Skip to content

Skip to table of contents

ਕੌਣ ਜ਼ਿੰਦਾ ਕੀਤੇ ਜਾਣਗੇ?

ਕੌਣ ਜ਼ਿੰਦਾ ਕੀਤੇ ਜਾਣਗੇ?

ਕੌਣ ਜ਼ਿੰਦਾ ਕੀਤੇ ਜਾਣਗੇ?

“ਇਹ ਨੂੰ ਅਚਰਜ ਨਾ ਜਾਣੋ ਕਿਉਂਕਿ ਉਹ ਘੜੀ ਆਉਂਦੀ ਹੈ ਜਿਹ ਦੇ ਵਿੱਚ ਓਹ ਸਭ ਜਿਹੜੇ ਕਬਰਾਂ ਵਿੱਚ ਹਨ ਉਹ ਦੀ ਅਵਾਜ਼ ਸੁਣਨਗੇ ਅਤੇ ਨਿੱਕਲ ਆਉਣਗੇ।”—ਯੂਹੰਨਾ 5:28, 29.

1. ਮੂਸਾ ਨੇ ਬਲ਼ ਰਹੀ ਝਾੜੀ ਵਿੱਚੋਂ ਕਿਹੜੇ ਮਹੱਤਵਪੂਰਣ ਸ਼ਬਦ ਸੁਣੇ ਅਤੇ ਇਨ੍ਹਾਂ ਸ਼ਬਦਾਂ ਨੂੰ ਬਾਅਦ ਵਿਚ ਕਿਸ ਨੇ ਦੁਹਰਾਇਆ?

ਪੈਂਤੀ ਸੌ ਸਾਲਾਂ ਤੋਂ ਵੀ ਜ਼ਿਆਦਾ ਸਮਾਂ ਪਹਿਲਾਂ ਇਕ ਅਜੀਬ ਗੱਲ ਹੋਈ। ਮੂਸਾ ਆਪਣੇ ਸਹੁਰੇ ਯਿਥਰੋ ਦੀਆਂ ਭੇਡਾਂ ਚਾਰ ਰਿਹਾ ਸੀ। ਹੋਰੇਬ ਪਹਾੜ ਦੇ ਨੇੜੇ ਯਹੋਵਾਹ ਦੇ ਦੂਤ ਨੇ ਇਕ ਬਲ਼ਦੀ ਝਾੜੀ ਵਿੱਚੋਂ ਉਸ ਨੂੰ ਦਰਸ਼ਣ ਦਿੱਤਾ। “ਉਸ ਨੇ ਡਿੱਠਾ ਤਾਂ ਵੇਖੋ ਉਹ ਝਾੜੀ ਅੱਗ ਵਿੱਚ ਬਲ ਰਹੀ ਸੀ ਪਰ ਝਾੜੀ ਭਸਮ ਨਹੀਂ ਹੁੰਦੀ ਸੀ,” ਕੂਚ ਦਾ ਬਿਰਤਾਂਤ ਦੱਸਦਾ ਹੈ। ਫਿਰ ਮੂਸਾ ਨੇ ਝਾੜੀ ਵਿੱਚੋਂ ਇਕ ਆਵਾਜ਼ ਸੁਣੀ। “ਮੈਂ ਤੇਰੇ ਪਿਤਾ ਦਾ ਪਰਮੇਸ਼ੁਰ ਹਾਂ, ਅਬਰਾਹਾਮ ਦਾ ਪਰਮੇਸ਼ੁਰ, ਇਸਹਾਕ ਦਾ ਪਰਮੇਸ਼ੁਰ, ਤੇ ਯਾਕੂਬ ਦਾ ਪਰਮੇਸ਼ੁਰ ਹਾਂ।” (ਕੂਚ 3:1-6) ਕਈ ਸਾਲ ਬਾਅਦ ਪਹਿਲੀ ਸਦੀ ਵਿਚ ਪਰਮੇਸ਼ੁਰ ਦੇ ਪੁੱਤਰ ਯਿਸੂ ਨੇ ਵੀ ਇਹ ਸ਼ਬਦ ਦੁਹਰਾਏ ਸਨ।

2, 3. (ੳ) ਅਬਰਾਹਾਮ, ਇਸਹਾਕ ਅਤੇ ਯਾਕੂਬ ਕਿਸ ਗੱਲ ਨੂੰ ਮੰਨਦੇ ਸਨ? (ਅ) ਕਿਹੜੇ ਸਵਾਲ ਖੜ੍ਹੇ ਹੁੰਦੇ ਹਨ?

2 ਯਿਸੂ ਨਾਲ ਕੁਝ ਸਦੂਕੀ ਗੱਲਬਾਤ ਕਰ ਰਹੇ ਸਨ ਜੋ ਇਹ ਨਹੀਂ ਮੰਨਦੇ ਸਨ ਕਿ ਮੁਰਦਿਆਂ ਨੂੰ ਜੀ ਉਠਾਇਆ ਜਾਵੇਗਾ। ਯਿਸੂ ਨੇ ਕਿਹਾ: “ਇਹ ਗੱਲ ਕਿ ਮੁਰਦੇ ਜਿਵਾਲੇ ਜਾਂਦੇ ਹਨ ਮੂਸਾ ਨੇ ਵੀ ਝਾੜੀ ਦੀ ਕਥਾ ਵਿੱਚ ਪਰਗਟ ਕੀਤੀ ਹੈ ਜਦੋਂ ਉਹ ਪ੍ਰਭੁ ਨੂੰ ਅਬਰਾਹਾਮ ਦਾ ਪਰਮੇਸ਼ੁਰ ਅਤੇ ਇਸਹਾਕ ਦਾ ਪਰਮੇਸ਼ੁਰ ਅਤੇ ਯਾਕੂਬ ਦਾ ਪਰਮੇਸ਼ੁਰ ਆਖਦਾ ਹੈ। ਪਰ ਉਹ ਮੁਰਦਿਆਂ ਦਾ ਪਰਮੇਸ਼ੁਰ ਨਹੀਂ ਸਗੋਂ ਜੀਉਂਦਿਆਂ ਦਾ ਹੈ ਕਿਉਂ ਜੋ ਉਹ ਦੇ ਲੇਖੇ ਸੱਭੇ ਜੀਉਂਦੇ ਹਨ।” (ਲੂਕਾ 20:27, 37, 38) ਇਹ ਸ਼ਬਦ ਕਹਿ ਕੇ ਯਿਸੂ ਨੇ ਦਿਖਾਇਆ ਕਿ ਸਦੀਆਂ ਪਹਿਲਾਂ ਮਰ ਚੁੱਕੇ ਅਬਰਾਹਾਮ, ਇਸਹਾਕ ਅਤੇ ਯਾਕੂਬ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਅਜੇ ਵੀ ਜੀਉਂਦੇ ਹਨ, ਮਤਲਬ ਉਹ ਉਸ ਦੀ ਯਾਦ ਵਿਚ ਹਨ। ਅੱਯੂਬ ਦੀ ਤਰ੍ਹਾਂ ਉਹ ਵੀ ਮੰਨਦੇ ਸਨ ਸੀ ਕਿ ਉਨ੍ਹਾਂ ਨੂੰ ਮੌਤ ਦੀ ਨੀਂਦ ਤੋਂ ਜਗਾਇਆ ਜਾਵੇਗਾ। (ਅੱਯੂਬ 14:14) ਜੀ ਹਾਂ, ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਉਨ੍ਹਾਂ ਨੂੰ ਜੀ ਉਠਾਇਆ ਜਾਵੇਗਾ।

3 ਪਰ ਉਨ੍ਹਾਂ ਅਰਬਾਂ ਲੋਕਾਂ ਦਾ ਕੀ ਹੋਵੇਗਾ ਜਿਨ੍ਹਾਂ ਨੂੰ ਮਨੁੱਖੀ ਇਤਿਹਾਸ ਦੌਰਾਨ ਮੌਤ ਨੇ ਆਪਣੀ ਬੁੱਕਲ ਵਿਚ ਲੈ ਲਿਆ? ਕੀ ਉਨ੍ਹਾਂ ਨੂੰ ਵੀ ਜ਼ਿੰਦਾ ਕੀਤਾ ਜਾਵੇਗਾ? ਇਨ੍ਹਾਂ ਸਵਾਲਾਂ ਦੇ ਜਵਾਬ ਜਾਣਨ ਤੋਂ ਪਹਿਲਾਂ ਆਓ ਆਪਾਂ ਪਰਮੇਸ਼ੁਰ ਦੇ ਬਚਨ ਵਿੱਚੋਂ ਦੇਖੀਏ ਕਿ ਮਰੇ ਹੋਏ ਲੋਕ ਕਿੱਥੇ ਜਾਂਦੇ ਹਨ।

ਮਰੇ ਹੋਏ ਲੋਕ ਕਿੱਥੇ ਹਨ?

4. (ੳ) ਮਰ ਕੇ ਲੋਕ ਕਿੱਥੇ ਜਾਂਦੇ ਹਨ? (ਅ) ਸ਼ੀਓਲ ਕੀ ਹੈ?

4 ਬਾਈਬਲ ਦੱਸਦੀ ਹੈ ਕਿ ਮਰੇ ਹੋਏ ਲੋਕ “ਕੁਝ ਵੀ ਨਹੀਂ ਜਾਣਦੇ।” ਮੌਤ ਹੋਣ ਤੇ ਉਨ੍ਹਾਂ ਨੂੰ ਨਰਕ ਦੀ ਅੱਗ ਵਿਚ ਨਹੀਂ ਸਤਾਇਆ ਜਾਂਦਾ ਅਤੇ ਨਾ ਹੀ ਉਨ੍ਹਾਂ ਦੀਆਂ ਰੂਹਾਂ ਕਿਤੇ ਭਟਕਦੀਆਂ ਰਹਿੰਦੀਆਂ ਹਨ, ਸਗੋਂ ਉਹ ਮਿੱਟੀ ਵਿਚ ਮਿਲ ਜਾਂਦੇ ਹਨ। ਇਸ ਲਈ ਪਰਮੇਸ਼ੁਰ ਦਾ ਬਚਨ ਜੀਉਂਦੇ ਲੋਕਾਂ ਨੂੰ ਸਲਾਹ ਦਿੰਦਾ ਹੈ: “ਜਿਹੜਾ ਕੰਮ ਤੇਰੇ ਹੱਥ ਲੱਗਦਾ ਹੈ ਉਹੋ ਆਪਣੇ ਸਾਰੇ ਜ਼ੋਰ ਨਾਲ ਕਰ ਕਿਉਂ ਜੋ ਪਤਾਲ ਵਿੱਚ ਜਿੱਥੇ ਤੂੰ ਜਾਂਦਾ ਹੈਂ ਕੋਈ ਕੰਮ, ਨਾ ਖਿਆਲ, ਨਾ ਗਿਆਨ, ਨਾ ਬੁੱਧ ਹੈ।” (ਉਪਦੇਸ਼ਕ ਦੀ ਪੋਥੀ 9:5, 10; ਉਤਪਤ 3:19) ਜਿੱਥੇ “ਪਤਾਲ” ਸ਼ਬਦ ਆਉਂਦਾ ਹੈ ਉੱਥੇ ਮੁਢਲੀ ਇਬਰਾਨੀ ਭਾਸ਼ਾ ਵਿਚ “ਸ਼ੀਓਲ” ਸ਼ਬਦ ਵਰਤਿਆ ਗਿਆ ਸੀ। ਬਹੁਤ ਸਾਰੇ ਲੋਕ “ਸ਼ੀਓਲ” ਸ਼ਬਦ ਤੋਂ ਅਣਜਾਣ ਹਨ। “ਸ਼ੀਓਲ” ਪਤਾਲ ਯਾਨੀ ਕਬਰ ਲਈ ਵਰਤਿਆ ਇਬਰਾਨੀ ਸ਼ਬਦ ਹੈ ਜਿਸ ਦੇ ਮੂਲ ਬਾਰੇ ਕਿਸੇ ਨੂੰ ਨਹੀਂ ਪਤਾ। ਬਹੁਤ ਸਾਰੇ ਧਰਮ ਸਿਖਾਉਂਦੇ ਹਨ ਕਿ ਮਰੇ ਹੋਏ ਲੋਕ ਜੀਉਂਦੇ ਹਨ, ਪਰ ਪਰਮੇਸ਼ੁਰ ਦਾ ਬਚਨ ਸਿਖਾਉਂਦਾ ਹੈ ਕਿ ਮਰ ਕੇ ਸ਼ੀਓਲ ਵਿਚ ਗਏ ਲੋਕ ਕੁਝ ਵੀ ਨਹੀਂ ਜਾਣਦੇ ਯਾਨੀ ਉਨ੍ਹਾਂ ਦਾ ਕੋਈ ਵੀ ਹਿੱਸਾ ਜੀਉਂਦਾ ਨਹੀਂ ਰਹਿੰਦਾ। ਸ਼ੀਓਲ ਮਨੁੱਖਜਾਤੀ ਦੀ ਆਮ ਕਬਰ ਹੈ।

5, 6. ਮੌਤ ਹੋਣ ਤੇ ਯਾਕੂਬ ਕਿੱਥੇ ਗਿਆ ਅਤੇ ਉੱਥੇ ਉਹ ਕਿਨ੍ਹਾਂ ਨਾਲ ਜਾ ਰਲ਼ਿਆ?

5 ਬਾਈਬਲ ਵਿਚ “ਪਤਾਲ” ਯਾਨੀ ਸ਼ੀਓਲ ਦਾ ਜ਼ਿਕਰ ਪਹਿਲੀ ਵਾਰ ਉਤਪਤ 37:35 ਵਿਚ ਆਉਂਦਾ ਹੈ। ਯਾਕੂਬ ਨੂੰ ਖ਼ਬਰ ਮਿਲੀ ਸੀ ਕਿ ਉਸ ਦਾ ਲਾਡਲਾ ਪੁੱਤ ਯੂਸੁਫ਼ ਮਰ ਗਿਆ ਸੀ। ਜਦੋਂ ਯਾਕੂਬ ਦੇ ਧੀਆਂ-ਪੁੱਤਾਂ ਨੇ ਉਸ ਨੂੰ ਹੌਸਲਾ ਦੇਣਾ ਚਾਹਿਆ, ਤਾਂ ਉਸ ਨੇ ਸੋਗ ਕਰਨਾ ਛੱਡਣ ਦੀ ਬਜਾਇ ਕਿਹਾ: “ਮੈਂ ਪਤਾਲ ਵਿੱਚ ਆਪਣੇ ਪੁੱਤ੍ਰ ਕੋਲ ਰੋਂਦਾ ਰੋਂਦਾ ਉੱਤਰਾਂਗਾ।” ਯਾਕੂਬ ਦੇ ਖ਼ਿਆਲ ਵਿਚ ਉਸ ਦਾ ਪੁੱਤ ਮਰ ਚੁੱਕਾ ਸੀ ਜਿਸ ਕਰਕੇ ਯਾਕੂਬ ਵੀ ਮਰ ਕੇ ਸ਼ੀਓਲ ਵਿਚ ਜਾਣਾ ਚਾਹੁੰਦਾ ਸੀ। ਕੁਝ ਸਮੇਂ ਬਾਅਦ ਕਨਾਨ ਵਿਚ ਕਾਲ ਪੈਣ ਦੇ ਕਾਰਨ ਯਾਕੂਬ ਦੇ ਵੱਡੇ ਮੁੰਡੇ ਮਿਸਰ ਤੋਂ ਅੰਨ ਲਿਆਉਣਾ ਚਾਹੁੰਦੇ ਸਨ। ਉਹ ਆਪਣੇ ਸਭ ਤੋਂ ਛੋਟੇ ਭਰਾ ਬਿਨਯਾਮੀਨ ਨੂੰ ਵੀ ਨਾਲ ਲੈ ਜਾਣਾ ਚਾਹੁੰਦੇ ਸਨ, ਪਰ ਯਾਕੂਬ ਨੇ ਬਿਨਯਾਮੀਨ ਨੂੰ ਭੇਜਣ ਤੋਂ ਇਨਕਾਰ ਕਰਦਿਆਂ ਕਿਹਾ: “ਮੇਰਾ ਪੁੱਤ੍ਰ ਤੁਹਾਡੇ ਨਾਲ ਨਹੀਂ ਜਾਵੇਗਾ ਕਿਉਂਜੋ ਉਸ ਦਾ ਭਰਾ ਮਰ ਗਿਆ ਅਰ ਉਹ ਇਕੱਲਾ ਰਹਿ ਗਿਆ ਹੈ। ਜੇ ਉਹ ਦੇ ਉੱਤੇ ਕੋਈ ਬਲਾ ਰਸਤੇ ਵਿੱਚ ਜਿੱਥੋਂ ਦੀ ਤੁਸੀਂ ਜਾਂਦੇ ਹੋ ਆ ਪਵੇ ਤਾਂ ਤੁਸੀਂ ਮੇਰੇ ਧੌਲਿਆਂ ਨੂੰ ਗਮ ਨਾਲ ਪਤਾਲ ਵਿੱਚ ਉਤਾਰੋਗੇ।” (ਉਤਪਤ 42:36, 38) ਇਹ ਦੋ ਆਇਤਾਂ ਸ਼ੀਓਲ ਦਾ ਸੰਬੰਧ ਮੌਤ ਨਾਲ ਜੋੜਦੀਆਂ ਹਨ ਨਾ ਕਿ ਮੌਤ ਤੋਂ ਬਾਅਦ ਕਿਸੇ ਤਰ੍ਹਾਂ ਦੀ ਜ਼ਿੰਦਗੀ ਨਾਲ।

6 ਉਤਪਤ ਵਿਚ ਦੱਸਿਆ ਗਿਆ ਹੈ ਕਿ ਯੂਸੁਫ਼ ਨੂੰ ਮਿਸਰ ਦੇਸ਼ ਦਾ ਅਨਾਜ ਮੰਤਰੀ ਬਣਾ ਦਿੱਤਾ ਗਿਆ ਸੀ। ਇਸ ਦੇ ਨਤੀਜੇ ਵਜੋਂ ਯਾਕੂਬ ਮਿਸਰ ਗਿਆ ਜਿੱਥੇ ਉਹ ਖ਼ੁਸ਼ੀ-ਖ਼ੁਸ਼ੀ ਆਪਣੇ ਪੁੱਤਰ ਯੂਸੁਫ਼ ਨਾਲ ਰਹਿਣ ਲੱਗ ਪਿਆ। ਯਾਕੂਬ ਉੱਥੇ 147 ਸਾਲਾਂ ਦੀ ਲੰਬੀ ਉਮਰ ਭੋਗ ਕੇ ਮੌਤ ਦੀ ਨੀਂਦ ਸੌਂ ਗਿਆ। ਉਸ ਦੀ ਅੰਤਿਮ ਇੱਛਾ ਅਨੁਸਾਰ ਉਸ ਦੇ ਪੁੱਤਾਂ ਨੇ ਮਿਸਰ ਤੋਂ ਉਸ ਦੀ ਲਾਸ਼ ਲਿਆ ਕੇ ਕਨਾਨ ਦੇਸ਼ ਵਿਚ ਮਕਫੀਲਾਹ ਦੀ ਗੁਫ਼ਾ ਵਿਚ ਦੱਬ ਦਿੱਤੀ। (ਉਤਪਤ 47:28; 49:29-31; 50:12, 13) ਇਸ ਤਰ੍ਹਾਂ, ਯਾਕੂਬ ਆਪਣੇ ਪਿਤਾ ਇਸਹਾਕ ਅਤੇ ਦਾਦੇ ਅਬਰਾਹਾਮ ਨਾਲ ਜਾ ਰਲ਼ਿਆ।

‘ਆਪਣੇ ਪਿਓ ਦਾਦਿਆਂ ਵਿਚ ਜਾ ਮਿਲੇ’

7, 8. (ੳ) ਮੌਤ ਹੋਣ ਤੇ ਅਬਰਾਹਾਮ ਕਿੱਥੇ ਗਿਆ? ਸਮਝਾਓ। (ਅ) ਕਿਸ ਗੱਲ ਤੋਂ ਪਤਾ ਲੱਗਦਾ ਹੈ ਕਿ ਹੋਰ ਲੋਕ ਵੀ ਮੌਤ ਹੋਣ ਤੇ ਸ਼ੀਓਲ ਵਿਚ ਗਏ ਸਨ?

7 ਜਦੋਂ ਯਹੋਵਾਹ ਨੇ ਅਬਰਾਹਾਮ ਨਾਲ ਨੇਮ ਬੰਨ੍ਹਿਆ ਸੀ ਅਤੇ ਵਾਅਦਾ ਕੀਤਾ ਸੀ ਕਿ ਉਸ ਦੀ ਸੰਤਾਨ ਇਕ ਵੱਡੀ ਕੌਮ ਬਣੇਗੀ, ਤਾਂ ਉਸ ਨੇ ਇਸ ਗੱਲ ਵੱਲ ਵੀ ਸੰਕੇਤ ਕੀਤਾ ਸੀ ਕਿ ਅਬਰਾਹਾਮ ਨਾਲ ਕੀ ਹੋਵੇਗਾ। ਯਹੋਵਾਹ ਨੇ ਕਿਹਾ: “ਤੂੰ ਆਪਣੇ ਪਿਉ ਦਾਦਿਆਂ ਕੋਲ ਸ਼ਾਂਤੀ ਨਾਲ ਜਾਵੇਂਗਾ ਤੂੰ ਚੰਗੇ ਬਿਰਧਪੁਣੇ ਵਿੱਚ ਦਫ਼ਨਾਇਆ ਜਾਵੇਂਗਾ।” (ਉਤਪਤ 15:15, 16) ਅਬਰਾਹਾਮ ਨਾਲ ਇਸੇ ਤਰ੍ਹਾਂ ਹੋਇਆ। ਉਤਪਤ 25:8 ਦੱਸਦਾ ਹੈ: “ਅਬਰਾਹਾਮ ਪ੍ਰਾਣ ਤਿਆਗ ਕੇ ਚੰਗੇ ਬਿਰਧ ਪੁਣੇ ਵਿੱਚ ਬੁੱਢਾ ਅਰ ਸਮਾਪੂਰ ਹੋਕੇ ਮਰ ਗਿਆ ਅਰ ਆਪਣੇ ਲੋਕਾਂ ਵਿੱਚ ਜਾ ਮਿਲਿਆ।” ਇਹ ਲੋਕ ਕੌਣ ਸਨ? ਉਤਪਤ 11:10-26 ਵਿਚ ਅਬਰਾਹਾਮ ਦੇ ਪੂਰਵਜਾਂ ਦੀ ਸੂਚੀ ਦਿੱਤੀ ਗਈ ਹੈ ਜਿਸ ਵਿਚ ਨੂਹ ਦੇ ਪੁੱਤਰ ਸ਼ੇਮ ਤਕ ਜ਼ਿਕਰ ਕੀਤਾ ਗਿਆ ਹੈ। ਇਹ ਲੋਕ ਸ਼ੀਓਲ ਯਾਨੀ ਕਬਰ ਵਿਚ ਹਨ ਜਿਨ੍ਹਾਂ ਨਾਲ ਅਬਰਾਹਾਮ ਜਾ ਮਿਲਿਆ।

8 “ਆਪਣੇ ਲੋਕਾਂ ਵਿੱਚ ਜਾ ਮਿਲਿਆ” ਤੇ ‘ਜਾ ਰਲ਼ਿਆ’ ਸ਼ਬਦਾਂ ਦਾ ਜ਼ਿਕਰ ਇਬਰਾਨੀ ਸ਼ਾਸਤਰ ਵਿਚ ਕਈ ਵਾਰ ਆਉਂਦਾ ਹੈ। ਇਸ ਤਰ੍ਹਾਂ ਇਹ ਸਿੱਟਾ ਕੱਢਣਾ ਸਹੀ ਹੈ ਕਿ ਅਬਰਾਹਾਮ ਦਾ ਪੁੱਤਰ ਇਸਮਾਏਲ ਅਤੇ ਮੂਸਾ ਦਾ ਭਰਾ ਹਾਰੂਨ ਮਰ ਕੇ ਸ਼ੀਓਲ ਵਿਚ ਗਏ ਸਨ ਜਿੱਥੋਂ ਉਨ੍ਹਾਂ ਨੂੰ ਜੀ ਉਠਾਇਆ ਜਾਵੇਗਾ। (ਉਤਪਤ 25:17; ਗਿਣਤੀ 20:23-29) ਮੂਸਾ ਵੀ ਸ਼ੀਓਲ ਵਿਚ ਹੈ ਭਾਵੇਂ ਕਿ ਉਸ ਦੀ ਕਬਰ ਬਾਰੇ ਕੋਈ ਵੀ ਨਹੀਂ ਜਾਣਦਾ। (ਗਿਣਤੀ 27:13; ਬਿਵਸਥਾ ਸਾਰ 34:5, 6) ਇਸੇ ਤਰ੍ਹਾਂ ਮੂਸਾ ਤੋਂ ਬਾਅਦ ਇਸਰਾਏਲ ਦਾ ਆਗੂ ਯਹੋਸ਼ੁਆ ਅਤੇ ਉਸ ਦੀ ਪੀੜ੍ਹੀ ਦੇ ਸਾਰੇ ਲੋਕ ਮਰ ਕੇ ਸ਼ੀਓਲ ਵਿਚ ਚਲੇ ਗਏ।—ਨਿਆਈਆਂ 2:8-10.

9. (ੳ) ਬਾਈਬਲ ਤੋਂ ਸਾਨੂੰ ਕਿਵੇਂ ਪਤਾ ਲੱਗਦਾ ਹੈ ਕਿ ਇਬਰਾਨੀ ਸ਼ਬਦ “ਸ਼ੀਓਲ” ਅਤੇ ਯੂਨਾਨੀ ਸ਼ਬਦ “ਹੇਡੀਜ਼” ਇੱਕੋ ਥਾਂ ਨੂੰ ਸੰਕੇਤ ਕਰਦੇ ਹਨ? (ਅ) ਸ਼ੀਓਲ ਜਾਂ ਹੇਡੀਜ਼ ਵਿਚ ਗਏ ਲੋਕਾਂ ਲਈ ਕੀ ਉਮੀਦ ਹੈ?

9 ਸਦੀਆਂ ਬਾਅਦ ਦਾਊਦ ਇਸਰਾਏਲ ਦੇ 12 ਗੋਤਾਂ ਦਾ ਰਾਜਾ ਬਣ ਗਿਆ। ਮੌਤ ਹੋਣ ਤੇ ਉਹ “ਆਪਣੇ ਪਿਉ ਦਾਦਿਆਂ ਨਾਲ ਸੌਂ ਗਿਆ।” (1 ਰਾਜਿਆਂ 2:10) ਕੀ ਉਹ ਵੀ ਸ਼ੀਓਲ ਵਿਚ ਗਿਆ ਸੀ? ਦਿਲਚਸਪੀ ਦੀ ਗੱਲ ਹੈ ਕਿ 33 ਸਾ. ਯੁ. ਵਿਚ ਪੰਤੇਕੁਸਤ ਦੇ ਦਿਨ ਪਤਰਸ ਰਸੂਲ ਨੇ ਦਾਊਦ ਦੀ ਮੌਤ ਦੀ ਗੱਲ ਕਰਦਿਆਂ ਜ਼ਬੂਰਾਂ ਦੀ ਪੋਥੀ 16:10 ਦਾ ਹਵਾਲਾ ਦਿੱਤਾ: “ਤੂੰ ਮੇਰੀ ਜਾਨ ਨੂੰ ਪਤਾਲ ਵਿੱਚ ਨਾ ਛੱਡੇਂਗਾ।” ਪਤਰਸ ਨੇ ਦੱਸਿਆ ਕਿ ਦਾਊਦ ਅਜੇ ਵੀ ਕਬਰ ਵਿਚ ਸੀ, ਪਰ ਬਾਅਦ ਵਿਚ ਉਸ ਨੇ ਇਹ ਸ਼ਬਦ ਯਿਸੂ ਤੇ ਲਾਗੂ ਕੀਤੇ। ਉਸ ਨੇ ਇਸ ਗੱਲ ਵੱਲ ਸੰਕੇਤ ਕੀਤਾ ਕਿ ਦਾਊਦ ਨੇ “ਇਹ ਅੱਗਿਓਂ ਵੇਖ ਕੇ ਮਸੀਹ ਦੇ ਜੀ ਉੱਠਣ ਦੀ ਗੱਲ ਕੀਤੀ ਕਿ ਨਾ ਉਹ ਪਤਾਲ ਵਿੱਚ ਛੱਡਿਆ ਗਿਆ ਅਤੇ ਨਾ ਉਸ ਦਾ ਸਰੀਰ ਗਲਿਆ। ਉਸੇ ਯਿਸੂ ਨੂੰ ਪਰਮੇਸ਼ੁਰ ਨੇ ਜੀਉਂਦਾ ਉਠਾਇਆ ਜਿਹ ਦੇ ਅਸੀਂ ਸੱਭੋ ਗਵਾਹ ਹਾਂ।” (ਰਸੂਲਾਂ ਦੇ ਕਰਤੱਬ 2:29-32) ਇਸ ਹਵਾਲੇ ਵਿਚ ਪਤਰਸ ਨੇ “ਪਤਾਲ” ਲਈ ਯੂਨਾਨੀ ਭਾਸ਼ਾ ਦਾ ਸ਼ਬਦ “ਹੇਡੀਜ਼” ਇਸਤੇਮਾਲ ਕੀਤਾ ਸੀ ਜੋ ਕਿ ਇਬਰਾਨੀ ਸ਼ਬਦ “ਸ਼ੀਓਲ” ਦਾ ਅਰਥ ਰੱਖਦਾ ਹੈ। ਇਸ ਤਰ੍ਹਾਂ ਹੇਡੀਜ਼ ਵਿਚ ਗਏ ਲੋਕਾਂ ਦੀ ਵੀ ਉਹੀ ਹਾਲਤ ਹੈ ਜੋ ਸ਼ੀਓਲ ਵਿਚ ਗਏ ਲੋਕਾਂ ਦੀ ਹੈ। ਉਹ ਮੌਤ ਦੀ ਨੀਂਦ ਸੁੱਤੇ ਪਏ ਹਨ ਤੇ ਉਨ੍ਹਾਂ ਨੂੰ ਵੀ ਜੀ ਉਠਾਇਆ ਜਾਵੇਗਾ।

ਕੀ ਸ਼ੀਓਲ ਵਿਚ ਦੁਸ਼ਟ ਵੀ ਗਏ ਹਨ?

10, 11. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਕੁਝ ਦੁਸ਼ਟ ਲੋਕ ਮਰਨ ਤੇ ਸ਼ੀਓਲ ਜਾਂ ਹੇਡੀਜ਼ ਵਿਚ ਜਾਂਦੇ ਹਨ?

10 ਮੂਸਾ ਜਦੋਂ ਇਸਰਾਏਲ ਕੌਮ ਨੂੰ ਮਿਸਰ ਤੋਂ ਬਾਹਰ ਕੱਢ ਕੇ ਲਿਆਇਆ ਸੀ, ਤਾਂ ਕੁਝ ਲੋਕ ਉਜਾੜ ਵਿਚ ਬਗਾਵਤ ਕਰਨ ਤੇ ਉੱਤਰ ਆਏ। ਮੂਸਾ ਨੇ ਲੋਕਾਂ ਨੂੰ ਕਿਹਾ ਕਿ ਉਹ ਬਗਾਵਤ ਦੇ ਮੋਹਰੀ ਲੋਕਾਂ ਯਾਨੀ ਕੋਰਹ, ਦਾਥਾਨ ਅਤੇ ਅਬੀਰਾਮ ਤੋਂ ਵੱਖ ਹੋ ਜਾਣ। ਉਨ੍ਹਾਂ ਮੋਹਰੀ ਲੋਕਾਂ ਨੂੰ ਯਹੋਵਾਹ ਨੇ ਬਿਪਤਾ ਲਿਆ ਕੇ ਮਾਰਨਾ ਸੀ। ਮੂਸਾ ਨੇ ਕਿਹਾ: “ਜੇ ਏਹ ਸਾਰਿਆਂ ਆਦਮੀਆਂ ਦੀ ਆਮ ਮੌਤੇ ਮਰਨ ਅਤੇ ਸਾਰਿਆਂ ਆਦਮੀਆਂ ਵਾਂਙੁ ਇਨ੍ਹਾਂ ਉੱਤੇ ਭਾਣਾ ਵਰਤੇ ਤਾਂ ਯਹੋਵਾਹ ਨੇ ਮੈਨੂੰ ਘੱਲਿਆ ਹੀ ਨਹੀਂ। ਪਰ ਜੇ ਯਹੋਵਾਹ ਕੋਈ ਅਣੋਖਾ ਕੰਮ ਕਰੇ ਅਤੇ ਭੂਮੀ ਆਪਣਾ ਮੂੰਹ ਖੋਲ੍ਹ ਕੇ ਇਨ੍ਹਾਂ ਨੂੰ ਅਤੇ ਇਨ੍ਹਾਂ ਦੇ ਲਕੇ ਤੁਕੇ ਨੂੰ ਭੱਖ ਲਵੇ ਭਈ ਓਹ ਜੀਉਂਦੇ ਪਤਾਲ ਵਿੱਚ ਉਤਰ ਜਾਣ ਤਾਂ ਤੁਸੀਂ ਜਾਣ ਲਿਓ ਕਿ ਇਨ੍ਹਾਂ ਮਨੁੱਖਾਂ ਨੇ ਯਹੋਵਾਹ ਨੂੰ ਤੁੱਛ ਜਾਤਾ ਹੈ!” (ਗਿਣਤੀ 16:29, 30) ਸੋ ਕੋਰਹ ਅਤੇ 250 ਲੇਵੀਆਂ ਨੂੰ ਭਾਵੇਂ ਧਰਤੀ ਨੇ ਆਪਣਾ ਮੂੰਹ ਖੋਲ੍ਹ ਕੇ ਭੱਖਿਆ ਸੀ ਜਾਂ ਉਨ੍ਹਾਂ ਨੂੰ ਅੱਗ ਨੇ ਭਸਮ ਕੀਤਾ ਸੀ, ਇਹ ਸਾਰੇ ਬਗਾਵਤੀ ਸ਼ੀਓਲ ਜਾਂ ਹੇਡੀਜ਼ ਵਿਚ ਮੌਤ ਦੀ ਨੀਂਦੇ ਸੌਂ ਗਏ।—ਗਿਣਤੀ 26:10.

11 ਸ਼ਿਮਈ ਨੇ ਰਾਜਾ ਦਾਊਦ ਨੂੰ ਸਰਾਪ ਦਿੱਤਾ ਸੀ ਜਿਸ ਕਰਕੇ ਦਾਊਦ ਤੋਂ ਬਾਅਦ ਰਾਜਾ ਸੁਲੇਮਾਨ ਨੇ ਸ਼ਿਮਈ ਨੂੰ ਸਜ਼ਾ ਦਿੱਤੀ। ਦਾਊਦ ਨੇ ਸੁਲੇਮਾਨ ਨੂੰ ਹੁਕਮ ਦਿੱਤਾ ਸੀ: “ਤੂੰ ਉਸ ਨੂੰ ਸਜ਼ਾ ਦਿੱਤੇ ਬਿਨਾ ਨਾ ਛੱਡੀਂ ਕਿਉਂ ਜੋ ਤੂੰ ਬੁੱਧਵਾਨ ਮਨੁੱਖ ਹੈਂ ਅਤੇ ਜੋ ਕੁਝ ਉਸ ਦੇ ਨਾਲ ਕਰਨਾ ਲੋੜੀਦਾ ਹੈ ਉਹ ਤੂੰ ਜਾਣਦਾ ਹੈਂ ਸੋ ਤੂੰ ਉਸ ਦਾ ਧੌਲਾ ਸਿਰ ਲਹੂ ਨਾਲ ਪਤਾਲ ਵਿੱਚ ਲਾਹੀਂ।” ਸੁਲੇਮਾਨ ਨੇ ਬਨਾਯਾਹ ਦੇ ਹੱਥੀਂ ਸ਼ਿਮਈ ਨੂੰ ਸਜ਼ਾ ਦਿੱਤੀ। (1 ਰਾਜਿਆਂ 2:8, 9, 44-46) ਬਨਾਯਾਹ ਨੇ ਪਹਿਲਾਂ ਵੀ ਇਸਰਾਏਲ ਦੇ ਇਕ ਸਾਬਕਾ ਸੈਨਾਪਤੀ ਯੋਆਬ ਨੂੰ ਤਲਵਾਰ ਦੀ ਧਾਰ ਨਾਲ ਵੱਢਿਆ ਸੀ। ਯੋਆਬ ਦਾ ਵੀ ਧੌਲਾ ਸਿਰ ‘ਸਲਾਮਤੀ ਨਾਲ ਪਤਾਲ ਨਹੀਂ ਲਹਿਣ ਦਿੱਤਾ।’ (1 ਰਾਜਿਆਂ 2:5, 6, 28-34) ਇਹ ਦੋਵੇਂ ਮਿਸਾਲਾਂ ਦਾਊਦ ਦੇ ਇਨ੍ਹਾਂ ਸ਼ਬਦਾਂ ਨੂੰ ਸਹੀ ਠਹਿਰਾਉਂਦੀਆਂ ਹਨ: “ਦੁਸ਼ਟ ਪਤਾਲ ਵਿੱਚ ਮੁੜ ਜਾਣਗੇ, ਓਹ ਸਾਰੀਆਂ ਕੌਮਾਂ ਜਿਹੜੀਆਂ ਪਰਮੇਸ਼ੁਰ ਨੂੰ ਵਿਸਾਰ ਦਿੰਦੀਆਂ ਹਨ।”—ਜ਼ਬੂਰਾਂ ਦੀ ਪੋਥੀ 9:17.

12. ਅਹੀਥੋਫ਼ਲ ਕੌਣ ਸੀ ਅਤੇ ਮੌਤ ਹੋਣ ਤੇ ਉਹ ਕਿੱਥੇ ਗਿਆ?

12 ਅਹੀਥੋਫ਼ਲ ਦਾਊਦ ਦਾ ਨਿੱਜੀ ਸਲਾਹਕਾਰ ਹੁੰਦਾ ਸੀ। ਦਾਊਦ ਲਈ ਉਸ ਦੀ ਸਲਾਹ ਯਹੋਵਾਹ ਦੀ ਸਲਾਹ ਦੇ ਬਰਾਬਰ ਹੁੰਦੀ ਸੀ। (2 ਸਮੂਏਲ 16:23) ਅਫ਼ਸੋਸ ਦੀ ਗੱਲ ਹੈ ਕਿ ਇਸ ਵਫ਼ਾਦਾਰ ਨੌਕਰ ਨੇ ਦਾਊਦ ਨੂੰ ਦਗਾ ਦਿੱਤਾ ਤੇ ਦਾਊਦ ਦੇ ਖ਼ਿਲਾਫ਼ ਸਾਜ਼ਸ਼ ਵਿਚ ਉਸ ਦੇ ਪੁੱਤਰ ਅਬਸ਼ਾਲੋਮ ਦਾ ਸਾਥ ਦਿੱਤਾ। ਦਾਊਦ ਨੇ ਇਸ ਦਗਾਬਾਜ਼ੀ ਵੱਲ ਇਸ਼ਾਰਾ ਕਰਦਿਆਂ ਲਿਖਿਆ: “ਜਿਹੜਾ ਮੇਰੇ ਉੱਤੇ ਹਰਫ਼ ਲਿਆਉਂਦਾ, ਉਹ ਤਾਂ ਮੇਰਾ ਵੈਰੀ ਨਹੀਂ ਸੀ, ਨਹੀਂ ਤਾਂ ਮੈਂ ਸਹਿ ਲੈਂਦਾ, ਅਤੇ ਜੋ ਮੇਰੇ ਵਿਰੁੱਧ ਫੁੱਲਦਾ ਸੀ, ਉਹ ਮੇਰਾ ਦੁਸ਼ਮਣ ਨਹੀਂ ਸੀ, ਨਹੀਂ ਤਾਂ ਮੈਂ ਉਸ ਤੋਂ ਲੁਕ ਜਾਂਦਾ।” ਦਾਊਦ ਨੇ ਅੱਗੇ ਕਿਹਾ: “ਮੌਤ ਉਨ੍ਹਾਂ ਉੱਤੇ ਅਚਾਣਕ ਆ ਪਵੇ, ਓਹ ਜੀਉਂਦੇ ਜੀ ਪਤਾਲ ਵਿੱਚ ਉਤਰ ਜਾਣ, ਕਿਉਂ ਜੋ ਉਨ੍ਹਾਂ ਦੇ ਵਸੇਬਿਆਂ ਵਿੱਚ ਸਗੋਂ ਉਨ੍ਹਾਂ ਦੇ ਅੰਦਰ ਬੁਰਿਆਈ ਹੈ!” (ਜ਼ਬੂਰਾਂ ਦੀ ਪੋਥੀ 55:12-15) ਅਹੀਥੋਫ਼ਲ ਤੇ ਉਸ ਦੇ ਸਾਥੀ ਮਰ ਕੇ ਸ਼ੀਓਲ ਵਿਚ ਚਲੇ ਗਏ।

ਗ਼ਹੈਨਾ ਵਿਚ ਕੌਣ ਹਨ?

13. ਯਹੂਦਾ ਨੂੰ ‘ਨਾਸ ਦਾ ਪੁੱਤ੍ਰ’ ਕਿਉਂ ਕਿਹਾ ਗਿਆ ਹੈ?

13 ਦਾਊਦ ਦੇ ਹਾਲਾਤ ਮਹਾਨ ਦਾਊਦ ਯਿਸੂ ਦੇ ਹਾਲਾਤਾਂ ਵਰਗੇ ਸਨ। ਮਸੀਹ ਦੇ 12 ਚੇਲਿਆਂ ਵਿੱਚੋਂ ਇਕ ਚੇਲੇ ਯਹੂਦਾ ਇਸਕਰਿਯੋਤੀ ਨੇ ਅਹੀਥੋਫ਼ਲ ਦੀ ਤਰ੍ਹਾਂ ਯਿਸੂ ਨੂੰ ਦਗਾ ਦਿੱਤਾ ਸੀ। ਯਹੂਦਾ ਨੇ ਅਹੀਥੋਫ਼ਲ ਤੋਂ ਵੀ ਵੱਡਾ ਫਰੇਬ ਕੀਤਾ। ਯਹੂਦਾ ਨੇ ਪਰਮੇਸ਼ੁਰ ਦੇ ਇਕਲੌਤੇ ਪੁੱਤਰ ਨਾਲ ਫਰੇਬ ਕੀਤਾ ਸੀ। ਪਰਮੇਸ਼ੁਰ ਦੇ ਪੁੱਤਰ ਨੇ ਧਰਤੀ ਉੱਤੇ ਆਪਣੀ ਜ਼ਿੰਦਗੀ ਦੀਆਂ ਆਖ਼ਰੀ ਘੜੀਆਂ ਦੌਰਾਨ ਪ੍ਰਾਰਥਨਾ ਵਿਚ ਆਪਣੇ ਚੇਲਿਆਂ ਬਾਰੇ ਕਿਹਾ: “ਜਿੱਨਾ ਚਿਰ ਮੈਂ ਓਹਨਾਂ ਦੇ ਨਾਲ ਸਾਂ ਮੈਂ ਤੇਰੇ ਉਸ ਨਾਮ ਨਾਲ ਜਿਹੜਾ ਤੈਂ ਮੈਨੂੰ ਦਿੱਤਾ ਓਹਨਾਂ ਦੀ ਰੱਛਿਆ ਕੀਤੀ ਅਤੇ ਮੈਂ ਓਹਨਾਂ ਦੀ ਰਾਖੀ ਕੀਤੀ ਅਤੇ ਨਾਸ ਦੇ ਪੁੱਤ੍ਰ ਬਾਝੋਂ ਓਹਨਾਂ ਵਿੱਚੋਂ ਕਿਸੇ ਦਾ ਨਾਸ ਨਾ ਹੋਇਆ ਤਾਂ ਜੋ ਲਿਖਤ ਪੂਰੀ ਹੋਵੇ।” (ਯੂਹੰਨਾ 17:12) ਯਹੂਦਾ ਨੂੰ ‘ਨਾਸ ਦਾ ਪੁੱਤ੍ਰ’ ਕਹਿਣ ਤੋਂ ਯਿਸੂ ਦਾ ਮਤਲਬ ਸੀ ਕਿ ਯਹੂਦਾ ਦੇ ਮੁੜ ਜੀ ਉੱਠਣ ਦੀ ਕੋਈ ਉਮੀਦ ਨਹੀਂ ਸੀ। ਪਰਮੇਸ਼ੁਰ ਨੇ ਉਸ ਨੂੰ ਆਪਣੀ ਯਾਦਾਸ਼ਤ ਵਿਚ ਨਹੀਂ ਰੱਖਿਆ ਸੀ। ਉਹ ਮਰ ਕੇ ਸ਼ੀਓਲ ਵਿਚ ਨਹੀਂ ਗਿਆ ਸਗੋਂ ਗ਼ਹੈਨਾ ਵਿਚ ਚਲਾ ਗਿਆ। ਗ਼ਹੈਨਾ ਕੀ ਹੈ?

14. ਗ਼ਹੈਨਾ ਕਿਸ ਗੱਲ ਨੂੰ ਸੰਕੇਤ ਕਰਦਾ ਹੈ?

14 ਯਿਸੂ ਨੇ ਆਪਣੇ ਜ਼ਮਾਨੇ ਦੇ ਧਾਰਮਿਕ ਆਗੂਆਂ ਦੀ ਇਸ ਗੱਲੋਂ ਨਿੰਦਿਆ ਕੀਤੀ ਕਿ ਉਨ੍ਹਾਂ ਨੇ ਆਪਣੇ ਹਰ ਚੇਲੇ ਨੂੰ “ਨਰਕ ਦਾ ਪੁੱਤ੍ਰ” ਬਣਾ ਦਿੱਤਾ ਸੀ। ਮੁਢਲੀ ਯੂਨਾਨੀ ਭਾਸ਼ਾ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਆਪਣੇ ਚੇਲਿਆਂ ਨੂੰ ‘ਗ਼ਹੈਨਾ ਦੇ ਪੁੱਤਰ’ ਬਣਾ ਦਿੱਤਾ ਸੀ। (ਮੱਤੀ 23:15) ਯੂਨਾਨੀ ਸ਼ਬਦ “ਗ਼ਹੈਨਾ” ਦਾ ਮਤਲਬ ਹਿੰਨੋਮ ਦੀ ਵਾਦੀ ਹੈ ਜਿਸ ਤੋਂ ਉਸ ਜ਼ਮਾਨੇ ਦੇ ਲੋਕ ਭਲੀ-ਭਾਂਤ ਜਾਣੂ ਸਨ। ਇਹ ਉਹ ਥਾਂ ਸੀ ਜਿੱਥੇ ਕੂੜਾ-ਕਰਕਟ ਅਤੇ ਉਨ੍ਹਾਂ ਅਪਰਾਧੀਆਂ ਦੀਆਂ ਲਾਸ਼ਾਂ ਸੁੱਟੀਆਂ ਜਾਂਦੀਆਂ ਸਨ ਜਿਨ੍ਹਾਂ ਨੂੰ ਦਫ਼ਨਾਉਣ ਦੇ ਲਾਇਕ ਨਹੀਂ ਸਮਝਿਆ ਜਾਂਦਾ ਸੀ। ਯਿਸੂ ਨੇ ਪਹਿਲਾਂ ਵੀ ਆਪਣੇ ਪਹਾੜੀ ਉਪਦੇਸ਼ ਵਿਚ ਗ਼ਹੈਨਾ ਦਾ ਜ਼ਿਕਰ ਕੀਤਾ ਸੀ ਅਤੇ ਲੋਕਾਂ ਨੂੰ ਪਤਾ ਸੀ ਕਿ ਉਹ ਕਾਹਦੀ ਗੱਲ ਕਰ ਰਿਹਾ ਸੀ। (ਮੱਤੀ 5:29, 30) ਜੀ ਹਾਂ, ਗ਼ਹੈਨਾ ਵਿਚ ਸੁੱਟੀ ਕੋਈ ਵੀ ਚੀਜ਼ ਹਮੇਸ਼ਾ ਲਈ ਨਾਸ਼ ਹੋ ਜਾਂਦੀ ਸੀ। ਮਿਸਾਲ ਲਈ, ਯਹੂਦਾ ਇਸਕਰਿਯੋਤੀ ਮਰਨ ਤੋਂ ਬਾਅਦ ਗ਼ਹੈਨਾ ਵਿਚ ਗਿਆ ਸੀ, ਨਾ ਕਿ ਸ਼ੀਓਲ ਜਾਂ ਹੇਡੀਜ਼ ਵਿਚ। ਉਸ ਦੇ ਮੁੜ ਜੀ ਉੱਠਣ ਦੀ ਕੋਈ ਉਮੀਦ ਨਹੀਂ ਹੈ। ਉਸ ਵਾਂਗ ਹੋਰ ਵੀ ਕਈ ਗ਼ਹੈਨਾ ਵਿਚ ਗਏ ਹਨ। ਉਹ ਕੌਣ ਹਨ?

15, 16. ਗ਼ਹੈਨਾ ਵਿਚ ਕੌਣ ਗਏ ਸਨ ਅਤੇ ਉਹ ਉੱਥੇ ਕਿਉਂ ਗਏ?

15 ਪਹਿਲੇ ਜੋੜੇ ਆਦਮ ਤੇ ਹੱਵਾਹ ਨੂੰ ਮੁਕੰਮਲ ਬਣਾਇਆ ਗਿਆ ਸੀ। ਉਨ੍ਹਾਂ ਨੇ ਜਾਣ-ਬੁੱਝ ਕੇ ਪਾਪ ਕੀਤਾ। ਪਾਪ ਕਰਨ ਤੋਂ ਪਹਿਲਾਂ ਉਹ ਦੋ ਚੀਜ਼ਾਂ ਵਿੱਚੋਂ ਇਕ ਦੀ ਚੋਣ ਕਰ ਸਕਦੇ ਸਨ। ਉਹ ਜਾਂ ਤਾਂ ਸਦਾ ਦੀ ਜ਼ਿੰਦਗੀ ਚੁਣ ਸਕਦੇ ਸਨ ਜਾਂ ਫਿਰ ਮੌਤ। ਉਨ੍ਹਾਂ ਨੇ ਪਰਮੇਸ਼ੁਰ ਨੂੰ ਛੱਡ ਕੇ ਸ਼ਤਾਨ ਦਾ ਸਾਥ ਦਿੱਤਾ। ਇਸ ਲਈ ਜਦੋਂ ਉਨ੍ਹਾਂ ਦੀ ਮੌਤ ਹੋਈ, ਤਾਂ ਉਨ੍ਹਾਂ ਨੂੰ ਮਸੀਹ ਦੀ ਕੁਰਬਾਨੀ ਤੋਂ ਲਾਭ ਹੋਣ ਦੀ ਕੋਈ ਉਮੀਦ ਨਹੀਂ ਸੀ। ਉਹ ਗ਼ਹੈਨਾ ਵਿਚ ਚਲੇ ਗਏ।

16 ਆਦਮ ਦੇ ਪਹਿਲੇ ਪੁੱਤਰ ਕਇਨ ਨੇ ਆਪਣੇ ਭਰਾ ਹਾਬਲ ਦਾ ਕਤਲ ਕਰ ਦਿੱਤਾ ਤੇ ਬਾਅਦ ਵਿਚ ਉਸ ਨੂੰ ਥਾਂ-ਥਾਂ ਭਟਕਣਾ ਪਿਆ। ਯੂਹੰਨਾ ਰਸੂਲ ਨੇ ਕਿਹਾ ਕਿ ਕਇਨ “ਦੁਸ਼ਟ ਤੋਂ ਸੀ।” (1 ਯੂਹੰਨਾ 3:12) ਇਸ ਲਈ ਇਹ ਸਿੱਟਾ ਕੱਢਣਾ ਸਹੀ ਹੈ ਕਿ ਕਇਨ ਆਪਣੇ ਮਾਪਿਆਂ ਵਾਂਗ ਗ਼ਹੈਨਾ ਵਿਚ ਚਲਾ ਗਿਆ। (ਮੱਤੀ 23:33, 35) ਇਨ੍ਹਾਂ ਦੀ ਹਾਲਤ ਧਰਮੀ ਹਾਬਲ ਤੋਂ ਬਿਲਕੁਲ ਵੱਖਰੀ ਹੈ! ਪੌਲੁਸ ਨੇ ਕਿਹਾ: “ਨਿਹਚਾ ਨਾਲ ਹਾਬਲ ਨੇ ਕਇਨ ਨਾਲੋਂ ਪਰਮੇਸ਼ੁਰ ਦੇ ਅੱਗੇ ਉੱਤਮ ਬਲੀਦਾਨ ਚੜ੍ਹਾਇਆ ਜਿਸ ਕਰਕੇ ਇਹ ਸਾਖੀ ਦਿੱਤੀ ਗਈ ਭਈ ਉਹ ਧਰਮੀ ਹੈ ਕਿਉਂ ਜੋ ਪਰਮੇਸ਼ੁਰ ਨੇ ਉਹ ਦੀਆਂ ਭੇਟਾਂ ਦੇ ਵਿਖੇ ਸਾਖੀ ਦਿੱਤੀ ਅਤੇ ਉਸ ਨਿਹਚਾ ਦੇ ਰਾਹੀਂ ਉਹ ਹੁਣ ਤੀਕੁਰ ਬੋਲਦਾ ਹੈ ਭਾਵੇਂ ਉਹ ਮਰ ਗਿਆ।” (ਇਬਰਾਨੀਆਂ 11:4) ਜੀ ਹਾਂ, ਹਾਬਲ ਸ਼ੀਓਲ ਵਿਚ ਹੈ ਜਿੱਥੋਂ ਉਸ ਨੂੰ ਜੀ ਉਠਾਇਆ ਜਾਵੇਗਾ।

“ਪਹਿਲੀ” ਤੇ “ਉੱਤਮ” ਕਿਆਮਤ

17. (ੳ) ਇਸ ‘ਅੰਤ ਦੇ ਸਮੇਂ’ ਵਿਚ ਕੌਣ ਸ਼ੀਓਲ ਵਿਚ ਜਾਂਦੇ ਹਨ? (ਅ) ਸ਼ੀਓਲ ਵਿਚ ਗਏ ਲੋਕਾਂ ਦਾ ਕੀ ਹੋਵੇਗਾ ਅਤੇ ਗ਼ਹੈਨਾ ਵਿਚ ਗਏ ਲੋਕਾਂ ਦਾ ਕੀ?

17 ਇਹ ਜਾਣਕਾਰੀ ਪੜ੍ਹਨ ਵਾਲੇ ਬਹੁਤ ਸਾਰੇ ਲੋਕ ਸੋਚਣਗੇ ਕਿ ਉਨ੍ਹਾਂ ਲੋਕਾਂ ਦਾ ਕੀ ਹੋਵੇਗਾ ਜੋ ਇਸ ‘ਅੰਤ ਦੇ ਸਮੇਂ’ ਵਿਚ ਮੌਤ ਦੀ ਆਗੋਸ਼ ਵਿਚ ਚਲੇ ਜਾਂਦੇ ਹਨ। (ਦਾਨੀਏਲ 8:19, ਪਵਿੱਤਰ ਬਾਈਬਲ ਨਵਾਂ ਅਨੁਵਾਦ) ਪਰਕਾਸ਼ ਦੀ ਪੋਥੀ ਦਾ 6ਵਾਂ ਅਧਿਆਇ ਚਾਰ ਘੋੜਸਵਾਰਾਂ ਦੀਆਂ ਕਾਰਵਾਈਆਂ ਬਾਰੇ ਦੱਸਦਾ ਹੈ ਜੋ ਉਹ ਇਸ ਅੰਤ ਦੇ ਸਮੇਂ ਵਿਚ ਕਰ ਰਹੇ ਹਨ। ਦਿਲਚਸਪੀ ਦੀ ਗੱਲ ਹੈ ਕਿ ਆਖ਼ਰੀ ਘੋੜਸਵਾਰ ਨੂੰ ਮੌਤ ਦਾ ਨਾਂ ਦਿੱਤਾ ਗਿਆ ਹੈ ਅਤੇ ਹੇਡੀਜ਼ ਯਾਨੀ ਪਤਾਲ ਉਸ ਦੇ ਮਗਰ-ਮਗਰ ਆਉਂਦਾ ਹੈ। ਇਸ ਤਰ੍ਹਾਂ, ਬਹੁਤ ਸਾਰੇ ਲੋਕ ਜੋ ਪਹਿਲੇ ਤਿੰਨ ਘੋੜਸਵਾਰਾਂ ਦੀਆਂ ਕਾਰਵਾਈਆਂ ਕਾਰਨ ਅਣਿਆਈ ਮੌਤ ਮਰ ਜਾਂਦੇ ਹਨ, ਉਹ ਹੇਡੀਜ਼ ਵਿਚ ਚਲੇ ਜਾਂਦੇ ਹਨ ਜਿੱਥੋਂ ਪਰਮੇਸ਼ੁਰ ਉਨ੍ਹਾਂ ਨੂੰ ਨਵੀਂ ਦੁਨੀਆਂ ਵਿਚ ਜੀ ਉਠਾਏਗਾ। (ਪਰਕਾਸ਼ ਦੀ ਪੋਥੀ 6:8) ਤਾਂ ਫਿਰ ਸ਼ੀਓਲ (ਹੇਡੀਜ਼) ਅਤੇ ਗ਼ਹੈਨਾ ਵਿਚ ਗਏ ਲੋਕਾਂ ਦਾ ਕੀ ਹੋਵੇਗਾ? ਥੋੜ੍ਹੇ ਸ਼ਬਦਾਂ ਵਿਚ ਇਸ ਦਾ ਜਵਾਬ ਹੈ ਕਿ ਸ਼ੀਓਲ ਵਿਚ ਗਏ ਲੋਕਾਂ ਨੂੰ ਜੀ ਉਠਾਇਆ ਜਾਵੇਗਾ ਤੇ ਗ਼ਹੈਨਾ ਵਿਚ ਗਏ ਲੋਕਾਂ ਦਾ ਹਮੇਸ਼ਾ ਲਈ ਨਾਮੋ-ਨਿਸ਼ਾਨ ਮਿਟ ਜਾਵੇਗਾ।

18. ਜੋ “ਪਹਿਲੀ ਕਿਆਮਤ” ਵਿਚ ਹੋਣਗੇ ਉਹ ਕਿਸ ਗੱਲ ਦੀ ਉਮੀਦ ਰੱਖ ਸਕਦੇ ਹਨ?

18 ਯੂਹੰਨਾ ਰਸੂਲ ਨੇ ਲਿਖਿਆ: “ਧੰਨ ਅਤੇ ਪਵਿੱਤਰ ਉਹ ਜਿਹੜਾ ਪਹਿਲੀ ਕਿਆਮਤ ਵਿੱਚ ਸ਼ਾਮਿਲ ਹੈ! ਏਹਨਾਂ ਉੱਤੇ ਦੂਈ ਮੌਤ ਦਾ ਕੁਝ ਵੱਸ ਨਹੀਂ ਸਗੋਂ ਓਹ ਪਰਮੇਸ਼ੁਰ ਅਤੇ ਮਸੀਹ ਦੇ ਜਾਜਕ ਹੋਣਗੇ ਅਤੇ ਉਹ ਦੇ ਨਾਲ ਹਜ਼ਾਰ ਵਰ੍ਹੇ ਰਾਜ ਕਰਨਗੇ।” ਜੋ ਮਸੀਹੀ ਯਿਸੂ ਨਾਲ ਰਾਜ ਕਰਨਗੇ, ਉਨ੍ਹਾਂ ਨੂੰ “ਪਹਿਲੀ ਕਿਆਮਤ” ਵਿਚ ਜੀ ਉਠਾਇਆ ਜਾਂਦਾ ਹੈ। ਪਰ ਬਾਕੀ ਦੇ ਲੋਕਾਂ ਲਈ ਕੀ ਉਮੀਦ ਹੈ?—ਪਰਕਾਸ਼ ਦੀ ਪੋਥੀ 20:6.

19. “ਉੱਤਮ ਕਿਆਮਤ” ਤੋਂ ਕੁਝ ਲੋਕਾਂ ਨੂੰ ਕੀ ਫ਼ਾਇਦਾ ਹੋਵੇਗਾ?

19 ਪਰਮੇਸ਼ੁਰ ਦੇ ਭਗਤਾਂ ਏਲੀਯਾਹ ਤੇ ਅਲੀਸ਼ਾ ਦੇ ਜ਼ਮਾਨਿਆਂ ਵਿਚ ਵੀ ਲੋਕਾਂ ਨੂੰ ਜੀ ਉਠਾ ਕੇ ਮੁੜ ਜ਼ਿੰਦਗੀ ਬਖ਼ਸ਼ੀ ਗਈ ਸੀ। ਪੌਲੁਸ ਨੇ ਚੇਤੇ ਕਰਾਇਆ: “ਤੀਵੀਆਂ ਨੇ ਆਪਣਿਆਂ ਮੁਰਦਿਆਂ ਨੂੰ ਫੇਰ ਜੀ ਉੱਠਿਆਂ ਹੋਇਆਂ ਨੂੰ ਲੱਭਿਆ।” ਪਰ ਕੁਝ ਸੇਵਕਾਂ ਨੂੰ ਮੌਤ ਤਾਈਂ ਤਸੀਹੇ ਦਿੱਤੇ ਗਏ ਪਰ ਉਨ੍ਹਾਂ ਨੇ ਹਾਰ ਨਹੀਂ ਮੰਨੀ ਕਿਉਂਕਿ ਉਹ “ਉੱਤਮ ਕਿਆਮਤ” ਨੂੰ ਪ੍ਰਾਪਤ ਕਰਨਾ ਚਾਹੁੰਦੇ ਸਨ। ਜੀ ਹਾਂ, ਇਹ ਵਫ਼ਾਦਾਰ ਲੋਕ ਉਤਸੁਕਤਾ ਨਾਲ ਮੁੜ ਜੀ ਉੱਠਣ ਦੀ ਤਾਕ ਵਿਚ ਸਨ। ਜੀ ਉੱਠਣ ਤੋਂ ਬਾਅਦ ਉਹ ਕੁਝ ਸਾਲਾਂ ਲਈ ਨਹੀਂ ਬਲਕਿ ਹਮੇਸ਼ਾ ਲਈ ਜ਼ਿੰਦਾ ਰਹਿਣਗੇ! ਉਹ “ਉੱਤਮ ਕਿਆਮਤ” ਨੂੰ ਹਾਸਲ ਕਰਨਗੇ।—ਇਬਰਾਨੀਆਂ 11:35.

20. ਅਗਲੇ ਲੇਖ ਵਿਚ ਕੀ ਚਰਚਾ ਕੀਤੀ ਜਾਵੇਗੀ?

20 ਜੇ ਅਸੀਂ ਯਹੋਵਾਹ ਦੁਆਰਾ ਇਸ ਦੁਨੀਆਂ ਦੇ ਨਾਸ਼ ਹੋਣ ਤੋਂ ਪਹਿਲਾਂ ਵਫ਼ਾਦਾਰੀ ਨਾਲ ਸੇਵਾ ਕਰਦਿਆਂ ਮਰ ਗਏ, ਤਾਂ ਸਾਡੀ “ਉੱਤਮ ਕਿਆਮਤ” ਦੀ ਉਮੀਦ ਪੱਕੀ ਰਹੇਗੀ। ਇਹ ਇਸ ਅਰਥ ਵਿਚ ਉੱਤਮ ਹੈ ਕਿ ਸਾਨੂੰ ਕੁਝ ਸਾਲਾਂ ਦੀ ਜ਼ਿੰਦਗੀ ਨਹੀਂ ਬਲਕਿ ਹਮੇਸ਼ਾ ਦੀ ਜ਼ਿੰਦਗੀ ਦਿੱਤੀ ਜਾਵੇਗੀ। ਯਿਸੂ ਨੇ ਵਾਅਦਾ ਕੀਤਾ: “ਇਹ ਨੂੰ ਅਚਰਜ ਨਾ ਜਾਣੋ ਕਿਉਂਕਿ ਉਹ ਘੜੀ ਆਉਂਦੀ ਹੈ ਜਿਹ ਦੇ ਵਿੱਚ ਓਹ ਸਭ ਜਿਹੜੇ ਕਬਰਾਂ ਵਿੱਚ ਹਨ ਉਹ ਦੀ ਅਵਾਜ਼ ਸੁਣਨਗੇ ਅਤੇ ਨਿੱਕਲ ਆਉਣਗੇ।” (ਯੂਹੰਨਾ 5:28, 29) ਅਗਲੇ ਲੇਖ ਵਿਚ ਮੁੜ ਜੀ ਉਠਾਉਣ ਦੇ ਮਕਸਦ ਬਾਰੇ ਹੋਰ ਚਰਚਾ ਕੀਤੀ ਜਾਵੇਗੀ। ਇਸ ਤੋਂ ਸਾਨੂੰ ਪਤਾ ਲੱਗੇਗਾ ਕਿ ਮੁੜ ਜੀ ਉੱਠਣ ਦੀ ਉਮੀਦ ਸਾਨੂੰ ਵਫ਼ਾਦਾਰ ਰਹਿਣ ਲਈ ਕਿਵੇਂ ਮਜ਼ਬੂਤ ਕਰਦੀ ਹੈ ਅਤੇ ਅਸੀਂ ਪੂਰੀ ਜਿੰਦ-ਜਾਨ ਨਾਲ ਪਰਮੇਸ਼ੁਰ ਦੀ ਸੇਵਾ ਵਿਚ ਕਿੱਦਾਂ ਲੱਗੇ ਰਹਿ ਸਕਦੇ ਹਾਂ।

ਕੀ ਤੁਹਾਨੂੰ ਯਾਦ ਹੈ?

• ਯਹੋਵਾਹ ਨੂੰ “ਜੀਉਂਦਿਆਂ ਦਾ” ਪਰਮੇਸ਼ੁਰ ਕਿਉਂ ਕਿਹਾ ਜਾਂਦਾ ਹੈ?

• ਸ਼ੀਓਲ ਵਿਚ ਗਏ ਲੋਕ ਕਿਸ ਹਾਲਤ ਵਿਚ ਹਨ?

• ਗ਼ਹੈਨਾ ਵਿਚ ਗਏ ਲੋਕਾਂ ਦਾ ਕੀ ਹੋਵੇਗਾ?

• “ਉੱਤਮ ਕਿਆਮਤ” ਤੋਂ ਕੁਝ ਲੋਕਾਂ ਨੂੰ ਕੀ ਫ਼ਾਇਦਾ ਹੋਵੇਗਾ?

[ਸਵਾਲ]

[ਸਫ਼ੇ 15 ਉੱਤੇ ਤਸਵੀਰ]

ਅਬਰਾਹਾਮ ਵਾਂਗ ਸ਼ੀਓਲ ਵਿਚ ਜਾਣ ਵਾਲਿਆਂ ਨੂੰ ਮੁੜ ਜ਼ਿੰਦਾ ਕੀਤਾ ਜਾਵੇਗਾ

[ਸਫ਼ੇ 16 ਉੱਤੇ ਤਸਵੀਰ]

ਆਦਮ, ਹੱਵਾਹ, ਕਇਨ ਤੇ ਯਹੂਦਾ ਇਸਕਰਿਯੋਤੀ ਗ਼ਹੈਨਾ ਵਿਚ ਕਿਉਂ ਗਏ ਸਨ?