Skip to content

Skip to table of contents

ਨਿਹਚਾ ਦੀ ਜਿੱਤ

ਨਿਹਚਾ ਦੀ ਜਿੱਤ

ਨਿਹਚਾ ਦੀ ਜਿੱਤ

ਯਹੋਵਾਹ ਦੇ ਗਵਾਹ ਹੋਣ ਕਰਕੇ ਕੀ ਲੋਕ ਕੰਮ ਤੇ, ਸਕੂਲ ਵਿਚ ਜਾਂ ਘਰ ਵਿਚ ਤੁਹਾਡਾ ਵਿਰੋਧ ਕਰਦੇ ਹਨ? ਜਾਂ ਕੀ ਸਰਕਾਰੀ ਬੰਦਸ਼ਾਂ ਦੇ ਨਤੀਜੇ ਵਜੋਂ ਤੁਹਾਨੂੰ ਬੁਰਾ-ਭਲਾ ਕਿਹਾ ਜਾਂਦਾ ਹੈ? ਹਿੰਮਤ ਨਾ ਹਾਰੋ। ਭਾਵੇਂ ਕਿ ਯਹੋਵਾਹ ਦੇ ਕਈ ਗਵਾਹਾਂ ਨੇ ਅਜਿਹੀਆਂ ਮੁਸ਼ਕਲਾਂ ਦਾ ਸਾਮ੍ਹਣਾ ਕੀਤਾ ਹੈ, ਫਿਰ ਵੀ ਉਹ ਆਪਣੀ ਨਿਹਚਾ ਵਿਚ ਮਜ਼ਬੂਤ ਰਹੇ ਹਨ। ਅਰਨਾ ਲੂਡੌਲਫ਼ ਦੀ ਮਿਸਾਲ ਉੱਤੇ ਗੌਰ ਕਰੋ।

ਅਰਨਾ ਦਾ ਜਨਮ 1908 ਵਿਚ ਲਿਊਬੈਕ ਸ਼ਹਿਰ ਵਿਚ ਹੋਇਆ ਸੀ। ਉਹ ਆਪਣੇ ਪਰਿਵਾਰ ਵਿਚ ਇਕੱਲੀ ਯਹੋਵਾਹ ਦੀ ਸੇਵਾ ਕਰਦੀ ਸੀ। ਸਾਲ 1933 ਵਿਚ ਜਦ ਹਿਟਲਰ ਨੇ ਰਾਜ ਕਰਨਾ ਸ਼ੁਰੂ ਕੀਤਾ, ਤਾਂ ਉਸ ਨੇ ਯਹੋਵਾਹ ਦੇ ਗਵਾਹਾਂ ਦਾ ਜੀਣਾ ਹਰਾਮ ਕਰ ਦਿੱਤਾ। ਜਿੱਥੇ ਅਰਨਾ ਕੰਮ ਕਰਦੀ ਸੀ ਉੱਥੇ ਲੋਕ ਉਸ ਨੂੰ ਬੁਰਾ-ਭਲਾ ਕਹਿਣ ਲੱਗ ਪਏ ਕਿਉਂਕਿ ਉਹ ਹਾਈਲ ਹਿਟਲਰ ਨਹੀਂ ਕਹਿੰਦੀ ਸੀ। ਨਤੀਜੇ ਵਜੋਂ ਨਾਜ਼ੀਆਂ ਨੇ ਉਸ ਨੂੰ ਗਿਰਫ਼ਤਾਰ ਕਰ ਲਿਆ। ਉਸ ਨੇ ਅੱਠ ਸਾਲ ਕਈ ਜੇਲ੍ਹਾਂ ਅਤੇ ਨਜ਼ਰਬੰਦੀ ਕੈਂਪਾਂ ਵਿਚ ਕੱਟੇ, ਮਿਸਾਲ ਲਈ: ਹੈਮਬਰਗ-ਫੂਲਸਬੂਟਲ, ਮੋਰਿੰਗਨ, ਲਿਖਟੰਬਰਗ ਅਤੇ ਰੈਵਨਜ਼ਬਰੂਕ। ਰੈਵਨਜ਼ਬਰੂਕ ਵਿਚ ਰਹਿੰਦਿਆਂ ਅਰਨਾ ਦੀ ਜ਼ਿੰਦਗੀ ਵਿਚ ਇਕ ਨਵਾਂ ਮੋੜ ਆਇਆ ਜਿਸ ਕਾਰਨ ਉਸ ਦੀ ਨਿਹਚਾ ਦੀ ਜਿੱਤ ਹੋਈ।

ਸਿਰਫ਼ ਘਰ ਦੀ ਨੌਕਰਾਣੀ ਨਹੀਂ

ਪ੍ਰੋਫ਼ੈਸਰ ਫ਼ਰੀਡ੍ਰਿਖ਼ ਹੌਲਟਜ਼ ਅਤੇ ਉਸ ਦੀ ਪਤਨੀ ਐਲਿਸ ਬਰਲਿਨ ਵਿਚ ਰਹਿੰਦੇ ਸਨ। ਉਹ ਨਾ ਹੀ ਨਾਜ਼ੀ ਪਾਰਟੀ ਦੇ ਮੈਂਬਰ ਸਨ ਅਤੇ ਨਾ ਹੀ ਉਸ ਦੇ ਵਿਚਾਰਾਂ ਨਾਲ ਸਹਿਮਤ ਸਨ। ਪਰ ਉਹ ਐੱਸ. ਐੱਸ. ਖੁਫੀਆ ਪੁਲਸ ਦੇ ਇਕ ਸੀਨੀਅਰ ਅਫ਼ਸਰ ਦੇ ਰਿਸ਼ਤੇਦਾਰ ਸਨ। ਰੈਵਨਜ਼ਬਰੂਕ ਕੈਂਪ ਵਿਚ ਉਸ ਅਫ਼ਸਰ ਦੀ ਨਿਗਰਾਨੀ ਥੱਲੇ ਕੁਝ ਕੈਦੀ ਸਨ। ਇਸ ਲਈ ਜਦ ਪ੍ਰੋਫ਼ੈਸਰ ਤੇ ਉਸ ਦੀ ਦੀ ਪਤਨੀ ਨੂੰ ਇਕ ਨੌਕਰਾਨੀ ਦੀ ਲੋੜ ਸੀ, ਤਾਂ ਇਸ ਅਫ਼ਸਰ ਨੇ ਉਨ੍ਹਾਂ ਨੂੰ ਕੈਦਣਾਂ ਵਿੱਚੋਂ ਕਿਸੇ ਨੂੰ ਚੁਣਨ ਲਈ ਕਿਹਾ। ਸੋ ਮਾਰਚ 1943 ਵਿਚ ਐਲਿਸ ਇਸ ਕੰਮ ਲਈ ਰੈਵਨਜ਼ਬਰੂਕ ਆਈ। ਉਸ ਨੇ ਕਿਸ ਨੂੰ ਚੁਣਿਆ? ਅਰਨਾ ਲੂਡੌਲਫ਼ ਨੂੰ। ਅਰਨਾ ਹੌਲਟਜ਼ ਪਰਿਵਾਰ ਨਾਲ ਰਹਿਣ ਲੱਗ ਪਈ ਅਤੇ ਉਨ੍ਹਾਂ ਨੇ ਉਸ ਨਾਲ ਚੰਗਾ ਵਰਤਾਅ ਕੀਤਾ। ਜੰਗ ਖ਼ਤਮ ਹੋਣ ਤੋਂ ਬਾਅਦ ਉਹ ਉਸੇ ਪਰਿਵਾਰ ਨਾਲ ਸਾਲੀ ਨਦੀ ਲਾਗੇ ਹਾਲੇ ਸ਼ਹਿਰ ਵਿਚ ਰਹਿਣ ਲੱਗ ਪਈ। ਉੱਥੇ ਇਕ ਵਾਰ ਫਿਰ ਅਰਨਾ ਨੂੰ ਆਪਣੀ ਨਿਹਚਾ ਕਰਕੇ ਵਿਰੋਧ ਦਾ ਸਾਮ੍ਹਣਾ ਕਰਨਾ ਪਿਆ। ਇਸ ਵਾਰ ਉਸ ਦੇ ਵਿਰੋਧੀ ਪੂਰਬੀ ਜਰਮਨੀ ਵਿਚ ਸੋਸ਼ਲਿਸ਼ਟ ਸਰਕਾਰ ਸੀ। ਫਿਰ 1957 ਵਿਚ ਇਸ ਪਰਿਵਾਰ ਨੂੰ ਦੇਸ਼ਨਿਕਾਲਾ ਦੇ ਕੇ ਪੱਛਮੀ ਜਰਮਨੀ ਘੱਲ ਦਿੱਤਾ ਗਿਆ। ਅਰਨਾ ਉਨ੍ਹਾਂ ਦੇ ਨਾਲ ਹੀ ਗਈ। ਉੱਥੇ ਉਹ ਆਜ਼ਾਦੀ ਨਾਲ ਆਪਣੇ ਧਰਮ ਉੱਤੇ ਚੱਲ ਸਕਦੀ ਸੀ।

ਅਰਨਾ ਦੀ ਨਿਹਚਾ ਦੀ ਜਿੱਤ ਕਿਵੇਂ ਹੋਈ? ਉਸ ਦੇ ਚੰਗੇ ਚਾਲ-ਚਲਣ ਅਤੇ ਬਾਈਬਲ ਦੀਆਂ ਗੱਲਾਂ ਕਰਨ ਕਰਕੇ ਐਲਿਸ ਹੌਲਟਜ਼ ਅਤੇ ਉਸ ਦੇ ਪੰਜੇ ਬੱਚੇ ਯਹੋਵਾਹ ਦੇ ਗਵਾਹ ਬਣ ਗਏ। ਇਸ ਤੋਂ ਇਲਾਵਾ ਐਲਿਸ ਦੇ 11 ਦੋਹਤੇ-ਪੋਤੇ ਵੀ ਯਹੋਵਾਹ ਦੀ ਸੇਵਾ ਕਰਦੇ ਹਨ। ਉਨ੍ਹਾਂ ਵਿੱਚੋਂ ਦੋ ਜਣੇ ਸੈਲਟਰਸ ਜਰਮਨੀ ਵਿਚ ਯਹੋਵਾਹ ਦੇ ਗਵਾਹਾਂ ਦੇ ਮੁੱਖ ਦਫ਼ਤਰ ਵਿਚ ਸੇਵਾ ਕਰਦੇ ਹਨ। ਐਲਿਸ ਦੀ ਇਕ ਬੇਟੀ ਸੁਜ਼ੈਨ ਕਹਿੰਦੀ ਹੈ: “ਅਰਨਾ ਦੀ ਮਿਸਾਲ ਕਾਰਨ ਹੀ ਸਾਡਾ ਪਰਿਵਾਰ ਅੱਜ ਸੱਚਾਈ ਵਿਚ ਹੈ।” ਅਰਨਾ ਨੂੰ ਆਪਣੇ ਸਬਰ ਦਾ ਕਿੰਨਾ ਮਿੱਠਾ ਫਲ ਮਿਲਿਆ! ਤੁਹਾਡੇ ਬਾਰੇ ਕੀ? ਜੇ ਤੁਸੀਂ ਧੀਰਜ ਨਾਲ ਮੁਸ਼ਕਲਾਂ ਨੂੰ ਸਹਿ ਲਵੋਗੇ, ਤਾਂ ਤੁਹਾਨੂੰ ਵੀ ਮਿੱਠਾ ਫਲ ਮਿਲ ਸਕਦਾ ਹੈ। ਜੀ ਹਾਂ, ਨੇਕ ਚਾਲ-ਚਲਣ ਰੱਖਣ ਅਤੇ ਦੂਜਿਆਂ ਨੂੰ ਬਾਈਬਲ ਬਾਰੇ ਦੱਸਣ ਕਰਕੇ ਤੁਹਾਡੀ ਨਿਹਚਾ ਦੀ ਵੀ ਜਿੱਤ ਹੋ ਸਕਦੀ ਹੈ। *

[ਫੁਟਨੋਟ]

^ ਪੈਰਾ 6 ਦੁੱਖ ਦੀ ਗੱਲ ਹੈ ਕਿ ਇਸ ਲੇਖ ਦੀ ਤਿਆਰੀ ਦੌਰਾਨ ਅਰਨਾ ਲੂਡੌਲਫ਼ ਗੁਜ਼ਰ ਗਈ। ਉਸ ਦੀ ਉਮਰ 96 ਸਾਲ ਸੀ। ਉਹ ਅੰਤ ਤਕ ਵਫ਼ਾਦਾਰ ਰਹੀ।

[ਸਫ਼ੇ 31 ਉੱਤੇ ਤਸਵੀਰ]

ਅਰਨਾ ਲੂਡੌਲਫ਼ (ਬੈਠੀ ਹੋਈ) ਨਾਲ ਹੌਲਟਜ਼ ਪਰਿਵਾਰ ਦੇ ਕੁਝ ਜੀਅ