Skip to content

Skip to table of contents

ਨਿਰਾਸ਼ਾ ਦੇ ਆਲਮ ਵਿਚ ਆਸ਼ਾ ਸ਼ਰਨਾਰਥੀ ਕੈਂਪ ਵਿਚ ਇਕ ਅਸੈਂਬਲੀ

ਨਿਰਾਸ਼ਾ ਦੇ ਆਲਮ ਵਿਚ ਆਸ਼ਾ ਸ਼ਰਨਾਰਥੀ ਕੈਂਪ ਵਿਚ ਇਕ ਅਸੈਂਬਲੀ

ਨਿਰਾਸ਼ਾ ਦੇ ਆਲਮ ਵਿਚ ਆਸ਼ਾ ਸ਼ਰਨਾਰਥੀ ਕੈਂਪ ਵਿਚ ਇਕ ਅਸੈਂਬਲੀ

ਸੂਡਾਨ ਬਾਰਡਰ ਦੇ ਲਾਗੇ ਕੀਨੀਆ ਦੇ ਉੱਤਰੀ ਇਲਾਕੇ ਵਿਚ ਸਥਿਤ ਹੈ ਕਾਕੂਮਾ ਸ਼ਰਨਾਰਥੀ ਕੈਂਪ। ਇਹ ਸ਼ਰਨਾਰਥੀ ਕੈਂਪ 86,000 ਤੋਂ ਜ਼ਿਆਦਾ ਲੋਕਾਂ ਦਾ ਘਰ ਹੈ। ਇਹ ਇਲਾਕਾ ਬੰਜਰ ਹੈ ਤੇ ਇੱਥੇ ਦਿਨ ਵੇਲੇ ਤਾਪਮਾਨ 50 ਡਿਗਰੀ ਸੈਲਸੀਅਸ ਤਕ ਪਹੁੰਚ ਜਾਂਦਾ ਹੈ। ਕੈਂਪ ਵਿਚ ਲੋਕ ਕਿਸੇ-ਨ-ਕਿਸੇ ਗੱਲੋਂ ਇਕ-ਦੂਜੇ ਦਾ ਸਿਰ ਪਾੜਨ ਲਈ ਤਿਆਰ ਰਹਿੰਦੇ ਹਨ। ਬਹੁਤ ਸਾਰੇ ਲੋਕਾਂ ਨੂੰ ਇਸ ਕੈਂਪ ਵਿਚ ਨਿਰਾਸ਼ਾ ਤੋਂ ਸਿਵਾਇ ਹੋਰ ਕੁਝ ਨਜ਼ਰ ਨਹੀਂ ਆਉਂਦਾ। ਪਰ ਕਈ ਲੋਕਾਂ ਦੀ ਆਸ ਅਜੇ ਮੁਰਝਾਈ ਨਹੀਂ। ਉਨ੍ਹਾਂ ਨੂੰ ਪੱਕੀ ਉਮੀਦ ਹੈ ਕਿ ਇਹ ਹਾਲਾਤ ਹਮੇਸ਼ਾ ਇਸ ਤਰ੍ਹਾਂ ਨਹੀਂ ਰਹਿਣਗੇ।

ਇਨ੍ਹਾਂ ਸ਼ਰਨਾਰਥੀਆਂ ਵਿਚ ਬਹੁਤ ਸਾਰੇ ਯਹੋਵਾਹ ਦੇ ਗਵਾਹ ਹਨ ਜੋ ਜੋਸ਼ ਨਾਲ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾ ਰਹੇ ਹਨ। ਉਹ ਲੋਡਵਾਰ ਨਾਂ ਦੀ ਕਲੀਸਿਯਾ ਦਾ ਹਿੱਸਾ ਹਨ ਜੋ ਇਸ ਕੈਂਪ ਤੋਂ 120 ਕਿਲੋਮੀਟਰ ਦੂਰ ਦੱਖਣ ਵੱਲ ਹੈ। ਇਸ ਤੋਂ ਅਗਲੀ ਕਲੀਸਿਯਾ ਵਿਚ ਜਾਣ ਲਈ ਕਾਰ ਵਿਚ ਅੱਠ ਘੰਟੇ ਲੱਗਦੇ ਹਨ।

ਕੈਂਪ ਵਿਚ ਰਹਿੰਦੇ ਲੋਕ ਬਾਹਰ ਨਹੀਂ ਜਾ ਸਕਦੇ ਜਿਸ ਕਰਕੇ ਉਹ ਯਹੋਵਾਹ ਦੇ ਗਵਾਹਾਂ ਦੀਆਂ ਅਸੈਂਬਲੀਆਂ ਤੇ ਸੰਮੇਲਨਾਂ ਵਿਚ ਨਹੀਂ ਜਾ ਪਾਉਂਦੇ। ਇਸ ਕਰਕੇ ਕੈਂਪ ਵਿਚ ਖ਼ਾਸ ਸੰਮੇਲਨ ਦਿਨ ਰੱਖਿਆ ਗਿਆ।

ਗਵਾਹਾਂ ਦੀ ਟੋਲੀ ਸਫ਼ਰ ਤੇ ਨਿਕਲੀ

ਕੈਂਪ ਤੋਂ ਦੱਖਣ ਵੱਲ 480 ਕਿਲੋਮੀਟਰ ਦੂਰ ਐਲਡਰਟ ਨਾਂ ਦੇ ਸ਼ਹਿਰ ਦੇ 15 ਗਵਾਹਾਂ ਨੇ ਇਸ ਅਸੈਂਬਲੀ ਨੂੰ ਸਹਿਯੋਗ ਦੇਣ ਦਾ ਮਨ ਬਣਾਇਆ। ਉਨ੍ਹਾਂ ਦੇ ਨਾਲ ਇਕ ਬਾਈਬਲ ਵਿਦਿਆਰਥੀ ਵੀ ਗਿਆ ਜਿਸ ਨੇ ਕੈਂਪ ਜਾਣ ਲਈ ਆਪਣੀ ਵੈਨ ਤੇ ਡ੍ਰਾਈਵਰ ਨੂੰ ਵਰਤਿਆ। ਸਫ਼ਰ ਭਾਵੇਂ ਔਖਾ ਸੀ, ਪਰ ਉਹ ਗਵਾਹ ਆਪਣੇ ਭਰਾਵਾਂ ਨੂੰ ਹੌਸਲਾ ਤੇ ਹੱਲਾਸ਼ੇਰੀ ਦੇਣੀ ਚਾਹੁੰਦੇ ਸਨ।

ਕੀਨੀਆ ਦੇ ਪੱਛਮੀ ਪਹਾੜੀ ਇਲਾਕੇ ਵਿਚ ਇਕ ਠੰਢੀ ਸਵੇਰ ਨੂੰ ਉਨ੍ਹਾਂ ਨੇ ਆਪਣਾ ਸਫ਼ਰ ਸ਼ੁਰੂ ਕੀਤਾ। ਪਹਿਲਾਂ ਤਾਂ ਉਨ੍ਹਾਂ ਨੂੰ ਊਬੜ-ਖਾਬੜ ਸੜਕ ਉੱਤੇ ਸਫ਼ਰ ਕਰਦੇ ਹੋਏ ਚੜ੍ਹਾਈ ਚੜ੍ਹਨੀ ਪਈ। ਸੜਕ ਦੇ ਦੋਵੇਂ ਪਾਸੇ ਖੇਤ ਤੇ ਜੰਗਲ ਸਨ। ਫਿਰ ਸੜਕ ਪਹਾੜੀ ਇਲਾਕੇ ਤੋਂ ਥੱਲੇ ਉਤਰਦੀ ਹੋਈ ਬੰਜਰ ਇਲਾਕੇ ਨਾਲ ਆ ਰਲੀ। ਇਸ ਬੰਜਰ ਇਲਾਕੇ ਵਿਚ ਬੱਕਰੀਆਂ ਤੇ ਊਠ ਚਰ ਰਹੇ ਸਨ। ਰਾਹ ਵਿਚ ਉਨ੍ਹਾਂ ਨੇ ਕਬੀਲਿਆਂ ਦੇ ਬੰਦਿਆਂ ਨੂੰ ਵੀ ਦੇਖਿਆ। ਉਨ੍ਹਾਂ ਨੇ ਆਪਣੇ ਰਵਾਇਤੀ ਕੱਪੜੇ ਪਾਏ ਹੋਏ ਸਨ ਅਤੇ ਉਨ੍ਹਾਂ ਦੇ ਹੱਥਾਂ ਵਿਚ ਡੰਡੇ ਤੇ ਤੀਰ-ਕਮਾਨ ਸਨ। ਗਿਆਰਾਂ ਘੰਟੇ ਸਫ਼ਰ ਕਰਨ ਤੋਂ ਬਾਅਦ ਗਵਾਹਾਂ ਦੀ ਟੋਲੀ ਲੋਡਵਾਰ ਪਹੁੰਚੀ। ਇਹ ਬਹੁਤ ਗਰਮ ਤੇ ਗਰਦ-ਭਰਿਆ ਇਲਾਕਾ ਹੈ। ਲੋਡਵਾਰ ਵਿਚ ਤਕਰੀਬਨ 20,000 ਲੋਕ ਰਹਿੰਦੇ ਹਨ। ਸਥਾਨਕ ਗਵਾਹਾਂ ਨੇ ਟੋਲੀ ਦਾ ਨਿੱਘਾ ਸੁਆਗਤ ਕੀਤਾ। ਸ਼ਨੀਵਾਰ ਤੇ ਐਤਵਾਰ ਉਨ੍ਹਾਂ ਨੇ ਕਾਫ਼ੀ ਰੁੱਝੇ ਰਹਿਣਾ ਸੀ, ਇਸ ਲਈ ਉਨ੍ਹਾਂ ਨੇ ਲੋਡਵਾਰ ਪਹੁੰਚਣ ਤੇ ਥੋੜ੍ਹਾ ਆਰਾਮ ਕੀਤਾ।

ਅਗਲੀ ਸਵੇਰ ਗਵਾਹਾਂ ਦੀ ਟੋਲੀ ਸੈਰ ਕਰਨ ਚਲੀ ਗਈ। ਉਹ ਕੀਨੀਆ ਦੀ ਸਭ ਤੋਂ ਵੱਡੀ ਝੀਲ ਟਰਕੇਨਾ ਦੇਖਣ ਗਏ। ਝਾੜੀਆਂ ਨਾਲ ਘਿਰੀ ਇਸ ਸੋਹਣੀ ਝੀਲ ਵਿਚ ਜਿੰਨੇ ਮਗਰਮੱਛ ਰਹਿੰਦੇ ਹਨ, ਉੱਨੇ ਦੁਨੀਆਂ ਦੇ ਕਿਸੇ ਹੋਰ ਇਲਾਕੇ ਵਿਚ ਨਹੀਂ ਰਹਿੰਦੇ। ਖਾਰੇ ਪਾਣੀ ਦੀ ਇਹ ਝੀਲ ਕੰਢਿਆਂ ਤੇ ਵਸੇ ਕੁਝ ਲੋਕਾਂ ਦੀ ਰੋਜ਼ੀ-ਰੋਟੀ ਦਾ ਸਾਧਨ ਹੈ। ਸ਼ਾਮ ਨੂੰ ਗਵਾਹਾਂ ਨੇ ਸਥਾਨਕ ਕਲੀਸਿਯਾ ਵਿਚ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਤੇ ਸੇਵਾ ਸਭਾ ਦਾ ਆਨੰਦ ਮਾਣਿਆ। ਇਸ ਕਲੀਸਿਯਾ ਦਾ ਕਿੰਗਡਮ ਹਾਲ ਬਹੁਤ ਹੀ ਸੋਹਣਾ ਹੈ। ਇਹ ਕਿੰਗਡਮ ਹਾਲ ਗ਼ਰੀਬ ਦੇਸ਼ਾਂ ਲਈ ਗਵਾਹਾਂ ਦੇ ਉਸਾਰੀ ਪ੍ਰੋਗ੍ਰਾਮ ਅਧੀਨ 2003 ਵਿਚ ਬਣਾਇਆ ਗਿਆ ਸੀ।

ਖ਼ਾਸ ਸੰਮੇਲਨ ਦਿਨ

ਐਤਵਾਰ ਖ਼ਾਸ ਸੰਮੇਲਨ ਦਿਨ ਲਈ ਰੱਖਿਆ ਗਿਆ ਸੀ। ਲੋਡਵਾਰ ਕਲੀਸਿਯਾ ਤੇ ਬਾਹਰੋਂ ਆਏ ਗਵਾਹਾਂ ਦੀ ਟੋਲੀ ਨੂੰ ਸਵੇਰੇ ਅੱਠ ਵਜੇ ਕੈਂਪ ਵਿਚ ਆਉਣ ਦੀ ਇਜਾਜ਼ਤ ਮਿਲ ਗਈ ਸੀ। ਇਸ ਲਈ ਗਵਾਹ ਤੜਕੇ ਹੀ ਆਪਣੀ ਮੰਜ਼ਲ ਵੱਲ ਤੁਰ ਪਏ। ਸੜਕ ਬੰਜਰ ਇਲਾਕੇ ਵਿੱਚੋਂ ਦੀ ਸੱਪ ਵਾਂਗ ਵੱਲ਼ ਖਾਂਦੀ ਹੋਈ ਸੂਡਾਨ ਬਾਰਡਰ ਵੱਲ ਜਾਂਦੀ ਹੈ। ਸੜਕ ਦੇ ਦੋਵੇਂ ਪਾਸੇ ਉੱਚੇ-ਨੀਵੇਂ ਪਹਾੜ ਸਨ। ਫਿਰ ਉਹ ਪਹਾੜੀ ਇਲਾਕੇ ਵਿੱਚੋਂ ਨਿਕਲ ਕੇ ਕਾਕੂਮਾ ਪਿੰਡ ਦੇ ਖੁੱਲ੍ਹੇ ਇਲਾਕੇ ਵਿਚ ਆਏ। ਉੱਥੇ ਮੀਂਹ ਪਿਆ ਹੋਇਆ ਸੀ ਜਿਸ ਕਰਕੇ ਕੈਂਪ ਵਿਚ ਜਾਣ ਵਾਲੇ ਕੱਚੇ ਰਾਹ ਵਿਚ ਕਈ ਜਗ੍ਹਾ ਪਾਣੀ ਖੜ੍ਹਾ ਸੀ। ਜ਼ਿਆਦਾਤਰ ਘਰ ਮਿੱਟੀ ਦੇ ਬਣੇ ਹੋਏ ਸਨ ਤੇ ਛੱਤਾਂ ਟੀਨ ਜਾਂ ਤਰਪਾਲਾਂ ਦੀਆਂ ਸਨ। ਇਥੋਪੀਆਈ, ਸੋਮਾਲੀ, ਸੂਡਾਨੀ ਤੇ ਹੋਰ ਦੇਸ਼ਾਂ ਦੇ ਲੋਕ ਕੈਂਪ ਵਿਚ ਆਪੋ-ਆਪਣੇ ਇਲਾਕਿਆਂ ਵਿਚ ਰਹਿੰਦੇ ਹਨ। ਸ਼ਰਨਾਰਥੀਆਂ ਨੇ ਮਹਿਮਾਨਾਂ ਦਾ ਬੜੇ ਜੋਸ਼ ਨਾਲ ਸੁਆਗਤ ਕੀਤਾ।

ਅਸੈਂਬਲੀ ਕੈਂਪ ਦੇ ਟ੍ਰੇਨਿੰਗ ਸੈਂਟਰ ਵਿਚ ਹੋਈ ਸੀ। ਸੈਂਟਰ ਦੀਆਂ ਕੰਧਾਂ ਉੱਤੇ ਬਣਾਈਆਂ ਤਸਵੀਰਾਂ ਸ਼ਰਨਾਰਥੀ ਜੀਵਨ ਦੀ ਦਹਿਸ਼ਤ ਦੀਆਂ ਮੂੰਹ-ਬੋਲਦੀਆਂ ਤਸਵੀਰਾਂ ਸਨ। ਪਰ ਹਾਲ ਵਿਚ ਬੈਠੇ ਲੋਕਾਂ ਦੇ ਦਿਲ ਆਸ਼ਾ ਨਾਲ ਭਰੇ ਹੋਏ ਸਨ। ਹਰ ਭਾਸ਼ਣ ਅੰਗ੍ਰੇਜ਼ੀ ਤੇ ਸਹੇਲੀ ਭਾਸ਼ਾਵਾਂ ਵਿਚ ਦਿੱਤਾ ਗਿਆ ਸੀ। ਕੁਝ ਭਾਸ਼ਣਕਾਰ ਦੋਵੇਂ ਭਾਸ਼ਾਵਾਂ ਜਾਣਦੇ ਸਨ, ਇਸ ਲਈ ਉਨ੍ਹਾਂ ਨੇ ਆਪਣੇ ਭਾਸ਼ਣਾਂ ਦਾ ਆਪੇ ਅਨੁਵਾਦ ਕੀਤਾ। ਕੈਂਪ ਵਿਚ ਰਹਿ ਰਹੇ ਇਕ ਸੂਡਾਨੀ ਭਰਾ ਨੇ ਪਹਿਲਾ ਭਾਸ਼ਣ ਦਿੱਤਾ ਜਿਸ ਦਾ ਵਿਸ਼ਾ ਸੀ, “ਆਪਣੇ ਦਿਲ ਨੂੰ ਪਰਖੋ।” ਦੂਸਰੀਆਂ ਥਾਵਾਂ ਤੋਂ ਆਏ ਬਜ਼ੁਰਗਾਂ ਨੇ ਅਸੈਂਬਲੀ ਦੇ ਦੂਸਰੇ ਭਾਗ ਪੇਸ਼ ਕੀਤੇ।

ਬਪਤਿਸਮਾ ਹਰ ਅਸੈਂਬਲੀ ਦੀ ਖ਼ਾਸੀਅਤ ਹੁੰਦੀ ਹੈ। ਬਪਤਿਸਮੇ ਦੇ ਭਾਸ਼ਣ ਦੇ ਅਖ਼ੀਰ ਵਿਚ ਸਾਰਿਆਂ ਦੀਆਂ ਨਜ਼ਰਾਂ ਬਪਤਿਸਮਾ ਲੈਣ ਲਈ ਖੜ੍ਹੇ ਇੱਕੋ-ਇਕ ਉਮੀਦਵਾਰ ਤੇ ਟਿਕੀਆਂ ਹੋਈਆਂ ਸਨ। ਬਪਤਿਸਮਾ ਲੈਣ ਜਾ ਰਿਹਾ ਜ਼ੀਲਬਰ ਆਪਣੇ ਪਿਤਾ ਨਾਲ 1994 ਵਿਚ ਹੋਏ ਕਤਲਾਮ ਦੌਰਾਨ ਆਪਣੇ ਦੇਸ਼ ਤੋਂ ਭੱਜ ਗਿਆ ਸੀ। ਪਹਿਲਾਂ ਤਾਂ ਉਨ੍ਹਾਂ ਨੇ ਸੋਚਿਆ ਕਿ ਬੁਰੁੰਡੀ ਵਿਚ ਉਨ੍ਹਾਂ ਨੂੰ ਕੋਈ ਖ਼ਤਰਾ ਨਹੀਂ ਹੋਵੇਗਾ, ਪਰ ਜਲਦੀ ਹੀ ਪਤਾ ਲੱਗਾ ਕਿ ਇਹ ਜਗ੍ਹਾ ਵੀ ਉਨ੍ਹਾਂ ਲਈ ਸੁਰੱਖਿਅਤ ਨਹੀਂ ਸੀ। ਜ਼ੀਲਬਰ ਜ਼ੇਅਰ ਭੱਜ ਗਿਆ ਤੇ ਉੱਥੋਂ ਤਨਜ਼ਾਨੀਆ। ਕਈ ਵਾਰ ਉਹ ਜੰਗਲਾਂ ਵਿਚ ਲੁੱਕ ਕੇ ਬੈਠਾ ਰਿਹਾ। ਅਖ਼ੀਰ ਉਹ ਕੀਨੀਆ ਆ ਗਿਆ। ਕਈਆਂ ਦੀਆਂ ਅੱਖਾਂ ਨਮ ਹੋ ਗਈਆਂ ਜਦੋਂ ਭਾਸ਼ਣਕਾਰ ਨੇ ਜ਼ੀਲਬਰ ਦਾ ਕਲੀਸਿਯਾ ਵਿਚ ਇਕ ਭਰਾ ਦੇ ਤੌਰ ਤੇ ਸੁਆਗਤ ਕੀਤਾ। ਪਚਾਨਵੇਂ ਲੋਕਾਂ ਸਾਮ੍ਹਣੇ ਖੜ੍ਹੇ ਜ਼ੀਲਬਰ ਨੇ ਭਾਸ਼ਣਕਾਰ ਦੁਆਰਾ ਪੁੱਛੇ ਦੋ ਸਵਾਲਾਂ ਦੇ ਸਾਫ਼ ਸ਼ਬਦਾਂ ਵਿਚ ਪੂਰੇ ਭਰੋਸੇ ਨਾਲ ਹਾਂ ਵਿਚ ਜਵਾਬ ਦਿੱਤੇ। ਉਸ ਨੇ ਅਤੇ ਦੂਸਰੇ ਭਰਾਵਾਂ ਨੇ ਆਪਣੇ ਹੱਥਾਂ ਨਾਲ ਇਕ ਟੋਆ ਪੁੱਟ ਕੇ ਉਸ ਵਿਚ ਆਪਣੇ ਘਰ ਦੀ ਛੱਤ ਦੀ ਤਰਪਾਲ ਵਿਛਾ ਦਿੱਤੀ ਸੀ। ਉਹ ਬਪਤਿਸਮਾ ਲੈਣ ਲਈ ਇੰਨਾ ਉਤਸੁਕ ਸੀ ਕਿ ਉਸ ਨੇ ਉਸੇ ਦਿਨ ਸਵੇਰੇ ਬਾਲਟੀਆਂ ਭਰ-ਭਰ ਕੇ ਟੋਏ ਨੂੰ ਪਾਣੀ ਨਾਲ ਭਰ ਦਿੱਤਾ ਸੀ।

ਅਸੈਂਬਲੀ ਦਾ ਇਕ ਹੋਰ ਦਿਲਚਸਪ ਹਿੱਸਾ ਸੀ ਕੈਂਪ ਵਿਚ ਰਹਿ ਰਹੇ ਗਵਾਹਾਂ ਦੇ ਤਜਰਬੇ। ਇਕ ਭਰਾ ਨੇ ਦੱਸਿਆ ਕਿ ਉਸ ਨੇ ਦਰਖ਼ਤ ਥੱਲੇ ਆਰਾਮ ਕਰ ਰਹੇ ਇਕ ਆਦਮੀ ਨਾਲ ਕਿੱਦਾਂ ਗੱਲ ਕੀਤੀ।

“ਕੀ ਤੁਹਾਨੂੰ ਲੱਗਦਾ ਕਿ ਤੁਸੀਂ ਹਰ ਵੇਲੇ ਬਿਨਾਂ ਕਿਸੇ ਖ਼ਤਰੇ ਦੇ ਦਰਖ਼ਤ ਥੱਲੇ ਬੈਠ ਸਕਦੇ ਹੋ?”

ਉਸ ਆਦਮੀ ਨੇ ਜਵਾਬ ਦਿੱਤਾ: “ਹਾਂ।” ਪਰ ਫਿਰ ਕਿਹਾ: “ਨਹੀਂ, ਰਾਤ ਨੂੰ ਖ਼ਤਰਾ ਜ਼ਰੂਰ ਹੁੰਦਾ ਹੈ।”

ਭਰਾ ਨੇ ਮੀਕਾਹ 4:3, 4 ਪੜ੍ਹਿਆ ਜਿਸ ਵਿਚ ਲਿਖਿਆ ਹੈ: “ਓਹ ਆਪੋ ਆਪਣੀਆਂ ਅੰਗੂਰੀ ਬੇਲਾਂ ਅਤੇ ਹਜੀਰ ਦੇ ਬਿਰਛ ਹੇਠ ਬੈਠਣਗੇ, ਅਤੇ ਕੋਈ ਓਹਨਾਂ ਨੂੰ ਨਹੀਂ ਡਰਾਏਗਾ।” ਫਿਰ ਉਸ ਨੇ ਸਮਝਾਇਆ: “ਤੁਸੀਂ ਦੇਖਿਆ, ਪਰਮੇਸ਼ੁਰ ਦੇ ਨਵੇਂ ਸੰਸਾਰ ਵਿਚ ਅਸੀਂ ਸਦਾ ਸੁਰੱਖਿਅਤ ਰਹਾਂਗੇ।” ਇਸ ਬਾਰੇ ਹੋਰ ਜਾਣਨ ਲਈ ਉਸ ਆਦਮੀ ਨੇ ਬਾਈਬਲ-ਆਧਾਰਿਤ ਕਿਤਾਬ ਲੈ ਲਈ।

ਕਾਕੂਮਾ ਆਈ ਇਕ ਭੈਣ ਦੇ ਪਰਿਵਾਰ ਦੇ ਤਿੰਨ ਮੈਂਬਰ ਹਾਲ ਹੀ ਵਿਚ ਚੱਲ ਵਸੇ ਸਨ। ਕੈਂਪ ਵਿਚ ਰਹਿੰਦੇ ਭਰਾਵਾਂ ਬਾਰੇ ਗੱਲ ਕਰਦੇ ਹੋਏ ਉਸ ਨੇ ਕਿਹਾ: “ਕੈਂਪ ਵਿਚ ਜੀਣਾ ਦੁਭਰ ਹੈ, ਫਿਰ ਵੀ ਉਨ੍ਹਾਂ ਨੇ ਆਪਣੀ ਨਿਹਚਾ ਨੂੰ ਮਜ਼ਬੂਤ ਰੱਖਿਆ ਹੈ। ਉਹ ਉਦਾਸੀ ਦੇ ਮਾਹੌਲ ਵਿਚ ਰਹਿੰਦੇ ਹਨ, ਪਰ ਖ਼ੁਸ਼ੀ-ਖ਼ੁਸ਼ੀ ਯਹੋਵਾਹ ਦੀ ਸੇਵਾ ਕਰਦੇ ਹਨ। ਇਨ੍ਹਾਂ ਦਾ ਪਰਮੇਸ਼ੁਰ ਨਾਲ ਰਿਸ਼ਤਾ ਬਹੁਤ ਮਜ਼ਬੂਤ ਹੈ। ਮੈਨੂੰ ਵੀ ਹੌਸਲਾ ਮਿਲਿਆ ਹੈ ਕਿ ਮੈਂ ਯਹੋਵਾਹ ਨਾਲ ਮਜ਼ਬੂਤ ਰਿਸ਼ਤਾ ਬਣਾ ਕੇ ਉਸ ਦੀ ਸੇਵਾ ਕਰਾਂ। ਇਨ੍ਹਾਂ ਭਰਾਵਾਂ ਦੇ ਦੁੱਖਾਂ ਸਾਮ੍ਹਣੇ ਤਾਂ ਮੈਨੂੰ ਮੇਰੇ ਦੁੱਖ ਬਹੁਤ ਛੋਟੇ ਲੱਗਦੇ ਹਨ।!”

ਅਸੈਂਬਲੀ ਝੱਟ ਖ਼ਤਮ ਹੋ ਗਈ। ਅਖ਼ੀਰਲੇ ਭਾਸ਼ਣਕਾਰ ਨੇ ਦੱਸਿਆ ਕਿ ਅੱਠ ਦੇਸ਼ਾਂ ਦੇ ਲੋਕ ਅਸੈਂਬਲੀ ਵਿਚ ਹਾਜ਼ਰ ਸਨ। ਕੈਂਪ ਵਿਚ ਰਹਿ ਰਹੇ ਇਕ ਗਵਾਹ ਨੇ ਕਿਹਾ ਕਿ ਇਹ ਅਸੈਂਬਲੀ ਇਸ ਗੱਲ ਦਾ ਸਬੂਤ ਹੈ ਕਿ ਇਸ ਵੰਡੇ ਹੋਏ ਸੰਸਾਰ ਵਿਚ ਯਹੋਵਾਹ ਦੇ ਗਵਾਹ ਏਕਤਾ ਤੇ ਪਿਆਰ ਨਾਲ ਰਹਿੰਦੇ ਹਨ। ਇਹੋ ਸੱਚਾ ਮਸੀਹੀ ਭਾਈਚਾਰਾ ਹੈ।—ਯੂਹੰਨਾ 13:35.

[ਡੱਬੀ/ਸਫ਼ੇ 25 ਉੱਤੇ ਤਸਵੀਰ]

ਸੂਡਾਨ ਦੇ ਗੁੰਮਸ਼ੁਦਾ ਬੱਚੇ

ਸਾਲ 1983 ਵਿਚ ਸੂਡਾਨ ਵਿਚ ਘਰੇਲੂ ਯੁੱਧ ਸ਼ੁਰੂ ਹੋਇਆ ਜਿਸ ਕਰਕੇ 50 ਲੱਖ ਲੋਕਾਂ ਨੂੰ ਆਪਣਾ ਘਰ-ਬਾਰ ਛੱਡਣ ਲਈ ਮਜਬੂਰ ਹੋਣਾ ਪਿਆ। ਇਨ੍ਹਾਂ ਲੋਕਾਂ ਵਿਚ ਤਕਰੀਬਨ 26,000 ਬੱਚੇ ਵੀ ਸਨ ਜੋ ਆਪਣੇ ਪਰਿਵਾਰਾਂ ਤੋਂ ਵਿੱਛੜ ਗਏ ਸਨ। ਹਜ਼ਾਰਾਂ ਬੱਚੇ ਇਥੋਪੀਆ ਦੇ ਸ਼ਰਨਾਰਥੀ ਕੈਂਪਾਂ ਵਿਚ ਆ ਗਏ ਜਿੱਥੇ ਉਹ ਲਗਭਗ ਤਿੰਨ ਸਾਲ ਰਹੇ। ਉਨ੍ਹਾਂ ਨੂੰ ਉੱਥੋਂ ਵੀ ਜਾਣ ਲਈ ਮਜਬੂਰ ਹੋਣਾ ਪਿਆ। ਉਹ ਇਕ ਸਾਲ ਤਕ ਤੁਰਦੇ-ਤੁਰਦੇ ਸੂਡਾਨ ਵਿੱਚੋਂ ਦੀ ਹੁੰਦੇ ਹੋਏ ਉੱਤਰੀ ਕੀਨੀਆ ਪਹੁੰਚੇ। ਜੋਖੋਂ ਭਰੇ ਰਾਹਾਂ ਤੇ ਫ਼ੌਜੀਆਂ, ਲੁਟੇਰਿਆਂ, ਬੀਮਾਰੀਆਂ ਤੇ ਜੰਗਲੀ ਜਾਨਵਰਾਂ ਨੇ ਇੰਨਾ ਦਾ ਪਿੱਛਾ ਨਹੀਂ ਛੱਡਿਆ। ਇਨ੍ਹਾਂ ਵਿੱਚੋਂ ਅੱਧੇ ਬੱਚੇ ਹੀ ਜੀਉਂਦੇ ਕੀਨੀਆ ਪਹੁੰਚ ਪਾਏ। ਇਨ੍ਹਾਂ ਦੇ ਆਉਣ ਨਾਲ ਹੀ ਕਾਕੂਮਾ ਕੈਂਪ ਸ਼ੁਰੂ ਹੋਇਆ ਸੀ। ਰਾਹਤ ਏਜੰਸੀਆਂ ਵਿਚ ਇਨ੍ਹਾਂ ਬੱਚਿਆਂ ਨੂੰ “ਸੂਡਾਨ ਦੇ ਗੁੰਮਸ਼ੁਦਾ ਬੱਚੇ” ਨਾਂ ਨਾਲ ਜਾਣਿਆ ਜਾਂਦਾ ਹੈ।

ਹੁਣ ਕਾਕੂਮਾ ਸ਼ਰਨਾਰਥੀ ਕੈਂਪ ਵਿਚ ਸੂਡਾਨ, ਸੋਮਾਲੀਆ, ਇਥੋਪੀਆ ਤੇ ਹੋਰ ਦੇਸ਼ਾਂ ਦੇ ਲੋਕ ਰਹਿ ਰਹੇ ਹਨ। ਕੈਂਪ ਵਿਚ ਪਹੁੰਚਣ ਤੇ ਸ਼ਰਨਾਰਥੀ ਨੂੰ ਘਰ ਬਣਾਉਣ ਲਈ ਕੁਝ ਜ਼ਰੂਰੀ ਚੀਜ਼ਾਂ ਤੇ ਛੱਤ ਪਾਉਣ ਲਈ ਤਰਪਾਲ ਦਿੱਤੀ ਜਾਂਦੀ ਹੈ। ਮਹੀਨੇ ਵਿਚ ਦੋ ਵਾਰ ਹਰ ਸ਼ਰਨਾਰਥੀ ਨੂੰ ਛੇ ਕਿਲੋ ਆਟਾ, ਇਕ ਕਿਲੋ ਦਾਲਾਂ ਤੇ ਕੁਝ ਤੇਲ ਤੇ ਲੂਣ ਦਿੱਤਾ ਜਾਂਦਾ ਹੈ। ਕੁਝ ਸ਼ਰਨਾਰਥੀ ਹੋਰ ਦੂਸਰੀਆਂ ਚੀਜ਼ਾਂ ਲੈਣ ਵਾਸਤੇ ਆਪਣਾ ਰਾਸ਼ਨ ਵੇਚ ਦਿੰਦੇ ਹਨ।

ਕੁਝ ਗੁੰਮਸ਼ੁਦਾ ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾ ਦਿੱਤਾ ਗਿਆ ਹੈ ਜਾਂ ਫਿਰ ਦੂਸਰੇ ਦੇਸ਼ਾਂ ਵਿਚ ਆਬਾਦ ਕਰ ਦਿੱਤਾ ਗਿਆ ਹੈ। ਪਰ ਸ਼ਰਨਾਰਥੀ ਆਬਾਦਕਾਰੀ ਆਫ਼ਿਸ ਮੁਤਾਬਕ “ਮਿੱਟੀ-ਘੱਟੇ ਤੇ ਮੱਖੀਆਂ ਨਾਲ ਭਰੇ ਕਾਕੂਮਾ ਕੈਂਪ ਵਿਚ ਅਜੇ ਵੀ ਹਜ਼ਾਰਾਂ ਬੱਚੇ ਰਹਿ ਰਹੇ ਹਨ ਜਿੱਥੇ ਇਨ੍ਹਾਂ ਨੂੰ ਢਿੱਡ ਭਰਨ ਤੇ ਪੜ੍ਹਨ ਲਈ ਜੱਦੋ-ਜਹਿਦ ਕਰਨੀ ਪੈ ਰਹੀ ਹੈ।”

[ਕ੍ਰੈਡਿਟ ਲਾਈਨ]

Courtesy Refugees International

[ਸਫ਼ੇ 23 ਉੱਤੇ ਨਕਸ਼ਾ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਕੀਨੀਆ

ਕਾਕੂਮਾ ਕੈਂਪ

ਟਰਕੇਨਾ ਝੀਲ

ਲੋਡਵਾਰ

ਐਲਡਰਟ

ਨੈਰੋਬੀ

[ਸਫ਼ੇ 23 ਉੱਤੇ ਤਸਵੀਰ]

ਕੈਂਪ ਵਿਚ ਜੀਣਾ ਦੁਭਰ ਹੈ

[ਸਫ਼ੇ 23 ਉੱਤੇ ਤਸਵੀਰ]

ਕਾਕੂਮਾ ਕੈਂਪ ਵਿਚ ਮਿਣ-ਮਿਣ ਕੇ ਪਾਣੀ ਦਿੱਤਾ ਜਾ ਰਿਹਾ

[ਸਫ਼ੇ 23 ਉੱਤੇ ਤਸਵੀਰ]

ਕੀਨੀਆ ਦੇ ਗਵਾਹਾਂ ਨੇ ਆਪਣੇ ਭਰਾਵਾਂ ਨੂੰ ਹੌਸਲਾ ਦੇਣ ਲਈ ਔਖਾ ਸਫ਼ਰ ਕੀਤਾ

[ਸਫ਼ੇ 24 ਉੱਤੇ ਤਸਵੀਰ]

ਇਕ ਵਿਸ਼ੇਸ਼ ਪਾਇਨੀਅਰ ਦੁਆਰਾ ਦਿੱਤੇ ਜਾ ਰਹੇ ਭਾਸ਼ਣ ਦਾ ਅਨੁਵਾਦ ਕਰਦਾ ਮਿਸ਼ਨਰੀ

[ਸਫ਼ੇ 24 ਉੱਤੇ ਤਸਵੀਰ]

ਬਪਤਿਸਮੇ ਲਈ ਪੁੱਟਿਆ ਟੋਇਆ

[ਸਫ਼ੇ 23 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

ਕਾਕੂਮਾ ਕੈਂਪ ਵਿਚ ਮਿਣ-ਮਿਣ ਕੇ ਪਾਣੀ ਦਿੱਤਾ ਜਾ ਰਿਹਾ: Courtesy Refugees International