Skip to content

Skip to table of contents

ਕੀ ਸਰਕਾਰਾਂ ਗ਼ਰੀਬੀ ਨੂੰ ਖ਼ਤਮ ਕਰ ਸਕਦੀਆਂ ਹਨ?

ਕੀ ਸਰਕਾਰਾਂ ਗ਼ਰੀਬੀ ਨੂੰ ਖ਼ਤਮ ਕਰ ਸਕਦੀਆਂ ਹਨ?

ਕੀ ਸਰਕਾਰਾਂ ਗ਼ਰੀਬੀ ਨੂੰ ਖ਼ਤਮ ਕਰ ਸਕਦੀਆਂ ਹਨ?

ਬਹੁਤ ਸਾਰੇ ਲੋਕਾਂ ਨੇ ਕਦੇ ਗ਼ਰੀਬੀ ਨਹੀਂ ਦੇਖੀ। ਉਨ੍ਹਾਂ ਨੂੰ ਕਦੇ ਭੁੱਖੇ ਢਿੱਡ ਜਾਂ ਠੰਢ ਵਿਚ ਠੁਰ-ਠੁਰ ਕਰਦਿਆਂ ਨਹੀਂ ਸੌਣਾ ਪਿਆ। ਫਿਰ ਵੀ, ਇਨ੍ਹਾਂ ਵਿੱਚੋਂ ਕਈਆਂ ਨੇ ਗ਼ਰੀਬਾਂ ਤੇ ਤਰਸ ਖਾ ਕੇ ਉਨ੍ਹਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਹੈ।

ਪਰ ਜਿਨ੍ਹਾਂ ਦੇਸ਼ਾਂ ਵਿਚ ਘਰੇਲੂ ਯੁੱਧ ਚੱਲ ਰਹੇ ਹਨ ਜਾਂ ਹੜ੍ਹ ਆਏ ਹਨ ਜਾਂ ਫਿਰ ਸੋਕਾ ਪਿਆ ਹੋਇਆ ਹੈ, ਉਨ੍ਹਾਂ ਦੇਸ਼ਾਂ ਵਿਚ ਗ਼ਰੀਬੀ ਨੇ ਖ਼ਾਸ ਕਰਕੇ ਲੋਕਾਂ ਨੂੰ ਆਪਣੇ ਸ਼ਿਕੰਜੇ ਵਿਚ ਜਕੜ ਕੇ ਰੱਖਿਆ ਹੋਇਆ ਹੈ। ਇਸ ਤਰ੍ਹਾਂ ਦੇ ਹਾਲਾਤ ਉਨ੍ਹਾਂ ਅਫ਼ਰੀਕੀ ਲੋਕਾਂ ਲਈ ਗੁਜ਼ਾਰਾ ਕਰਨਾ ਮੁਸ਼ਕਲ ਬਣਾ ਦਿੰਦੇ ਹਨ ਜੋ ਆਪਣਾ ਗੁਜ਼ਾਰਾ ਤੋਰਨ ਲਈ ਖੇਤੀਬਾੜੀ ਕਰਦੇ ਹਨ। ਕਈਆਂ ਨੂੰ ਆਪਣੇ ਘਰ ਛੱਡ ਕੇ ਸ਼ਹਿਰਾਂ ਨੂੰ ਜਾਣਾ ਪਿਆ ਹੈ ਜਾਂ ਫਿਰ ਹੋਰਨਾਂ ਦੇਸ਼ਾਂ ਵਿਚ ਜਾ ਕੇ ਸ਼ਰਨਾਰਥੀਆਂ ਵਜੋਂ ਰਹਿਣਾ ਪਿਆ ਹੈ। ਦੂਸਰੇ ਲੋਕ ਪੇਂਡੂ ਇਲਾਕੇ ਛੱਡ ਕੇ ਸ਼ਹਿਰਾਂ ਨੂੰ ਇਸ ਲਈ ਜਾਂਦੇ ਹਨ ਕਿਉਂਕਿ ਉਨ੍ਹਾਂ ਨੂੰ ਦੱਸਿਆ ਜਾਂਦਾ ਹੈ ਕਿ ਸ਼ਹਿਰਾਂ ਵਿਚ ਵਧੀਆ ਜ਼ਿੰਦਗੀ ਹੈ।

ਪਰ ਲੋਕਾਂ ਦੀ ਭਰਮਾਰ ਵਾਲੇ ਸ਼ਹਿਰ ਅਕਸਰ ਗ਼ਰੀਬੀ ਦੀ ਮਾਰ ਹੇਠ ਆ ਜਾਂਦੇ ਹਨ। ਉੱਥੇ ਨਾ ਹੀ ਖੇਤੀਬਾੜੀ ਕਰਨ ਲਈ ਕੋਈ ਜ਼ਮੀਨ ਹੁੰਦੀ ਹੈ ਅਤੇ ਨਾ ਹੀ ਉੱਥੇ ਆਸਾਨੀ ਨਾਲ ਨੌਕਰੀ ਮਿਲਦੀ ਹੈ। ਜਦੋਂ ਲੋਕਾਂ ਨੂੰ ਕੋਈ ਚਾਰਾ ਨਜ਼ਰ ਨਹੀਂ ਆਉਂਦਾ, ਤਾਂ ਉਹ ਅਪਰਾਧ ਦੀ ਦੁਨੀਆਂ ਵਿਚ ਚਲੇ ਜਾਂਦੇ ਹਨ। ਸ਼ਹਿਰਾਂ ਵਿਚ ਰਹਿਣ ਵਾਲੇ ਲੋਕ ਮਦਦ ਲਈ ਸਰਕਾਰਾਂ ਨੂੰ ਦੁਹਾਈ ਦਿੰਦੇ ਹਨ, ਪਰ ਗ਼ਰੀਬੀ ਨੂੰ ਖ਼ਤਮ ਕਰਨਾ ਸਰਕਾਰ ਦੇ ਵੱਸ ਦੀ ਗੱਲ ਨਹੀਂ ਹੈ। ਨਵੰਬਰ 2003 ਵਿਚ ਸੰਯੁਕਤ ਰਾਸ਼ਟਰ-ਸੰਘ ਦੁਆਰਾ ਰਿਲੀਸ ਕੀਤੀ ਗਈ ਇਕ ਰਿਪੋਰਟ ਬਾਰੇ ਗੱਲ ਕਰਦੇ ਹੋਏ ਇਕ ਅੰਗ੍ਰੇਜ਼ੀ ਅਖ਼ਬਾਰ ਦੀ ਇੰਡੀਪੇਨਡੰਟ ਨੇ ਲਿਖਿਆ: “ਦੁਨੀਆਂ ਵਿਚ ਭੁੱਖਮਰੀ ਦੇ ਸ਼ਿਕਾਰ ਲੋਕਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ।” ਅੱਗੇ ਇਹ ਕਹਿੰਦੀ ਹੈ: “ਦੁਨੀਆਂ ਭਰ ਦੇ ਲਗਭਗ 84,20,00,000 ਲੋਕਾਂ ਨੂੰ ਢਿੱਡ ਭਰ ਕੇ ਖਾਣਾ ਨਹੀਂ ਮਿਲਦਾ। ਇਹ ਗਿਣਤੀ ਹੋਰ ਵੀ ਵਧਦੀ ਜਾ ਰਹੀ ਹੈ ਕਿਉਂਕਿ ਹਰ ਸਾਲ 50,00,000 ਹੋਰ ਲੋਕ ਭੁੱਖਮਰੀ ਦੇ ਸ਼ਿਕਾਰ ਹੁੰਦੇ ਹਨ।”

ਦੱਖਣੀ ਅਫ਼ਰੀਕਾ ਦੇ ਬ੍ਰਾਂਚ ਆਫ਼ਿਸ ਨੂੰ ਕਦੀ-ਕਦੀ ਗ਼ਰੀਬੀ ਦੀ ਮਾਰ ਹੇਠ ਰਹਿੰਦੇ ਲੋਕਾਂ ਤੋਂ ਚਿੱਠੀਆਂ ਮਿਲਦੀਆਂ ਹਨ। ਮਿਸਾਲ ਵਜੋਂ ਬਲੂਮਫੋਨਟੇਨ ਸ਼ਹਿਰ ਰਹਿਣ ਵਾਲੇ ਇਕ ਵਿਅਕਤੀ ਨੇ ਚਿੱਠੀ ਵਿਚ ਇਸ ਤਰ੍ਹਾਂ ਲਿਖਿਆ: “ਮੇਰੇ ਕੋਲ ਕੋਈ ਕੰਮ ਨਹੀਂ ਹੈ ਤੇ ਜਦੋਂ ਵੀ ਮੈਨੂੰ ਮੌਕਾ ਮਿਲਦਾ ਹੈ, ਮੈਂ ਸ਼ਹਿਰ ਵਿਚ ਚੋਰੀ ਕਰ ਲੈਂਦਾ ਹਾਂ। ਜੇ ਮੈਂ ਚੋਰੀ ਨਾ ਕਰਾਂ, ਤਾਂ ਸਾਨੂੰ ਕਈ-ਕਈ ਦਿਨ ਕੁਝ ਖਾਣ ਨੂੰ ਨਹੀਂ ਮਿਲਦਾ, ਉੱਪਰੋਂ ਦੀ ਕੜਾਕੇ ਦੀ ਠੰਢ ਸਾਡੇ ਤੇ ਕਹਿਰ ਢਾਹੁੰਦੀ ਹੈ। ਇੱਥੇ ਕੁਝ ਵੀ ਕਰਨ ਨੂੰ ਨਹੀਂ ਹੈ। ਬਹੁਤ ਸਾਰੇ ਲੋਕ ਕੰਮ ਅਤੇ ਰੋਟੀ ਦੀ ਭਾਲ ਵਿਚ ਸੜਕਾਂ ਤੇ ਧੱਕੇ ਖਾਂਦੇ ਫਿਰਦੇ ਹਨ। ਕਈਆਂ ਨੂੰ ਮੈਂ ਖਾਣੇ ਵਾਸਤੇ ਕੂੜੇਦਾਨਾਂ ਵਿਚ ਹੱਥ ਮਾਰਦਿਆਂ ਵੀ ਦੇਖਿਆ ਹੈ। ਕੁਝ ਆਤਮ-ਹੱਤਿਆ ਕਰ ਲੈਂਦੇ ਹਨ। ਕਈ ਮੇਰੇ ਵਾਂਗ ਨਿਰਾਸ਼ ਹੋ ਜਾਂਦੇ ਹਨ ਕਿਉਂਕਿ ਉਨ੍ਹਾਂ ਨੂੰ ਉਮੀਦ ਦੀ ਕੋਈ ਕਿਰਨ ਨਜ਼ਰ ਨਹੀਂ ਆਉਂਦੀ। ਲੱਗਦਾ ਹੈ ਕਿ ਭਵਿੱਖ ਲਈ ਕੋਈ ਆਸ਼ਾ ਨਹੀਂ ਹੈ। ਰੱਬ ਨੂੰ, ਜਿਹਨੇ ਸਾਨੂੰ ਖਾਣ-ਪੀਣ ਦੀਆਂ ਲੋੜਾਂ ਨਾਲ ਬਣਾਇਆ ਹੈ, ਕੀ ਉਹ ਨੂੰ ਇਹ ਸਭ ਕੁਝ ਨਹੀਂ ਦਿੱਸਦਾ?”

ਇਸ ਵਿਅਕਤੀ ਦੇ ਸਵਾਲਾਂ ਦੇ ਜਵਾਬ ਮਿਲ ਸਕਦੇ ਹਨ ਜਿਨ੍ਹਾਂ ਤੋਂ ਸਾਨੂੰ ਸਾਰਿਆਂ ਨੂੰ ਦਿਲਾਸਾ ਮਿਲ ਸਕਦਾ ਹੈ। ਅਗਲੇ ਲੇਖ ਵਿਚ ਪਤਾ ਲੱਗੇਗਾ ਕਿ ਇਨ੍ਹਾਂ ਸਵਾਲਾਂ ਦੇ ਜਵਾਬ ਪਰਮੇਸ਼ੁਰ ਦੇ ਬਚਨ ਬਾਈਬਲ ਤੋਂ ਮਿਲ ਸਕਦੇ ਹਨ।