ਵਿਗਿਆਨ ਅਤੇ ਬਾਈਬਲ—ਕੀ ਦੋਵੇਂ ਸੱਚ-ਮੁੱਚ ਇਕ-ਦੂਜੇ ਦਾ ਖੰਡਨ ਕਰਦੇ ਹਨ?
ਵਿਗਿਆਨ ਅਤੇ ਬਾਈਬਲ—ਕੀ ਦੋਵੇਂ ਸੱਚ-ਮੁੱਚ ਇਕ-ਦੂਜੇ ਦਾ ਖੰਡਨ ਕਰਦੇ ਹਨ?
ਗਲੀਲੀਓ ਤੇ ਕੈਥੋਲਿਕ ਚਰਚ ਵਿਚ ਟਕਰਾਅ ਦੇ ਬੀ ਕੋਪਰਨਿਕਸ ਅਤੇ ਗਲੀਲੀਓ ਦੇ ਪੈਦਾ ਹੋਣ ਤੋਂ ਸਦੀਆਂ ਪਹਿਲਾਂ ਹੀ ਬੀਜ ਦਿੱਤੇ ਗਏ ਸਨ। ਪ੍ਰਾਚੀਨ ਯੂਨਾਨੀ ਲੋਕ ਭੂ-ਕੇਂਦਰੀ ਸਿਧਾਂਤ ਨੂੰ ਮੰਨਦੇ ਸਨ ਅਤੇ ਇਸ ਸਿਧਾਂਤ ਨੂੰ ਫ਼ਿਲਾਸਫ਼ਰ ਅਰਸਤੂ (384-322 ਸਾ.ਯੁ.ਪੂ.) ਅਤੇ ਖਗੋਲਵੇਤਾ ਤੇ ਜੋਤਸ਼-ਵਿਗਿਆਨੀ ਟਾਲਮੀ (ਦੂਜੀ ਸਦੀ ਸਾ.ਯੁ.) ਨੇ ਫੈਲਾਇਆ। *
ਬ੍ਰਹਿਮੰਡ ਬਾਰੇ ਅਰਸਤੂ ਦੇ ਵਿਚਾਰਾਂ ਉੱਤੇ ਯੂਨਾਨੀ ਗਣਿਤ-ਸ਼ਾਸਤਰੀ ਤੇ ਫ਼ਿਲਾਸਫ਼ਰ ਪਾਇਥਾਗੋਰਸ (ਛੇਵੀਂ ਸਦੀ ਸਾ.ਯੁ.ਪੂ.) ਦੇ ਵਿਚਾਰਾਂ ਦਾ ਕਾਫ਼ੀ ਅਸਰ ਸੀ। ਪਾਇਥਾਗੋਰਸ ਦਾ ਵਿਚਾਰ ਸੀ ਕਿ ਚੱਕਰ ਤੇ ਗੋਲੇ ਦੇ ਆਕਾਰ ਵਿਚ ਕੋਈ ਦੋਸ਼ ਨਹੀਂ ਸੀ। ਇਸ ਵਿਚਾਰ ਦੇ ਆਧਾਰ ਤੇ ਅਰਸਤੂ ਮੰਨਦਾ ਸੀ ਕਿ ਬ੍ਰਹਿਮੰਡ ਕਈ ਗੋਲਿਆਂ ਦੇ ਬਣੇ ਹੋਏ ਹਨ ਜੋ ਇਕ ਦੂਜੇ ਦੇ ਅੰਦਰ ਸਨ, ਜਿਵੇਂ ਪਿਆਜ਼ ਦੀਆਂ ਪਰਤਾਂ। ਹਰ ਪਰਤ ਬਲੌਰ (ਪਾਰਦਰਸ਼ੀ ਸ਼ੀਸ਼ਾ) ਦੀ ਬਣੀ ਹੋਈ ਸੀ ਤੇ ਧਰਤੀ ਇਸ ਦੇ ਕੇਂਦਰ ਵਿਚ ਸਥਿਤ ਸੀ। ਸਭ ਤੋਂ ਬਾਹਰਲਾ ਗੋਲਾ ਦੇਵੀ-ਦੇਵਤਿਆਂ ਦਾ ਨਿਵਾਸ ਸੀ ਅਤੇ ਇਸ ਦੇ ਅੰਦਰਲੇ ਗੋਲੇ ਵਿਚ ਤਾਰੇ ਗੋਲ ਚੱਕਰਾਂ ਵਿਚ ਘੁੰਮਦੇ ਸਨ। ਅਰਸਤੂ ਇਹ ਵੀ ਮੰਨਦਾ ਸੀ ਕਿ ਸੂਰਜ ਤੇ ਹੋਰ ਆਕਾਸ਼ੀ ਪਿੰਡ ਦੋਸ਼ਰਹਿਤ ਸਨ ਯਾਨੀ ਉਨ੍ਹਾਂ ਤੇ ਕੋਈ ਧੱਬਾ ਨਹੀਂ ਸੀ ਅਤੇ ਨਾ ਹੀ ਉਨ੍ਹਾਂ ਵਿਚ ਕੋਈ ਤਬਦੀਲੀ ਆ ਸਕਦੀ ਸੀ।
ਅਰਸਤੂ ਦਾ ਇਹ ਵਿਚਾਰ ਫ਼ਲਸਫ਼ੇ ਉੱਤੇ ਆਧਾਰਿਤ ਸੀ, ਨਾ ਕਿ ਵਿਗਿਆਨ ਉੱਤੇ। ਉਹ ਮੰਨਦਾ ਸੀ ਕਿ ਧਰਤੀ ਕਦੇ ਘੁੰਮ ਹੀ ਨਹੀਂ ਸਕਦੀ। ਉਸ ਨੇ ਇਸ ਵਿਚਾਰ ਨੂੰ ਵੀ
ਨਕਾਰਿਆ ਕਿ ਧਰਤੀ ਖਲਾਅ ਵਿਚ ਬਿਨਾਂ ਕਿਸੇ ਸਹਾਰੇ ਦੇ ਘੁੰਮ ਸਕਦੀ ਸੀ। ਉਸ ਦਾ ਕਹਿਣਾ ਸੀ ਕਿ ਧਰਤੀ ਦੇ ਘੁੰਮਣ ਨਾਲ ਪੈਦਾ ਹੋਈ ਰਗੜ ਕਰਕੇ ਧਰਤੀ ਇਕ ਨਾ ਇਕ ਦਿਨ ਰੁਕ ਜਾਵੇਗੀ। ਉਸ ਵੇਲੇ ਲੋਕਾਂ ਨੂੰ ਅਰਸਤੂ ਦਾ ਵਿਚਾਰ ਸਹੀ ਲੱਗਿਆ ਕਿਉਂਕਿ ਉਨ੍ਹਾਂ ਨੂੰ ਵਿਗਿਆਨ ਦੀ ਸਮਝ ਥੋੜ੍ਹੀ ਸੀ ਤੇ ਲੋਕ ਇਸ ਵਿਚਾਰ ਨੂੰ 2,000 ਸਾਲਾਂ ਤਕ ਮੰਨਦੇ ਰਹੇ। ਸੋਲਵੀਂ ਸਦੀ ਵਿਚ ਵੀ ਫਰਾਂਸੀਸੀ ਫ਼ਿਲਾਸਫ਼ਰ ਜ਼ੌਨ ਬੌਡਨ ਨੇ ਇਹ ਵਿਚਾਰ ਪੇਸ਼ ਕਰਦੇ ਹੋਏ ਕਿਹਾ: ‘ਕੋਈ ਵੀ ਸਮਝਦਾਰ ਜਾਂ ਭੌਤਿਕ ਵਿਗਿਆਨ ਦਾ ਗਿਆਨ ਰੱਖਣ ਵਾਲਾ ਵਿਅਕਤੀ ਕਦੇ ਨਹੀਂ ਸੋਚੇਗਾ ਕਿ ਐਡੀ ਭਾਰੀ ਧਰਤੀ ਆਪਣੇ ਧੁਰੇ ਦੁਆਲੇ ਤੇ ਸੂਰਜ ਦੁਆਲੇ ਘੁੰਮਦੀ ਹੈ ਕਿਉਂਕਿ ਧਰਤੀ ਦੇ ਥੋੜ੍ਹਾ ਜਿਹਾ ਹਿੱਲਣ ਨਾਲ ਸ਼ਹਿਰ, ਕਿਲੇ ਤੇ ਪਹਾੜ ਢਹਿ-ਢੇਰੀ ਹੋ ਜਾਣਗੇ।’ਚਰਚ ਨੇ ਅਰਸਤੂ ਦੇ ਵਿਚਾਰ ਨੂੰ ਅਪਣਾ ਲਿਆ
ਗਲੀਲੀਓ ਤੇ ਚਰਚ ਵਿਚ ਟਕਰਾਅ ਦਾ ਇਕ ਹੋਰ ਕਾਰਨ ਵੀ ਸੀ। ਤੇਰ੍ਹਵੀਂ ਸਦੀ ਦਾ ਕੈਥੋਲਿਕ ਪਾਦਰੀ ਟੌਮਸ ਅਕਵਾਈਨਸ (1225-74) ਅਰਸਤੂ ਦੀ ਬਹੁਤ ਇੱਜ਼ਤ ਕਰਦਾ ਸੀ ਤੇ ਉਸ ਨੂੰ ਮਹਾਨ ਫ਼ਿਲਾਸਫ਼ਰ ਮੰਨਦਾ ਸੀ। ਅਕਵਾਈਨਸ ਨੇ ਅਰਸਤੂ ਦੇ ਫ਼ਲਸਫ਼ੇ ਨੂੰ ਚਰਚ ਦੀਆਂ ਸਿੱਖਿਆਵਾਂ ਵਿਚ ਰਲਾਉਣ ਲਈ ਪੰਜ ਸਾਲ ਮਿਹਨਤ ਕੀਤੀ। ਗਲੀਲੀਓ ਦੀ ਗ਼ਲਤੀ (ਅੰਗ੍ਰੇਜ਼ੀ) ਨਾਂ ਦੀ ਆਪਣੀ ਕਿਤਾਬ ਵਿਚ ਵੇਡ ਰੋਲੰਡ ਕਹਿੰਦਾ ਹੈ ਕਿ ਗਲੀਲੀਓ ਦੇ ਜ਼ਮਾਨੇ ਵਿਚ ‘ਅਕਵਾਈਨਸ ਦੀ ਧਾਰਮਿਕ ਸਿੱਖਿਆ ਵਿਚ ਅਰਸਤੂ ਦਾ ਫ਼ਲਸਫ਼ਾ ਰਲ ਚੁੱਕਾ ਸੀ। ਇਹੋ ਰਲੀ-ਮਿਲੀ ਸਿੱਖਿਆ ਚਰਚ ਆਫ਼ ਰੋਮ ਦੀਆਂ ਸਿੱਖਿਆਵਾਂ ਦਾ ਆਧਾਰ ਬਣ ਗਈ।’ ਇਹ ਵੀ ਯਾਦ ਰੱਖੋ ਕਿ ਉਨ੍ਹੀਂ ਦਿਨੀਂ ਵਿਗਿਆਨੀਆਂ ਦਾ ਕੋਈ ਸੰਗਠਨ ਨਹੀਂ ਸੀ। ਪੜ੍ਹਾਈ ਦਾ ਸਾਰਾ ਕੰਮ-ਕਾਜ ਚਰਚ ਦੇ ਹੱਥਾਂ ਵਿਚ ਸੀ। ਚਰਚ ਹੀ ਧਰਮ ਤੇ ਵਿਗਿਆਨ ਸੰਬੰਧੀ ਫ਼ੈਸਲੇ ਕਰਦਾ ਸੀ।
ਇਸ ਤਰ੍ਹਾਂ ਚਰਚ ਤੇ ਗਲੀਲੀਓ ਵਿਚਕਾਰ ਟਕਰਾਅ ਦਾ ਮਾਹੌਲ ਪੈਦਾ ਹੋ ਗਿਆ। ਖਗੋਲ-ਵਿਗਿਆਨ ਦਾ ਅਧਿਐਨ ਕਰਨ ਤੋਂ ਪਹਿਲਾਂ ਹੀ ਗਲੀਲੀਓ ਨੇ ਗਤੀ ਉੱਤੇ ਇਕ ਲੇਖ ਲਿਖਿਆ ਸੀ। ਇਸ ਵਿਚ ਉਸ ਨੇ ਮਹਾਨ ਅਰਸਤੂ ਦੇ ਕਈ ਅਨੁਮਾਨਾਂ ਨੂੰ ਚੁਣੌਤੀ ਦਿੱਤੀ ਸੀ। ਪਰ ਸੂਰਜ-ਕੇਂਦਰੀ ਸਿਧਾਂਤ ਦਾ ਦ੍ਰਿੜ੍ਹਤਾ ਨਾਲ ਸਮਰਥਨ ਕਰਨ ਅਤੇ ਇਸ ਨੂੰ ਬਾਈਬਲ ਦੇ ਅਨੁਸਾਰ ਸਹੀ ਕਹਿਣ ਕਰਕੇ ਗਲੀਲੀਓ ਨੂੰ ਸੰਨ 1633 ਵਿਚ ਚਰਚ ਦੀ ਧਾਰਮਿਕ ਅਦਾਲਤ ਸਾਮ੍ਹਣੇ ਪੇਸ਼ ਹੋਣਾ ਪਿਆ।
ਆਪਣੀ ਸਫ਼ਾਈ ਪੇਸ਼ ਕਰਦਿਆਂ ਗਲੀਲੀਓ ਨੇ ਇਸ ਗੱਲ ਤੇ ਨਿਹਚਾ ਪ੍ਰਗਟਾਈ ਕਿ ਬਾਈਬਲ ਪਰਮੇਸ਼ੁਰ ਦਾ ਪ੍ਰੇਰਿਤ ਬਚਨ ਹੈ। ਉਸ ਨੇ ਇਹ ਵੀ ਦਲੀਲ ਦਿੱਤੀ ਕਿ ਬਾਈਬਲ ਆਮ ਲੋਕਾਂ ਲਈ ਲਿਖੀ ਗਈ ਸੀ, ਇਸ ਲਈ ਜਿਨ੍ਹਾਂ ਆਇਤਾਂ ਵਿਚ ਕਿਹਾ ਗਿਆ ਹੈ ਕਿ ਸੂਰਜ ਘੁੰਮਦਾ ਹੈ, ਉਨ੍ਹਾਂ ਦਾ ਸ਼ਾਬਦਿਕ ਮਤਲਬ ਨਹੀਂ ਕੱਢਿਆ ਜਾਣਾ ਚਾਹੀਦਾ। ਪਰ ਉਸ ਦੀਆਂ ਦਲੀਲਾਂ ਦਾ ਕੋਈ ਫ਼ਾਇਦਾ ਨਹੀਂ ਹੋਇਆ। ਉਸ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਕਿਉਂਕਿ ਉਸ ਨੇ ਬਾਈਬਲ ਨੂੰ ਸਮਝਾਉਣ ਲਈ ਯੂਨਾਨੀ ਫ਼ਲਸਫ਼ੇ ਦਾ ਸਹਾਰਾ ਨਹੀਂ ਲਿਆ! ਕਈ ਸਦੀਆਂ ਬਾਅਦ 1992 ਵਿਚ ਕੈਥੋਲਿਕ ਚਰਚ ਨੂੰ ਗਲੀਲੀਓ ਨਾਲ ਕੀਤੀ ਗਈ ਨਾਇਨਸਾਫ਼ੀ ਲਈ ਮਾਫ਼ੀ ਮੰਗਣੀ ਹੀ ਪਈ।
ਸਾਡੇ ਲਈ ਸਬਕ
ਅਸੀਂ ਇਨ੍ਹਾਂ ਘਟਨਾਵਾਂ ਤੋਂ ਕੀ ਸਿੱਖ ਸਕਦੇ ਹਾਂ? ਇਕ ਤਾਂ ਇਹ ਕਿ ਗਲੀਲੀਓ ਬਾਈਬਲ ਦੇ ਖ਼ਿਲਾਫ਼ ਬਿਲਕੁਲ ਨਹੀਂ ਸੀ, ਸਗੋਂ ਉਸ ਨੇ ਚਰਚ ਦੀਆਂ ਸਿੱਖਿਆਵਾਂ ਤੇ ਇਤਰਾਜ਼ ਕੀਤਾ ਸੀ। ਧਰਮ ਦੇ ਇਕ ਲੇਖਕ ਨੇ ਕਿਹਾ: ‘ਗਲੀਲੀਓ ਨੂੰ ਇਸ ਲਈ ਸਜ਼ਾ ਨਹੀਂ ਦਿੱਤੀ ਗਈ ਸੀ ਕਿ ਚਰਚ ਨੇ ਬਾਈਬਲ ਦੀਆਂ ਸੱਚਾਈਆਂ ਨੂੰ ਘੁੱਟ ਕੇ ਫੜਿਆ ਹੋਇਆ ਸੀ, ਸਗੋਂ ਇਸ ਲਈ ਕਿ ਚਰਚ ਬਾਈਬਲ ਦੀਆਂ ਸੱਚਾਈਆਂ ਉੱਤੇ ਪੱਕਾ ਨਹੀਂ ਰਿਹਾ।’ ਆਪਣੀਆਂ ਸਿੱਖਿਆਵਾਂ ਵਿਚ ਯੂਨਾਨੀ ਫ਼ਲਸਫ਼ਾ ਰਲਾਉਣ ਤੇ ਚਰਚ ਬਾਈਬਲ ਦੀਆਂ ਸਿੱਖਿਆਵਾਂ ਉੱਤੇ ਚੱਲਣ ਦੀ ਬਜਾਇ ਇਨਸਾਨੀ ਵਿਚਾਰਾਂ ਅੱਗੇ ਝੁਕ ਗਿਆ।
ਇਸ ਤੋਂ ਸਾਨੂੰ ਬਾਈਬਲ ਦੀ ਇਹ ਚੇਤਾਵਨੀ ਯਾਦ ਆਉਂਦੀ ਹੈ: “ਵੇਖਣਾ ਕਿਤੇ ਕੋਈ ਆਪਣੀ ਫ਼ੈਲਸੂਫ਼ੀ ਅਤੇ ਲਾਗ ਲਪੇਟ ਨਾਲ ਤੁਹਾਨੂੰ ਲੁੱਟ ਨਾ ਲਵੇ ਜੋ ਮਨੁੱਖਾਂ ਦੀਆਂ ਰੀਤਾਂ ਅਤੇ ਸੰਸਾਰ ਦੀਆਂ ਮੂਲ ਗੱਲਾਂ ਦੇ ਅਨੁਸਾਰ ਹਨ ਪਰ ਮਸੀਹ ਦੇ ਅਨੁਸਾਰ ਨਹੀਂ।”—ਕੁਲੁੱਸੀਆਂ 2:8.
ਅੱਜ ਵੀ ਈਸਾਈ-ਜਗਤ ਵਿਚ ਬਹੁਤ ਲੋਕ ਅਜਿਹੇ ਸਿਧਾਂਤਾਂ ਤੇ ਫ਼ਲਸਫ਼ਿਆਂ ਨੂੰ ਮੰਨਦੇ ਹਨ ਜੋ ਬਾਈਬਲ ਦੇ ਉਲਟ ਹਨ। ਇਸ ਦੀ ਇਕ ਉਦਾਹਰਣ ਹੈ ਡਾਰਵਿਨ ਦਾ ਵਿਕਾਸਵਾਦ ਦਾ ਸਿਧਾਂਤ। ਲੋਕਾਂ ਨੇ ਬਾਈਬਲ ਵਿਚ ਉਤਪਤ ਨਾਮਕ ਕਿਤਾਬ ਵਿਚ ਸ੍ਰਿਸ਼ਟੀ ਬਾਰੇ ਦਿੱਤੇ ਬਿਰਤਾਂਤ ਨੂੰ ਰੱਦ ਕਰ ਕੇ ਵਿਕਾਸਵਾਦ ਦੇ ਸਿਧਾਂਤ ਨੂੰ ਅਪਣਾ ਲਿਆ ਹੈ। ਕਹਿ ਸਕਦੇ ਹਾਂ ਕਿ ਉਨ੍ਹਾਂ ਨੇ ਡਾਰਵਿਨ ਨੂੰ ਅੱਜ ਦਾ ਅਰਸਤੂ ਅਤੇ ਵਿਕਾਸਵਾਦ ਦੇ ਸਿਧਾਂਤ ਨੂੰ ਧਾਰਮਿਕ ਵਿਸ਼ਵਾਸ ਬਣਾ ਦਿੱਤਾ ਹੈ। *
ਅਸਲੀ ਵਿਗਿਆਨ ਬਾਈਬਲ ਨਾਲ ਮੇਲ ਖਾਂਦਾ ਹੈ
ਉੱਪਰ ਦੱਸੀਆਂ ਗੱਲਾਂ ਤੋਂ ਇਹ ਸਿੱਟਾ ਨਹੀਂ ਕੱਢਿਆ ਜਾਣਾ ਚਾਹੀਦਾ ਕਿ ਸਾਨੂੰ ਵਿਗਿਆਨ ਵਿਚ ਕੋਈ ਦਿਲਚਸਪੀ ਨਹੀਂ ਲੈਣੀ ਚਾਹੀਦੀ। ਇਸ ਦੀ ਬਜਾਇ, ਬਾਈਬਲ ਸਾਨੂੰ ਉਤਸ਼ਾਹ ਦਿੰਦੀ ਹੈ ਕਿ ਅਸੀਂ ਪਰਮੇਸ਼ੁਰ ਦੇ ਹੱਥਾਂ ਦੀ ਕਾਰੀਗਰੀ ਬਾਰੇ ਸਿੱਖੀਏ ਅਤੇ ਇਸ ਤੋਂ ਪਰਮੇਸ਼ੁਰ ਦੇ ਲਾਜਵਾਬ ਗੁਣਾਂ ਨੂੰ ਜਾਣੀਏ। (ਯਸਾਯਾਹ 40:26; ਰੋਮੀਆਂ 1:20) ਬਾਈਬਲ ਵਿਚ ਵਿਗਿਆਨ ਦੀ ਸਿੱਖਿਆ ਨਹੀਂ ਦਿੱਤੀ ਗਈ, ਸਗੋਂ ਇਹ ਪਰਮੇਸ਼ੁਰ ਦੇ ਮਿਆਰਾਂ, ਇਨਸਾਨਾਂ ਲਈ ਉਸ ਦੇ ਮਕਸਦ ਅਤੇ ਉਸ ਦੀ ਸ਼ਖ਼ਸੀਅਤ ਦੇ ਉਨ੍ਹਾਂ ਪਹਿਲੂਆਂ ਬਾਰੇ ਦੱਸਦੀ ਹੈ ਜੋ ਸਾਨੂੰ ਸ੍ਰਿਸ਼ਟੀ ਤੋਂ ਪਤਾ ਨਹੀਂ ਲੱਗ ਸਕਦੇ। (ਜ਼ਬੂਰਾਂ ਦੀ ਪੋਥੀ 19:7-11; 2 ਤਿਮੋਥਿਉਸ 3:16) ਪਰ ਜਦੋਂ ਬਾਈਬਲ ਕਿਸੇ ਕੁਦਰਤੀ ਪ੍ਰਕ੍ਰਿਆ ਬਾਰੇ ਗੱਲ ਕਰਦੀ ਹੈ, ਤਾਂ ਇਹ ਹਮੇਸ਼ਾ ਵਿਗਿਆਨਕ ਤੌਰ ਤੇ ਸਹੀ ਹੁੰਦੀ ਹੈ। ਗਲੀਲੀਓ ਨੇ ਆਪ ਕਿਹਾ ਸੀ: “ਪਵਿੱਤਰ ਸ਼ਾਸਤਰ ਅਤੇ ਕੁਦਰਤ ਦੋਵੇਂ ਪਰਮੇਸ਼ੁਰ ਦੀ ਰਚਨਾ ਹਨ . . . ਦੋ ਸੱਚਾਈਆਂ ਇਕ-ਦੂਜੇ ਦਾ ਵਿਰੋਧ ਨਹੀਂ ਕਰ ਸਕਦੀਆਂ।” ਆਓ ਆਪਾਂ ਕੁਝ ਉਦਾਹਰਣਾਂ ਉੱਤੇ ਵਿਚਾਰ ਕਰੀਏ।
ਤਾਰਿਆਂ ਤੇ ਗ੍ਰਹਿਆਂ ਦੀ ਗਤੀ ਨਾਲੋਂ ਵੀ ਜ਼ਿਆਦਾ ਬੁਨਿਆਦੀ ਸੱਚਾਈ ਇਹ ਹੈ ਕਿ ਬ੍ਰਹਿਮੰਡ ਵਿਚ ਹਰ ਚੀਜ਼ ਨਿਯਮਾਂ ਦੇ ਅਧੀਨ ਹੈ, ਜਿਵੇਂ ਗੁਰੂਤਾ ਦਾ ਨਿਯਮ। ਬਾਈਬਲ ਤੋਂ ਇਲਾਵਾ, ਪਾਇਥਾਗੋਰਸ ਨੇ ਵੀ ਭੌਤਿਕ ਨਿਯਮਾਂ ਬਾਰੇ ਗੱਲ ਕੀਤੀ ਸੀ ਜੋ ਮੰਨਦਾ ਸੀ ਕਿ ਬ੍ਰਹਿਮੰਡ ਨੂੰ ਅੰਕਾਂ ਦੀ ਮਦਦ ਨਾਲ ਸਮਝਾਇਆ ਜਾ ਸਕਦਾ ਸੀ। ਦੋ ਹਜ਼ਾਰ ਸਾਲ ਬਾਅਦ, ਅਖ਼ੀਰ ਗਲੀਲੀਓ, ਕੈਪਲਰ ਤੇ ਨਿਊਟਨ ਨੇ ਇਹ ਸਾਬਤ ਕਰ ਦਿੱਤਾ ਕਿ ਹਰ ਚੀਜ਼ ਭੌਤਿਕ ਨਿਯਮਾਂ ਦੇ ਅਧੀਨ ਹੈ।
ਕੁਦਰਤੀ ਨਿਯਮਾਂ ਬਾਰੇ ਬਾਈਬਲ ਦੀ ਅੱਯੂਬ ਦੀ ਕਿਤਾਬ ਵਿਚ ਹਵਾਲਾ ਦਿੱਤਾ ਗਿਆ ਹੈ। ਤਕਰੀਬਨ ਸੰਨ 1600 ਸਾ.ਯੁ.ਪੂ. ਵਿਚ ਪਰਮੇਸ਼ੁਰ ਨੇ ਅੱਯੂਬ ਨੂੰ ਪੁੱਛਿਆ: ‘ਕੀ ਤੂੰ ਅਕਾਸ਼ ਦੀਆਂ ਬਿਧੀਆਂ ਜਾਂ ਨਿਯਮਾਂ ਨੂੰ ਜਾਣਦਾ ਹੈਂ?’ (ਅੱਯੂਬ 38:33) ਯਿਰਮਿਯਾਹ ਦੀ ਕਿਤਾਬ ਸੱਤਵੀਂ ਸਦੀ ਸਾ.ਯੁ.ਪੂ. ਵਿਚ ਲਿਖੀ ਗਈ ਸੀ। ਇਸ ਕਿਤਾਬ ਵਿਚ ਯਹੋਵਾਹ ਨੂੰ ‘ਚੰਦ ਅਤੇ ਤਾਰਿਆਂ ਦੀ ਬਿਧੀ’ ਅਤੇ ‘ਅਕਾਸ਼ ਅਤੇ ਧਰਤੀ ਦੀਆਂ ਬਿਧੀਆਂ’ ਦਾ ਬਣਾਉਣ ਵਾਲਾ ਕਿਹਾ ਗਿਆ ਹੈ। (ਯਿਰਮਿਯਾਹ 31:35; 33:25) ਇਨ੍ਹਾਂ ਆਇਤਾਂ ਨੂੰ ਧਿਆਨ ਵਿਚ ਰੱਖਦਿਆਂ ਬਾਈਬਲ ਦੇ ਟੀਕਾਕਾਰ ਜੀ. ਰੌਲਨਸਨ ਨੇ ਕਿਹਾ: “ਕੁਦਰਤ ਵਿਚ ਪਾਏ ਜਾਂਦੇ ਨਿਯਮਾਂ ਦਾ ਪਵਿੱਤਰ ਲਿਖਤਾਂ ਦੇ ਲਿਖਾਰੀਆਂ ਨੇ ਉੱਨੀ ਹੀ ਦ੍ਰਿੜ੍ਹਤਾ ਨਾਲ ਸਮਰਥਨ ਕੀਤਾ ਜਿੰਨਾ ਕਿ ਆਧੁਨਿਕ ਵਿਗਿਆਨ ਦੇ ਲਿਖਾਰੀ ਕਰਦੇ ਹਨ।”
ਪਾਇਥਾਗੋਰਸ ਦੁਆਰਾ ਕੁਦਰਤੀ ਨਿਯਮਾਂ ਦੀ ਖੋਜ ਕਰਨ ਤੋਂ ਇਕ ਹਜ਼ਾਰ ਸਾਲ ਪਹਿਲਾਂ ਹੀ ਅੱਯੂਬ ਨੇ ਇਨ੍ਹਾਂ ਨਿਯਮਾਂ ਬਾਰੇ ਦੱਸ ਦਿੱਤਾ ਸੀ। ਇਹ ਗੱਲ ਯਾਦ ਰੱਖੋ ਕਿ ਬਾਈਬਲ ਦਾ ਮਕਸਦ ਭੌਤਿਕ ਚੀਜ਼ਾਂ ਬਾਰੇ ਸੱਚਾਈਆਂ ਦੱਸਣਾ ਨਹੀਂ ਹੈ, ਸਗੋਂ ਸਾਡੇ ਮਨ ਵਿਚ ਇਹ ਗੱਲ ਬਿਠਾਉਣੀ ਹੈ ਕਿ ਯਹੋਵਾਹ ਸਾਰੀਆਂ ਚੀਜ਼ਾਂ ਦਾ ਸਿਰਜਣਹਾਰ ਹੈ, ਇੱਥੋਂ ਤਕ ਕਿ ਭੌਤਿਕ ਨਿਯਮਾਂ ਦਾ ਵੀ।—ਅੱਯੂਬ 38:4, 12; 42:1, 2.
ਅਸੀਂ ਪਾਣੀ ਦੇ ਚੱਕਰ ਤੇ ਵੀ ਗੌਰ ਕਰ ਸਕਦੇ ਹਾਂ। ਪਾਣੀ ਦੇ ਚੱਕਰ ਵਿਚ ਸਮੁੰਦਰਾਂ ਦਾ ਪਾਣੀ ਭਾਫ਼ ਬਣ ਕੇ ਉੱਪਰ ਉੱਠਦਾ ਹੈ ਜਿਸ ਦੇ ਬੱਦਲ ਬਣਦੇ ਹਨ। ਫਿਰ ਇਹ ਪਾਣੀ ਮੀਂਹ ਦੇ ਰੂਪ ਵਿਚ ਜ਼ਮੀਨ ਤੇ ਡਿੱਗਦਾ ਹੈ ਤੇ ਅਖ਼ੀਰ ਵਾਪਸ ਸਮੁੰਦਰਾਂ ਵਿਚ ਚਲਾ ਜਾਂਦਾ ਹੈ। ਇਸ ਚੱਕਰ ਬਾਰੇ ਬਾਈਬਲ ਤੋਂ ਇਲਾਵਾ ਹੋਰ ਹਵਾਲੇ ਚੌਥੀ ਸਦੀ ਸਾ.ਯੁ.ਪੂ. ਦੀਆਂ ਕਿਤਾਬਾਂ ਵਿਚ ਮਿਲਦੇ ਹਨ। ਪਰ ਬਾਈਬਲ ਵਿਚ ਇਸ ਚੱਕਰ ਬਾਰੇ ਇਨ੍ਹਾਂ ਕਿਤਾਬਾਂ ਤੋਂ ਸੈਂਕੜੇ ਸਾਲ ਪਹਿਲਾਂ ਦੱਸ ਦਿੱਤਾ ਗਿਆ ਸੀ। ਉਦਾਹਰਣ ਲਈ, 11ਵੀਂ ਸਦੀ ਸਾ.ਯੁ.ਪੂ. ਵਿਚ ਇਸਰਾਏਲ ਦੇ ਰਾਜਾ ਸੁਲੇਮਾਨ ਨੇ ਲਿਖਿਆ ਸੀ: “ਸਾਰੀਆਂ ਨਦੀਆਂ ਸਮੁੰਦਰ ਵਿੱਚ ਜਾ ਪੈਂਦੀਆਂ ਹਨ, ਪਰ ਸਮੁੰਦਰ ਨਹੀਂ ਭਰੀਦਾ। ਓਸੇ ਥਾਂ ਨੂੰ ਜਿੱਥੋਂ ਨਦੀਆਂ ਨਿੱਕਲੀਆਂ, ਉੱਥੇ ਹੀ ਮੁੜ ਜਾਂਦੀਆਂ ਹਨ।”—ਉਪਦੇਸ਼ਕ ਦੀ ਪੋਥੀ 1:7.
ਇਸੇ ਤਰ੍ਹਾਂ ਲਗਭਗ 800 ਸਾ.ਯੁ.ਪੂ. ਵਿਚ ਇਕ ਗ਼ਰੀਬ ਚਰਵਾਹੇ ਤੇ ਕਿਸਾਨ, ਨਬੀ ਆਮੋਸ ਨੇ ਲਿਖਿਆ ਕਿ ਯਹੋਵਾਹ “ਸਮੁੰਦਰ ਦੇ ਪਾਣੀਆਂ ਨੂੰ ਸੱਦਦਾ ਹੈ, ਅਤੇ ਓਹਨਾਂ ਨੂੰ ਧਰਤੀ ਉੱਤੇ ਵਹਾਉਂਦਾ ਹੈ।” (ਆਮੋਸ 5:8) ਸੁਲੇਮਾਨ ਤੇ ਆਮੋਸ ਦੋਵਾਂ ਨੇ ਔਖੀ ਤਕਨੀਕੀ ਭਾਸ਼ਾ ਵਰਤੇ ਬਿਨਾਂ ਦੋ ਵੱਖੋ-ਵੱਖਰੇ ਦ੍ਰਿਸ਼ਟੀਕੋਣਾਂ ਤੋਂ ਪਾਣੀ ਦੇ ਚੱਕਰ ਬਾਰੇ ਬਿਲਕੁਲ ਸਹੀ ਜਾਣਕਾਰੀ ਦਿੱਤੀ।
ਬਾਈਬਲ ਵਿਚ ਇਹ ਵੀ ਦੱਸਿਆ ਹੈ ਕਿ ਪਰਮੇਸ਼ੁਰ “ਧਰਤੀ ਨੂੰ ਬਿਨਾ ਸਹਾਰੇ ਦੇ ਲਟਕਾਉਂਦਾ ਹੈ।” (ਅੱਯੂਬ 26:7) ਸੰਨ 1600 ਸਾ.ਯੁ.ਪੂ. ਵਿਚ ਲੋਕਾਂ ਦੇ ਇਸ ਵਿਸ਼ੇ ਬਾਰੇ ਗ਼ਲਤ ਗਿਆਨ ਨੂੰ ਧਿਆਨ ਵਿਚ ਰੱਖਦਿਆਂ ਇਕ ਆਦਮੀ ਲਈ ਇਹ ਕਹਿਣਾ ਮਾਅਰਕੇ ਦੀ ਗੱਲ ਸੀ ਕਿ ਇਕ ਠੋਸ ਚੀਜ਼ ਬਿਨਾਂ ਸਹਾਰੇ ਦੇ ਖਲਾਅ ਵਿਚ ਲਟਕੀ ਰਹਿ ਸਕਦੀ ਹੈ, ਜਦ ਕਿ ਅੱਯੂਬ ਤੋਂ 1,200 ਸਾਲ ਬਾਅਦ ਪੈਦਾ ਹੋਏ ਅਰਸਤੂ ਨੇ ਕਿਹਾ ਸੀ ਕਿ ਖਲਾਅ ਨਾਂ ਦੀ ਕੋਈ ਚੀਜ਼ ਨਹੀਂ!
ਕੀ ਇਹ ਹੈਰਾਨੀ ਦੀ ਗੱਲ ਨਹੀਂ ਕਿ ਬਾਈਬਲ ਨੇ ਆਪਣੇ ਦਿਨਾਂ ਵਿਚ ਪ੍ਰਚਲਿਤ ਗ਼ਲਤ ਸਿੱਖਿਆਵਾਂ ਦੇ ਬਾਵਜੂਦ ਵਿਗਿਆਨਕ ਤੌਰ ਤੇ ਬਿਲਕੁਲ ਸਹੀ ਗੱਲਾਂ ਦੱਸੀਆਂ? ਸਮਝਦਾਰ ਲੋਕਾਂ ਲਈ ਇਹ ਇਕ ਹੋਰ ਸਬੂਤ ਹੈ ਕਿ ਬਾਈਬਲ ਪਰਮੇਸ਼ੁਰ ਦਾ ਬਚਨ ਹੈ। ਇਸ ਲਈ ਸਾਨੂੰ ਸਮਝਦਾਰ ਬਣਨਾ ਚਾਹੀਦਾ ਹੈ ਤਾਂਕਿ ਬਾਈਬਲ ਦਾ ਵਿਰੋਧ ਕਰਨ ਵਾਲੀ ਕਿਸੇ ਸਿੱਖਿਆ ਜਾਂ ਸਿਧਾਂਤ ਵਿਚ ਆ ਕੇ ਗੁਮਰਾਹ ਨਾ ਹੋਈਏ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਇਨਸਾਨ ਦਾ ਫ਼ਲਸਫ਼ਾ, ਚਾਹੇ ਇਹ ਫ਼ਲਸਫ਼ਾ ਵੱਡੇ-ਵੱਡੇ ਵਿਦਵਾਨਾਂ ਦਾ ਹੀ ਕਿਉਂ ਨਾ ਹੋਵੇ, ਆਉਂਦਾ-ਜਾਂਦਾ ਰਹਿੰਦਾ ਹੈ, ਜਦ ਕਿ “ਪ੍ਰਭੁ ਦਾ ਬਚਨ ਸਦਾ ਤੀਕ ਕਾਇਮ ਰਹਿੰਦਾ ਹੈ।”—1 ਪਤਰਸ 1:24.
[ਫੁਟਨੋਟ]
^ ਪੈਰਾ 2 ਤੀਜੀ ਸਦੀ ਸਾ.ਯੁ.ਪੂ. ਵਿਚ ਸਾਮੁਸ ਦੇ ਰਹਿਣ ਵਾਲੇ ਯੂਨਾਨੀ ਅਰਿਸਤਰਖੁਸ ਨੇ ਇਹ ਵਿਚਾਰ ਪੇਸ਼ ਕੀਤਾ ਸੀ ਕਿ ਸੂਰਜ ਬ੍ਰਹਿਮੰਡ ਦਾ ਕੇਂਦਰ ਹੈ, ਪਰ ਲੋਕਾਂ ਨੇ ਇਸ ਨੂੰ ਸੱਚ ਨਹੀਂ ਮੰਨਿਆ, ਸਗੋਂ ਅਰਸਤੂ ਦੇ ਵਿਚਾਰ ਨੂੰ ਪਸੰਦ ਕੀਤਾ।
^ ਪੈਰਾ 12 ਇਸ ਉੱਤੇ ਡੂੰਘਾਈ ਨਾਲ ਅਧਿਐਨ ਕਰਨ ਲਈ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਕਿਤਾਬ ਜੀਵਨ ਦੀ ਸ਼ੁਰੂਆਤ ਕਿਵੇਂ ਹੋਈ? ਕ੍ਰਮ-ਵਿਕਾਸ ਦੁਆਰਾ ਜਾਂ ਸ੍ਰਿਸ਼ਟੀ ਦੁਆਰਾ? (ਅੰਗ੍ਰੇਜ਼ੀ) ਦਾ ਅਧਿਆਇ 15, “ਬਹੁਤ ਸਾਰੇ ਵਿਕਾਸਵਾਦ ਨੂੰ ਕਿਉਂ ਮੰਨਦੇ ਹਨ?” ਦੇਖੋ।
[ਸਫ਼ੇ 6 ਉੱਤੇ ਡੱਬੀ/ਤਸਵੀਰ]
ਪ੍ਰੋਟੈਸਟੈਂਟ ਧਰਮ ਦਾ ਰਵੱਈਆ
ਪ੍ਰੋਟੈਸਟੈਂਟ ਸੁਧਾਰ ਅੰਦੋਲਨ ਦੇ ਆਗੂਆਂ ਨੇ ਵੀ ਸੂਰਜ-ਕੇਂਦਰੀ ਸਿਧਾਂਤ ਦਾ ਵਿਰੋਧ ਕੀਤਾ ਸੀ। ਇਨ੍ਹਾਂ ਆਗੂਆਂ ਵਿਚ ਮਾਰਟਿਨ ਲੂਥਰ (1483-1546), ਫੀਲਿੱਪ ਮਿਲੈਂਕਥਨ (1497-1560) ਅਤੇ ਜੌਨ ਕੈਲਵਿਨ (1509-64) ਸ਼ਾਮਲ ਸਨ। ਲੂਥਰ ਨੇ ਕੋਪਰਨਿਕਸ ਬਾਰੇ ਕਿਹਾ ਸੀ: “ਇਹ ਮੂਰਖ ਪੂਰੇ ਦੇ ਪੂਰੇ ਖਗੋਲ-ਵਿਗਿਆਨ ਨੂੰ ਬਦਲਣਾ ਚਾਹੁੰਦਾ ਹੈ।”
ਪ੍ਰੋਟੈਸਟੈਂਟ ਆਗੂਆਂ ਨੇ ਸੂਰਜ-ਕੇਂਦਰੀ ਸਿਧਾਂਤ ਦਾ ਵਿਰੋਧ ਕੀਤਾ ਕਿਉਂਕਿ ਉਨ੍ਹਾਂ ਨੇ ਬਾਈਬਲ ਦੀਆਂ ਕੁਝ ਆਇਤਾਂ ਨੂੰ ਸ਼ਾਬਦਿਕ ਅਰਥ ਵਿਚ ਲਿਆ ਸੀ, ਜਿਵੇਂ ਯਹੋਸ਼ੁਆ ਅਧਿਆਇ 10 ਵਿਚ ਦਿੱਤਾ ਬਿਰਤਾਂਤ ਜਿਸ ਵਿਚ ਕਿਹਾ ਗਿਆ ਹੈ ਕਿ ਸੂਰਜ ਤੇ ਚੰਨ ‘ਠਹਿਰਿਆ ਰਿਹਾ।’ * ਇਨ੍ਹਾਂ ਆਗੂਆਂ ਨੇ ਭੂ-ਕੇਂਦਰੀ ਸਿਧਾਂਤ ਦਾ ਕਿਉਂ ਸਮਰਥਨ ਕੀਤਾ? ਗਲੀਲੀਓ ਦੀ ਗ਼ਲਤੀ ਨਾਂ ਦੀ ਕਿਤਾਬ ਵਿਚ ਦੱਸਿਆ ਗਿਆ ਹੈ ਕਿ ਭਾਵੇਂ ਪ੍ਰੋਟੈਸਟੈਂਟ ਸੁਧਾਰਕਾਂ ਨੇ ਰੋਮਨ ਕੈਥੋਲਿਕ ਚਰਚ ਨਾਲੋਂ ਆਪਣਾ ਨਾਤਾ ਤੋੜ ਲਿਆ ਸੀ, ਪਰ ਉਨ੍ਹਾਂ ਨੇ ਅਰਸਤੂ ਤੇ ਟੌਮਸ ਅਕਵਾਈਨਸ ਦੇ ਫ਼ਲਸਫ਼ਿਆਂ ਨੂੰ ਨਹੀਂ ਛੱਡਿਆ ਜਿਨ੍ਹਾਂ ਨੂੰ “ਕੈਥੋਲਿਕ ਤੇ ਪ੍ਰੋਟੈਸਟੈਂਟ ਦੋਵੇਂ ਮੰਨਦੇ ਸਨ।”
[ਫੁਟਨੋਟ]
^ ਪੈਰਾ 28 ਵਿਗਿਆਨਕ ਤੌਰ ਤੇ“ਸੂਰਜ ਨਿਕਲਣਾ” ਤੇ “ਸੂਰਜ ਡੁੱਬਣਾ” ਕਹਿਣਾ ਗ਼ਲਤ ਹੈ। ਪਰ ਆਮ ਤੌਰ ਤੇ ਗੱਲਬਾਤ ਕਰਦੇ ਸਮੇਂ ਇਹ ਕਹਿਣਾ ਗ਼ਲਤ ਨਹੀਂ ਹੈ ਕਿਉਂਕਿ ਧਰਤੀ ਤੋਂ ਦੇਖਣ ਤੇ ਇਹੋ ਲੱਗਦਾ ਹੈ ਕਿ ਸੂਰਜ ਨਿਕਲਦਾ ਤੇ ਡੁੱਬਦਾ ਹੈ। ਇਸ ਤੋਂ ਇਲਾਵਾ, ਯਹੋਸ਼ੁਆ ਖਗੋਲ-ਵਿਗਿਆਨ ਉੱਤੇ ਗੱਲ ਨਹੀਂ ਕਰ ਰਿਹਾ ਸੀ; ਉਹ ਸਿਰਫ਼ ਦੱਸ ਰਿਹਾ ਸੀ ਕਿ ਉਸ ਨੇ ਕੀ ਦੇਖਿਆ।
[ਤਸਵੀਰ]
ਲੂਥਰ
ਕੈਲਵਿਨ
[ਕ੍ਰੈਡਿਟ ਲਾਈਨ]
ਸੋਮਾ: Servetus and Calvin, 1877
[ਸਫ਼ੇ 4 ਉੱਤੇ ਤਸਵੀਰ]
ਅਰਸਤੂ
[ਕ੍ਰੈਡਿਟ ਲਾਈਨ]
ਸੋਮਾ: A General History for Colleges and High Schools, 1900
[ਸਫ਼ੇ 5 ਉੱਤੇ ਤਸਵੀਰ]
ਟੌਮਸ ਅਕਵਾਈਨਸ
[ਕ੍ਰੈਡਿਟ ਲਾਈਨ]
From the book Encyclopedia of Religious Knowledge, 1855
[ਸਫ਼ੇ 6 ਉੱਤੇ ਤਸਵੀਰ]
ਆਈਜ਼ਕ ਨਿਊਟਨ
[ਸਫ਼ੇ 7 ਉੱਤੇ ਤਸਵੀਰ]
ਬਾਈਬਲ ਨੇ 3,000 ਸਾਲ ਪਹਿਲਾਂ ਹੀ ਪਾਣੀ ਦੇ ਚੱਕਰ ਬਾਰੇ ਦੱਸ ਦਿੱਤਾ ਸੀ