ਬਾਈਬਲ ਦਾ ਇਤਿਹਾਸ ਕਿੰਨਾ ਕੁ ਸਹੀ?
ਬਾਈਬਲ ਦਾ ਇਤਿਹਾਸ ਕਿੰਨਾ ਕੁ ਸਹੀ?
ਇਸਰਾਏਲ ਦੇ ਸਾਬਕਾ ਰਾਸ਼ਟਰਪਤੀ ਖਾਈਮ ਹਰਟਸੋਗ ਅਤੇ ਤੇਲ ਅਵੀਵ ਯੂਨੀਵਰਸਿਟੀ ਵਿਚ ਪੁਰਾਤੱਤਵ-ਵਿਗਿਆਨ ਦੇ ਰਿਟਾਇਰਡ ਪ੍ਰੋਫ਼ੈਸਰ ਮੋਰਦਿਕਾਈ ਗੀਖੋਨ ਨੇ ਆਪਣੀ ਕਿਤਾਬ ਬਾਈਬਲ ਦੀਆਂ ਜੰਗਾਂ (ਅੰਗ੍ਰੇਜ਼ੀ) ਵਿਚ ਲਿਖਿਆ:
‘ਬਾਈਬਲ ਵਿਚ ਦਰਜ ਜੰਗਾਂ ਦੇ ਬਿਰਤਾਂਤਾਂ ਨੂੰ ਕਾਲਪਨਿਕ ਕਥਾ-ਕਹਾਣੀਆਂ ਨਹੀਂ ਸਮਝਿਆ ਜਾਣਾ ਚਾਹੀਦਾ। ਇਹ ਗੱਲ ਅਸੀਂ ਨਿਆਈਆਂ ਦੀ ਪੋਥੀ ਦੇ ਅਧਿਆਇ 6 ਤੋਂ 8 ਵਿਚ ਮਿਦਯਾਨੀਆਂ ਅਤੇ ਉਨ੍ਹਾਂ ਦੀਆਂ ਮਿੱਤਰ ਕੌਮਾਂ ਖ਼ਿਲਾਫ਼ ਛੇੜੀ ਗਿਦਾਊਨ ਦੀ ਜੰਗ ਦੀ ਤੁਲਨਾ ਟ੍ਰੋਜਨ ਯੁੱਧ ਨਾਲ ਕਰ ਕੇ ਦੇਖ ਸਕਦੇ ਹਾਂ। ਯੂਨਾਨੀ ਕਵੀ ਹੋਮਰ ਨੇ ਆਪਣੀ ਕਿਤਾਬ ਇਲੀਅਡ ਵਿਚ ਟ੍ਰੋਜਨ ਯੁੱਧ ਬਾਰੇ ਲਿਖਿਆ ਸੀ। ਉਸ ਨੇ ਰਣਭੂਮੀ ਦਾ ਜੋ ਵਰਣਨ ਕੀਤਾ, ਉਹ ਕਿਸੇ ਵੀ ਸਮੁੰਦਰੀ ਕਿਨਾਰੇ ਅਤੇ ਕਿਲਾਬੰਦ ਨਗਰ ਉੱਤੇ ਸਹੀ ਬੈਠ ਸਕਦਾ ਸੀ। ਪਰ ਗਿਦਾਊਨ ਦੀ ਜੰਗ ਬਾਰੇ ਬਾਈਬਲ ਵਿਚ ਦੱਸੇ ਬਿਰਤਾਂਤ ਬਾਰੇ ਇਹ ਨਹੀਂ ਕਿਹਾ ਜਾ ਸਕਦਾ। ਬਿਰਤਾਂਤ ਵਿਚ ਗਿਦਾਊਨ ਤੇ ਉਸ ਦੇ ਦੁਸ਼ਮਣਾਂ ਦੀ ਰਣਨੀਤੀ ਅਤੇ ਰਣਭੂਮੀ ਬਾਰੇ ਵਿਸਤਾਰ ਨਾਲ ਦੱਸਿਆ ਗਿਆ ਹੈ। ਇਸ ਬਿਰਤਾਂਤ ਅਨੁਸਾਰ, ਗਿਦਾਊਨ ਦੀ ਫ਼ੌਜ ਨੇ ਤਕਰੀਬਨ 60 ਕਿਲੋਮੀਟਰ ਤਕ ਦੁਸ਼ਮਣਾਂ ਦਾ ਪਿੱਛਾ ਕੀਤਾ। ਬਿਰਤਾਂਤ ਵਿਚ ਪੂਰੀ ਜਾਣਕਾਰੀ ਦਿੱਤੀ ਗਈ ਹੈ ਕਿ ਉਹ ਕਿੱਥੋਂ ਕਿੱਥੇ ਗਏ ਅਤੇ ਉਹ ਇਲਾਕਾ ਕਿਹੋ ਜਿਹਾ ਸੀ। ਇਸ ਤਰ੍ਹਾਂ ਅਸੀਂ ਬਾਈਬਲ ਦੀਆਂ ਜੰਗਾਂ ਦੇ ਬਿਰਤਾਂਤ ਨੂੰ ਸਹੀ ਮੰਨਣ ਲਈ ਮਜਬੂਰ ਹੋ ਜਾਂਦੇ ਹਾਂ।’
ਤੁਸੀਂ ਬਰੋਸ਼ਰ “ਚੰਗੀ ਧਰਤੀ ਦੇਖੋ” * (ਹਿੰਦੀ) ਦੇ ਸਫ਼ੇ 18 ਤੇ 19 ਉੱਤੇ ਦਿੱਤੇ ਨਕਸ਼ੇ ਦੀ ਮਦਦ ਨਾਲ ਗਿਦਾਊਨ ਦੀ ਰਣਨੀਤੀ ਬਾਰੇ ਜਾਣ ਸਕਦੇ ਹੋ। ਇਹ ਕਹਾਣੀ ਉਦੋਂ ਸ਼ੁਰੂ ਹੋਈ ਜਦੋਂ “ਸਾਰੇ ਮਿਦਯਾਨੀ ਅਤੇ ਅਮਾਲੇਕੀ ਅਤੇ ਪੂਰਬੀ ਲੋਕ ਇਕੱਠੇ ਹੋਏ ਅਤੇ ਪਾਰ ਲੰਘ ਕੇ ਯਜ਼ਰਾਏਲ ਦੀ ਦੂਣ ਵਿੱਚ ਆ ਤੰਬੂ ਲਾਏ।” ਗਿਦਾਊਨ ਨੇ ਆਪਣੇ ਨੇੜੇ-ਤੇੜੇ ਦੇ ਕਬੀਲਿਆਂ ਤੋਂ ਮਦਦ ਮੰਗੀ। ਉਸ ਦੀ ਫ਼ੌਜ ਨੇ ਹਰੋਦ ਦੇ ਸੋਤੇ ਕੋਲ ਤੰਬੂ ਲਾਏ, ਫਿਰ ਮੋਰੀਹ ਪਹਾੜ ਤੇ ਦੁਸ਼ਮਣਾਂ ਦੇ ਡੇਰਿਆਂ ਤੇ ਧਾਵਾ ਬੋਲਿਆ ਅਤੇ ਫਿਰ ਉੱਥੋਂ ਯਰਦਨ ਘਾਟੀ ਤਕ ਦੁਸ਼ਮਣਾਂ ਦਾ ਪਿੱਛਾ ਕੀਤਾ। ਯਰਦਨ ਨਦੀ ਦੇ ਪਾਰ ਵੀ ਉਨ੍ਹਾਂ ਦਾ ਪਿੱਛਾ ਕਰ ਕੇ ਗਿਦਾਊਨ ਨੇ ਉਨ੍ਹਾਂ ਉੱਤੇ ਫਤਹਿ ਪਾ ਲਈ।—ਨਿਆਈਆਂ 6:33–8:12.
ਬਿਰਤਾਂਤ ਵਿਚ ਜ਼ਿਕਰ ਕੀਤੀਆਂ ਖ਼ਾਸ-ਖ਼ਾਸ ਥਾਵਾਂ “ਚੰਗੀ ਧਰਤੀ ਦੇਖੋ” ਵਿਚ ਉਸ ਨਕਸ਼ੇ ਉੱਤੇ ਦਿੱਤੀਆਂ ਗਈਆਂ ਹਨ। ਉਸ ਵਿਚ ਇਹ ਵੀ ਦਿਖਾਇਆ ਗਿਆ ਹੈ ਕਿ ਉਹ ਸਾਰਾ ਇਲਾਕਾ ਕਿਹੋ ਜਿਹਾ ਸੀ। ਇਕ ਹੋਰ ਨਕਸ਼ੇ (ਸਫ਼ਾ 15) ਉੱਤੇ ਇਸਰਾਏਲੀ ਗੋਤਾਂ ਦੇ ਇਲਾਕੇ ਦਿਖਾਏ ਗਏ ਹਨ। ਇਹ ਦੋਵੇਂ ਨਕਸ਼ੇ ਤੁਹਾਡੀ ਇਹ ਦੇਖਣ ਵਿਚ ਮਦਦ ਕਰ ਸਕਦੇ ਹਨ ਕਿ ਬਾਈਬਲ ਵਿਚ ਦਿੱਤੇ ਜੰਗਾਂ ਦੇ ਬਿਰਤਾਂਤ ਕਿੰਨੇ ਸਹੀ ਹਨ।
ਇਸ ਗੱਲ ਦੀ ਹਕੀਕਤ ਨੂੰ ਦਰਸਾਉਂਦੇ ਹੋਏ ਮਰਹੂਮ ਪ੍ਰੋਫ਼ੈਸਰ ਯੋਹਾਨਾਨ ਆਹਾਰੋਨੀ ਨੇ ਕਿਹਾ ਸੀ: “ਬਾਈਬਲ ਦੇ ਬਿਰਤਾਂਤਾਂ ਵਿਚ ਭੂਗੋਲ ਅਤੇ ਇਤਿਹਾਸ ਦਾ ਆਪਸ ਵਿਚ ਇੰਨਾ ਗੂੜ੍ਹਾ ਸੰਬੰਧ ਹੈ ਕਿ ਇਨ੍ਹਾਂ ਦੋਨਾਂ ਨੂੰ ਇਕ-ਦੂਸਰੇ ਦੀ ਮਦਦ ਤੋਂ ਬਿਨਾਂ ਨਹੀਂ ਸਮਝਿਆ ਜਾ ਸਕਦਾ।”
[ਫੁਟਨੋਟ]
^ ਪੈਰਾ 4 ਇਹ ਬਰੋਸ਼ਰ ਯਹੋਵਾਹ ਦੇ ਗਵਾਹਾਂ ਦੁਆਰਾ ਛਾਪਿਆ ਗਿਆ ਹੈ।
[ਸਫ਼ੇ 32 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
ਨਕਸ਼ਾ: Based on maps copyrighted by Pictorial Archive (Near Eastern History) Est. and Survey of Israel