ਅਨੁਵਾਦ ਦੇ ਕੰਮ ਵਿਚ ਇਕ ਮਦਦਗਾਰ ਕਿਤਾਬ
ਅਨੁਵਾਦ ਦੇ ਕੰਮ ਵਿਚ ਇਕ ਮਦਦਗਾਰ ਕਿਤਾਬ
ਯਹੋਵਾਹ ਪਰਮੇਸ਼ੁਰ ਨੇ ਬਾਈਬਲ ਲਿਖਵਾਈ ਹੈ ਤੇ ਉਹ ਚਾਹੁੰਦਾ ਹੈ ਕਿ “ਹਰੇਕ ਕੌਮ ਅਤੇ ਗੋਤ ਅਤੇ ਭਾਖਿਆ ਅਤੇ ਉੱਮਤ ਨੂੰ” ਉਸ ਦੇ ਰਾਜ ਦੀ ਖ਼ੁਸ਼ ਖ਼ਬਰੀ ਪਤਾ ਲੱਗੇ। (ਪਰਕਾਸ਼ ਦੀ ਪੋਥੀ 14:6) ਉਸ ਦੀ ਇੱਛਾ ਹੈ ਕਿ ਸਾਰੇ ਲੋਕ ਉਸ ਦਾ ਬਚਨ ਪੜ੍ਹ ਸਕਣ। ਇਸੇ ਕਰਕੇ ਬਾਈਬਲ ਦਾ ਦੁਨੀਆਂ ਦੀ ਹੋਰ ਕਿਸੇ ਵੀ ਕਿਤਾਬ ਨਾਲੋਂ ਕਿਤੇ ਜ਼ਿਆਦਾ ਭਾਸ਼ਾਵਾਂ ਵਿਚ ਅਨੁਵਾਦ ਕੀਤਾ ਗਿਆ ਹੈ। ਹਜ਼ਾਰਾਂ ਅਨੁਵਾਦਕਾਂ ਨੇ ਦਿਨ-ਰਾਤ ਮਿਹਨਤ ਕਰ ਕੇ ਪਰਮੇਸ਼ੁਰ ਦੀਆਂ ਸਿੱਖਿਆਵਾਂ ਦਾ ਦੂਸਰੀਆਂ ਭਾਸ਼ਾਵਾਂ ਵਿਚ ਅਨੁਵਾਦ ਕੀਤਾ ਹੈ।
ਬਾਈਬਲ ਦਾ ਸਿਰਫ਼ ਅਨੁਵਾਦ ਹੀ ਨਹੀਂ ਕੀਤਾ ਜਾਂਦਾ। ਕਈ ਵਾਰ ਦੂਸਰੀਆਂ ਕਿਤਾਬਾਂ ਦਾ ਅਨੁਵਾਦ ਕਰਨ ਲਈ ਬਾਈਬਲ ਦੀ ਮਦਦ ਲਈ ਗਈ ਹੈ। ਬਹੁਤ ਸਾਰੇ ਅਨੁਵਾਦਕਾਂ ਨੇ ਵੱਖੋ-ਵੱਖਰੀਆਂ ਭਾਸ਼ਾਵਾਂ ਦੀਆਂ ਬਾਈਬਲਾਂ ਵਿਚ ਵਰਤੇ ਗਏ ਸ਼ਬਦਾਂ ਦੀ ਤੁਲਨਾ ਕਰ ਕੇ ਕੁਝ ਸ਼ਬਦਾਂ ਦਾ ਢੁਕਵਾਂ ਅਨੁਵਾਦ ਕੀਤਾ ਹੈ। ਬਾਈਬਲ ਦੀ ਮਦਦ ਨਾਲ ਕੰਪਿਊਟਰ ਤੋਂ ਵੀ ਅਨੁਵਾਦ ਕਰਵਾਇਆ ਜਾ ਰਿਹਾ ਹੈ।
ਪਰ ਕੰਪਿਊਟਰ ਤੋਂ ਅਨੁਵਾਦ ਕਰਾਉਣਾ ਬਹੁਤ ਮੁਸ਼ਕਲ ਹੈ। ਕੁਝ ਮਾਹਰ ਮੰਨਦੇ ਹਨ ਕਿ ਅਨੁਵਾਦ ਕਰਨਾ ਕੰਪਿਊਟਰ ਦੇ ਵੱਸ ਦੀ ਗੱਲ ਨਹੀਂ। ਕਿਉਂ? ਕਿਉਂਕਿ ਭਾਸ਼ਾ ਵਿਚ ਸਿਰਫ਼ ਸ਼ਬਦ ਹੀ ਨਹੀਂ ਹੁੰਦੇ। ਹਰ ਭਾਸ਼ਾ ਦੀ ਆਪਣੀ ਵਿਆਕਰਣ, ਸ਼ਬਦ-ਜੋੜ, ਵਾਕ-ਰਚਨਾ ਤੇ ਮੁਹਾਵਰੇ ਹੁੰਦੇ ਹਨ। ਕੰਪਿਊਟਰ ਵਿਚ ਇਹ ਸਾਰੀਆਂ ਗੱਲਾਂ ਪਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਕੋਈ ਫ਼ਾਇਦਾ ਨਹੀਂ ਹੋਇਆ। ਕੰਪਿਊਟਰ ਦੁਆਰਾ ਕੀਤੇ ਗਏ ਜ਼ਿਆਦਾਤਰ ਅਨੁਵਾਦ ਸਮਝ ਹੀ ਨਹੀਂ ਆਉਂਦੇ।
ਪਰ ਹੁਣ ਕੰਪਿਊਟਰ ਸਾਇੰਸਦਾਨ ਅਨੁਵਾਦ ਕਰਨ ਦੇ ਨਵੇਂ-ਨਵੇਂ ਤਰੀਕਿਆਂ ਦੀ ਖੋਜ ਵਿਚ ਹਨ। ਕੰਪਿਊਟਰ ਅਨੁਵਾਦ ਦੇ ਮਾਹਰ ਫ਼੍ਰਾਂਟਜ਼ ਯੋਜ਼ਫ ਓਕ ਇਹੋ ਜਿਹੇ ਇਕ ਤਰੀਕੇ ਬਾਰੇ ਦੱਸਦਾ ਹੈ: “ਅਸੀਂ ਕਿਸੇ ਦੋ ਭਾਸ਼ਾਵਾਂ ਦੀ ਸਾਮੱਗਰੀ ਨੂੰ ਕੰਪਿਊਟਰ ਵਿਚ ਪਾਉਂਦੇ ਹਾਂ ਜਿਸ ਦੀ ਮਦਦ ਨਾਲ ਕੰਪਿਊਟਰ ਸਹੀ ਸ਼ਬਦ ਚੁਣ ਕੇ ਅਨੁਵਾਦ ਕਰਦਾ ਹੈ।” ਉਦਾਹਰਣ ਲਈ, ਮੰਨ ਲਓ ਤੁਸੀਂ ਅੰਗ੍ਰੇਜ਼ੀ ਤੋਂ ਪੰਜਾਬੀ ਵਿਚ ਅਨੁਵਾਦ ਕਰਨਾ ਚਾਹੁੰਦੇ ਹੋ। ਪਹਿਲਾਂ, ਕੋਈ ਇਕ ਕਿਤਾਬ ਲੈ ਲਓ ਜੋ ਇਨ੍ਹਾਂ ਦੋਵੇਂ ਭਾਸ਼ਾਵਾਂ ਵਿਚ ਉਪਲਬਧ ਹੈ। ਇਨ੍ਹਾਂ ਨੂੰ ਕੰਪਿਊਟਰ ਵਿਚ ਪਾ ਦਿਓ। ਕੰਪਿਊਟਰ ਦੋਵੇਂ ਭਾਸ਼ਾਵਾਂ ਦੀ ਸਾਮੱਗਰੀ ਦੀ ਤੁਲਨਾ ਕਰੇਗਾ। ਉਦਾਹਰਣ ਲਈ, ਜਦੋਂ ਕੰਪਿਊਟਰ ਨੂੰ ਕਈ ਵਾਕਾਂ ਵਿਚ ਅੰਗ੍ਰੇਜ਼ੀ ਸ਼ਬਦ “ਹਾਊਸ” ਮਿਲਦਾ ਹੈ ਤੇ ਇਸੇ ਤਰ੍ਹਾਂ ਪੰਜਾਬੀ ਦੇ ਉਨ੍ਹਾਂ ਵਾਕਾਂ ਵਿਚ ਸ਼ਬਦ “ਘਰ” ਮਿਲਦਾ ਹੈ, ਤਾਂ ਕੰਪਿਊਟਰ ਇਹ ਨਤੀਜਾ ਕੱਢ ਲਵੇਗਾ ਕਿ ਅੰਗ੍ਰੇਜ਼ੀ ਸ਼ਬਦ “ਹਾਊਸ” ਲਈ ਪੰਜਾਬੀ ਸ਼ਬਦ ਹੈ ਘਰ। ਤੇ ਆਲੇ-ਦੁਆਲੇ ਦੇ ਸ਼ਬਦ ਸੰਭਵ ਤੌਰ ਤੇ ਵਿਸ਼ੇਸ਼ਣ ਹੋਣਗੇ ਜਿਵੇਂ “ਵੱਡਾ,” “ਛੋਟਾ,” “ਪੁਰਾਣਾ” ਜਾਂ “ਨਵਾਂ।” ਇਸ
ਤਰ੍ਹਾਂ ਕੰਪਿਊਟਰ ਸ਼ਬਦਾਵਲੀ ਬਣਾਉਂਦਾ ਹੈ। ਇਹ ਸ਼ਬਦਾਵਲੀ ਬਣਾਉਣ ਵਿਚ ਕੁਝ ਦਿਨ ਜਾਂ ਹਫ਼ਤੇ ਲੱਗ ਜਾਂਦੇ ਹਨ। ਫਿਰ ਕੰਪਿਊਟਰ ਕੁਝ ਨਵਾਂ ਅਨੁਵਾਦ ਕਰਨ ਵੇਲੇ ਇਹ ਸ਼ਬਦਾਵਲੀ ਵਰਤਦਾ ਹੈ। ਭਾਵੇਂ ਕਿ ਅਨੁਵਾਦ ਵਿਚ ਵਿਆਕਰਣ ਠੀਕ ਨਾ ਹੋਵੇ, ਪਰ ਇਹ ਅਨੁਵਾਦ ਸਮਝ ਆਉਂਦਾ ਹੈ ਤੇ ਇਸ ਨਾਲ ਮਤਲਬ ਤੇ ਮਹੱਤਵਪੂਰਣ ਗੱਲਾਂ ਪਤਾ ਲੱਗ ਜਾਂਦੀਆਂ ਹਨ।ਅਨੁਵਾਦ ਕਿੰਨਾ ਕੁ ਵਧੀਆ ਹੈ, ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਕੰਪਿਊਟਰ ਵਿਚ ਕਿੰਨੀ ਕੁ ਸਾਮੱਗਰੀ ਪਾਈ ਗਈ ਹੈ ਤੇ ਸਾਮੱਗਰੀ ਦੀ ਭਾਸ਼ਾ ਕਿੰਨੀ ਕੁ ਵਧੀਆ ਹੈ। ਇਸ ਮਾਮਲੇ ਵਿਚ ਬਾਈਬਲ ਬਹੁਤ ਫ਼ਾਇਦੇਮੰਦ ਸਾਬਤ ਹੋਈ ਹੈ। ਬਾਈਬਲ ਦਾ ਬਹੁਤ ਸਾਰੀਆਂ ਭਾਸ਼ਾਵਾਂ ਵਿਚ ਬੜੇ ਧਿਆਨ ਨਾਲ ਅਨੁਵਾਦ ਕੀਤਾ ਗਿਆ ਹੈ, ਇਸ ਵਿਚ ਬਹੁਤ ਸਾਰੀ ਸਾਮੱਗਰੀ ਵੀ ਹੈ ਅਤੇ ਇਹ ਆਸਾਨੀ ਨਾਲ ਮਿਲ ਜਾਂਦੀ ਹੈ। ਇਸ ਕਰਕੇ ਜਦੋਂ ਕੰਪਿਊਟਰ ਨੂੰ ਕੋਈ ਨਵੀਂ ਭਾਸ਼ਾ ਸਿਖਾਉਣੀ ਹੁੰਦੀ ਹੈ, ਤਾਂ ਵਿਦਵਾਨ ਪਹਿਲਾਂ ਬਾਈਬਲ ਨੂੰ ਹੀ ਇਸਤੇਮਾਲ ਕਰਦੇ ਹਨ।