ਮੈਸੇਡੋਨੀਆ ਦੀ ਲੋੜ ਪੂਰੀ ਹੋਈ
ਮੈਸੇਡੋਨੀਆ ਦੀ ਲੋੜ ਪੂਰੀ ਹੋਈ
“ਇਸ ਪਾਰ ਮਕਦੂਨਿਯਾ ਵਿੱਚ ਉਤਰ ਕੇ ਸਾਡੀ ਸਹਾਇਤਾ ਕਰ।” (ਰਸੂਲਾਂ ਦੇ ਕਰਤੱਬ 16:9) ਪੌਲੁਸ ਰਸੂਲ ਨੇ ਇਕ ਦਰਸ਼ਣ ਵਿਚ ਇਕ ਆਦਮੀ ਨੂੰ ਇਹ ਸ਼ਬਦ ਕਹਿੰਦੇ ਸੁਣਿਆ। ਇਸ ਦਰਸ਼ਣ ਨੇ ਉਨ੍ਹਾਂ ਸ਼ਹਿਰਾਂ ਵਿਚ ਜੋ ਹੁਣ ਗ੍ਰੀਸ ਵਿਚ ਹਨ, ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣ ਦੀ ਲੋੜ ਨੂੰ ਦਰਸਾਇਆ।
ਅੱਜ ਮਕਦੂਨਿਯਾ ਯਾਨੀ ਮੈਸੇਡੋਨੀਆ ਵਿਚ ਯਹੋਵਾਹ ਦੇ ਗਵਾਹਾਂ ਦੀ ਦਰ ਹਰ 1,840 ਲੋਕਾਂ ਪਿੱਛੇ ਇਕ ਗਵਾਹ ਹੈ। ਬਹੁਤ ਸਾਰੇ ਲੋਕਾਂ ਨੇ ਯਹੋਵਾਹ ਪਰਮੇਸ਼ੁਰ ਬਾਰੇ ਕਦੇ ਸੁਣਿਆ ਨਹੀਂ। ਜੀ ਹਾਂ, ਇਸ ਕੌਮ ਦੇ ਲੋਕਾਂ ਨੂੰ ਸ਼ਾਂਤੀ ਦਾ ਸੰਦੇਸ਼ ਸੁਣਾਉਣ ਦੀ ਸਖ਼ਤ ਲੋੜ ਹੈ।—ਮੱਤੀ 24:14.
ਪਰਮੇਸ਼ੁਰ ਨੇ ਉਨ੍ਹਾਂ ਦੀ ਇਸ ਲੋੜ ਨੂੰ ਪੂਰਾ ਕਰਨ ਦਾ ਵਧੀਆ ਉਪਾਅ ਕੱਢਿਆ ਹੈ। ਨਵੰਬਰ 2003 ਵਿਚ ਅਚਾਨਕ ਇਕ ਦਿਨ ਮੈਸੇਡੋਨੀਆ ਦੇ ਸਕੌਪੀਏ ਸ਼ਹਿਰ ਵਿਚ ਯਹੋਵਾਹ ਦੇ ਗਵਾਹਾਂ ਦੇ ਆਫ਼ਿਸ ਨੂੰ “ਅੰਤਰਰਾਸ਼ਟਰੀ ਸਹਿਯੋਗ ਕੇਂਦਰ, ਮੈਸੇਡੋਨੀਆ” ਤੋਂ ਫ਼ੋਨ ਆਇਆ। ਇਹ ਕੇਂਦਰ ਤਿੰਨ ਦਿਨਾਂ ਦਾ ਮੇਲਾ ਲਾ ਰਿਹਾ ਸੀ ਜੋ 20 ਨਵੰਬਰ ਨੂੰ ਸ਼ੁਰੂ ਹੋਣਾ ਸੀ। ਉਹ ਚਾਹੁੰਦੇ ਸਨ ਕਿ ਮੇਲੇ ਵਿਚ ਯਹੋਵਾਹ ਦੇ ਗਵਾਹ ਵੀ ਆਪਣਾ ਸਟਾਲ ਲਾਉਣ ਤਾਂਕਿ ਲੋਕ ਉਨ੍ਹਾਂ ਦੇ ਧਾਰਮਿਕ ਵਿਸ਼ਵਾਸਾਂ ਬਾਰੇ ਜਾਣ ਸਕਣ। ਇਹ ਸੱਦਾ ਮਿਲਣ ਤੇ ਯਹੋਵਾਹ ਦੇ ਗਵਾਹ ਬਹੁਤ ਖ਼ੁਸ਼ ਹੋਏ ਕਿਉਂਕਿ ਹਜ਼ਾਰਾਂ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣ ਦਾ ਇਹ ਇਕ ਵਧੀਆ ਮੌਕਾ ਸੀ!
ਗਵਾਹਾਂ ਨੇ ਛੇਤੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਨੇ ਆਪਣੇ ਸਟਾਲ ਤੇ ਮੇਸਿਡੋਨੀਅਨ ਭਾਸ਼ਾ ਵਿਚ ਵੱਖੋ-ਵੱਖਰੇ ਪ੍ਰਕਾਸ਼ਨਾਂ ਦੀ ਨੁਮਾਇਸ਼ ਲਾਈ। ਰੁਚੀ ਰੱਖਣ ਵਾਲਿਆਂ ਨੂੰ ਕਿਤਾਬਾਂ ਦਿੱਤੀਆਂ ਗਈਆਂ। ਇਸ ਤਰ੍ਹਾਂ ਕਈ ਸੱਚਾਈ ਦੇ ਪਿਆਸੇ ਲੋਕਾਂ ਨੂੰ ਮੁਫ਼ਤ ਵਿਚ ਅਧਿਆਤਮਿਕ ਪਾਣੀ ਪੀਣ ਦਾ ਮੌਕਾ ਮਿਲਿਆ।—ਪਰਕਾਸ਼ ਦੀ ਪੋਥੀ 22:17.
ਲੋਕਾਂ ਨੇ ਖ਼ਾਸਕਰ ਉਨ੍ਹਾਂ ਕਿਤਾਬਾਂ ਨੂੰ ਪਸੰਦ ਕੀਤਾ ਜਿਨ੍ਹਾਂ ਦਾ ਰੋਜ਼ਮੱਰਾ ਦੀ ਜ਼ਿੰਦਗੀ ਨਾਲ ਸੰਬੰਧ ਸੀ, ਜਿਵੇਂ ਨੌਜਵਾਨਾਂ ਦੇ ਸਵਾਲ—ਵਿਵਹਾਰਕ ਜਵਾਬ (ਹਿੰਦੀ) ਅਤੇ ਪਰਿਵਾਰਕ ਖ਼ੁਸ਼ੀ ਦਾ ਰਾਜ਼। * ਅਠਾਨ੍ਹਵੇਂ ਲੋਕਾਂ ਨੇ ਆਪਣੇ ਪਤੇ ਦਿੱਤੇ ਤਾਂਕਿ ਯਹੋਵਾਹ ਦੇ ਗਵਾਹ ਉਨ੍ਹਾਂ ਨੂੰ ਘਰ ਆ ਕੇ ਮਿਲ ਸਕਣ। ਕਈਆਂ ਨੇ ਗਵਾਹਾਂ ਦੇ ਸਿੱਖਿਆ ਪ੍ਰੋਗ੍ਰਾਮ ਅਤੇ ਸਾਹਿੱਤ ਦੀ ਵਧੀਆ ਕੁਆਲਿਟੀ ਦੀ ਪ੍ਰਸ਼ੰਸਾ ਕੀਤੀ।
ਇਕ ਆਦਮੀ ਆਪਣੇ ਨਿਆਣੇ ਨਾਲ ਸਟਾਲ ਤੇ ਆਇਆ। ਉਸ ਨੇ ਬੱਚਿਆਂ ਦੀ ਕੋਈ ਕਿਤਾਬ ਮੰਗੀ। ਗਵਾਹਾਂ ਨੇ ਉਸ ਨੂੰ ਬਾਈਬਲ ਕਹਾਣੀਆਂ ਦੀ ਮੇਰੀ ਕਿਤਾਬ * ਦਿੱਤੀ। ਜਦੋਂ ਉਸ ਆਦਮੀ ਨੇ ਕਿਤਾਬ ਦੇ ਕੁਝ ਪੰਨੇ ਉਲੱਦ ਕੇ ਦੇਖੇ, ਤਾਂ ਉਸ ਨੇ ਖ਼ੁਸ਼ ਹੋ ਕੇ ਇਸ ਦੀ ਕੀਮਤ ਪੁੱਛੀ। ਜਦੋਂ ਉਸ ਨੂੰ ਦੱਸਿਆ ਗਿਆ ਕਿ ਯਹੋਵਾਹ ਦੇ ਗਵਾਹ ਆਪਣੇ ਸਾਹਿੱਤ ਦੀ ਕੀਮਤ ਨਹੀਂ ਵਸੂਲਦੇ, ਸਗੋਂ ਲੋਕੀ ਆਪਣੀ ਇੱਛਾ ਨਾਲ ਦਾਨ ਦੇ ਸਕਦੇ ਹਨ, ਤਾਂ ਉਸ ਨੂੰ ਹੋਰ ਵੀ ਖ਼ੁਸ਼ੀ ਹੋਈ। (ਮੱਤੀ 10:8) ਉਸ ਨੇ ਆਪਣੇ ਮੁੰਡੇ ਨੂੰ ਕਿਤਾਬ ਦਿਖਾ ਕੇ ਕਿਹਾ: “ਵੇਖ ਤੇਰੇ ਲਈ ਕਿੰਨੀ ਸੋਹਣੀ ਕਿਤਾਬ! ਮੈਂ ਤੈਨੂੰ ਰੋਜ਼ ਇਕ ਕਹਾਣੀ ਪੜ੍ਹ ਕੇ ਸੁਣਾਵਾਂਗਾ!”
ਸਟਾਲ ਤੇ ਫ਼ਲਸਫ਼ੇ ਦਾ ਇਕ ਪ੍ਰੋਫ਼ੈਸਰ ਵੀ ਆਇਆ। ਧਰਮ ਉਸ ਦਾ ਮਨਪਸੰਦ ਵਿਸ਼ਾ ਸੀ, ਪਰ ਉਹ ਖ਼ਾਸਕਰ ਯਹੋਵਾਹ ਦੇ ਗਵਾਹਾਂ ਦੇ ਵਿਸ਼ਵਾਸਾਂ ਬਾਰੇ ਜਾਣਨਾ ਚਾਹੁੰਦਾ ਸੀ। ਪਰਮੇਸ਼ੁਰ ਦੀ ਤਲਾਸ਼ ਵਿਚ ਮਨੁੱਖਜਾਤੀ * (ਅੰਗ੍ਰੇਜ਼ੀ) ਨਾਮਕ ਕਿਤਾਬ ਦੇ ਕੁਝ ਸਫ਼ਿਆਂ ਉੱਤੇ ਸਰਸਰੀ ਨਜ਼ਰ ਮਾਰਨ ਤੋਂ ਬਾਅਦ ਉਸ ਨੇ ਕਿਹਾ: “ਲਾਜਵਾਬ ਕਿਤਾਬ! ਇਸ ਵਿਚ ਕਿੰਨੇ ਵਧੀਆ ਤਰੀਕੇ ਨਾਲ ਜਾਣਕਾਰੀ ਪੇਸ਼ ਕੀਤੀ ਗਈ ਹੈ! ਮੈਨੂੰ ਇਹੋ ਜਿਹੀ ਕਿਤਾਬ ਦੀ ਤਲਾਸ਼ ਸੀ।” ਬਾਅਦ ਵਿਚ ਉਸ ਦੇ ਸਕੂਲ ਦੇ ਕੁਝ ਵਿਦਿਆਰਥੀ ਵੀ ਸਟਾਲ ਤੇ ਆਏ ਅਤੇ ਉਨ੍ਹਾਂ ਨੇ ਵੀ ਇਹ ਕਿਤਾਬ ਲਈ। ਉਹ ਕਿਤਾਬ ਪੜ੍ਹਨੀ ਚਾਹੁੰਦੇ ਸਨ ਕਿਉਂਕਿ ਉਨ੍ਹਾਂ ਦਾ ਖ਼ਿਆਲ ਸੀ ਕਿ ਉਨ੍ਹਾਂ ਦਾ ਪ੍ਰੋਫ਼ੈਸਰ ਕਲਾਸ ਵਿਚ ਸ਼ਾਇਦ ਇਹ ਕਿਤਾਬ ਵਰਤੇ।
ਗਵਾਹਾਂ ਦੇ ਸਾਹਿੱਤ ਦੀ ਨੁਮਾਇਸ਼ ਨੇ ਬਹੁਤ ਸਾਰੇ ਲੋਕਾਂ ਨੂੰ ਬਾਈਬਲ ਦੀਆਂ ਸੱਚਾਈਆਂ ਬਾਰੇ ਪਹਿਲੀ ਵਾਰ ਜਾਣਨ ਦਾ ਮੌਕਾ ਦਿੱਤਾ। ਮਿਸਾਲ ਲਈ, ਜਦੋਂ ਕੁਝ ਬੋਲ਼ੇ ਨੌਜਵਾਨ ਸਟਾਲ ਤੇ ਆਏ, ਤਾਂ ਇਕ ਗਵਾਹ ਨੇ ਉਨ੍ਹਾਂ ਨੂੰ ਸੰਖੇਪ ਵਿਚ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਈ। ਇਕ ਕੁੜੀ ਜੋ ਸੁਣ ਸਕਦੀ ਸੀ, ਨੇ ਗਵਾਹ ਦੀਆਂ ਗੱਲਾਂ ਦਾ ਸੈਨਤ ਭਾਸ਼ਾ ਵਿਚ ਅਨੁਵਾਦ ਕੀਤਾ। ਗਵਾਹ ਨੇ ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ * ਕਿਤਾਬ ਵਿਚ ਦਿੱਤੀਆਂ ਤਸਵੀਰਾਂ ਦਿਖਾ ਕੇ ਸਮਝਾਇਆ ਕਿ ਯਿਸੂ ਨੇ ਹਰ ਤਰ੍ਹਾਂ ਦੀਆਂ ਬੀਮਾਰੀਆਂ, ਇੱਥੋਂ ਤਕ ਕਿ ਬੋਲ਼ੇਪਣ ਨੂੰ ਵੀ ਠੀਕ ਕੀਤਾ ਸੀ। ਬੋਲ਼ੇ ਨੌਜਵਾਨ ਬਾਈਬਲ ਦੇ ਇਸ ਵਾਅਦੇ ਬਾਰੇ “ਸੁਣ” ਕੇ ਬਹੁਤ ਖ਼ੁਸ਼ ਹੋਏ ਕਿ ਯਿਸੂ ਛੇਤੀ ਹੀ ਧਰਤੀ ਉੱਤੋਂ ਬੀਮਾਰੀਆਂ ਖ਼ਤਮ ਕਰ ਦੇਵੇਗਾ। ਉਨ੍ਹਾਂ ਵਿੱਚੋਂ ਕਈਆਂ ਨੇ ਸਾਹਿੱਤ ਲਿਆ ਅਤੇ ਸੈਨਤ ਭਾਸ਼ਾ ਜਾਣਨ ਵਾਲੇ ਕਿਸੇ ਗਵਾਹ ਨਾਲ ਸਟੱਡੀ ਕਰਨ ਲਈ ਤਿਆਰ ਹੋ ਗਏ।
ਗਵਾਹਾਂ ਨੇ ਮੇਸਿਡੋਨੀਅਨ ਤੋਂ ਇਲਾਵਾ ਅੰਗ੍ਰੇਜ਼ੀ, ਅਲਬਾਨੀ ਅਤੇ ਤੁਰਕੀ ਭਾਸ਼ਾ ਵਿਚ ਵੀ ਸਾਹਿੱਤ ਰੱਖਿਆ ਸੀ। ਇਕ ਆਦਮੀ ਜੋ ਮੇਸਿਡੋਨੀਅਨ ਭਾਸ਼ਾ ਨਹੀਂ ਜਾਣਦਾ ਸੀ, ਨੇ ਅੰਗ੍ਰੇਜ਼ੀ ਵਿਚ ਕਿਤਾਬ ਮੰਗੀ। ਗਵਾਹਾਂ ਨੇ ਉਸ ਨੂੰ ਪਹਿਰਾਬੁਰਜ ਅਤੇ ਜਾਗਰੂਕ ਬਣੋ! ਦੀਆਂ ਕੁਝ ਕਾਪੀਆਂ ਦਿੱਤੀਆਂ। ਗੱਲਾਂ-ਗੱਲਾਂ ਵਿਚ ਪਤਾ ਲੱਗਾ ਕਿ ਉਸ ਦੀ ਮਾਂ-ਬੋਲੀ ਤੁਰਕੀ ਸੀ। ਜਦੋਂ ਉਸ ਨੂੰ ਤੁਰਕੀ ਭਾਸ਼ਾ ਵਿਚ ਸਾਹਿੱਤ ਦਿੱਤਾ ਗਿਆ, ਤਾਂ ਉਸ ਨੂੰ ਆਪਣੀਆਂ ਅੱਖਾਂ ਤੇ ਵਿਸ਼ਵਾਸ ਨਾ ਹੋਇਆ! ਉਸ ਨੂੰ ਯਕੀਨ ਹੋ ਗਿਆ ਕਿ ਯਹੋਵਾਹ ਦੇ ਗਵਾਹ ਵਾਕਈ ਸਾਰਿਆਂ ਦੀ ਮਦਦ ਕਰਨੀ ਚਾਹੁੰਦੇ ਹਨ।
ਉਸ ਮੇਲੇ ਵਿਚ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਨ ਦਾ ਮੌਕਾ ਮਿਲਿਆ ਅਤੇ ਬਹੁਤ ਸਾਰਿਆਂ ਨੇ ਇਸ ਬਾਰੇ ਹੋਰ ਜਾਣਨਾ ਚਾਹਿਆ। ਜੀ ਹਾਂ, ਯਹੋਵਾਹ ਨੇ ਮੈਸੇਡੋਨੀਆ ਵਿਚ ਰਾਜ ਦਾ ਸੰਦੇਸ਼ ਫੈਲਾਉਣ ਦਾ ਰਾਹ ਖੋਲ੍ਹ ਦਿੱਤਾ ਸੀ।
[ਫੁਟਨੋਟ]
^ ਪੈਰਾ 6 ਇਹ ਸਾਰੀਆਂ ਕਿਤਾਬਾਂ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀਆਂ ਗਈਆਂ ਹਨ।
^ ਪੈਰਾ 7 ਇਹ ਸਾਰੀਆਂ ਕਿਤਾਬਾਂ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀਆਂ ਗਈਆਂ ਹਨ।
^ ਪੈਰਾ 8 ਇਹ ਸਾਰੀਆਂ ਕਿਤਾਬਾਂ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀਆਂ ਗਈਆਂ ਹਨ।
^ ਪੈਰਾ 9 ਇਹ ਸਾਰੀਆਂ ਕਿਤਾਬਾਂ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀਆਂ ਗਈਆਂ ਹਨ।
[ਡੱਬੀ/ਸਫ਼ੇ 9 ਉੱਤੇ ਤਸਵੀਰ]
ਨਵੇਂ ਆਫ਼ਿਸ ਦਾ ਉਦਘਾਟਨ
ਮੈਸੇਡੋਨੀਆ ਵਿਚ 17 ਮਈ 2003 ਯਹੋਵਾਹ ਦੇ ਗਵਾਹਾਂ ਲਈ ਇਕ ਖ਼ਾਸ ਦਿਨ ਸੀ। ਉਸ ਦਿਨ ਸਕੌਪੀਏ ਵਿਚ ਯਹੋਵਾਹ ਦੇ ਗਵਾਹਾਂ ਦੇ ਇਕ ਨਵੇਂ ਆਫ਼ਿਸ ਨੂੰ ਯਹੋਵਾਹ ਦੀ ਸੇਵਾ ਲਈ ਸਮਰਪਿਤ ਕੀਤਾ ਗਿਆ। ਪੁਰਾਣੇ ਆਫ਼ਿਸ ਨੂੰ ਚਾਰ ਗੁਣਾ ਵੱਡਾ ਕੀਤਾ ਗਿਆ ਅਤੇ ਇਸ ਦੀ ਉਸਾਰੀ ਵਿਚ ਦੋ ਸਾਲ ਲੱਗੇ।
ਇਸ ਕੰਪਲੈਕਸ ਵਿਚ ਤਿੰਨ ਇਮਾਰਤਾਂ ਹਨ ਜਿਨ੍ਹਾਂ ਵਿਚ ਐਡਮਿਨਿਸਟ੍ਰੇਸ਼ਨ ਤੇ ਟ੍ਰਾਂਸਲੇਸ਼ਨ ਦਫ਼ਤਰ, ਰਿਹਾਇਸ਼, ਰਸੋਈ ਅਤੇ ਲਾਂਡਰੀ ਹੈ। ਸਮਰਪਣ ਪ੍ਰੋਗ੍ਰਾਮ ਦਾ ਮੁੱਖ ਭਾਸ਼ਣ ਭਰਾ ਗਾਈ ਪੀਅਰਸ ਨੇ ਦਿੱਤਾ ਜੋ ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਦੇ ਮੈਂਬਰ ਹਨ। ਇਸ ਪ੍ਰੋਗ੍ਰਾਮ ਲਈ ਦਸ ਦੇਸ਼ਾਂ ਤੋਂ ਲੋਕ ਆਏ। ਸੋਹਣੀਆਂ ਨਵੀਆਂ ਇਮਾਰਤਾਂ ਦੇਖ ਕੇ ਸਾਰਿਆਂ ਦਾ ਜੀਅ ਖ਼ੁਸ਼ ਹੋ ਗਿਆ।
[ਸਫ਼ੇ 8, 9 ਉੱਤੇ ਨਕਸ਼ਾ]
(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)
ਬਲਗੇਰੀਆ
ਮੈਸੇਡੋਨੀਆ
ਸਕੌਪੀਏ
ਅਲਬਾਨੀਆ
ਗ੍ਰੀਸ
[ਸਫ਼ੇ 8 ਉੱਤੇ ਤਸਵੀਰ]
ਸਕੌਪੀਏ, ਮੈਸੇਡੋਨੀਆ