Skip to content

Skip to table of contents

ਸਰੀਰ ਕਮਜ਼ੋਰ, ਪਰ ਨਿਹਚਾ ਪੱਕੀ

ਸਰੀਰ ਕਮਜ਼ੋਰ, ਪਰ ਨਿਹਚਾ ਪੱਕੀ

ਜੀਵਨੀ

ਸਰੀਰ ਕਮਜ਼ੋਰ, ਪਰ ਨਿਹਚਾ ਪੱਕੀ

ਲੇਓਪੋਲਟ ਇੰਗਲਾਇਟਨਾ ਦੀ ਜ਼ਬਾਨੀ

ਐੱਸ. ਐੱਸ. ਅਫ਼ਸਰ ਨੇ ਪਸਤੌਲ ਮੇਰੀ ਪੁੜਪੁੜੀ ਤੇ ਰੱਖ ਕੇ ਪੁੱਛਿਆ: “ਕੀ ਤੂੰ ਮਰਨ ਲਈ ਤਿਆਰ ਹੈਂ? ਤੇਰੇ ਵਰਗੇ ਮੂਰਖ ਨੂੰ ਜੀਣ ਦਾ ਕੋਈ ਹੱਕ ਨਹੀਂ।” ਮੈਂ ਆਪਣੇ ਡਰ ਨੂੰ ਦਬਾਉਂਦੇ ਹੋਏ ਸਾਫ਼ ਆਵਾਜ਼ ਵਿਚ ਕਿਹਾ, “ਮੈਂ ਤਿਆਰ ਹਾਂ।” ਮੈਂ ਆਪਣੀਆਂ ਅੱਖਾਂ ਬੰਦ ਕਰ ਕੇ ਗੋਲੀ ਦੀ ਉਡੀਕ ਕਰਨ ਲੱਗਾ, ਪਰ ਗੋਲੀ ਨਹੀਂ ਚੱਲੀ। “ਤੇਰੇ ਵਰਗੇ ਨਿਕੰਮੇ ਬੰਦੇ ਨੂੰ ਗੋਲੀ ਮਾਰਨੀ ਵੀ ਗੋਲੀ ਬਰਬਾਦ ਕਰਨੀ ਹੈ!” ਉਸ ਨੇ ਚਿਲਾਉਂਦੇ ਹੋਏ ਕਿਹਾ ਅਤੇ ਪਸਤੌਲ ਹਟਾ ਲਿਆ। ਪਰ ਮੈਨੂੰ ਮੌਤ ਦਾ ਸਾਮ੍ਹਣਾ ਕਿਉਂ ਕਰਨਾ ਪਿਆ?

ਮੇਰਾ ਜਨਮ 23 ਜੁਲਾਈ 1905 ਨੂੰ ਆਈਗਨ-ਫੋਗਲਹੁਬ ਨਗਰ ਵਿਚ ਹੋਇਆ ਸੀ ਜੋ ਆਸਟ੍ਰੀਆ ਦੇ ਐਲਪਸ ਪਰਬਤਾਂ ਵਿਚ ਹੈ। ਮੇਰੇ ਪਿਤਾ ਜੀ ਆਰੇ ਤੇ ਕੰਮ ਕਰਦੇ ਸਨ। ਮੈਂ ਉਨ੍ਹਾਂ ਦਾ ਜੇਠਾ ਪੁੱਤ ਸੀ। ਮੇਰੇ ਮਾਤਾ-ਪਿਤਾ ਭਾਵੇਂ ਗ਼ਰੀਬ ਸਨ, ਪਰ ਬੜੇ ਮਿਹਨਤੀ ਸਨ। ਮੇਰਾ ਬਚਪਨ ਸਾਲਜ਼ਬਰਗ ਨੇੜੇ ਬਾਟ ਇਸ਼ਲ ਨਾਂ ਦੇ ਨਗਰ ਵਿਚ ਬੀਤਿਆ। ਇਸ ਸੋਹਣੇ ਪਹਾੜੀ ਇਲਾਕੇ ਵਿਚ ਬਹੁਤ ਸਾਰੀਆਂ ਸੁੰਦਰ ਝੀਲਾਂ ਹਨ।

ਛੋਟੇ ਹੁੰਦਿਆਂ ਮੈਂ ਕਈ ਵਾਰ ਸੋਚਦਾ ਹੁੰਦਾ ਸੀ ਕਿ ਜ਼ਿੰਦਗੀ ਨੇ ਸਾਡੇ ਨਾਲ ਕਿੰਨੀ ਬੇਇਨਸਾਫ਼ੀ ਕੀਤੀ। ਇਕ ਤਾਂ ਗ਼ਰੀਬੀ ਨੇ ਸਾਡੀ ਜਾਨ ਸੂਲੀ ਤੇ ਟੰਗੀ ਹੋਈ ਸੀ। ਦੂਜਾ, ਮੇਰੀ ਰੀੜ੍ਹ ਦੀ ਹੱਡੀ ਵਿਚ ਨੁਕਸ ਸੀ। ਮੇਰੀ ਪਿੱਠ ਵਿਚ ਬਹੁਤ ਦਰਦ ਹੋਣ ਕਰਕੇ ਮੈਂ ਸਿੱਧਾ ਖੜ੍ਹਾ ਨਹੀਂ ਹੋ ਸਕਦਾ ਸੀ। ਸਕੂਲ ਵਿਚ ਮੈਂ ਖੇਡ ਨਹੀਂ ਸਕਦਾ ਸੀ ਜਿਸ ਲਈ ਬਾਕੀ ਬੱਚੇ ਮੇਰਾ ਮਖੌਲ ਉਡਾਉਂਦੇ ਸਨ।

ਪਹਿਲਾ ਵਿਸ਼ਵ ਯੁੱਧ ਖ਼ਤਮ ਹੋਣ ਤੋਂ ਬਾਅਦ, ਮੈਂ ਗ਼ਰੀਬੀ ਤੋਂ ਛੁਟਕਾਰਾ ਪਾਉਣ ਲਈ ਕੋਈ ਕੰਮ-ਧੰਦਾ ਕਰਨ ਦਾ ਫ਼ੈਸਲਾ ਕੀਤਾ। ਉਸ ਵੇਲੇ ਮੈਂ ਲਗਭਗ 14 ਸਾਲਾਂ ਦਾ ਸੀ। ਭੁੱਖ ਨਾਲ ਹਮੇਸ਼ਾ ਮੇਰੇ ਢਿੱਡ ਵਿਚ ਖੋਹ ਪੈਂਦੀ ਰਹਿੰਦੀ ਸੀ ਅਤੇ ਮੈਂ ਸਪੈਨਿਸ਼ ਫਲੂ ਕਰਕੇ ਵੀ ਬਹੁਤ ਕਮਜ਼ੋਰ ਹੋ ਗਿਆ ਸੀ। ਇਸ ਬੀਮਾਰੀ ਨੇ ਲੱਖਾਂ ਲੋਕਾਂ ਨੂੰ ਮੌਤ ਦੇ ਮੂੰਹ ਵਿਚ ਧੱਕ ਦਿੱਤਾ ਸੀ। ਜਦ ਮੈਂ ਕੋਈ ਕੰਮ ਲੱਭਣ ਜਾਂਦਾ, ਤਾਂ ਕਿਸਾਨ ਮੇਰੇ ਵੱਲ ਦੇਖ ਕੇ ਕਹਿ ਦਿੰਦੇ: “ਤੇਰੇ ਵਰਗਾ ਕਮਜ਼ੋਰ ਮੁੰਡਾ ਸਾਡੇ ਕਿਸ ਕੰਮ ਦਾ?” ਪਰ ਇਕ ਕਿਸਾਨ ਨੇ ਮੇਰੇ ਉੱਤੇ ਤਰਸ ਖਾ ਕੇ ਮੈਨੂੰ ਕੰਮ ਤੇ ਰੱਖ ਲਿਆ।

ਪਰਮੇਸ਼ੁਰ ਦੇ ਪਿਆਰ ਦਾ ਸਬੂਤ

ਭਾਵੇਂ ਮਾਤਾ ਜੀ ਕੈਥੋਲਿਕ ਧਰਮ ਨੂੰ ਮੰਨਦੇ ਸਨ, ਪਰ ਮੈਂ ਘੱਟ ਹੀ ਚਰਚ ਜਾਂਦਾ ਸੀ ਕਿਉਂਕਿ ਮੇਰੇ ਪਿਤਾ ਜੀ ਖੁੱਲ੍ਹੇ ਵਿਚਾਰਾਂ ਵਾਲੇ ਸਨ। ਰੋਮਨ ਕੈਥੋਲਿਕ ਚਰਚ ਵਿਚ ਮੂਰਤੀਆਂ ਦੀ ਪੂਜਾ ਕੀਤੀ ਜਾਂਦੀ ਸੀ ਅਤੇ ਇਹ ਗੱਲ ਮੈਨੂੰ ਠੀਕ ਨਹੀਂ ਲੱਗਦੀ ਸੀ।

ਅਕਤੂਬਰ 1931 ਵਿਚ ਇਕ ਦੋਸਤ ਨੇ ਮੈਨੂੰ ਉਸ ਨਾਲ ਬਾਈਬਲ ਸਟੂਡੈਂਟਸ ਦੀ ਸਭਾ ਵਿਚ ਜਾਣ ਲਈ ਕਿਹਾ। ਉਸ ਸਮੇਂ ਯਹੋਵਾਹ ਦੇ ਗਵਾਹਾਂ ਨੂੰ ਬਾਈਬਲ ਸਟੂਡੈਂਟਸ ਕਿਹਾ ਜਾਂਦਾ ਸੀ। ਉਸ ਸਭਾ ਵਿਚ ਮੈਨੂੰ ਆਪਣੇ ਕੁਝ ਜ਼ਰੂਰੀ ਸਵਾਲਾਂ ਦੇ ਜਵਾਬ ਮਿਲੇ। ਮਿਸਾਲ ਲਈ: ਕੀ ਮੂਰਤੀ-ਪੂਜਾ ਪਰਮੇਸ਼ੁਰ ਨੂੰ ਪਸੰਦ ਹੈ? (ਕੂਚ 20:4, 5) ਕੀ ਨਰਕ ਵਰਗੀ ਕੋਈ ਜਗ੍ਹਾ ਹੈ? (ਉਪਦੇਸ਼ਕ ਦੀ ਪੋਥੀ 9:5) ਕੀ ਮੁਰਦਿਆਂ ਨੂੰ ਦੁਬਾਰਾ ਜ਼ਿੰਦਾ ਕੀਤਾ ਜਾਵੇਗਾ?—ਯੂਹੰਨਾ 5:28, 29.

ਸਭ ਤੋਂ ਚੰਗੀ ਗੱਲ ਮੈਂ ਇਹ ਸਿੱਖੀ ਕਿ ਲੜਾਈਆਂ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਗ਼ਲਤ ਹਨ, ਭਾਵੇਂ ਇਹ ਉਸ ਦੇ ਨਾਂ ਤੇ ਲੜੀਆਂ ਜਾਂਦੀਆਂ ਹਨ। ਮੈਨੂੰ ਪਤਾ ਲੱਗਾ ਕਿ “ਪਰਮੇਸ਼ੁਰ ਪ੍ਰੇਮ ਹੈ” ਅਤੇ ਉਸ ਦਾ ਇਕ ਨਾਂ ਹੈ, ਯਹੋਵਾਹ। (1 ਯੂਹੰਨਾ 4:8; ਜ਼ਬੂਰਾਂ ਦੀ ਪੋਥੀ 83:18) ਮੈਂ ਇਹ ਜਾਣ ਕੇ ਬਹੁਤ ਖ਼ੁਸ਼ ਹੋਇਆ ਕਿ ਯਹੋਵਾਹ ਦੇ ਰਾਜ ਅਧੀਨ ਇਨਸਾਨ ਸੁੱਖ-ਸ਼ਾਂਤੀ ਨਾਲ ਹਮੇਸ਼ਾ ਲਈ ਸੁੰਦਰ ਧਰਤੀ ਉੱਤੇ ਜੀ ਸਕਣਗੇ। ਮੈਂ ਇਹ ਵੀ ਸਿੱਖਿਆ ਕਿ ਰੱਬ ਨੇ ਕੁਝ ਇਨਸਾਨਾਂ ਲਈ ਰਾਹ ਖੋਲ੍ਹਿਆ ਹੈ ਕਿ ਉਹ ਸਵਰਗ ਵਿਚ ਯਿਸੂ ਨਾਲ ਰਾਜ ਕਰਨ। ਮੈਂ ਪਰਮੇਸ਼ੁਰ ਦੇ ਰਾਜ ਲਈ ਆਪਣਾ ਸਭ ਕੁਝ ਵਾਰਨ ਲਈ ਤਿਆਰ ਸੀ। ਸੋ ਮਈ 1932 ਵਿਚ ਮੈਂ ਬਪਤਿਸਮਾ ਲੈ ਕੇ ਯਹੋਵਾਹ ਦਾ ਇਕ ਗਵਾਹ ਬਣ ਗਿਆ। ਇਹ ਕਦਮ ਚੁੱਕਣ ਲਈ ਹਿੰਮਤ ਦੀ ਲੋੜ ਸੀ ਕਿਉਂਕਿ ਉਸ ਸਮੇਂ ਆਸਟ੍ਰੀਆ ਵਿਚ ਜ਼ਿਆਦਾਤਰ ਲੋਕ ਕੈਥੋਲਿਕ ਸਨ ਅਤੇ ਉਹ ਦੂਸਰੇ ਧਰਮਾਂ ਦੇ ਲੋਕਾਂ ਨੂੰ ਬਿਲਕੁਲ ਪਸੰਦ ਨਹੀਂ ਕਰਦੇ ਸਨ।

ਨਫ਼ਰਤ ਤੇ ਵਿਰੋਧ ਦਾ ਸਾਮ੍ਹਣਾ

ਮੇਰੇ ਮਾਪਿਆਂ ਨੂੰ ਬਹੁਤ ਧੱਕਾ ਲੱਗਾ ਜਦ ਮੈਂ ਚਰਚ ਜਾਣਾ ਛੱਡ ਦਿੱਤਾ ਅਤੇ ਪਾਦਰੀ ਨੇ ਗਿਰਜੇ ਵਿਚ ਇਹ ਖ਼ਬਰ ਸਾਰਿਆਂ ਨੂੰ ਸੁਣਾ ਦਿੱਤੀ। ਗੁਆਂਢੀ ਮੈਨੂੰ ਦੇਖ ਕੇ ਨਫ਼ਰਤ ਨਾਲ ਥੁੱਕਦੇ ਸਨ। ਫਿਰ ਵੀ, ਮੈਂ ਠਾਣ ਲਿਆ ਸੀ ਕਿ ਮੈਂ ਆਪਣਾ ਪੂਰਾ ਸਮਾਂ ਪ੍ਰਚਾਰ ਕਰਨ ਵਿਚ ਲਾਵਾਂਗਾ। ਇਸ ਲਈ ਜਨਵਰੀ 1934 ਵਿਚ ਮੈਂ ਪਾਇਨੀਅਰੀ ਕਰਨੀ ਸ਼ੁਰੂ ਕੀਤੀ।

ਸਾਡੇ ਸੂਬੇ ਵਿਚ ਨਾਜ਼ੀ ਪਾਰਟੀ ਦਾ ਜ਼ੋਰ ਵਧ ਰਿਹਾ ਸੀ ਜਿਸ ਕਰਕੇ ਸਿਆਸੀ ਹਾਲਤ ਵਿਗੜਦੀ ਜਾ ਰਹੀ ਸੀ। ਜਿਸ ਸਮੇਂ ਮੈਂ ਸਟਿਰੀਆ ਦੇ ਐਨਸ ਇਲਾਕੇ ਵਿਚ ਪ੍ਰਚਾਰ ਕਰ ਰਿਹਾ ਸੀ, ਪੁਲਸ ਹੱਥ ਧੋ ਕੇ ਮੇਰਾ ਪਿੱਛਾ ਕਰ ਰਹੀ ਸੀ ਅਤੇ ਮੈਨੂੰ ‘ਸੱਪਾਂ ਵਾਂਗ ਹੁਸ਼ਿਆਰ’ ਹੋਣਾ ਪਿਆ। (ਮੱਤੀ 10:16) ਮੈਂ 1934 ਤੋਂ 1938 ਦੌਰਾਨ ਬਹੁਤ ਜ਼ੁਲਮਾਂ ਦਾ ਸਾਮ੍ਹਣਾ ਕੀਤਾ। ਭਾਵੇਂ ਮੇਰੇ ਕੋਲ ਕੋਈ ਨੌਕਰੀ ਨਹੀਂ ਸੀ, ਪਰ ਸਰਕਾਰ ਨੇ ਮੈਨੂੰ ਬੇਰੁਜ਼ਗਾਰੀ ਭੱਤਾ ਦੇਣ ਤੋਂ ਇਨਕਾਰ ਕਰ ਦਿੱਤਾ। ਪ੍ਰਚਾਰ ਕਰਨ ਕਰਕੇ ਮੈਨੂੰ ਕਈ ਵਾਰ ਜੇਲ੍ਹ ਜਾਣਾ ਪਿਆ। ਕਈ ਵਾਰੀ ਮੈਂ ਥੋੜ੍ਹੇ ਵਕਤ ਲਈ ਜੇਲ੍ਹ ਵਿਚ ਰਿਹਾ, ਪਰ ਚਾਰ ਵਾਰ ਮੈਨੂੰ ਲੰਬੀ ਕੈਦ ਕੱਟਣੀ ਪਈ।

ਹਿਟਲਰ ਦੇ ਸਿਪਾਹੀਆਂ ਦਾ ਆਸਟ੍ਰੀਆ ਤੇ ਕਬਜ਼ਾ

ਮਾਰਚ 1938 ਵਿਚ ਹਿਟਲਰ ਦੇ ਸਿਪਾਹੀਆਂ ਨੇ ਆਸਟ੍ਰੀਆ ਉੱਤੇ ਚੜ੍ਹਾਈ ਕੀਤੀ। ਕੁਝ ਹੀ ਦਿਨਾਂ ਦੇ ਅੰਦਰ-ਅੰਦਰ ਲਗਭਗ 90,000 ਲੋਕਾਂ ਨੂੰ ਗਿਰਫ਼ਤਾਰ ਕਰ ਕੇ ਜੇਲ੍ਹਾਂ ਜਾਂ ਨਜ਼ਰਬੰਦੀ ਕੈਂਪਾਂ ਵਿਚ ਸੁੱਟਿਆ ਗਿਆ। ਉਨ੍ਹਾਂ ਉੱਤੇ ਨਾਜ਼ੀ ਹਕੂਮਤ ਦਾ ਵਿਰੋਧ ਕਰਨ ਦਾ ਦੋਸ਼ ਲਾਇਆ ਗਿਆ। ਸਾਲ 1937 ਵਿਚ ਮੇਰੀ ਕਲੀਸਿਯਾ ਦੇ ਕੁਝ ਭੈਣ-ਭਰਾ ਸਾਈਕਲ ਤੇ 350 ਕਿਲੋਮੀਟਰ ਦਾ ਸਫ਼ਰ ਕਰ ਕੇ ਪ੍ਰਾਗ ਵਿਚ ਹੋਏ ਅੰਤਰਰਾਸ਼ਟਰੀ ਸੰਮੇਲਨ ਵਿਚ ਗਏ ਸਨ। ਉੱਥੇ ਉਨ੍ਹਾਂ ਨੂੰ ਪਤਾ ਲੱਗਾ ਕਿ ਜਰਮਨੀ ਵਿਚ ਭੈਣਾਂ-ਭਰਾਵਾਂ ਉੱਤੇ ਕਿੰਨੇ ਜ਼ੁਲਮ ਢਾਹੇ ਜਾ ਰਹੇ ਸਨ। ਇਸ ਕਰਕੇ ਯਹੋਵਾਹ ਦੇ ਗਵਾਹ ਆਉਣ ਵਾਲੀਆਂ ਮੁਸ਼ਕਲਾਂ ਲਈ ਕੁਝ ਹੱਦ ਤਕ ਤਿਆਰ ਸਨ।

ਜਿਸ ਦਿਨ ਹਿਟਲਰ ਦੇ ਫ਼ੌਜੀਆਂ ਨੇ ਆਸਟ੍ਰੀਆ ਵਿਚ ਕਦਮ ਰੱਖਿਆ, ਉਸ ਦਿਨ ਤੋਂ ਯਹੋਵਾਹ ਦੇ ਗਵਾਹਾਂ ਨੂੰ ਲੁਕ-ਛਿਪ ਕੇ ਸਭਾਵਾਂ ਕਰਨੀਆਂ ਅਤੇ ਪ੍ਰਚਾਰ ਕਰਨਾ ਪਿਆ। ਭਾਵੇਂ ਬਾਈਬਲ ਦੇ ਪ੍ਰਕਾਸ਼ਨ ਸਵਿਟਜ਼ਰਲੈਂਡ ਦੀ ਸਰਹੱਦ ਤੋਂ ਚੋਰੀ ਲਿਆਏ ਜਾਂਦੇ ਸਨ, ਪਰ ਸਾਰਿਆਂ ਲਈ ਕਾਫ਼ੀ ਨਹੀਂ ਸਨ। ਇਸ ਲਈ ਵੀਐਨਾ ਵਿਚ ਕੁਝ ਗਵਾਹ ਲੁਕ-ਛਿਪ ਕੇ ਪ੍ਰਕਾਸ਼ਨ ਤਿਆਰ ਕਰਦੇ ਸਨ। ਕਈ ਵਾਰ ਮੈਂ ਇਹ ਪ੍ਰਕਾਸ਼ਨ ਭੈਣਾਂ-ਭਰਾਵਾਂ ਤਕ ਪਹੁੰਚਾਉਂਦਾ ਸੀ।

ਨਜ਼ਰਬੰਦੀ ਕੈਂਪ ਵਿਚ

ਜਦ ਅਸੀਂ 4 ਅਪ੍ਰੈਲ 1939 ਨੂੰ ਬਾਟ ਇਸ਼ਲ ਵਿਚ ਯਿਸੂ ਦੀ ਮੌਤ ਦੀ ਯਾਦਗਾਰ ਮਨਾ ਰਹੇ ਸੀ, ਤਾਂ ਗਸਤਾਪੋ ਪੁਲਸ ਨੇ ਮੈਨੂੰ ਅਤੇ ਤਿੰਨ ਹੋਰ ਭਰਾਵਾਂ ਨੂੰ ਗਿਰਫ਼ਤਾਰ ਕਰ ਲਿਆ। ਸਾਨੂੰ ਕਾਰ ਵਿਚ ਬਿਠਾ ਕੇ ਲਿਨਜ਼ ਦੇ ਪੁਲਸ ਹੈੱਡ-ਕੁਆਰਟਰ ਲੈ ਜਾਇਆ ਗਿਆ। ਮੈਂ ਪਹਿਲੀ ਵਾਰ ਕਾਰ ਵਿਚ ਬੈਠਾ ਸੀ, ਪਰ ਪਰੇਸ਼ਾਨ ਹੋਣ ਕਰਕੇ ਮੈਂ ਇਸ ਦਾ ਮਜ਼ਾ ਨਾ ਲੈ ਸਕਿਆ। ਲਿਨਜ਼ ਵਿਚ ਮੇਰੇ ਤੋਂ ਕਈ ਵਾਰ ਪੁੱਛ-ਗਿੱਛ ਕੀਤੀ ਗਈ ਤੇ ਤਸੀਹੇ ਦਿੱਤੇ ਗਏ। ਪਰ ਮੈਂ ਨਿਹਚਾ ਵਿਚ ਪੱਕਾ ਰਿਹਾ। ਪੰਜ ਮਹੀਨੇ ਬਾਅਦ ਮੈਨੂੰ ਅਪਰ ਆਸਟ੍ਰੀਆ ਵਿਚ ਜੱਜ ਸਾਮ੍ਹਣੇ ਪੇਸ਼ ਕੀਤਾ ਗਿਆ। ਮੇਰੇ ਤੇ ਕੀਤਾ ਗਿਆ ਮੁਕੱਦਮਾ ਵਾਪਸ ਲੈ ਲਿਆ ਗਿਆ। ਪਰ ਇਸ ਨਾਲ ਮੇਰੇ ਦੁੱਖਾਂ ਦਾ ਅੰਤ ਨਹੀਂ ਹੋਇਆ। ਇਸ ਸਮੇਂ ਦੌਰਾਨ ਉਨ੍ਹਾਂ ਤਿੰਨਾਂ ਭਰਾਵਾਂ ਨੂੰ ਨਜ਼ਰਬੰਦੀ ਕੈਂਪਾਂ ਵਿਚ ਭੇਜ ਦਿੱਤਾ ਗਿਆ ਜਿੱਥੇ ਮਰਦੇ ਦਮ ਤਕ ਉਹ ਵਫ਼ਾਦਾਰ ਰਹੇ।

ਮੈਨੂੰ ਕੈਦ ਰੱਖਿਆ ਗਿਆ ਅਤੇ 5 ਅਕਤੂਬਰ 1939 ਨੂੰ ਮੈਨੂੰ ਦੱਸਿਆ ਗਿਆ ਕਿ ਮੈਨੂੰ ਜਰਮਨੀ ਵਿਚ ਬੁਕਨਵਾਲਡ ਨਜ਼ਰਬੰਦੀ-ਕੈਂਪ ਵਿਚ ਲੈ ਜਾਇਆ ਜਾਵੇਗਾ। ਲਿਨਜ਼ ਸਟੇਸ਼ਨ ਤੇ ਕੈਦੀਆਂ ਲਈ ਇਕ ਖ਼ਾਸ ਰੇਲ-ਗੱਡੀ ਦਾ ਇੰਤਜ਼ਾਮ ਕੀਤਾ ਗਿਆ ਸੀ। ਡੱਬਿਆਂ ਦੇ ਛੋਟੇ-ਛੋਟੇ ਖਾਨੇ ਬਣਾਏ ਹੋਏ ਸਨ ਤੇ ਹਰ ਖਾਨੇ ਵਿਚ ਦੋ ਕੈਦੀ ਬੰਦ ਕੀਤੇ ਜਾ ਸਕਦੇ ਸਨ। ਮੇਰੇ ਨਾਲ ਜੋ ਕੈਦੀ ਸੀ ਉਹ ਅਪਰ ਆਸਟ੍ਰੀਆ ਦਾ ਸਾਬਕਾ ਗਵਰਨਰ ਡਾਕਟਰ ਹਾਈਨਰਿਖ਼ ਗਲੀਸਨਾ ਸੀ।

ਡਾਕਟਰ ਗਲੀਸਨਾ ਅਤੇ ਮੈਂ ਗੱਲਾਂ ਕਰਨ ਲੱਗ ਪਏ। ਉਸ ਨੂੰ ਮੇਰੀ ਕਹਾਣੀ ਸੁਣ ਕੇ ਮੇਰੇ ਉੱਤੇ ਤਰਸ ਆਇਆ। ਉਹ ਇਹ ਜਾਣ ਕੇ ਬਹੁਤ ਹੈਰਾਨ ਸੀ ਕਿ ਉਸ ਦੇ ਗਵਰਨਰ ਹੋਣ ਵੇਲੇ ਵੀ ਉਸ ਦੇ ਸੂਬੇ ਵਿਚ ਯਹੋਵਾਹ ਦੇ ਗਵਾਹਾਂ ਨੂੰ ਬਹੁਤ ਸਾਰੀਆਂ ਕਾਨੂੰਨੀ ਸਮੱਸਿਆਵਾਂ ਦਾ ਸਾਮ੍ਹਣਾ ਕਰਨਾ ਪਿਆ। ਉਸ ਨੇ ਭਰੇ ਦਿਲ ਨਾਲ ਕਿਹਾ: “ਸ਼੍ਰੀਮਾਨ ਇੰਗਲਾਇਟਨਾ ਸਾਡੀ ਸਰਕਾਰ ਨੇ ਜੋ ਬੇਇਨਸਾਫ਼ੀ ਤੁਹਾਡੇ ਨਾਲ ਕੀਤੀ ਹੈ, ਮੈਂ ਉਸ ਬਾਰੇ ਤਾਂ ਕੁਝ ਕਰ ਨਹੀਂ ਸਕਦਾ, ਪਰ ਮੈਂ ਮਾਫ਼ੀ ਜ਼ਰੂਰ ਮੰਗ ਸਕਦਾ ਹਾਂ। ਜੇ ਤੁਹਾਨੂੰ ਕਦੀ ਵੀ ਮਦਦ ਦੀ ਲੋੜ ਪਵੇ, ਤਾਂ ਮੈਂ ਆਪਣੀ ਵੱਲੋਂ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗਾ।” ਯੁੱਧ ਖ਼ਤਮ ਹੋਣ ਤੋਂ ਬਾਅਦ ਮੈਂ ਇਸ ਡਾਕਟਰ ਨੂੰ ਫਿਰ ਮਿਲਿਆ। ਉਸ ਨੇ ਨਾਜ਼ੀਆਂ ਦੇ ਹੱਥੋਂ ਜ਼ੁਲਮ ਸਹਿਣ ਵਾਲਿਆਂ ਲਈ ਸਰਕਾਰ ਤੋਂ ਰੀਟਾਇਰਮੈਂਟ ਪੈਸਾ ਦਿਲਾਉਣ ਵਿਚ ਮੇਰੀ ਮਦਦ ਕੀਤੀ।

“ਮੈਂ ਤੈਨੂੰ ਗੋਲੀ ਮਾਰ ਦਿਆਂਗਾ!”

ਮੈਂ 9 ਅਕਤੂਬਰ 1939 ਨੂੰ ਬੁਕਨਵਾਲਡ ਕੈਂਪ ਪਹੁੰਚਿਆ। ਇਸ ਤੋਂ ਥੋੜ੍ਹੀ ਦੇਰ ਬਾਅਦ ਕੈਂਪ ਦੇ ਅਫ਼ਸਰ ਨੂੰ ਦੱਸਿਆ ਗਿਆ ਕਿ ਨਵੇਂ ਕੈਦੀਆਂ ਵਿਚ ਯਹੋਵਾਹ ਦਾ ਇਕ ਗਵਾਹ ਵੀ ਸੀ ਅਤੇ ਮੈਂ ਉਸ ਦਾ ਖ਼ਾਸ ਨਿਸ਼ਾਨਾ ਬਣ ਗਿਆ। ਉਸ ਨੇ ਬੇਰਹਿਮੀ ਨਾਲ ਮੈਨੂੰ ਕੁੱਟਿਆ। ਫਿਰ ਜਦ ਉਸ ਨੂੰ ਅਹਿਸਾਸ ਹੋਇਆ ਕਿ ਮੈਂ ਆਪਣਾ ਧਰਮ ਨਹੀਂ ਛੱਡਾਂਗਾ, ਉਸ ਨੇ ਕਿਹਾ: “ਇੰਗਲਾਇਟਨਾ, ਮੈਂ ਤੈਨੂੰ ਗੋਲੀ ਮਾਰਨ ਵਾਲਾ ਹਾਂ! ਪਰ ਇਸ ਤੋਂ ਪਹਿਲਾਂ ਤੂੰ ਆਪਣੇ ਮਾਪਿਆਂ ਨੂੰ ਇਕ ਚਿੱਠੀ ਲਿਖ ਸਕਦਾ ਹੈਂ।” ਮੈਂ ਸੋਚ ਰਿਹਾ ਸੀ ਕਿ ਮੈਂ ਆਪਣੇ ਮਾਤਾ-ਪਿਤਾ ਨੂੰ ਕੀ ਲਿਖਾਂ, ਪਰ ਜਦ ਵੀ ਮੈਂ ਕੁਝ ਲਿਖਣ ਦੀ ਕੋਸ਼ਿਸ਼ ਕਰਦਾ, ਤਾਂ ਉਹ ਮੇਰੀ ਕੂਹਣੀ ਹਿਲਾ ਦਿੰਦਾ ਜਿਸ ਕਰਕੇ ਕਾਗਜ਼ ਤੇ ਸਿਰਫ਼ ਲਕੀਰਾਂ ਪੈ ਰਹੀਆਂ ਸਨ। ਮਖੌਲ ਉਡਾਉਂਦੇ ਹੋਏ ਉਸ ਨੇ ਕਿਹਾ: “ਕਿੰਨਾ ਬੁੱਧੂ ਹੈਂ, ਚੱਜ ਨਾਲ ਲਿਖ ਵੀ ਨਹੀਂ ਸਕਦਾ। ਫਿਰ ਵੀ ਬਾਈਬਲ ਪੜ੍ਹਨ ਦੀ ਜ਼ਿੱਦ ਕਰਦਾ ਹੈ!”

ਫਿਰ ਉਸ ਨੇ ਆਪਣਾ ਪਸਤੌਲ ਕੱਢਿਆ ਤੇ ਮੇਰੀ ਪੁੜਪੁੜੀ ਤੇ ਰੱਖ ਦਿੱਤਾ। ਜਿਸ ਤਰ੍ਹਾਂ ਮੈਂ ਇਸ ਬਾਰੇ ਸ਼ੁਰੂ ਵਿਚ ਦੱਸਿਆ ਸੀ, ਮੈਨੂੰ ਆਪਣੀ ਮੌਤ ਨਜ਼ਰ ਆਈ। ਪਰ ਮਾਰਨ ਦੀ ਬਜਾਇ ਉਸ ਨੇ ਮੈਨੂੰ ਇਕ ਛੋਟੀ ਕੋਠੜੀ ਵਿਚ ਧੱਕ ਦਿੱਤਾ ਜੋ ਕੈਦੀਆਂ ਨਾਲ ਭਰੀ ਹੋਈ ਸੀ। ਮੈਨੂੰ ਖੜ੍ਹੇ ਹੋ ਕੇ ਸਾਰੀ ਰਾਤ ਕੱਟਣੀ ਪਈ। ਵੈਸੇ ਵੀ, ਮੈਨੂੰ ਨੀਂਦ ਕਿੱਥੋਂ ਆਉਣੀ ਸੀ ਕਿਉਂਕਿ ਮੇਰਾ ਸਾਰਾ ਸਰੀਰ ਟੁੱਟ ਰਿਹਾ ਸੀ। ਨਾਲ ਦੇ ਕੈਦੀਆਂ ਨੇ ਮੈਨੂੰ ਕਿਹਾ ਕਿ “ਕਿਉਂ ਇਸ ਫਾਲਤੂ ਧਰਮ ਦੇ ਪਿੱਛੇ ਆਪਣੀ ਜਾਨ ਭੰਗ ਦੇ ਭਾੜੇ ਗੁਆ ਰਿਹਾਂ?” ਡਾਕਟਰ ਗਲੀਸਨਾ ਨਾਲ ਦੀ ਕੋਠੜੀ ਵਿਚ ਸੀ। ਉਸ ਨੇ ਸੁਣਿਆ ਸੀ ਕਿ ਮੇਰੇ ਨਾਲ ਕੀ ਹੋਇਆ ਸੀ ਅਤੇ ਉਸ ਨੇ ਦਰਦ ਭਰੇ ਲਹਿਜੇ ਵਿਚ ਕਿਹਾ: “ਮਸੀਹੀਆਂ ਦੇ ਖ਼ਿਲਾਫ਼ ਅਤਿਆਚਾਰ ਦਾ ਦੈਂਤ ਆਪਣਾ ਸਿਰ ਮੁੜ ਤੋਂ ਚੁੱਕ ਰਿਹਾ।”

ਸਾਲ 1940 ਦੀਆਂ ਗਰਮੀਆਂ ਵਿਚ ਇਕ ਦਿਨ ਐਤਵਾਰ ਨੂੰ ਸਾਰੇ ਕੈਦੀਆਂ ਨੂੰ ਕੰਮ ਕਰਨ ਲਈ ਕਿਹਾ ਗਿਆ। ਆਮ ਤੌਰ ਤੇ ਅਸੀਂ ਐਤਵਾਰ ਕੰਮ ਨਹੀਂ ਕਰਦੇ ਸੀ। ਕੁਝ ਕੈਦੀਆਂ ਦੀਆਂ ਗ਼ਲਤੀਆਂ ਦੀ ਸਜ਼ਾ ਸਾਰਿਆਂ ਨੂੰ ਭੁਗਤਣੀ ਪੈ ਰਹੀ ਸੀ। ਸਾਨੂੰ ਖਾਣ ਵਿੱਚੋਂ ਵੱਡੇ-ਵੱਡੇ ਪੱਥਰ ਚੁੱਕ ਕੇ ਕੈਂਪ ਤਕ ਲਿਆਉਣ ਦਾ ਹੁਕਮ ਦਿੱਤਾ ਗਿਆ। ਦੋ ਕੈਦੀ ਮੇਰੀ ਪਿੱਠ ਉੱਤੇ ਇਕ ਪੱਥਰ ਰੱਖਣ ਦੀ ਕੋਸ਼ਿਸ਼ ਕਰ ਰਹੇ ਸਨ। ਉਹ ਪੱਥਰ ਇੰਨਾ ਭਾਰਾ ਸੀ ਕਿ ਮੈਂ ਮਸਾਂ ਡਿੱਗਣ ਤੋਂ ਬਚਿਆ। ਜਦ ਕੈਂਪ ਦੇ ਨਿਗਰਾਨ ਨੇ ਦੇਖਿਆ ਕਿ ਕੀ ਹੋ ਰਿਹਾ ਸੀ ਉਹ ਅਚਾਨਕ ਹੀ ਸਾਡੇ ਵੱਲ ਆਇਆ। ਸਾਰੇ ਕੈਦੀ ਉਸ ਤੋਂ ਬਹੁਤ ਡਰਦੇ ਸਨ। ਪੱਥਰ ਚੁੱਕਣ ਵਿਚ ਮੈਨੂੰ ਤਕਲੀਫ਼ ਹੁੰਦੀ ਦੇਖ ਕੇ ਉਸ ਨੇ ਕਿਹਾ: “ਤੇਰੇ ਕੋਲੋਂ ਇਹ ਪੱਥਰ ਚੁੱਕ ਕੇ ਕੈਂਪ ਤਕ ਨਹੀਂ ਲੈ ਜਾਇਆ ਜਾਣਾ! ਇਸ ਨੂੰ ਫ਼ੌਰਨ ਥੱਲੇ ਰੱਖ ਦੇ!” ਮੈਂ ਇਹ ਹੁਕਮ ਮੰਨ ਕੇ ਸੁੱਖ ਦਾ ਸਾਹ ਲਿਆ। ਫਿਰ ਉਸ ਨੇ ਇਕ ਛੋਟੇ ਪੱਥਰ ਵੱਲ ਇਸ਼ਾਰਾ ਕਰਦੇ ਹੋਏ ਕਿਹਾ: “ਉਸ ਪੱਥਰ ਨੂੰ ਚੁੱਕ ਕੇ ਕੈਂਪ ਵਿਚ ਲੈ ਜਾ। ਇਹ ਚੁੱਕਣਾ ਤੇਰੇ ਲਈ ਆਸਾਨ ਹੋਵੇਗਾ!” ਬਾਅਦ ਵਿਚ ਉਸ ਨੇ ਸਾਡੀ ਨਿਗਰਾਨੀ ਕਰਨ ਵਾਲੇ ਫ਼ੌਜੀ ਨੂੰ ਹੁਕਮ ਦਿੱਤਾ: “ਇਨ੍ਹਾਂ ਬਾਈਬਲ ਸਟੂਡੈਂਟਸ ਨੂੰ ਕੈਂਪ ਵਿਚ ਵਾਪਸ ਲੈ ਜਾਓ। ਇਨ੍ਹਾਂ ਨੇ ਬਹੁਤ ਕੰਮ ਕਰ ਲਿਆ ਹੈ!”

ਸਾਰਾ ਦਿਨ ਕੰਮ ਕਰਨ ਤੋਂ ਬਾਅਦ ਮੈਂ ਖਿੜੇ ਮੱਥੇ ਆਪਣੇ ਭੈਣਾਂ-ਭਰਾਵਾਂ ਨੂੰ ਮਿਲਦਾ ਸੀ। ਅਸੀਂ ਰੂਹਾਨੀ ਖ਼ੁਰਾਕ ਵੰਡਣ ਦਾ ਇੰਤਜ਼ਾਮ ਕੀਤਾ ਹੋਇਆ ਸੀ। ਇਕ ਭਰਾ ਕਾਗਜ਼ ਦੇ ਟੁਕੜੇ ਤੇ ਬਾਈਬਲ ਦੀ ਇਕ ਆਇਤ ਲਿਖ ਲੈਂਦਾ ਸੀ ਅਤੇ ਦੂਸਰਿਆਂ ਨੂੰ ਦੇ ਦਿੰਦਾ ਸੀ। ਕੈਂਪ ਵਿਚ ਇਕ ਬਾਈਬਲ ਵੀ ਚੋਰੀ ਲਿਆਂਦੀ ਗਈ ਸੀ। ਅਸੀਂ ਇਸ ਦੀਆਂ ਕਿਤਾਬਾਂ ਪਾੜ ਕੇ ਵੱਖ-ਵੱਖ ਕਰ ਲਈਆਂ ਸਨ। ਤਿੰਨ ਮਹੀਨਿਆਂ ਤਕ ਮੇਰੇ ਕੋਲ ਅੱਯੂਬ ਦੀ ਪੋਥੀ ਸੀ। ਮੈਂ ਇਸ ਨੂੰ ਆਪਣੀਆਂ ਜੁਰਾਬਾਂ ਵਿਚ ਲੁਕਾ ਕੇ ਰੱਖਦਾ ਸੀ। ਇਸ ਪੋਥੀ ਨੂੰ ਪੜ੍ਹ ਕੇ ਮੈਨੂੰ ਨਿਹਚਾ ਵਿਚ ਪੱਕੇ ਰਹਿਣ ਵਿਚ ਮਦਦ ਮਿਲੀ।

ਮੈਂ ਵੀ 7 ਮਾਰਚ 1941 ਨੂੰ ਉਸ ਵੱਡੇ ਕਾਫ਼ਲੇ ਵਿਚ ਸੀ ਜਿਸ ਨੂੰ ਨੀਡਾਹਾਗਨ ਕੈਂਪ ਵਿਚ ਲਿਜਾਇਆ ਜਾ ਰਿਹਾ ਸੀ। ਦਿਨ-ਬ-ਦਿਨ ਮੇਰੀ ਸਿਹਤ ਖ਼ਰਾਬ ਹੁੰਦੀ ਜਾ ਰਹੀ ਸੀ। ਇਕ ਦਿਨ ਮੈਨੂੰ ਅਤੇ ਦੋ ਹੋਰ ਭਰਾਵਾਂ ਨੂੰ ਲੱਕੜ ਦੇ ਡੱਬਿਆਂ ਵਿਚ ਕੁਝ ਸਾਮਾਨ ਰੱਖਣ ਲਈ ਕਿਹਾ ਗਿਆ। ਇਹ ਕਰ ਕੇ ਅਸੀਂ ਬਾਕੀ ਕੈਦੀਆਂ ਨਾਲ ਕੈਂਪ ਨੂੰ ਵਾਪਸ ਜਾ ਰਹੇ ਸੀ। ਇਕ ਐੱਸ. ਐੱਸ. ਸਿਪਾਹੀ ਨੇ ਮੈਨੂੰ ਹੌਲੀ-ਹੌਲੀ ਤੁਰਦੇ ਦੇਖ ਕੇ ਗੁੱਸੇ ਵਿਚ ਆ ਕੇ ਜ਼ੋਰ ਨਾਲ ਮੇਰੀ ਢੁਈ ਤੇ ਲੱਤ ਮਾਰੀ ਜਿਸ ਕਰਕੇ ਮੇਰੇ ਬਹੁਤ ਸੱਟ ਲੱਗੀ। ਪੀੜ ਨੇ ਤਾਂ ਮੇਰੀ ਜਾਨ ਹੀ ਕੱਢ ਦਿੱਤੀ ਸੀ, ਫਿਰ ਵੀ ਅਗਲੇ ਦਿਨ ਮੈਂ ਕੰਮ ਕਰਨ ਗਿਆ।

ਅਚਾਨਕ ਛੁਟਕਾਰਾ

ਅਪ੍ਰੈਲ 1943 ਵਿਚ ਨੀਡਾਹਾਗਨ ਕੈਂਪ ਨੂੰ ਖਾਲੀ ਕੀਤਾ ਗਿਆ ਜਿਸ ਤੋਂ ਬਾਅਦ ਮੈਨੂੰ ਰੈਵਨਜ਼ਬਰੂਕ ਕੈਂਪ ਭੇਜਿਆ ਗਿਆ ਜਿੱਥੇ ਬਹੁਤ ਸਾਰੇ ਕੈਦੀਆਂ ਨੂੰ ਜਾਨੋਂ ਮਾਰਿਆ ਗਿਆ ਸੀ। ਫਿਰ ਜੂਨ 1943 ਵਿਚ ਮੈਨੂੰ ਇਸ ਕੈਂਪ ਤੋਂ ਰਿਹਾ ਹੋਣ ਦਾ ਮੌਕਾ ਮਿਲਿਆ। ਇਸ ਵਾਰ ਮੇਰੇ ਸਾਮ੍ਹਣੇ ਆਪਣਾ ਧਰਮ ਛੱਡਣ ਦੀ ਸ਼ਰਤ ਨਹੀਂ ਰੱਖੀ ਗਈ ਸੀ। ਮੈਨੂੰ ਸਿਰਫ਼ ਇਹ ਗੱਲ ਮੰਨਣੀ ਪੈਣੀ ਸੀ ਕਿ ਮੈਂ ਸਾਰੀ ਉਮਰ ਫਾਰਮ ਉੱਤੇ ਕੰਮ ਕਰਾਂਗਾ। ਕੈਂਪ ਦੀ ਦਹਿਸ਼ਤ ਤੋਂ ਬਚਣ ਲਈ ਮੈਨੂੰ ਇਹ ਮਨਜ਼ੂਰ ਸੀ। ਮੈਂ ਡਾਕਟਰੀ ਮੁਆਇਨਾ ਕਰਾਉਣ ਲਈ ਕੈਂਪ ਦੇ ਡਾਕਟਰ ਕੋਲ ਗਿਆ। ਡਾਕਟਰ ਮੈਨੂੰ ਦੇਖ ਕੇ ਹੈਰਾਨ ਰਹਿ ਗਿਆ। ਉਸ ਨੇ ਕਿਹਾ: “ਤੂੰ ਅਜੇ ਤਕ ਆਪਣਾ ਧਰਮ ਨਹੀਂ ਬਦਲਿਆ!” “ਨਹੀਂ ਜੀ, ਡਾਕਟਰ ਸਾਹਿਬ,” ਮੈਂ ਜਵਾਬ ਦਿੱਤਾ। “ਫਿਰ ਮੈਂ ਤੈਨੂੰ ਰਿਹਾ ਕਿਉਂ ਕਰਾਂ? ਪਰ ਤੇਰੇ ਵਰਗੇ ਮਾਂਦੇ ਇਨਸਾਨ ਤੋਂ ਪਿੱਛਾ ਛੁਡਾਉਣਾ ਚੰਗਾ ਹੋਵੇਗਾ।”

ਉਸ ਦੀ ਗੱਲ ਠੀਕ ਸੀ। ਮੇਰੀ ਸਿਹਤ ਬਹੁਤ ਹੀ ਖ਼ਰਾਬ ਸੀ। ਚਮਜੂੰਆਂ ਨੇ ਮੇਰੀ ਚਮੜੀ ਖਾਧੀ ਹੋਈ ਸੀ, ਮਾਰ-ਕੁੱਟ ਕਰਕੇ ਮੈਨੂੰ ਇਕ ਕੰਨੋਂ ਸੁਣਦਾ ਨਹੀਂ ਸੀ ਅਤੇ ਮੇਰਾ ਸਾਰਾ ਸਰੀਰ ਫੋੜਿਆਂ ਨਾਲ ਭਰਿਆ ਹੋਇਆ ਸੀ। ਲਗਭਗ 46 ਮਹੀਨੇ ਮੈਂ ਤੰਗਹਾਲੀ ਕੱਟੀ, ਭੁੱਖਾ ਰਿਹਾ ਤੇ ਮਜ਼ਦੂਰੀ ਕੀਤੀ ਜਿਸ ਕਰਕੇ ਮੇਰਾ ਭਾਰ ਕੇਵਲ 28 ਕਿਲੋ ਰਹਿ ਗਿਆ ਸੀ। ਇਸ ਹਾਲ ਵਿਚ ਮੈਨੂੰ 15 ਜੁਲਾਈ 1943 ਨੂੰ ਰੈਵਨਜ਼ਬਰੂਕ ਤੋਂ ਰਿਹਾ ਕੀਤਾ ਗਿਆ।

ਮੈਨੂੰ ਬਿਨਾਂ ਕਿਸੇ ਸਿਪਾਹੀ ਦੇ ਇਕੱਲੇ ਨੂੰ ਰੇਲ-ਗੱਡੀ ਵਿਚ ਆਪਣੇ ਸ਼ਹਿਰ ਵਾਪਸ ਭੇਜ ਦਿੱਤਾ ਗਿਆ ਅਤੇ ਲਿਨਜ਼ ਵਿਚ ਮੈਂ ਗਸਤਾਪੋ ਦੇ ਹੈੱਡ-ਕੁਆਰਟਰ ਵਿਚ ਹਾਜ਼ਰ ਹੋਇਆ। ਗਸਤਾਪੋ ਦੇ ਅਫ਼ਸਰ ਨੇ ਮੈਨੂੰ ਰਿਹਾਈ ਦੇ ਕਾਗਜ਼-ਪੱਤਰ ਦਿੰਦੇ ਹੋਏ ਚੇਤਾਵਨੀ ਦਿੱਤੀ: “ਜੇ ਤੂੰ ਸੋਚਦਾ ਹੈਂ ਕਿ ਅਸੀਂ ਤੈਨੂੰ ਇਸ ਲਈ ਛੱਡ ਰਹੇ ਹਾਂ ਤਾਂਕਿ ਤੂੰ ਚੋਰੀ-ਚੋਰੀ ਪ੍ਰਚਾਰ ਕਰ ਸਕੇਂ, ਤਾਂ ਇਹ ਤੇਰੀ ਗ਼ਲਤਫ਼ਹਿਮੀ ਹੈ। ਜੇ ਅਸੀਂ ਤੈਨੂੰ ਕਦੀ ਪ੍ਰਚਾਰ ਕਰਦੇ ਹੋਏ ਫੜਿਆ, ਤਾਂ ਤੇਰੀ ਖ਼ੈਰ ਨਹੀਂ!”

ਅਖ਼ੀਰ ਮੈਂ ਘਰ ਪਹੁੰਚ ਗਿਆ! ਮੇਰੇ ਕਮਰੇ ਵਿਚ ਹਰ ਚੀਜ਼ ਉੱਥੇ ਹੀ ਪਈ ਸੀ ਜਿੱਥੇ ਮੈਂ 4 ਅਪ੍ਰੈਲ 1939 ਨੂੰ ਛੱਡ ਕੇ ਗਿਆ ਸੀ। ਮੇਰੇ ਮਾਤਾ ਜੀ ਨੇ ਕਿਸੇ ਚੀਜ਼ ਨੂੰ ਹੱਥ ਨਹੀਂ ਲਾਇਆ ਸੀ। ਮੇਰੀ ਬਾਈਬਲ ਵੀ ਮੇਜ਼ ਉੱਤੇ ਖੁੱਲ੍ਹੀ ਪਈ ਸੀ। ਮੈਂ ਗੋਡਿਆਂ ਭਾਰ ਬੈਠ ਕੇ ਯਹੋਵਾਹ ਦਾ ਤਹਿ ਦਿਲੋਂ ਧੰਨਵਾਦ ਕੀਤਾ ਕਿ ਮੈਂ ਜੀਉਂਦਾ ਵਾਪਸ ਘਰ ਆ ਗਿਆ ਸੀ।

ਮੈਨੂੰ ਪਹਾੜਾਂ ਵਿਚ ਇਕ ਫਾਰਮ ਉੱਤੇ ਕੰਮ ਦਿੱਤਾ ਗਿਆ। ਉਹ ਕਿਸਾਨ ਮੇਰੇ ਬਚਪਨ ਦਾ ਦੋਸਤ ਸੀ ਅਤੇ ਉਸ ਨੇ ਮੈਨੂੰ ਥੋੜ੍ਹੀ ਤਨਖ਼ਾਹ ਵੀ ਦਿੱਤੀ ਭਾਵੇਂ ਕਿ ਉਸ ਲਈ ਇਸ ਤਰ੍ਹਾਂ ਕਰਨਾ ਜ਼ਰੂਰੀ ਨਹੀਂ ਸੀ। ਯੁੱਧ ਸ਼ੁਰੂ ਹੋਣ ਤੋਂ ਪਹਿਲਾਂ ਇਸੇ ਦੋਸਤ ਨੇ ਮੈਨੂੰ ਉਸ ਦੇ ਘਰ ਵਿਚ ਬਾਈਬਲ ਦਾ ਕੁਝ ਸਾਹਿੱਤ ਲੁਕਾਉਣ ਦਿੱਤਾ ਸੀ। ਮੈਂ ਕਿੰਨਾ ਖ਼ੁਸ਼ ਸੀ ਕਿ ਹੁਣ ਉਹੀ ਸਾਹਿੱਤ ਪੜ੍ਹ ਕੇ ਮੈਂ ਆਪਣੀ ਨਿਹਚਾ ਨੂੰ ਮਜ਼ਬੂਤ ਰੱਖ ਸਕਿਆ। ਮੈਨੂੰ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਸੀ ਅਤੇ ਮੈਂ ਫ਼ੈਸਲਾ ਕੀਤਾ ਕਿ ਯੁੱਧ ਖ਼ਤਮ ਹੋਣ ਤਕ ਮੈਂ ਇਸ ਫਾਰਮ ਤੇ ਹੀ ਰਹਾਂਗਾ।

ਪਹਾੜਾਂ ਵਿਚ ਮੈਨੂੰ ਸਿਰ ਲੁਕਾਉਣ ਦੀ ਜਗ੍ਹਾ ਲੱਭੀ

ਪਰ ਸਮੇਂ ਨੇ ਕਰਵਟ ਲਈ ਅਤੇ ਮੇਰਾ ਸੁੱਖ ਬਹੁਤਾ ਚਿਰ ਨਹੀਂ ਰਿਹਾ। ਅਗਸਤ 1943 ਵਿਚ ਮੈਨੂੰ ਡਾਕਟਰੀ ਮੁਆਇਨਾ ਕਰਾਉਣ ਲਈ ਮਿਲਟਰੀ ਦੇ ਡਾਕਟਰ ਨੂੰ ਮਿਲਣ ਦਾ ਹੁਕਮ ਦਿੱਤਾ ਗਿਆ। ਪਹਿਲਾਂ ਤਾਂ ਉਸ ਨੇ ਕਹਿ ਦਿੱਤਾ ਕਿ ਮੇਰੀ ਪਿੱਠ ਵਿਚ ਨੁਕਸ ਹੋਣ ਕਰਕੇ ਮੈਂ ਲੜ ਨਹੀਂ ਸਕਦਾ। ਪਰ ਇਕ ਹਫ਼ਤੇ ਬਾਅਦ ਉਸੇ ਡਾਕਟਰ ਨੇ ਰਿਪੋਰਟ ਵਿਚ ਲਿਖਿਆ: “ਮੈਦਾਨ-ਏ-ਜੰਗ ਵਿਚ ਲੜਨ ਲਈ ਬਿਲਕੁਲ ਠੀਕ।” ਫਿਰ ਵੀ ਕੁਝ ਸਮੇਂ ਲਈ ਮਿਲਟਰੀ ਨੂੰ ਪਤਾ ਨਹੀਂ ਸੀ ਕਿ ਮੈਂ ਕਿੱਥੇ ਸਾਂ। ਪਰ 17 ਅਪ੍ਰੈਲ 1945 ਨੂੰ ਯੁੱਧ ਖ਼ਤਮ ਹੋਣ ਤੋਂ ਕੁਝ ਹੀ ਸਮਾਂ ਪਹਿਲਾਂ ਉਨ੍ਹਾਂ ਨੇ ਮੇਰਾ ਪਤਾ ਲਾ ਲਿਆ। ਮੈਨੂੰ ਯੁੱਧ ਵਿਚ ਲੜਨ ਲਈ ਬੁਲਾਇਆ ਗਿਆ।

ਮੈਂ ਬਾਈਬਲ ਸਮੇਤ ਹੋਰ ਮਾੜਾ-ਮੋਟਾ ਸਾਮਾਨ ਚੁੱਕ ਕੇ ਨੇੜਲੇ ਪਹਾੜਾਂ ਨੂੰ ਨੱਸ ਗਿਆ ਜੋ ਸਮੁੰਦਰ ਤੋਂ ਤਕਰੀਬਨ 1,200 ਮੀਟਰ ਉੱਚੇ ਸਨ। ਪਹਿਲਾਂ ਤਾਂ ਮੈਂ ਖੁੱਲ੍ਹੇ ਆਸਮਾਨ ਥੱਲੇ ਸੌਂ ਜਾਂਦਾ ਸੀ, ਪਰ ਫਿਰ ਅਚਾਨਕ ਇਕ ਰਾਤ ਮੌਸਮ ਬਦਲ ਕੇ ਬਹੁਤ ਖ਼ਰਾਬ ਹੋ ਗਿਆ ਅਤੇ ਦੋ-ਦੋ ਫੁੱਟ ਬਰਫ਼ ਪੈ ਗਈ। ਮੈਂ ਬਿਲਕੁਲ ਭਿੱਜ ਗਿਆ। ਮੈਂ ਪਹਾੜਾਂ ਵਿਚ ਇਕ ਛੋਟੇ ਮਕਾਨ ਤਕ ਪਹੁੰਚ ਗਿਆ। ਕੰਬਦੇ-ਕੰਬਦੇ ਮੈਂ ਅੰਗੀਠੀ ਬਾਲੀ। ਨਿੱਘ ਨਾਲ ਮੇਰੇ ਜਿਸਮ ਵਿਚ ਜਾਨ ਪਈ ਤੇ ਮੈਂ ਆਪਣੇ ਕੱਪੜੇ ਸੁਕਾਏ। ਮੈਂ ਥੱਕਿਆ ਹੋਣ ਕਰਕੇ ਅੱਗ ਦੇ ਮੋਹਰੇ ਇਕ ਬੈਂਚ ਤੇ ਗੂੜ੍ਹੀ ਨੀਂਦ ਸੌਂ ਗਿਆ। ਮੇਰੇ ਸਾਰੇ ਸਰੀਰ ਵਿਚ ਅਚਾਨਕ ਪੀੜ ਹੋਣ ਕਰਕੇ ਮੈਨੂੰ ਜਾਗ ਆਈ।। ਮੇਰੇ ਕੱਪੜਿਆਂ ਨੂੰ ਅੱਗ ਲੱਗ ਗਈ ਸੀ! ਮੈਂ ਅੱਗ ਬੁਝਾਉਣ ਲਈ ਭੁੰਜੇ ਲੇਟ ਕੇ ਇੱਧਰ-ਉੱਧਰ ਘੁੰਮਿਆ। ਮੇਰੀ ਪਿੱਠ ਛਾਲਿਆਂ ਨਾਲ ਭਰ ਗਈ।

ਮੈਂ ਜਾਨ ਹਥੇਲੀ ਉੱਤੇ ਰੱਖ ਕੇ ਰਾਤੋ-ਰਾਤ ਫਾਰਮ ਨੂੰ ਵਾਪਸ ਗਿਆ। ਕਿਸਾਨ ਦੀ ਪਤਨੀ ਮੈਨੂੰ ਦੇਖ ਕੇ ਬਹੁਤ ਡਰ ਗਈ ਕਿਉਂਕਿ ਪੁਲਸ ਮੇਰੀ ਭਾਲ ਕਰ ਰਹੀ ਸੀ। ਉਸ ਨੇ ਮੈਨੂੰ ਚਲੇ ਜਾਣ ਲਈ ਕਿਹਾ। ਇਸ ਲਈ ਮੈਂ ਆਪਣੇ ਮਾਤਾ-ਪਿਤਾ ਕੋਲ ਚੱਲਿਆ ਗਿਆ। ਪਹਿਲਾਂ-ਪਹਿਲ ਤਾਂ ਮੇਰੇ ਮਾਂ-ਬਾਪ ਵੀ ਮੈਨੂੰ ਘਰ ਰੱਖਣ ਤੋਂ ਝਿਜਕੇ। ਪਰ ਅਖ਼ੀਰ ਵਿਚ ਉਹ ਮੈਨੂੰ ਤਬੇਲੇ ਵਿਚ ਰੱਖਣ ਲਈ ਮੰਨ ਗਏ ਅਤੇ ਮਾਤਾ ਜੀ ਨੇ ਮੇਰੇ ਜ਼ਖ਼ਮਾਂ ਦੀ ਮਲ੍ਹਮ-ਪੱਟੀ ਕੀਤੀ। ਪਰ ਮੈਂ ਦੇਖ ਸਕਦਾ ਸੀ ਕਿ ਉਹ ਬਹੁਤ ਡਰੇ ਹੋਏ ਤੇ ਪਰੇਸ਼ਾਨ ਸਨ। ਇਸ ਲਈ ਦੋ ਦਿਨਾਂ ਬਾਅਦ ਮੈਂ ਫਿਰ ਤੋਂ ਪਹਾੜਾਂ ਵਿਚ ਲੁਕਣ ਦਾ ਫ਼ੈਸਲਾ ਕੀਤਾ।

ਫਿਰ 5 ਮਈ 1945 ਵਿਚ ਉੱਚੀ ਆਵਾਜ਼ ਸੁਣ ਕੇ ਮੇਰੀ ਅੱਖ ਖੁੱਲ੍ਹ ਗਈ। ਮੈਂ ਮਿੱਤਰ ਦੇਸ਼ਾਂ ਦੇ ਬੰਬਾਰੂ ਜਹਾਜ਼ ਕਾਫ਼ੀ ਨੀਵੇਂ ਉੱਡਦੇ ਦੇਖੇ। ਉਸ ਪਲ ਮੈਂ ਜਾਣ ਗਿਆ ਕਿ ਹਿਟਲਰ ਦੀ ਹਕੂਮਤ ਖ਼ਤਮ ਕਰ ਦਿੱਤੀ ਗਈ ਸੀ! ਯਹੋਵਾਹ ਦੀ ਸ਼ਕਤੀ ਨਾਲ ਮੈਂ ਭਿਆਨਕ ਪਰੀਖਿਆ ਪਾਰ ਕਰ ਚੁੱਕਾ ਸੀ। ਮੈਂ ਆਪਣੀ ਜ਼ਿੰਦਗੀ ਵਿਚ ਜ਼ਬੂਰ 55:22 ਦੇ ਸ਼ਬਦਾਂ ਦੀ ਪੂਰਤੀ ਦੇਖੀ ਸੀ ਅਤੇ ਇਨ੍ਹਾਂ ਤੋਂ ਮੈਨੂੰ ਬਹੁਤ ਹੌਸਲਾ ਮਿਲਿਆ ਸੀ। ਮੈਂ ‘ਆਪਣਾ ਭਾਰ ਯਹੋਵਾਹ ਉੱਤੇ ਸੁੱਟਿਆ’ ਸੀ ਅਤੇ ਭਾਵੇਂ ਮੈਂ ਸਰੀਰਕ ਤੌਰ ਤੇ ਕਮਜ਼ੋਰ ਸੀ, ਪਰ ਉਹ “ਮੌਤ ਦੀ ਛਾਂ ਦੀ ਵਾਦੀ ਵਿੱਚ” ਹਰ ਕਦਮ ਤੇ ਮੇਰੇ ਨਾਲ ਸੀ।—ਜ਼ਬੂਰਾਂ ਦੀ ਪੋਥੀ 23:4.

ਯਹੋਵਾਹ ਦੀ ਸ਼ਕਤੀ “ਕਮਜ਼ੋਰੀ ਵਿਚ ਹੀ ਪੂਰਨ ਹੁੰਦੀ ਹੈ”

ਯੁੱਧ ਤੋਂ ਬਾਅਦ ਜੀਵਨ ਮੁੜ ਆਪਣੀ ਚਾਲੇ ਚੱਲ ਪਿਆ। ਸ਼ੁਰੂ ਵਿਚ ਮੈਂ ਪਹਾੜਾਂ ਵਿਚ ਆਪਣੇ ਦੋਸਤ ਦੇ ਫਾਰਮ ਤੇ ਕੰਮ ਕਰਦਾ ਰਿਹਾ। ਫਿਰ ਅਪ੍ਰੈਲ 1946 ਵਿਚ ਅਮਰੀਕਾ ਦੀ ਸੈਨਾ ਨੇ ਫਾਰਮ ਤੇ ਮਜਬੂਰਨ ਕੰਮ ਕਰਨ ਤੋਂ ਛੁਟਕਾਰਾ ਦਿਲਾਇਆ ਜਿਸ ਕਰਕੇ ਮੈਨੂੰ ਆਪਣੀ ਬਾਕੀ ਜ਼ਿੰਦਗੀ ਉੱਥੇ ਕੰਮ ਨਹੀਂ ਕਰਨਾ ਪਿਆ।

ਜੰਗ ਖ਼ਤਮ ਹੋਣ ਤੋਂ ਬਾਅਦ ਬਾਟ ਇਸ਼ਲ ਅਤੇ ਉਸ ਦੇ ਆਲੇ-ਦੁਆਲੇ ਦੇ ਇਲਾਕੇ ਵਿਚ ਯਹੋਵਾਹ ਦੇ ਗਵਾਹਾਂ ਨੇ ਬਾਕਾਇਦਾ ਸਭਾਵਾਂ ਕਰਨੀਆਂ ਸ਼ੁਰੂ ਕੀਤੀਆਂ। ਉਹ ਪੂਰੇ ਜੋਸ਼ ਨਾਲ ਪ੍ਰਚਾਰ ਵੀ ਕਰਨ ਲੱਗ ਪਏ। ਮੈਨੂੰ ਇਕ ਕਾਰਖ਼ਾਨੇ ਵਿਚ ਰਾਤ ਵੇਲੇ ਚੌਕੀਦਾਰ ਦਾ ਕੰਮ ਮਿਲ ਗਿਆ ਜਿਸ ਕਰਕੇ ਮੈਂ ਪਾਇਨੀਅਰੀ ਕਰ ਸਕਿਆ। ਬਾਅਦ ਵਿਚ ਮੈਂ ਜ਼ਾਂਟ ਵੁਲਫ਼ਗਾਂਗ ਦੇ ਇਲਾਕੇ ਵਿਚ ਰਹਿਣ ਲੱਗ ਪਿਆ ਅਤੇ 1949 ਵਿਚ ਟੇਰੇਜ਼ੀਆ ਕੁਰਟਸ ਨਾਲ ਮੇਰਾ ਵਿਆਹ ਹੋ ਗਿਆ। ਉਸ ਦੇ ਪਹਿਲੇ ਵਿਆਹ ਤੋਂ ਉਸ ਦੀ ਇਕ ਧੀ ਵੀ ਸੀ। ਅਸੀਂ 32 ਸਾਲ ਇਕੱਠੇ ਗੁਜ਼ਾਰੇ ਅਤੇ 1981 ਵਿਚ ਮੇਰੀ ਪਿਆਰੀ ਪਤਨੀ ਦੀ ਮੌਤ ਹੋ ਗਈ। ਮੈਂ ਉਸ ਦੀ ਜ਼ਿੰਦਗੀ ਦੇ ਆਖ਼ਰੀ ਸੱਤ ਸਾਲਾਂ ਦੌਰਾਨ ਉਸ ਦੀ ਦੇਖ-ਭਾਲ ਕੀਤੀ ਸੀ।

ਟੇਰੇਜ਼ੀਆ ਦੇ ਜਾਣ ਤੋਂ ਬਾਅਦ, ਮੈਂ ਪਾਇਨੀਅਰੀ ਦੁਬਾਰਾ ਸ਼ੁਰੂ ਕੀਤੀ ਅਤੇ ਇਸ ਨਾਲ ਮੈਨੂੰ ਕੁਝ ਹੱਦ ਤਕ ਉਸ ਦੀ ਮੌਤ ਦਾ ਗਮ ਸਹਿਣ ਦੀ ਤਾਕਤ ਮਿਲੀ। ਮੈਂ ਅੱਜ ਵੀ ਇਕ ਪਾਇਨੀਅਰ ਹਾਂ ਅਤੇ ਬਾਟ ਇਸ਼ਲ ਦੀ ਕਲੀਸਿਯਾ ਵਿਚ ਇਕ ਬਜ਼ੁਰਗ ਵੀ ਹਾਂ। ਅੱਜ-ਕੱਲ੍ਹ ਮੈਨੂੰ ਵ੍ਹੀਲ ਚੇਅਰ ਵਿਚ ਹੀ ਬੈਠਣਾ ਪੈਂਦਾ ਹੈ। ਪਰ ਮੈਂ ਬਾਟ ਇਸ਼ਲ ਪਾਰਕ ਵਿਚ ਜਾਂ ਆਪਣੇ ਘਰ ਦੇ ਮੋਹਰੇ ਬੈਠ ਕੇ ਲੋਕਾਂ ਨਾਲ ਪਰਮੇਸ਼ੁਰ ਦੇ ਰਾਜ ਬਾਰੇ ਗੱਲਾਂ ਕਰਦਾ ਹਾਂ। ਇਸ ਤਰ੍ਹਾਂ ਕਰਨ ਨਾਲ ਮੈਨੂੰ ਬਹੁਤ ਖ਼ੁਸ਼ੀ ਮਿਲਦੀ ਹੈ।

ਜ਼ਿੰਦਗੀ ਵਿਚ ਮੇਰੇ ਨਾਲ ਕਈ ਦੁਖਦਾਈ ਤਜਰਬੇ ਹੋਏ, ਪਰ ਮੈਂ ਕਹਿ ਸਕਦਾ ਹਾਂ ਕਿ ਇਹ ਮੇਰੀ ਜ਼ਿੰਦਗੀ ਵਿਚ ਜ਼ਹਿਰ ਨਹੀਂ ਘੋਲ ਸਕੇ। ਇਹ ਸੱਚ ਹੈ ਕਿ ਅਜ਼ਮਾਇਸ਼ਾਂ ਕਰਕੇ ਕਈ ਵਾਰ ਮੈਂ ਬਹੁਤ ਨਿਰਾਸ਼ ਹੋ ਜਾਂਦਾ ਸੀ। ਪਰ ਯਹੋਵਾਹ ਪਰਮੇਸ਼ੁਰ ਨਾਲ ਮੇਰੀ ਦੋਸਤੀ ਕਰਕੇ ਮੈਂ ਨਿਰਾਸ਼ਾ ਵਿਚ ਡੁੱਬਾ ਨਹੀਂ ਰਿਹਾ। ਪ੍ਰਭੂ ਨੇ ਪੌਲੁਸ ਨੂੰ ਕਿਹਾ ਸੀ: “ਮੇਰੀ ਸ਼ਕਤੀ ਕਮਜ਼ੋਰੀ ਵਿਚ ਹੀ ਪੂਰਨ ਹੁੰਦੀ ਹੈ।” ਇਹ ਗੱਲ ਮੇਰੇ ਉੱਤੇ ਵੀ ਲਾਗੂ ਹੁੰਦੀ ਹੈ। ਹੁਣ ਮੇਰੀ ਉਮਰ 100 ਦੇ ਕਰੀਬ ਹੈ ਅਤੇ ਮੈਂ ਪੌਲੁਸ ਰਸੂਲ ਦੀ ਤਰ੍ਹਾਂ ਕਹਿ ਸਕਦਾ ਹਾਂ: “ਇਸੇ ਲਈ ਮੈਂ ਖਿੜੇ ਮੱਥੇ ਸਭ ਤਰ੍ਹਾਂ ਦੀ ਕਮਜ਼ੋਰੀ, ਬੁਰਾ ਵਰਤਾਵ, ਮੁਸ਼ਕਿਲਾਂ, ਤਸੀਹੇ ਅਤੇ ਬੇਉਮੀਦੀਆਂ ਮਸੀਹ ਦੀ ਖ਼ਾਤਰ ਝਲ ਲੈਂਦਾ ਹਾਂ। ਕਿਉਂਕਿ ਜਦੋਂ ਮੈਂ ਕਮਜ਼ੋਰ ਹੁੰਦਾ ਹਾਂ, ਉਦੋਂ ਹੀ ਮੈਂ ਤਕੜਾ ਹੁੰਦਾ ਹਾਂ।”—2 ਕੁਰਿੰਥੁਸ 12:9, 10, ਪਵਿੱਤਰ ਬਾਈਬਲ ਨਵਾਂ ਅਨੁਵਾਦ।

[ਸਫ਼ੇ 25 ਉੱਤੇ ਤਸਵੀਰ]

ਅਪ੍ਰੈਲ 1939 ਵਿਚ ਗਸਤਾਪੋ ਨੇ ਮੈਨੂੰ ਗਿਰਫ਼ਤਾਰ ਕੀਤਾ

ਮਈ 1939 ਵਿਚ ਗਸਤਾਪੋ ਵੱਲੋਂ ਮੇਰੇ ਉੱਤੇ ਲਾਏ ਇਲਜ਼ਾਮਾਂ ਦਾ ਦਸਤਾਵੇਜ਼

[ਕ੍ਰੈਡਿਟ ਲਾਈਨ]

Both images: Privatarchiv; B. Rammerstorfer

[ਸਫ਼ੇ 26 ਉੱਤੇ ਤਸਵੀਰ]

ਪਹਾੜਾਂ ਵਿਚ ਮੈਨੂੰ ਸਿਰ ਲੁਕਾਉਣ ਦੀ ਜਗ੍ਹਾ ਲੱਭੀ

[ਸਫ਼ੇ 23 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

Foto Hofer, Bad Ischl, Austria