ਪਰਮੇਸ਼ੁਰ ਤੇ ਭਰੋਸਾ ਰੱਖ ਸਕਦੇ ਹਨ ਕਿ ਉਹ ਆਪਣੀ ਆਤਮਾ ਨਾਲ ਉਨ੍ਹਾਂ ਦੀ ਸਹਾਇਤਾ ਕਰੇਗਾ। ਯਿਸੂ ਨੇ ਆਪਣੇ ਚੇਲਿਆਂ ਨੂੰ ਯਕੀਨ ਦਿਲਾਇਆ ਸੀ ਕਿ ਯਹੋਵਾਹ “ਆਪਣੇ ਮੰਗਣ ਵਾਲਿਆਂ ਨੂੰ ਪਵਿੱਤ੍ਰ ਆਤਮਾ ਦੇਵੇਗਾ!”—ਲੂਕਾ 11:13.

ਯਹੋਵਾਹ ਸਮਸੂਨ ਕੋਲੋਂ  ਅੱਡ ਕਿਉਂ ਹੋਇਆ ਸੀ?

ਫਿਰ ਸਮਾਂ ਆਇਆ ਜਦ ਸਮਸੂਨ ਨੂੰ ਦਲੀਲਾਹ ਨਾਂ ਦੀ ਔਰਤ ਨਾਲ ਪਿਆਰ ਹੋ ਗਿਆ। ਫਲਿਸਤੀਆਂ ਦੇ ਪੰਜ ਸਰਦਾਰਾਂ ਨੇ ਦਲੀਲਾਹ ਕੋਲੋਂ ਸਮਸੂਨ ਨੂੰ ਖ਼ਤਮ ਕਰਨ ਲਈ ਮਦਦ ਮੰਗੀ। ਉਨ੍ਹਾਂ ਨੇ ਉਸ ਨੂੰ ਕਿਹਾ: “ਤੂੰ ਉਹ ਨੂੰ ਫੁਲਾਹੁਣੀਆਂ ਦੇ ਕੇ ਮਲੂਮ ਕਰ ਜੋ ਇਹ ਡਾਢੀ ਸ਼ਕਤੀ ਉਹ ਦੀ ਕਿੱਥੋਂ ਹੈ ਅਤੇ ਅਸੀਂ ਉਹ ਨੂੰ ਕਿੱਕਰ ਵੱਸ ਕਰੀਏ।” ਰਿਸ਼ਵਤ ਵਿਚ ਹਰੇਕ ਸਰਦਾਰ ਨੇ ਉਸ ਨੂੰ “ਗਿਆਰਾਂ ਸੌ ਰੁਪਿਆ” ਦੇਣ ਦਾ ਵਾਅਦਾ ਕੀਤਾ।—ਨਿਆਈਆਂ 16:4, 5.

ਜੇ ਇਹ ਰੁਪਏ ਚਾਂਦੀ ਦੇ ਸਨ, ਤਾਂ 5,500 ਦੀ ਰਕਮ ਇਕ ਵੱਡੀ ਰਿਸ਼ਵਤ ਸੀ। ਮਿਸਾਲ ਲਈ, ਅਬਰਾਹਾਮ ਨੇ ਆਪਣੀ ਪਤਨੀ ਨੂੰ ਦਫ਼ਨਾਉਣ ਲਈ 400 ਚਾਂਦੀ ਦੇ ਰੁਪਏ ਨਾਲ ਜ਼ਮੀਨ ਖ਼ਰੀਦੀ ਸੀ ਅਤੇ ਉਸ ਸਮੇਂ ਇਕ ਗੋੱਲੇ-ਗੋੱਲੀ ਦਾ ਭਾਅ ਚਾਂਦੀ ਦੇ 30 ਰੁਪਏ ਸੀ। (ਉਤਪਤ 23:14-20; ਕੂਚ 21:32) ਇਹ ਸਰਦਾਰ ਫਲਿਸਤ ਦੇ ਪੰਜ ਸ਼ਹਿਰਾਂ ਦੇ ਆਗੂ ਸਨ। ਉਨ੍ਹਾਂ ਨੇ ਦਲੀਲਾਹ ਨੂੰ ਇਹ ਨਹੀਂ ਕਿਹਾ ਕਿ ਉਹ ਆਪਣੇ ਲੋਕਾਂ ਦੀ ਮਦਦ ਕਰੇ, ਪਰ ਉਸ ਨੂੰ ਵੱਢੀ ਦਾ ਲਾਲਚ ਦਿੱਤਾ। ਇਸ ਤੋਂ ਪਤਾ ਲੱਗਦਾ ਹੈ ਕਿ ਦਲੀਲਾਹ ਇਕ ਇਸਰਾਏਲੀ ਔਰਤ ਸੀ। ਉਹ ਉਨ੍ਹਾਂ ਦੀ ਮਦਦ ਕਰਨ ਲਈ ਰਾਜ਼ੀ ਹੋ ਗਈ।

ਤਿੰਨ ਵਾਰ ਸਮਸੂਨ ਨੇ ਦਲੀਲਾਹ ਦੀ ਪੁੱਛ-ਗਿੱਛ ਨੂੰ ਗ਼ਲਤ ਪਾਸੇ ਲਾਉਣ ਦੀ ਕੋਸ਼ਿਸ਼ ਕੀਤੀ ਅਤੇ ਤਿੰਨ ਵਾਰ ਦਲੀਲਾਹ ਨੇ ਉਸ ਨੂੰ ਉਸ ਦੇ ਦੁਸ਼ਮਣਾਂ ਦੇ ਹਵਾਲੇ ਕਰਨ ਦੀ ਕੋਸ਼ਿਸ਼ ਕੀਤੀ। ਪਰ ਦਲੀਲਾਹ ਨੇ “ਗੱਲਾਂ ਨਾਲ ਦਿਨੋਂ ਦਿਨ ਉਹ ਨੂੰ ਔਖ ਦਿੱਤਾ ਅਤੇ ਵੱਡਾ ਹਠ ਬੰਨ੍ਹਿਆ ਅਜਿਹਾ ਜੋ ਉਹ ਦੇ ਪ੍ਰਾਣ ਮੌਤ ਮੰਗਦੇ ਸਨ।” ਆਖ਼ਰਕਾਰ ਸਮਸੂਨ ਨੇ ਭੇਤ ਖੋਲ੍ਹ ਹੀ ਦਿੱਤਾ ਅਤੇ ਉਸ ਨੂੰ ਦੱਸਿਆ ਕਿ ਬਚਪਨ ਤੋਂ ਹੀ ਉਸ ਦੇ ਕੇਸ ਕਦੇ ਨਹੀਂ ਕੱਟੇ ਗਏ, ਪਰ ਜੇ ਕੱਟੇ ਜਾਣ, ਤਾਂ ਉਹ ਬਾਕੀ ਦੇ ਇਨਸਾਨਾਂ ਵਾਂਗ ਕਮਜ਼ੋਰ ਹੋ ਜਾਵੇਗਾ।—ਨਿਆਈਆਂ 16:6-17.

ਇਹ ਸੀ ਸਮਸੂਨ ਦੀ ਬਰਬਾਦੀ ਦਾ ਕਾਰਨ। ਦਲੀਲਾਹ ਨੇ ਉਸ ਦਾ ਸਿਰ ਆਪਣੀ ਗੋਦ ਵਿਚ ਰੱਖ ਕੇ ਸੁੱਤੇ ਪਏ ਸਮਸੂਨ ਦਾ ਸਿਰ ਮੁੰਨਵਾ ਦਿੱਤਾ। ਪਰ ਸਮਸੂਨ ਦੀ ਤਾਕਤ ਅਸਲ ਵਿਚ ਉਸ ਦੇ ਵਾਲਾਂ ਵਿਚ ਨਹੀਂ ਸੀ। ਨਜ਼ੀਰ ਹੋਣ ਦੇ ਨਾਤੇ ਉਸ ਦੇ ਵਾਲ ਪਰਮੇਸ਼ੁਰ ਨਾਲ ਉਸ ਦੇ ਰਿਸ਼ਤੇ ਦੀ ਸਿਰਫ਼ ਇਕ ਨਿਸ਼ਾਨੀ ਸਨ। ਜਦ ਉਸ ਨੇ ਆਪਣੇ ਆਪ ਨੂੰ ਅਜਿਹੀ ਹਾਲਤ ਵਿਚ ਪੈ ਲੈਣ ਦਿੱਤਾ ਕਿ ਉਸ ਦੇ ਵਾਲ ਮੁੰਨੇ ਗਏ, ਤਾਂ “ਯਹੋਵਾਹ ਉਸ ਕੋਲੋਂ ਅੱਡ ਹੋ ਗਿਆ।” ਫਲਿਸਤੀਆਂ ਨੇ ਉਸ ਨੂੰ ਫੜ ਲਿਆ ਅਤੇ ਉਸ ਨੂੰ ਅੰਨ੍ਹਾ ਕਰ ਕੇ ਕੈਦ ਵਿਚ ਸੁੱਟ ਦਿੱਤਾ।—ਨਿਆਈਆਂ 16:18-21.

ਇਸ ਤੋਂ ਅਸੀਂ ਕਿੰਨਾ ਜ਼ਰੂਰੀ ਸਬਕ ਸਿੱਖਦੇ ਹਾਂ! ਕੀ ਸਾਨੂੰ ਯਹੋਵਾਹ ਨਾਲ ਆਪਣੇ ਰਿਸ਼ਤੇ ਦੀ ਕਦਰ ਨਹੀਂ ਕਰਨੀ ਚਾਹੀਦੀ? ਜੇ ਅਸੀਂ ਆਪਣੇ ਆਪ ਨੂੰ ਅਜਿਹੀ ਹਾਲਤ ਵਿਚ ਪੈ ਲੈਣ ਦੇਈਏ ਕਿ ਸਾਨੂੰ ਆਪਣੇ ਵਾਅਦੇ ਤੋਂ ਮੁਕਰਨਾ ਪਵੇ, ਤਾਂ ਕੀ ਅਸੀਂ ਯਹੋਵਾਹ ਤੋਂ ਮਦਦ ਦੀ ਆਸ ਰੱਖ ਸਕਦੇ ਹਾਂ?

“ਮੇਰੇ ਪ੍ਰਾਣ ਭੀ  ਫਲਿਸਤੀਆਂ ਦੇ ਨਾਲ ਹੀ ਜਾਣ”

ਸਮਸੂਨ ਜਾਣਦਾ ਸੀ ਕਿ ਅਸਲ ਵਿਚ ਉਸ ਦੀ ਬਰਬਾਦੀ ਕਿਉਂ ਹੋਈ ਸੀ। ਉਹ ਜਾਣਦਾ ਸੀ ਕਿ ਯਹੋਵਾਹ ਨੇ ਉਸ ਦਾ ਸਾਥ ਕਿਉਂ ਛੱਡਿਆ ਸੀ, ਇਸ ਲਈ ਉਸ ਨੇ ਆਪਣੀ ਗ਼ਲਤੀ ਤੋਂ ਤੋਬਾ ਕੀਤੀ। ਸਮੇਂ ਦੇ ਬੀਤਣ ਨਾਲ ਕੈਦਖ਼ਾਨੇ ਵਿਚ ਉਸ ਦੇ ਕੇਸ ਫਿਰ ਤੋਂ ਵਧਣ ਲੱਗ ਪਏ ਸਨ। ਇਕ ਦਿਨ ਫਲਿਸਤੀਆਂ ਨੇ ਆਪਣੇ ਦੇਵਤੇ ਦਾਗੋਨ ਅੱਗੇ ਬਲੀਆਂ ਚੜ੍ਹਾਈਆਂ ਕਿ ਸਮਸੂਨ ਹਰਾਇਆ ਗਿਆ। ਜਿੱਤ ਦੇ ਜਸ਼ਨ ਦੌਰਾਨ ਉਹ ਸਮਸੂਨ ਨੂੰ ਵੀ ਦਾਗੋਨ ਦੇ ਮੰਦਰ ਵਿਚ ਲੈ ਆਏ। ਹੁਣ ਹਜ਼ਾਰਾਂ ਫਲਿਸਤੀਆਂ ਸਾਮ੍ਹਣੇ ਉਹ ਕੀ ਕਰ ਸਕਦਾ ਸੀ?

ਉਸ ਨੇ ਪ੍ਰਾਰਥਨਾ ਕੀਤੀ: “ਹੇ ਪ੍ਰਭੁ ਯਹੋਵਾਹ, ਮੈਂ ਤੇਰੇ ਅੱਗੇ ਤਰਲੇ ਕਰਦਾ ਹਾਂ ਜੋ ਮੈਨੂੰ ਚੇਤੇ ਕਰ ਅਤੇ ਐਤਕੀ ਦੀ ਵਾਰੀ ਮੈਨੂੰ ਜ਼ੋਰ ਦੇਹ, ਹੇ ਪਰਮੇਸ਼ੁਰ, ਜੋ ਫਲਿਸਤੀਆਂ ਤੋਂ ਮੈਂ ਇੱਕੋ ਵਾਰ ਆਪਣੀਆਂ ਦੋਂਹ ਅੱਖਾਂ ਦਾ ਵੱਟਾ ਲੈ ਲਵਾਂ!” ਫਿਰ ਮੰਦਰ ਦੇ ਵਿੱਚਕਾਰਲੇ ਦੋਹਾਂ ਥੰਮ੍ਹਾਂ ਨੂੰ ਫੜ ਕੇ ਉਹ “ਆਪਣਾ ਸਾਰਾ ਜ਼ੋਰ ਲਾ ਕੇ ਨਿਵਿਆ ਅਤੇ ਉਹ ਘਰ ਉਨ੍ਹਾਂ ਸਰਦਾਰਾਂ ਅਤੇ ਉਨ੍ਹਾਂ ਸਭਨਾਂ ਲੋਕਾਂ ਦੇ ਉੱਤੇ ਜੋ ਉਹ ਦੇ ਵਿੱਚ ਸਨ ਡਿੱਗ ਪਿਆ ਸੋ ਓਹ ਮੁਰਦੇ ਜਿਨ੍ਹਾਂ ਨੂੰ ਉਹ ਨੇ ਆਪਣੇ ਮਰਨ ਦੇ ਵੇਲੇ ਮਾਰਿਆ ਉਨ੍ਹਾਂ ਨਾਲੋਂ ਜਿਨ੍ਹਾਂ ਨੂੰ ਆਪਣੇ ਜੀਉਂਦਿਆਂ ਵੱਢਿਆ ਸੀ ਵਧੀਕ ਸਨ।”—ਨਿਆਈਆਂ 16:22-30.

ਸਮਸੂਨ ਦੁਨੀਆਂ ਦਾ ਸਭ ਤੋਂ ਤਕੜਾ ਆਦਮੀ ਸੀ। ਉਸ ਦੀਆਂ ਕਰਨੀਆਂ ਲਾਜਵਾਬ ਸਨ। ਪਰ ਉਸ ਦੇ ਹੱਕ ਵਿਚ ਸਭ ਤੋਂ ਵੱਡੀ ਗੱਲ ਹੈ ਕਿ ਯਹੋਵਾਹ ਦੇ ਬਚਨ ਵਿਚ ਉਸ ਨੂੰ ਨਿਹਚਾ ਕਰਨ ਵਾਲਿਆਂ ਵਿਚ ਗਿਣਿਆ ਗਿਆ ਹੈ।—ਇਬਰਾਨੀਆਂ 11:32-34.

[ਸਫ਼ੇ 26 ਉੱਤੇ ਤਸਵੀਰ]

ਸਮਸੂਨ ਦੀ ਤਾਕਤ ਦਾ ਰਾਜ਼ ਕੀ ਸੀ?