Skip to content

Skip to table of contents

ਮੁੜ ਜੀ ਉਠਾਏ ਜਾਣ ਦੀ ਸਿੱਖਿਆ ਦਾ ਤੁਹਾਡੇ ਤੇ ਅਸਰ

ਮੁੜ ਜੀ ਉਠਾਏ ਜਾਣ ਦੀ ਸਿੱਖਿਆ ਦਾ ਤੁਹਾਡੇ ਤੇ ਅਸਰ

ਮੁੜ ਜੀ ਉਠਾਏ ਜਾਣ ਦੀ ਸਿੱਖਿਆ ਦਾ ਤੁਹਾਡੇ ਤੇ ਅਸਰ

“ਪਰਮੇਸ਼ੁਰ ਤੋਂ ਇਹ ਆਸ ਰੱਖਦਾ ਹਾਂ . . . ਕਿ ਭਾਵੇਂ ਧਰਮੀ, ਭਾਵੇਂ ਕੁਧਰਮੀ ਦੋਹਾਂ ਦਾ ਜੀ ਉੱਠਣਾ ਹੋਵੇਗਾ।”—ਰਸੂਲਾਂ ਦੇ ਕਰਤੱਬ 24:15.

1. ਮੁੜ ਜੀ ਉਠਾਏ ਜਾਣ ਦੀ ਸਿੱਖਿਆ ਮਹਾਸਭਾ ਵਿਚ ਝਗੜੇ ਦਾ ਕਾਰਨ ਕਿਵੇਂ ਬਣੀ?

ਪੌਲੁਸ ਰਸੂਲ 56 ਸਾ. ਯੁ. ਵਿਚ ਆਪਣਾ ਤੀਸਰਾ ਮਿਸ਼ਨਰੀ ਦੌਰਾ ਖ਼ਤਮ ਕਰ ਕੇ ਯਰੂਸ਼ਲਮ ਨੂੰ ਗਿਆ। ਉੱਥੇ ਰੋਮੀ ਸਿਪਾਹੀਆਂ ਨੇ ਉਸ ਨੂੰ ਗਿਰਫ਼ਤਾਰ ਕਰ ਲਿਆ। ਆਪਣੀ ਸਫ਼ਾਈ ਪੇਸ਼ ਕਰਨ ਲਈ ਪੌਲੁਸ ਨੂੰ ਯਹੂਦੀ ਮਹਾਸਭਾ ਯਾਨੀ ਉੱਚ-ਅਦਾਲਤ ਅੱਗੇ ਪੇਸ਼ ਹੋਣ ਦੀ ਇਜਾਜ਼ਤ ਮਿਲ ਗਈ। (ਰਸੂਲਾਂ ਦੇ ਕਰਤੱਬ 22:29, 30) ਉਸ ਨੇ ਅਦਾਲਤ ਦੇ ਮੈਂਬਰਾਂ ਤੇ ਨਜ਼ਰ ਮਾਰ ਕੇ ਦੇਖਿਆ ਕਿ ਉੱਥੇ ਕੁਝ ਸਦੂਕੀ ਤੇ ਕੁਝ ਫ਼ਰੀਸੀ ਬੈਠੇ ਸਨ। ਸਦੂਕੀ ਤੇ ਫ਼ਰੀਸੀ ਇਕ ਖ਼ਾਸ ਗੱਲ ਤੇ ਇਕ-ਦੂਜੇ ਨਾਲ ਸਹਿਮਤ ਨਹੀਂ ਸਨ। ਸਦੂਕੀ ਮੁੜ ਜੀ ਉਠਾਏ ਜਾਣ ਦੀ ਸਿੱਖਿਆ ਨੂੰ ਨਹੀਂ ਮੰਨਦੇ ਸਨ ਜਦ ਕਿ ਫ਼ਰੀਸੀ ਮੰਨਦੇ ਸਨ। ਪੌਲੁਸ ਨੇ ਇਸ ਸਿੱਖਿਆ ਬਾਰੇ ਆਪਣੀ ਰਾਇ ਪੇਸ਼ ਕੀਤੀ: ‘ਹੇ ਭਰਾਵੋ, ਮੈਂ ਫ਼ਰੀਸੀ ਅਤੇ ਫ਼ਰੀਸੀਆਂ ਦੀ ਅੰਸ ਹਾਂ। ਮੁਰਦਿਆਂ ਦੀ ਆਸ ਅਤੇ ਜੀ ਉੱਠਣ ਦੇ ਬਦਲੇ ਮੇਰੇ ਜੁੰਮੇ ਦੋਸ਼ ਲਾਇਆ ਗਿਆ ਹੈ!’ ਇਹ ਕਹਿ ਕੇ ਪੌਲੁਸ ਨੇ ਮਹਾਸਭਾ ਵਿਚ ਝਗੜਾ ਪੁਆ ਦਿੱਤਾ!—ਰਸੂਲਾਂ ਦੇ ਕਰਤੱਬ 23:6-9.

2. ਮੁਰਦਿਆਂ ਨੂੰ ਜੀ ਉਠਾਏ ਜਾਣ ਦੀ ਸਿੱਖਿਆ ਉੱਤੇ ਆਪਣੇ ਵਿਸ਼ਵਾਸ ਬਾਰੇ ਦੱਸਣ ਲਈ ਪੌਲੁਸ ਕਿਉਂ ਤਿਆਰ ਸੀ?

2 ਕਈ ਸਾਲ ਪਹਿਲਾਂ ਦੰਮਿਸਕ ਜਾਂਦੇ ਵੇਲੇ ਰਾਹ ਵਿਚ ਪੌਲੁਸ ਨੇ ਇਕ ਦਰਸ਼ਣ ਦੇਖਿਆ ਸੀ ਜਿਸ ਵਿਚ ਉਸ ਨੇ ਯਿਸੂ ਦੀ ਆਵਾਜ਼ ਸੁਣੀ। ਇੱਥੋਂ ਤਕ ਕਿ ਪੌਲੁਸ ਨੇ ਯਿਸੂ ਨੂੰ ਪੁੱਛਿਆ: “ਹੇ ਪ੍ਰਭੁ ਮੈਂ ਕੀ ਕਰਾਂ?” ਯਿਸੂ ਨੇ ਜਵਾਬ ਦਿੱਤਾ: “ਤੂੰ ਉੱਠ ਕੇ ਦੰਮਿਸਕ ਵਿੱਚ ਜਾਹ ਅਤੇ ਸਭ ਗੱਲਾਂ ਜੋ ਤੇਰੇ ਕਰਨ ਲਈ ਠਹਿਰਾਈਆਂ ਹੋਈਆਂ ਹਨ ਸੋ ਉੱਥੇ ਹੀ ਤੈਨੂੰ ਦੱਸੀਆਂ ਜਾਣਗੀਆਂ।” ਦੰਮਿਸਕ ਪਹੁੰਚ ਕੇ ਪੌਲੁਸ ਹਨਾਨਿਯਾਹ ਨਾਮਕ ਇਕ ਮਸੀਹੀ ਚੇਲੇ ਨੂੰ ਮਿਲਿਆ ਜਿਸ ਨੇ ਪੌਲੁਸ ਦੀ ਮਦਦ ਕੀਤੀ। ਹਨਾਨਿਯਾਹ ਨੇ ਪੌਲੁਸ ਨੂੰ ਕਿਹਾ: “ਸਾਡੇ ਵੱਡਿਆਂ ਦੇ ਪਰਮੇਸ਼ੁਰ ਨੇ ਤੈਨੂੰ ਠਹਿਰਾਇਆ ਹੈ ਜੋ ਤੂੰ ਉਹ ਦੀ ਮਰਜ਼ੀ ਨੂੰ ਜਾਣੇਂ ਅਤੇ ਉਸ ਧਰਮੀ [ਮੁੜ ਜ਼ਿੰਦਾ ਹੋਏ ਯਿਸੂ] ਨੂੰ ਵੇਖੇਂ ਅਤੇ ਉਹ ਦੇ ਮੂੰਹ ਦਾ ਸ਼ਬਦ ਸੁਣੇਂ।” (ਰਸੂਲਾਂ ਦੇ ਕਰਤੱਬ 22:6-16) ਇਸ ਤੋਂ ਅਸੀਂ ਸਮਝ ਸਕਦੇ ਹਾਂ ਕਿ ਪੌਲੁਸ ਇੰਨੇ ਵਿਸ਼ਵਾਸ ਨਾਲ ਮੁਰਦਿਆਂ ਨੂੰ ਜ਼ਿੰਦਾ ਕੀਤੇ ਜਾਣ ਦੀ ਸਿੱਖਿਆ ਬਾਰੇ ਦੂਸਰਿਆਂ ਨੂੰ ਦੱਸਣ ਲਈ ਪੂਰੀ ਤਰ੍ਹਾਂ ਤਿਆਰ ਸੀ।—1 ਪਤਰਸ 3:15.

ਮੁੜ ਜੀ ਉਠਾਏ ਜਾਣ ਦੀ ਉਮੀਦ ਦਾ ਐਲਾਨ ਕਰਨਾ

3, 4. ਪੌਲੁਸ ਜੀ ਉਠਾਏ ਜਾਣ ਦੀ ਸਿੱਖਿਆ ਦਾ ਪੱਕਾ ਹਿਮਾਇਤੀ ਕਿਵੇਂ ਸਾਬਤ ਹੋਇਆ ਅਤੇ ਅਸੀਂ ਉਸ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ?

3 ਇਸ ਤੋਂ ਬਾਅਦ ਪੌਲੁਸ ਫ਼ੇਲਿਕਸ ਹਾਕਮ ਸਾਮ੍ਹਣੇ ਪੇਸ਼ ਹੋਇਆ ਸੀ। ਉਸ ਵੇਲੇ ਯਹੂਦੀਆਂ ਦੇ “ਵਕੀਲ” ਵਜੋਂ ਤਰਤੁੱਲੁਸ ਨੇ ਪੌਲੁਸ ਖ਼ਿਲਾਫ਼ ਮੁਕੱਦਮਾ ਦਾਇਰ ਕੀਤਾ ਸੀ। ਉਸ ਨੇ ਪੌਲੁਸ ਤੇ ਇਹ ਦੋਸ਼ ਲਾਇਆ ਸੀ ਕਿ ਉਹ ਨਾਸਰੀਆਂ ਦੇ ਪੰਥ ਦਾ ਆਗੂ ਅਤੇ ਦੇਸ਼ਧਰੋਹੀ ਸੀ। ਪਰ ਪੌਲੁਸ ਨੇ ਸਾਫ਼-ਸਾਫ਼ ਸ਼ਬਦਾਂ ਵਿਚ ਜਵਾਬ ਦਿੱਤਾ: “ਮੈਂ ਤੁਹਾਡੇ ਅੱਗੇ ਇਹ ਮੰਨ ਲੈਂਦਾ ਹਾਂ ਭਈ ਜਿਸ ਰਾਹ [ਪੰਥ] ਨੂੰ ਓਹ ਕੁਰਾਹ ਕਰਕੇ ਆਖਦੇ ਹਨ ਓਸੇ ਦੇ ਅਨੁਸਾਰ ਮੈਂ ਆਪਣੇ ਪਿਉ ਦਾਦਿਆਂ ਦੇ ਪਰਮੇਸ਼ੁਰ ਦੀ ਉਪਾਸਨਾ ਕਰਦਾ ਹਾਂ।” ਫਿਰ ਉਸ ਨੇ ਅਸਲੀ ਮੁੱਦੇ ਤੇ ਗੱਲ ਕਰਦਿਆਂ ਕਿਹਾ: “[ਮੈਂ] ਪਰਮੇਸ਼ੁਰ ਤੋਂ ਇਹ ਆਸ ਰੱਖਦਾ ਹਾਂ ਜਿਹ ਦੀ ਏਹ ਆਪ ਵੀ ਉਡੀਕ ਕਰਦੇ ਹਨ ਕਿ ਭਾਵੇਂ ਧਰਮੀ, ਭਾਵੇਂ ਕੁਧਰਮੀ ਦੋਹਾਂ ਦਾ ਜੀ ਉੱਠਣਾ ਹੋਵੇਗਾ।”—ਰਸੂਲਾਂ ਦੇ ਕਰਤੱਬ 23:23, 24; 24:1-8, 14, 15.

4 ਦੋ ਸਾਲ ਬਾਅਦ ਫ਼ੇਲਿਕਸ ਦੀ ਥਾਂ ਪੁਰਕਿਯੁਸ ਫ਼ੇਸਤੁਸ ਹਾਕਮ ਬਣ ਗਿਆ। ਉਸ ਨੇ ਰਾਜਾ ਹੇਰੋਦੇਸ ਅਗ੍ਰਿੱਪਾ ਨੂੰ ਸੱਦਿਆ ਤਾਂਕਿ ਉਹ ਉਸ ਨਾਲ ਮਿਲ ਕੇ ਕੈਦੀ ਪੌਲੁਸ ਨੂੰ ਪੁੱਛ-ਗਿੱਛ ਕਰੇ। ਫ਼ੇਸਤੁਸ ਦਾ ਕਹਿਣਾ ਸੀ ਕਿ ਦੋਸ਼ ਲਾਉਣ ਵਾਲੇ ਯਹੂਦੀ ਪੌਲੁਸ ਦੀ ਇਸ ਗੱਲ ਦਾ ਵਿਰੋਧ ਕਰਦੇ ਸਨ ਕਿ ਕੋਈ ‘ਯਿਸੂ ਜੋ ਮਰ ਚੁੱਕਿਆ ਸੀ ਜੀਉਂਦਾ ਹੈ।’ ਪੌਲੁਸ ਨੇ ਆਪਣੀ ਸਫ਼ਾਈ ਪੇਸ਼ ਕਰਦਿਆਂ ਪੁੱਛਿਆ: “ਇਹ ਗੱਲ ਕਿਉਂ ਤੁਹਾਡੇ ਲੇਖੇ ਬੇ ਇਤਬਾਰ ਗਿਣੀਦੀ ਹੈ ਜੋ ਪਰਮੇਸ਼ੁਰ ਮੁਰਦਿਆਂ ਨੂੰ ਜਿਵਾਲੇ?” ਫਿਰ ਉਸ ਨੇ ਕਿਹਾ: “ਪਰਮੇਸ਼ੁਰ ਦੀ ਮੱਦਤ ਪਾ ਕੇ ਮੈਂ ਅੱਜ ਤਾਈਂ ਖੜਾ ਹਾਂ ਅਤੇ ਛੋਟੇ ਵੱਡੇ ਦੇ ਅੱਗੇ ਸਾਖੀ ਦਿੰਦਾ ਹਾਂ ਅਰ ਜਿਹੜੀਆਂ ਗੱਲਾਂ ਨਬੀਆਂ ਨੇ ਅਤੇ ਮੂਸਾ ਨੇ ਆਖੀਆਂ ਸਨ ਭਈ ਹੋਣਗੀਆਂ ਉਨ੍ਹਾਂ ਤੋਂ ਬਿਨਾ ਹੋਰ ਮੈਂ ਕੁਝ ਨਹੀਂ ਕਹਿੰਦਾ ਕਿ ਜਰੂਰ ਹੈ ਜੋ ਮਸੀਹ ਦੁੱਖ ਝੱਲੇ ਅਤੇ ਪਹਿਲਾਂ ਉਹ ਮੁਰਦਿਆਂ ਦੇ ਜੀ ਉੱਠਣ ਤੋਂ ਐਸ ਕੌਮ ਅਤੇ ਪਰਾਈਆਂ ਕੌਮਾਂ ਨੂੰ ਵੀ ਚਾਨਣ ਦਾ ਪਰਚਾਰ ਕਰੇ।” (ਰਸੂਲਾਂ ਦੇ ਕਰਤੱਬ 24:27; 25:13-22; 26:8, 22, 23) ਪੌਲੁਸ ਮੁੜ ਜੀ ਉਠਾਏ ਜਾਣ ਦੀ ਸਿੱਖਿਆ ਦਾ ਪੱਕਾ ਹਿਮਾਇਤੀ ਸੀ! ਅਸੀਂ ਵੀ ਉਸ ਵਾਂਗ ਪੱਕੇ ਭਰੋਸੇ ਨਾਲ ਐਲਾਨ ਕਰ ਸਕਦੇ ਹਾਂ ਕਿ ਮਰੇ ਹੋਏ ਲੋਕ ਮੁੜ ਜ਼ਿੰਦਾ ਕੀਤੇ ਜਾਣਗੇ। ਪਰ ਲੋਕ ਸਾਡੀ ਗੱਲ ਸੁਣ ਕੇ ਕਿਸ ਤਰ੍ਹਾਂ ਦਾ ਰਵੱਈਆ ਦਿਖਾਉਣਗੇ? ਉਸੇ ਤਰ੍ਹਾਂ ਦਾ ਰਵੱਈਆ ਜੋ ਉਨ੍ਹਾਂ ਨੇ ਪੌਲੁਸ ਦੀ ਗੱਲ ਸੁਣ ਕੇ ਦਿਖਾਇਆ ਸੀ।

5, 6. (ੳ) ਮੁਰਦਿਆਂ ਦੇ ਜੀ ਉੱਠਣ ਬਾਰੇ ਰਸੂਲਾਂ ਦੀ ਗੱਲ ਸੁਣ ਕੇ ਲੋਕਾਂ ਨੇ ਕਿਹੋ ਜਿਹਾ ਰਵੱਈਆ ਦਿਖਾਇਆ ਸੀ? (ਅ) ਮੁੜ ਜ਼ਿੰਦਾ ਕੀਤੇ ਜਾਣ ਦੀ ਉਮੀਦ ਦਾ ਐਲਾਨ ਕਰਦੇ ਹੋਏ ਸਾਨੂੰ ਕੀ ਕਰਨ ਦੀ ਲੋੜ ਹੈ?

5 ਗੌਰ ਕਰੋ ਕਿ ਪੌਲੁਸ ਦੇ ਦੂਜੇ ਮਿਸ਼ਨਰੀ ਦੌਰੇ (ਤਕਰੀਬਨ 49-52 ਸਾ.ਯੁ.) ਦੌਰਾਨ ਐਥਿਨਜ਼ ਵਿਚ ਕੀ ਹੋਇਆ ਸੀ। ਉੱਥੇ ਦੇ ਲੋਕ ਬਹੁਤ ਸਾਰੇ ਦੇਵੀ-ਦੇਵਤਿਆਂ ਨੂੰ ਮੰਨਦੇ ਸਨ। ਪੌਲੁਸ ਨੇ ਉਨ੍ਹਾਂ ਨਾਲ ਸੂਝ-ਬੂਝ ਨਾਲ ਗੱਲ ਕੀਤੀ ਅਤੇ ਉਨ੍ਹਾਂ ਦਾ ਧਿਆਨ ਪਰਮੇਸ਼ੁਰ ਦੇ ਮਕਸਦ ਵੱਲ ਖਿੱਚਿਆ। ਉਸ ਨੇ ਦੱਸਿਆ ਕਿ ਪਰਮੇਸ਼ੁਰ ਨੇ ਇਕ ਮਨੁੱਖ ਨੂੰ ਚੁਣਿਆ ਹੈ ਜਿਸ ਦੇ ਰਾਹੀਂ ਉਹ ਸੱਚਾਈ ਨਾਲ ਸੰਸਾਰ ਦਾ ਨਿਆਂ ਕਰੇਗਾ। ਇਹ ਚੁਣਿਆ ਹੋਇਆ ਮਨੁੱਖ ਯਿਸੂ ਸੀ। ਪੌਲੁਸ ਨੇ ਸਮਝਾਇਆ ਕਿ ਪਰਮੇਸ਼ੁਰ ਨੇ ਯਿਸੂ ਨੂੰ ਮੁਰਦਿਆਂ ਵਿੱਚੋਂ ਜੀ ਉਠਾ ਕੇ ਇਹ ਗੱਲ ਸਾਬਤ ਕਰ ਦਿੱਤੀ ਸੀ। ਪੌਲੁਸ ਦੀ ਗੱਲ ਸੁਣ ਕੇ ਲੋਕਾਂ ਨੇ ਕੀ ਕੀਤਾ? ਅਸੀਂ ਪੜ੍ਹਦੇ ਹਾਂ: “ਜਾਂ ਉਨ੍ਹਾਂ ਨੇ ਮੁਰਦਿਆਂ ਦੇ ਜੀ ਉੱਠਣ ਦੀ ਗੱਲ ਸੁਣੀ ਤਾਂ ਕਈ ਮਖੌਲ ਕਰਨ ਲੱਗੇ ਪਰ ਹੋਰਨਾਂ ਆਖਿਆ, ਅਸੀਂ ਇਹ ਗੱਲ ਤੈਥੋਂ ਕਦੇ ਫੇਰ ਸੁਣਾਂਗੇ।”—ਰਸੂਲਾਂ ਦੇ ਕਰਤੱਬ 17:29-32.

6 ਇਨ੍ਹਾਂ ਲੋਕਾਂ ਦਾ ਰਵੱਈਆ ਉਨ੍ਹਾਂ ਲੋਕਾਂ ਵਰਗਾ ਸੀ ਜਿਨ੍ਹਾਂ ਨਾਲ 33 ਸਾ.ਯੁ. ਵਿਚ ਪਤਰਸ ਅਤੇ ਯੂਹੰਨਾ ਨੇ ਗੱਲ ਕੀਤੀ ਸੀ। ਉਸ ਵੇਲੇ ਵੀ ਸਦੂਕੀਆਂ ਨੇ ਮੁਰਦਿਆਂ ਨੂੰ ਦੁਬਾਰਾ ਜ਼ਿੰਦਾ ਕੀਤੇ ਜਾਣ ਦੀ ਸਿੱਖਿਆ ਦਾ ਵਧ-ਚੜ੍ਹ ਕੇ ਵਿਰੋਧ ਕੀਤਾ ਸੀ। ਰਸੂਲਾਂ ਦੇ ਕਰਤੱਬ 4:1-4 ਵਿਚ ਅਸੀਂ ਪੜ੍ਹਦੇ ਹਾਂ ਕਿ ਉਸ ਵੇਲੇ ਕੀ ਹੋਇਆ ਸੀ: “ਜਾਂ ਓਹ ਲੋਕਾਂ ਨਾਲ ਬਚਨ ਕਰ ਰਹੇ ਸਨ ਤਾਂ ਜਾਜਕ, ਹੈਕਲ ਦਾ ਸਰਦਾਰ ਅਤੇ ਸਦੂਕੀ ਓਹਨਾਂ ਉੱਤੇ ਚੜ੍ਹ ਆਏ। ਕਿਉਂ ਜੋ ਓਹ ਇਸ ਗੱਲ ਤੋਂ ਚਿੜ ਗਏ ਭਈ ਓਹ ਲੋਕਾਂ ਨੂੰ ਸਿਖਾਉਂਦੇ ਅਤੇ ਯਿਸੂ ਦਾ ਪਰਮਾਣ ਦੇ ਕੇ ਮੋਇਆਂ ਦੇ ਜੀ ਉੱਠਣ ਦਾ ਉਪਦੇਸ਼ ਕਰਦੇ ਸਨ।” ਪਰ ਹੋਰਨਾਂ ਲੋਕਾਂ ਨੇ ਪਤਰਸ ਤੇ ਯੂਹੰਨਾ ਦੀ ਗੱਲ ਸੁਣੀ। ਬਿਰਤਾਂਤ ਦੱਸਦਾ ਹੈ: “ਉਨ੍ਹਾਂ ਵਿੱਚੋਂ ਜਿਨ੍ਹਾਂ ਬਚਨ ਸੁਣਿਆ ਸੀ ਬਹੁਤਿਆਂ ਨੇ ਨਿਹਚਾ ਕੀਤੀ ਅਤੇ ਉਨ੍ਹਾਂ ਮਨੁੱਖਾਂ ਦੀ ਗਿਣਤੀ ਪੰਜਕੁ ਹਜ਼ਾਰ ਹੋ ਗਈ।” ਇਸ ਤੋਂ ਪਤਾ ਲੱਗਦਾ ਹੈ ਕਿ ਜਦੋਂ ਅਸੀਂ ਮੁਰਦਿਆਂ ਦੇ ਜੀ ਉੱਠਣ ਬਾਰੇ ਲੋਕਾਂ ਨਾਲ ਗੱਲ ਕਰਾਂਗੇ, ਤਾਂ ਹਰ ਕੋਈ ਸਾਡੀ ਗੱਲ ਨਹੀਂ ਸੁਣੇਗਾ। ਇਸ ਕਰਕੇ ਸਾਨੂੰ ਹੁਣ ਤੋਂ ਹੀ ਇਸ ਸਿੱਖਿਆ ਵਿਚ ਆਪਣੀ ਨਿਹਚਾ ਮਜ਼ਬੂਤ ਕਰਨ ਦੀ ਲੋੜ ਹੈ।

ਨਿਹਚਾ ਅਤੇ ਜੀ ਉਠਾਏ ਜਾਣ ਦੀ ਉਮੀਦ

7, 8. (ੳ) ਪਹਿਲੀ ਸਦੀ ਵਿਚ ਕੁਰਿੰਥੁਸ ਦੀ ਕਲੀਸਿਯਾ ਨੂੰ ਲਿਖੀ ਚਿੱਠੀ ਅਨੁਸਾਰ ਸਾਡੀ ਨਿਹਚਾ ਥੋਥੀ ਕਿਵੇਂ ਹੋ ਸਕਦੀ ਹੈ? (ਅ) ਮੁਰਦਿਆਂ ਨੂੰ ਦੁਬਾਰਾ ਜ਼ਿੰਦਾ ਕੀਤੇ ਜਾਣ ਦੀ ਸਿੱਖਿਆ ਦੀ ਸਹੀ ਸਮਝ ਸੱਚੇ ਮਸੀਹੀਆਂ ਨੂੰ ਝੂਠੇ ਮਸੀਹੀਆਂ ਤੋਂ ਕਿਵੇਂ ਅਲੱਗ ਕਰਦੀ ਹੈ?

7 ਪਹਿਲੀ ਸਦੀ ਸਾ.ਯੁ. ਵਿਚ ਮਸੀਹੀ ਬਣੇ ਕਈ ਲੋਕਾਂ ਨੂੰ ਇਹ ਵਿਸ਼ਵਾਸ ਕਰਨਾ ਔਖਾ ਲੱਗਦਾ ਸੀ ਕਿ ਮੁਰਦਿਆਂ ਨੂੰ ਮੁੜ ਜ਼ਿੰਦਾ ਕੀਤਾ ਜਾਵੇਗਾ। ਇਨ੍ਹਾਂ ਵਿੱਚੋਂ ਕੁਝ ਲੋਕ ਕੁਰਿੰਥੁਸ ਦੀ ਕਲੀਸਿਯਾ ਦੇ ਮੈਂਬਰ ਸਨ। ਉਨ੍ਹਾਂ ਨੂੰ ਪੌਲੁਸ ਨੇ ਲਿਖਿਆ: “ਮੈਂ ਮੁੱਖ ਗੱਲਾਂ ਵਿੱਚੋਂ ਉਹ ਗੱਲ ਤੁਹਾਨੂੰ ਸੌਂਪ ਦਿੱਤੀ ਜਿਹੜੀ ਮੈਨੂੰ ਪਰਾਪਤ ਵੀ ਹੋਈ ਜੋ ਮਸੀਹ ਪੁਸਤਕਾਂ ਦੇ ਅਨੁਸਾਰ ਸਾਡਿਆਂ ਪਾਪਾਂ ਦੇ ਕਾਰਨ ਮੋਇਆ ਅਤੇ ਇਹ ਕਿ ਦੱਬਿਆ ਗਿਆ ਅਤੇ ਇਹ ਕਿ ਪੁਸਤਕਾਂ ਦੇ ਅਨੁਸਾਰ ਤੀਜੇ ਦਿਹਾੜੇ ਜੀ ਉੱਠਿਆ।” ਫਿਰ ਇਸ ਸੱਚਾਈ ਦਾ ਸਬੂਤ ਦੇਣ ਲਈ ਪੌਲੁਸ ਨੇ ਕਿਹਾ ਕਿ ਜੀ ਉੱਠੇ ਮਸੀਹ ਨੇ ‘ਪੰਜ ਸੌ ਤੋਂ ਉੱਪਰ ਭਾਈਆਂ ਨੂੰ ਦਰਸ਼ਣ ਦਿੱਤਾ’ ਅਤੇ ਦੱਸਿਆ ਕਿ ਉਨ੍ਹਾਂ ਵਿੱਚੋਂ ਕਈ ਅਜੇ ਜੀਉਂਦੇ ਸਨ। (1 ਕੁਰਿੰਥੀਆਂ 15:3-8) ਫਿਰ ਉਸ ਨੇ ਕਿਹਾ: “ਜੇ ਮਸੀਹ ਦਾ ਇਹ ਪਰਚਾਰ ਕਰੀਦਾ ਹੈ ਭਈ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ ਤਾਂ ਕਈ ਤੁਹਾਡੇ ਵਿੱਚੋਂ ਕਿਵੇਂ ਆਖਦੇ ਹਨ ਭਈ ਮੁਰਦਿਆਂ ਦਾ ਜੀ ਉੱਠਣਾ ਹੈ ਹੀ ਨਹੀਂ। ਪਰ ਜੇ ਮੁਰਦਿਆਂ ਦਾ ਜੀ ਉੱਠਣਾ ਨਹੀਂ ਹੈ ਤਾਂ ਮਸੀਹ ਵੀ ਨਹੀਂ ਜੀ ਉੱਠਿਆ ਅਤੇ ਜੇ ਮਸੀਹ ਨਹੀਂ ਜੀ ਉੱਠਿਆ ਤਾਂ ਸਾਡਾ ਪਰਚਾਰ ਥੋਥਾ ਹੈ ਅਤੇ ਤੁਹਾਡੀ ਨਿਹਚਾ ਥੋਥੀ ਹੈ।”—1 ਕੁਰਿੰਥੀਆਂ 15:12-14.

8 ਜੀ ਹਾਂ, ਦੁਬਾਰਾ ਜੀ ਉਠਾਏ ਜਾਣ ਦੀ ਸਿੱਖਿਆ ਮਸੀਹੀ ਧਰਮ ਦੀ ਇਕ ਮੁੱਖ ਸਿੱਖਿਆ ਹੈ। ਜੇ ਅਸੀਂ ਇਸ ਸਿੱਖਿਆ ਨੂੰ ਹਕੀਕਤ ਨਹੀਂ ਮੰਨਦੇ, ਤਾਂ ਸਾਡੀ ਨਿਹਚਾ ਥੋਥੀ ਹੈ। ਇਸ ਸਿੱਖਿਆ ਦੀ ਸਹੀ ਸਮਝ ਸੱਚੇ ਮਸੀਹੀਆਂ ਅਤੇ ਝੂਠੇ ਮਸੀਹੀਆਂ ਵਿਚ ਅੰਤਰ ਦਿਖਾਉਂਦੀ ਹੈ। (ਉਤਪਤ 3:4; ਹਿਜ਼ਕੀਏਲ 18:4) ਇਸ ਤਰ੍ਹਾਂ ਪੌਲੁਸ ਨੇ ਮੁਰਦਿਆਂ ਨੂੰ ਦੁਬਾਰਾ ਜ਼ਿੰਦਾ ਕੀਤੇ ਜਾਣ ਦੀ ਸਿੱਖਿਆ ਨੂੰ ਮਸੀਹੀ ਧਰਮ ਦੀਆਂ “ਆਦ ਗੱਲਾਂ” ਵਿਚ ਸ਼ਾਮਲ ਕੀਤਾ। ਆਓ ਆਪਾਂ ‘ਸਿਆਣਪੁਣੇ ਦੀ ਵੱਲ ਅਗਾਹਾਂ ਵਧਦੇ ਜਾਣ’ ਦਾ ਪੱਕਾ ਇਰਾਦਾ ਕਰੀਏ। “ਪਰਮੇਸ਼ੁਰ ਚਾਹੇ ਤਾਂ ਅਸੀਂ ਇਹੋ ਹੀ ਕਰਾਂਗੇ,” ਪੌਲੁਸ ਨੇ ਕਿਹਾ।—ਇਬਰਾਨੀਆਂ 6:1-3.

ਮੁੜ ਜ਼ਿੰਦਾ ਕੀਤੇ ਜਾਣ ਦੀ ਉਮੀਦ

9, 10. ਬਾਈਬਲ ਦੇ ਮੁਤਾਬਕ ‘ਜੀ ਉੱਠਣ’ ਦਾ ਕੀ ਮਤਲਬ ਹੈ?

9 ਮੁੜ ਜ਼ਿੰਦਾ ਕੀਤੇ ਜਾਣ ਦੀ ਉਮੀਦ ਵਿਚ ਆਪਣੀ ਨਿਹਚਾ ਹੋਰ ਪੱਕੀ ਕਰਨ ਲਈ ਆਓ ਆਪਾਂ ਇਨ੍ਹਾਂ ਸਵਾਲਾਂ ਤੇ ਗੌਰ ਕਰੀਏ: ਬਾਈਬਲ ਦੇ ਇਹ ਕਹਿਣ ਦਾ ਕੀ ਮਤਲਬ ਹੈ ਕਿ ਮੁਰਦਿਆਂ ਨੂੰ ਮੁੜ ਜ਼ਿੰਦਾ ਕੀਤਾ ਜਾਵੇਗਾ? ਇਸ ਤੋਂ ਯਹੋਵਾਹ ਦਾ ਪਿਆਰ ਕਿਵੇਂ ਝਲਕਦਾ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਜਾਣ ਕੇ ਅਸੀਂ ਯਹੋਵਾਹ ਦੇ ਹੋਰ ਨੇੜੇ ਆਵਾਂਗੇ ਅਤੇ ਇਸ ਦੇ ਨਾਲ-ਨਾਲ ਸਾਨੂੰ ਦੂਜਿਆਂ ਨੂੰ ਸਿਖਾਉਣ ਵਿਚ ਮਦਦ ਮਿਲੇਗੀ।—2 ਤਿਮੋਥਿਉਸ 2:2; ਯਾਕੂਬ 4:8.

10 ਜਿਸ ਯੂਨਾਨੀ ਸ਼ਬਦ ਦਾ ਅਨੁਵਾਦ “ਜੀ ਉੱਠਣਾ” ਕੀਤਾ ਗਿਆ ਹੈ, ਉਸ ਦਾ ਮਤਲਬ ਹੈ “ਮੁੜ ਖੜ੍ਹੇ ਹੋਣਾ।” ਇਸ ਲਈ ਜਦ ਬਾਈਬਲ ਮੁੜ ਜ਼ਿੰਦਾ ਕੀਤੇ ਜਾਣ ਦੀ ਗੱਲ ਕਰਦੀ ਹੈ, ਤਾਂ ਇਹ ਪੱਕੀ ਉਮੀਦ ਦਿੰਦੀ ਹੈ ਕਿ ਇਕ ਮਰਿਆ ਹੋਇਆ ਵਿਅਕਤੀ ਫਿਰ ਤੋਂ ਜੀ ਸਕਦਾ ਹੈ। ਬਾਈਬਲ ਅੱਗੇ ਦੱਸਦੀ ਹੈ ਕਿ ਮੁੜ ਜ਼ਿੰਦਾ ਹੋਏ ਵਿਅਕਤੀ ਨੂੰ ਜਾਂ ਤਾਂ ਮਨੁੱਖੀ ਸਰੀਰ ਦਿੱਤਾ ਜਾਂਦਾ ਹੈ ਜਾਂ ਫਿਰ ਆਤਮਿਕ ਸਰੀਰ। ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਉਸ ਵਿਅਕਤੀ ਦੀ ਉਮੀਦ ਧਰਤੀ ਉੱਤੇ ਹਮੇਸ਼ਾ ਜ਼ਿੰਦਾ ਰਹਿਣ ਦੀ ਹੈ ਜਾਂ ਸਵਰਗ ਵਿਚ ਜਾਣ ਦੀ। ਵਾਕਈ, ਇਸ ਸ਼ਾਨਦਾਰ ਉਮੀਦ ਤੋਂ ਜ਼ਾਹਰ ਹੁੰਦਾ ਹੈ ਕਿ ਯਹੋਵਾਹ ਦਾ ਪਿਆਰ, ਬੁੱਧੀ ਅਤੇ ਤਾਕਤ ਕਾਬਲ-ਏ-ਤਾਰੀਫ਼ ਹਨ।

11. ਪਰਮੇਸ਼ੁਰ ਦੇ ਮਸਹ ਕੀਤੇ ਹੋਏ ਸੇਵਕਾਂ ਨੂੰ ਕਿਹੜਾ ਫਲ ਮਿਲੇਗਾ?

11 ਯਿਸੂ ਮਸੀਹ ਨੂੰ ਆਤਮਿਕ ਸਰੀਰ ਵਿਚ ਦੁਬਾਰਾ ਜ਼ਿੰਦਾ ਕੀਤਾ ਗਿਆ ਸੀ। ਇਸੇ ਤਰ੍ਹਾਂ ਉਸ ਦੇ ਮਸਹ ਕੀਤੇ ਭਰਾਵਾਂ ਨੂੰ ਆਤਮਿਕ ਸਰੀਰ ਵਿਚ ਮੁੜ ਜ਼ਿੰਦਾ ਕੀਤਾ ਜਾਂਦਾ ਹੈ ਤਾਂਕਿ ਉਹ ਸਵਰਗ ਵਿਚ ਸੇਵਾ ਕਰ ਸਕਣ। (1 ਕੁਰਿੰਥੀਆਂ 15:35-38, 42-53) ਇਹ ਮਸੀਹੀ ਯਿਸੂ ਨਾਲ ਮਿਲ ਕੇ ਪਰਮੇਸ਼ੁਰ ਦੇ ਰਾਜ ਵਿਚ ਸ਼ਾਸਨ ਕਰਨਗੇ ਤੇ ਇਹ ਰਾਜ ਪੂਰੀ ਧਰਤੀ ਨੂੰ ਇਕ ਸੁੰਦਰ ਬਾਗ਼ ਬਣਾ ਦੇਵੇਗਾ। ਮਹਾਨ ਜਾਜਕ ਯਿਸੂ ਦੇ ਅਧੀਨ ਮਸਹ ਕੀਤੇ ਹੋਏ ਭਰਾ ਜਾਜਕਾਂ ਦੀ ਹੈਸੀਅਤ ਵਿਚ ਸੇਵਾ ਕਰਨਗੇ। ਉਹ ਨਵੀਂ ਧਰਮੀ ਦੁਨੀਆਂ ਵਿਚ ਹਰ ਇਨਸਾਨ ਨੂੰ ਮਸੀਹ ਦੀ ਕੁਰਬਾਨੀ ਦੇ ਆਧਾਰ ਤੇ ਬਰਕਤਾਂ ਦੇਣਗੇ। (ਇਬਰਾਨੀਆਂ 7:25, 26; 9:24; 1 ਪਤਰਸ 2:9; ਪਰਕਾਸ਼ ਦੀ ਪੋਥੀ 22:1, 2) ਉਸ ਸਮੇਂ ਦੇ ਆਉਣ ਤਕ ਧਰਤੀ ਉੱਤੇ ਬਾਕੀ ਰਹਿੰਦੇ ਮਸਹ ਕੀਤੇ ਹੋਏ ਮਸੀਹੀ ਪਰਮੇਸ਼ੁਰ ਨੂੰ ਮਨਭਾਉਂਦੀ ਭਗਤੀ ਕਰਦੇ ਰਹਿਣ ਦੀ ਕੋਸ਼ਿਸ਼ ਕਰਦੇ ਹਨ। ਉਹ ਮਰਨ ਤੋਂ ਬਾਅਦ ਮੁੜ ਜ਼ਿੰਦਾ ਹੋ ਕੇ ਆਪਣਾ “ਫਲ” ਪਾਉਣਗੇ ਯਾਨੀ ਉਨ੍ਹਾਂ ਨੂੰ ਸਵਰਗ ਵਿਚ ਆਤਮਿਕ ਸਰੀਰ ਦੇ ਕੇ ਹਮੇਸ਼ਾ ਦੀ ਜ਼ਿੰਦਗੀ ਬਖ਼ਸ਼ੀ ਜਾਵੇਗੀ। (2 ਕੁਰਿੰਥੀਆਂ 5:1-3, 6-8, 10; 1 ਕੁਰਿੰਥੀਆਂ 15:51, 52; ਪਰਕਾਸ਼ ਦੀ ਪੋਥੀ 14:13) ਪੌਲੁਸ ਨੇ ਲਿਖਿਆ: “ਜਦੋਂ ਅਸੀਂ ਉਹ ਦੀ ਮੌਤ ਦੀ ਸਮਾਨਤਾ ਵਿੱਚ ਉਹ ਦੇ ਨਾਲ ਜੋੜੇ ਗਏ ਤਾਂ ਉਹ ਦੇ ਜੀ ਉੱਠਣ ਦੀ ਸਮਾਨਤਾ ਵਿੱਚ ਵੀ ਹੋਵਾਂਗੇ।” (ਰੋਮੀਆਂ 6:5) ਪਰ ਉਨ੍ਹਾਂ ਲੋਕਾਂ ਬਾਰੇ ਕੀ ਜਿਨ੍ਹਾਂ ਨੂੰ ਧਰਤੀ ਉੱਤੇ ਮੁੜ ਜ਼ਿੰਦਾ ਕਰ ਕੇ ਜ਼ਿੰਦਗੀ ਬਖ਼ਸ਼ੀ ਜਾਵੇਗੀ? ਇਹ ਉਮੀਦ ਉਨ੍ਹਾਂ ਨੂੰ ਕਿਵੇਂ ਪਰਮੇਸ਼ੁਰ ਦੇ ਨਜ਼ਦੀਕ ਲਿਆ ਸਕਦੀ ਹੈ? ਇਸ ਸੰਬੰਧੀ ਅਸੀਂ ਅਬਰਾਹਾਮ ਦੀ ਮਿਸਾਲ ਤੋਂ ਕਾਫ਼ੀ ਕੁਝ ਸਿੱਖ ਸਕਦੇ ਹਾਂ।

ਮੁੜ ਜ਼ਿੰਦਾ ਕੀਤੇ ਜਾਣ ਦੀ ਉਮੀਦ ਅਤੇ ਪਰਮੇਸ਼ੁਰ ਨਾਲ ਦੋਸਤੀ

12, 13. ਅਬਰਾਹਾਮ ਕੋਲ ਮੁੜ ਜ਼ਿੰਦਾ ਕੀਤੇ ਜਾਣ ਦੀ ਸਿੱਖਿਆ ਵਿਚ ਨਿਹਚਾ ਕਰਨ ਦਾ ਕਿਹੜਾ ਠੋਸ ਕਾਰਨ ਸੀ?

12 ‘ਪਰਮੇਸ਼ੁਰ ਦੇ ਮਿੱਤਰ’ ਅਬਰਾਹਾਮ ਨਿਹਚਾ ਦੀ ਇਕ ਬਿਹਤਰੀਨ ਮਿਸਾਲ ਸੀ। (ਯਾਕੂਬ 2:23) ਪੌਲੁਸ ਨੇ ਇਬਰਾਨੀਆਂ ਦੇ 11ਵੇਂ ਅਧਿਆਇ ਵਿਚ ਵਫ਼ਾਦਾਰ ਆਦਮੀਆਂ ਤੇ ਤੀਵੀਆਂ ਦੀ ਸੂਚੀ ਵਿਚ ਤਿੰਨ ਵਾਰੀ ਅਬਰਾਹਾਮ ਦੀ ਨਿਹਚਾ ਦਾ ਜ਼ਿਕਰ ਕੀਤਾ। (ਇਬਰਾਨੀਆਂ 11:8, 9, 17) ਤੀਜੀ ਵਾਰ ਅਬਰਾਹਾਮ ਦੀ ਨਿਹਚਾ ਦਾ ਜ਼ਿਕਰ ਕਰਦਿਆਂ ਪੌਲੁਸ ਇਸ ਗੱਲ ਵੱਲ ਧਿਆਨ ਖਿੱਚਦਾ ਹੈ ਕਿ ਅਬਰਾਹਾਮ ਪਰਮੇਸ਼ੁਰ ਦੀ ਆਗਿਆ ਮੰਨ ਕੇ ਆਪਣੇ ਪੁੱਤਰ ਇਸਹਾਕ ਦੀ ਬਲੀ ਚੜ੍ਹਾਉਣ ਲਈ ਤਿਆਰ ਹੋ ਗਿਆ ਸੀ। ਅਬਰਾਹਾਮ ਨੂੰ ਪੱਕਾ ਯਕੀਨ ਸੀ ਕਿ ਪਰਮੇਸ਼ੁਰ ਇਸਹਾਕ ਰਾਹੀਂ ਵਾਅਦਾ ਕੀਤੀ ਅੰਸ ਜ਼ਰੂਰ ਦੇਵੇਗਾ। ਅਬਰਾਹਾਮ ਜਾਣਦਾ ਸੀ ਕਿ ਜੇ ਇਸਹਾਕ ਨੂੰ ਕੁਰਬਾਨੀ ਦੇ ਤੌਰ ਤੇ ਮਰਨਾ ਵੀ ਪਿਆ, ਤਾਂ ‘ਪਰਮੇਸ਼ੁਰ ਉਸ ਨੂੰ ਮੁਰਦਿਆਂ ਵਿੱਚੋਂ ਭੀ ਉਠਾਲਣ ਨੂੰ ਸਮਰਥ ਸੀ।’

13 ਜਦੋਂ ਪਰਮੇਸ਼ੁਰ ਨੇ ਅਬਰਾਹਾਮ ਦੀ ਪੱਕੀ ਨਿਹਚਾ ਦੇਖੀ, ਤਾਂ ਉਸ ਨੇ ਕੁਰਬਾਨੀ ਲਈ ਇਕ ਜਾਨਵਰ ਦਾ ਬੰਦੋਬਸਤ ਕੀਤਾ। ਇਸ ਘਟਨਾ ਤੋਂ ਅਸੀਂ ਸਿੱਖਦੇ ਹਾਂ ਕਿ ਮਰੇ ਲੋਕ ਮੁੜ ਜ਼ਿੰਦਾ ਕੀਤੇ ਜਾ ਸਕਦੇ ਹਨ। ਜਿਵੇਂ ਪੌਲੁਸ ਨੇ ਵੀ ਕਿਹਾ: “ਉਸ [ਅਬਰਾਹਾਮ] ਨੂੰ ਉਸ ਦਾ ਪੁੱਤਰ [ਇਸਹਾਕ] ਮੌਤ ਦੇ ਮੂੰਹ ਵਿਚੋਂ ਹੀ ਮਿਲਿਆ ਸੀ।” (ਇਬਰਾਨੀਆਂ 11:19, ਪਵਿੱਤਰ ਬਾਈਬਲ ਨਵਾਂ ਅਨੁਵਾਦ) ਇਸ ਤੋਂ ਇਲਾਵਾ, ਅਬਰਾਹਾਮ ਕੋਲ ਪਹਿਲਾਂ ਹੀ ਵਿਸ਼ਵਾਸ ਕਰਨ ਦਾ ਇਕ ਠੋਸ ਕਾਰਨ ਸੀ ਕਿ ਪਰਮੇਸ਼ੁਰ ਮੁਰਦਿਆਂ ਨੂੰ ਜ਼ਿੰਦਾ ਕਰ ਸਕਦਾ ਹੈ। ਕੀ ਯਹੋਵਾਹ ਨੇ ਅਬਰਾਹਾਮ ਨੂੰ ਬੱਚਾ ਪੈਦਾ ਕਰਨ ਦੀ ਮੁੜ ਤਾਕਤ ਨਹੀਂ ਦਿੱਤੀ ਸੀ ਜਿਸ ਕਰਕੇ ਉਸ ਨੇ ਤੇ ਉਸ ਦੀ ਪਤਨੀ ਸਾਰਾਹ ਨੇ ਬੁਢਾਪੇ ਵਿਚ ਆਪਣੇ ਪੁੱਤਰ ਇਸਹਾਕ ਨੂੰ ਜਨਮ ਦਿੱਤਾ ਸੀ?—ਉਤਪਤ 18:10-14; 21:1-3; ਰੋਮੀਆਂ 4:19-21.

14. (ੳ) ਇਬਰਾਨੀਆਂ 11:9, 10 ਅਨੁਸਾਰ ਅਬਰਾਹਾਮ ਕਿਸ ਚੀਜ਼ ਦੀ ਉਡੀਕ ਕਰਦਾ ਸੀ? (ਅ) ਅਬਰਾਹਾਮ ਨਵੀਂ ਦੁਨੀਆਂ ਵਿਚ ਰਾਜ ਦੀਆਂ ਬਰਕਤਾਂ ਕਿਵੇਂ ਹਾਸਲ ਕਰ ਸਕਦਾ ਹੈ? (ੲ) ਅਸੀਂ ਰਾਜ ਦੀਆਂ ਬਰਕਤਾਂ ਕਿਵੇਂ ਪਾ ਸਕਦੇ ਹਾਂ?

14 ਪੌਲੁਸ ਨੇ ਕਿਹਾ ਕਿ ਅਬਰਾਹਾਮ ਪਰਦੇਸੀ ਹੋ ਕੇ ਤੰਬੂਆਂ ਵਿਚ ਵੱਸਦਾ ਰਿਹਾ। ਉਹ “ਉਸ ਨਗਰ ਦੀ ਉਡੀਕ ਕਰਦਾ ਸੀ ਜਿਹ ਦੀਆਂ ਨੀਹਾਂ ਹਨ ਅਤੇ ਜਿਹ ਦਾ ਕਾਰੀਗਰ ਅਤੇ ਬਣਾਉਣ ਵਾਲਾ ਪਰਮੇਸ਼ੁਰ ਹੈ।” (ਇਬਰਾਨੀਆਂ 11:9, 10) ਇਹ ਯਰੂਸ਼ਲਮ ਵਰਗਾ ਸ਼ਹਿਰ ਨਹੀਂ ਸੀ ਜਿੱਥੇ ਪਰਮੇਸ਼ੁਰ ਦਾ ਮੰਦਰ ਬਣਿਆ ਹੋਇਆ ਸੀ। ਇਹ ਇਕ ਅਲੱਗ ਕਿਸਮ ਦਾ ਸ਼ਹਿਰ ਸੀ। ਇਹ ਪਰਮੇਸ਼ੁਰ ਦਾ ਸਵਰਗੀ ਰਾਜ ਸੀ ਜਿਸ ਵਿਚ ਮਸੀਹ ਯਿਸੂ ਅਤੇ ਉਸ ਦੇ ਨਾਲ 1,44,000 ਮਸਹ ਕੀਤੇ ਹੋਏ ਮਸੀਹੀ ਰਾਜ ਕਰਨਗੇ। ਸਵਰਗੀ ਮਹਿਮਾ ਪਾਉਣ ਵਾਲੇ ਇਨ੍ਹਾਂ 1,44,000 ਮਸੀਹੀਆਂ ਨੂੰ “ਪਵਿੱਤਰ ਨਗਰੀ ਨਵੀਂ ਯਰੂਸ਼ਲਮ” ਅਤੇ ਮਸੀਹ ਦੀ “ਲਾੜੀ” ਕਿਹਾ ਗਿਆ ਹੈ। (ਪਰਕਾਸ਼ ਦੀ ਪੋਥੀ 21:2) ਯਹੋਵਾਹ ਨੇ 1914 ਵਿਚ ਯਿਸੂ ਨੂੰ ਸਵਰਗੀ ਰਾਜ ਦਾ ਮਸੀਹਾਈ ਰਾਜਾ ਬਣਾਇਆ ਅਤੇ ਉਸ ਨੂੰ ਆਪਣੇ ਵੈਰੀਆਂ ਵਿਚਕਾਰ ਰਾਜ ਕਰਨ ਦਾ ਹੁਕਮ ਦਿੱਤਾ। (ਜ਼ਬੂਰਾਂ ਦੀ ਪੋਥੀ 110:1, 2; ਪਰਕਾਸ਼ ਦੀ ਪੋਥੀ 11:15) ਇਸ ਰਾਜ ਦੀਆਂ ਬਰਕਤਾਂ ਦਾ ਆਨੰਦ ਮਾਣਨ ਲਈ ‘ਪਰਮੇਸ਼ੁਰ ਦੇ ਮਿੱਤਰ’ ਅਬਰਾਹਾਮ ਦਾ ਦੁਬਾਰਾ ਜ਼ਿੰਦਾ ਹੋਣਾ ਜ਼ਰੂਰੀ ਹੈ। ਤਾਂ ਫਿਰ ਅਸੀਂ ਰਾਜ ਦੀਆਂ ਬਰਕਤਾਂ ਕਿਵੇਂ ਹਾਸਲ ਕਰ ਸਕਦੇ ਹਾਂ? ਸਾਡੇ ਲਈ ਵੀ ਜ਼ਰੂਰੀ ਹੈ ਕਿ ਅਸੀਂ ਨਵੀਂ ਦੁਨੀਆਂ ਵਿਚ ਪਹੁੰਚੀਏ, ਜਾਂ ਤਾਂ ਵੱਡੀ ਭੀੜ ਦੇ ਮੈਂਬਰਾਂ ਵਜੋਂ ਜੋ ਆਰਮਾਗੇਡਨ ਵਿੱਚੋਂ ਬਚ ਨਿਕਲਣਗੇ ਜਾਂ ਫਿਰ ਉਨ੍ਹਾਂ ਲੋਕਾਂ ਵਜੋਂ ਜੋ ਮੁਰਦਿਆਂ ਵਿੱਚੋਂ ਜ਼ਿੰਦਾ ਕੀਤੇ ਜਾਣਗੇ। (ਪਰਕਾਸ਼ ਦੀ ਪੋਥੀ 7:9, 14) ਪਰ ਮੁੜ ਜ਼ਿੰਦਾ ਕੀਤੇ ਜਾਣ ਦੀ ਉਮੀਦ ਦਾ ਆਧਾਰ ਕੀ ਹੈ?

ਪਰਮੇਸ਼ੁਰ ਦਾ ਪਿਆਰ ਮੁੜ ਜ਼ਿੰਦਾ ਹੋਣ ਦੀ ਉਮੀਦ ਦਾ ਆਧਾਰ

15, 16. (ੳ) ਬਾਈਬਲ ਦੀ ਪਹਿਲੀ ਭਵਿੱਖਬਾਣੀ ਮੁੜ ਜ਼ਿੰਦਾ ਕੀਤੇ ਜਾਣ ਦੀ ਉਮੀਦ ਦਾ ਆਧਾਰ ਕਿਵੇਂ ਬਣਦੀ ਹੈ? (ਅ) ਮੁੜ ਜੀ ਉਠਾਏ ਜਾਣ ਦੀ ਸਿੱਖਿਆ ਵਿਚ ਨਿਹਚਾ ਕਰਨ ਨਾਲ ਸਾਡਾ ਰਿਸ਼ਤਾ ਯਹੋਵਾਹ ਨਾਲ ਕਿਵੇਂ ਗੂੜ੍ਹਾ ਹੋਵੇਗਾ?

15 ਜੇ ਸਾਡਾ ਆਪਣੇ ਸਵਰਗੀ ਪਿਤਾ ਨਾਲ ਗੂੜ੍ਹਾ ਰਿਸ਼ਤਾ ਹੈ, ਅਬਰਾਹਾਮ ਵਾਂਗ ਸਾਡੀ ਨਿਹਚਾ ਪੱਕੀ ਹੈ ਅਤੇ ਅਸੀਂ ਪਰਮੇਸ਼ੁਰ ਦੇ ਹੁਕਮਾਂ ਨੂੰ ਮੰਨਦੇ ਹਾਂ, ਤਾਂ ਅਸੀਂ ਯਹੋਵਾਹ ਦੀਆਂ ਨਜ਼ਰਾਂ ਵਿਚ ਧਰਮੀ ਗਿਣੇ ਜਾਵਾਂਗੇ ਅਤੇ ਉਹ ਸਾਨੂੰ ਆਪਣੇ ਦੋਸਤ ਸਮਝੇਗਾ। ਇਸ ਕਰਕੇ ਅਸੀਂ ਪਰਮੇਸ਼ੁਰ ਦੇ ਰਾਜ ਵਿਚ ਬਰਕਤਾਂ ਲੈਣ ਦੇ ਯੋਗ ਬਣਾਂਗੇ। ਦਰਅਸਲ, ਬਾਈਬਲ ਵਿਚ ਉਤਪਤ 3:15 ਦੀ ਪਹਿਲੀ ਭਵਿੱਖਬਾਣੀ ਮੁੜ ਜ਼ਿੰਦਾ ਕੀਤੇ ਜਾਣ ਦੀ ਉਮੀਦ ਅਤੇ ਪਰਮੇਸ਼ੁਰ ਨਾਲ ਦੋਸਤੀ ਕਰਨ ਦਾ ਆਧਾਰ ਪੇਸ਼ ਕਰਦੀ ਹੈ। ਇਹ ਸਿਰਫ਼ ਇੰਨਾ ਹੀ ਨਹੀਂ ਦੱਸਦੀ ਕਿ ਸ਼ਤਾਨ ਦੇ ਸਿਰ ਨੂੰ ਫੇਹਿਆਂ ਜਾਵੇਗਾ, ਸਗੋਂ ਇਹ ਵੀ ਦੱਸਦੀ ਹੈ ਕਿ ਪਰਮੇਸ਼ੁਰ ਦੀ ਤੀਵੀਂ ਦੀ ਸੰਤਾਨ ਦੀ ਅੱਡੀ ਨੂੰ ਡੰਗ ਮਾਰਿਆ ਜਾਵੇਗਾ। ਸਲੀਬ ਉੱਤੇ ਯਿਸੂ ਨੂੰ ਮਾਰੇ ਜਾਣ ਦਾ ਮਤਲਬ ਸੀ ਮਾਨੋ ਉਸ ਦੀ ਅੱਡੀ ਨੂੰ ਡੰਗ ਮਾਰਿਆ ਗਿਆ ਸੀ। ਤੀਜੇ ਦਿਨ ਮੁੜ ਜ਼ਿੰਦਾ ਹੋਣ ਨਾਲ ਮਾਨੋ ਉਸ ਦਾ ਜ਼ਖ਼ਮ ਠੀਕ ਹੋ ਗਿਆ ਸੀ। ਮੁੜ ਜ਼ਿੰਦਾ ਹੋਣ ਤੋਂ ਬਾਅਦ ਯਿਸੂ ‘ਉਸ ਦੇ ਜਿਹ ਦੇ ਵੱਸ ਵਿੱਚ ਮੌਤ ਹੈ ਅਰਥਾਤ ਸ਼ਤਾਨ’ ਦੇ ਖ਼ਿਲਾਫ਼ ਠੋਸ ਕਾਰਵਾਈ ਕਰ ਸਕਦਾ ਸੀ।—ਇਬਰਾਨੀਆਂ 2:14.

16 ਪੌਲੁਸ ਸਾਨੂੰ ਚੇਤੇ ਕਰਾਉਂਦਾ ਹੈ ਕਿ “ਪਰਮੇਸ਼ੁਰ ਆਪਣਾ ਪ੍ਰੇਮ ਸਾਡੇ ਉੱਤੇ ਇਉਂ ਪਰਗਟ ਕਰਦਾ ਹੈ ਭਈ ਜਾਂ ਅਸੀਂ ਅਜੇ ਪਾਪੀ ਹੀ ਸਾਂ ਤਾਂ ਮਸੀਹ ਸਾਡੇ ਲਈ ਮੋਇਆ।” (ਰੋਮੀਆਂ 5:8) ਪਰਮੇਸ਼ੁਰ ਦੀ ਇਸ ਅਪਾਰ ਕਿਰਪਾ ਦੇ ਸ਼ੁਕਰਗੁਜ਼ਾਰ ਹੋਣ ਨਾਲ ਯਿਸੂ ਅਤੇ ਆਪਣੇ ਸਵਰਗੀ ਪਿਤਾ ਯਹੋਵਾਹ ਨਾਲ ਸਾਡਾ ਰਿਸ਼ਤਾ ਗੂੜ੍ਹਾ ਹੋਵੇਗਾ।—2 ਕੁਰਿੰਥੀਆਂ 5:14, 15.

17. (ੳ) ਅੱਯੂਬ ਕਿਹੜੀ ਉਮੀਦ ਰੱਖਦਾ ਸੀ? (ਅ) ਅੱਯੂਬ 14:15 ਤੋਂ ਯਹੋਵਾਹ ਬਾਰੇ ਕੀ ਪਤਾ ਲੱਗਦਾ ਹੈ ਅਤੇ ਇਹ ਜਾਣ ਕੇ ਤੁਹਾਡੇ ਤੇ ਕੀ ਅਸਰ ਹੁੰਦਾ ਹੈ?

17 ਮਸੀਹ ਦੇ ਜ਼ਮਾਨੇ ਤੋਂ ਪਹਿਲਾਂ ਦਾ ਇਕ ਵਫ਼ਾਦਾਰ ਭਗਤ ਅੱਯੂਬ ਵੀ ਮੁੜ ਜੀ ਉਠਾਏ ਜਾਣ ਦੀ ਉਮੀਦ ਰੱਖਦਾ ਸੀ। ਸ਼ਤਾਨ ਨੇ ਉਸ ਨੂੰ ਬਹੁਤ ਸਤਾਇਆ ਸੀ। ਉਸ ਦੇ ਬੇਦਰਦ ਦੋਸਤਾਂ ਨੇ ਉਸ ਅੱਗੇ ਇਕ ਵਾਰ ਵੀ ਜੀ ਉਠਾਏ ਜਾਣ ਦੀ ਉਮੀਦ ਦਾ ਜ਼ਿਕਰ ਨਹੀਂ ਕੀਤਾ। ਪਰ ਅੱਯੂਬ ਨੂੰ ਇਸ ਉਮੀਦ ਬਾਰੇ ਪਤਾ ਸੀ ਜਿਸ ਤੋਂ ਉਸ ਨੂੰ ਬਹੁਤ ਹੌਸਲਾ ਮਿਲਿਆ। ਉਸ ਨੇ ਪੁੱਛਿਆ: “ਜੇ ਪੁਰਖ ਮਰ ਜਾਵੇ ਤਾਂ ਉਹ ਫੇਰ ਜੀਵੇਗਾ?” ਅੱਯੂਬ ਨੇ ਆਪ ਹੀ ਇਸ ਦਾ ਜਵਾਬ ਦਿੱਤਾ: “ਆਪਣੇ ਜੁੱਧ ਦੇ ਸਾਰੇ ਦਿਨ ਮੈਂ ਉਡੀਕ ਵਿੱਚ ਰਹਾਂਗਾ, ਜਦ ਤੀਕ ਮੇਰੀ ਵਾਰੀ ਨਾ ਆਵੇ।” ਉਸ ਨੇ ਯਹੋਵਾਹ ਨਾਲ ਗੱਲ ਕਰਦੇ ਹੋਏ ਕਿਹਾ: “ਤੂੰ ਪੁਕਾਰੇਂਗਾ ਅਤੇ ਮੈਂ ਤੈਨੂੰ ਉੱਤਰ ਦਿਆਂਗਾ।” ਹੋਰ ਤਾਂ ਹੋਰ ਅੱਯੂਬ ਨੇ ਸਾਡੇ ਪਿਆਰ ਕਰਨ ਵਾਲੇ ਸਿਰਜਣਹਾਰ ਦੀਆਂ ਭਾਵਨਾਵਾਂ ਬਾਰੇ ਕਿਹਾ: “ਤੂੰ ਆਪਣੇ ਹੱਥਾਂ ਦੇ ਕੰਮ ਨੂੰ ਚਾਹਵੇਂਗਾ।” (ਅੱਯੂਬ 14:14, 15) ਜੀ ਹਾਂ, ਯਹੋਵਾਹ ਉਤਸੁਕਤਾ ਨਾਲ ਉਸ ਸਮੇਂ ਦੀ ਉਡੀਕ ਕਰ ਰਿਹਾ ਹੈ ਜਦੋਂ ਉਸ ਦੇ ਵਫ਼ਾਦਾਰ ਸੇਵਕ ਜ਼ਿੰਦਾ ਹੋ ਕੇ ਜ਼ਿੰਦਗੀ ਦਾ ਲੁਤਫ਼ ਉਠਾਉਣਗੇ। ਵਾਕਈ, ਇਹ ਗੱਲ ਸਾਨੂੰ ਯਹੋਵਾਹ ਦੇ ਕਿੰਨਾ ਨਜ਼ਦੀਕ ਲਿਆਉਂਦੀ ਹੈ ਜਦੋਂ ਅਸੀਂ ਵਿਚਾਰ ਕਰਦੇ ਹਾਂ ਕਿ ਯਹੋਵਾਹ ਸਾਨੂੰ ਨਾਮੁਕੰਮਲ ਇਨਸਾਨਾਂ ਨੂੰ ਕਿੰਨਾ ਪਿਆਰ ਕਰਦਾ ਹੈ ਤੇ ਸਾਡੇ ਤੇ ਕਿਰਪਾ ਕਰਦਾ ਹੈ!—ਰੋਮੀਆਂ 5:21; ਯਾਕੂਬ 4:8.

18, 19. (ੳ) ਭਵਿੱਖ ਵਿਚ ਦਾਨੀਏਲ ਨਾਲ ਕੀ ਹੋਵੇਗਾ? (ਅ) ਅਗਲੇ ਲੇਖ ਵਿਚ ਅਸੀਂ ਕੀ ਦੇਖਾਂਗੇ?

18 ਨਬੀ ਦਾਨੀਏਲ ਨੂੰ ਪਰਮੇਸ਼ੁਰ ਦੇ ਦੂਤ ਨੇ ‘ਅੱਤ ਪਿਆਰਾ ਮਨੁੱਖ’ ਕਿਹਾ ਸੀ ਜੋ ਆਪਣੀ ਲੰਬੀ ਜ਼ਿੰਦਗੀ ਦੌਰਾਨ ਵਫ਼ਾਦਾਰੀ ਨਾਲ ਪਰਮੇਸ਼ੁਰ ਦੀ ਸੇਵਾ ਕਰਦਾ ਰਿਹਾ। (ਦਾਨੀਏਲ 10:11, 19) ਉਸ ਨੂੰ 617 ਸਾ.ਯੁ.ਪੂ. ਵਿਚ ਗ਼ੁਲਾਮ ਬਣਾ ਕੇ ਬਾਬਲ ਲੈ ਜਾਇਆ ਗਿਆ ਸੀ। ਉਹ ਉਦੋਂ ਤੋਂ ਲੈ ਕੇ ਆਪਣੀ ਮੌਤ ਤਕ ਯਹੋਵਾਹ ਦਾ ਵਫ਼ਾਦਾਰ ਰਿਹਾ। ਉਸ ਨੇ 536 ਸਾ.ਯੁ.ਪੂ. ਯਾਨੀ ਫ਼ਾਰਸ ਦੇ ਪਾਤਸ਼ਾਹ ਖੋਰਸ ਦੇ ਰਾਜ ਦੇ ਤੀਜੇ ਵਰ੍ਹੇ ਵਿਚ ਆਖ਼ਰੀ ਦਰਸ਼ਣ ਦੇਖਿਆ ਸੀ ਜਿਸ ਤੋਂ ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ। (ਦਾਨੀਏਲ 1:1; 10:1) ਖੋਰਸ ਦੇ ਉਸੇ ਤੀਜੇ ਵਰ੍ਹੇ ਦੌਰਾਨ ਦਾਨੀਏਲ ਨੇ ਇਕ ਹੋਰ ਦਰਸ਼ਣ ਦੇਖਿਆ ਸੀ। ਇਸ ਦਰਸ਼ਣ ਵਿਚ ਉਸ ਨੇ ਵਿਸ਼ਵ ਸ਼ਕਤੀਆਂ ਦਾ ਉਤਾਰ-ਚੜ੍ਹਾਅ ਦੇਖਿਆ ਸੀ ਜਿਸ ਦੇ ਅਖ਼ੀਰ ਵਿਚ ਵੱਡੀ ਬਿਪਤਾ ਆਵੇਗੀ। (ਦਾਨੀਏਲ 11:1–12:13) ਦਾਨੀਏਲ ਇਸ ਦਰਸ਼ਣ ਨੂੰ ਚੰਗੀ ਤਰ੍ਹਾਂ ਸਮਝ ਨਹੀਂ ਸਕਿਆ, ਇਸ ਲਈ ਉਸ ਨੇ ਇਹ ਦਰਸ਼ਣ ਦਿਖਾਉਣ ਵਾਲੇ ਦੂਤ ਨੂੰ ਪੁੱਛਿਆ: “ਹੇ ਮੇਰੇ ਸੁਆਮੀ, ਇਨ੍ਹਾਂ ਗੱਲਾਂ ਦਾ ਓੜਕ ਕੀ ਹੋਵੇਗਾ?” ਜਵਾਬ ਵਿਚ ਦੂਤ ਨੇ ਦਾਨੀਏਲ ਦਾ ਧਿਆਨ “ਓੜਕ ਦੇ ਵੇਲੇ” ਯਾਨੀ ਅੰਤ ਦੇ ਸਮੇਂ ਵੱਲ ਖਿੱਚਿਆ ਜਦੋਂ “ਬੁੱਧਵਾਨ” ਹੀ ਉਨ੍ਹਾਂ ਗੱਲਾਂ ਨੂੰ ਸਮਝ ਸਕਣਗੇ। ਪਰ ਭਵਿੱਖ ਵਿਚ ਦਾਨੀਏਲ ਨਾਲ ਕੀ ਹੋਵੇਗਾ? ਦੂਤ ਨੇ ਕਿਹਾ: “ਤੂੰ ਸੁਖ ਪਾਵੇਂਗਾ ਅਤੇ ਆਪਣੀ ਵੰਡ ਉੱਤੇ ਓੜਕ ਦੇ ਦਿਨਾਂ ਵਿੱਚ ਉੱਠ ਖਲੋਵੇਂਗਾ।” (ਦਾਨੀਏਲ 12:8-10, 13) ਦਾਨੀਏਲ ਨੂੰ ਮਸੀਹ ਦੇ ਹਜ਼ਾਰ ਸਾਲ ਦੇ ਰਾਜ ਦੌਰਾਨ “ਧਰਮੀਆਂ ਦੀ ਕਿਆਮਤ” ਵੇਲੇ ਮੁੜ ਜ਼ਿੰਦਾ ਕੀਤਾ ਜਾਵੇਗਾ।—ਲੂਕਾ 14:14.

19 ਅਸੀਂ ਅੰਤ ਦੇ ਦਿਨਾਂ ਦੀ ਆਖ਼ਰੀ ਘੜੀ ਵਿਚ ਰਹਿੰਦੇ ਹਾਂ ਅਤੇ ਮਸੀਹ ਦਾ ਹਜ਼ਾਰ ਸਾਲ ਦਾ ਰਾਜ ਉਸ ਸਮੇਂ ਨਾਲੋਂ ਹੁਣ ਬਹੁਤ ਹੀ ਨੇੜੇ ਹੈ ਜਦੋਂ ਅਸੀਂ ਸੱਚਾਈ ਨੂੰ ਅਪਣਾਇਆ ਸੀ। ਇਸ ਲਈ ਸਾਨੂੰ ਆਪਣੇ ਆਪ ਤੋਂ ਪੁੱਛਣ ਦੀ ਲੋੜ ਹੈ, ‘ਕੀ ਮੈਂ ਅਬਰਾਹਾਮ, ਅੱਯੂਬ, ਦਾਨੀਏਲ ਅਤੇ ਹੋਰਨਾਂ ਵਫ਼ਾਦਾਰ ਸੇਵਕਾਂ ਨੂੰ ਮਿਲਣ ਲਈ ਨਵੀਂ ਦੁਨੀਆਂ ਵਿਚ ਹੋਵਾਂਗਾ?’ ਜੇ ਅਸੀਂ ਯਹੋਵਾਹ ਦੇ ਨੇੜੇ ਰਹੀਏ ਅਤੇ ਉਸ ਦੇ ਹੁਕਮਾਂ ਨੂੰ ਮੰਨੀਏ, ਤਾਂ ਅਸੀਂ ਜ਼ਰੂਰ ਨਵੀਂ ਦੁਨੀਆਂ ਵਿਚ ਪਹੁੰਚਾਂਗੇ। ਅਗਲੇ ਲੇਖ ਵਿਚ ਅਸੀਂ ਵਿਸਤਾਰ ਨਾਲ ਦੇਖਾਂਗੇ ਕਿ ਕੌਣ ਜ਼ਿੰਦਾ ਕੀਤੇ ਜਾਣਗੇ।

ਕੀ ਤੁਹਾਨੂੰ ਯਾਦ ਹੈ?

• ਪੌਲੁਸ ਨੇ ਜਦੋਂ ਮੁੜ ਜੀ ਉਠਾਏ ਜਾਣ ਦੀ ਉਮੀਦ ਦਾ ਐਲਾਨ ਕੀਤਾ, ਤਾਂ ਲੋਕਾਂ ਨੇ ਕਿਹੋ ਜਿਹਾ ਰਵੱਈਆ ਦਿਖਾਇਆ ਸੀ?

• ਮੁੜ ਜੀ ਉਠਾਏ ਜਾਣ ਦੀ ਉਮੀਦ, ਸੱਚੇ ਮਸੀਹੀਆਂ ਨੂੰ ਝੂਠੇ ਮਸੀਹੀਆਂ ਤੋਂ ਕਿਉਂ ਅਲੱਗ ਕਰਦੀ ਹੈ?

• ਅਸੀਂ ਕਿਵੇਂ ਜਾਣਦੇ ਹਾਂ ਕਿ ਅਬਰਾਹਾਮ, ਅੱਯੂਬ ਅਤੇ ਦਾਨੀਏਲ ਮੁੜ ਜੀ ਉਠਾਏ ਜਾਣ ਦੀ ਉਮੀਦ ਵਿਚ ਨਿਹਚਾ ਰੱਖਦੇ ਸਨ?

[ਸਵਾਲ]

[ਸਫ਼ੇ 9 ਉੱਤੇ ਤਸਵੀਰ]

ਫ਼ੇਲਿਕਸ ਹਾਕਮ ਅੱਗੇ ਪੌਲੁਸ ਨੇ ਪੱਕੇ ਭਰੋਸੇ ਨਾਲ ਮੁੜ ਜੀ ਉਠਾਏ ਜਾਣ ਦੀ ਉਮੀਦ ਦਾ ਐਲਾਨ ਕੀਤਾ

[ਸਫ਼ੇ 10 ਉੱਤੇ ਤਸਵੀਰ]

ਅਬਰਾਹਾਮ ਨੂੰ ਇਹ ਨਿਹਚਾ ਕਿਉਂ ਸੀ ਕਿ ਮੁਰਦਿਆਂ ਨੂੰ ਜੀ ਉਠਾਇਆ ਜਾਵੇਗਾ?

[ਸਫ਼ੇ 12 ਉੱਤੇ ਤਸਵੀਰ]

ਅੱਯੂਬ ਨੂੰ ਮੁੜ ਜੀ ਉਠਾਏ ਜਾਣ ਦੀ ਉਮੀਦ ਤੋਂ ਬਹੁਤ ਹੌਸਲਾ ਮਿਲਿਆ

[ਸਫ਼ੇ 12 ਉੱਤੇ ਤਸਵੀਰ]

ਦਾਨੀਏਲ ਨੂੰ ਧਰਮੀ ਲੋਕਾਂ ਦੇ ਨਾਲ ਮੁੜ ਜੀ ਉਠਾਇਆ ਜਾਵੇਗਾ