Skip to content

Skip to table of contents

ਮਾਪਿਓ, ਆਪਣੇ ਅਨਮੋਲ ਹੀਰਿਆਂ ਦੀ ਰਾਖੀ ਕਰੋ

ਮਾਪਿਓ, ਆਪਣੇ ਅਨਮੋਲ ਹੀਰਿਆਂ ਦੀ ਰਾਖੀ ਕਰੋ

ਮਾਪਿਓ, ਆਪਣੇ ਅਨਮੋਲ ਹੀਰਿਆਂ ਦੀ ਰਾਖੀ ਕਰੋ

“ਬੁੱਧ ਦਾ ਸਾਯਾ ਧਨ ਦੇ ਸਾਯੇ ਵਰਗਾ ਹੈ, ਪਰ . . . ਬੁੱਧ ਆਪਣੇ ਰੱਖਦਿਆਂ ਦੀ ਜਾਨ ਦੀ ਰਾਖੀ ਕਰਦੀ ਹੈ।”—ਉਪਦੇਸ਼ਕ ਦੀ ਪੋਥੀ 7:12.

1. ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਇਕ ਦਾਤ ਕਿਉਂ ਸਮਝਣਾ ਚਾਹੀਦਾ ਹੈ?

ਇਕ ਨਵਾਂ ਜੰਮਿਆ ਬੱਚਾ ਦੇਖਣ ਨੂੰ ਅਤੇ ਆਪਣੇ ਸੁਭਾਅ ਵਿਚ ਆਪਣੇ ਮਾਪਿਆਂ ਵਰਗਾ ਹੁੰਦਾ ਹੈ। ਭਾਵੇਂ ਮਾਪਿਆਂ ਨੇ ਇਸ ਨੰਨ੍ਹੀ ਜਾਨ ਨੂੰ ਪੈਦਾ ਕੀਤਾ ਹੈ, ਪਰ ਇਸ ਦਾ ਅਸਲੀ ਜਨਮਦਾਤਾ ਯਹੋਵਾਹ ਹੀ ਹੈ। (ਜ਼ਬੂਰਾਂ ਦੀ ਪੋਥੀ 36:9) ਬਾਈਬਲ ਵਿਚ ਨਿਆਣਿਆਂ ਨੂੰ “ਪ੍ਰਭੂ ਦਾ ਵਰਦਾਨ” ਸੱਦਿਆ ਗਿਆ ਹੈ ਅਤੇ ਉਸ ਨੇ ਇਨ੍ਹਾਂ ਨੂੰ ਮਾਪਿਆਂ ਦੇ ਹੱਥ ਸੌਂਪਿਆ ਹੈ। (ਭਜਨ 127:3, ਪਵਿੱਤਰ ਬਾਈਬਲ ਨਵਾਂ ਅਨੁਵਾਦ) ਮਾਪਿਓ, ਇਸ ਕੀਮਤੀ ਦਾਤ ਬਾਰੇ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ?

2. ਜਦ ਮਾਨੋਆਹ ਨੂੰ ਪਤਾ ਲੱਗਾ ਕਿ ਉਹ ਬਾਪ ਬਣਨ ਵਾਲਾ ਹੈ, ਤਾਂ ਉਸ ਨੇ ਕੀ ਕੀਤਾ ਸੀ?

2 ਮਾਪਿਓ, ਤੁਹਾਨੂੰ ਧੰਨਵਾਦੀ ਹੋ ਕੇ ਨਿਮਰਤਾ ਨਾਲ ਇਹ ਦਾਤ ਸਵੀਕਾਰ ਕਰਨੀ ਚਾਹੀਦੀ ਹੈ। ਲਗਭਗ 3,000 ਸਾਲ ਪਹਿਲਾਂ ਮਾਨੋਆਹ ਨਾਂ ਦੇ ਇਕ ਇਸਰਾਏਲੀ ਨੇ ਇਸੇ ਤਰ੍ਹਾਂ ਮਹਿਸੂਸ ਕੀਤਾ ਸੀ ਜਦ ਇਕ ਦੂਤ ਨੇ ਉਸ ਦੀ ਪਤਨੀ ਨੂੰ ਦੱਸਿਆ ਕਿ ਉਹ ਇਕ ਬੱਚੇ ਨੂੰ ਜਨਮ ਦੇਵੇਗੀ। ਇਹ ਖ਼ੁਸ਼ ਖ਼ਬਰੀ ਸੁਣ ਕੇ ਮਾਨੋਆਹ ਨੇ ਯਹੋਵਾਹ ਅੱਗੇ ਬੇਨਤੀ ਕੀਤੀ: “ਹੇ ਪ੍ਰਭੁ, ਅਜਿਹਾ ਕਰ ਜੋ ਉਹ ਪਰਮੇਸ਼ੁਰ ਦਾ ਬੰਦਾ ਜਿਹ ਨੂੰ ਤੈਂ ਘੱਲਿਆ ਸੀ ਅਸਾਂ ਲੋਕਾਂ ਕੋਲ ਫੇਰ ਆਵੇ ਅਤੇ ਸਾਨੂੰ ਸਿਖਾਵੇ ਕਿ ਜਿਹੜਾ ਮੁੰਡਾ ਜੰਮੇਗਾ ਉਸ ਨਾਲ ਕਿੱਕਰ ਕਰੀਏ।” (ਨਿਆਈਆਂ 13:8) ਮਾਪਿਓ, ਤੁਸੀਂ ਮਾਨੋਆਹ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹੋ?

ਪਰਮੇਸ਼ੁਰ ਦੀ ਮਦਦ ਦੀ ਲੋੜ

3. ਅੱਜ ਬੱਚਿਆਂ ਦੀ ਪਰਵਰਿਸ਼ ਕਰਨ ਲਈ ਪਰਮੇਸ਼ੁਰ ਦੀ ਮਦਦ ਕਿਉਂ ਜ਼ਰੂਰੀ ਹੈ?

3 ਅੱਗੇ ਨਾਲੋਂ ਜ਼ਿਆਦਾ ਹੁਣ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਪਰਵਰਿਸ਼ ਕਰਨ ਲਈ ਯਹੋਵਾਹ ਦੀ ਮਦਦ ਦੀ ਲੋੜ ਹੈ। ਕਿਉਂ? ਕਿਉਂਕਿ ਅਸੀਂ ਉਸ ਸਮੇਂ ਵਿਚ ਰਹਿ ਰਹੇ ਹਾਂ ਜਦ ਸ਼ਤਾਨ ਅਤੇ ਉਸ ਦੇ ਬੁਰੇ ਦੂਤ ਸਵਰਗੋਂ ਧਰਤੀ ਉੱਤੇ ਸੁੱਟੇ ਗਏ ਹਨ। ਇਸ ਲਈ ਬਾਈਬਲ ਕਹਿੰਦੀ ਹੈ: “ਧਰਤੀ . . . ਨੂੰ ਹਾਇ! ਹਾਇ! ਇਸ ਲਈ ਜੋ ਸ਼ਤਾਨ ਤੁਹਾਡੇ ਕੋਲ ਉਤਰ ਆਇਆ ਹੈ ਅਤੇ ਉਹ ਨੂੰ ਵੱਡਾ ਕ੍ਰੋਧ ਹੈ ਕਿਉਂ ਜੋ ਉਹ ਜਾਣਦਾ ਹੈ ਭਈ ਮੇਰਾ ਸਮਾ ਥੋੜਾ ਹੀ ਰਹਿੰਦਾ ਹੈ।” (ਪਰਕਾਸ਼ ਦੀ ਪੋਥੀ 12:7-9, 12) ਬਾਈਬਲ ਸਮਝਾਉਂਦੀ ਹੈ ਕਿ ਸ਼ਤਾਨ “ਬੁਕਦੇ ਸ਼ੀਂਹ ਵਾਂਙੁ ਭਾਲਦਾ ਫਿਰਦਾ ਹੈ ਭਈ ਕਿਹ ਨੂੰ ਪਾੜ ਖਾਵਾਂ!” (1 ਪਤਰਸ 5:8) ਆਮ ਤੌਰ ਤੇ ਸ਼ੇਰ ਉਨ੍ਹਾਂ ਜਾਨਵਰਾਂ ਦਾ ਸ਼ਿਕਾਰ ਕਰਦਾ ਹੈ ਜੋ ਕਮਜ਼ੋਰ ਜਾਂ ਛੋਟੇ ਹੁੰਦੇ ਹਨ। ਇਸ ਲਈ ਮਸੀਹੀ ਮਾਂ-ਬਾਪ ਆਪਣੇ ਬੱਚਿਆਂ ਨੂੰ ਸ਼ਤਾਨ ਤੋਂ ਬਚਾਉਣ ਲਈ ਬੁੱਧੀਮਤਾ ਨਾਲ ਯਹੋਵਾਹ ਦੀ ਅਗਵਾਈ ਭਾਲਦੇ ਹਨ। ਤੁਸੀਂ ਆਪਣੇ ਬੱਚਿਆਂ ਦੀ ਰਾਖੀ ਕਰਨ ਲਈ ਕਿੰਨੀ ਕੁ ਵਾਹ ਲਾ ਰਹੇ ਹੋ?

4. (ੳ) ਮਾਪਿਓ, ਜੇ ਤੁਹਾਡੇ ਗੁਆਂਢ ਵਿਚ ਇਕ ਸ਼ੇਰ ਘੁੰਮਦਾ-ਫਿਰਦਾ ਹੋਵੇ, ਤਾਂ ਤੁਸੀਂ ਕੀ ਕਰੋਗੇ? (ਅ) ਬਚਾਅ ਵਾਸਤੇ ਬੱਚਿਆਂ ਨੂੰ ਕਿਸ ਚੀਜ਼ ਦੀ ਲੋੜ ਹੈ?

4 ਜੇ ਤੁਹਾਨੂੰ ਪਤਾ ਹੋਵੇ ਕਿ ਤੁਹਾਡੇ ਗੁਆਂਢ ਵਿਚ ਇਕ ਸ਼ੇਰ ਘੁੰਮਦਾ-ਫਿਰਦਾ ਹੈ, ਤਾਂ ਤੁਸੀਂ ਆਪਣੇ ਬੱਚਿਆਂ ਦਾ ਬਚਾਅ ਕਰਨ ਲਈ ਜ਼ਰੂਰ ਕੁਝ ਕਰੋਗੇ। ਸ਼ਤਾਨ ਇਕ ਸ਼ਿਕਾਰੀ ਜਾਨਵਰ ਵਰਗਾ ਹੈ ਅਤੇ ਉਹ ਪਰਮੇਸ਼ੁਰ ਦੇ ਲੋਕਾਂ ਨੂੰ ਫੜਨ ਦੀ ਕੋਸ਼ਿਸ਼ ਕਰਦਾ ਹੈ। ਉਹ ਚਾਹੁੰਦਾ ਹੈ ਕਿ ਉਨ੍ਹਾਂ ਉੱਤੇ ਪਰਮੇਸ਼ੁਰ ਦੀ ਕਿਰਪਾ ਨਾ ਰਹੇ। (ਅੱਯੂਬ 2:1-7; 1 ਯੂਹੰਨਾ 5:19) ਬੱਚਿਆਂ ਦਾ ਸ਼ਿਕਾਰ ਕਰਨਾ ਤਾਂ ਉਸ ਦੇ ਖੱਬੇ ਹੱਥ ਦੀ ਖੇਡ ਹੈ। ਸ਼ਤਾਨ ਦੇ ਪੰਜੇ ਤੋਂ ਬਚਣ ਲਈ ਬੱਚਿਆਂ ਲਈ ਯਹੋਵਾਹ ਨੂੰ ਜਾਣਨਾ ਅਤੇ ਉਸ ਦੇ ਆਖੇ ਲੱਗਣਾ ਬਹੁਤ ਜ਼ਰੂਰੀ ਹੈ। ਇਸ ਲਈ ਬਾਈਬਲ ਦਾ ਗਿਆਨ ਲੈਣਾ ਲਾਜ਼ਮੀ ਹੈ। ਯਿਸੂ ਨੇ ਕਿਹਾ ਸੀ: “ਸਦੀਪਕ ਜੀਉਣ ਇਹ ਹੈ ਕਿ ਓਹ ਤੈਨੂੰ ਜੋ ਸੱਚਾ ਵਾਹਿਦ ਪਰਮੇਸ਼ੁਰ ਹੈ ਅਤੇ ਯਿਸੂ ਮਸੀਹ ਨੂੰ ਜਿਹ ਨੂੰ ਤੈਂ ਘੱਲਿਆ ਜਾਣਨ।” (ਯੂਹੰਨਾ 17:3) ਇਸ ਤੋਂ ਇਲਾਵਾ, ਨੌਜਵਾਨਾਂ ਨੂੰ ਬੁੱਧ ਦੀ ਲੋੜ ਹੈ ਤਾਂਕਿ ਉਹ ਗਿਆਨ ਨੂੰ ਸਮਝ ਸਕਣ ਅਤੇ ਉਸ ਉੱਤੇ ਅਮਲ ਕਰ ਸਕਣ। ਯਾਦ ਰੱਖੋ ਕਿ “ਬੁੱਧ ਆਪਣੇ ਰੱਖਦਿਆਂ ਦੀ ਜਾਨ ਦੀ ਰਾਖੀ ਕਰਦੀ ਹੈ।” (ਉਪਦੇਸ਼ਕ ਦੀ ਪੋਥੀ 7:12) ਇਸ ਲਈ ਮਾਪਿਓ ਤੁਹਾਨੂੰ ਆਪਣੇ ਬੱਚਿਆਂ ਨੂੰ ਪਰਮੇਸ਼ੁਰ ਦੀਆਂ ਗੱਲਾਂ ਚੰਗੀ ਤਰ੍ਹਾਂ ਸਿਖਾਉਣ ਦੀ ਲੋੜ ਹੈ ਤਾਂਕਿ ਇਹ ਉਨ੍ਹਾਂ ਦੇ ਦਿਲਾਂ ਵਿਚ ਸਮਾ ਜਾਣ। ਤੁਸੀਂ ਇਹ ਕਿਸ ਤਰ੍ਹਾਂ ਕਰ ਸਕਦੇ ਹੋ?

5. (ੳ) ਬੁੱਧ ਦੇਣ ਲਈ ਕੀ ਜ਼ਰੂਰੀ ਹੈ? (ਅ) ਕਹਾਉਤਾਂ ਦੀ ਪੋਥੀ ਵਿਚ ਬੁੱਧ ਬਾਰੇ ਕੀ ਕਿਹਾ ਗਿਆ ਹੈ?

5 ਤੁਸੀਂ ਆਪਣੇ ਬੱਚਿਆਂ ਨੂੰ ਪਰਮੇਸ਼ੁਰ ਦਾ ਬਚਨ ਪੜ੍ਹ ਕੇ ਸੁਣਾ ਸਕਦੇ ਹੋ ਅਤੇ ਤੁਹਾਨੂੰ ਇਸ ਤਰ੍ਹਾਂ ਕਰਨਾ ਵੀ ਚਾਹੀਦਾ ਹੈ। ਪਰ ਜੇ ਬੱਚਿਆਂ ਨੇ ਯਹੋਵਾਹ ਨਾਲ ਪਿਆਰ ਕਰਨਾ ਹੈ ਅਤੇ ਉਸ ਦੇ ਆਖੇ ਲੱਗਣਾ ਹੈ, ਤਾਂ ਉਨ੍ਹਾਂ ਨੂੰ ਸਮਝ ਦੀ ਵੀ ਲੋੜ ਹੈ। ਮਿਸਾਲ ਲਈ: ਤੁਸੀਂ ਆਪਣੇ ਬੱਚਿਆਂ ਨੂੰ ਦੱਸਦੇ ਹੋ ਕਿ ਉਹ ਸੜਕ ਪਾਰ ਕਰਨ ਤੋਂ ਪਹਿਲਾਂ ਖੱਬੇ-ਸੱਜੇ ਦੋਹਾਂ ਪਾਸੇ ਦੇਖਣ। ਫਿਰ ਵੀ, ਕਈ ਬੱਚੇ ਇਸ ਤਰ੍ਹਾਂ ਨਹੀਂ ਕਰਦੇ। ਕਿਉਂ ਨਹੀਂ? ਕਿਉਂਕਿ ਬੱਚਿਆਂ ਦੇ ਮਨ ਵਿਚ “ਮੂਰਖਤਾਈ” ਬੱਧੀ ਹੋਈ ਹੁੰਦੀ ਹੈ, ਇਸ ਲਈ ਤੁਹਾਨੂੰ ਠੀਕ ਤਰ੍ਹਾਂ ਤੇ ਕਈ ਵਾਰ ਸਮਝਾਉਣਾ ਪੈਂਦਾ ਹੈ ਕਿ ਕਾਰ ਲੱਗਣ ਦਾ ਨਤੀਜਾ ਕੀ ਹੋ ਸਕਦਾ ਹੈ ਅਤੇ ਇਸ ਦਾ ਕਿੰਨਾ ਖ਼ਤਰਾ ਹੈ। ਬੱਚਿਆਂ ਨੂੰ ਬੁੱਧ ਦੇਣ ਲਈ ਵਕਤ ਲੱਗਦਾ ਹੈ ਅਤੇ ਧੀਰਜ ਦੀ ਲੋੜ ਹੁੰਦੀ ਹੈ। ਪਰ ਇਹ ਬੁੱਧ ਕਿੰਨੀ ਲਾਭਦਾਇਕ ਹੈ! ਬੁੱਧ ਬਾਰੇ ਬਾਈਬਲ ਕਹਿੰਦੀ ਹੈ: “ਉਹ ਦੇ ਰਾਹ ਮਨ ਭਾਉਂਦੇ ਅਤੇ ਉਹ ਦੇ ਸਾਰੇ ਪਹੇ ਸ਼ਾਂਤੀ ਦੇ ਹਨ। ਜਿਹੜੇ ਉਹ ਨੂੰ ਗ੍ਰਹਿਣ ਕਰਦੇ ਹਨ ਉਹ ਓਹਨਾਂ ਲਈ ਜੀਉਣ ਦਾ ਬਿਰਛ ਹੈ, ਅਤੇ ਜੋ ਕੋਈ ਉਹ ਨੂੰ ਫੜੀ ਰੱਖਦਾ ਹੈ ਉਹ ਖੁਸ਼ ਰਹਿੰਦਾ ਹੈ।”—ਕਹਾਉਤਾਂ 3:13-18; 22:15.

ਬੁੱਧ ਦੇਣ ਵਾਲੀ ਸਿੱਖਿਆ

6. (ੳ) ਕਈ ਵਾਰ ਬੱਚੇ ਗ਼ਲਤ ਕੰਮ ਕਿਉਂ ਕਰਦੇ ਹਨ? (ਅ) ਕਿਹੜੀ ਜੰਗ ਲੜੀ ਜਾ ਰਹੀ ਹੈ?

6 ਕਈ ਵਾਰ ਬੱਚੇ ਗ਼ਲਤ ਕੰਮ ਕਿਉਂ ਕਰਦੇ ਹਨ? ਇਸ ਲਈ ਨਹੀਂ ਕਿ ਉਨ੍ਹਾਂ ਨੂੰ ਸਿਖਾਇਆ ਨਹੀਂ ਗਿਆ ਕਿ ਕੀ ਸਹੀ ਹੈ ਤੇ ਕੀ ਗ਼ਲਤ, ਬਲਕਿ ਇਸ ਲਈ ਕਿ ਇਹ ਸਿੱਖਿਆ ਉਨ੍ਹਾਂ ਦੇ ਦਿਲਾਂ ਵਿਚ ਸਮਾਈ ਨਹੀਂ ਹੈ। ਸ਼ਤਾਨ ਬੱਚਿਆਂ ਦੇ ਦਿਲ ਜਿੱਤਣ ਦੀ ਜੰਗ ਲੜ ਰਿਹਾ ਹੈ। ਉਹ ਨੌਜਵਾਨਾਂ ਨੂੰ ਵਿਗਾੜਨ ਦੀਆਂ ਸਕੀਮਾਂ ਬਣਾਉਂਦਾ ਹੈ। ਉਹ ਇਸ ਗੱਲ ਦਾ ਪੂਰਾ ਲਾਭ ਉਠਾਉਂਦਾ ਹੈ ਕਿ ਪਾਪ ਕਰਨ ਦੀ ਇੱਛਾ ਉਨ੍ਹਾਂ ਦੇ ਦਿਲ ਵਿਚ ਸਮਾਈ ਹੋਈ ਹੈ। (ਉਤਪਤ 8:21; ਜ਼ਬੂਰਾਂ ਦੀ ਪੋਥੀ 51:5) ਮਾਪਿਓ, ਖ਼ਬਰਦਾਰ ਰਹੋ, ਇਹ ਜੰਗ ਅਸਲੀ ਹੈ! ਇਸ ਨੂੰ ਤੁਸੀਂ ਨਾ ਹਾਰਿਓ!

7. ਬੱਚਿਆਂ ਨੂੰ ਦੱਸਣਾ ਕਿ ਕੀ ਸਹੀ ਤੇ ਕੀ ਗ਼ਲਤ ਹੈ, ਕਾਫ਼ੀ ਕਿਉਂ ਨਹੀਂ ਹੈ?

7 ਜਦ ਮਾਪੇ ਆਪਣੇ ਬੱਚਿਆਂ ਨੂੰ ਦੱਸਦੇ ਹਨ ਕਿ ਕੀ ਸਹੀ ਤੇ ਕੀ ਗ਼ਲਤ ਹੈ, ਤਾਂ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਆਪਣਾ ਕੰਮ ਪੂਰਾ ਕਰ ਦਿੱਤਾ ਹੈ ਤੇ ਬੱਚੇ ਨੇਕ ਚਾਲ-ਚਲਣ ਸਿੱਖ ਗਏ ਹਨ। ਉਹ ਸ਼ਾਇਦ ਦੱਸਣ ਕਿ ਝੂਠ ਬੋਲਣਾ, ਚੋਰੀ ਕਰਨੀ ਜਾਂ ਵਿਆਹ ਤੋਂ ਪਹਿਲਾਂ ਸੈਕਸ ਕਰਨਾ ਗ਼ਲਤ ਹੈ। ਪਰ ਇਹ ਗੱਲਾਂ ਦੱਸਣੀਆਂ ਕਾਫ਼ੀ ਨਹੀਂ ਹੈ। ਬੱਚਿਆਂ ਨੂੰ ਆਪਣੇ ਮਾਪਿਆਂ ਦੇ ਆਖੇ ਲੱਗਣ ਲਈ ਹੋਰ ਕਾਰਨ ਵੀ ਚਾਹੀਦੇ ਹਨ। ਉਨ੍ਹਾਂ ਨੂੰ ਇਹ ਵੀ ਸਮਝਾਉਣ ਦੀ ਲੋੜ ਹੈ ਕਿ ਇਹ ਹੁਕਮ ਯਹੋਵਾਹ ਵੱਲੋਂ ਹਨ। ਬੱਚਿਆਂ ਨੂੰ ਸਿੱਖਣਾ ਚਾਹੀਦਾ ਹੈ ਕਿ ਯਹੋਵਾਹ ਦੇ ਹੁਕਮਾਂ ਨੂੰ ਮੰਨਣਾ ਸਿਰਫ਼ ਬੁੱਧੀਮਤਾ ਦੀ ਗੱਲ ਨਹੀਂ, ਪਰ ਇਹ ਉਨ੍ਹਾਂ ਦੇ ਭਲੇ ਲਈ ਵੀ ਹੈ।—ਕਹਾਉਤਾਂ 6:16-19; ਇਬਰਾਨੀਆਂ 13:4.

8. ਕਿਹੋ ਜਿਹੀ ਸਿੱਖਿਆ ਬੱਚਿਆਂ ਨੂੰ ਬੁੱਧੀਮਤਾ ਨਾਲ ਚੱਲਣ ਦੀ ਮਦਦ ਦੇ ਸਕਦੀ ਹੈ?

8 ਬ੍ਰਹਿਮੰਡ ਦੀ ਵਿਸ਼ਾਲਤਾ, ਜੀਉਂਦੀਆਂ ਚੀਜ਼ਾਂ ਦੀ ਵੰਨ-ਸੁਵੰਨਤਾ ਅਤੇ ਬਦਲਦੇ ਮੌਸਮ ਵੱਲ ਬੱਚਿਆਂ ਦਾ ਧਿਆਨ ਖਿੱਚੋ। ਇਹ ਇਸ ਗੱਲ ਦਾ ਸਬੂਤ ਦਿੰਦੇ ਹਨ ਕਿ ਵਾਕਈ ਕਿਸੇ ਨੇ ਇਹ ਸਭ ਕੁਝ ਬਣਾਇਆ ਤੇ ਉਹ ਸੱਚ-ਮੁੱਚ ਬੁੱਧੀਮਾਨ ਹੈ। (ਰੋਮੀਆਂ 1:20; ਇਬਰਾਨੀਆਂ 3:4) ਇਸ ਤੋਂ ਇਲਾਵਾ ਬੱਚਿਆਂ ਨੂੰ ਇਹ ਵੀ ਸਿਖਾਇਆ ਜਾਣਾ ਚਾਹੀਦਾ ਹੈ ਕਿ ਪਰਮੇਸ਼ੁਰ ਉਨ੍ਹਾਂ ਨੂੰ ਪਿਆਰ ਕਰਦਾ ਹੈ ਅਤੇ ਉਸ ਨੇ ਆਪਣੇ ਪੁੱਤਰ ਦੇ ਬਲੀਦਾਨ ਰਾਹੀਂ ਉਨ੍ਹਾਂ ਲਈ ਹਮੇਸ਼ਾ ਲਈ ਜੀਉਣ ਦਾ ਰਾਹ ਖੋਲ੍ਹਿਆ ਹੈ। ਬੱਚਿਆਂ ਨੂੰ ਸਿਖਾਓ ਕਿ ਜੇ ਉਹ ਪਰਮੇਸ਼ੁਰ ਦੇ ਕਹਿਣੇ ਵਿਚ ਰਹਿਣਗੇ, ਤਾਂ ਉਹ ਉਨ੍ਹਾਂ ਨਾਲ ਖ਼ੁਸ਼ ਹੋਵੇਗਾ। ਫਿਰ ਹੋ ਸਕਦਾ ਹੈ ਕਿ ਬੱਚੇ ਯਹੋਵਾਹ ਦੀ ਸੇਵਾ ਕਰਨੀ ਚਾਹੁਣ, ਭਾਵੇਂ ਸ਼ਤਾਨ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕਰੇ।—ਕਹਾਉਤਾਂ 22:6; 27:11; ਯੂਹੰਨਾ 3:16.

9. (ੳ) ਬੱਚਿਆਂ ਨੂੰ ਸਿੱਖਿਆ ਦੇਣ ਲਈ ਕੀ-ਕੀ ਕਰਨਾ ਜ਼ਰੂਰੀ ਹੈ? (ਅ) ਪਿਤਾਵਾਂ ਨੂੰ ਕਿਹੜੀ ਸਲਾਹ ਦਿੱਤੀ ਗਈ ਹੈ ਅਤੇ ਇਸ ਦਾ ਕੀ ਮਤਲਬ ਹੈ?

9 ਅਜਿਹੀ ਸਿੱਖਿਆ ਦੇਣ ਲਈ ਜੋ ਬੱਚਿਆਂ ਦੀ ਰਾਖੀ ਕਰੇਗੀ ਅਤੇ ਉਨ੍ਹਾਂ ਨੂੰ ਸਹੀ ਕੰਮ ਕਰਨ ਲਈ ਪ੍ਰੇਰੇਗੀ, ਸਮਾਂ ਲੱਗਦਾ ਹੈ। ਇਹ ਕਰਨ ਲਈ ਤੁਹਾਨੂੰ ਧਿਆਨ ਲਾ ਕੇ ਤਿਆਰੀ ਕਰਨੀ ਪਵੇਗੀ। ਇਸ ਤਰ੍ਹਾਂ ਕਰਨ ਲਈ ਜ਼ਰੂਰੀ ਹੈ ਕਿ ਮਾਪੇ ਪਰਮੇਸ਼ੁਰ ਦੀ ਸੇਧ ਸਵੀਕਾਰ ਕਰਨ। ਬਾਈਬਲ ਵਿਚ ਲਿਖਿਆ ਹੈ: ‘ਹੇ ਪਿਤਾਓ, ਤੁਸੀਂ ਆਪਣਿਆਂ ਬਾਲਕਾਂ ਨੂੰ ਪ੍ਰਭੁ ਦੀ ਸਿੱਖਿਆ ਅਰ ਮੱਤ ਦੇ ਕੇ ਓਹਨਾਂ ਦੀ ਪਾਲਨਾ ਕਰੋ।’ (ਅਫ਼ਸੀਆਂ 6:4) ਇਸ ਦਾ ਕੀ ਮਤਲਬ ਹੈ? ਯੂਨਾਨੀ ਭਾਸ਼ਾ ਵਿਚ ‘ਮੱਤ ਦੇਣ’ ਦਾ ਅਰਥ ਹੈ: “ਵਿਚ ਮਨ ਪਾਉਣਾ।” ਇਸ ਲਈ ਪਿਤਾਵਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਬੱਚਿਆਂ ਵਿਚ ਯਹੋਵਾਹ ਪਰਮੇਸ਼ੁਰ ਦਾ ਮਨ ਪਾਉਣ। ਇਸ ਤਰ੍ਹਾਂ ਕਰਨ ਨਾਲ ਬੱਚਿਆਂ ਦੀ ਰਾਖੀ ਜ਼ਰੂਰ ਹੋਵੇਗੀ। ਜੇ ਬੱਚਿਆਂ ਦੇ ਮਨ ਵਿਚ ਪਰਮੇਸ਼ੁਰ ਦੀ ਸੋਚਣੀ ਹੋਵੇਗੀ, ਤਾਂ ਬੱਚੇ ਗ਼ਲਤ ਕੰਮ ਨਹੀਂ ਕਰਨਗੇ।

ਪਿਆਰ ਨਾਲ ਆਪਣੇ ਬੱਚਿਆਂ ਨੂੰ ਸਿਖਾਓ

10. ਆਪਣੇ ਬੱਚਿਆਂ ਨੂੰ ਚੰਗੀ ਤਰ੍ਹਾਂ ਸਿੱਖਿਆ ਦੇਣ ਲਈ ਤੁਹਾਡੇ ਲਈ ਕੀ ਜਾਣਨਾ ਜ਼ਰੂਰੀ ਹੈ?

10 ਜੇ ਤੁਸੀਂ ਆਪਣੇ ਬੱਚਿਆਂ ਦੀ ਪਰਵਰਿਸ਼ ਕਰਨ ਵਿਚ ਕਾਮਯਾਬ ਹੋਣਾ ਚਾਹੁੰਦੇ ਹੋ, ਤਾਂ ਤੁਹਾਨੂੰ ਪਿਆਰ ਨਾਲ ਉਨ੍ਹਾਂ ਨੂੰ ਸਿੱਖਿਆ ਦੇਣੀ ਪਵੇਗੀ। ਤੁਹਾਨੂੰ ਆਪਣੇ ਬੱਚਿਆਂ ਨਾਲ ਗੱਲਬਾਤ ਕਰਨੀ ਪਵੇਗੀ। ਪਤਾ ਕਰੋ ਕਿ ਉਨ੍ਹਾਂ ਦੀ ਜ਼ਿੰਦਗੀ ਵਿਚ ਕੀ ਹੋ ਰਿਹਾ ਹੈ ਅਤੇ ਉਨ੍ਹਾਂ ਦੇ ਸੋਚ-ਵਿਚਾਰ ਕੀ ਹਨ। ਆਰਾਮ ਨਾਲ ਬੈਠ ਕੇ ਆਪਣੇ ਬੱਚਿਆਂ ਨਾਲ ਗੱਲਬਾਤ ਕਰੋ। ਹੋ ਸਕਦਾ ਹੈ ਕਿ ਤੁਸੀਂ ਉਨ੍ਹਾਂ ਦੀ ਕੋਈ ਗੱਲ ਸੁਣ ਕੇ ਹੈਰਾਨ ਹੋਵੋ। ਪਰ ਗੁੱਸੇ ਨਾ ਹੋਵੋ। ਹਮਦਰਦੀ ਅਤੇ ਧਿਆਨ ਨਾਲ ਉਨ੍ਹਾਂ ਦੀ ਗੱਲ ਸੁਣੋ।

11. ਮਾਪੇ ਆਪਣੇ ਬੱਚਿਆਂ ਵਿਚ ਪਰਮੇਸ਼ੁਰ ਦਾ ਮਨ ਕਿਸ ਤਰ੍ਹਾਂ ਪਾ ਸਕਦੇ ਹਨ?

11 ਇਹ ਸੱਚ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਬਾਈਬਲ ਵਿੱਚੋਂ ਬਦਚਲਣੀ ਨਾ ਕਰਨ ਬਾਰੇ ਪਰਮੇਸ਼ੁਰ ਦੇ ਹੁਕਮ ਕਈ ਵਾਰ ਪੜ੍ਹ ਕੇ ਸੁਣਾਏ ਹੋਣ। (1 ਕੁਰਿੰਥੀਆਂ 6:18; ਅਫ਼ਸੀਆਂ 5:5) ਇਹ ਸੁਣ ਕੇ ਤੁਹਾਡੇ ਬੱਚਿਆਂ ਨੂੰ ਪਤਾ ਲੱਗ ਗਿਆ ਹੋਵੇਗਾ ਕਿ ਯਹੋਵਾਹ ਨੂੰ ਕੀ ਮਨਜ਼ੂਰ ਹੈ ਤੇ ਕੀ ਨਹੀਂ। ਪਰ ਆਪਣੇ ਬੱਚਿਆਂ ਵਿਚ ਯਹੋਵਾਹ ਦੀ ਸੋਚਣੀ ਪਾਉਣ ਲਈ ਤੁਹਾਨੂੰ ਕੁਝ ਹੋਰ ਕਰਨ ਦੀ ਲੋੜ ਹੈ। ਬੱਚਿਆਂ ਨੂੰ ਇਹ ਸਮਝਾਉਣਾ ਜ਼ਰੂਰੀ ਹੈ ਕਿ ਯਹੋਵਾਹ ਦੇ ਹੁਕਮ ਲਾਭਦਾਇਕ ਹਨ। ਉਨ੍ਹਾਂ ਨੂੰ ਪੂਰਾ ਯਕੀਨ ਹੋਣਾ ਚਾਹੀਦਾ ਹੈ ਕਿ ਉਸ ਦੇ ਹੁਕਮ ਸਹੀ ਹੀ ਨਹੀਂ, ਪਰ ਸਾਡੇ ਭਲੇ ਲਈ ਵੀ ਹਨ ਅਤੇ ਉਨ੍ਹਾਂ ਨੂੰ ਮੰਨਣਾ ਸਭ ਤੋਂ ਵਧੀਆ ਗੱਲ ਹੈ। ਜੇ ਤੁਸੀਂ ਬਾਈਬਲ ਤੋਂ ਆਪਣੇ ਬੱਚਿਆਂ ਨੂੰ ਇਹ ਗੱਲਾਂ ਸਮਝਾਓਗੇ ਅਤੇ ਉਹ ਪਰਮੇਸ਼ੁਰ ਦੀ ਸੋਚਣੀ ਮੰਨ ਲੈਣਗੇ, ਤਾਂ ਕਿਹਾ ਜਾ ਸਕਦਾ ਹੈ ਕਿ ਤੁਸੀਂ ਪਰਮੇਸ਼ੁਰ ਦਾ ਮਨ ਉਨ੍ਹਾਂ ਵਿਚ ਪਾਇਆ ਹੈ।

12. ਮਾਪੇ ਸੈਕਸ ਬਾਰੇ ਯਹੋਵਾਹ ਦੇ ਹੁਕਮ ਸਿਖਾਉਣ ਵਿਚ ਆਪਣੇ ਬੱਚਿਆਂ ਦੀ ਮਦਦ ਕਿਵੇਂ ਕਰ ਸਕਦੇ ਹਨ?

12 ਸੈਕਸ ਬਾਰੇ ਗੱਲ ਕਰਦੇ ਹੋਏ ਤੁਸੀਂ ਆਪਣੇ ਬੱਚੇ ਨੂੰ ਪੁੱਛ ਸਕਦੇ ਹੋ, “ਤੇਰੇ ਖ਼ਿਆਲ ਵਿਚ ਕੀ ਸੈਕਸ ਬਾਰੇ ਯਹੋਵਾਹ ਦੇ ਹੁਕਮ ਮੰਨਣੇ ਔਖੇ ਹਨ? ਕੀ ਯਹੋਵਾਹ ਸਾਨੂੰ ਮਜ਼ਾ ਲੈਣ ਤੋਂ ਰੋਕ ਰਿਹਾ ਹੈ?” ਉਸ ਨੂੰ ਡਰਨ ਜਾਂ ਸ਼ਰਮਾਉਣ ਤੋਂ ਬਗੈਰ ਜਵਾਬ ਦੇਣ ਲਈ ਕਹੋ। ਫਿਰ ਗੱਲ ਕਰੋ ਕਿ ਯਹੋਵਾਹ ਨੇ ਬੱਚੇ ਪੈਦਾ ਕਰਨ ਲਈ ਕਿਹੜਾ ਇੰਤਜ਼ਾਮ ਕੀਤਾ ਹੈ। ਅੱਗੇ ਪੁੱਛੋ: “ਕੀ ਸਾਡਾ ਪਿਆਰਾ ਪਰਮੇਸ਼ੁਰ ਯਹੋਵਾਹ ਸਾਡੀ ਖ਼ੁਸ਼ੀ ਖੋਹਣ ਲਈ ਕਦੇ ਕੋਈ ਹੁਕਮ ਦਿੰਦਾ ਹੈ ਜਾਂ ਕੀ ਉਸ ਦੇ ਹੁਕਮ ਸਾਡੀ ਰਾਖੀ ਲਈ ਹਨ? ਕੀ ਉਹ ਸਾਨੂੰ ਖ਼ੁਸ਼ ਨਹੀਂ ਦੇਖਣਾ ਚਾਹੁੰਦਾ ਹੈ?” (ਜ਼ਬੂਰਾਂ ਦੀ ਪੋਥੀ 119:1, 2; ਯਸਾਯਾਹ 48:17) ਇਨ੍ਹਾਂ ਸਵਾਲਾਂ ਦੇ ਜ਼ਰੀਏ ਪਤਾ ਕਰੋ ਕਿ ਤੁਹਾਡਾ ਬੱਚਾ ਕੀ ਸੋਚਦਾ ਹੈ। ਫਿਰ ਤੁਸੀਂ ਉਦਾਹਰਣ ਦੇ ਕੇ ਇਹ ਗੱਲ ਸਮਝਾ ਸਕਦੇ ਹੋ ਕਿ ਬਦਚਲਣੀ ਦੇ ਕਾਰਨ ਕਈ ਲੋਕ ਕਿੰਨੇ ਦੁਖੀ ਹੋਏ ਹਨ ਅਤੇ ਕਿੰਨੀ ਮੁਸੀਬਤ ਵਿਚ ਵੀ ਪਏ ਹਨ। (2 ਸਮੂਏਲ 13:1-33) ਅਜਿਹੀ ਗੱਲਬਾਤ ਰਾਹੀਂ ਜੇ ਤੁਹਾਡਾ ਬੱਚਾ ਪਰਮੇਸ਼ੁਰ ਦੀ ਸੋਚਣੀ ਸਮਝ ਜਾਵੇ ਅਤੇ ਸਵੀਕਾਰ ਕਰ ਲਵੇ, ਤਾਂ ਕਿਹਾ ਜਾ ਸਕਦਾ ਹੈ ਕਿ ਤੁਸੀਂ ਉਸ ਵਿਚ ਪਰਮੇਸ਼ੁਰ ਦਾ ਮਨ ਪਾ ਦਿੱਤਾ ਹੈ। ਪਰ ਤੁਸੀਂ ਕੁਝ ਹੋਰ ਵੀ ਕਰ ਸਕਦੇ ਹੋ।

13. ਤੁਸੀਂ ਆਪਣੇ ਬੱਚਿਆਂ ਨੂੰ ਯਹੋਵਾਹ ਬਾਰੇ ਕੀ ਸਿਖਾ ਸਕਦੇ ਹੋ ਤਾਂਕਿ ਉਹ ਉਸ ਦੇ ਆਖੇ ਲੱਗਣਾ ਚਾਹੁਣਗੇ?

13 ਬੁੱਧੀਮਤਾ ਨਾਲ ਤੁਸੀਂ ਆਪਣੇ ਬੱਚਿਆਂ ਨੂੰ ਸਿਰਫ਼ ਇਹੀ ਨਹੀਂ ਦੱਸੋਗੇ ਕਿ ਯਹੋਵਾਹ ਦੇ ਆਖੇ ਨਾ ਲੱਗਣ ਦੇ ਨਤੀਜੇ ਬੁਰੇ ਨਿਕਲਦੇ ਹਨ, ਸਗੋਂ ਇਹ ਵੀ ਦੱਸੋਗੇ ਕਿ ਅਸੀਂ ਜੋ ਵੀ ਕਰਦੇ ਹਾਂ ਉਸ ਦਾ ਯਹੋਵਾਹ ਉੱਤੇ ਅਸਰ ਪੈਂਦਾ ਹੈ। ਬਾਈਬਲ ਵਿੱਚੋਂ ਦਿਖਾਓ ਕਿ ਜਦ ਅਸੀਂ ਉਸ ਦੀ ਮਰਜ਼ੀ ਪੂਰੀ ਨਹੀਂ ਕਰਦੇ, ਤਾਂ ਯਹੋਵਾਹ ਨੂੰ ਦੁੱਖ ਲੱਗਦਾ ਹੈ। (ਜ਼ਬੂਰਾਂ ਦੀ ਪੋਥੀ 78:41) ਤੁਸੀਂ ਆਪਣੇ ਬੱਚੇ ਨੂੰ ਪੁੱਛ ਸਕਦੇ ਹੋ, “ਕੀ ਤੂੰ ਯਹੋਵਾਹ ਨੂੰ ਦੁੱਖ ਦੇਣਾ ਚਾਹੁੰਦਾ ਹੈਂ?” ਫਿਰ ਸਮਝਾਓ: “ਪਰਮੇਸ਼ੁਰ ਦਾ ਦੁਸ਼ਮਣ ਸ਼ਤਾਨ ਕਹਿੰਦਾ ਹੈ ਕਿ ਅਸੀਂ ਯਹੋਵਾਹ ਨੂੰ ਪਿਆਰ ਨਹੀਂ ਕਰਦੇ, ਸਗੋਂ ਅਸੀਂ ਸਿਰਫ਼ ਆਪਣੇ ਮਤਲਬ ਲਈ ਉਸ ਦੀ ਸੇਵਾ ਕਰਦੇ ਹਾਂ।” ਇਹ ਵੀ ਸਮਝਾਓ ਕਿ ਵਫ਼ਾਦਾਰ ਰਹਿ ਕੇ ਅੱਯੂਬ ਨੇ ਯਹੋਵਾਹ ਦੇ ਜੀਅ ਨੂੰ ਖ਼ੁਸ਼ ਕੀਤਾ ਸੀ ਅਤੇ ਸ਼ਤਾਨ ਦੇ ਦਾਅਵੇ ਨੂੰ ਝੂਠਾ ਸਾਬਤ ਕੀਤਾ ਸੀ। (ਅੱਯੂਬ 1:9-11; 27:5) ਤੁਹਾਡੇ ਬੱਚਿਆਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਉਨ੍ਹਾਂ ਦੇ ਕੰਮਾਂ-ਕਾਰਾਂ ਰਾਹੀਂ ਉਹ ਯਹੋਵਾਹ ਨੂੰ ਖ਼ੁਸ਼ ਜਾਂ ਉਦਾਸ ਕਰ ਸਕਦੇ ਹਨ। (ਕਹਾਉਤਾਂ 27:11) ਇਹ ਅਤੇ ਹੋਰ ਕਈ ਸਬਕ ਅੰਗ੍ਰੇਜ਼ੀ ਦੀ ਮਹਾਨ ਸਿੱਖਿਅਕ ਤੋਂ ਸਿੱਖੋ ਪੁਸਤਕ ਇਸਤੇਮਾਲ ਕਰਕੇ ਸਿਖਾਏ ਜਾ ਸਕਦੇ ਹਨ। *

ਚੰਗੇ ਨਤੀਜੇ

14, 15. (ੳ) ਮਹਾਨ ਸਿੱਖਿਅਕ ਪੁਸਤਕ ਦੇ ਕਿਹੜੇ ਅਧਿਆਵਾਂ ਨੇ ਬੱਚਿਆਂ ਉੱਤੇ ਅਸਰ ਕੀਤਾ ਹੈ? (ਅ) ਇਸ ਪੁਸਤਕ ਨੂੰ ਇਸਤੇਮਾਲ ਕਰਨ ਦੇ ਕਿਹੜੇ ਚੰਗੇ ਨਤੀਜੇ ਨਿਕਲੇ ਹਨ? (ਸਫ਼ੇ 18-19 ਉੱਤੇ ਡੱਬੀ ਦੇਖੋ।)

14 ਕ੍ਰੋਏਸ਼ੀਆ ਵਿਚ ਇਕ ਆਦਮੀ ਆਪਣੇ ਸੱਤ ਸਾਲਾਂ ਦੇ ਪੋਤੇ ਨਾਲ ਮਹਾਨ ਸਿੱਖਿਅਕ ਪੁਸਤਕ ਪੜ੍ਹਦਾ ਹੈ। ਉਸ ਨੇ ਲਿਖਿਆ ਕਿ ਮੁੰਡੇ ਨੇ ਉਸ ਨੂੰ ਇਹ ਗੱਲ ਦੱਸੀ: “ਮੰਮੀ ਨੇ ਮੈਨੂੰ ਕੋਈ ਕੰਮ ਕਰਨ ਨੂੰ ਕਿਹਾ, ਪਰ ਮੈਂ ਕਰਨਾ ਨਹੀਂ ਚਾਹੁੰਦਾ ਸੀ। ਫਿਰ ਮੈਨੂੰ ਯਾਦ ਆਇਆ ਕਿ ਅਸੀਂ ਉਹ ਅਧਿਆਇ ਪੜ੍ਹਿਆ ਸੀ ਕਿ ‘ਆਖੇ ਲੱਗਣ ਨਾਲ ਤੁਹਾਡੀ ਰਾਖੀ ਹੁੰਦੀ ਹੈ’, ਇਸ ਲਈ ਮੈਂ ਮੰਮੀ ਨੂੰ ਦੱਸਿਆ ਕਿ ਮੈਂ ਉਸ ਦੇ ਆਖੇ ਲੱਗਾਂਗਾ।” ਫ਼ਲੋਰਿਡਾ, ਅਮਰੀਕਾ ਵਿਚ ਇਕ ਮਾਂ-ਬਾਪ ਨੇ “ਸਾਨੂੰ ਝੂਠ ਨਹੀਂ ਬੋਲਣਾ ਚਾਹੀਦਾ” ਨਾਂ ਦੇ ਅਧਿਆਇ ਬਾਰੇ ਲਿਖਿਆ: “ਇਸ ਵਿਚ ਅਜਿਹੇ ਸਵਾਲ ਪੁੱਛੇ ਗਏ ਹਨ ਜੋ ਬੱਚਿਆਂ ਨੂੰ ਦਿਲ ਖੋਲ੍ਹ ਕੇ ਜਵਾਬ ਦੇਣ ਲਈ ਪ੍ਰੇਰਦੇ ਹਨ ਅਤੇ ਉਹ ਸ਼ਾਇਦ ਅਜਿਹੀਆਂ ਗੱਲਾਂ ਦੱਸਣ ਜੋ ਉੱਦਾਂ ਉਹ ਨਾ ਦੱਸਦੇ।”

15ਮਹਾਨ ਸਿੱਖਿਅਕ ਪੁਸਤਕ ਵਿਚ 230 ਤਸਵੀਰਾਂ ਹਨ ਅਤੇ ਹਰੇਕ ਦਾ ਸਿਰਲੇਖ ਦਿੱਤਾ ਗਿਆ ਹੈ। ਇਕ ਮਾਂ ਇਸ ਪੁਸਤਕ ਲਈ ਬਹੁਤ ਧੰਨਵਾਦੀ ਹੈ। ਉਸ ਨੇ ਦੱਸਿਆ: “ਮੇਰਾ ਬੇਟਾ ਤਸਵੀਰਾਂ ਨੂੰ ਬੜੇ ਧਿਆਨ ਨਾਲ ਦੇਖਦਾ ਹੈ ਅਤੇ ਮੈਨੂੰ ਪੰਨਾ ਨਹੀਂ ਉਲਟਾਉਣ ਦਿੰਦਾ। ਇਹ ਤਸਵੀਰਾਂ ਸਿਰਫ਼ ਦੇਖਣ ਨੂੰ ਹੀ ਸੋਹਣੀਆਂ ਨਹੀਂ ਲੱਗਦੀਆਂ, ਪਰ ਇਹ ਬੱਚਿਆਂ ਨੂੰ ਕਈ ਕੁਝ ਸਿਖਾਉਂਦੀਆਂ ਵੀ ਹਨ ਅਤੇ ਉਨ੍ਹਾਂ ਨੂੰ ਸਵਾਲ ਪੁੱਛਣ ਲਈ ਪ੍ਰੇਰਦੀਆਂ ਹਨ। ਇਕ ਤਸਵੀਰ ਵਿਚ ਇਕ ਬੱਚਾ ਹਨੇਰੇ ਵਿਚ ਬੈਠਾ ਟੈਲੀਵਿਯਨ ਦੇਖ ਰਿਹਾ ਹੈ। ਮੇਰੇ ਬੇਟੇ ਨੇ ਪੁੱਛਿਆ, ‘ਮੰਮੀ, ਇਹ ਮੁੰਡਾ ਕੀ ਕਰ ਰਿਹਾ ਹੈ?’ ਉਸ ਦੇ ਪੁੱਛਣ ਦੇ ਢੰਗ ਤੋਂ ਪਤਾ ਲੱਗਦਾ ਸੀ ਕਿ ਉਹ ਸਮਝ ਗਿਆ ਕਿ ਉਹ ਮੁੰਡਾ ਕੁਝ ਗ਼ਲਤ ਕਰ ਰਿਹਾ ਸੀ।” ਇਸ ਤਸਵੀਰ ਦਾ ਸਿਰਲੇਖ ਪੁੱਛਦਾ ਹੈ: “ਸਾਨੂੰ ਹਰ ਵਕਤ ਕੌਣ ਦੇਖ ਸਕਦਾ ਹੈ?”

ਅੱਜ ਲਈ ਜ਼ਰੂਰੀ ਸਿੱਖਿਆ

16. ਅੱਜ ਬੱਚਿਆਂ ਨਾਲ ਕਿਸ ਵਿਸ਼ੇ ਬਾਰੇ ਗੱਲ ਕਰਨੀ ਬਹੁਤ ਜ਼ਰੂਰੀ ਹੈ ਅਤੇ ਕਿਉਂ?

16 ਬੱਚਿਆਂ ਨੂੰ ਗੁਪਤ ਅੰਗਾਂ ਦੀ ਸਹੀ ਅਤੇ ਗ਼ਲਤ ਵਰਤੋਂ ਬਾਰੇ ਸਿਖਾਇਆ ਜਾਣਾ ਚਾਹੀਦਾ ਹੈ। ਪਰ ਇਨ੍ਹਾਂ ਚੀਜ਼ਾਂ ਬਾਰੇ ਗੱਲ ਕਰਨੀ ਸੌਖੀ ਨਹੀਂ ਹੈ। ਅਖ਼ਬਾਰ ਦੀ ਇਕ ਲੇਖਕ ਨੇ ਦੱਸਿਆ ਕਿ ਜਦ ਉਹ ਵੱਡੀ ਹੋ ਰਹੀ ਸੀ, ਤਾਂ ਗੁਪਤ ਅੰਗਾਂ ਦੀ ਗੱਲ ਕਰਨ ਨੂੰ ਬੁਰਾ ਸਮਝਿਆ ਜਾਂਦਾ ਸੀ। ਹੁਣ ਉਸ ਦੇ ਆਪਣੇ ਬੱਚੇ ਹਨ ਅਤੇ ਉਨ੍ਹਾਂ ਨੂੰ ਇਨ੍ਹਾਂ ਚੀਜ਼ਾਂ ਦੀ ਸਿੱਖਿਆ ਦੇਣ ਬਾਰੇ ਉਸ ਨੇ ਕਿਹਾ: “ਭਾਵੇਂ ਮੈਨੂੰ ਸ਼ਰਮ ਆਉਂਦੀ ਹੈ, ਫਿਰ ਵੀ ਮੈਂ ਆਪਣਾ ਮਨ ਬਣਾ ਲਿਆ ਹੈ ਕਿ ਮੈਂ ਗੱਲ ਜ਼ਰੂਰ ਕਰਾਂਗੀ।” ਜਦ ਮਾਪੇ ਸ਼ਰਮ ਦੇ ਮਾਰੇ ਸੈਕਸ ਬਾਰੇ ਗੱਲ ਨਹੀਂ ਕਰਦੇ, ਤਾਂ ਬੱਚਿਆਂ ਦੀ ਰਾਖੀ ਨਹੀਂ ਹੁੰਦੀ। ਬੱਚਿਆਂ ਦਾ ਸ਼ੋਸ਼ਣ ਕਰਨ ਵਾਲੇ ਲੋਕ ਇਸੇ ਗੱਲ ਦਾ ਫ਼ਾਇਦਾ ਉਠਾਉਂਦੇ ਹਨ ਕਿ ਬੱਚਿਆਂ ਨੂੰ ਸੈਕਸ ਬਾਰੇ ਕੁਝ ਪਤਾ ਨਹੀਂ ਹੁੰਦਾ। ਮਹਾਨ ਸਿੱਖਿਅਕ ਪੁਸਤਕ ਵਿਚ ਇਸ ਵਿਸ਼ੇ ਨੂੰ ਸਹੀ ਢੰਗ ਨਾਲ ਸਮਝਾਇਆ ਗਿਆ ਹੈ। ਬੱਚਿਆਂ ਨੂੰ ਸੈਕਸ ਬਾਰੇ ਦੱਸਣ ਨਾਲ ਉਨ੍ਹਾਂ ਦੀ ਮਾਸੂਮੀਅਤ ਉੱਤੇ ਬੁਰਾ ਅਸਰ ਨਹੀਂ ਪੈਂਦਾ, ਪਰ ਜੇ ਤੁਸੀਂ ਇਨ੍ਹਾਂ ਗੱਲਾਂ ਬਾਰੇ ਉਨ੍ਹਾਂ ਨੂੰ ਨਾ ਦੱਸਿਆ, ਤਾਂ ਉਨ੍ਹਾਂ ਦੀ ਮਾਸੂਮੀਅਤ ਖੋਹ ਲਈ ਜਾ ਸਕਦੀ ਹੈ।

17. ਮਾਪਿਆਂ ਨੇ ਮਹਾਨ ਸਿੱਖਿਅਕ ਪੁਸਤਕ ਵਰਤ ਕੇ ਆਪਣੇ ਬੱਚਿਆਂ ਨੂੰ ਸੈਕਸ ਬਾਰੇ ਕਿਵੇਂ ਸਿਖਾਇਆ ਹੈ?

17ਮਹਾਨ ਸਿੱਖਿਅਕ ਪੁਸਤਕ ਦੇ 10ਵੇਂ ਅਧਿਆਇ ਵਿਚ ਬੁਰੇ ਦੂਤਾਂ ਬਾਰੇ ਗੱਲ ਕੀਤੀ ਗਈ ਹੈ ਜੋ ਸਵਰਗੋਂ ਉੱਤਰ ਕੇ ਧਰਤੀ ਉੱਤੇ ਤੀਵੀਆਂ ਨਾਲ ਬੱਚੇ ਪੈਦਾ ਕਰਨ ਆਏ ਸਨ। ਬੱਚਿਆਂ ਨੂੰ ਸਵਾਲ ਪੁੱਛਿਆ ਗਿਆ ਹੈ: “ਤੁਸੀਂ ਸੈਕਸ ਬਾਰੇ ਕੀ ਜਾਣਦੇ ਹੋ?” ਫਿਰ ਪੁਸਤਕ ਵਿਚ ਸੈਕਸ ਬਾਰੇ ਸੌਖਾ ਤੇ ਸਹੀ ਜਵਾਬ ਦਿੱਤਾ ਗਿਆ ਹੈ। ਇਸ ਤੋਂ ਬਾਅਦ 32ਵੇਂ ਅਧਿਆਇ ਵਿਚ ਸਮਝਾਇਆ ਗਿਆ ਹੈ ਕਿ ਬੱਚਿਆਂ ਨੂੰ ਉਨ੍ਹਾਂ ਦਾ ਸ਼ੋਸ਼ਣ ਕਰਨ ਵਾਲਿਆਂ ਤੋਂ ਕਿਸ ਤਰ੍ਹਾਂ ਬਚਾਇਆ ਜਾ ਸਕਦਾ ਹੈ। ਕਈ ਚਿੱਠੀਆਂ ਤੋਂ ਪਤਾ ਲੱਗਦਾ ਹੈ ਕਿ ਇਹ ਸਿੱਖਿਆ ਕਿੰਨੀ ਜ਼ਰੂਰੀ ਹੈ। ਇਕ ਚਿੱਠੀ ਵਿਚ ਲਿਖਿਆ ਗਿਆ: “ਪਿੱਛਲੇ ਹਫ਼ਤੇ ਮੈਂ ਆਪਣੇ ਪੁੱਤਰ ਜੇਵਨ ਨੂੰ ਡਾਕਟਰਨੀ ਕੋਲ ਲੈ ਕੇ ਗਈ। ਡਾਕਟਰਨੀ ਨੇ ਪੁੱਛਿਆ ਕਿ ਕੀ ਅਸੀਂ ਗੁਪਤ ਅੰਗਾਂ ਦੀ ਵਰਤੋਂ ਬਾਰੇ ਉਸ ਨਾਲ ਗੱਲ ਕੀਤੀ ਹੈ। ਉਹ ਬਹੁਤ ਖ਼ੁਸ਼ ਹੋਈ ਜਦ ਮੈਂ ਕਿਹਾ ਕਿ ਅਸੀਂ ਆਪਣੀ ਨਵੀਂ ਕਿਤਾਬ ਰਾਹੀਂ ਇਸ ਬਾਰੇ ਉਸ ਨੂੰ ਸਮਝਾ ਚੁੱਕੇ ਹਾਂ।”

18. ਮਹਾਨ ਸਿੱਖਿਅਕ ਪੁਸਤਕ ਵਿਚ ਦੇਸ਼-ਭਗਤੀ ਦੇ ਸੰਬੰਧ ਵਿਚ ਕਿਹੜੀ ਸਿੱਖਿਆ ਦਿੱਤੀ ਜਾਂਦੀ ਹੈ?

18 ਇਕ ਹੋਰ ਅਧਿਆਇ ਵਿਚ ਬਾਈਬਲ ਤੋਂ ਸ਼ਦਰਕ, ਮੇਸ਼ਕ ਅਤੇ ਅਬਦ-ਨਗੋ ਨਾਂ ਦੇ ਤਿੰਨ ਇਬਰਾਨੀ ਮੁੰਡਿਆਂ ਦੀ ਕਹਾਣੀ ਦੱਸੀ ਗਈ ਹੈ ਜਿਨ੍ਹਾਂ ਨੇ ਬਾਬਲੀ ਸਾਮਰਾਜ ਦਰਸਾਉਣ ਵਾਲੀ ਮੂਰਤੀ ਅੱਗੇ ਮੱਥਾ ਨਹੀਂ ਟੇਕਿਆ ਸੀ। (ਦਾਨੀਏਲ 3:1-30) ਮਹਾਨ ਸਿੱਖਿਅਕ ਕਿਤਾਬ ਵਿਚ ਮੂਰਤੀ ਨੂੰ ਮੱਥਾ ਟੇਕਣਾ ਝੰਡੇ ਨੂੰ ਸਲੂਟ ਮਾਰਨ ਦੇ ਬਰਾਬਰ ਦੱਸਿਆ ਗਿਆ ਹੈ। ਪਰ ਕਈ ਲੋਕ ਸ਼ਾਇਦ ਇਸ ਗੱਲ ਨੂੰ ਨਾ ਮੰਨਣ। ਫਿਰ ਵੀ, ਧਿਆਨ ਦਿਓ ਕਿ ਇਕ ਲੇਖਕ ਨੇ ਅਮਰੀਕੀ ਕੈਥੋਲਿਕ ਰਸਾਲੇ ਨੂੰ ਇੰਟਰਵਿਊ ਵਿਚ ਕੀ ਕਿਹਾ ਸੀ। ਉਸ ਨੇ ਦੱਸਿਆ ਕਿ ਸਕੂਲ ਦੇ ਪਹਿਲੇ ਦਿਨ ਤੋਂ ਬਾਅਦ ਜਦ ਉਸ ਦੀ ਧੀ ਘਰ ਆਈ, ਤਾਂ ਉਸ ਨੇ ਕਿਹਾ ਕਿ ਉਹ ਅੱਜ “ਸਕੂਲ ਵਿਚ ਨਵੀਂ ਪ੍ਰਾਰਥਨਾ” ਸਿੱਖ ਕੇ ਆਈ ਹੈ। ਉਸ ਦੇ ਪਿਤਾ ਨੇ ਉਸ ਨੂੰ ਉਹ ਪ੍ਰਾਰਥਨਾ ਸੁਣਾਉਣ ਲਈ ਕਿਹਾ। ਉਹ ਦੱਸਦਾ ਹੈ: “ਆਪਣੀ ਛਾਤੀ ਤੇ ਹੱਥ ਰੱਖ ਕੇ ਉਹ ਫ਼ਖ਼ਰ ਨਾਲ ਕਹਿਣ ਲੱਗੀ ‘ਮੈਂ ਝੰਡੇ ਦੀ ਭਗਤੀ ਕਰਾਂਗੀ।’” ਉਸ ਦੇ ਪਿਤਾ ਨੇ ਅੱਗੇ ਕਿਹਾ: “ਮੇਰੇ ਮਨ ਵਿਚ ਇਕਦਮ ਇਕ ਗੱਲ ਆਈ। ਯਹੋਵਾਹ ਦੇ ਗਵਾਹ ਬਿਲਕੁਲ ਸਹੀ ਹਨ। ਸਕੂਲਾਂ ਵਿਚ ਛੋਟੇ ਹੁੰਦਿਆਂ ਹੀ ਸਾਡੇ ਬੱਚਿਆਂ ਨੂੰ ਦੇਸ਼-ਭਗਤੀ ਕਰਨੀ ਸਿਖਾਈ ਜਾਂਦੀ ਹੈ।”

ਮਿਹਨਤ ਕਰਨ ਦੇ ਲਾਭ

19. ਬੱਚਿਆਂ ਨੂੰ ਸਿੱਖਿਆ ਦੇਣ ਦੇ ਕਿਹੜੇ ਲਾਭ ਹੁੰਦੇ ਹਨ?

19 ਮਾਪਿਓ, ਆਪਣੇ ਬੱਚਿਆਂ ਨੂੰ ਸਿੱਖਿਆ ਦੇਣ ਵਿਚ ਆਪਣੀ ਪੂਰੀ ਵਾਹ ਲਾਓ। ਤੁਹਾਡੀ ਮਿਹਨਤ ਵਿਅਰਥ ਨਹੀਂ ਹੋਵੇਗੀ। ਅਮਰੀਕਾ ਵਿਚ ਰਹਿੰਦੀ ਇਕ ਮਾਂ ਦੀਆਂ ਅੱਖਾਂ ਭਰ ਆਈਆਂ ਜਦ ਉਸ ਨੇ ਆਪਣੇ ਮੁੰਡੇ ਤੋਂ ਇਹ ਚਿੱਠੀ ਪੜ੍ਹੀ: “ਮੈਂ ਕਿੰਨਾ ਖ਼ੁਸ਼ ਹਾਂ ਕਿ ਤੁਸੀਂ ਮੇਰੀ ਚੰਗੀ ਤਰ੍ਹਾਂ ਪਰਵਰਿਸ਼ ਕੀਤੀ। ਤੁਸੀਂ ਮੈਨੂੰ ਆਪਣੇ ਪੈਰਾਂ ਤੇ ਖੜ੍ਹੇ ਹੋਣਾ ਸਿਖਾਇਆ। ਮੈਂ ਤੁਹਾਨੂੰ ਇਸ ਗੱਲ ਦੀ ਦਾਦ ਦਿੰਦਾ ਹਾਂ।” (ਕਹਾਉਤਾਂ 31:28) ਮਹਾਨ ਸਿੱਖਿਅਕ ਪੁਸਤਕ ਦੀ ਮਦਦ ਨਾਲ ਹੋਰ ਮਾਪੇ ਵੀ ਆਪਣੇ ਬੱਚਿਆਂ ਨੂੰ ਸਿਖਾ ਸਕਦੇ ਹਨ ਅਤੇ ਆਪਣੇ ਅਨਮੋਲ ਹੀਰਿਆਂ ਦੀ ਰਾਖੀ ਕਰ ਸਕਦੇ ਹਨ।

20. ਮਾਪਿਆਂ ਨੂੰ ਹਮੇਸ਼ਾ ਕੀ ਯਾਦ ਰੱਖਣਾ ਚਾਹੀਦਾ ਹੈ ਅਤੇ ਇਸ ਦਾ ਉਨ੍ਹਾਂ ਉੱਤੇ ਕੀ ਅਸਰ ਹੋਣਾ ਚਾਹੀਦਾ ਹੈ?

20 ਸਾਡੇ ਬੱਚੇ ਅਨਮੋਲ ਹਨ! ਧਿਆਨ ਨਾਲ ਉਨ੍ਹਾਂ ਦੀ ਦੇਖ-ਭਾਲ ਕਰਨ ਵਿਚ ਸਮਾਂ ਲਾਉਣਾ ਅਤੇ ਮਿਹਨਤ ਕਰਨੀ ਜ਼ਰੂਰੀ ਹੈ। ਉਹ ਬਹੁਤ ਜਲਦੀ ਵੱਡੇ ਹੋ ਜਾਂਦੇ ਹਨ। ਉਨ੍ਹਾਂ ਨਾਲ ਸਮਾਂ ਗੁਜ਼ਾਰਨ ਅਤੇ ਉਨ੍ਹਾਂ ਦੀ ਮਦਦ ਕਰਨ ਲਈ ਹਰ ਮੌਕੇ ਦਾ ਫ਼ਾਇਦਾ ਉਠਾਓ। ਇਸ ਤਰ੍ਹਾਂ ਕਰ ਕੇ ਤੁਸੀਂ ਕਦੀ ਨਹੀਂ ਪਛਤਾਓਗੇ। ਉਹ ਤੁਹਾਨੂੰ ਪਿਆਰ ਕਰਨਗੇ। ਹਮੇਸ਼ਾ ਯਾਦ ਰੱਖੋ ਕਿ ਤੁਹਾਡੇ ਬੱਚੇ ਪਰਮੇਸ਼ੁਰ ਦਾ ਵਰਦਾਨ ਹਨ। (ਜ਼ਬੂਰਾਂ ਦੀ ਪੋਥੀ 127:3-5) ਉਨ੍ਹਾਂ ਨਾਲ ਇਸ ਤਰ੍ਹਾਂ ਸਲੂਕ ਕਰੋ ਜਿਵੇਂ ਕਿ ਤੁਸੀਂ ਉਨ੍ਹਾਂ ਲਈ ਪਰਮੇਸ਼ੁਰ ਨੂੰ ਲੇਖਾ ਦੇਣਾ ਹੈ ਕਿਉਂਕਿ ਹਕੀਕਤ ਇਹ ਹੈ ਕਿ ਤੁਸੀਂ ਉਨ੍ਹਾਂ ਲਈ ਜ਼ਿੰਮੇਵਾਰ ਹੋ।

[ਫੁਟਨੋਟ]

^ ਪੈਰਾ 13 ਇਹ ਪੁਸਤਕ (Learn From the Great Teacher) ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ। ਇਸ ਦੇ 40ਵੇਂ ਅਧਿਆਇ ਦਾ ਵਿਸ਼ਾ ਹੈ “ਯਹੋਵਾਹ ਨੂੰ ਖ਼ੁਸ਼ ਕਿਵੇਂ ਕੀਤਾ ਜਾ ਸਕਦਾ ਹੈ।”

ਤੁਸੀਂ ਕੀ ਜਵਾਬ ਦਿਓਗੇ?

• ਮਾਪਿਆਂ ਨੂੰ ਖ਼ਾਸ ਕਰ ਕੇ ਹੁਣ ਆਪਣੇ ਬੱਚਿਆਂ ਦੀ ਰਾਖੀ ਕਰਨ ਦੀ ਕਿਉਂ ਲੋੜ ਹੈ?

• ਕਿਹੋ ਜਿਹੀ ਸਿੱਖਿਆ ਬੁੱਧ ਦਿੰਦੀ ਹੈ?

• ਅੱਜ ਤੁਹਾਨੂੰ ਆਪਣੇ ਬੱਚਿਆਂ ਨਾਲ ਕਿਨ੍ਹਾਂ ਵਿਸ਼ਿਆਂ ਉੱਤੇ ਗੱਲਬਾਤ ਕਰਨੀ ਚਾਹੀਦੀ ਹੈ?

• ਮਾਪਿਆਂ ਨੇ ਮਹਾਨ ਸਿੱਖਿਅਕ ਪੁਸਤਕ ਦੀ ਮਦਦ ਨਾਲ ਆਪਣੇ ਬੱਚਿਆਂ ਨੂੰ ਕਿਵੇਂ ਸਿਖਾਇਆ ਹੈ?

[ਸਵਾਲ]

[ਡੱਬੀ/ਸਫ਼ੇ 18, 19 ਉੱਤੇ ਤਸਵੀਰ]

ਹਰ ਉਮਰ ਦੇ ਲੋਕਾਂ ਲਈ ਕਿਤਾਬ

ਮਹਾਨ ਸਿੱਖਿਅਕ ਤੋਂ ਸਿੱਖੋ ਨਾਮਕ ਕਿਤਾਬ ਇਸ ਮਕਸਦ ਨਾਲ ਤਿਆਰ ਕੀਤੀ ਗਈ ਸੀ ਕਿ ਮਾਪੇ ਜਾਂ ਹੋਰ ਲੋਕ ਬੱਚਿਆਂ ਨੂੰ ਇਸ ਵਿੱਚੋਂ ਯਿਸੂ ਦੀਆਂ ਸਿੱਖਿਆਵਾਂ ਪੜ੍ਹ ਕੇ ਸੁਣਾਉਣ ਅਤੇ ਸਿਖਾਉਣ। ਪਰ ਵੱਡਿਆਂ ਨੇ ਵੀ ਇਸ ਕਿਤਾਬ ਨੂੰ ਪੜ੍ਹਿਆ ਹੈ ਤੇ ਇਸ ਵਿੱਚੋਂ ਸਿੱਖੀਆਂ ਗੱਲਾਂ ਲਈ ਕਦਰ ਜ਼ਾਹਰ ਕੀਤੀ ਹੈ।

ਅਮਰੀਕਾ ਦੇ ਟੈਕਸਸ ਰਾਜ ਦੇ ਰਹਿਣ ਵਾਲੇ ਇਕ ਆਦਮੀ ਨੇ ਕਿਹਾ: “ਮਹਾਨ ਸਿੱਖਿਅਕ ਪੁਸਤਕ ਸਮਝਣ ਵਿਚ ਬਹੁਤ ਆਸਾਨ ਹੈ ਤੇ ਇਹ ਹਰ ਉਮਰ ਦੇ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ। ਭਾਵੇਂ ਮੈਂ ਜਵਾਨੀ ਤੋਂ ਯਹੋਵਾਹ ਦੀ ਸੇਵਾ ਕਰ ਰਿਹਾ ਹਾਂ ਅਤੇ ਹੁਣ ਮੇਰੀ ਉਮਰ 76 ਸਾਲਾਂ ਦੀ ਹੈ, ਫਿਰ ਵੀ ਮੇਰੇ ਉੱਤੇ ਇਸ ਕਿਤਾਬ ਦਾ ਡੂੰਘਾ ਅਸਰ ਪਿਆ। ਇਸ ਕਿਤਾਬ ਲਈ ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ।”

ਇੰਗਲੈਂਡ ਦੇ ਸ਼ਹਿਰ ਲੰਡਨ ਤੋਂ ਇਕ ਪਾਠਕ ਕਹਿੰਦੀ ਹੈ: “ਇਸ ਵਿਚ ਦਿੱਤੀਆਂ ਸੋਹਣੀਆਂ ਤਸਵੀਰਾਂ ਮਾਪਿਆਂ ਤੇ ਬੱਚਿਆਂ ਦਾ ਦਿਲ ਮੋਹ ਲੈਂਦੀਆਂ ਹਨ। ਇਸ ਕਿਤਾਬ ਵਿਚ ਸਵਾਲ ਪੁੱਛਣ ਦਾ ਤਰੀਕਾ ਵੀ ਬਹੁਤ ਵਧੀਆ ਹੈ। ਇਹ ਵੀ ਬਹੁਤ ਵਧੀਆ ਗੱਲ ਹੈ ਕਿ ਇਸ ਵਿਚ ਨਾਜ਼ੁਕ ਵਿਸ਼ਿਆਂ ਉੱਤੇ ਗੱਲ ਕੀਤੀ ਗਈ ਹੈ, ਜਿਵੇਂ 32ਵੇਂ ਅਧਿਆਇ ਵਿਚ ਜਿਸ ਦਾ ਵਿਸ਼ਾ ਹੈ ‘ਯਿਸੂ ਕਿਵੇਂ ਸੁਰੱਖਿਅਤ ਰਿਹਾ।’” ਅਖ਼ੀਰ ਵਿਚ ਉਸ ਨੇ ਕਿਹਾ: “ਹਾਲਾਂਕਿ ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੇ ਬੱਚਿਆਂ ਨੂੰ ਧਿਆਨ ਵਿਚ ਰੱਖਦਿਆਂ ਤਿਆਰ ਕੀਤੀ ਗਈ ਹੈ, ਪਰ ਮੇਰੇ ਖ਼ਿਆਲ ਵਿਚ ਅਧਿਆਪਕ ਅਤੇ ਦੂਸਰੇ ਲੋਕ ਵੀ ਇਹ ਕਿਤਾਬ ਪੜ੍ਹਨੀ ਪਸੰਦ ਕਰਨਗੇ। ਮੈਂ ਇਸ ਕਿਤਾਬ ਦੀਆਂ ਗੱਲਾਂ ਦੂਸਰਿਆਂ ਨਾਲ ਸਾਂਝੀਆਂ ਕਰਨ ਲਈ ਉਤਾਵਲੀ ਹਾਂ।”

ਅਮਰੀਕਾ ਦੇ ਮੈਸੇਚਿਉਸੇਟਸ ਰਾਜ ਵਿਚ ਰਹਿਣ ਵਾਲੀ ਇਕ ਤੀਵੀਂ ਨੇ “ਬਹੁਤ ਸੋਚ-ਸਮਝ ਕੇ ਬਣਾਈਆਂ ਗਈਆਂ ਤਸਵੀਰਾਂ” ਦੀ ਤਾਰੀਫ਼ ਕੀਤੀ। ਉਸ ਨੇ ਲਿਖਿਆ: “ਭਾਵੇਂ ਇਹ ਕਿਤਾਬ ਬੱਚਿਆਂ ਲਈ ਤਿਆਰ ਕੀਤੀ ਗਈ ਹੈ, ਪਰ ਮੈਂ ਦੇਖਿਆ ਕਿ ਇਸ ਦੇ ਵਿਸ਼ੇ ਯਹੋਵਾਹ ਨਾਲ ਨਿੱਜੀ ਰਿਸ਼ਤਾ ਜੋੜਨ ਵਿਚ ਵੱਡਿਆਂ ਦੀ ਵੀ ਮਦਦ ਕਰ ਸਕਦੇ ਹਨ।”

ਅਮਰੀਕਾ ਦੇ ਮੇਨ ਰਾਜ ਤੋਂ ਇਕ ਤੀਵੀਂ ਨੇ ਖ਼ੁਸ਼ ਹੁੰਦਿਆਂ ਕਿਹਾ: “ਵਾਕਈ, ਇਹ ਬਹੁਤ ਹੀ ਵਧੀਆ ਕਿਤਾਬ ਹੈ! ਇਹ ਸਿਰਫ਼ ਬੱਚਿਆਂ ਲਈ ਹੀ ਨਹੀਂ, ਸਗੋਂ ਸਾਡੇ ਸਾਰਿਆਂ ਲਈ ਵੀ ਹੈ ਕਿਉਂਕਿ ਅਸੀਂ ਵੀ ਪਰਮੇਸ਼ੁਰ ਦੇ ਬੱਚੇ ਹਾਂ। ਇਸ ਨੇ ਮੇਰੇ ਦਿਲ ਦੀਆਂ ਗਹਿਰਾਈਆਂ ਨੂੰ ਧੁਰ ਅੰਦਰ ਤਕ ਛੋਹਿਆ ਹੈ ਤੇ ਮੈਨੂੰ ਸਕੂਨ ਮਿਲਿਆ। ਮੈਂ ਆਪਣੇ ਪਿਤਾ ਯਹੋਵਾਹ ਦੇ ਨੇੜੇ ਮਹਿਸੂਸ ਕਰਦੀ ਹਾਂ। ਉਸ ਨੇ ਮੇਰੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਕੀਤੀਆਂ ਹਨ ਜੋ ਸਾਲਾਂ ਤੋਂ ਮੈਨੂੰ ਸਤਾ ਰਹੀਆਂ ਸਨ ਤੇ ਨਾਲੇ ਉਸ ਨੇ ਆਪਣਾ ਮਕਸਦ ਸਪੱਸ਼ਟ ਕੀਤਾ ਹੈ।” ਅਖ਼ੀਰ ਵਿਚ ਉਸ ਨੇ ਕਿਹਾ: “ਮੈਂ ਹਰ ਕਿਸੇ ਨੂੰ ਇਹ ਕਿਤਾਬ ਪੜ੍ਹਨ ਦੀ ਸਲਾਹ ਦਿੰਦੀ ਹਾਂ।”

ਜਪਾਨ ਦੇ ਸ਼ਹਿਰ ਕੀਓਟੋ ਦੀ ਇਕ ਤੀਵੀਂ ਨੇ ਕਿਹਾ ਕਿ ਜਦੋਂ ਉਹ ਆਪਣੇ ਪੋਤੇ-ਪੋਤੀਆਂ ਨੂੰ ਇਸ ਕਿਤਾਬ ਵਿੱਚੋਂ ਪੜ੍ਹ ਕੇ ਸੁਣਾ ਰਹੀ ਸੀ, ਤਾਂ ਉਨ੍ਹਾਂ ਨੇ ਇਸ ਤਰ੍ਹਾਂ ਦੇ ਕਈ ਸਵਾਲ ਪੁੱਛੇ: “‘ਉਹ ਮੁੰਡਾ ਕੀ ਕਰ ਰਿਹਾ ਹੈ? ਇਸ ਕੁੜੀ ਨੂੰ ਕਿਉਂ ਝਿੜਕਿਆ ਜਾ ਰਿਹਾ ਹੈ? ਇਹ ਮਾਂ ਕੀ ਕਰ ਰਹੀ ਹੈ? ਇਹ ਸ਼ੇਰ ਕੀ ਕਰ ਰਿਹਾ ਹੈ?’ ਇਹ ਕਿਤਾਬ ਸਾਡੇ ਮਨ-ਪਸੰਦ ਦੀਆਂ ਗੱਲਾਂ ਸਿਖਾਉਂਦੀ ਹੈ, ਇਸ ਕਰਕੇ ਮੈਂ ਇਸ ਕਿਤਾਬ ਨੂੰ ਹੋਰਨਾਂ ਕਿਤਾਬਾਂ ਨਾਲੋਂ ਜ਼ਿਆਦਾ ਪਸੰਦ ਕਰਦੀ ਹਾਂ।”

ਕੈਨੇਡਾ ਦੇ ਸ਼ਹਿਰ ਕੈਲਗਰੀ ਵਿਚ ਰਹਿੰਦਾ ਇਕ ਪਿਤਾ ਕਹਿੰਦਾ ਹੈ ਕਿ ਜਿਉਂ ਹੀ ਉਸ ਨੂੰ ਇਹ ਕਿਤਾਬ ਮਿਲੀ, ਉਸ ਨੇ ਇਸ ਵਿੱਚੋਂ ਆਪਣੀ ਛੇ ਸਾਲ ਦੀ ਕੁੜੀ ਤੇ ਨੌਂ ਸਾਲ ਦੇ ਮੁੰਡੇ ਨੂੰ ਪੜ੍ਹ ਕੇ ਸੁਣਾਉਣਾ ਸ਼ੁਰੂ ਕਰ ਦਿੱਤਾ। ਉਹ ਕਹਿੰਦਾ ਹੈ: “ਬੱਚਿਆਂ ਨੂੰ ਇਹ ਕਿਤਾਬ ਬਹੁਤ ਹੀ ਪਸੰਦ ਆਈ। ਉਨ੍ਹਾਂ ਨੇ ਧਿਆਨ ਨਾਲ ਸੁਣਿਆ ਅਤੇ ਆਪਣੇ ਦਿਲੋਂ ਸਵਾਲਾਂ ਦੇ ਜਵਾਬ ਦਿੱਤੇ। ਉਹ ਵਧ-ਚੜ੍ਹ ਕੇ ਅਧਿਐਨ ਵਿਚ ਹਿੱਸਾ ਲੈਂਦੇ ਹਨ ਤੇ ਇਸ ਨਾਲ ਉਨ੍ਹਾਂ ਨੂੰ ਆਪਣੇ ਵਿਚਾਰ ਜ਼ਾਹਰ ਕਰਨ ਦਾ ਮੌਕਾ ਮਿਲਦਾ ਹੈ। ਇਸ ਕਿਤਾਬ ਨੂੰ ਪੜ੍ਹਨ ਲਈ ਉਹ ਇੰਨੇ ਉਤਸੁਕ ਹਨ ਕਿ ਮੇਰੀ ਧੀ ਹਰ ਰੋਜ਼ ਰਾਤ ਨੂੰ ਇਸ ਨਵੀਂ ਕਿਤਾਬ ਵਿੱਚੋਂ ਪੜ੍ਹਨਾ ਚਾਹੁੰਦੀ ਹੈ।”

ਇਸ ਪਿਤਾ ਨੇ ਕਿਹਾ ਕਿ ਇਕ ਵਾਰ ਸਟੱਡੀ ਤੋਂ ਬਾਅਦ “ਮੈਂ ਤੇ ਮੇਰਾ ਪੁੱਤਰ ਘੰਟਿਆਂ ਬੱਧੀ ਯਹੋਵਾਹ ਅਤੇ ਉਸ ਦੇ ਮਕਸਦਾਂ ਬਾਰੇ ਗੱਲਾਂ ਕਰਦੇ ਰਹੇ। ਉਸ ਨੇ ਕਿਤਾਬ ਸੰਬੰਧੀ ਬਹੁਤ ਸਾਰੇ ਸਵਾਲ ਪੁੱਛੇ। ਮੈਂ ਆਪਣੇ ਹੰਝੂਆਂ ਨੂੰ ਰੋਕ ਨਾ ਸਕਿਆ ਜਦੋਂ ਉਸ ਨੇ ਸੌਣ ਲੱਗਿਆਂ ਪੁੱਛਿਆ, ‘ਡੈਡੀ, ਕੀ ਆਪਾਂ ਹਰ ਵਾਰੀ ਇਸੇ ਤਰ੍ਹਾਂ ਗੱਲਬਾਤ ਕਰ ਸਕਦੇ ਹਾਂ? ਮੈਂ ਕਈ ਸਵਾਲ ਪੁੱਛਣੇ ਹਨ ਕਿਉਂਕਿ ਮੈਂ ਯਹੋਵਾਹ ਬਾਰੇ ਸਭ ਕੁਝ ਜਾਣਨਾ ਚਾਹੁੰਦਾ ਹਾਂ।’”

[ਸਫ਼ੇ 15 ਉੱਤੇ ਤਸਵੀਰ]

ਮਾਪਿਓ, ਤੁਸੀਂ ਮਾਨੋਆਹ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹੋ?

[ਸਫ਼ੇ 16 ਉੱਤੇ ਤਸਵੀਰ]

ਬੱਚਿਓ, ਤੁਸੀਂ ਤਿੰਨ ਇਬਰਾਨੀ ਮੁੰਡਿਆਂ ਤੋਂ ਕੀ ਸਿੱਖ ਸਕਦੇ ਹੋ?

[ਸਫ਼ੇ 17 ਉੱਤੇ ਤਸਵੀਰ]

“ਮਹਾਨ ਸਿੱਖਿਅਕ” ਪੁਸਤਕ ਦੀਆਂ ਤਸਵੀਰਾਂ ਅਤੇ ਸਿਰਲੇਖ ਸਿੱਖਿਆ ਦੇਣ ਲਈ ਵਧੀਆ ਹਨ

ਹਨਾਨਿਯਾਹ ਪਤਰਸ ਨੂੰ ਕਿਹੜੀ ਝੂਠੀ ਗੱਲ ਦੱਸ ਰਿਹਾ ਹੈ?

“ਸਾਨੂੰ ਹਰ ਵਕਤ ਕੌਣ ਦੇਖ ਸਕਦਾ ਹੈ?”