Skip to content

Skip to table of contents

ਕੀ ਤੁਹਾਨੂੰ ਯਾਦ ਹੈ?

ਕੀ ਤੁਹਾਨੂੰ ਯਾਦ ਹੈ?

ਕੀ ਤੁਹਾਨੂੰ ਯਾਦ ਹੈ?

ਕੀ ਤੁਸੀਂ ਪਹਿਰਾਬੁਰਜ ਦੇ ਪਿਛਲੇ ਅੰਕਾਂ ਨੂੰ ਪੜ੍ਹ ਕੇ ਆਨੰਦ ਮਾਣਿਆ ਸੀ? ਜ਼ਰਾ ਪਰਖੋ ਕਿ ਤੁਸੀਂ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦੇ ਸਕਦੇ ਹੋ ਜਾਂ ਨਹੀਂ:

ਯਿਸੂ ਦਾ ਜਨਮ ਦਿਨ ਮਨਾਉਣ ਲਈ 25 ਦਸੰਬਰ ਦੀ ਤਾਰੀਖ਼ ਕਿਉਂ ਚੁਣੀ ਗਈ ਸੀ?

ਬਾਈਬਲ ਵਿਚ ਯਿਸੂ ਦੇ ਜਨਮ ਦੀ ਤਾਰੀਖ਼ ਨਹੀਂ ਦਿੱਤੀ ਗਈ। ਐਨਸਾਈਕਲੋਪੀਡੀਆ ਈਸਪਾਨੀਕਾ ਕਹਿੰਦਾ ਹੈ: ‘ਕ੍ਰਿਸਮਸ ਦੀ ਤਾਰੀਖ਼ 25 ਦਸੰਬਰ ਯਿਸੂ ਦੇ ਜਨਮ ਦੀ ਸਹੀ ਤਾਰੀਖ਼ ਨਹੀਂ ਹੈ, ਸਗੋਂ ਇਹ ਰੋਮ ਵਿਚ ਮਨਾਏ ਜਾਂਦੇ ਇਕ ਤਿਉਹਾਰ ਦੀ ਤਾਰੀਖ਼ ਹੈ ਜਿਸ ਨੂੰ ਈਸਾਈ ਧਰਮ ਵਿਚ ਲਿਆਂਦਾ ਗਿਆ ਹੈ।’ ਪੁਰਾਣੇ ਜ਼ਮਾਨੇ ਵਿਚ ਸੂਰਜ ਚੜ੍ਹਨ ਤੇ ਰੋਮੀ ਲੋਕ ਤਰ੍ਹਾਂ-ਤਰ੍ਹਾਂ ਦੇ ਪਕਵਾਨ ਖਾ ਕੇ, ਨੱਚ-ਗਾ ਕੇ ਤੇ ਇਕ-ਦੂਜੇ ਨੂੰ ਤੋਹਫ਼ੇ ਦੇ ਕੇ ਜਸ਼ਨ ਮਨਾਉਂਦੇ ਸਨ।—12/15, ਸਫ਼ੇ 4-5.

ਕੀ ਰਸੂਲਾਂ ਦੇ ਕਰਤੱਬ 7:59 ਦਾ ਮਤਲਬ ਹੈ ਕਿ ਇਸਤੀਫ਼ਾਨ ਨੇ ਯਿਸੂ ਨੂੰ ਪ੍ਰਾਰਥਨਾ ਕੀਤੀ ਸੀ?

ਨਹੀਂ। ਬਾਈਬਲ ਦੇ ਮੁਤਾਬਕ ਪ੍ਰਾਰਥਨਾਵਾਂ ਸਿਰਫ਼ ਯਹੋਵਾਹ ਪਰਮੇਸ਼ੁਰ ਨੂੰ ਹੀ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਦਰਸ਼ਣ ਵਿਚ ਯਿਸੂ ਨੂੰ ਦੇਖ ਕੇ ਇਸਤੀਫ਼ਾਨ ਉਸ ਨਾਲ ਗੱਲ ਕਰਨ ਤੋਂ ਆਪਣੇ ਆਪ ਨੂੰ ਰੋਕ ਨਾ ਸਕਿਆ ਅਤੇ ਤਰਲੇ ਕੀਤੇ: “ਹੇ ਪ੍ਰਭੁ ਯਿਸੂ, ਮੇਰੇ ਆਤਮਾ ਨੂੰ ਆਪਣੇ ਕੋਲ ਲੈ ਲੈ!” ਇਸਤੀਫ਼ਾਨ ਜਾਣਦਾ ਸੀ ਕਿ ਯਿਸੂ ਨੂੰ ਮਰੇ ਹੋਇਆਂ ਨੂੰ ਜੀ ਉਠਾਉਣ ਦਾ ਅਧਿਕਾਰ ਦਿੱਤਾ ਗਿਆ ਸੀ। (ਯੂਹੰਨਾ 5:27-29) ਇਸ ਲਈ ਇਸਤੀਫ਼ਾਨ ਨੇ ਯਿਸੂ ਨੂੰ ਬੇਨਤੀ ਕੀਤੀ ਕਿ ਉਹ ਉਸ ਦੀ ਆਤਮਾ ਯਾਨੀ ਜੀਵਨ-ਸ਼ਕਤੀ ਨੂੰ ਉਸ ਦਿਨ ਤਕ ਸਾਂਭ ਰੱਖੇ ਜਦੋਂ ਤਕ ਉਹ ਇਸਤੀਫ਼ਾਨ ਨੂੰ ਮੁੜ ਜੀਉਂਦਾ ਨਹੀਂ ਕਰ ਦਿੰਦਾ।—1/1, ਸਫ਼ਾ 31.

ਸਾਨੂੰ ਕਿਵੇਂ ਪਤਾ ਹੈ ਕਿ ਸਾਡੀ ਕਿਸਮਤ ਪਹਿਲਾਂ ਹੀ ਲਿਖੀ ਹੋਈ ਨਹੀਂ ਹੈ?

ਪਰਮੇਸ਼ੁਰ ਨੇ ਇਨਸਾਨਾਂ ਨੂੰ ਆਪਣੀ ਮਰਜ਼ੀ ਨਾਲ ਜੀਣ ਦੀ ਆਜ਼ਾਦੀ ਦਿੱਤੀ ਹੈ। ਜੇ ਯਹੋਵਾਹ ਪਰਮੇਸ਼ੁਰ ਸਾਡੇ ਪੈਦਾ ਹੋਣ ਤੋਂ ਪਹਿਲਾਂ ਹੀ ਸਾਡੀ ਕਿਸਮਤ ਵਿਚ ਲਿਖ ਦਿੰਦਾ ਕਿ ਅਸੀਂ ਕਿਹੜੇ ਪਾਪ ਕਰਾਂਗੇ ਤੇ ਫਿਰ ਪਾਪ ਕਰਨ ਤੇ ਸਾਨੂੰ ਸਜ਼ਾ ਦਿੰਦਾ, ਤਾਂ ਇਹ ਕਿੰਨਾ ਘੋਰ ਅਨਿਆਂ ਹੋਣਾ ਸੀ! (1 ਯੂਹੰਨਾ 4:8; ਬਿਵਸਥਾ ਸਾਰ 32:4)—1/15, ਸਫ਼ੇ 4-5.

ਇਹ ਕਹਿਣਾ ਕਿ ਚਮਤਕਾਰ ਨਾਮੁਮਕਿਨ ਹਨ ਗ਼ਲਤ ਕਿਉਂ ਹੋਵੇਗਾ?

ਕਈ ਵਿਗਿਆਨੀ ਮੰਨਦੇ ਹਨ ਕਿ ਉਨ੍ਹਾਂ ਨੂੰ ਪਰਮੇਸ਼ੁਰ ਦੀ ਅਨੋਖੀ ਸ੍ਰਿਸ਼ਟੀ ਦੇ ਵਿਗਿਆਨਕ ਨਿਯਮਾਂ ਦਾ ਬਹੁਤ ਘੱਟ ਗਿਆਨ ਹੈ, ਇਸ ਲਈ ਉਹ ਸਵੀਕਾਰ ਕਰਦੇ ਹਨ ਕਿ ਕਿਸੇ ਵੀ ਕੰਮ ਨੂੰ ਨਾਮੁਮਕਿਨ ਕਹਿਣਾ ਸਹੀ ਨਹੀਂ ਹੋਵੇਗਾ। ਜ਼ਿਆਦਾ ਤੋਂ ਜ਼ਿਆਦਾ ਉਹ ਇਹੀ ਕਹਿ ਸਕਦੇ ਹਨ ਕਿ ਇਸ ਦੀ ਸੰਭਾਵਨਾ ਬਹੁਤ ਘੱਟ ਹੈ।—2/15, ਸਫ਼ੇ 5-6.

ਸਮਸੂਨ ਨੇ ਆਪਣੇ ਮਾਤਾ-ਪਿਤਾ ਨੂੰ ਇਹ ਕਿਉਂ ਕਿਹਾ ਸੀ ਕਿ ਉਹ ਫਲਿਸਤੀਆਂ ਦੀਆਂ ਧੀਆਂ ਵਿੱਚੋਂ ਵਹੁਟੀ ਚਾਹੁੰਦਾ ਸੀ? (ਨਿਆਈਆਂ 14:2)

ਦੇਵੀ-ਦੇਵਤਿਆਂ ਦੀ ਪੂਜਾ ਕਰਨ ਵਾਲੀ ਤੀਵੀਂ ਨਾਲ ਵਿਆਹ ਕਰਾਉਣਾ ਯਹੋਵਾਹ ਦੇ ਕਾਨੂੰਨ ਦੇ ਖ਼ਿਲਾਫ਼ ਸੀ। (ਕੂਚ 34:11-16) ਫਿਰ ਵੀ, ਉਹੀ ਤੀਵੀਂ ਸਮਸੂਨ ਦੀਆਂ ਅੱਖਾਂ ਵਿਚ “ਜਚਦੀ” ਸੀ। ਸਮਸੂਨ “ਫਲਿਸਤੀਆਂ ਨਾਲ ਲੜਾਈ ਕਰਨ ਦਾ ਇੱਕ ਪੱਜ ਲੱਭਦਾ ਸੀ” ਅਤੇ ਉਹ ਤੀਵੀਂ ਇਸ ਖ਼ਾਸ ਕੰਮ ਲਈ ਜਚਦੀ ਸੀ। ਇਸ ਕੰਮ ਦੇ ਪਿੱਛੇ ਯਹੋਵਾਹ ਦੀ ਹੀ ਆਤਮਾ ਸੀ। (ਨਿਆਈਆਂ 13:25; 14:3, 4, 6)—3/15, ਸਫ਼ਾ 26.

ਕੀ ਮਸੀਹੀਆਂ ਨੂੰ ਆਪਣਾ ਕੋਈ ਕੰਮ ਕਰਾਉਣ ਲਈ ਕਿਸੇ ਸਰਕਾਰੀ ਕਰਮਚਾਰੀ ਨੂੰ ਪੈਸੇ ਜਾਂ ਕੋਈ ਤੋਹਫ਼ਾ ਦੇਣਾ ਚਾਹੀਦਾ ਹੈ?

ਕਿਸੇ ਵੀ ਅਧਿਕਾਰੀ ਨੂੰ ਰਿਸ਼ਵਤ ਦੇਣੀ ਗ਼ਲਤ ਹੈ। ਉਸ ਨੂੰ ਕੋਈ ਕੀਮਤੀ ਚੀਜ਼ ਦੇਣੀ ਤਾਂਕਿ ਉਹ ਗ਼ੈਰ-ਕਾਨੂੰਨੀ ਕੰਮ ਕਰੇ, ਗੁਨਾਹ ਨੂੰ ਨਜ਼ਰਅੰਦਾਜ਼ ਕਰੇ ਜਾਂ ਲਿਸਟ ਵਿਚ ਤੁਹਾਡਾ ਨਾਂ ਦੂਜਿਆਂ ਤੋਂ ਅੱਗੇ ਕਰੇ ਗ਼ਲਤ ਹੋਵੇਗਾ। ਪਰ ਕਿਸੇ ਜਾਇਜ਼ ਕੰਮ ਵਾਸਤੇ ਜਾਂ ਬੇਇਨਸਾਫ਼ੀ ਤੋਂ ਬਚਣ ਲਈ ਕਿਸੇ ਸਰਕਾਰੀ ਕਰਮਚਾਰੀ ਨੂੰ ਤੋਹਫ਼ਾ ਜਾਂ ਪੈਸਾ ਦੇਣਾ ਰਿਸ਼ਵਤ ਨਹੀਂ ਹੈ।—4/1, ਸਫ਼ਾ 29.