ਪਲਾਂ ਵਿਚ ਖ਼ੁਸ਼ੀਆਂ ਲੁੱਟੀਆਂ ਗਈਆਂ
ਪਲਾਂ ਵਿਚ ਖ਼ੁਸ਼ੀਆਂ ਲੁੱਟੀਆਂ ਗਈਆਂ
ਢਾਈ ਸਾਲਾਂ ਦਾ ਓਅਨ ਆਪਣੇ ਘਰ ਬਾਥਰੂਮ ਵਿਚ ਖੇਡ ਰਿਹਾ ਸੀ। ਉਸ ਦੇ ਮਾਪਿਆਂ ਨੇ ਬਾਥਰੂਮ ਦੇ ਦਰਾਜ਼ ਵਿਚ ਦਵਾਈਆਂ ਵਗੈਰਾ ਰੱਖੀਆਂ ਹੋਈਆਂ ਸਨ ਜਿੱਥੇ ਉਨ੍ਹਾਂ ਦੇ ਭਾਣੇ ਬੱਚੇ ਦਾ ਹੱਥ ਨਹੀਂ ਉੱਪੜ ਸਕਦਾ ਸੀ। ਪਰ ਓਅਨ ਨੇ ਕਿਸੇ ਚੀਜ਼ ਤੇ ਚੜ੍ਹ ਕੇ ਦਰਾਜ਼ ਖੋਲ੍ਹ ਲਿਆ ਤੇ ਉਹ ਦੇ ਹੱਥ ਇਕ ਬੋਤਲ ਆ ਗਈ। ਉਸ ਨੇ ਖੋਲ੍ਹ ਕੇ ਪੂਰੀ ਦੀ ਪੂਰੀ ਬੋਤਲ ਪੀ ਲਈ ਤੇ ਗ਼ਜ਼ਬ ਹੋ ਗਿਆ!
ਬੋਤਲ ਵਿਚ ਜ਼ਹਿਰੀਲਾ ਰਸਾਇਣਕ ਐਸਿਡ ਸੀ। ਅਫ਼ਸੋਸ ਦੀ ਗੱਲ ਹੈ ਕਿ ਓਅਨ ਮਰ ਗਿਆ। ਉਸ ਦੇ ਮਾਪਿਆਂ ਦੀ ਤਾਂ ਜਿੱਦਾਂ ਦੁਨੀਆਂ ਹੀ ਉਜੜ ਗਈ ਸੀ। ਉਸ ਦਾ ਪਿਤਾ ਪਰਸੀ ਦਿਲ ਹੌਲਾ ਕਰਨ ਲਈ ਚਰਚ ਗਿਆ। ਉੱਥੇ ਉਸ ਨੇ ਪਾਦਰੀ ਨੂੰ ਪੁੱਛਿਆ: “ਸਾਡੇ ਨਾਲ ਇਸ ਤਰ੍ਹਾਂ ਕਿਉਂ ਹੋਇਆ?” ਪਾਦਰੀ ਨੇ ਜਵਾਬ ਦਿੱਤਾ: “ਰੱਬ ਨੂੰ ਸਵਰਗ ਵਿਚ ਇਕ ਹੋਰ ਛੋਟੇ ਜਿਹੇ ਫ਼ਰਿਸ਼ਤੇ ਦੀ ਲੋੜ ਸੀ,” ਇਸ ਲਈ ਉਸ ਨੇ ਓਅਨ ਨੂੰ ਆਪਣੇ ਕੋਲ ਬੁਲਾ ਲਿਆ। ਇਹ ਗੱਲ ਸੁਣ ਕੇ ਓਅਨ ਦੇ ਮਾਪੇ ਬਹੁਤ ਦੁਖੀ ਹੋਏ। ਉਨ੍ਹਾਂ ਨੇ ਸੋਚਿਆ ਕਿ ਇਹ ਤਾਂ ਰੱਬ ਨੇ ਘੋਰ ਅਨਿਆਂ ਕੀਤਾ ਹੈ। ਕੀ ਰੱਬ ਨੇ ਸੱਚ-ਮੁੱਚ ਇਹ ਭਾਣਾ ਵਰਤਿਆ ਸੀ? ਕੋਈ ਹੌਸਲਾ ਨਾ ਮਿਲਣ ਕਰਕੇ ਪਰਸੀ ਨਿਰਾਸ਼ ਹੋ ਗਿਆ ਤੇ ਉਸ ਨੇ ਠਾਣ ਲਿਆ ਕਿ ਉਹ ਮੁੜ ਕੇ ਚਰਚ ਵਿਚ ਕਦੀ ਪੈਰ ਨਹੀਂ ਰੱਖੇਗਾ।
ਹਾਦਸੇ ਬਾਰੇ ਸੋਚਦਿਆਂ ਪਰਸੀ ਨੇ ਆਪਣੇ-ਆਪ ਨੂੰ ਪੁੱਛਿਆ: ‘ਕੀ ਮੇਰੇ ਬੱਚੇ ਨੂੰ ਅਜੇ ਵੀ ਦਰਦ ਹੋ ਰਿਹਾ ਹੋਵੇਗਾ? ਕੀ ਮੈਂ ਉਹ ਨੂੰ ਫਿਰ ਕਦੀ ਦੇਖਾਂਗਾ?’
ਸ਼ਾਇਦ ਤੁਸੀਂ ਵੀ ਇਸ ਗੱਲ ਬਾਰੇ ਸੋਚਿਆ ਹੋਵੇਗਾ ਕਿ ਜਦ ਸਾਡਾ ਕੋਈ ਅਜ਼ੀਜ਼ ਮਰ ਜਾਂਦਾ ਹੈ, ਤਾਂ ਉਸ ਨਾਲ ਕੀ ਹੁੰਦਾ ਹੈ? ਕੀ ਅਸੀਂ ਉਸ ਨੂੰ ਫਿਰ ਕਦੀ ਦੇਖਾਂਗੇ? ਪਰਮੇਸ਼ੁਰ ਦਾ ਬਚਨ ਇਨ੍ਹਾਂ ਸਵਾਲਾਂ ਦਾ ਸਪੱਸ਼ਟ ਜਵਾਬ ਦਿੰਦਾ ਹੈ। ਜੀ ਹਾਂ ਬਾਈਬਲ ਵਿਚ ਲਿਖੀਆਂ ਗੱਲਾਂ ਤੋਂ ਉਹ ਲੋਕ ਬਹੁਤ ਦਿਲਾਸਾ ਪਾ ਸਕਦੇ ਹਨ ਜੋ ਆਪਣੇ ਅਜ਼ੀਜ਼ਾਂ ਦਾ ਦੁਖਦਾਈ ਵਿਛੋੜਾ ਝੱਲ ਰਹੇ ਹਨ। ਇਸ ਤੋਂ ਵੱਧ ਬਾਈਬਲ ਪਰਮੇਸ਼ੁਰ ਦੇ ਇਕ ਸ਼ਾਨਦਾਰ ਵਾਅਦੇ ਵੱਲ ਸਾਡਾ ਧਿਆਨ ਖਿੱਚਦੀ ਹੈ। ਉਹ ਵਾਅਦਾ ਇਹ ਹੈ ਕਿ ਮੁਰਦਿਆਂ ਦਾ ਜੀ ਉੱਠਣਾ ਹੋਵੇਗਾ!
ਇਸ ਸ਼ਾਨਦਾਰ ਉਮੀਦ ਬਾਰੇ ਪਤਾ ਕਰਨ ਲਈ ਕਿਰਪਾ ਕਰ ਕੇ ਅਗਲਾ ਲੇਖ ਪੜ੍ਹੋ।