Skip to content

Skip to table of contents

ਹਮੇਸ਼ਾ ਲਈ ਗਿਆਨ ਲੈਂਦੇ ਰਹੋ

ਹਮੇਸ਼ਾ ਲਈ ਗਿਆਨ ਲੈਂਦੇ ਰਹੋ

ਹਮੇਸ਼ਾ ਲਈ ਗਿਆਨ ਲੈਂਦੇ ਰਹੋ

ਜਰਮਨੀ ਦੇ ਡਾਕਟਰ ਉਲਰਿਖ਼ ਸ਼ਟਰੂੰਸ ਨੇ ਸਦਾ ਜਵਾਨ (ਜਰਮਨ) ਨਾਂ ਹੇਠ ਕਈ ਕਿਤਾਬਾਂ ਲਿਖੀਆਂ ਹਨ। ਇਨ੍ਹਾਂ ਵਿਚ ਉਸ ਨੇ ਕਿਹਾ ਕਿ ਕਸਰਤ ਕਰਨ, ਪੌਸ਼ਟਿਕ ਭੋਜਨ ਖਾਣ ਤੇ ਚੰਗੀਆਂ ਆਦਤਾਂ ਪਾਉਣ ਨਾਲ ਸਿਹਤ ਠੀਕ ਰਹਿੰਦੀ ਹੈ ਤੇ ਇਨਸਾਨ ਲੰਬੀ ਉਮਰ ਭੋਗ ਸਕਦਾ ਹੈ। ਪਰ ਉਹ ਆਪਣੇ ਪਾਠਕਾਂ ਨਾਲ ਇਹ ਵਾਅਦਾ ਨਹੀਂ ਕਰਦਾ ਕਿ ਉਸ ਦੀਆਂ ਸਲਾਹਾਂ ਮੰਨਣ ਨਾਲ ਉਹ ਹਮੇਸ਼ਾ-ਹਮੇਸ਼ਾ ਲਈ ਜੀ ਸਕਣਗੇ।

ਫਿਰ ਵੀ, ਅਜਿਹਾ ਗਿਆਨ ਹੈ ਜਿਸ ਨੂੰ ਪ੍ਰਾਪਤ ਕਰ ਕੇ ਇਨਸਾਨ ਹਮੇਸ਼ਾ-ਹਮੇਸ਼ਾ ਲਈ ਜੀ ਸਕਦਾ ਹੈ। ਇਸ ਤਰ੍ਹਾਂ ਜੇ ਤੁਸੀਂ ਹਮੇਸ਼ਾ ਲਈ ਜੀਓਗੇ, ਤਾਂ ਤੁਸੀਂ ਹਮੇਸ਼ਾ-ਹਮੇਸ਼ਾ ਲਈ ਚੰਗਾ ਗਿਆਨ ਲੈ ਸਕੋਗੇ। ਯਿਸੂ ਨੇ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦੇ ਹੋਏ ਕਿਹਾ ਸੀ: “ਸਦੀਪਕ ਜੀਉਣ ਇਹ ਹੈ ਕਿ ਓਹ ਤੈਨੂੰ ਜੋ ਸੱਚਾ ਵਾਹਿਦ ਪਰਮੇਸ਼ੁਰ ਹੈ ਅਤੇ ਯਿਸੂ ਮਸੀਹ ਨੂੰ ਜਿਹ ਨੂੰ ਤੈਂ ਘੱਲਿਆ ਜਾਣਨ।” (ਯੂਹੰਨਾ 17:3) ਆਓ ਪਹਿਲਾਂ ਆਪਾਂ ਇਹ ਪਤਾ ਕਰੀਏ ਕਿ ਸ਼ਬਦ “ਸਦੀਪਕ ਜੀਉਣ” ਦਾ ਕੀ ਮਤਲਬ ਹੈ ਤੇ ਫਿਰ ਜਾਣੀਏ ਕਿ ਪਰਮੇਸ਼ੁਰ ਤੇ ਯਿਸੂ ਮਸੀਹ ਨੂੰ ਜਾਣਨ ਵਿਚ ਕੀ ਕੁਝ ਸ਼ਾਮਲ ਹੈ ਅਤੇ ਅਸੀਂ ਉਨ੍ਹਾਂ ਨੂੰ ਕਿਵੇਂ ਜਾਣ ਸਕਦੇ ਹਾਂ।

ਬਾਈਬਲ ਅਨੁਸਾਰ ਸਿਰਜਣਹਾਰ ਜਲਦੀ ਹੀ ਧਰਤੀ ਨੂੰ ਸੋਹਣਾ ਬਾਗ਼ ਬਣਾ ਦੇਵੇਗਾ ਜਿਸ ਵਿਚ ਲੰਬੀ ਉਮਰ ਭੋਗਣੀ ਮੁਮਕਿਨ ਹੋਵੇਗੀ। ਧਰਤੀ ਨੂੰ ਸਾਫ਼ ਕਰ ਕੇ ਸੋਹਣਾ ਬਣਾਉਣ ਲਈ ਇਸ ਉੱਤੇ ਬਹੁਤ ਸਾਰੀਆਂ ਤਬਦੀਲੀਆਂ ਕਰਨੀਆਂ ਪੈਣਗੀਆਂ ਜਿਵੇਂ ਨੂਹ ਦੇ ਦਿਨਾਂ ਵਿਚ ਕੀਤੀਆਂ ਗਈਆਂ ਸਨ। ਮੱਤੀ ਅਧਿਆਇ 24, ਆਇਤਾਂ 37 ਤੋਂ 39 ਵਿਚ ਯਿਸੂ ਨੇ ‘ਨੂਹ ਦੇ ਦਿਨ’ ਦੀ ਤੁਲਨਾ ਸਾਡੇ ਸਮੇਂ ਨਾਲ ਕੀਤੀ ਸੀ। ਨੂਹ ਦੇ ਦਿਨਾਂ ਵਿਚ ਲੋਕਾਂ ਨੇ ਆਪਣੀ ਮਾੜੀ ਹਾਲਤ ਵੱਲ ਬਿਲਕੁਲ ਧਿਆਨ ਨਹੀਂ ਦਿੱਤਾ। ਉਨ੍ਹਾਂ ਨੇ ਨੂਹ ਦਾ ਸੰਦੇਸ਼ ਵੀ ਨਹੀਂ ਸੁਣਿਆ। ਫਿਰ ‘ਉਹ ਦਿਨ’ ਆਇਆ ਜਿਸ ਦਿਨ “ਨੂਹ ਕਿਸ਼ਤੀ ਉੱਤੇ ਚੜ੍ਹਿਆ” ਅਤੇ ਹੜ੍ਹ ਨੇ ਉਨ੍ਹਾਂ ਸਾਰਿਆਂ ਨੂੰ ਖ਼ਤਮ ਕਰ ਦਿੱਤਾ ਜਿਨ੍ਹਾਂ ਨੇ ਇਸ ਸੰਦੇਸ਼ ਬਾਰੇ ਗਿਆਨ ਲੈਣ ਤੋਂ ਇਨਕਾਰ ਕੀਤਾ। ਨੂਹ ਤੇ ਉਸ ਦਾ ਪਰਿਵਾਰ ਬਚ ਗਏ।

ਯਿਸੂ ਨੇ ਕਿਹਾ ਕਿ ਅਜਿਹਾ ਇਕ “ਦਿਨ” ਸਾਡੇ ਸਮੇਂ ਵਿਚ ਵੀ ਆਵੇਗਾ। ਜੋ ਲੋਕ ਇਸ “ਦਿਨ” ਬਾਰੇ ਗਿਆਨ ਲੈ ਕੇ ਠੋਸ ਕਦਮ ਚੁੱਕਦੇ ਹਨ, ਉਹ ਸਿਰਫ਼ ਬਚਣ ਦੀ ਹੀ ਨਹੀਂ, ਸਗੋਂ ਹਮੇਸ਼ਾ ਲਈ ਜੀਣ ਦੀ ਵੀ ਆਸ ਰੱਖ ਸਕਦੇ ਹਨ। ਇਸ ਤੋਂ ਇਲਾਵਾ, ਮਰ ਚੁੱਕੇ ਲੋਕਾਂ ਨੂੰ, ਜੋ ਪਰਮੇਸ਼ੁਰ ਦੀ ਯਾਦਾਸ਼ਤ ਵਿਚ ਜੀਉਂਦੇ ਹਨ, ਮੁੜ ਜੀਉਂਦਾ ਕਰ ਕੇ ਹਮੇਸ਼ਾ ਲਈ ਜੀਣ ਦਾ ਮੌਕਾ ਦਿੱਤਾ ਜਾਵੇਗਾ। (ਯੂਹੰਨਾ 5:28, 29) ਧਿਆਨ ਦਿਓ ਕਿ ਯਿਸੂ ਨੇ ਇਨ੍ਹਾਂ ਦੋਵਾਂ ਗੱਲਾਂ ਬਾਰੇ ਕਿਵੇਂ ਦੱਸਿਆ ਸੀ। ਮਰੇ ਹੋਇਆਂ ਦੇ ਮੁੜ ਜੀ ਉੱਠਣ ਬਾਰੇ ਮਾਰਥਾ ਨਾਲ ਗੱਲ ਕਰਦੇ ਹੋਏ ਉਸ ਨੇ ਕਿਹਾ ਸੀ: “ਜੋ ਮੇਰੇ ਉੱਤੇ ਨਿਹਚਾ ਕਰਦਾ ਹੈ ਭਾਵੇਂ ਉਹ ਮਰ ਜਾਏ ਤਾਂ ਵੀ ਜੀਵੇਗਾ ਅਤੇ ਹਰ ਕੋਈ ਜਿਹੜਾ ਜੀਉਂਦਾ ਹੈ ਅਰ ਮੇਰੇ ਉੱਤੇ ਨਿਹਚਾ ਕਰਦਾ ਹੈ ਸੋ ਸਦੀਪਕਾਲ ਤੀਕੁ ਕਦੇ ਨਾ ਮਰੇਗਾ।” ਬਾਈਬਲ ਵਿਚ ਦੱਸੇ ਸਬੂਤਾਂ ਤੋਂ ਪਤਾ ਲੱਗਾ ਹੈ ਕਿ ਇਹ “ਦਿਨ” ਬਹੁਤ ਨੇੜੇ ਹੈ ਜਿਸ ਦਾ ਮਤਲਬ ਹੈ ਕਿ ਤੁਸੀਂ ਸ਼ਾਇਦ ‘ਸਦੀਪਕਾਲ ਤੀਕੁ ਕਦੇ ਨਾ ਮਰੋਗੇ।’—ਯੂਹੰਨਾ 11:25-27.

ਯਿਸੂ ਨੇ ਫਿਰ ਮਾਰਥਾ ਨੂੰ ਪੁੱਛਿਆ ਸੀ: “ਕੀ ਤੂੰ ਇਸ ਗੱਲ ਦੀ ਪਰਤੀਤ ਕਰਦੀ ਹੈਂ?” ਮਾਰਥਾ ਨੇ ਜਵਾਬ ਦਿੱਤਾ: “ਹਾਂ, ਪ੍ਰਭੁ।” ਜੇ ਯਿਸੂ ਅੱਜ ਇਹੀ ਸਵਾਲ ਤੁਹਾਨੂੰ ਪੁੱਛੇ, ਤਾਂ ਤੁਸੀਂ ਕੀ ਜਵਾਬ ਦਿਓਗੇ? ਸ਼ਾਇਦ ਤੁਹਾਨੂੰ ਇਹ ਵਿਸ਼ਵਾਸ ਕਰਨਾ ਮੁਸ਼ਕਲ ਲੱਗੇ ਕਿ ਤੁਸੀਂ ਕਦੇ ਨਹੀਂ ਮਰੋਗੇ। ਪਰ ਫਿਰ ਵੀ ਤੁਸੀਂ ਸ਼ਾਇਦ ਸੋਚੋਗੇ ਕਿ ‘ਕਾਸ਼ ਇਹ ਗੱਲ ਸੱਚ ਹੋ ਸਕਦੀ!’ ਕਲਪਨਾ ਕਰੋ ਕਿ ਤੁਸੀਂ ਕਿੰਨਾ ਕੁਝ ਸਿੱਖ ਸਕੋਗੇ ਜੇ ਤੁਸੀਂ ‘ਸਦੀਪਕਾਲ ਤੀਕੁ ਕਦੇ ਨਾ ਮਰੋਗੇ’! ਉਸ ਵੇਲੇ ਤੁਹਾਨੂੰ ਉਹ ਸਾਰੇ ਕੰਮ ਕਰ ਕੇ ਕਿੰਨੀ ਖ਼ੁਸ਼ੀ ਮਿਲੇਗੀ ਜਿਨ੍ਹਾਂ ਨੂੰ ਸਿੱਖਣ ਅਤੇ ਕਰਨ ਲਈ ਅੱਜ ਤੁਹਾਡੇ ਕੋਲ ਸਮਾਂ ਨਹੀਂ ਹੈ। ਨਾਲੇ ਉਸ ਸਮੇਂ ਬਾਰੇ ਵੀ ਸੋਚੋ ਜਦੋਂ ਤੁਸੀਂ ਆਪਣੇ ਅਜ਼ੀਜ਼ਾਂ ਨੂੰ ਦੁਬਾਰਾ ਮਿਲ ਪਾਓਗੇ ਜਿਨ੍ਹਾਂ ਨੂੰ ਮੌਤ ਨੇ ਤੁਹਾਥੋਂ ਖੋਹ ਲਿਆ ਸੀ। ਉਹ ਕਿਹੜਾ ਗਿਆਨ ਹੈ ਜੋ ਇਹ ਸਭ ਕੁਝ ਮੁਮਕਿਨ ਬਣਾਵੇਗਾ? ਤੁਸੀਂ ਇਹ ਗਿਆਨ ਕਿੱਦਾਂ ਪ੍ਰਾਪਤ ਕਰ ਸਕਦੇ ਹੋ?

ਅਸੀਂ ਜ਼ਿੰਦਗੀ ਦੇਣ ਵਾਲਾ ਗਿਆਨ ਪ੍ਰਾਪਤ ਕਰ ਸਕਦੇ ਹਾਂ

ਕੀ ਸਾਡੇ ਵਿਚ ਪਰਮੇਸ਼ੁਰ ਅਤੇ ਮਸੀਹ ਬਾਰੇ ਗਿਆਨ ਲੈਣ ਦੀ ਕਾਬਲੀਅਤ ਹੈ? ਜੀ ਹਾਂ। ਮੰਨਿਆ ਕਿ ਸਿਰਜਣਹਾਰ ਦੀਆਂ ਬਣਾਈਆਂ ਚੀਜ਼ਾਂ ਬਾਰੇ ਗਿਆਨ ਲੈਣ ਦਾ ਕੋਈ ਅੰਤ ਨਹੀਂ ਹੈ, ਪਰ ਯਿਸੂ “ਗਿਆਨ” ਤੇ “ਸਦੀਪਕ ਜੀਵਨ” ਵਿਚ ਸੰਬੰਧ ਦੱਸਦੇ ਹੋਏ ਖਗੋਲ-ਵਿਗਿਆਨ ਜਾਂ ਕਿਸੇ ਹੋਰ ਵਿਗਿਆਨ ਦੀ ਗੱਲ ਨਹੀਂ ਕਰ ਰਿਹਾ ਸੀ। ਕਹਾਉਤਾਂ ਅਧਿਆਇ 2, ਆਇਤਾਂ 1 ਤੇ 5 ਵਿਚ ਦੱਸਿਆ ਗਿਆ ਹੈ ਕਿ ‘ਪਰਮੇਸ਼ੁਰ ਦਾ ਗਿਆਨ’ ਲੈਣ ਲਈ ਪਰਮੇਸ਼ੁਰ ਦੇ “ਹੁਕਮਾਂ” ਬਾਰੇ ਸਿੱਖਣਾ ਜ਼ਰੂਰੀ ਹੈ। ਅਤੇ ਯਿਸੂ ਨੂੰ ਜਾਣਨ ਬਾਰੇ ਯੂਹੰਨਾ 20:30, 31 ਕਹਿੰਦਾ ਹੈ ਕਿ ਜੋ ਵੀ ਗੱਲਾਂ ਬਾਈਬਲ ਵਿਚ ਲਿਖੀਆਂ ਗਈਆਂ ਹਨ ਉਹ ‘ਜੀਉਣ ਨੂੰ ਪ੍ਰਾਪਤ ਕਰਨ’ ਲਈ ਕਾਫ਼ੀ ਹਨ।

ਇਸ ਲਈ ਬਾਈਬਲ ਵਿਚ ਯਹੋਵਾਹ ਅਤੇ ਯਿਸੂ ਮਸੀਹ ਬਾਰੇ ਦਿੱਤਾ ਗਿਆ ਗਿਆਨ ਇਹ ਦਿਖਾਉਣ ਲਈ ਕਾਫ਼ੀ ਹੈ ਕਿ ਤੁਸੀਂ ਅਨੰਤ ਜ਼ਿੰਦਗੀ ਕਿਵੇਂ ਪਾ ਸਕਦੇ ਹੋ। ਬਾਈਬਲ ਇਕ ਬਹੁਤ ਹੀ ਅਨੋਖੀ ਕਿਤਾਬ ਹੈ। ਸਿਰਜਣਹਾਰ ਨੇ ਇਸ ਨੂੰ ਇਸ ਤਰੀਕੇ ਨਾਲ ਲਿਖਵਾਇਆ ਹੈ ਕਿ ਅਨਪੜ੍ਹ ਜਾਂ ਘੱਟ ਪੜ੍ਹੇ-ਲਿਖੇ ਲੋਕ ਵੀ ਇਸ ਤੋਂ ਗਿਆਨ ਪ੍ਰਾਪਤ ਕਰ ਕੇ ਅਨੰਤ ਜ਼ਿੰਦਗੀ ਪਾ ਸਕਦੇ ਹਨ। ਇਸੇ ਤਰ੍ਹਾਂ ਹੁਸ਼ਿਆਰ ਵਿਅਕਤੀ ਜਿਸ ਕੋਲ ਸਿੱਖਣ ਲਈ ਸਮਾਂ ਤੇ ਸਾਧਨ ਹਨ, ਉਹ ਵੀ ਬਾਈਬਲ ਵਿੱਚੋਂ ਨਵੀਆਂ-ਨਵੀਆਂ ਗੱਲਾਂ ਸਿੱਖ ਸਕਦਾ ਹੈ। ਤੁਸੀਂ ਇਹ ਲੇਖ ਪੜ੍ਹ ਸਕਦੇ ਹੋ ਜੋ ਇਸ ਗੱਲ ਦਾ ਸਬੂਤ ਹੈ ਕਿ ਤੁਹਾਡੇ ਵਿਚ ਸਿੱਖਣ ਦੀ ਕਾਬਲੀਅਤ ਹੈ। ਪਰ ਤੁਹਾਨੂੰ ਆਪਣੀ ਇਹ ਕਾਬਲੀਅਤ ਕਿਵੇਂ ਇਸਤੇਮਾਲ ਕਰਨੀ ਚਾਹੀਦੀ ਹੈ?

ਦੁਨੀਆਂ ਭਰ ਵਿਚ ਇਹ ਗੱਲ ਸਾਬਤ ਹੋ ਚੁੱਕੀ ਹੈ ਕਿ ਇਹ ਗਿਆਨ ਪ੍ਰਾਪਤ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਇਸ ਗਿਆਨ ਦੀ ਸਮਝ ਰੱਖਣ ਵਾਲੇ ਕਿਸੇ ਵਿਅਕਤੀ ਦੀ ਮਦਦ ਨਾਲ ਬਾਈਬਲ ਦਾ ਅਧਿਐਨ ਕਰਨਾ। ਜਿਵੇਂ ਨੂਹ ਨੇ ਆਪਣੇ ਜ਼ਮਾਨੇ ਦੇ ਲੋਕਾਂ ਨੂੰ ਇਹ ਗਿਆਨ ਦੇਣ ਦੀ ਕੋਸ਼ਿਸ਼ ਕੀਤੀ ਸੀ, ਉਸੇ ਤਰ੍ਹਾਂ ਯਹੋਵਾਹ ਦੇ ਗਵਾਹ ਤੁਹਾਡੇ ਘਰ ਆ ਕੇ ਤੁਹਾਨੂੰ ਬਾਈਬਲ ਦਾ ਗਿਆਨ ਦੇਣ ਲਈ ਤਿਆਰ ਹਨ। ਉਹ ਚਰਚਾ ਕਰਨ ਲਈ ਸ਼ਾਇਦ ਬਰੋਸ਼ਰ ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? ਜਾਂ ਕਿਤਾਬ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਇਸਤੇਮਾਲ ਕਰਨ। * ਜੇ ਤੁਹਾਨੂੰ ਇਹ ਵਿਸ਼ਵਾਸ ਕਰਨਾ ਔਖਾ ਲੱਗਦਾ ਹੈ ਕਿ ਸੋਹਣੀ ਧਰਤੀ ਉੱਤੇ ਵਫ਼ਾਦਾਰ ਲੋਕ ‘ਸਦੀਪਕਾਲ ਤੀਕੁ ਕਦੇ ਨਾ ਮਰਨਗੇ,’ ਤਾਂ ਤੁਸੀਂ ਬਾਈਬਲ ਉੱਤੇ ਚਰਚਾ ਕਰ ਕੇ ਇਸ ਵਾਅਦੇ ਉੱਤੇ ਭਰੋਸਾ ਪੈਦਾ ਕਰ ਸਕਦੇ ਹੋ। ਇਸ ਲਈ ਜੇ ਤੁਸੀਂ ਹਮੇਸ਼ਾ ਲਈ ਜੀਉਣਾ ਚਾਹੁੰਦੇ ਹੋ ਜਾਂ ਜੇ ਫਿਰ ਤੁਸੀਂ ਦੇਖਣਾ ਚਾਹੁੰਦੇ ਹੋ ਕਿ ਇਸ ਗੱਲ ਉੱਤੇ ਭਰੋਸਾ ਕੀਤਾ ਜਾ ਸਕਦਾ ਹੈ ਕਿ ਨਹੀਂ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਬਾਈਬਲ ਦਾ ਅਧਿਐਨ ਕਰਨ ਦੇ ਮੌਕੇ ਤੋਂ ਨਾ ਖੁੰਝੋ।

ਅਧਿਐਨ ਕਿੰਨਾ ਲੰਬਾ ਹੋਵੇਗਾ? ਉੱਪਰ ਜ਼ਿਕਰ ਕੀਤਾ ਗਿਆ 32 ਸਫ਼ਿਆਂ ਵਾਲਾ ਬਰੋਸ਼ਰ ਸੈਂਕੜੇ ਭਾਸ਼ਾਵਾਂ ਵਿਚ ਉਪਲਬਧ ਹੈ ਤੇ ਇਸ ਵਿਚ ਸਿਰਫ਼ 16 ਛੋਟੇ-ਛੋਟੇ ਪਾਠ ਹਨ। ਜਾਂ ਜੇ ਤੁਸੀਂ ਹਫ਼ਤੇ ਵਿਚ ਇਕ ਘੰਟਾ ਕੱਢ ਸਕੋ, ਤਾਂ ਤੁਸੀਂ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਕਿਤਾਬ ਦੀ ਮਦਦ ਨਾਲ ਕੁਝ ਕੁ ਮਹੀਨਿਆਂ ਵਿਚ ਬਾਈਬਲ ਦੀਆਂ ਅਹਿਮ ਗੱਲਾਂ ਦਾ ਗਿਆਨ ਲੈ ਸਕੋਗੇ। ਇਨ੍ਹਾਂ ਪ੍ਰਕਾਸ਼ਨਾਂ ਨੇ ਇਹ ਗਿਆਨ ਲੈਣ ਅਤੇ ਪਰਮੇਸ਼ੁਰ ਨਾਲ ਡੂੰਘਾ ਪਿਆਰ ਕਰਨ ਵਿਚ ਬਹੁਤ ਸਾਰੇ ਲੋਕਾਂ ਦੀ ਮਦਦ ਕੀਤੀ ਹੈ। ਸਿਰਜਣਹਾਰ ਉਨ੍ਹਾਂ ਸਾਰੇ ਲੋਕਾਂ ਨੂੰ ਅਨੰਤ ਜ਼ਿੰਦਗੀ ਦੇਵੇਗਾ ਜਿਹੜੇ ਉਸ ਨੂੰ ਦਿਲੋਂ ਪਿਆਰ ਕਰਦੇ ਹਨ।

ਜੀ ਹਾਂ, ਅਸੀਂ ਜ਼ਿੰਦਗੀ ਦੇਣ ਵਾਲਾ ਗਿਆਨ ਲੈ ਸਕਦੇ ਹਾਂ ਅਤੇ ਇਹ ਗਿਆਨ ਆਸਾਨੀ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ। ਪੂਰੀ ਬਾਈਬਲ ਜਾਂ ਇਸ ਦੇ ਕੁਝ ਹਿੱਸਿਆਂ ਦਾ 2,000 ਤੋਂ ਵੱਧ ਭਾਸ਼ਾਵਾਂ ਵਿਚ ਅਨੁਵਾਦ ਕੀਤਾ ਗਿਆ ਹੈ। 235 ਦੇਸ਼ਾਂ ਵਿਚ ਯਹੋਵਾਹ ਦੇ ਗਵਾਹ ਇਹ ਗਿਆਨ ਲੈਣ ਵਿਚ ਖ਼ੁਸ਼ੀ-ਖ਼ੁਸ਼ੀ ਲੋਕਾਂ ਦੀ ਮਦਦ ਕਰਦੇ ਹਨ ਤੇ ਪੜ੍ਹਨ ਲਈ ਬਾਈਬਲ ਆਧਾਰਿਤ-ਪ੍ਰਕਾਸ਼ਨ ਦਿੰਦੇ ਹਨ।

ਤੁਸੀਂ ਆਪ ਅਧਿਐਨ ਕਰੋ

ਪਰਮੇਸ਼ੁਰ ਨਾਲ ਰਿਸ਼ਤਾ ਜੋੜਨਾ ਤੁਹਾਡੀ ਨਿੱਜੀ ਜ਼ਿੰਮੇਵਾਰੀ ਹੈ। ਸਿਰਫ਼ ਤੁਸੀਂ ਹੀ ਇਸ ਰਿਸ਼ਤੇ ਨੂੰ ਬਣਾਈ ਰੱਖ ਸਕਦੇ ਹੋ ਤੇ ਹੋਰ ਮਜ਼ਬੂਤ ਕਰ ਸਕਦੇ ਹੋ ਅਤੇ ਸਿਰਫ਼ ਪਰਮੇਸ਼ੁਰ ਹੀ ਤੁਹਾਨੂੰ ਅਨੰਤ ਜ਼ਿੰਦਗੀ ਦੇ ਸਕਦਾ ਹੈ। ਇਸ ਲਈ, ਤੁਹਾਨੂੰ ਉਸ ਦੇ ਬਚਨ ਦਾ ਬਾਕਾਇਦਾ ਨਿੱਜੀ ਅਧਿਐਨ ਕਰਨਾ ਚਾਹੀਦਾ ਹੈ। ਜੇ ਤੁਸੀਂ ਯਹੋਵਾਹ ਦੇ ਕਿਸੇ ਗਵਾਹ ਨੂੰ ਬਾਕਾਇਦਾ ਆਪਣੇ ਘਰ ਬੁਲਾਓ, ਤਾਂ ਤੁਹਾਡੇ ਲਈ ਅਧਿਐਨ ਕਰਨ ਵਾਸਤੇ ਨਿਸ਼ਚਿਤ ਸਮਾਂ ਰੱਖਣਾ ਆਸਾਨ ਹੋ ਸਕਦਾ ਹੈ।

ਬਾਈਬਲ ਤੇ ਬਾਈਬਲ-ਆਧਾਰਿਤ ਕਿਤਾਬਾਂ ਵਿਚ ‘ਪਰਮੇਸ਼ੁਰ ਦਾ ਗਿਆਨ’ ਦਿੱਤਾ ਗਿਆ ਹੁੰਦਾ ਹੈ, ਇਸ ਲਈ ਇਨ੍ਹਾਂ ਦੀ ਸੰਭਾਲ ਕਰਨੀ ਬਹੁਤ ਜ਼ਰੂਰੀ ਹੈ। (ਕਹਾਉਤਾਂ 2:5) ਇਨ੍ਹਾਂ ਨੂੰ ਸਾਂਭ ਕੇ ਰੱਖਣ ਨਾਲ ਤੁਸੀਂ ਇੰਨਾ ਨੂੰ ਸਾਲਾਂ ਤਕ ਇਸਤੇਮਾਲ ਕਰ ਸਕਦੇ ਹੋ। ਜੇ ਤੁਸੀਂ ਕਿਸੇ ਗ਼ਰੀਬ ਦੇਸ਼ ਵਿਚ ਰਹਿੰਦੇ ਹੋ, ਤਾਂ ਤੁਹਾਡੇ ਕੋਲ ਸਕੂਲੇ ਪੜ੍ਹਦੇ ਸਮੇਂ ਸ਼ਾਇਦ ਜ਼ਿਆਦਾ ਕਿਤਾਬਾਂ ਨਹੀਂ ਸਨ। ਤੁਸੀਂ ਜ਼ਿਆਦਾ ਕਰਕੇ ਸੁਣਨ ਅਤੇ ਦੇਖਣ ਨਾਲ ਸਿੱਖਿਆ ਪ੍ਰਾਪਤ ਕੀਤੀ ਹੋਣੀ। ਉਦਾਹਰਣ ਲਈ ਬੇਨਿਨ ਵਿਚ 50 ਤੋਂ ਜ਼ਿਆਦਾ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਲੋਕ ਆਮ ਤੌਰ ਤੇ ਚਾਰ ਜਾਂ ਪੰਜ ਭਾਸ਼ਾਵਾਂ ਆਸਾਨੀ ਨਾਲ ਬੋਲਦੇ ਹਨ, ਭਾਵੇਂ ਕਿ ਉਨ੍ਹਾਂ ਨੇ ਇਨ੍ਹਾਂ ਭਾਸ਼ਾਵਾਂ ਵਿਚ ਕਦੀ ਕੋਈ ਕਿਤਾਬ ਦੇਖੀ ਵੀ ਨਹੀਂ। ਸੁਣਨ, ਦੇਖਣ ਤੇ ਧਿਆਨ ਲਗਾਉਣ ਦੀ ਕਾਬਲੀਅਤ ਪਰਮੇਸ਼ੁਰ ਦੀ ਦਾਤ ਹੈ। ਫਿਰ ਵੀ ਤੁਸੀਂ ਦੇਖੋਗੇ ਕਿ ਕਿਤਾਬਾਂ ਤੁਹਾਡੇ ਅਧਿਐਨ ਕਰਨ ਵਿਚ ਬਹੁਤ ਫ਼ਾਇਦੇਮੰਦ ਸਾਬਤ ਹੋਣਗੀਆਂ।

ਭਾਵੇਂ ਤੁਹਾਡਾ ਘਰ ਛੋਟਾ ਹੈ, ਤਾਂ ਵੀ ਤੁਸੀਂ ਬਾਈਬਲ ਤੇ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਲਈ ਜਗ੍ਹਾ ਬਣਾਓ। ਇਨ੍ਹਾਂ ਨੂੰ ਉੱਥੇ ਰੱਖੋ ਜਿੱਥੋਂ ਤੁਸੀਂ ਆਸਾਨੀ ਨਾਲ ਚੁੱਕ ਸਕੋ ਅਤੇ ਇਨ੍ਹਾਂ ਦੇ ਖ਼ਰਾਬ ਹੋਣ ਦਾ ਡਰ ਨਾ ਹੋਵੇ।

ਪਰਿਵਾਰਕ ਅਧਿਐਨ

ਜੇ ਤੁਹਾਡੇ ਬੱਚੇ ਹਨ, ਤਾਂ ਤੁਹਾਨੂੰ ਉਨ੍ਹਾਂ ਨੂੰ ਵੀ ਇਹੀ ਗਿਆਨ ਦੇਣਾ ਚਾਹੀਦਾ ਹੈ। ਵਿਕਾਸਸ਼ੀਲ ਦੇਸ਼ਾਂ ਵਿਚ ਮਾਪੇ ਆਮ ਤੌਰ ਤੇ ਆਪਣੇ ਬੱਚਿਆਂ ਨੂੰ ਰੋਜ਼ਮੱਰਾ ਜ਼ਿੰਦਗੀ ਦੀਆਂ ਕਈ ਫ਼ਾਇਦੇਮੰਦ ਗੱਲਾਂ ਸਿਖਾਉਂਦੇ ਹਨ, ਜਿਵੇਂ ਕਿ ਭੋਜਨ ਪਕਾਉਣਾ, ਲੱਕੜੀਆਂ ਇਕੱਠੀਆਂ ਕਰਨੀਆਂ, ਪਾਣੀ ਲਿਆਉਣਾ, ਖੇਤੀ ਕਰਨੀ, ਮੱਛੀਆਂ ਫੜਨੀਆਂ ਅਤੇ ਬਾਜ਼ਾਰ ਵਿਚ ਸਾਮਾਨ ਵੇਚਣਾ-ਖ਼ਰੀਦਣਾ। ਇਹ ਗੱਲਾਂ ਜ਼ਿੰਦਗੀ ਵਿਚ ਬਹੁਤ ਕੰਮ ਆਉਂਦੀਆਂ ਹਨ। ਪਰ ਬਹੁਤ ਸਾਰੇ ਮਾਪੇ ਉਨ੍ਹਾਂ ਗੱਲਾਂ ਦਾ ਗਿਆਨ ਨਹੀਂ ਦਿੰਦੇ ਜਿਨ੍ਹਾਂ ਤੋਂ ਅਨੰਤ ਜ਼ਿੰਦਗੀ ਮਿਲ ਸਕਦੀ ਹੈ।

ਤੁਹਾਡੇ ਹਾਲਾਤ ਭਾਵੇਂ ਜੋ ਮਰਜ਼ੀ ਹੋਣ, ਤੁਸੀਂ ਸ਼ਾਇਦ ਮਹਿਸੂਸ ਕਰਦੇ ਹੋਵੋਗੇ ਕਿ ਤੁਹਾਡੇ ਕੋਲ ਅਧਿਐਨ ਲਈ ਜ਼ਿਆਦਾ ਸਮਾਂ ਨਹੀਂ ਹੈ। ਸਾਡੇ ਸਿਰਜਣਹਾਰ ਨੂੰ ਵੀ ਇਹ ਪਤਾ ਹੈ। ਆਪਣੇ ਬੱਚਿਆਂ ਨੂੰ ਉਸ ਦੇ ਰਾਹਾਂ ਬਾਰੇ ਕਿਵੇਂ ਸਿਖਾਈਏ, ਇਸ ਬਾਰੇ ਉਸ ਦੀ ਸਲਾਹ ਵੱਲ ਧਿਆਨ ਦਿਓ: “ਤੁਸੀਂ ਓਹਨਾਂ ਨੂੰ ਆਪਣੇ ਬੱਚਿਆਂ ਨੂੰ ਸਿਖਲਾਓ। ਤੁਸੀਂ ਆਪਣੇ ਘਰ ਬੈਠਿਆਂ, ਰਾਹ ਤੁਰਦਿਆਂ, ਲੇਟਦਿਆਂ ਅਰ ਉੱਠਦਿਆਂ ਓਹਨਾਂ ਦਾ ਚਰਚਾ ਕਰੋ।” (ਬਿਵਸਥਾ ਸਾਰ 6:7) ਇਸ ਸਲਾਹ ਤੇ ਚੱਲਦਿਆਂ ਕਿਉਂ ਨਾ ਤੁਸੀਂ ਅੱਗੇ ਦੱਸੇ ਤਰੀਕਿਆਂ ਨਾਲ ਅਧਿਐਨ ਕਰਨ ਦੀ ਕੋਸ਼ਿਸ਼ ਕਰੋ:

1. “ਆਪਣੇ ਘਰ ਬੈਠਿਆਂ”: ਘਰ ਵਿਚ ਆਪਣੇ ਬੱਚਿਆਂ ਨਾਲ ਬਾਕਾਇਦਾ, ਹੋ ਸਕੇ ਤਾਂ ਹਰ ਹਫ਼ਤੇ ਬਾਈਬਲ ਉੱਤੇ ਚਰਚਾ ਕਰੋ, ਉਸੇ ਤਰ੍ਹਾਂ ਜਿਵੇਂ ਤੁਹਾਡੇ ਨਾਲ ਕੀਤੀ ਗਈ ਸੀ। ਯਹੋਵਾਹ ਦੇ ਗਵਾਹ ਹਰ ਉਮਰ ਦੇ ਬੱਚਿਆਂ ਲਈ ਕਿਤਾਬਾਂ ਵੀ ਛਾਪਦੇ ਹਨ ਜਿਨ੍ਹਾਂ ਵਿੱਚੋਂ ਉਨ੍ਹਾਂ ਨੂੰ ਸਿੱਖਿਆ ਦਿੱਤੀ ਜਾ ਸਕਦੀ ਹੈ।

2. “ਰਾਹ ਤੁਰਦਿਆਂ”: ਜਿਵੇਂ ਤੁਸੀਂ ਆਪਣੇ ਬੱਚਿਆਂ ਨੂੰ ਰੋਜ਼ਮੱਰਾ ਜ਼ਿੰਦਗੀ ਦੀਆਂ ਲੋੜਾਂ ਜਾਂ ਚੀਜ਼ਾਂ ਬਾਰੇ ਸਿਖਾਉਂਦੇ ਹੋ, ਉਸੇ ਤਰ੍ਹਾਂ ਆਪਣੇ ਬੱਚਿਆਂ ਨਾਲ ਯਹੋਵਾਹ ਬਾਰੇ ਗੱਲਾਂ ਕਰੋ।

3. “ਲੇਟਦਿਆਂ”: ਹਰ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਬੱਚਿਆਂ ਨਾਲ ਪ੍ਰਾਰਥਨਾ ਕਰੋ।

4. “ਉੱਠਦਿਆਂ”: ਬਹੁਤ ਸਾਰੇ ਪਰਿਵਾਰਾਂ ਨੂੰ ਹਰ ਰੋਜ਼ ਬਾਈਬਲ ਦੀ ਇਕ ਆਇਤ ਉੱਤੇ ਚਰਚਾ ਕਰ ਕੇ ਫ਼ਾਇਦੇ ਹੋਏ ਹਨ। ਯਹੋਵਾਹ ਦੇ ਗਵਾਹ ਚਰਚਾ ਕਰਨ ਲਈ ਹਰ ਰੋਜ਼ ਬਾਈਬਲ ਦੀ ਜਾਂਚ ਕਰੋ * ਨਾਂ ਦੀ ਪੁਸਤਿਕਾ ਇਸਤੇਮਾਲ ਕਰਦੇ ਹਨ।

ਵਿਕਾਸਸ਼ੀਲ ਦੇਸ਼ਾਂ ਵਿਚ ਬਹੁਤ ਸਾਰੇ ਮਾਤਾ-ਪਿਤਾ ਆਪਣੇ ਬੱਚਿਆਂ ਵਿੱਚੋਂ ਘੱਟੋ-ਘੱਟ ਇਕ ਨੂੰ ਪੜ੍ਹਾਉਣ-ਲਿਖਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂਕਿ ਉਹ ਬੱਚਾ ਪੜ੍ਹ-ਲਿਖ ਕੇ ਉਨ੍ਹਾਂ ਦੇ ਬੁਢੇਪੇ ਵਿਚ ਉਨ੍ਹਾਂ ਦੀ ਦੇਖ-ਭਾਲ ਕਰ ਸਕੇ। ਪਰ ਜੇ ਤੁਸੀਂ ਆਪ ਬਾਈਬਲ ਦਾ ਅਧਿਐਨ ਕਰੋ ਅਤੇ ਆਪਣੇ ਬੱਚਿਆਂ ਨਾਲ ਵੀ ਅਧਿਐਨ ਕਰੋ, ਤਾਂ ਤੁਹਾਨੂੰ ਉਹ ਗਿਆਨ ਮਿਲੇਗਾ ਜਿਸ ਨਾਲ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਅਨੰਤ ਜ਼ਿੰਦਗੀ ਮਿਲੇਗੀ।

ਕੀ ਉਹ ਦਿਨ ਕਦੇ ਆਵੇਗਾ ਜਦੋਂ ਸਾਨੂੰ ਹਰ ਚੀਜ਼ ਦਾ ਗਿਆਨ ਹੋਵੇਗਾ? ਨਹੀਂ। ਜਿਵੇਂ ਅਥਾਹ ਬ੍ਰਹਿਮੰਡ ਵਿਚ ਧਰਤੀ ਦਾ ਸਫ਼ਰ ਕਦੇ ਨਹੀਂ ਮੁੱਕੇਗਾ, ਉਸੇ ਤਰ੍ਹਾਂ ਅਸੀਂ ਹਮੇਸ਼ਾ ਲਈ ਗਿਆਨ ਲੈਂਦੇ ਰਹਾਂਗੇ। ਉਪਦੇਸ਼ਕ ਦੀ ਪੋਥੀ 3:11 ਕਹਿੰਦੀ ਹੈ: “ਉਸ ਨੇ ਸਦੀਪਕਾਲ ਨੂੰ ਵੀ ਓਹਨਾਂ ਦੇ ਮਨ ਵਿੱਚ ਟਿਕਾ ਦਿੱਤਾ ਹੈ, ਤਾਂ ਵੀ ਇਨਸਾਨ ਉਸ ਕੰਮ ਨੂੰ ਜੋ ਪਰਮੇਸ਼ੁਰ ਆਦ ਤੋਂ ਲੈ ਕੇ ਅੰਤ ਤੋੜੀ ਕਰਦਾ ਹੈ ਬੁੱਝ ਨਹੀਂ ਸੱਕਦਾ।” ਗਿਆਨ ਲੈਣ ਦਾ ਆਨੰਦ ਕਦੇ ਖ਼ਤਮ ਨਹੀਂ ਹੋਵੇਗਾ।

[ਫੁਟਨੋਟ]

^ ਪੈਰਾ 10 ਦੋਵੇਂ ਪ੍ਰਕਾਸ਼ਨ ਯਹੋਵਾਹ ਦੇ ਗਵਾਹਾਂ ਨੇ ਛਾਪੇ ਹਨ।

^ ਪੈਰਾ 23 ਇਹ ਪੁਸਤਿਕਾ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।

[ਸਫ਼ੇ 5 ਉੱਤੇ ਸੁਰਖੀ]

“ਸਦੀਪਕ ਜੀਉਣ ਇਹ ਹੈ ਕਿ ਓਹ . . . ਜਾਣਨ”

[ਸਫ਼ੇ 7 ਉੱਤੇ ਤਸਵੀਰ]

ਹੁਣ ਅਤੇ ਹਮੇਸ਼ਾ-ਹਮੇਸ਼ਾ ਲਈ ਗਿਆਨ ਲੈਂਦੇ ਰਹਿਣ ਵਿਚ ਆਪਣੇ ਪਰਿਵਾਰ ਦੀ ਮਦਦ ਕਰੋ