Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪੌਲੁਸ ਨੇ ਮਸੀਹੀ ਪਤਨੀ ਬਾਰੇ ਇਹ ਕਿਉਂ ਲਿਖਿਆ ਸੀ ਕਿ “ਬਾਲ ਜਣਨ ਦੇ ਵਸੀਲੇ ਨਾਲ ਉਹ ਬਚਾਈ ਜਾਵੇਗੀ”?—1 ਤਿਮੋਥਿਉਸ 2:15.

ਪੌਲੁਸ ਦੀ ਗੱਲ ਦਾ ਠੀਕ ਮਤਲਬ ਸਮਝਣ ਲਈ ਸਾਨੂੰ ਇਸ ਹਵਾਲੇ ਦੇ ਆਲੇ-ਦੁਆਲੇ ਦੀਆਂ ਆਇਤਾਂ ਦੇਖਣੀਆਂ ਚਾਹੀਦੀਆਂ ਹਨ। ਪਰਮੇਸ਼ੁਰ ਦੀ ਪਵਿੱਤਰ ਆਤਮਾ ਦੀ ਪ੍ਰੇਰਣਾ ਨਾਲ ਪੌਲੁਸ ਸਲਾਹ ਦੇ ਰਿਹਾ ਸੀ ਕਿ ਭੈਣਾਂ ਨੂੰ ਕਲੀਸਿਯਾ ਵਿਚ ਕੀ ਕਰਨਾ ਚਾਹੀਦਾ ਹੈ। ਉਸ ਨੇ ਲਿਖਿਆ: “[ਮੈਂ] ਚਾਹੁੰਦਾ ਹਾਂ ਭਈ ਇਸਤ੍ਰੀਆਂ ਲਾਜ ਅਤੇ ਸੰਜਮ ਸਹਿਤ ਆਪਣੇ ਆਪ ਨੂੰ ਸੁਹਾਉਣੀ ਪੁਸ਼ਾਕੀ ਨਾਲ ਸੁਆਰਨ, ਨਾ ਗੁੰਦਿਆਂ ਹੋਇਆਂ ਵਾਲਾਂ ਅਤੇ ਸੋਨੇ ਯਾ ਮੋਤੀਆਂ ਯਾ ਭਾਰੇ ਮੁੱਲ ਦੇ ਬਸਤ੍ਰਾਂ ਨਾਲ, ਸਗੋਂ ਸ਼ੁਭ ਕਰਮਾਂ ਦੇ ਵਸੀਲੇ ਨਾਲ ਕਿਉਂ ਜੋ ਇਹ ਉਨ੍ਹਾਂ ਇਸਤ੍ਰੀਆਂ ਨੂੰ ਫਬਦਾ ਹੈ ਜਿਹੜੀਆਂ ਪਰਮੇਸ਼ੁਰ ਦੀ ਭਗਤੀ ਨੂੰ ਮੰਨਦੀਆਂ ਹਨ।” (1 ਤਿਮੋਥਿਉਸ 2:9, 10) ਪੌਲੁਸ ਭੈਣਾਂ ਨੂੰ ਇਹੀ ਸਲਾਹ ਦੇ ਰਿਹਾ ਸੀ ਕਿ ਉਹ ਢੰਗ ਦੇ ਕੱਪੜੇ ਪਾਉਣ ਅਤੇ ਹਾਰ-ਸ਼ਿੰਗਾਰ ਵਿਚ ਹੀ ਲੱਗੀਆਂ ਰਹਿਣ ਦੀ ਬਜਾਇ ਨੇਕ ਕੰਮਾਂ ਨਾਲ ਆਪਣੇ ਆਪ ਨੂੰ ਸ਼ਿੰਗਾਰਨ।

ਅੱਗੇ ਪੌਲੁਸ ਨੇ ਕਲੀਸਿਯਾ ਵਿਚ ਸਰਦਾਰੀ ਦੇ ਪ੍ਰਬੰਧ ਬਾਰੇ ਗੱਲ ਕੀਤੀ: “ਮੈਂ ਇਸਤ੍ਰੀ ਨੂੰ ਸਿੱਖਿਆ ਦੇਣ ਅਥਵਾ ਪੁਰਖ ਉੱਤੇ ਹੁਕਮ ਚਲਾਉਣ ਦੀ ਪਰਵਾਨਗੀ ਨਹੀਂ ਦਿੰਦਾ ਸਗੋਂ ਉਹ ਚੁੱਪ ਚਾਪ ਰਹੇ।” (1 ਤਿਮੋਥਿਉਸ 2:12; 1 ਕੁਰਿੰਥੀਆਂ 11:3) ਪੌਲੁਸ ਨੇ ਇਸ ਪ੍ਰਬੰਧ ਦਾ ਆਧਾਰ ਦਿੰਦੇ ਹੋਏ ਕਿਹਾ ਕਿ ਆਦਮ ਨੇ ਸ਼ਤਾਨ ਤੋਂ ਧੋਖਾ ਨਹੀਂ ਖਾਧਾ ਸੀ, ਪਰ ਹੱਵਾਹ “ਧੋਖਾ ਖਾ ਕੇ ਅਪਰਾਧ ਵਿੱਚ ਪੈ ਗਈ।” ਇਕ ਮਸੀਹੀ ਭੈਣ ਹੱਵਾਹ ਵਾਂਗ ਗ਼ਲਤੀ ਕਰਨ ਤੋਂ ਕਿਵੇਂ ਬਚ ਸਕਦੀ ਹੈ? ਪੌਲੁਸ ਇਸ ਦਾ ਜਵਾਬ ਦਿੰਦਾ ਹੈ: ‘ਬਾਲ ਜਣਨ ਦੇ ਵਸੀਲੇ ਨਾਲ ਉਹ ਬਚਾਈ ਜਾਵੇਗੀ ਜੇ ਓਹ ਨਿਹਚਾ ਅਤੇ ਪ੍ਰੇਮ ਅਤੇ ਪਵਿੱਤਰਤਾਈ ਵਿੱਚ ਸੰਜਮ ਨਾਲ ਟਿਕੀ ਰਹੇ।’ (1 ਤਿਮੋਥਿਉਸ 2:14, 15) ਪੌਲੁਸ ਦੇ ਸ਼ਬਦਾਂ ਦਾ ਕੀ ਮਤਲਬ ਸੀ?

ਕੁਝ ਅਨੁਵਾਦਕਾਂ ਨੇ ਇਸ ਦਾ ਅਰਥ ਇਹ ਕੱਢਿਆ ਹੈ ਕਿ ਤੀਵੀਂ ਨੂੰ ਬੱਚੇ ਪੈਦਾ ਕਰ ਕੇ ਹੀ ਮੁਕਤੀ ਮਿਲੇਗੀ। ਮਿਸਾਲ ਲਈ, ਪੰਜਾਬੀ ਦਾ ਈਜ਼ੀ ਟੂ ਰੀਡ ਵਰਯਨ [ERV] ਕਹਿੰਦਾ ਹੈ: “ਔਰਤਾਂ ਨੂੰ ਬੱਚੇ ਪੈਦਾ ਕਰਨ ਦੇ ਆਪਣੇ ਕਰਜ ਰਾਹੀਂ ਮੁਕਤੀ ਮਿਲੇਗੀ।” ਪਰ ਕੀ ਇਹ ਗੱਲ ਸਹੀ ਹੈ? ਨਹੀਂ, ਕਿਉਂਕਿ ਬਾਈਬਲ ਦੇ ਅਨੁਸਾਰ ਮੁਕਤੀ ਪ੍ਰਾਪਤ ਕਰਨ ਲਈ ਇਕ ਇਨਸਾਨ ਨੂੰ ਯਹੋਵਾਹ ਨੂੰ ਜਾਣਨ, ਯਿਸੂ ਉੱਤੇ ਨਿਹਚਾ ਕਰਨ ਅਤੇ ਕੰਮਾਂ ਰਾਹੀਂ ਇਸ ਨਿਹਚਾ ਦਾ ਸਬੂਤ ਦੇਣ ਦੀ ਲੋੜ ਹੈ। (ਯੂਹੰਨਾ 17:3; ਰਸੂਲਾਂ ਦੇ ਕਰਤੱਬ 16:30, 31; ਰੋਮੀਆਂ 10:10; ਯਾਕੂਬ 2:26) ਪੌਲੁਸ ਇਹ ਵੀ ਨਹੀਂ ਕਹਿ ਰਿਹਾ ਸੀ ਕਿ ਪਰਮੇਸ਼ੁਰ ਉੱਤੇ ਵਿਸ਼ਵਾਸ ਕਰਨ ਵਾਲੀਆਂ ਤੀਵੀਆਂ ਜਣੇਪੇ ਵੇਲੇ ਸਹੀ-ਸਲਾਮਤ ਰਹਿਣਗੀਆਂ। ਕਈ ਤੀਵੀਆਂ ਬੱਚੇ ਪੈਦਾ ਕਰਨ ਵੇਲੇ ਸਹੀ-ਸਲਾਮਤ ਰਹੀਆਂ ਹਨ, ਚਾਹੇ ਉਹ ਪਰਮੇਸ਼ੁਰ ਨੂੰ ਮੰਨਦੀਆਂ ਸਨ ਜਾਂ ਨਹੀਂ। ਦੂਜੇ ਪਾਸੇ, ਪਰਮੇਸ਼ੁਰ ਨੂੰ ਮੰਨਣ ਵਾਲੀਆਂ ਕੁਝ ਤੀਵੀਆਂ ਜਨਮ ਦੇਣ ਵੇਲੇ ਆਪਣੀਆਂ ਜਾਨਾਂ ਤੋਂ ਹੱਥ ਧੋ ਬੈਠੀਆਂ।—ਉਤਪਤ 35:16-18.

ਪੌਲੁਸ ਦੀ ਗੱਲ ਹੋਰ ਚੰਗੀ ਤਰ੍ਹਾਂ ਸਮਝਣ ਲਈ ਆਓ ਆਪਾਂ ਤੀਵੀਆਂ ਲਈ ਉਸ ਦੀ ਹੋਰ ਸਲਾਹ ਵੱਲ ਵੀ ਧਿਆਨ ਦੇਈਏ। ਉਸ ਨੇ ਉਨ੍ਹਾਂ ਮੁਟਿਆਰ ਵਿਧਵਾਵਾਂ ਬਾਰੇ ਦੱਸਿਆ ਜੋ “ਘਰ ਘਰ ਫਿਰ ਕੇ ਆਲਸਣਾਂ ਬਣਨਾਂ ਸਿੱਖਦੀਆਂ ਹਨ ਅਤੇ ਨਿਰੀਆਂ ਆਲਸਣਾਂ ਹੀ ਨਹੀਂ ਸਗੋਂ ਬੁੜ ਬੁੜ ਕਰਨ ਵਾਲੀਆਂ ਅਤੇ ਪਰਾਇਆ ਕੰਮਾਂ ਵਿੱਚ ਲੱਤ ਅੜਾਉਣ ਵਾਲੀਆਂ ਹੁੰਦੀਆਂ ਹਨ ਅਤੇ ਅਜੋਗ ਗੱਲਾਂ ਕਰਦੀਆਂ ਹਨ।” ਪੌਲੁਸ ਨੇ ਉਨ੍ਹਾਂ ਨੂੰ ਕਿਹੜੀ ਸਲਾਹ ਦਿੱਤੀ ਸੀ? “ਇਸ ਲਈ ਮੈਂ ਇਹ ਚਾਹੁੰਦਾ ਹਾਂ ਜੋ ਮੁਟਿਆਰ ਵਿਧਵਾਂ ਵਿਆਹ ਕਰਨ, ਧੀਆਂ ਪੁੱਤ੍ਰ ਜਣਨ, ਗ੍ਰਿਸਤ ਦਾ ਕੰਮ ਕਰਨ ਅਤੇ ਵਿਰੋਧੀ ਨੂੰ ਨਿੰਦਿਆਂ ਕਰਨ ਦਾ ਮੌਕਾ ਨਾ ਦੇਣ।”—1 ਤਿਮੋਥਿਉਸ 5:13, 14.

ਪੌਲੁਸ ਇੱਥੇ ਇਸ ਗੱਲ ਉੱਤੇ ਜ਼ੋਰ ਦੇ ਰਿਹਾ ਸੀ ਕਿ ਪਰਿਵਾਰ ਵਿਚ ਤੀਵੀਆਂ ਆਦਰਯੋਗ ਕੰਮ ਕਰਦੀਆਂ ਹਨ। ਤੀਵੀਂ ‘ਧੀਆਂ ਪੁੱਤ੍ਰ ਜਣਨ ਅਤੇ ਗ੍ਰਿਸਤ ਦਾ ਕੰਮ ਕਰਨ’ ਰਾਹੀਂ ਅਤੇ ‘ਨਿਹਚਾ ਅਤੇ ਪ੍ਰੇਮ ਅਤੇ ਪਵਿੱਤਰਤਾਈ ਵਿੱਚ ਸੰਜਮ ਨਾਲ ਟਿਕੀ’ ਰਹਿ ਕੇ ਬੁਰੇ ਕੰਮਾਂ ਤੋਂ ‘ਬਚੀ ਰਹੇਗੀ।’ (1 ਤਿਮੋਥਿਉਸ 2:15) ਇਸ ਸਲਾਹ ਉੱਤੇ ਚੱਲ ਕੇ ਉਹ ਸ਼ਤਾਨ ਦੇ ਫੰਧਿਆਂ ਵਿਚ ਨਹੀਂ ਪਵੇਗੀ।

ਤਿਮੋਥਿਉਸ ਨੂੰ ਲਿਖੇ ਪੌਲੁਸ ਦੇ ਇਹ ਸ਼ਬਦ ਸਾਨੂੰ ਸਾਰਿਆਂ ਨੂੰ ਯਾਦ ਕਰਾਉਂਦੇ ਹਨ ਕਿ ਸਾਨੂੰ ਆਪਣਾ ਸਮਾਂ ਸਹੀ ਕੰਮਾਂ ਵਿਚ ਲਾਉਣਾ ਚਾਹੀਦਾ ਹੈ। ਪਰਮੇਸ਼ੁਰ ਦਾ ਬਚਨ ਸਾਰੇ ਮਸੀਹੀਆਂ ਨੂੰ ਇਹ ਸਲਾਹ ਦਿੰਦਾ ਹੈ: “ਸੋ ਚੌਕਸੀ ਨਾਲ ਵੇਖੋ ਭਈ ਤੁਸੀਂ ਕਿੱਕੁਰ ਚੱਲਦੇ ਹੋ, ਨਿਰਬੁੱਧਾਂ ਵਾਂਙੁ ਨਹੀਂ ਸਗੋਂ ਬੁੱਧਵਾਨਾਂ ਵਾਂਙੁ।”—ਅਫ਼ਸੀਆਂ 5:15.