Skip to content

Skip to table of contents

ਆਸਟ੍ਰੇਲੀਆ ਦੇ “ਆਊਟਬੈਕ” ਇਲਾਕੇ ਵਿਚ ਨੇਕਦਿਲ ਲੋਕਾਂ ਦੀ ਤਲਾਸ਼

ਆਸਟ੍ਰੇਲੀਆ ਦੇ “ਆਊਟਬੈਕ” ਇਲਾਕੇ ਵਿਚ ਨੇਕਦਿਲ ਲੋਕਾਂ ਦੀ ਤਲਾਸ਼

ਰਾਜ ਘੋਸ਼ਕ ਰਿਪੋਰਟ ਕਰਦੇ ਹਨ

ਆਸਟ੍ਰੇਲੀਆ ਦੇ “ਆਊਟਬੈਕ” ਇਲਾਕੇ ਵਿਚ ਨੇਕਦਿਲ ਲੋਕਾਂ ਦੀ ਤਲਾਸ਼

ਆਸਟ੍ਰੇਲੀਆ ਦੇ ਬਹੁਤ ਵੱਡੇ ਅੰਦਰੂਨੀ ਇਲਾਕੇ ਨੂੰ ਲੋਕ ਪਿਆਰ ਨਾਲ ਆਊਟਬੈਕ ਕਹਿੰਦੇ ਹਨ। ਇਸ ਦੂਰ-ਦੁਰਾਡੇ ਇਲਾਕੇ ਦੇ ਕੁਝ ਹਿੱਸਿਆਂ ਵਿਚ 12 ਸਾਲ ਪ੍ਰਚਾਰ ਨਹੀਂ ਕੀਤਾ ਗਿਆ ਸੀ। ਇਸ ਲਈ ਆਸਟ੍ਰੇਲੀਆ ਦੇ ਉੱਤਰੀ ਪ੍ਰਦੇਸ ਦੀ ਰਾਜਧਾਨੀ ਡਾਰਵਿਨ ਵਿਚ ਯਹੋਵਾਹ ਦੇ ਗਵਾਹਾਂ ਨੇ ਨੇਕਦਿਲ ਲੋਕਾਂ ਨੂੰ ਲੱਭਣ ਲਈ ਇਸ ਇਲਾਕੇ ਵਿਚ ਨੌਂ ਦਿਨਾਂ ਦੀ ਇਕ ਪ੍ਰਚਾਰ ਮੁਹਿੰਮ ਚਲਾਉਣ ਦੀ ਯੋਜਨਾ ਬਣਾਈ।—ਮੱਤੀ 10:11.

ਇਸ ਮੁਹਿੰਮ ਦੀ ਯੋਜਨਾ ਬਣਾਉਣ ਵਿਚ 12 ਮਹੀਨੇ ਲੱਗੇ। ਭਰਾਵਾਂ ਨੇ ਆਊਟਬੈਕ ਦੇ 8,00,000 ਵਰਗ ਕਿਲੋਮੀਟਰ ਇਲਾਕੇ ਦਾ ਨਕਸ਼ਾ ਬਣਾਇਆ ਜੋ ਕਿ ਨਿਊਜ਼ੀਲੈਂਡ ਦੇ ਖੇਤਰ ਤੋਂ ਤਿੰਨ ਗੁਣਾ ਵੱਡਾ ਹੈ। ਇਹ ਇਲਾਕਾ ਕਿੰਨਾ ਵੱਡਾ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇਕ ਪਸ਼ੂ ਪਾਲਣ ਫਾਰਮ ਦੇ ਬਾਹਰਲੇ ਗੇਟ ਤੋਂ ਘਰ ਤਕ ਦਾ ਰਸਤਾ 30 ਕਿਲੋਮੀਟਰ ਹੈ। ਇਸ ਤੋਂ ਇਲਾਵਾ ਕੁਝ ਫਾਰਮਾਂ ਵਿਚ ਦੂਰੀ 300 ਕਿਲੋਮੀਟਰ ਜਾਂ ਇਸ ਤੋਂ ਜ਼ਿਆਦਾ ਹੈ।

ਕੁੱਲ 145 ਗਵਾਹਾਂ ਨੇ ਇਸ ਪ੍ਰਚਾਰ ਮੁਹਿੰਮ ਵਿਚ ਹਿੱਸਾ ਲਿਆ। ਦੂਰੋਂ-ਦੂਰੋਂ ਪ੍ਰਕਾਸ਼ਕ ਇਸ ਮੁਹਿੰਮ ਵਿਚ ਹਿੱਸਾ ਲੈਣ ਆਏ, ਕੁਝ ਤਾਂ ਤਸਮਾਨੀਆ ਤੋਂ ਵੀ ਆਏ। ਕਈ ਆਪਣੀਆਂ ਫੋਰ-ਵੀਲ੍ਹ ਡਰਾਈਵ ਗੱਡੀਆਂ ਵਿਚ ਆਏ ਤੇ ਨਾਲ ਤੰਬੂ ਲਾਉਣ ਦਾ ਸਾਮਾਨ, ਸਪੇਅਰ ਪਾਰਟਸ ਤੇ ਪੈਟਰੋਲ ਲੈ ਕੇ ਆਏ। ਕਈ ਆਪਣਾ ਸਾਮਾਨ ਟ੍ਰੇਲਰਾਂ ਵਿਚ ਲੈ ਕੇ ਆਏ। ਇਸ ਤੋਂ ਇਲਾਵਾ, ਜਿਨ੍ਹਾਂ ਕੋਲ ਫੋਰ-ਵੀਲ੍ਹ ਡਰਾਈਵ ਗੱਡੀਆਂ ਨਹੀਂ ਸਨ, ਉਨ੍ਹਾਂ ਲਈ ਦੋ 22 ਸੀਟਾਂ ਵਾਲੀਆਂ ਬੱਸਾਂ ਵੀ ਕਿਰਾਏ ਤੇ ਲਈਆਂ ਗਈਆਂ। ਜਿਹੜੇ ਗਵਾਹ ਬੱਸਾਂ ਵਿਚ ਗਏ, ਉਨ੍ਹਾਂ ਨੇ ਜ਼ਿਆਦਾ ਕਰਕੇ ਉਸ ਇਲਾਕੇ ਦੇ ਛੋਟੇ-ਛੋਟੇ ਕਸਬਿਆਂ ਵਿਚ ਪ੍ਰਚਾਰ ਕੀਤਾ।

ਪ੍ਰਚਾਰ ਤੇ ਜਾਣ ਤੋਂ ਪਹਿਲਾਂ, ਭਰਾਵਾਂ ਨੇ ਇਸ ਅਨੋਖੇ ਇਲਾਕੇ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲਈ ਹਿਦਾਇਤਾਂ ਦੇਣ ਵਾਸਤੇ ਭਾਸ਼ਣਾਂ ਤੇ ਪ੍ਰਦਰਸ਼ਨਾਂ ਦਾ ਪ੍ਰਬੰਧ ਕੀਤਾ। ਉਦਾਹਰਣ ਲਈ, ਇਸ ਇਲਾਕੇ ਦੇ ਆਦਿਵਾਸੀਆਂ ਨੂੰ ਅਸਰਦਾਰ ਤਰੀਕੇ ਨਾਲ ਪ੍ਰਚਾਰ ਕਰਨ ਲਈ ਆਦਿਵਾਸੀਆਂ ਦੇ ਕੁਝ ਤੌਰ-ਤਰੀਕਿਆਂ ਤੇ ਰਿਵਾਜਾਂ ਨੂੰ ਜਾਣਨਾ ਤੇ ਉਨ੍ਹਾਂ ਨੂੰ ਮੰਨਣਾ ਜ਼ਰੂਰੀ ਹੈ। ਇਸ ਗੱਲ ਤੇ ਵੀ ਚਰਚਾ ਕੀਤੀ ਗਈ ਕਿ ਇਸ ਮੁਹਿੰਮ ਦਾ ਉਸ ਇਲਾਕੇ ਦੇ ਵਾਤਾਵਰਣ ਤੇ ਜੰਗਲੀ ਜਾਨਵਰਾਂ ਉੱਤੇ ਮਾੜਾ ਅਸਰ ਨਾ ਪਵੇ।

ਗਵਾਹਾਂ ਨੂੰ ਕਈ ਵਧੀਆ ਤਜਰਬੇ ਹੋਏ। ਉਦਾਹਰਣ ਲਈ, ਇਕ ਆਦਿਵਾਸੀ ਪਿੰਡ ਵਿਚ ਭਰਾਵਾਂ ਨੇ ਇਕ ਬਾਈਬਲ-ਆਧਾਰਿਤ ਪਬਲਿਕ ਭਾਸ਼ਣ ਦੇਣ ਦਾ ਪ੍ਰਬੰਧ ਕੀਤਾ। ਪਿੰਡ ਦੀ ਸਰਪੰਚਣੀ ਨੇ ਆਪ ਘਰੋਂ-ਘਰੀਂ ਜਾ ਕੇ ਲੋਕਾਂ ਨੂੰ ਇਹ ਭਾਸ਼ਣ ਸੁਣਨ ਦਾ ਸੱਦਾ ਦਿੱਤਾ। ਭਾਸ਼ਣ ਸੁਣਨ ਆਏ ਲੋਕਾਂ ਨੂੰ ਬਾਅਦ ਵਿਚ 5 ਕਿਤਾਬਾਂ ਅਤੇ 41 ਬਰੋਸ਼ਰ ਦਿੱਤੇ ਗਏ। ਇਕ ਹੋਰ ਪਿੰਡ ਵਿਚ ਗਵਾਹਾਂ ਨੂੰ ਇਕ ਆਦਿਵਾਸੀ ਮਿਲਿਆ ਜਿਸ ਕੋਲ ਇਕ ਫਟੀ-ਪੁਰਾਣੀ ਕਿੰਗ ਜੇਮਜ਼ ਵਰਯਨ ਬਾਈਬਲ ਸੀ। ਜਦੋਂ ਉਸ ਤੋਂ ਪਰਮੇਸ਼ੁਰ ਦਾ ਨਾਂ ਪੁੱਛਿਆ ਗਿਆ, ਤਾਂ ਉਸ ਨੇ ਆਪਣੀ ਜੈਕਟ ਵਿੱਚੋਂ ਇਕ ਪੁਰਾਣਾ ਪਹਿਰਾਬੁਰਜ ਕੱਢਿਆ। ਉਸ ਨੇ ਉਸ ਰਸਾਲੇ ਵਿੱਚੋਂ ਪੜ੍ਹਿਆ ਜਿਸ ਵਿਚ ਮਰਕੁਸ 12:30 ਦਾ ਹਵਾਲਾ ਦਿੱਤਾ ਗਿਆ ਸੀ: “ਤੂੰ ਪ੍ਰਭੁ ਆਪਣੇ ਪਰਮੇਸ਼ੁਰ [“ਯਹੋਵਾਹ,” NW ] ਨੂੰ ਆਪਣੇ ਸਾਰੇ ਦਿਲ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ ਅਤੇ ਆਪਣੀ ਸਾਰੀ ਸ਼ਕਤੀ ਨਾਲ ਪਿਆਰ ਕਰ।” ਫਿਰ ਉਸ ਨੇ ਕਿਹਾ, “ਮੈਨੂੰ ਇਹ ਆਇਤ ਬਹੁਤ ਚੰਗੀ ਲੱਗਦੀ ਹੈ।” ਬਾਈਬਲ ਉੱਤੇ ਕਾਫ਼ੀ ਚਰਚਾ ਕਰਨ ਤੋਂ ਬਾਅਦ ਉਸ ਨੇ ਇਕ ਨਵੀਂ ਬਾਈਬਲ ਅਤੇ ਹੋਰ ਸਾਹਿੱਤ ਲਿਆ।

ਕਾਰਪੇਂਟੇਰੀਆ ਦੀ ਖਾੜੀ ਦੇ ਨੇੜੇ ਦਸ ਲੱਖ ਏਕੜ ਵਿਚ ਫੈਲੇ ਇਕ ਫਾਰਮ ਦੇ ਮਾਲਕ ਨੇ ਪਰਮੇਸ਼ੁਰ ਦੇ ਰਾਜ ਦੇ ਸੰਦੇਸ਼ ਵਿਚ ਕੁਝ ਦਿਲਚਸਪੀ ਦਿਖਾਈ। ਜਦੋਂ ਉਸ ਨੂੰ ਬਾਈਬਲ ਕਹਾਣੀਆਂ ਦੀ ਮੇਰੀ ਕਿਤਾਬ ਅਤੇ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ * ਦਿਖਾਈ ਗਈ, ਤਾਂ ਉਸ ਨੇ ਕ੍ਰੀਓਲ ਭਾਸ਼ਾ ਵਿਚ ਸਾਹਿੱਤ ਮੰਗਿਆ। ਇਹ ਹੈਰਾਨੀ ਦੀ ਗੱਲ ਸੀ ਕਿਉਂਕਿ ਭਾਵੇਂ ਬਹੁਤ ਸਾਰੇ ਆਦਿਵਾਸੀ ਕ੍ਰੀਓਲ ਬੋਲਦੇ ਹਨ, ਪਰ ਘੱਟ ਲੋਕ ਹੀ ਇਹ ਭਾਸ਼ਾ ਪੜ੍ਹ ਸਕਦੇ ਹਨ। ਗਵਾਹਾਂ ਨੂੰ ਪਤਾ ਲੱਗਾ ਕਿ ਉਸ ਫਾਰਮ ਤੇ ਕੰਮ ਕਰਨ ਵਾਲੇ ਸਾਰੇ 50 ਵਿਅਕਤੀ ਕ੍ਰੀਓਲ ਪੜ੍ਹ ਸਕਦੇ ਹਨ। ਨਿਗਰਾਨ ਨੇ ਖ਼ੁਸ਼ੀ-ਖ਼ੁਸ਼ੀ ਕ੍ਰੀਓਲ ਵਿਚ ਬਾਈਬਲ ਸਾਹਿੱਤ ਸਵੀਕਾਰ ਕੀਤਾ ਅਤੇ ਉਸ ਨੇ ਆਪਣਾ ਟੈਲੀਫ਼ੋਨ ਨੰਬਰ ਦਿੱਤਾ ਤਾਂਕਿ ਉਸ ਨਾਲ ਸੰਪਰਕ ਕੀਤਾ ਜਾ ਸਕੇ।

ਨੌਂ ਦਿਨਾਂ ਦੀ ਇਸ ਪ੍ਰਚਾਰ ਮੁਹਿੰਮ ਦੌਰਾਨ ਕੁੱਲ 120 ਬਾਈਬਲਾਂ, 770 ਕਿਤਾਬਾਂ, 705 ਰਸਾਲੇ ਅਤੇ 1,965 ਬਰੋਸ਼ਰ ਵੰਡੇ ਗਏ। ਇਸ ਤੋਂ ਇਲਾਵਾ, 720 ਪੁਨਰ-ਮੁਲਾਕਾਤਾਂ ਕੀਤੀਆਂ ਗਈਆਂ ਤੇ 215 ਬਾਈਬਲ ਸਟੱਡੀਆਂ ਸ਼ੁਰੂ ਕੀਤੀਆਂ ਗਈਆਂ।

ਜੀ ਹਾਂ, ਇਸ ਵਿਸ਼ਾਲ ਖੇਤਰ ਵਿਚ ਰਹਿੰਦੇ ਅਨੇਕਾਂ ਨੇਕਦਿਲ ਲੋਕਾਂ ਦੀ ਅਧਿਆਤਮਿਕ ਭੁੱਖ ਸ਼ਾਂਤ ਕੀਤੀ ਗਈ।—ਮੱਤੀ 5:6.

[ਫੁਟਨੋਟ]

^ ਪੈਰਾ 8 ਇਹ ਕਿਤਾਬਾਂ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀਆਂ ਗਈਆਂ ਹਨ।

[ਸਫ਼ੇ 30 ਉੱਤੇ ਨਕਸ਼ਾ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਆਸਟ੍ਰੇਲੀਆ

ਉੱਤਰੀ ਪ੍ਰਦੇਸ

ਡਾਰਵਿਨ

ਕਾਰਪੇਂਟੇਰੀਆ ਦੀ ਖਾੜੀ

ਸਿਡਨੀ

ਤਸਮਾਨੀਆ