Skip to content

Skip to table of contents

ਅੱਜ ਅਕਲ ਦਾ ਇੰਨਾ ਘਾਟਾ ਕਿਉਂ ਹੈ?

ਅੱਜ ਅਕਲ ਦਾ ਇੰਨਾ ਘਾਟਾ ਕਿਉਂ ਹੈ?

ਅੱਜ ਅਕਲ ਦਾ ਇੰਨਾ ਘਾਟਾ ਕਿਉਂ ਹੈ?

“ਪਤਾ ਨਹੀਂ ਉਹ ਦੇ ਦਿਮਾਗ਼ ਨੂੰ ਕੀ ਹੋ ਗਿਆ? ਇੰਨਾ ਕੁ ਤਾਂ ਉਹ ਨੂੰ ਪਤਾ ਹੋਣਾ ਚਾਹੀਦਾ ਹੈ,” ਇਕ ਬੰਦੇ ਨੇ ਕਿਹਾ। ਇਕ ਹੋਰ ਆਦਮੀ ਹੈਰਾਨੀ ਵਿਚ ਆਪਣਾ ਸਿਰ ਹਿਲਾਉਂਦਾ ਹੋਇਆ ਬੁੜ-ਬੁੜ ਕਰਦਾ ਚਲਾ ਗਿਆ, “ਜੇ ਉਹ ਨੂੰ ਥੋੜ੍ਹੀ ਜਿੰਨੀ ਵੀ ਅਕਲ ਹੁੰਦੀ, ਤਾਂ ਉਹ ਇਹ ਕਦੇ ਨਾ ਕਰਦਾ।” ਸ਼ਾਇਦ ਤੁਸੀਂ ਵੀ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਕਹਿੰਦੇ ਸੁਣਿਆ ਹੋਵੇਗਾ। ਪਰ ਅਕਲ ਜਾਂ ਸਮਝਦਾਰੀ ਅਸਲ ਵਿਚ ਹੈ ਕੀ?

ਅਕਲ ਦਾ ਮਤਲਬ ਹੈ “ਸਹੀ ਸਮਝ,” “ਮੱਤ” ਅਤੇ “ਬੁੱਧ ਜਾਂ ਸੂਝ-ਬੂਝ।” ਇਸ ਤੋਂ ਪਤਾ ਲੱਗਦਾ ਹੈ ਕਿ ਸਾਡੇ ਵਿਚ ਸੋਚ-ਸਮਝ ਕੇ ਫ਼ੈਸਲਾ ਕਰਨ ਦੀ ਕਾਬਲੀਅਤ ਹੈ। ਪਰ ਬਹੁਤ ਸਾਰੇ ਲੋਕ ਖ਼ੁਦ ਫ਼ੈਸਲੇ ਕਰਨ ਵਿਚ ਢਿੱਲੇ ਹਨ ਤੇ ਚਾਹੁੰਦੇ ਹਨ ਕਿ ਦੂਸਰੇ ਉਨ੍ਹਾਂ ਲਈ ਫ਼ੈਸਲੇ ਕਰਨ। ਆਪ ਕਿਸੇ ਗੱਲ ਬਾਰੇ ਸੋਚਣ ਦੀ ਬਜਾਇ ਉਹ ਮੀਡੀਆ, ਯਾਰਾਂ-ਦੋਸਤਾਂ ਅਤੇ ਆਮ ਜਨਤਾ ਦੀ ਸੋਚਣੀ ਮੁਤਾਬਕ ਚੱਲਣ ਵਿਚ ਖ਼ੁਸ਼ ਰਹਿੰਦੇ ਹਨ।

ਲੱਗਦਾ ਕਿ ਅੱਜ ਅਕਲ ਦਾ ਇੰਨਾ ਘਾਟਾ ਹੈ ਕਿ ਇਕ ਵਿਅਕਤੀ ਨੇ ਇਕ ਵਾਰ ਕਿਹਾ: “ਜੇ ਸੱਚ ਦੱਸਿਆ ਜਾਵੇ, ਤਾਂ ਅੱਜ-ਕੱਲ੍ਹ ਅਕਲ ਤਾਂ ਕਈ ਲੋਕਾਂ ਦੇ ਲਾਗੇ ਹੀ ਨਹੀਂ ਗਈ।” ਤਾਂ ਫਿਰ ਅਸੀਂ ਸਮਝਦਾਰ ਤੇ ਅਕਲਮੰਦ ਕਿਵੇਂ ਬਣ ਸਕਦੇ ਹਾਂ? ਇਸ ਦਾ ਕੀ ਫ਼ਾਇਦਾ ਹੈ?

ਸਮਝਦਾਰ ਜਾਂ ਅਕਲਮੰਦ ਕਿਵੇਂ ਬਣੀਏ?

ਇਹ ਸੱਚ ਹੈ ਕਿ ਸਮਝਦਾਰ ਜਾਂ ਅਕਲਮੰਦ ਬਣਨ ਲਈ ਵਕਤ, ਧਿਆਨ ਤੇ ਮਿਹਨਤ ਦੀ ਲੋੜ ਹੈ, ਪਰ ਸਾਨੂੰ ਅਕਲ ਜ਼ਰੂਰ ਮਿਲ ਸਕਦੀ ਹੈ। ਆਓ ਆਪਾਂ ਤਿੰਨ ਗੱਲਾਂ ਵੱਲ ਧਿਆਨ ਕਰੀਏ ਜਿਨ੍ਹਾਂ ਰਾਹੀਂ ਸਾਨੂੰ ਅਕਲ ਮਿਲ ਸਕਦੀ ਹੈ।

ਬਾਈਬਲ ਦਾ ਅਧਿਐਨ ਕਰੋ ਅਤੇ ਉਸ ਦੀ ਸਲਾਹ ਤੇ ਚੱਲੋ। ਬਾਈਬਲ ਬੜੀ ਵਧੀਆ ਤੇ ਸਾਫ਼ ਭਾਸ਼ਾ ਵਿਚ ਲਿਖੀ ਗਈ ਹੈ ਅਤੇ ਇਹ ਸਮਝ ਹਾਸਲ ਕਰਨ ਵਿਚ ਸਾਡੀ ਵਧੀਆ ਤਰੀਕੇ ਨਾਲ ਮਦਦ ਕਰ ਸਕਦੀ ਹੈ। (ਅਫ਼ਸੀਆਂ 1:8) ਮਿਸਾਲ ਵਜੋਂ ਪੌਲੁਸ ਰਸੂਲ ਨੇ ਸੰਗੀ ਮਸੀਹੀਆਂ ਨੂੰ ਸਲਾਹ ਦਿੰਦੇ ਹੋਏ ਕਿਹਾ ਸੀ: “ਜਿਹੜੀਆਂ ਗੱਲਾਂ ਸੱਚੀਆਂ ਹਨ, ਜਿਹੜੀਆਂ ਆਦਰ ਜੋਗ ਹਨ ਜਿਹੜੀਆਂ ਜਥਾਰਥ ਹਨ, ਜਿਹੜੀਆਂ ਸ਼ੁੱਧ ਹਨ, ਜਿਹੜੀਆਂ ਸੁਹਾਉਣੀਆਂ ਹਨ, ਜਿਹੜੀਆਂ ਨੇਕ ਨਾਮੀ ਦੀਆਂ ਹਨ, ਜੇ ਕੁਝ ਗੁਣ ਹੈ ਅਤੇ ਜੇ ਕੁਝ ਸੋਭਾ ਹੈ ਤਾਂ ਇਨ੍ਹਾਂ ਗੱਲਾਂ ਦੀ ਵਿਚਾਰ ਕਰੋ।” (ਫ਼ਿਲਿੱਪੀਆਂ 4:8) ਜੇ ਅਸੀਂ ਇਸ ਸਲਾਹ ਤੇ ਹਮੇਸ਼ਾ ਚੱਲੀਏ, ਤਾਂ ਅਸੀਂ ਚੰਗੀ ਚਾਲ ਚੱਲਣ ਤੇ ਸਹੀ ਫ਼ੈਸਲੇ ਕਰਨ ਵਿਚ ਸਫ਼ਲ ਹੋਵਾਂਗੇ।

ਆਪਣੇ ਤਜਰਬੇ ਤੋਂ ਸਿੱਖੋ। ਜ਼ਿੰਦਗੀ ਦੇ ਤਜਰਬੇ ਨਾਲ ਅਕਲ ਦਾ ਸੰਬੰਧ ਜੋੜਦਿਆਂ ਸਵਿਟਜ਼ਰਲੈਂਡ ਦੇ ਇਕ ਕਵੀ ਨੇ ਕਿਹਾ: ‘ਜ਼ਿੰਦਗੀ ਵਿਚ ਤਜਰਬੇ ਨਾਲ ਬਣੀ ਸੂਝ ਅਤੇ ਕਿਸੇ ਗੱਲ ਦਾ ਨਤੀਜਾ ਪਹਿਲਾਂ ਹੀ ਜਾਣ ਲੈਣ ਦੀ ਕਾਬਲੀਅਤ ਨੂੰ ਅਕਲ ਕਹਿੰਦੇ ਹਨ।’ ਜੀ ਹਾਂ, “ਭੋਲਾ ਹਰੇਕ ਗੱਲ ਨੂੰ ਸੱਤ ਮੰਨਦਾ ਹੈ, ਪਰ ਸਿਆਣਾ ਵੇਖ ਭਾਲ ਕੇ ਚੱਲਦਾ ਹੈ।” (ਕਹਾਉਤਾਂ 14:15) ਤਾਂ ਫਿਰ, ਆਪਣੇ ਆਲੇ-ਦੁਆਲੇ ਹੋਣ ਵਾਲੀਆਂ ਚੀਜ਼ਾਂ ਵੱਲ ਧਿਆਨ ਦੇਣ, ਸਿਖਲਾਈ ਲੈਣ ਅਤੇ ਜ਼ਿੰਦਗੀ ਦੇ ਤਜਰਬੇ ਨਾਲ ਅਸੀਂ ਅਕਲਮੰਦ ਤੇ ਸਮਝਦਾਰ ਬਣ ਸਕਦੇ ਹਾਂ। ਸਮੇਂ ਦੇ ਨਾਲ-ਨਾਲ ਅਸੀਂ ਆਪਣੇ ਕੰਮ-ਕਾਰ ਕਰਨੇ ਸਿੱਖਦੇ ਜਾਵਾਂਗੇ। ਪਰ ਜੇ ਅਸੀਂ ਆਪਣੀਆਂ ਗ਼ਲਤੀਆਂ ਤੋਂ ਸਿੱਖਣਾ ਹੈ, ਤਾਂ ਸਾਨੂੰ ਨਿਮਰ ਤੇ ਹਲੀਮ ਹੋਣ ਦੀ ਲੋੜ ਹੈ। ਇਨ੍ਹਾਂ ਅੰਤ ਦਿਆਂ ਦਿਨਾਂ ਵਿਚ ਲੋਕਾਂ ਦੇ ਸ਼ੇਖ਼ੀਬਾਜ਼, ਹੰਕਾਰੀ, ਜ਼ਿੱਦੀ ਰਵੱਈਏ ਅਕਲ ਦਾ ਸਬੂਤ ਨਹੀਂ ਹਨ।—2 ਤਿਮੋਥਿਉਸ 3:1-5.

ਆਪਣੀ ਸੰਗਤ ਦਾ ਧਿਆਨ ਰੱਖੋ। ਅਕਲ ਜਾਂ ਬੁੱਧ ਤੋਂ ਕੰਮ ਲੈਣਾ ਜਾਂ ਨਾ ਲੈਣਾ ਇਸ ਗੱਲ ਤੇ ਵੀ ਨਿਰਭਰ ਹੈ ਕਿ ਸਾਡੇ ਯਾਰ-ਦੋਸਤ ਕਿੱਦਾਂ ਦੇ ਹਨ। ਕਹਾਉਤਾਂ 13:20 ਵਿਚ ਲਿਖਿਆ ਹੈ: “ਬੁੱਧਵਾਨਾਂ ਦਾ ਸੰਗੀ ਬੁੱਧਵਾਨ ਬਣ ਜਾਂਦਾ ਹੈ, ਪਰ ਮੂਰਖਾਂ ਦੇ ਸਾਥੀ ਨੂੰ ਦੁਖ ਹੋਵੇਗਾ।” ਸਾਨੂੰ ਉਨ੍ਹਾਂ ਲੋਕਾਂ ਦੀਆਂ ਗੱਲਾਂ ਵਿਚ ਆਉਣ ਦੀ ਕੋਈ ਲੋੜ ਨਹੀਂ ਹੈ ਜਿਹੜੇ ਪਰਮੇਸ਼ੁਰ ਦੇ ਕਹਿਣੇ ਤੇ ਨਹੀਂ ਚੱਲਦੇ ਅਤੇ ਉਸ ਦੇ ਬਚਨ ਨੂੰ ਨਜ਼ਰਅੰਦਾਜ਼ ਕਰਦੇ ਹਨ। ਕਹਾਉਤਾਂ 17:12 ਇਸ ਗੱਲ ਨੂੰ ਇਸ ਤਰ੍ਹਾਂ ਸਮਝਾਉਂਦਾ ਹੈ: “ਬਜਾਏ ਮੂਰਖ ਮਨੁੱਖ ਦੀ ਮੂਰਖਤਾ ਦਾ ਟਾਕਰਾ ਕਰਨ ਨਾਲੋਂ, ਬੱਚੇ ਖੋਹ ਚੁਕੀ ਰਿੱਛਣੀ ਦਾ ਟਾਕਰਾ ਕਰਨਾ ਚੰਗਾ ਹੈ।”—ਪਵਿੱਤਰ ਬਾਈਬਲ ਨਵਾਂ ਅਨੁਵਾਦ।

ਕਿਹੜੇ ਫ਼ਾਇਦੇ ਹੋਣਗੇ?

ਅਕਲ ਦੇ ਕਈ ਫ਼ਾਇਦੇ ਹਨ। ਸਾਡੀ ਜ਼ਿੰਦਗੀ ਜ਼ਿਆਦਾ ਦਿਲਚਸਪ ਬਣਦੀ ਹੈ ਅਤੇ ਸਾਡਾ ਸਮਾਂ ਨਹੀਂ ਬਰਬਾਦ ਹੁੰਦਾ। ਕਦੇ-ਕਦੇ ਅਸੀਂ ਬਿਨਾਂ ਸੋਚੇ-ਸਮਝੇ ਅਜਿਹੇ ਕੰਮ ਕਰ ਬੈਠਦੇ ਹਾਂ ਜਿਨ੍ਹਾਂ ਕਾਰਨ ਅਕਸਰ ਅਸੀਂ ਨਿਰਾਸ਼ ਹੋ ਜਾਂਦੇ ਹਾਂ। ਅਕਲਮੰਦੀ ਇਸ ਨਿਰਾਸ਼ਾ ਨੂੰ ਵੀ ਘਟਾ ਸਕਦੀ ਹੈ। ਜਿਹੜੇ ਬੁੱਧ ਤੋਂ ਕੰਮ ਨਹੀਂ ਲੈਂਦੇ ਉਹ ਆਪਣੀ ਜ਼ਿੰਦਗੀ ਵਿਚ ਸੁੱਖ ਨਹੀਂ ਪਾਉਂਦੇ। ਬਾਈਬਲ ਦੱਸਦੀ ਹੈ: ‘ਮੂਰਖ ਦੀ ਮਿਹਨਤ ਉਹ ਨੂੰ ਥਕਾਉਂਦੀ ਹੈ।’ (ਉਪਦੇਸ਼ਕ ਦੀ ਪੋਥੀ 10:15) ਇਸ ਤਰ੍ਹਾਂ ਦੇ ਲੋਕ 24 ਘੰਟੇ ਕੰਮਾਂ ਵਿਚ ਆਪਣੀਆਂ ਜਾਨਾਂ ਮਾਰਦੇ ਰਹਿੰਦੇ ਹਨ, ਪਰ ਜੁੜਦਾ ਉਨ੍ਹਾਂ ਕੋਲ ਕੁਝ ਵੀ ਨਹੀਂ।

ਬਾਈਬਲ ਕਈ ਵਿਸ਼ਿਆਂ ਉੱਤੇ ਸਾਨੂੰ ਵਧੀਆ ਸਲਾਹ ਦਿੰਦੀ ਹੈ ਜਿਵੇਂ ਕਿ ਸਫ਼ਾਈ ਰੱਖਣੀ, ਦੂਜਿਆਂ ਨਾਲ ਗੱਲਾਂ-ਬਾਤਾਂ ਕਰਨ ਦਾ ਢੰਗ, ਮਿਹਨਤੀ ਬਣਨਾ, ਗ਼ਰੀਬੀ ਦਾ ਸਾਮ੍ਹਣਾ ਕਿਵੇਂ ਕਰਨਾ ਅਤੇ ਜ਼ਿੰਦਗੀ ਦੇ ਹੋਰ ਕਈ ਮਾਮਲਿਆਂ ਬਾਰੇ। ਲੱਖਾਂ ਲੋਕਾਂ ਨੇ ਇਹ ਗੱਲ ਕਬੂਲ ਕੀਤੀ ਹੈ ਕਿ ਜਿੰਨਾ ਵੀ ਉਨ੍ਹਾਂ ਨੇ ਬਾਈਬਲ ਮਿਆਰਾਂ ਤੇ ਚੱਲ ਕੇ ਬੁੱਧ ਤੋਂ ਕੰਮ ਲਿਆ ਹੈ ਉੱਨਾ ਹੀ ਉਹ ਆਪਣੀਆਂ ਜ਼ਿੰਦਗੀਆਂ ਵਿਚ ਸਫ਼ਲ ਹੋਏ ਹਨ।

ਜੇ ਸਾਨੂੰ ਅਕਲ ਹੈ, ਤਾਂ ਹੋਰਾਂ ਦੇ ਮੂੰਹਾਂ ਵੱਲ ਹਮੇਸ਼ਾ ਦੇਖਣ ਦੀ ਬਜਾਇ ਅਸੀਂ ਖ਼ੁਦ ਵੀ ਚੰਗੇ ਫ਼ੈਸਲੇ ਕਰ ਸਕਾਂਗੇ। ਅਕਲ ਸਾਨੂੰ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨ ਵਿਚ ਮਦਦ ਦਿੰਦੀ ਹੈ। ਪਰ ਅਕਲ ਜਾਂ ਸਮਝ ਹੋਣ ਦੇ ਨਾਲ-ਨਾਲ ਸਾਨੂੰ ਹਮੇਸ਼ਾ ਗਿਆਨ ਵੀ ਲੈਂਦੇ ਰਹਿਣਾ ਚਾਹੀਦਾ ਹੈ। ਕਹਾਉਤਾਂ 1:5 ਸਾਨੂੰ ਦੱਸਦਾ ਹੈ: ‘ਬੁੱਧਵਾਨ ਸੁਣ ਕੇ ਆਪਣੇ ਗਿਆਨ ਨੂੰ ਵਧਾਉਂਦਾ ਹੈ।’ ਸਾਨੂੰ ਸਿੱਖੀਆਂ ਗੱਲਾਂ ਨੂੰ ਚੰਗੀ ਤਰ੍ਹਾਂ ਜਾਂਚਣਾ ਅਤੇ ਉਨ੍ਹਾਂ ਤੋਂ ਸਹੀ ਸਿੱਟਾ ਕੱਢਣਾ ਵੀ ਸਿੱਖਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਸਾਨੂੰ ‘ਮੱਤ ਨਾਲ ਤੁਰਦੇ’ ਰਹਿਣ ਵਿਚ ਮਦਦ ਮਿਲਦੀ ਹੈ।—ਕਹਾਉਤਾਂ 28:26.

ਨਿਮਰਤਾ ਜਾਂ ਸ਼ੀਲ ਸੁਭਾਅ ਵੀ ਅਕਲ ਨਾਲ ਸੰਬੰਧ ਰੱਖਦੇ ਹਨ। ਅਸੀਂ ਸ਼ਾਇਦ ਕਈ ਕੰਮਾਂ ਨੂੰ ਆਪਣੇ ਹੱਥਾਂ ਵਿਚ ਲੈਣਾ ਚਾਹੀਏ, ਪਰ ਸਾਨੂੰ ਸਮਝ ਵਰਤਣ ਦੇ ਨਾਲ-ਨਾਲ ਆਪਣੀਆਂ ਸੀਮਾਵਾਂ ਯਾਦ ਰੱਖਣੀਆਂ ਚਾਹੀਦੀਆਂ ਹਨ। ਜੀ ਹਾਂ, ਪੌਲੁਸ ਰਸੂਲ ਦੀ ਇਹ ਗੱਲ ਬਿਲਕੁਲ ਠੀਕ ਹੈ ਕਿ ਸਾਨੂੰ “ਪ੍ਰਭੁ ਦੇ ਕੰਮ ਵਿੱਚ ਸਦਾ ਵਧਦੇ” ਜਾਣਾ ਚਾਹੀਦਾ ਹੈ। (1 ਕੁਰਿੰਥੀਆਂ 15:58) ਪਰ ਸਾਨੂੰ ਇਸ ਸਲਾਹ ਅਤੇ ਉਪਦੇਸ਼ਕ ਦੀ ਪੋਥੀ 9:4 ਵਿਚ ਲਿਖੀ ਗੱਲ ਵਿਚ ਸੰਤੁਲਨ ਰੱਖਣਾ ਚਾਹੀਦਾ ਹੈ: “ਮੋਏ ਹੋਏ ਸ਼ੇਰ ਨਾਲੋਂ ਜੀਉਂਦਾ ਕੁੱਤਾ ਚੰਗਾ ਹੈ।” ਯਹੋਵਾਹ ਦੀ ਸੇਵਾ ਕਰਦੇ ਹੋਏ ਜੇ ਅਸੀਂ ਆਪਣੀਆਂ ਸਿਹਤਾਂ ਦਾ ਵੀ ਖ਼ਿਆਲ ਰੱਖੀਏ, ਤਾਂ ਅਸੀਂ ਨਾਲੇ ਤਾਂ ਜ਼ਿਆਦਾ ਦੇਰ ਤਕ ਜੀ ਸਕਾਂਗੇ ਅਤੇ ਨਾਲੇ ਉਸ ਦੀ ਸੇਵਾ ਵਿਚ ਲੱਗੇ ਰਹਾਂਗੇ। ਅਕਲ ਸਾਨੂੰ ਸਿਆਣੇ ਬਣਨ ਵਿਚ ਮਦਦ ਦੇਵੇਗੀ ਤਾਂਕਿ ਅਸੀਂ ਸੰਤੁਲਨ ਰੱਖ ਕੇ ਖ਼ੁਸ਼ੀ-ਖ਼ੁਸ਼ੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਰਹਿ ਸਕੀਏ। ਜੀ ਹਾਂ, ਅਕਲ ਵਰਤਣ ਨਾਲ ਸਾਨੂੰ ਢੇਰ ਸਾਰੇ ਲਾਭ ਹੁੰਦੇ ਹਨ।

[ਸਫ਼ੇ 14 ਉੱਤੇ ਤਸਵੀਰ]

ਬਾਈਬਲ ਵਧੀਆ ਸਲਾਹ ਦਾ ਭੰਡਾਰ ਹੈ

[ਸਫ਼ੇ 15 ਉੱਤੇ ਤਸਵੀਰ]

ਅਕਲ ਆਪਣੇ ਆਲੇ-ਦੁਆਲੇ ਹੋ ਰਹੀਆਂ ਚੀਜ਼ਾਂ ਵੱਲ ਧਿਆਨ ਦੇਣ, ਸਿਖਲਾਈ ਲੈਣ ਅਤੇ ਜ਼ਿੰਦਗੀ ਦੇ ਤਜਰਬੇ ਨਾਲ ਆ ਸਕਦੀ ਹੈ