Skip to content

Skip to table of contents

ਪਰਮੇਸ਼ੁਰ ਦਾ ਗਿਆਨ ਪਰਿਵਾਰਾਂ ਨੂੰ ਮਜ਼ਬੂਤ ਬਣਾਉਂਦਾ ਹੈ

ਪਰਮੇਸ਼ੁਰ ਦਾ ਗਿਆਨ ਪਰਿਵਾਰਾਂ ਨੂੰ ਮਜ਼ਬੂਤ ਬਣਾਉਂਦਾ ਹੈ

“ਮੇਰੀ ਸਹਾਇਤਾ ਯਹੋਵਾਹ ਤੋਂ ਹੈ”

ਪਰਮੇਸ਼ੁਰ ਦਾ ਗਿਆਨ ਪਰਿਵਾਰਾਂ ਨੂੰ ਮਜ਼ਬੂਤ ਬਣਾਉਂਦਾ ਹੈ

ਅਰਜਨਟੀਨਾ ਵਿਚ ਰਹਿੰਦੇ ਇਕ ਜੋੜੇ ਦੇ ਆਪਸੀ ਲੜਾਈ-ਝਗੜੇ ਕਦੇ ਮੁੱਕਦੇ ਹੀ ਨਹੀਂ ਸਨ। ਘਰ ਵਿਚ ਚੀਕ-ਚਿਹਾੜਾ ਰਹਿੰਦਾ ਸੀ ਅਤੇ ਉਹ ਇਕ-ਦੂਜੇ ਨੂੰ ਨਫ਼ਰਤ ਕਰਦੇ ਸਨ। ਗੱਲ ਇਸ ਹੱਦ ਤਕ ਵਧ ਗਈ ਕਿ ਉਨ੍ਹਾਂ ਨੇ ਘਰ ਅੰਦਰ ਕੰਧ ਖੜ੍ਹੀ ਕਰ ਕੇ ਉਸ ਨੂੰ ਦੋ ਹਿੱਸਿਆਂ ਵਿਚ ਵੰਡ ਲਿਆ। ਇਸ ਕੰਧ ਨੂੰ ਉਹ “ਬਰਲਿਨ ਦੀ ਕੰਧ” ਆਖਦੇ ਸਨ।

ਅਫ਼ਸੋਸ ਕਿ ਅੱਜ ਬਹੁਤ ਸਾਰੇ ਪਰਿਵਾਰਾਂ ਦਾ ਇਹੋ ਹਾਲ ਹੈ। ਘਰ-ਘਰ ਬੇਵਫ਼ਾਈ, ਘਰੇਲੂ ਝਗੜਿਆਂ ਅਤੇ ਵੈਰ ਦੀਆਂ ਕਹਾਣੀਆਂ ਸੁਣਨ ਨੂੰ ਮਿਲਦੀਆਂ ਹਨ। ਇਹ ਦੁੱਖ ਦੀ ਗੱਲ ਹੈ ਕਿਉਂਕਿ ਪਰਿਵਾਰ ਦੀ ਸ਼ੁਰੂਆਤ ਪਰਮੇਸ਼ੁਰ ਨੇ ਕੀਤੀ ਸੀ। (ਉਤਪਤ 1:27, 28; 2:23, 24) ਘਰ ਅਜਿਹੀ ਥਾਂ ਹੈ ਜਿੱਥੇ ਸਾਰਿਆਂ ਨੂੰ ਸੁਖ, ਸ਼ਾਂਤੀ ਅਤੇ ਸਕੂਨ ਮਿਲਣਾ ਚਾਹੀਦਾ ਹੈ। (ਰੂਥ 1:9) ਯਹੋਵਾਹ ਦੀ ਸਲਾਹ ਮੁਤਾਬਕ ਚੱਲ ਕੇ ਘਰ ਦੇ ਜੀਅ ਯਹੋਵਾਹ ਦਾ ਆਦਰ-ਮਾਣ ਕਰਨ ਤੋਂ ਇਲਾਵਾ ਇਕ-ਦੂਸਰੇ ਲਈ ਬਰਕਤ ਸਾਬਤ ਹੋ ਸਕਦੇ ਹਨ। *

ਪਰਮੇਸ਼ੁਰ ਨੇ ਪਰਿਵਾਰ ਦੀ ਸ਼ੁਰੂਆਤ ਕੀਤੀ, ਇਸ ਲਈ ਉਸ ਦੀ ਸਲਾਹ ਘਰ ਦੇ ਜੀਆਂ ਲਈ ਲਾਭਦਾਇਕ ਹੈ। ਜਦੋਂ ਪਰਿਵਾਰ ਤੇ ਮੁਸੀਬਤਾਂ ਆਉਂਦੀਆਂ ਹਨ, ਤਾਂ ਘਰ ਦੇ ਜੀਅ ਬਾਈਬਲ ਦੀ ਵਧੀਆ ਸਲਾਹ ਲਾਗੂ ਕਰ ਕੇ ਇਨ੍ਹਾਂ ਦਾ ਸਾਮ੍ਹਣਾ ਕਰ ਸਕਦੇ ਹਨ। ਬਾਈਬਲ ਵਿਚ ਪਤੀਆਂ ਨੂੰ ਇਹ ਸਲਾਹ ਦਿੱਤੀ ਗਈ ਹੈ: ‘ਪਤੀ ਆਪਣੀਆਂ ਪਤਨੀਆਂ ਨਾਲ ਅਜਿਹਾ ਪ੍ਰੇਮ ਕਰਨ ਜਿਵੇਂ ਆਪਣੇ ਸਰੀਰਾਂ ਨਾਲ ਕਰਦੇ ਹਨ।’ ਜਦੋਂ ਪਤੀ ਇਸ ਤਰ੍ਹਾਂ ਕਰਦਾ ਹੈ, ਤਾਂ ਪਤਨੀ ਵੀ ਖ਼ੁਸ਼ੀ-ਖ਼ੁਸ਼ੀ ‘ਉਸ ਦਾ ਮਾਨ’ ਕਰਦੀ ਹੈ।—ਅਫ਼ਸੀਆਂ 5:25-29, 33.

ਪੌਲੁਸ ਰਸੂਲ ਨੇ ਬੱਚਿਆਂ ਨੂੰ ਸਿੱਖਿਆ ਦੇਣ ਬਾਰੇ ਮਾਪਿਆਂ ਨੂੰ ਸਲਾਹ ਦਿੱਤੀ: “ਹੇ ਪਿਤਾਓ, ਤੁਸੀਂ ਆਪਣਿਆਂ ਬਾਲਕਾਂ ਦਾ ਕ੍ਰੋਧ ਨਾ ਭੜਕਾਓ ਸਗੋਂ ਪ੍ਰਭੁ ਦੀ ਸਿੱਖਿਆ ਅਰ ਮੱਤ ਦੇ ਕੇ ਓਹਨਾਂ ਦੀ ਪਾਲਨਾ ਕਰੋ।” (ਅਫ਼ਸੀਆਂ 6:4) ਇਸ ਸਲਾਹ ਮੁਤਾਬਕ ਚੱਲ ਕੇ ਘਰ ਵਿਚ ਅਜਿਹਾ ਨਿੱਘਾ ਮਾਹੌਲ ਪੈਦਾ ਹੁੰਦਾ ਹੈ ਜਿਸ ਵਿਚ ਬੱਚਿਆਂ ਲਈ ਮਾਪਿਆਂ ਦੇ ਕਹਿਣੇ ਵਿਚ ਰਹਿਣਾ ਆਸਾਨ ਹੁੰਦਾ ਹੈ।—ਅਫ਼ਸੀਆਂ 6:1.

ਉੱਪਰ ਦਿੱਤੀਆਂ ਸਲਾਹਾਂ ਤੋਂ ਇਲਾਵਾ ਬਾਈਬਲ ਵਿਚ ਪਰਿਵਾਰਾਂ ਲਈ ਹੋਰ ਵੀ ਬਹੁਤ ਸਾਰੀਆਂ ਵਧੀਆ ਸਲਾਹਾਂ ਹਨ। ਇਨ੍ਹਾਂ ਸਲਾਹਾਂ ਤੇ ਚੱਲ ਕੇ ਕਈਆਂ ਦੇ ਘਰਾਂ ਵਿਚ ਖ਼ੁਸ਼ੀਆਂ ਦੀ ਬਹਾਰ ਆ ਗਈ। ਮਿਸਾਲ ਲਈ, “ਬਰਲਿਨ ਦੀ ਕੰਧ” ਵਾਲੇ ਘਰ ਵਿਚ ਰਹਿੰਦੇ ਉਸ ਜੋੜੇ ਨੇ ਯਹੋਵਾਹ ਦੇ ਗਵਾਹਾਂ ਨਾਲ ਤਿੰਨ ਮਹੀਨੇ ਸਟੱਡੀ ਕਰਨ ਤੋਂ ਬਾਅਦ ਬਾਈਬਲ ਦੀ ਵਧੀਆ ਸਲਾਹ ਤੇ ਚੱਲਣਾ ਸ਼ੁਰੂ ਕਰ ਦਿੱਤਾ। ਇਸ ਦਾ ਨਤੀਜਾ ਕੀ ਨਿਕਲਿਆ? ਉਨ੍ਹਾਂ ਨੇ ਇਕ-ਦੂਸਰੇ ਦੀਆਂ ਜ਼ਰੂਰਤਾਂ ਨੂੰ ਸਮਝਣ ਅਤੇ ਪਿਆਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਇਲਾਵਾ ਉਹ ਇਕ-ਦੂਜੇ ਦੇ ਹਮਦਰਦ ਬਣੇ ਅਤੇ ਉਨ੍ਹਾਂ ਨੇ ਇਕ-ਦੂਸਰੇ ਦੀਆਂ ਖ਼ਾਮੀਆਂ ਨਜ਼ਰਅੰਦਾਜ਼ ਕਰਨੀਆਂ ਸਿੱਖੀਆਂ। (ਕਹਾਉਤਾਂ 15:22; 1 ਪਤਰਸ 3:7; 4:8) ਉਨ੍ਹਾਂ ਨੇ ਆਪਣੇ ਗੁੱਸੇ ਤੇ ਕਾਬੂ ਪਾਉਣਾ ਸਿੱਖਿਆ ਅਤੇ ਜਦ ਇਸ ਤਰ੍ਹਾਂ ਕਰਨਾ ਔਖਾ ਹੁੰਦਾ ਸੀ, ਤਾਂ ਉਹ ਪਰਮੇਸ਼ੁਰ ਤੋਂ ਮਦਦ ਮੰਗਦੇ ਸਨ। (ਕੁਲੁੱਸੀਆਂ 3:19) ਜਲਦ ਹੀ ਉਨ੍ਹਾਂ ਨੇ ਘਰ ਵਿਚ ਬਣੀ “ਬਰਲਿਨ ਦੀ ਕੰਧ” ਢਾਹ ਦਿੱਤੀ!

ਪਰਮੇਸ਼ੁਰ ਘਰਾਣਿਆਂ ਨੂੰ ਮਜ਼ਬੂਤ ਕਰ ਸਕਦਾ ਹੈ

ਜਦੋਂ ਘਰ ਦੇ ਜੀਅ ਪਰਮੇਸ਼ੁਰ ਦਾ ਗਿਆਨ ਹਾਸਲ ਕਰ ਕੇ ਇਸ ਉੱਤੇ ਚੱਲਦੇ ਹਨ, ਤਾਂ ਉਨ੍ਹਾਂ ਨੂੰ ਮੁਸੀਬਤਾਂ ਦਾ ਸਾਮ੍ਹਣਾ ਕਰਨ ਦੀ ਤਾਕਤ ਮਿਲਦੀ ਹੈ। ਇਹ ਜ਼ਰੂਰੀ ਕਿਉਂ ਹੈ? ਕਿਉਂਕਿ ਬਾਈਬਲ ਵਿਚ ਦੱਸਿਆ ਗਿਆ ਸੀ ਕਿ ਸਾਡੇ ਦਿਨਾਂ ਵਿਚ ਪਰਿਵਾਰਾਂ ਦੀ ਹਾਲਤ ਮਾੜੀ ਹੋਵੇਗੀ। ਸਾਡੇ ਸਮੇਂ ਬਾਰੇ ਗੱਲ ਕਰਦੇ ਹੋਏ, ਪੌਲੁਸ ਨੇ ਕਿਹਾ ਸੀ ਕਿ “ਅੰਤ ਦਿਆਂ ਦਿਨਾਂ” ਵਿਚ ਲੋਕ “ਨਿਰਮੋਹ” ਹੋਣਗੇ। ‘ਭਗਤੀ ਦਾ ਰੂਪ ਧਾਰਨ’ ਵਾਲੇ ਲੋਕ ਵੀ ਮਾਪਿਆਂ ਦੇ ਅਣਆਗਿਆਕਾਰ ਅਤੇ ਬੇਵਫ਼ਾ ਹੋਣਗੇ।—2 ਤਿਮੋਥਿਉਸ 3:1-5.

ਜੇ ਅਸੀਂ ਪਰਮੇਸ਼ੁਰ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰਾਂਗੇ, ਤਾਂ ਇਨ੍ਹਾਂ ਭੈੜੇ ਸਮਿਆਂ ਦਾ ਮਾੜਾ ਅਸਰ ਸਾਡੇ ਪਰਿਵਾਰਾਂ ਤੇ ਨਹੀਂ ਪਵੇਗਾ। ਕਈ ਪਰਿਵਾਰਾਂ ਨੇ ਅਜ਼ਮਾ ਕੇ ਦੇਖਿਆ ਹੈ ਕਿ ਚੁਣੌਤੀਆਂ ਦਾ ਸਾਮ੍ਹਣਾ ਕਰਨ ਲਈ ਉਨ੍ਹਾਂ ਨੂੰ ਪਰਮੇਸ਼ੁਰ ਦੀ ਮਦਦ ਦੀ ਲੋੜ ਪਈ ਹੈ। ਯਹੋਵਾਹ ਨਾਲ ਆਪਣਾ ਰਿਸ਼ਤਾ ਮਜ਼ਬੂਤ ਰੱਖਣ ਲਈ ਜ਼ਰੂਰੀ ਹੈ ਕਿ ਘਰ ਦਾ ਹਰ ਜੀਅ ਬਾਈਬਲ ਦੇ ਅਸੂਲਾਂ ਮੁਤਾਬਕ ਚੱਲੇ। ਸਾਰਿਆਂ ਨੂੰ ਇਸ ਗੱਲ ਦਾ ਵੀ ਅਹਿਸਾਸ ਹੋਣਾ ਚਾਹੀਦਾ ਕਿ “ਜੇ ਕਰ ਯਹੋਵਾਹ ਹੀ ਘਰ ਨਾ ਬਣਾਵੇ, ਤਾਂ ਉਸ ਦੇ ਬਣਾਉਣ ਵਾਲੇ ਦੀ ਮਿਹਨਤ ਵਿਅਰਥ ਹੈ।” (ਜ਼ਬੂਰਾਂ ਦੀ ਪੋਥੀ 127:1) ਉਹ ਪਰਿਵਾਰ ਆਪਣੇ ਘਰ ਦੀ ਖ਼ੁਸ਼ੀ ਨੂੰ ਬਰਕਰਾਰ ਰੱਖਣ ਵਿਚ ਕਾਮਯਾਬ ਹੁੰਦੇ ਹਨ ਜੋ ਆਪਣੀ ਜ਼ਿੰਦਗੀ ਵਿਚ ਪਰਮੇਸ਼ੁਰ ਦੀ ਸੇਵਾ ਕਰਨ ਨੂੰ ਪਹਿਲ ਦਿੰਦੇ ਹਨ।—ਅਫ਼ਸੀਆਂ 3:14, 15.

ਆਓ ਆਪਾਂ ਹੁਣ ਹਵਾਈ ਟਾਪੂ ਉੱਤੇ ਰਹਿੰਦੇ ਡੈਿਨੱਸ ਦੀ ਮਿਸਾਲ ਤੇ ਗੌਰ ਕਰੀਏ। ਈਸਾਈ ਹੋਣ ਦੇ ਬਾਵਜੂਦ, ਉਹ ਹਰ ਵੇਲੇ ਗਾਲ਼ਾਂ ਕੱਢਦਾ ਅਤੇ ਲੜਦਾ-ਝਗੜਦਾ ਰਹਿੰਦਾ ਸੀ। ਫ਼ੌਜ ਵਿਚ ਜਾਣ ਤੋਂ ਬਾਅਦ ਉਹ ਹੋਰ ਜ਼ਿਆਦਾ ਝਗੜਾਲੂ ਅਤੇ ਗੁੱਸੇਖ਼ੋਰ ਬਣ ਗਿਆ। ਉਹ ਦੱਸਦਾ ਹੈ: “ਹਰ ਛੋਟੀ-ਛੋਟੀ ਗੱਲ ਤੇ ਮੇਰੀ ਦੂਸਰਿਆਂ ਨਾਲ ਹੱਥੋਂ-ਪਾਈ ਹੋ ਜਾਂਦੀ ਸੀ। ਮੈਨੂੰ ਕਿਸੇ ਦਾ ਡਰ ਨਹੀਂ ਸੀ, ਇੱਥੋਂ ਤਕ ਕਿ ਮੌਤ ਦਾ ਵੀ ਨਹੀਂ। ਗਾਲ਼ਾਂ ਕੱਢਣੀਆਂ ਅਤੇ ਮਾਰ-ਕੁਟਾਈ ਕਰਨੀ ਮੇਰੀ ਜ਼ਿੰਦਗੀ ਦਾ ਹਿੱਸਾ ਬਣ ਚੁੱਕੀਆਂ ਸਨ। ਮੇਰੀ ਘਰਵਾਲੀ ਯਹੋਵਾਹ ਦੀ ਗਵਾਹ ਸੀ ਅਤੇ ਉਸ ਨੇ ਮੈਨੂੰ ਬਾਈਬਲ ਦੀ ਸਟੱਡੀ ਕਰਨ ਲਈ ਕਿਹਾ।”

ਪਹਿਲਾਂ-ਪਹਿਲ ਤਾਂ ਡੈਿਨੱਸ ਸਟੱਡੀ ਕਰਨ ਲਈ ਰਾਜ਼ੀ ਨਹੀਂ ਸੀ। ਪਰ ਸਮੇਂ ਦੇ ਬੀਤਣ ਨਾਲ ਉਸ ਦੀ ਪਤਨੀ ਦੇ ਚੰਗੇ ਚਾਲ-ਚਲਣ ਨੇ ਡੈਿਨੱਸ ਤੇ ਚੰਗਾ ਪ੍ਰਭਾਵ ਪਾਇਆ। ਉਹ ਆਪਣੀ ਪਤਨੀ ਅਤੇ ਬੱਚਿਆਂ ਨਾਲ ਯਹੋਵਾਹ ਦੇ ਗਵਾਹਾਂ ਦੀ ਇਕ ਮੀਟਿੰਗ ਵਿਚ ਗਿਆ, ਜਿਸ ਤੋਂ ਬਾਅਦ ਉਸ ਨੇ ਬਾਈਬਲ ਦੀ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ। ਹੌਲੀ-ਹੌਲੀ ਉਹ ਆਪਣੀ ਜ਼ਿੰਦਗੀ ਵਿਚ ਤਬਦੀਲੀਆਂ ਕਰਨ ਲੱਗ ਪਿਆ। ਮਿਸਾਲ ਲਈ, ਉਸ ਨੇ ਸਿਗਰਟਾਂ ਪੀਣ ਦੀ 28 ਸਾਲ ਪੁਰਾਣੀ ਆਦਤ ਛੱਡ ਦਿੱਤੀ। ਭੈੜੇ ਕੰਮਾਂ ਤੋਂ ਛੁਟਕਾਰਾ ਪਾਉਣ ਲਈ ਉਸ ਨੇ ਭੈੜੇ ਕੰਮ ਕਰਨ ਵਾਲੇ ਆਪਣੇ ਦੋਸਤ-ਮਿੱਤਰਾਂ ਨਾਲ ਉੱਠਣਾ-ਬੈਠਣਾ ਛੱਡ ਦਿੱਤਾ। ਯਹੋਵਾਹ ਦਾ ਧੰਨਵਾਦ ਕਰਦੇ ਹੋਏ ਡੈਿਨੱਸ ਕਹਿੰਦਾ ਹੈ: “ਸਾਡੇ ਘਰ ਦੀ ਹਾਲਤ ਹੌਲੀ-ਹੌਲੀ ਸੁਧਰਦੀ ਗਈ। ਅਸੀਂ ਇਕੱਠੇ ਮੀਟਿੰਗਾਂ ਅਤੇ ਸੇਵਕਾਈ ਵਿਚ ਜਾਣ ਲੱਗ ਪਏ। ਮੇਰੇ ਦੋ ਬੱਚੇ ਹੁਣ ਮੈਨੂੰ ਦੇਖ ਕੇ ਡਰ ਦੇ ਮਾਰੇ ਕੰਬਦੇ ਨਹੀਂ ਸਨ ਕਿਉਂਕਿ ਮੈਂ ਆਪਣੇ ਗੁੱਸੇ ਨੂੰ ਕਾਬੂ ਕਰਨਾ ਸਿੱਖ ਲਿਆ ਸੀ ਅਤੇ ਗਾਲ਼ਾਂ ਕੱਢਣੀਆਂ ਵੀ ਬੰਦ ਕਰ ਦਿੱਤੀਆਂ ਸੀ। ਅਸੀਂ ਸਾਰੇ ਸ਼ਾਂਤੀ ਨਾਲ ਇਕ-ਦੂਸਰੇ ਨਾਲ ਗੱਲਬਾਤ ਅਤੇ ਬਾਈਬਲ ਦੀ ਚਰਚਾ ਕਰਨ ਲੱਗ ਪਏ। ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਜੇ ਮੈਂ ਬਾਈਬਲ ਦੀ ਸਟੱਡੀ ਨਹੀਂ ਕੀਤੀ ਹੁੰਦੀ, ਤਾਂ ਰੱਬ ਹੀ ਜਾਣੇ ਕਿ ਮੈਂ ਕਿੱਥੇ ਹੋਣਾ ਸੀ ਕਿਉਂਕਿ ਮੈਨੂੰ ਗੁੱਸਾ ਬੜੀ ਛੇਤੀ ਚੜ੍ਹ ਜਾਂਦਾ ਸੀ।”

ਜਦੋਂ ਪਰਿਵਾਰ ਤਨ-ਮਨ ਨਾਲ ਯਹੋਵਾਹ ਦੀ ਇੱਛਾ ਪੂਰੀ ਕਰਦੇ ਹਨ, ਤਾਂ ਉਹ ਸੁਖ ਪਾਉਂਦੇ ਹਨ। ਕਈ ਪਰਿਵਾਰਾਂ ਨੇ ਅਜ਼ਮਾ ਕੇ ਦੇਖਿਆ ਹੈ ਕਿ ਚਾਹੇ ਘਰ ਦਾ ਇੱਕੋ ਜੀਅ ਬਾਈਬਲ ਦੇ ਸਿਧਾਂਤਾਂ ਤੇ ਚੱਲੇ, ਤਾਂ ਵੀ ਘਰ ਦੇ ਹਾਲਾਤਾਂ ਵਿਚ ਕਾਫ਼ੀ ਸੁਧਾਰ ਆਉਂਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਪਰਿਵਾਰ ਨੂੰ ਮਜ਼ਬੂਤ ਬਣਾਉਣ ਲਈ ਸਖ਼ਤ ਮਿਹਨਤ, ਸਮਝਦਾਰੀ ਅਤੇ ਸਮੇਂ ਦੀ ਲੋੜ ਹੁੰਦੀ ਹੈ। ਪਰ ਪਰਿਵਾਰਾਂ ਦੇ ਜੀਅ ਯਕੀਨ ਕਰ ਸਕਦੇ ਹਨ ਕਿ ਯਹੋਵਾਹ ਉਨ੍ਹਾਂ ਦੇ ਜਤਨਾਂ ਨੂੰ ਸਫ਼ਲ ਕਰੇਗਾ। ਜਿਵੇਂ ਇਸ ਜ਼ਬੂਰ ਵਿਚ ਲਿਖਿਆ ਹੈ ਉਹ ਕਹਿ ਸਕਦੇ ਹਨ: “ਮੇਰੀ ਸਹਾਇਤਾ ਯਹੋਵਾਹ ਤੋਂ ਹੈ।”—ਜ਼ਬੂਰਾਂ ਦੀ ਪੋਥੀ 121:2.

[ਫੁਟਨੋਟ]

^ ਪੈਰਾ 4 ਸਾਲ 2005 ਲਈ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੇ ਕਲੰਡਰ ਵਿਚ ਮਈ ਤੇ ਜੂਨ ਮਹੀਨਿਆਂ ਦੀਆਂ ਤਸਵੀਰਾਂ ਦੇਖੋ।

[ਸਫ਼ੇ 9 ਉੱਤੇ ਸੁਰਖੀ]

‘ਪਰਮੇਸ਼ੁਰ ਤੋਂ ਅਕਾਸ਼ ਅਤੇ ਧਰਤੀ ਦਾ ਹਰ ਟਬਰ ਆਪਣਾ ਨਾਂ ਪ੍ਰਾਪਤ ਕਰਦਾ ਹੈ।’ਅਫ਼ਸੀਆਂ 3:15, ਪਵਿੱਤਰ ਬਾਈਬਲ ਨਵਾਂ ਅਨੁਵਾਦ।

[ਸਫ਼ੇ 8 ਉੱਤੇ ਡੱਬੀ]

ਪਰਿਵਾਰ ਯਹੋਵਾਹ ਦੀ ਨਜ਼ਰ ਵਿਚ ਅਨਮੋਲ ਹਨ

“ਪਰਮੇਸ਼ੁਰ ਨੇ ਉਨ੍ਹਾਂ ਨੂੰ ਅਸੀਸ ਦਿੱਤੀ ਅਤੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਆਖਿਆ ਕਿ ਫਲੋ ਅਰ ਵਧੋ ਅਰ ਧਰਤੀ ਨੂੰ ਭਰ ਦਿਓ।”—ਉਤਪਤ 1:28.

“ਧੰਨ ਹੈ ਹਰੇਕ ਜੋ ਯਹੋਵਾਹ ਦਾ ਭੈ ਮੰਨਦਾ ਹੈ, . . . ਤੇਰੀ ਵਹੁਟੀ ਫਲਦਾਰ ਦਾਖ ਵਾਂਙੁ ਤੇਰੇ ਘਰ ਦੇ ਅੰਦਰ ਹੋਵੇਗੀ।”—ਜ਼ਬੂਰਾਂ ਦੀ ਪੋਥੀ 128:1, 3.