Skip to content

Skip to table of contents

ਮੁੜ ਜੀ ਉੱਠਣ ਦੀ ਉਮੀਦ ਤੁਹਾਡੇ ਲਈ ਕੀ ਮਾਅਨੇ ਰੱਖਦੀ ਹੈ?

ਮੁੜ ਜੀ ਉੱਠਣ ਦੀ ਉਮੀਦ ਤੁਹਾਡੇ ਲਈ ਕੀ ਮਾਅਨੇ ਰੱਖਦੀ ਹੈ?

ਮੁੜ ਜੀ ਉੱਠਣ ਦੀ ਉਮੀਦ ਤੁਹਾਡੇ ਲਈ ਕੀ ਮਾਅਨੇ ਰੱਖਦੀ ਹੈ?

“ਤੂੰ ਆਪਣਾ ਹੱਥ ਖੋਲ੍ਹਦਾ ਹੈਂ, ਅਤੇ ਸਾਰੇ ਜੀਆਂ ਦੀ ਇੱਛਿਆ ਪੂਰੀ ਕਰਦਾ ਹੈਂ।”—ਜ਼ਬੂਰਾਂ ਦੀ ਪੋਥੀ 145:16.

1-3. ਉਦਾਹਰਣ ਦੇ ਕੇ ਸਮਝਾਓ ਕਿ ਕੁਝ ਲੋਕ ਭਵਿੱਖ ਬਾਰੇ ਕਿਹੜੀ ਉਮੀਦ ਰੱਖਦੇ ਹਨ।

ਇੰਗਲੈਂਡ ਦੇ ਸ਼ਹਿਰ ਮੈਨਚੈੱਸਟਰ ਨੇੜੇ ਇਕ ਦਿਨ ਸਵੇਰ ਨੂੰ 9 ਸਾਲਾਂ ਦੇ ਕ੍ਰਿਸਟਿਫਰ ਅਤੇ ਉਸ ਦੇ ਵੱਡੇ ਭਰਾ ਨੇ ਆਪਣੇ ਮਾਸੀ-ਮਾਸੜ ਅਤੇ ਉਨ੍ਹਾਂ ਦੇ ਦੋ ਮੁੰਡਿਆਂ ਨਾਲ ਪ੍ਰਚਾਰ ਦੇ ਕੰਮ ਵਿਚ ਹਿੱਸਾ ਲਿਆ। ਸਾਡੇ ਜਾਗਰੂਕ ਬਣੋ! ਰਸਾਲੇ ਵਿਚ ਦੱਸਿਆ ਹੈ ਕਿ ਇਨ੍ਹਾਂ ਨਾਲ ਫਿਰ ਕੀ ਹੋਇਆ। ਇਹ ਦੱਸਦਾ ਹੈ ਕਿ ‘ਦੁਪਹਿਰ ਨੂੰ ਉਹ ਇਕੱਠੇ ਹੋ ਕੇ ਸਮੁੰਦਰ ਦੇ ਕਿਨਾਰੇ ਬਲੈਕਪੂਲ ਸ਼ਹਿਰ ਦੇ ਖੂਬਸੂਰਤ ਨਜ਼ਾਰੇ ਦੇਖਣ ਚੱਲ ਪਏ। ਰਾਹ ਵਿਚ ਉਨ੍ਹਾਂ ਦਾ ਐਕਸੀਡੈਂਟ ਹੋ ਗਿਆ ਅਤੇ ਮੌਕੇ ਤੇ ਮਾਰੇ ਗਏ 12 ਲੋਕਾਂ ਵਿਚ ਇਹ 6 ਜਣੇ ਵੀ ਸਨ। ਪੁਲਸ ਨੇ ਇਸ ਹਾਦਸੇ ਨੂੰ “ਸਰਬਨਾਸ਼” ਨਾਂ ਦਿੱਤਾ।’

2 ਇਸ ਹਾਦਸੇ ਤੋਂ ਇਕ ਦਿਨ ਪਹਿਲਾਂ ਇਹ ਪਰਿਵਾਰ ਕਲੀਸਿਯਾ ਪੁਸਤਕ ਅਧਿਐਨ ਵਿਚ ਹਾਜ਼ਰ ਹੋਇਆ ਸੀ। ਉਸ ਮੀਟਿੰਗ ਵਿਚ ਮੌਤ ਦੇ ਬਾਰੇ ਚਰਚਾ ਕੀਤੀ ਗਈ ਸੀ। ਕ੍ਰਿਸਟਿਫਰ ਦੇ ਪਿਤਾ ਨੇ ਦੱਸਿਆ ਕਿ ‘ਕ੍ਰਿਸਟਿਫਰ ਸਮਝਦਾਰ ਮੁੰਡਾ ਸੀ ਤੇ ਹਮੇਸ਼ਾ ਸੋਚ-ਸਮਝ ਕੇ ਗੱਲ ਕਰਦਾ ਸੀ। ਉਸ ਰਾਤ ਉਹ ਨਵੀਂ ਦੁਨੀਆਂ ਅਤੇ ਮੁੜ ਜੀ ਉੱਠਣ ਦੀ ਉਮੀਦ ਬਾਰੇ ਗੱਲ ਕਰ ਰਿਹਾ ਸੀ। ਫਿਰ ਗੱਲਾਂ ਕਰਦੇ-ਕਰਦੇ ਅਚਾਨਕ ਕ੍ਰਿਸਟਿਫਰ ਨੇ ਕਿਹਾ: “ਯਹੋਵਾਹ ਦੇ ਗਵਾਹ ਹੋਣ ਦਾ ਇਕ ਫ਼ਾਇਦਾ ਹੈ ਕਿ ਕਿਸੇ ਦੀ ਮੌਤ ਹੋਣ ਤੇ ਭਾਵੇਂ ਸਾਨੂੰ ਬਹੁਤ ਦੁੱਖ ਹੁੰਦਾ ਹੈ, ਪਰ ਸਾਨੂੰ ਪਤਾ ਹੈ ਕਿ ਇਕ ਦਿਨ ਅਸੀਂ ਇੱਥੇ ਧਰਤੀ ਤੇ ਇਕ-ਦੂਜੇ ਨੂੰ ਫਿਰ ਮਿਲਾਂਗੇ।’ ਕੋਈ ਵੀ ਨਹੀਂ ਜਾਣਦਾ ਸੀ ਕਿ ਉਸ ਦੇ ਇਹ ਸ਼ਬਦ ਇਕ ਯਾਦ ਬਣ ਜਾਣਗੇ।” *

3 ਕਈ ਸਾਲ ਪਹਿਲਾਂ 1940 ਵਿਚ ਆਸਟ੍ਰੀਆ ਦੇ ਇਕ ਭਰਾ ਫ਼੍ਰਾਂਜ਼ ਨੇ ਯਹੋਵਾਹ ਨਾਲ ਬੇਵਫ਼ਾਈ ਕਰਨ ਤੋਂ ਇਨਕਾਰ ਕਰ ਦਿੱਤਾ ਜਿਸ ਕਰਕੇ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਉਸ ਦਾ ਸਿਰ ਕਲਮ ਕਰ ਦਿੱਤਾ ਗਿਆ। ਮੌਤ ਤੋਂ ਪਹਿਲਾਂ ਫ਼੍ਰਾਂਜ਼ ਨੇ ਬਰਲਿਨ ਨਜ਼ਰਬੰਦੀ ਕੈਂਪ ਤੋਂ ਆਪਣੀ ਮਾਂ ਨੂੰ ਲਿਖਿਆ: “ਮੇਰੇ ਖ਼ਿਆਲ ਨਾਲ ਜੇ ਮੈਂ [ਮਿਲਟਰੀ] ਵਿਚ ਭਰਤੀ ਹੋਣ ਦੀ ਸਹੁੰ ਖਾ ਲੈਂਦਾ, ਤਾਂ ਮੈਂ ਮੌਤ ਦੇ ਲਾਇਕ ਪਾਪ ਕਰਨਾ ਸੀ। ਮੈਂ ਇੰਨਾ ਵੱਡਾ ਗੁਨਾਹ ਕਿੱਦਾਂ ਕਰ ਸਕਦਾ ਸੀ। ਫਿਰ ਮੇਰੇ ਜੀ ਉੱਠਣ ਦੀ ਕੋਈ ਉਮੀਦ ਨਹੀਂ ਹੋਣੀ ਸੀ। . . . ਮੇਰੇ ਪਿਆਰੇ ਮਾਤਾ ਜੀ ਅਤੇ ਸਾਰੇ ਭਰਾਵੋ ਤੇ ਭੈਣੋਂ, ਅੱਜ ਮੈਨੂੰ ਸਜ਼ਾ ਸੁਣਾ ਦਿੱਤੀ ਗਈ ਹੈ। ਡਰਨ ਦੀ ਕੋਈ ਲੋੜ ਨਹੀਂ, ਮੈਨੂੰ ਮੌਤ ਦੀ ਸਜ਼ਾ ਮਿਲੀ ਹੈ ਤੇ ਕੱਲ੍ਹ ਸਵੇਰ ਨੂੰ ਮੈਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ। ਪਰਮੇਸ਼ੁਰ ਨੇ ਮੈਨੂੰ ਤਾਕਤ ਬਖ਼ਸ਼ੀ ਹੈ ਜਿੱਦਾਂ ਉਹ ਪੁਰਾਣੇ ਜ਼ਮਾਨੇ ਵਿਚ ਸਾਰੇ ਸੱਚੇ ਮਸੀਹੀਆਂ ਨੂੰ ਹਮੇਸ਼ਾ ਦਿੰਦਾ ਰਿਹਾ। . . . ਜੇ ਤੁਸੀਂ ਮੌਤ ਤਾਈਂ ਦ੍ਰਿੜ੍ਹ ਰਹੋਗੇ, ਤਾਂ ਮੈਂ ਦੁਬਾਰਾ ਜ਼ਿੰਦਾ ਹੋ ਕੇ ਤੁਹਾਨੂੰ ਫਿਰ ਮਿਲਾਂਗਾ। . . . ਤਦ ਤਕ ਅਲਵਿਦਾ।” *

4. ਉੱਪਰ ਦੱਸੇ ਤਜਰਬਿਆਂ ਦਾ ਤੁਹਾਡੇ ਤੇ ਕੀ ਅਸਰ ਪਿਆ ਅਤੇ ਹੁਣ ਅਸੀਂ ਕਿਸ ਗੱਲ ਤੇ ਵਿਚਾਰ ਕਰਾਂਗੇ?

4 ਮੁੜ ਜੀ ਉੱਠਣ ਦੀ ਉਮੀਦ ਕ੍ਰਿਸਟਿਫਰ ਤੇ ਫ਼੍ਰਾਂਜ਼ ਲਈ ਬਹੁਤ ਮਾਅਨੇ ਰੱਖਦੀ ਸੀ। ਉਨ੍ਹਾਂ ਨੂੰ ਇਸ ਉੱਤੇ ਪੱਕਾ ਵਿਸ਼ਵਾਸ ਸੀ। ਵਾਕਈ, ਇਹ ਬਿਰਤਾਂਤ ਸਾਡੇ ਦਿਲਾਂ ਨੂੰ ਧੁਰ ਅੰਦਰ ਤਕ ਛੋਹ ਜਾਂਦੇ ਹਨ। ਯਹੋਵਾਹ ਦੀ ਹੋਰ ਜ਼ਿਆਦਾ ਕਦਰ ਕਰਨ ਅਤੇ ਮੁੜ ਜੀ ਉੱਠਣ ਦੀ ਉਮੀਦ ਨੂੰ ਹੋਰ ਪੱਕਾ ਕਰਨ ਲਈ ਆਓ ਆਪਾਂ ਵਿਚਾਰ ਕਰੀਏ ਕਿ ਮੁਰਦਿਆਂ ਨੂੰ ਕਿਉਂ ਜ਼ਿੰਦਾ ਕੀਤਾ ਜਾਵੇਗਾ ਅਤੇ ਇਸ ਦਾ ਸਾਡੇ ਤੇ ਕੀ ਅਸਰ ਪੈਣਾ ਚਾਹੀਦਾ ਹੈ।

ਧਰਤੀ ਉੱਤੇ ਮੁਰਦਿਆਂ ਨੂੰ ਜੀ ਉਠਾਏ ਜਾਣ ਦਾ ਦਰਸ਼ਣ

5, 6. ਪਰਕਾਸ਼ ਦੀ ਪੋਥੀ 20:12, 13 ਵਿਚ ਦਰਜ ਯੂਹੰਨਾ ਰਸੂਲ ਦੇ ਦਰਸ਼ਣ ਵਿਚ ਕੀ ਦੱਸਿਆ ਹੈ?

5 ਯੂਹੰਨਾ ਰਸੂਲ ਨੇ ਮਸੀਹ ਯਿਸੂ ਦੇ ਹਜ਼ਾਰ ਸਾਲ ਦੇ ਰਾਜ ਦੌਰਾਨ ਹੋਣ ਵਾਲੀਆਂ ਘਟਨਾਵਾਂ ਦਾ ਦਰਸ਼ਣ ਦੇਖਿਆ। ਉਸ ਨੇ ਦੇਖਿਆ ਕਿ ਮਰੇ ਹੋਏ ਲੋਕ ਜ਼ਿੰਦਾ ਹੋ ਰਹੇ ਸਨ। ਉਸ ਨੇ ਦੱਸਿਆ: ‘ਮੈਂ ਮੁਰਦਿਆਂ ਨੂੰ ਕੀ ਵੱਡੇ ਕੀ ਛੋਟੇ ਵੇਖਿਆ ਅਤੇ ਸਮੁੰਦਰ ਨੇ ਓਹ ਮੁਰਦੇ ਜਿਹੜੇ ਉਹ ਦੇ ਵਿੱਚ ਸਨ ਮੋੜ ਦਿੱਤੇ, ਅਤੇ ਕਾਲ ਅਤੇ ਪਤਾਲ ਨੇ ਓਹ ਮੁਰਦੇ ਜਿਹੜੇ ਓਹਨਾਂ ਵਿੱਚ ਸਨ ਮੋੜ ਦਿੱਤੇ।’ (ਪਰਕਾਸ਼ ਦੀ ਪੋਥੀ 20:12, 13) ਹੇਡੀਜ਼ (ਸ਼ੀਓਲ) ਯਾਨੀ ਮਨੁੱਖਜਾਤੀ ਦੀ ਆਮ ਕਬਰ ਵਿਚ ਕੈਦ “ਵੱਡੇ” ਜਾਂ “ਛੋਟੇ,” ਸਾਰਿਆਂ ਨੂੰ ਆਜ਼ਾਦ ਕਰ ਦਿੱਤਾ ਜਾਵੇਗਾ। ਸਮੁੰਦਰ ਦੀ ਲਪੇਟ ਵਿਚ ਆਏ ਲੋਕਾਂ ਨੂੰ ਵੀ ਉਸ ਸਮੇਂ ਜ਼ਿੰਦਗੀ ਬਖ਼ਸ਼ੀ ਜਾਵੇਗੀ। ਇਹ ਸ਼ਾਨਦਾਰ ਉਮੀਦ ਯਹੋਵਾਹ ਦੇ ਮਕਸਦ ਦਾ ਹਿੱਸਾ ਹੈ।

6 ਮਸੀਹ ਦਾ ਹਜ਼ਾਰ ਸਾਲ ਦਾ ਰਾਜ ਉਦੋਂ ਸ਼ੁਰੂ ਹੋਵੇਗਾ ਜਦੋਂ ਸ਼ਤਾਨ ਨੂੰ ਬੰਨ੍ਹ ਕੇ ਅਥਾਹ ਕੁੰਡ ਵਿਚ ਸੁੱਟਿਆ ਜਾਵੇਗਾ। ਉਸ ਸਮੇਂ ਦੌਰਾਨ ਸ਼ਤਾਨ ਦੀ ਤਾਕਤ ਖੋਹ ਲਈ ਜਾਵੇਗੀ। ਇਸ ਲਈ ਉਹ ਮਰੇ ਹੋਇਆਂ ਵਿੱਚੋਂ ਜੀ ਉੱਠੇ ਜਾਂ ਵੱਡੇ ਕਸ਼ਟ ਵਿੱਚੋਂ ਬਚੇ ਲੋਕਾਂ ਨੂੰ ਨਹੀਂ ਭਰਮਾ ਸਕੇਗਾ। (ਪਰਕਾਸ਼ ਦੀ ਪੋਥੀ 20:1-3) ਤੁਹਾਨੂੰ ਸ਼ਾਇਦ ਲੱਗੇ ਕਿ ਹਜ਼ਾਰ ਸਾਲ ਤਾਂ ਬਹੁਤ ਲੰਬਾ ਸਮਾਂ ਹੈ, ਪਰ ਯਹੋਵਾਹ ਇਸ ਨੂੰ “ਇੱਕ ਦਿਨ ਜਿਹਾ” ਸਮਝਦਾ ਹੈ।—2 ਪਤਰਸ 3:8.

7. ਮਸੀਹ ਦੇ ਹਜ਼ਾਰ ਸਾਲ ਦੇ ਦੌਰਾਨ ਕਿਸ ਆਧਾਰ ਤੇ ਨਿਆਂ ਕੀਤਾ ਜਾਵੇਗਾ?

7 ਦਰਸ਼ਣ ਅਨੁਸਾਰ ਮਸੀਹ ਦਾ ਹਜ਼ਾਰ ਸਾਲ ਦਾ ਰਾਜ ਨਿਆਂ ਦਾ ਸਮਾਂ ਹੋਵੇਗਾ। ਯੂਹੰਨਾ ਰਸੂਲ ਨੇ ਲਿਖਿਆ: “ਮੈਂ ਮੁਰਦਿਆਂ ਨੂੰ ਕੀ ਵੱਡੇ ਕੀ ਛੋਟੇ ਸਿੰਘਾਸਣ ਦੇ ਅੱਗੇ ਖਲੋਤਿਆਂ ਵੇਖਿਆ, ਅਤੇ ਪੋਥੀਆਂ ਖੋਲ੍ਹੀਆਂ ਗਈਆਂ ਅਤੇ ਇੱਕ ਹੋਰ ਪੋਥੀ ਜਿਹੜੀ ਜੀਵਨ ਦੀ ਪੋਥੀ ਹੈ ਖੋਲ੍ਹੀ ਗਈ ਅਤੇ ਮੁਰਦਿਆਂ ਦਾ ਨਿਆਉਂ ਪੋਥੀਆਂ ਵਿੱਚ ਲਿਖੀਆਂ ਹੋਈਆਂ ਗੱਲਾਂ ਤੋਂ ਉਨ੍ਹਾਂ ਦੀਆਂ ਕਰਨੀਆਂ ਦੇ ਅਨੁਸਾਰ ਕੀਤਾ ਗਿਆ। . . . ਹਰੇਕ ਦਾ ਨਿਆਉਂ ਉਹ ਦੀਆਂ ਕਰਨੀਆਂ ਦੇ ਅਨੁਸਾਰ ਕੀਤਾ ਗਿਆ।” (ਪਰਕਾਸ਼ ਦੀ ਪੋਥੀ 20:12, 13) ਧਿਆਨ ਦਿਓ ਕਿ ਇਹ ਨਿਆਂ ਇਸ ਗੱਲ ਦੇ ਆਧਾਰ ਤੇ ਨਹੀਂ ਹੋਵੇਗਾ ਕਿ ਕਿਸੇ ਵਿਅਕਤੀ ਨੇ ਮਰਨ ਤੋਂ ਪਹਿਲਾਂ ਕਿਹੜੇ ਕੰਮ ਕੀਤੇ ਸਨ ਜਾਂ ਨਹੀਂ ਕੀਤੇ। (ਰੋਮੀਆਂ 6:7) ਇਹ ਉਨ੍ਹਾਂ “ਪੋਥੀਆਂ” ਦੇ ਆਧਾਰ ਤੇ ਹੋਵੇਗਾ ਜੋ ਅਜੇ ਭਵਿੱਖ ਵਿਚ ਖੋਲ੍ਹੀਆਂ ਜਾਣੀਆਂ ਹਨ। ਇਨ੍ਹਾਂ ਪੋਥੀਆਂ ਦੀਆਂ ਗੱਲਾਂ ਸਿੱਖਣ ਤੋਂ ਬਾਅਦ ਵਿਅਕਤੀ ਜਿਹੜੇ ਕੰਮ ਕਰੇਗਾ, ਉਨ੍ਹਾਂ ਕੰਮਾਂ ਦੇ ਆਧਾਰ ਤੇ ਤੈਅ ਕੀਤਾ ਜਾਵੇਗਾ ਕਿ ਉਸ ਦਾ ਨਾਂ “ਜੀਵਨ ਦੀ ਪੋਥੀ” ਵਿਚ ਲਿਖਿਆ ਜਾਵੇਗਾ ਕਿ ਨਹੀਂ।

“ਜੀਉਣ ਦੀ ਕਿਆਮਤ” ਜਾਂ “ਨਿਆਉਂ ਦੀ ਕਿਆਮਤ”

8. ਮੌਤ ਦੀ ਨੀਂਦ ਤੋਂ ਜੀ ਉਠਾਏ ਗਏ ਲੋਕਾਂ ਲਈ ਕਿਹੜੇ ਦੋ ਨਤੀਜੇ ਨਿਕਲ ਸਕਦੇ ਹਨ?

8 ਯੂਹੰਨਾ ਨੇ ਇਕ ਹੋਰ ਦਰਸ਼ਣ ਵਿਚ ਦੇਖਿਆ ਸੀ ਕਿ ਯਿਸੂ ਕੋਲ “ਮੌਤ ਅਤੇ ਪਤਾਲ ਦੀਆਂ ਕੁੰਜੀਆਂ” ਹਨ। (ਪਰਕਾਸ਼ ਦੀ ਪੋਥੀ 1:18) ਉਹ ਯਹੋਵਾਹ ਵੱਲੋਂ ਚੁਣਿਆ ‘ਜੀਉਣ ਦਾ ਕਰਤਾ’ ਹੈ ਤੇ ਉਸ ਨੂੰ “ਜੀਉਂਦਿਆਂ ਅਤੇ ਮੋਇਆਂ” ਦਾ ਨਿਆਂ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ। (ਰਸੂਲਾਂ ਦੇ ਕਰਤੱਬ 3:15; 2 ਤਿਮੋਥਿਉਸ 4:1) ਉਹ ਨਿਆਂ ਕਿਵੇਂ ਕਰੇਗਾ? ਮੌਤ ਦੀ ਨੀਂਦ ਸੁੱਤੇ ਲੋਕਾਂ ਨੂੰ ਜ਼ਿੰਦਾ ਕਰ ਕੇ। ਯਿਸੂ ਨੇ ਜਿਨ੍ਹਾਂ ਲੋਕਾਂ ਨੂੰ ਪ੍ਰਚਾਰ ਕੀਤਾ ਸੀ ਉਨ੍ਹਾਂ ਨੂੰ ਕਿਹਾ: “ਇਹ ਨੂੰ ਅਚਰਜ ਨਾ ਜਾਣੋ ਕਿਉਂਕਿ ਉਹ ਘੜੀ ਆਉਂਦੀ ਹੈ ਜਿਹ ਦੇ ਵਿੱਚ ਓਹ ਸਭ ਜਿਹੜੇ ਕਬਰਾਂ ਵਿੱਚ ਹਨ ਉਹ ਦੀ ਅਵਾਜ਼ ਸੁਣਨਗੇ ਅਤੇ ਨਿੱਕਲ ਆਉਣਗੇ।” ਉਸ ਨੇ ਅੱਗੇ ਕਿਹਾ: “ਜਿਨ੍ਹਾਂ ਨੇ ਭਲਿਆਈ ਕੀਤੀ ਹੈ ਸੋ ਜੀਉਣ ਦੀ ਕਿਆਮਤ ਲਈ ਅਰ ਜਿਨ੍ਹਾਂ ਨੇ ਬੁਰਿਆਈ ਕੀਤੀ ਹੈ ਉਹ ਨਿਆਉਂ ਦੀ ਕਿਆਮਤ ਲਈ।” (ਯੂਹੰਨਾ 5:28-30) ਤਾਂ ਫਿਰ ਪੁਰਾਣੇ ਜ਼ਮਾਨੇ ਦੇ ਵਫ਼ਾਦਾਰ ਆਦਮੀਆਂ ਤੇ ਤੀਵੀਆਂ ਨੂੰ ਕਿਸ ਲਈ ਜੀਉਂਦਾ ਕੀਤਾ ਜਾਵੇਗਾ?

9. (ਉ) ਮੁੜ ਜੀ ਉੱਠਣ ਵਾਲੇ ਬਹੁਤ ਸਾਰੇ ਲੋਕ ਕੀ ਜਾਣ ਸਕਣਗੇ? (ਅ) ਉਸ ਵੇਲੇ ਕਿਹੜਾ ਵੱਡਾ ਕੰਮ ਕੀਤਾ ਜਾਵੇਗਾ?

9 ਜ਼ਿੰਦਾ ਹੋਣ ਤੇ ਵਫ਼ਾਦਾਰ ਸੇਵਕ ਆਪਣੀ ਅੱਖੀਂ ਉਹ ਵਾਅਦੇ ਪੂਰੇ ਹੋਏ ਦੇਖਣਗੇ ਜਿਨ੍ਹਾਂ ਤੇ ਉਹ ਭਰੋਸਾ ਕਰਦੇ ਸਨ। ਉਹ ਇਹ ਜਾਣਨ ਲਈ ਬੜੇ ਉਤਸੁਕ ਹੋਣਗੇ ਕਿ ਪਰਮੇਸ਼ੁਰ ਦੀ ਤੀਵੀਂ ਦੀ ਸੰਤਾਨ ਕੌਣ ਸੀ ਜਿਸ ਦਾ ਬਾਈਬਲ ਦੀ ਪਹਿਲੀ ਭਵਿੱਖਬਾਣੀ ਉਤਪਤ 3:15 ਵਿਚ ਜ਼ਿਕਰ ਕੀਤਾ ਗਿਆ ਸੀ। ਉਹ ਇਹ ਜਾਣ ਕੇ ਖ਼ੁਸ਼ੀ ਦੇ ਮਾਰੇ ਫੁੱਲੇ ਨਹੀਂ ਸਮਾਉਣਗੇ ਕਿ ਵਾਅਦਾ ਕੀਤਾ ਹੋਇਆ ਮਸੀਹਾ ਯਿਸੂ ਸੀ ਜੋ ਆਪਣੀ ਮੌਤ ਤਾਈਂ ਵਫ਼ਾਦਾਰ ਰਿਹਾ ਤੇ ਰਿਹਾਈ-ਕੀਮਤ ਦੇ ਤੌਰ ਤੇ ਆਪਣੀ ਜਾਨ ਕੁਰਬਾਨ ਕੀਤੀ! (ਮੱਤੀ 20:28) ਉਨ੍ਹਾਂ ਦਾ ਸੁਆਗਤ ਕਰਨ ਵਾਲਿਆਂ ਨੂੰ ਕਿੰਨੀ ਖ਼ੁਸ਼ੀ ਹੋਵੇਗੀ ਜਦੋਂ ਉਹ ਉਨ੍ਹਾਂ ਨੂੰ ਦੱਸਣਗੇ ਕਿ ਯਹੋਵਾਹ ਨੇ ਆਪਣੀ ਅਪਾਰ ਕਿਰਪਾ ਤੇ ਦਇਆ ਦੇ ਕਾਰਨ ਇਹ ਕੁਰਬਾਨੀ ਦਿੱਤੀ ਸੀ। ਜਦੋਂ ਇਨ੍ਹਾਂ ਜੀ ਉੱਠੇ ਲੋਕਾਂ ਨੂੰ ਪਤਾ ਚੱਲੇਗਾ ਕਿ ਪਰਮੇਸ਼ੁਰ ਦਾ ਰਾਜ ਧਰਤੀ ਵਾਸਤੇ ਯਹੋਵਾਹ ਦੇ ਮਕਸਦ ਨੂੰ ਪੂਰਾ ਕਰਨ ਲਈ ਕੀ ਕੁਝ ਕਰ ਰਿਹਾ ਹੈ, ਤਾਂ ਉਹ ਦਿਲੋਂ ਯਹੋਵਾਹ ਦੀ ਵਡਿਆਈ ਤੇ ਉਸ ਦਾ ਸ਼ੁਕਰੀਆ ਅਦਾ ਕਰਨਗੇ। ਆਪਣੇ ਪਿਆਰ ਕਰਨ ਵਾਲੇ ਸਵਰਗੀ ਪਿਤਾ ਅਤੇ ਉਸ ਦੇ ਪੁੱਤਰ ਪ੍ਰਤੀ ਆਪਣੀ ਵਫ਼ਾਦਾਰੀ ਦਾ ਸਬੂਤ ਦੇਣ ਲਈ ਉਨ੍ਹਾਂ ਕੋਲ ਕਾਫ਼ੀ ਸਮਾਂ ਹੋਵੇਗਾ। ਉਸ ਸਮੇਂ ਹਰ ਵਿਅਕਤੀ ਕਬਰਾਂ ਵਿੱਚੋਂ ਜੀ ਉੱਠੇ ਅਰਬਾਂ ਲੋਕਾਂ ਨੂੰ ਸਿੱਖਿਆ ਦੇਣ ਦੇ ਵੱਡੇ ਕੰਮ ਵਿਚ ਖ਼ੁਸ਼ੀ-ਖ਼ੁਸ਼ੀ ਹਿੱਸਾ ਲਵੇਗਾ। ਇਨ੍ਹਾਂ ਅਰਬਾਂ ਲੋਕਾਂ ਨੂੰ ਪਰਮੇਸ਼ੁਰ ਦੇ ਰਿਹਾਈ-ਕੀਮਤ ਦੇ ਇੰਤਜ਼ਾਮ ਨੂੰ ਵੀ ਕਬੂਲ ਕਰਨਾ ਪਵੇਗਾ।

10, 11. (ੳ) ਹਜ਼ਾਰ ਸਾਲ ਦੇ ਸਮੇਂ ਵਿਚ ਧਰਤੀ ਉੱਤੇ ਰਹਿੰਦੇ ਲੋਕਾਂ ਨੂੰ ਕੀ ਕਰਨ ਦੇ ਮੌਕੇ ਮਿਲਣਗੇ? (ਅ) ਇਸ ਦਾ ਸਾਡੇ ਤੇ ਕੀ ਅਸਰ ਪੈਣਾ ਚਾਹੀਦਾ ਹੈ?

10 ਮੁੜ ਜ਼ਿੰਦਾ ਹੋਇਆ ਅਬਰਾਹਾਮ ਉਸ “ਨਗਰ” ਦੀ ਹਕੂਮਤ ਅਧੀਨ ਜੀ ਕੇ ਬਹੁਤ ਖ਼ੁਸ਼ ਹੋਵੇਗਾ ਜਿਸ ਦੀ ਉਹ ਉਡੀਕ ਕਰ ਰਿਹਾ ਸੀ। (ਇਬਰਾਨੀਆਂ 11:10) ਪੁਰਾਣੇ ਜ਼ਮਾਨੇ ਦੇ ਵਫ਼ਾਦਾਰ ਸੇਵਕ ਅੱਯੂਬ ਬਾਰੇ ਕੀ? ਉਸ ਦੀ ਖ਼ੁਸ਼ੀ ਦਾ ਵੀ ਕੋਈ ਠਿਕਾਣਾ ਨਹੀਂ ਰਹੇਗਾ ਜਦੋਂ ਉਸ ਨੂੰ ਪਤਾ ਚੱਲੇਗਾ ਕਿ ਉਸ ਦੀ ਉਦਾਹਰਣ ਤੋਂ ਯਹੋਵਾਹ ਦੇ ਹੋਰਨਾਂ ਭਗਤਾਂ ਨੂੰ ਕਿੰਨਾ ਹੌਸਲਾ ਮਿਲਿਆ ਜਿਨ੍ਹਾਂ ਨੇ ਆਪਣੀ ਵਫ਼ਾਦਾਰੀ ਦੀ ਖ਼ਾਤਰ ਅਜ਼ਮਾਇਸ਼ਾਂ ਨੂੰ ਸਹਿਣ ਕੀਤਾ! ਦਾਨੀਏਲ ਵੀ ਉਨ੍ਹਾਂ ਭਵਿੱਖਬਾਣੀਆਂ ਦੀ ਪੂਰਤੀ ਬਾਰੇ ਉਤਸੁਕਤਾ ਨਾਲ ਜਾਣਨਾ ਚਾਹੇਗਾ ਜੋ ਉਸ ਨੇ ਪਰਮੇਸ਼ੁਰ ਦੀ ਪ੍ਰੇਰਣਾ ਨਾਲ ਲਿਖੀਆਂ ਸਨ!

11 ਨਵੀਂ ਦੁਨੀਆਂ ਵਿਚ ਜ਼ਿੰਦਗੀ ਪਾਉਣ ਵਾਲੇ ਹਰ ਵਿਅਕਤੀ ਨੂੰ ਬਹੁਤ ਕੁਝ ਸਿੱਖਣ ਦਾ ਮੌਕਾ ਮਿਲੇਗਾ, ਚਾਹੇ ਉਹ ਮੁਰਦਿਆਂ ਵਿੱਚੋਂ ਜੀ ਉੱਠੇ ਲੋਕ ਹੋਣ ਜਾਂ ਵੱਡੇ ਕਸ਼ਟ ਵਿੱਚੋਂ ਬਚਣ ਵਾਲੇ। ਜੀ ਹਾਂ, ਉਨ੍ਹਾਂ ਸਾਰਿਆਂ ਕੋਲ ਧਰਤੀ ਅਤੇ ਉਸ ਦੇ ਵਾਸੀਆਂ ਲਈ ਯਹੋਵਾਹ ਦੇ ਮਕਸਦ ਬਾਰੇ ਜਾਣਨ ਲਈ ਬਹੁਤ ਕੁਝ ਹੋਵੇਗਾ। ਹਮੇਸ਼ਾ ਲਈ ਜੀਣ ਅਤੇ ਯਹੋਵਾਹ ਦੀ ਵਡਿਆਈ ਕਰਨ ਦੀ ਉਮੀਦ ਕਾਰਨ ਹਜ਼ਾਰ ਸਾਲ ਦੌਰਾਨ ਚਲਾਇਆ ਜਾਣ ਵਾਲਾ ਸਿੱਖਿਆ ਦਾ ਪ੍ਰੋਗ੍ਰਾਮ ਸੱਚ-ਮੁੱਚ ਖ਼ੁਸ਼ੀ ਦਾ ਮੌਕਾ ਹੋਵੇਗਾ। ਪਰ ਸਭ ਤੋਂ ਮਹੱਤਵਪੂਰਣ ਗੱਲ ਇਹ ਹੋਵੇਗੀ ਕਿ ਅਸੀਂ ਪੋਥੀਆਂ ਵਿਚ ਲਿਖੀਆਂ ਗੱਲਾਂ ਉੱਤੇ ਚੱਲਦੇ ਹਾਂ ਕਿ ਨਹੀਂ। ਕੀ ਅਸੀਂ ਜ਼ਰੂਰੀ ਜਾਣਕਾਰੀ ਉੱਤੇ ਸੋਚ-ਵਿਚਾਰ ਕਰ ਕੇ ਦਿਲੋਂ ਇਸ ਨੂੰ ਮੰਨਾਂਗੇ? ਇਸ ਜਾਣਕਾਰੀ ਦੀ ਮਦਦ ਨਾਲ ਅਸੀਂ ਸ਼ਤਾਨ ਦੇ ਆਖ਼ਰੀ ਹਮਲੇ ਤੋਂ ਬਚ ਸਕਾਂਗੇ ਜੋ ਉਹ ਸਾਨੂੰ ਸੱਚਾਈ ਤੋਂ ਪਰੇ ਲੈ ਜਾਣ ਲਈ ਕਰੇਗਾ।

12. ਕਿਹੜੀ ਗੱਲ ਕਾਰਨ ਹਰ ਵਿਅਕਤੀ ਸਿੱਖਿਆ ਦੇਣ ਅਤੇ ਧਰਤੀ ਨੂੰ ਬਾਗ਼ ਬਣਾਉਣ ਦੇ ਕੰਮ ਵਿਚ ਹਿੱਸਾ ਲੈ ਸਕੇਗਾ?

12 ਸਾਨੂੰ ਮਸੀਹ ਦੇ ਬਲੀਦਾਨ ਦੇ ਆਧਾਰ ਤੇ ਮਿਲਣ ਵਾਲੀਆਂ ਸ਼ਾਨਦਾਰ ਬਰਕਤਾਂ ਨੂੰ ਵੀ ਯਾਦ ਰੱਖਣਾ ਚਾਹੀਦਾ ਹੈ। ਮੁੜ ਜ਼ਿੰਦਾ ਹੋਏ ਲੋਕਾਂ ਨੂੰ ਫਿਰ ਬੀਮਾਰੀਆਂ ਜਾਂ ਅਪਾਹਜਪੁਣੇ ਦਾ ਸ਼ਿਕਾਰ ਨਹੀਂ ਹੋਣਾ ਪਵੇਗਾ ਜਿਸ ਦਾ ਅਸੀਂ ਹੁਣ ਸਾਮ੍ਹਣਾ ਕਰ ਰਹੇ ਹਾਂ। (ਯਸਾਯਾਹ 33:24) ਪੂਰੀ ਤਰ੍ਹਾਂ ਤੰਦਰੁਸਤ ਹੋਣ ਕਰਕੇ ਨਵੀਂ ਦੁਨੀਆਂ ਦੇ ਸਾਰੇ ਵਾਸੀ ਮੁੜ ਜ਼ਿੰਦਾ ਹੋਏ ਅਰਬਾਂ ਲੋਕਾਂ ਨੂੰ ਸਿੱਖਿਆ ਦੇਣ ਦੇ ਕੰਮ ਵਿਚ ਵਧ-ਚੜ੍ਹ ਕੇ ਹਿੱਸਾ ਲੈਣਗੇ। ਉਹ ਵਾਸੀ ਇਕ ਹੋਰ ਵੱਡੇ ਕੰਮ ਵਿਚ ਵੀ ਹਿੱਸਾ ਲੈਣਗੇ ਜੋ ਪਹਿਲਾਂ ਕਦੇ ਵੀ ਧਰਤੀ ਉੱਤੇ ਨਹੀਂ ਕੀਤਾ ਗਿਆ। ਜੀ ਹਾਂ, ਉਹ ਪੂਰੀ ਧਰਤੀ ਨੂੰ ਇਕ ਖੂਬਸੂਰਤ ਬਾਗ਼ ਬਣਾ ਦੇਣਗੇ ਜਿਸ ਨਾਲ ਯਹੋਵਾਹ ਦੀ ਵਡਿਆਈ ਹੋਵੇਗੀ।

13, 14. ਆਖ਼ਰੀ ਇਮਤਿਹਾਨ ਵੇਲੇ ਸ਼ਤਾਨ ਨੂੰ ਕਿਸ ਮਕਸਦ ਲਈ ਰਿਹਾ ਕੀਤਾ ਜਾਵੇਗਾ ਅਤੇ ਸਾਡੇ ਲਈ ਇਸ ਦਾ ਕੀ ਨਤੀਜਾ ਨਿਕਲ ਸਕਦਾ ਹੈ?

13 ਜਦੋਂ ਸ਼ਤਾਨ ਨੂੰ ਆਖ਼ਰੀ ਇਮਤਿਹਾਨ ਲੈਣ ਲਈ ਅਥਾਹ ਕੁੰਡ ਵਿੱਚੋਂ ਰਿਹਾ ਕੀਤਾ ਜਾਵੇਗਾ, ਤਾਂ ਉਹ ਇਕ ਵਾਰ ਫਿਰ ਇਨਸਾਨਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰੇਗਾ। ਪਰਕਾਸ਼ ਦੀ ਪੋਥੀ 20:7-9 ਅਨੁਸਾਰ ਸ਼ਤਾਨ ਦੇ ਬੁਰੇ ਅਸਰ ਹੇਠ ਆ ਕੇ ਗੁਮਰਾਹ ਹੋਈਆਂ “ਕੌਮਾਂ” ਜਾਂ ਲੋਕਾਂ ਦੇ ਸਮੂਹਾਂ ਨੂੰ ਨਾਸ਼ ਕਰ ਦਿੱਤਾ ਜਾਵੇਗਾ: ‘ਅਕਾਸ਼ ਉੱਤੋਂ ਅੱਗ ਉਤਰ ਕੇ ਉਨ੍ਹਾਂ ਨੂੰ ਚੱਟ ਕਰ ਜਾਵੇਗੀ!’ ਇਨ੍ਹਾਂ ਵਿਚ ਉਹ ਲੋਕ ਵੀ ਹੋਣਗੇ ਜਿਨ੍ਹਾਂ ਨੂੰ ਹਜ਼ਾਰ ਸਾਲ ਦੌਰਾਨ ਜ਼ਿੰਦਾ ਕੀਤਾ ਜਾਵੇਗਾ। ਇਸ ਦਾ ਮਤਲਬ ਹੈ ਕਿ ਉਨ੍ਹਾਂ ਦਾ ਜੀ ਉੱਠਣਾ ਨਿਆਂ ਦੀ ਕਿਆਮਤ ਲਈ ਹੋਵੇਗਾ। ਪਰ ਜੋ ਜੀ ਉੱਠੇ ਲੋਕ ਵਫ਼ਾਦਾਰੀ ਦਿਖਾਉਣਗੇ, ਉਨ੍ਹਾਂ ਨੂੰ ਸਦਾ ਦੀ ਜ਼ਿੰਦਗੀ ਬਖ਼ਸ਼ੀ ਜਾਵੇਗੀ। ਹਾਂ, ਉਨ੍ਹਾਂ ਦਾ ਜੀ ਉੱਠਣਾ “ਜੀਉਣ ਦੀ ਕਿਆਮਤ” ਲਈ ਹੋਵੇਗਾ।—ਯੂਹੰਨਾ 5:29.

14 ਮੁੜ ਜ਼ਿੰਦਾ ਹੋਣ ਦੀ ਉਮੀਦ ਤੋਂ ਸਾਨੂੰ ਹੁਣ ਕਿਵੇਂ ਦਿਲਾਸਾ ਮਿਲਦਾ ਹੈ? ਜ਼ਿਆਦਾ ਜ਼ਰੂਰੀ ਗੱਲ ਹੈ ਕਿ ਭਵਿੱਖ ਵਿਚ ਇਸ ਉਮੀਦ ਤੋਂ ਫ਼ਾਇਦੇ ਲੈਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ?

ਇਸ ਵੇਲੇ ਸਾਡੇ ਲਈ ਸਿੱਖਿਆ

15. ਮੁੜ ਜੀ ਉੱਠਣ ਦੀ ਉਮੀਦ ਵਿਚ ਨਿਹਚਾ ਕਰਨ ਨਾਲ ਸਾਨੂੰ ਹੁਣ ਕਿਵੇਂ ਫ਼ਾਇਦਾ ਹੁੰਦਾ ਹੈ?

15 ਹਾਲ ਹੀ ਵਿਚ ਸ਼ਾਇਦ ਤੁਹਾਡਾ ਕੋਈ ਅਜ਼ੀਜ਼ ਮੌਤ ਦੀ ਗੋਦ ਵਿਚ ਚਲਾ ਗਿਆ ਹੋਵੇ ਅਤੇ ਤੁਹਾਨੂੰ ਉਸ ਦੀ ਕਮੀ ਬਹੁਤ ਮਹਿਸੂਸ ਹੋ ਰਹੀ ਹੈ। ਹੋ ਸਕਦਾ ਹੈ ਇਸ ਕਰਕੇ ਤੁਹਾਡੀ ਜ਼ਿੰਦਗੀ ਇਕਦਮ ਬਦਲ ਗਈ ਹੈ। ਮੁੜ ਜੀ ਉੱਠਣ ਦੀ ਉਮੀਦ ਤੁਹਾਨੂੰ ਅੰਦਰੂਨੀ ਸ਼ਾਂਤੀ ਅਤੇ ਤਾਕਤ ਹਾਸਲ ਕਰਨ ਵਿਚ ਮਦਦ ਦਿੰਦੀ ਹੈ। ਇਹ ਸ਼ਾਂਤੀ ਤੇ ਤਾਕਤ ਉਨ੍ਹਾਂ ਲੋਕਾਂ ਤੋਂ ਕੋਹਾਂ ਦੂਰ ਹੈ ਜੋ ਸੱਚਾਈ ਨੂੰ ਨਹੀਂ ਜਾਣਦੇ। ਪੌਲੁਸ ਨੇ ਥੱਸਲੁਨੀਕਾ ਦੇ ਮਸੀਹੀਆਂ ਨੂੰ ਦਿਲਾਸਾ ਦਿੰਦੇ ਹੋਏ ਕਿਹਾ: “ਅਸੀਂ ਨਹੀਂ ਚਾਹੁੰਦੇ ਜੋ ਤੁਸੀਂ ਉਨ੍ਹਾਂ ਦੀ ਵਿਥਿਆ ਤੋਂ ਜਿਹੜੇ ਸੁੱਤੇ ਪਏ ਹਨ ਅਣਜਾਣ ਰਹੋ ਭਈ ਤੁਸੀਂ ਹੋਰਨਾਂ ਵਾਂਙੁ ਜਿਨ੍ਹਾਂ ਨੂੰ ਕੋਈ ਆਸ ਨਹੀਂ ਸੋਗ ਨਾ ਕਰੋ।” (1 ਥੱਸਲੁਨੀਕੀਆਂ 4:13) ਕੀ ਤੁਸੀਂ ਨਵੀਂ ਦੁਨੀਆਂ ਵਿਚ ਹੋਣ ਦੀ ਕਲਪਨਾ ਕਰਦੇ ਹੋ ਜਿੱਥੇ ਤੁਸੀਂ ਆਪਣੀ ਅੱਖੀਂ ਲੋਕਾਂ ਦਾ ਜੀ ਉੱਠਣਾ ਦੇਖੋਗੇ? ਜੇ ਤੁਹਾਡੇ ਦਿਲ ਵਿਚ ਇਹ ਆਸ ਪੱਕੀ ਹੈ, ਤਾਂ ਤੁਸੀਂ ਹੁਣ ਵੀ ਆਪਣੇ ਅਜ਼ੀਜ਼ਾਂ ਨੂੰ ਮਿਲਣ ਦੀ ਉਮੀਦ ਤੋਂ ਦਿਲਾਸਾ ਪਾ ਸਕਦੇ ਹੋ।

16. ਮੁੜ ਜੀ ਉੱਠਣ ਤੇ ਤੁਸੀਂ ਕਿਵੇਂ ਮਹਿਸੂਸ ਕਰੋਗੇ?

16 ਸ਼ਾਇਦ ਤੁਸੀਂ ਕਿਸੇ ਗੰਭੀਰ ਬੀਮਾਰੀ ਦੇ ਰੂਪ ਵਿਚ ਆਦਮ ਦੀ ਕਰਨੀ ਦੇ ਫਲ ਭੋਗ ਰਹੇ ਹੋ। ਇਸ ਦੁੱਖ ਦੇ ਕਾਰਨ ਹੌਸਲਾ ਨਾ ਹਾਰੋ। ਉਸ ਖ਼ੁਸ਼ੀ ਦੇ ਮੌਕੇ ਨੂੰ ਯਾਦ ਰੱਖੋ ਜਦੋਂ ਤੁਸੀਂ ਨਵੀਂ ਦੁਨੀਆਂ ਵਿਚ ਮੁੜ ਜ਼ਿੰਦਾ ਹੋ ਕੇ ਚੰਗੀ ਸਿਹਤ ਤੇ ਤਾਕਤ ਦਾ ਆਨੰਦ ਮਾਣੋਗੇ। ਅੱਖਾਂ ਖੁੱਲ੍ਹਦਿਆਂ ਹੀ ਜਦੋਂ ਤੁਸੀਂ ਉਨ੍ਹਾਂ ਲੋਕਾਂ ਦੇ ਖ਼ੁਸ਼ੀ ਨਾਲ ਖਿੜੇ ਚਿਹਰਿਆਂ ਨੂੰ ਦੇਖੋਗੇ ਜੋ ਤੁਹਾਡੇ ਨਾਲ ਆਪਣੀ ਖ਼ੁਸ਼ੀ ਸਾਂਝੀ ਕਰਨੀ ਚਾਹੁੰਦੇ ਹਨ, ਤਾਂ ਤੁਸੀਂ ਇਸ ਪਿਆਰ ਲਈ ਪਰਮੇਸ਼ੁਰ ਦਾ ਧੰਨਵਾਦ ਕਰਨ ਤੋਂ ਆਪਣੇ ਆਪ ਨੂੰ ਰੋਕ ਨਹੀਂ ਪਾਓਗੇ।

17, 18. ਸਾਨੂੰ ਕਿਹੜੀਆਂ ਦੋ ਮਹੱਤਵਪੂਰਣ ਗੱਲਾਂ ਯਾਦ ਰੱਖਣੀਆਂ ਚਾਹੀਦੀਆਂ ਹਨ?

17 ਤਦ ਤਕ ਆਓ ਆਪਾਂ ਦੋ ਗੱਲਾਂ ਨੂੰ ਧਿਆਨ ਵਿਚ ਰੱਖੀਏ। ਪਹਿਲੀ ਮਹੱਤਵਪੂਰਣ ਗੱਲ ਹੈ ਕਿ ਅਸੀਂ ਹੁਣ ਤੋਂ ਹੀ ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰੀਏ। ਜੇ ਅਸੀਂ ਆਪਣੇ ਗੁਰੂ ਯਿਸੂ ਮਸੀਹ ਵਾਂਗ ਆਤਮ-ਬਲੀਦਾਨੀ ਜ਼ਿੰਦਗੀ ਜੀਉਂਦੇ ਹਾਂ, ਤਾਂ ਇਸ ਤੋਂ ਯਹੋਵਾਹ ਅਤੇ ਸਾਡੇ ਗੁਆਂਢੀਆਂ ਲਈ ਪਿਆਰ ਜ਼ਾਹਰ ਹੁੰਦਾ ਹੈ। ਵਿਰੋਧ ਜਾਂ ਸਤਾਹਟਾਂ ਕਰਕੇ ਚਾਹੇ ਸਾਡਾ ਕੰਮ-ਧੰਦਾ ਠੱਪ ਹੋ ਜਾਏ ਜਾਂ ਸਾਡੀ ਆਜ਼ਾਦੀ ਖੋਹ ਲਈ ਜਾਏ, ਤਾਂ ਵੀ ਅਸੀਂ ਹਰ ਅਜ਼ਮਾਇਸ਼ ਦਾ ਸਾਮ੍ਹਣਾ ਕਰਦੇ ਹੋਏ ਨਿਹਚਾ ਵਿਚ ਮਜ਼ਬੂਤ ਬਣੇ ਰਹਿਣ ਦਾ ਪੱਕਾ ਇਰਾਦਾ ਕਰਦੇ ਹਾਂ। ਜੇ ਵਿਰੋਧੀ ਸਾਨੂੰ ਮਾਰਨ ਦੀਆਂ ਧਮਕੀਆਂ ਦਿੰਦੇ ਹਨ, ਤਾਂ ਮੁੜ ਜੀਉਂਦਾ ਹੋਣ ਦੀ ਉਮੀਦ ਤੋਂ ਸਾਨੂੰ ਹੌਸਲਾ ਮਿਲਦਾ ਹੈ। ਇਸ ਦੇ ਨਾਲ-ਨਾਲ ਸਾਨੂੰ ਯਹੋਵਾਹ ਤੇ ਉਸ ਦੇ ਰਾਜ ਪ੍ਰਤੀ ਵਫ਼ਾਦਾਰ ਬਣੇ ਰਹਿਣ ਦੀ ਤਾਕਤ ਮਿਲਦੀ ਹੈ। ਜੀ ਹਾਂ, ਜੇ ਅਸੀਂ ਜੋਸ਼ ਨਾਲ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਨ ਅਤੇ ਚੇਲੇ ਬਣਾਉਣ ਵਿਚ ਲੱਗੇ ਰਹੀਏ, ਤਾਂ ਅਸੀਂ ਉਨ੍ਹਾਂ ਬਰਕਤਾਂ ਨੂੰ ਹਾਸਲ ਕਰਨ ਦੀ ਉਮੀਦ ਰੱਖ ਸਕਦੇ ਹਾਂ ਜੋ ਯਹੋਵਾਹ ਭਵਿੱਖ ਵਿਚ ਧਰਮੀ ਲੋਕਾਂ ਨੂੰ ਦੇਣ ਵਾਲਾ ਹੈ।

18 ਦੂਜੀ ਮਹੱਤਵਪੂਰਣ ਗੱਲ ਹੈ ਕਿ ਅਸੀਂ ਉਨ੍ਹਾਂ ਪਰਤਾਵਿਆਂ ਦਾ ਕਿਵੇਂ ਸਾਮ੍ਹਣਾ ਕਰਦੇ ਹਾਂ ਜੋ ਸਾਡੇ ਪਾਪੀ ਸਰੀਰ ਕਾਰਨ ਸਾਡੇ ਤੇ ਆਉਂਦੇ ਹਨ। ਸਾਨੂੰ ਮੁੜ ਜੀ ਉੱਠਣ ਦੀ ਉਮੀਦ ਦਾ ਗਿਆਨ ਹੈ ਅਤੇ ਅਸੀਂ ਯਹੋਵਾਹ ਦੀ ਅਪਾਰ ਕਿਰਪਾ ਦੀ ਕਦਰ ਕਰਦੇ ਹਾਂ ਜਿਸ ਨਾਲ ਨਿਹਚਾ ਵਿਚ ਮਜ਼ਬੂਤ ਰਹਿਣ ਦਾ ਸਾਡਾ ਇਰਾਦਾ ਪੱਕਾ ਹੁੰਦਾ ਹੈ। ਯੂਹੰਨਾ ਰਸੂਲ ਨੇ ਸਾਨੂੰ ਖ਼ਬਰਦਾਰ ਕੀਤਾ: “ਸੰਸਾਰ ਨਾਲ ਮੋਹ ਨਾ ਰੱਖੋ, ਨਾ ਉਨ੍ਹਾਂ ਵਸਤਾਂ ਨਾਲ ਜੋ ਸੰਸਾਰ ਵਿੱਚ ਹਨ। ਜੇ ਕੋਈ ਸੰਸਾਰ ਨਾਲ ਮੋਹ ਰੱਖਦਾ ਹੋਵੇ ਤਾਂ ਉਹ ਦੇ ਵਿੱਚ ਪਿਤਾ ਦਾ ਪ੍ਰੇਮ ਨਹੀਂ। ਕਿਉਂਕਿ ਸੱਭੋ ਕੁਝ ਜੋ ਸੰਸਾਰ ਵਿੱਚ ਹੈ ਅਰਥਾਤ ਸਰੀਰ ਦੀ ਕਾਮਨਾ ਅਤੇ ਨੇਤਰਾਂ ਦੀ ਕਾਮਨਾ ਅਤੇ ਜੀਵਨ ਦਾ ਅਭਮਾਨ ਸੋ ਪਿਤਾ ਤੋਂ ਨਹੀਂ ਸਗੋਂ ਸੰਸਾਰ ਤੋਂ ਹੈ ਅਤੇ ਸੰਸਾਰ ਨਾਲੇ ਉਹ ਦੀ ਕਾਮਨਾ ਬੀਤਦੀ ਜਾਂਦੀ ਹੈ ਪਰ ਜਿਹੜਾ ਪਰਮੇਸ਼ੁਰ ਦੀ ਇੱਛਿਆ ਉੱਤੇ ਚੱਲਦਾ ਹੈ ਉਹ ਸਦਾ ਤੀਕ ਕਾਇਮ ਰਹਿੰਦਾ ਹੈ।” (1 ਯੂਹੰਨਾ 2:15-17) ਜਦੋਂ ਅਸੀਂ “ਅਸਲ ਜੀਵਨ” ਦੀ ਤੁਲਨਾ ਧਨ-ਦੌਲਤ ਦੀ ਦੀਵਾਨੀ ਇਸ ਦੁਨੀਆਂ ਦੀ ਚਮਕ-ਦਮਕ ਨਾਲ ਕਰਦੇ ਹਾਂ, ਤਾਂ ਇਹ ਚਮਕ-ਦਮਕ ਫਿੱਕੀ ਪੈ ਜਾਂਦੀ ਹੈ। (1 ਤਿਮੋਥਿਉਸ 6:17-19) ਜਦੋਂ ਅਸੀਂ ਅਨੈਤਿਕ ਕੰਮ ਕਰਨ ਲਈ ਪਰਤਾਏ ਜਾਂਦੇ ਹਾਂ, ਤਾਂ ਅਸੀਂ ਫ਼ੌਰਨ ਇਸ ਦਾ ਵਿਰੋਧ ਕਰਾਂਗੇ। ਜੇ ਅਸੀਂ ਯਹੋਵਾਹ ਨੂੰ ਨਾਰਾਜ਼ ਕਰਨ ਵਾਲੇ ਕੰਮ ਕਰਦੇ ਹੋਏ ਆਰਮਾਗੇਡਨ ਆਉਣ ਤੋਂ ਪਹਿਲਾਂ ਹੀ ਮਰ ਗਏ, ਤਾਂ ਸਾਡੀ ਹਾਲਤ ਵੀ ਉਨ੍ਹਾਂ ਲੋਕਾਂ ਵਰਗੀ ਹੋਵੇਗੀ ਜਿਨ੍ਹਾਂ ਦੇ ਮੁੜ ਜੀ ਉੱਠਣ ਦੀ ਕੋਈ ਉਮੀਦ ਨਹੀਂ ਹੈ।

19. ਸਾਨੂੰ ਕਿਸ ਸ਼ਾਨਦਾਰ ਮੌਕੇ ਨੂੰ ਯਾਦ ਰੱਖਣਾ ਚਾਹੀਦਾ ਹੈ?

19 ਸਭ ਤੋਂ ਜ਼ਰੂਰੀ ਗੱਲ ਸਾਨੂੰ ਇਹ ਯਾਦ ਰੱਖਣੀ ਚਾਹੀਦੀ ਹੈ ਕਿ ਸਾਡੇ ਕੋਲ ਯਹੋਵਾਹ ਦੇ ਜੀ ਨੂੰ ਹੁਣ ਅਤੇ ਹਮੇਸ਼ਾ ਲਈ ਖ਼ੁਸ਼ ਕਰਨ ਦਾ ਸ਼ਾਨਦਾਰ ਮੌਕਾ ਹੈ। (ਕਹਾਉਤਾਂ 27:11) ਮੌਤ ਤਾਈਂ ਵਫ਼ਾਦਾਰ ਰਹਿਣ ਜਾਂ ਇਸ ਦੁਨੀਆਂ ਦੇ ਖ਼ਤਮ ਹੋਣ ਤਕ ਖਰਿਆਈ ਬਣਾਈ ਰੱਖਣ ਨਾਲ ਅਸੀਂ ਯਹੋਵਾਹ ਨੂੰ ਦਿਖਾਵਾਂਗੇ ਕਿ ਅਸੀਂ ਉਸ ਦੇ ਹਕੂਮਤ ਕਰਨ ਦੇ ਹੱਕ ਦੇ ਹਿਮਾਇਤੀ ਹਾਂ। ਫਿਰ ਅਸੀਂ ਬਾਗ਼ ਬਣੀ ਧਰਤੀ ਉੱਤੇ ਖ਼ੁਸ਼ੀ-ਖ਼ੁਸ਼ੀ ਜੀਵਨ ਗੁਜ਼ਾਰਾਂਗੇ ਭਾਵੇਂ ਅਸੀਂ ਵੱਡੇ ਕਸ਼ਟ ਵਿੱਚੋਂ ਬਚ ਕੇ ਇਹ ਜੀਵਨ ਪਾਵਾਂਗੇ ਜਾਂ ਫਿਰ ਮੁੜ ਜ਼ਿੰਦਾ ਹੋ ਕੇ!

ਸਾਡੀਆਂ ਇੱਛਾਵਾਂ ਪੂਰੀਆਂ ਕੀਤੀਆਂ ਜਾਣਗੀਆਂ

20, 21. ਕਿਹੜੀ ਗੱਲ ਵਫ਼ਾਦਾਰ ਰਹਿਣ ਵਿਚ ਸਾਡੀ ਮਦਦ ਕਰੇਗੀ ਭਾਵੇਂ ਕਿ ਮੁੜ ਜੀ ਉੱਠਣ ਬਾਰੇ ਸਾਨੂੰ ਕਈ ਸਵਾਲਾਂ ਦੇ ਜਵਾਬ ਮਿਲਣੇ ਬਾਕੀ ਹਨ? ਸਮਝਾਓ।

20 ਮੁੜ ਜੀ ਉੱਠਣ ਦੀ ਉਮੀਦ ਬਾਰੇ ਚਰਚਾ ਕਰਦਿਆਂ ਸਾਨੂੰ ਕੁਝ ਸਵਾਲਾਂ ਦੇ ਜਵਾਬ ਨਹੀਂ ਮਿਲੇ। ਯਹੋਵਾਹ ਉਨ੍ਹਾਂ ਲੋਕਾਂ ਦੇ ਸੰਬੰਧ ਵਿਚ ਕੀ ਕਰੇਗਾ ਜੋ ਮਰਨ ਤੋਂ ਪਹਿਲਾਂ ਵਿਆਹੇ ਹੋਏ ਸਨ? (ਲੂਕਾ 20:34, 35) ਕੀ ਲੋਕ ਉਸੇ ਥਾਂ ਤੇ ਜੀ ਉੱਠਣਗੇ ਜਿੱਥੇ ਉਹ ਮਰੇ ਸਨ? ਕੀ ਉਹ ਆਪਣੇ ਪਰਿਵਾਰਾਂ ਦੇ ਨੇੜੇ-ਤੇੜੇ ਹੀ ਕਿਤੇ ਜ਼ਿੰਦਾ ਕੀਤਾ ਜਾਣਗੇ? ਇਸ ਤਰ੍ਹਾਂ ਦੇ ਹੋਰ ਵੀ ਸਵਾਲ ਹਨ ਜਿਨ੍ਹਾਂ ਦੇ ਜਵਾਬ ਮਿਲਣੇ ਬਾਕੀ ਹਨ। ਪਰ ਸਾਨੂੰ ਯਿਰਮਿਯਾਹ ਦੇ ਸ਼ਬਦ ਮਨ ਵਿਚ ਰੱਖਣੇ ਚਾਹੀਦੇ ਹਨ: “ਯਹੋਵਾਹ ਉਹ ਦੇ ਲਈ ਭਲਾ ਹੈ ਜਿਹੜਾ ਉਸ ਨੂੰ ਉਡੀਕਦਾ ਹੈ, ਉਸ ਜਾਨ ਲਈ ਜਿਹੜੀ ਉਸ ਦੀ ਤਾਲਿਬ ਹੈ। ਭਲਾ ਹੈ ਕਿ ਮਨੁੱਖ ਚੁੱਪ ਚਾਪ ਯਹੋਵਾਹ ਦੇ ਬਚਾਉ ਲਈ ਆਸਾ ਰੱਖੇ।” (ਵਿਰਲਾਪ 3:25, 26) ਯਹੋਵਾਹ ਸਮਾਂ ਆਉਣ ਤੇ ਸਾਡੇ ਸਾਰੇ ਸਵਾਲਾਂ ਦੇ ਜਵਾਬ ਦੇ ਦੇਵੇਗਾ। ਅਸੀਂ ਇਹ ਕਿਉਂ ਕਹਿ ਸਕਦੇ ਹਾਂ?

21 ਜ਼ਬੂਰਾਂ ਦੇ ਲਿਖਾਰੀ ਦੇ ਇਨ੍ਹਾਂ ਸ਼ਬਦਾਂ ਤੇ ਗੌਰ ਕਰੋ ਜਦੋਂ ਉਸ ਨੇ ਯਹੋਵਾਹ ਬਾਰੇ ਕਿਹਾ: “ਤੂੰ ਆਪਣਾ ਹੱਥ ਖੋਲ੍ਹਦਾ ਹੈਂ, ਅਤੇ ਸਾਰੇ ਜੀਆਂ ਦੀ ਇੱਛਿਆ ਪੂਰੀ ਕਰਦਾ ਹੈਂ।” (ਜ਼ਬੂਰਾਂ ਦੀ ਪੋਥੀ 145:16) ਜਿੱਦਾਂ-ਜਿੱਦਾਂ ਅਸੀਂ ਵੱਡੇ ਹੁੰਦੇ ਜਾਂਦੇ ਹਾਂ, ਸਾਡੀਆਂ ਇੱਛਾਵਾਂ ਬਦਲਦੀਆਂ ਰਹਿੰਦੀਆਂ ਹਨ। ਹੁਣ ਸਾਡੀਆਂ ਇੱਛਾਵਾਂ ਉਹ ਨਹੀਂ ਹਨ ਜੋ ਅਸੀਂ ਬਚਪਨ ਵਿਚ ਰੱਖਦੇ ਸਾਂ। ਜ਼ਿੰਦਗੀ ਬਾਰੇ ਅਸੀਂ ਜਿਸ ਤਰ੍ਹਾਂ ਦਾ ਨਜ਼ਰੀਆ ਰੱਖਦੇ ਹਾਂ, ਉਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਅਸੀਂ ਕਿਨ੍ਹਾਂ ਹਾਲਾਤਾਂ ਵਿੱਚੋਂ ਗੁਜ਼ਰਦੇ ਹਾਂ ਤੇ ਕਿਹੜੀਆਂ ਖ਼ਾਹਸ਼ਾਂ ਰੱਖਦੇ ਹਾਂ। ਪਰ ਫਿਰ ਵੀ ਨਵੀਂ ਦੁਨੀਆਂ ਵਿਚ ਅਸੀਂ ਜੋ ਵੀ ਉਚਿਤ ਇੱਛਾਵਾਂ ਰੱਖਾਂਗੇ, ਯਹੋਵਾਹ ਉਨ੍ਹਾਂ ਨੂੰ ਜ਼ਰੂਰ ਪੂਰਾ ਕਰੇਗਾ।

22. ਸਾਡੇ ਕੋਲ ਯਹੋਵਾਹ ਦੀ ਮਹਿਮਾ ਕਰਨ ਦਾ ਚੰਗਾ ਕਾਰਨ ਕਿਉਂ ਹੈ?

22 ਹੁਣ ਮੁਕਦੀ ਗੱਲ ਇਹ ਹੈ ਕਿ ਅਸੀਂ ਵਫ਼ਾਦਾਰ ਰਹੀਏ। “ਮੁਖਤਿਆਰਾਂ ਵਿੱਚ ਇਹ ਚਾਹੀਦਾ ਹੈ ਜੋ ਓਹ ਮਾਤਬਰ” ਯਾਨੀ ਵਫ਼ਾਦਾਰ ਰਹਿਣ। (1 ਕੁਰਿੰਥੀਆਂ 4:2) ਅਸੀਂ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦੇ ਮੁਖਤਿਆਰ ਹਾਂ। ਹਰ ਕਿਸੇ ਨੂੰ ਇਹ ਖ਼ੁਸ਼ ਖ਼ਬਰੀ ਸੁਣਾਉਣ ਵਿਚ ਲੱਗੇ ਰਹਿਣ ਨਾਲ ਅਸੀਂ ਜੀਵਨ ਦੇ ਰਾਹ ਤੇ ਚੱਲਦੇ ਰਹਿ ਸਕਾਂਗੇ। ਇਹ ਗੱਲ ਕਦੇ ਨਾ ਭੁੱਲੋ ਕਿ “ਹਰ ਕਿਸੇ ਉੱਤੇ ਬੁਰਾ ਸਮਾਂ ਆਉਂਦਾ ਹੈ।” (ਉਪਦੇਸ਼ਕ 9:11, ਪਵਿੱਤਰ ਬਾਈਬਲ ਨਵਾਂ ਅਨੁਵਾਦ) ਜ਼ਿੰਦਗੀ ਦੇ ਕਿਸੇ ਵੀ ਮੋੜ ਤੇ ਕੁਝ ਵੀ ਹੋ ਸਕਦਾ ਹੈ। ਇਸ ਕਰਕੇ ਫ਼ਜ਼ੂਲ ਚਿੰਤਾ ਤੋਂ ਬਚਣ ਲਈ ਮੁੜ ਜੀ ਉੱਠਣ ਦੀ ਸ਼ਾਨਦਾਰ ਉਮੀਦ ਨੂੰ ਤਕੜਾਈ ਨਾਲ ਫੜੀ ਰੱਖੋ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਮਸੀਹ ਦਾ ਹਜ਼ਾਰ ਸਾਲ ਦਾ ਰਾਜ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੌਤ ਦੀ ਨੀਂਦ ਸੌਂ ਜਾਓਗੇ, ਤਾਂ ਤੁਸੀਂ ਹੌਸਲਾ ਰੱਖ ਸਕਦੇ ਹੋ ਕਿ ਮੌਤ ਦੇ ਚੁੰਗਲ ਵਿੱਚੋਂ ਤੁਹਾਨੂੰ ਜ਼ਰੂਰ ਛੁਡਾਇਆ ਜਾਵੇਗਾ। ਯਹੋਵਾਹ ਦਾ ਸਮਾਂ ਆਉਣ ਤੇ ਤੁਸੀਂ ਵੀ ਸਿਰਜਣਹਾਰ ਨੂੰ ਕਹੇ ਅੱਯੂਬ ਦੇ ਇਹ ਸ਼ਬਦ ਦੁਹਰਾਓਗੇ: “ਤੂੰ ਪੁਕਾਰੇਂਗਾ ਅਤੇ ਮੈਂ ਤੈਨੂੰ ਉੱਤਰ ਦਿਆਂਗਾ।” ਇਸ ਸਭ ਕਾਸੇ ਲਈ ਯਹੋਵਾਹ ਦੀ ਮਹਿਮਾ ਹੋਵੇ ਜੋ ਬੇਸਬਰੀ ਨਾਲ ਉਨ੍ਹਾਂ ਸਾਰੇ ਲੋਕਾਂ ਨੂੰ ਮੁੜ ਜੀ ਉਠਾਉਣ ਦੀ ਉਡੀਕ ਕਰਦਾ ਹੈ ਜੋ ਉਸ ਦੀ ਯਾਦਾਸ਼ਤ ਵਿਚ ਹਨ!—ਅੱਯੂਬ 14:15.

[ਫੁਟਨੋਟ]

^ ਪੈਰਾ 2 ਯਹੋਵਾਹ ਦੇ ਗਵਾਹਾਂ ਦੁਆਰਾ ਛਾਪਿਆ 8 ਜੁਲਾਈ 1988, ਜਾਗਰੂਕ ਬਣੋ! (ਅੰਗ੍ਰੇਜ਼ੀ), ਸਫ਼ਾ 10 ਦੇਖੋ।

ਕੀ ਤੁਹਾਨੂੰ ਯਾਦ ਹੈ?

• ਹਜ਼ਾਰ ਸਾਲ ਦੌਰਾਨ ਲੋਕਾਂ ਦਾ ਨਿਆਂ ਕਿਸ ਆਧਾਰ ਤੇ ਹੋਵੇਗਾ?

• ਕੁਝ ਲੋਕ ਕਿਉਂ “ਜੀਉਣ ਦੀ ਕਿਆਮਤ” ਲਈ ਤੇ ਦੂਸਰੇ “ਨਿਆਉਂ ਦੀ ਕਿਆਮਤ” ਲਈ ਜੀ ਉੱਠਣਗੇ?

• ਮੁੜ ਜੀ ਉੱਠਣ ਦੀ ਉਮੀਦ ਤੋਂ ਸਾਨੂੰ ਹੁਣ ਕਿਵੇਂ ਹੌਸਲਾ ਮਿਲ ਸਕਦਾ ਹੈ?

ਜ਼ਬੂਰਾਂ ਦੀ ਪੋਥੀ 145:16 ਦੇ ਸ਼ਬਦ ਸਾਡੀ ਕਿਵੇਂ ਮਦਦ ਕਰਦੇ ਹਨ ਭਾਵੇਂ ਕਿ ਮੁੜ ਜ਼ਿੰਦਾ ਹੋਣ ਬਾਰੇ ਕੁਝ ਸਵਾਲਾਂ ਦੇ ਜਵਾਬ ਮਿਲਣੇ ਬਾਕੀ ਹਨ?

[ਸਵਾਲ]

[ਸਫ਼ੇ 21 ਉੱਤੇ ਤਸਵੀਰ]

ਮੁੜ ਜੀ ਉੱਠਣ ਦੀ ਉਮੀਦ ਵਿਚ ਨਿਹਚਾ ਕਰਨ ਨਾਲ ਸਾਨੂੰ ਹੁਣ ਕਿਵੇਂ ਮਦਦ ਮਿਲਦੀ ਹੈ?