Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਦਾਊਦ ਅਤੇ ਬਥ-ਸ਼ਬਾ ਨੂੰ ਜ਼ਨਾਹ ਕਰਨ ਕਰਕੇ ਮੌਤ ਦੀ ਸਜ਼ਾ ਕਿਉਂ ਨਹੀਂ ਦਿੱਤੀ ਗਈ ਸੀ ਜਦ ਕਿ ਉਨ੍ਹਾਂ ਦੇ ਨਵ-ਜੰਮੇ ਬੱਚੇ ਨੂੰ ਮਰਨਾ ਪਿਆ?

ਮੂਸਾ ਦੀ ਬਿਵਸਥਾ ਵਿਚ ਲਿਖਿਆ ਸੀ: “ਜੇ ਕੋਈ ਮਨੁੱਖ ਕਿਸੇ ਵਿਆਹੀ ਹੋਈ ਤੀਵੀਂ ਨਾਲ ਸੰਗ ਕਰਦਾ ਹੋਇਆ ਪਾਇਆ ਜਾਵੇ ਤਾਂ ਓਹ ਦੋਨੋਂ ਮਾਰ ਸੁੱਟੇ ਜਾਣ ਅਰਥਾਤ ਉਹ ਮਨੁੱਖ ਜਿਹੜਾ ਉਸ ਤੀਵੀਂ ਨਾਲ ਪਿਆ ਹੋਇਆ ਪਾਇਆ ਜਾਵੇ ਅਤੇ ਉਹ ਤੀਵੀਂ। ਇਉਂ ਤੁਸੀਂ ਏਹ ਬੁਰਿਆਈ ਇਸਰਾਏਲ ਵਿੱਚੋਂ ਕੱਢ ਦਿਓ।” (ਬਿਵਸਥਾ ਸਾਰ 22:22) ਜੇ ਯਹੋਵਾਹ ਨੇ ਇਨਸਾਨੀ ਨਿਆਂਕਾਰਾਂ ਨੂੰ ਮੂਸਾ ਦੀ ਬਿਵਸਥਾ ਅਨੁਸਾਰ ਦਾਊਦ ਅਤੇ ਬਥ-ਸ਼ਬਾ ਦਾ ਨਿਆਂ ਕਰਨ ਦਿੱਤਾ ਹੁੰਦਾ, ਤਾਂ ਉਨ੍ਹਾਂ ਨੂੰ ਜ਼ਨਾਹ ਕਰਨ ਦੇ ਦੋਸ਼ ਵਿਚ ਜ਼ਰੂਰ ਮਾਰ ਦਿੱਤਾ ਜਾਣਾ ਸੀ। ਇਨਸਾਨੀ ਨਿਆਂਕਾਰ ਇਹ ਨਹੀਂ ਜਾਣ ਸਕਦੇ ਸਨ ਕਿ ਕਿਸੇ ਦੇ ਦਿਲ ਵਿਚ ਕੀ ਹੈ। ਇਸ ਲਈ ਉਨ੍ਹਾਂ ਨੇ ਸਬੂਤਾਂ ਦੇ ਆਧਾਰ ਤੇ ਪਾਪ ਕਰਨ ਵਾਲਿਆਂ ਦਾ ਨਿਆਂ ਕਰਨਾ ਸੀ।। ਜ਼ਨਾਹ ਕਰਨ ਦੀ ਸਜ਼ਾ ਮੌਤ ਸੀ। ਇਸਰਾਏਲੀ ਨਿਆਂਕਾਰਾਂ ਨੂੰ ਇਹ ਪਾਪ ਮਾਫ਼ ਕਰਨ ਦਾ ਅਧਿਕਾਰ ਨਹੀਂ ਦਿੱਤਾ ਗਿਆ ਸੀ।

ਦੂਜੇ ਪਾਸੇ, ਸੱਚਾ ਪਰਮੇਸ਼ੁਰ ਜਾਣਦਾ ਹੈ ਕਿ ਕਿਸੇ ਦੇ ਦਿਲ ਵਿਚ ਕੀ ਹੈ। ਉਸ ਕੋਲ ਪਾਪ ਮਾਫ਼ ਕਰਨ ਦਾ ਅਧਿਕਾਰ ਹੈ। ਉਹ ਉਦੋਂ ਪਾਪ ਮਾਫ਼ ਕਰਦਾ ਹੈ ਜਦੋਂ ਇਕ ਵਿਅਕਤੀ ਆਪਣੇ ਪਾਪਾਂ ਤੋਂ ਤੋਬਾ ਕਰਦਾ ਹੈ। ਯਹੋਵਾਹ ਨੇ ਦਾਊਦ ਨਾਲ ਰਾਜ ਦਾ ਨੇਮ ਬੰਨ੍ਹਿਆ ਸੀ, ਇਸ ਲਈ ਉਸ ਨੇ ਇਸ ਮਾਮਲੇ ਦਾ ਫ਼ੈਸਲਾ ਮਨੁੱਖੀ ਨਿਆਂਕਾਰਾਂ ਦੁਆਰਾ ਕਰਾਉਣ ਦੀ ਬਜਾਇ ਆਪ ਕੀਤਾ। (2 ਸਮੂਏਲ 7:12-16) “ਸਾਰੀ ਧਰਤੀ ਦਾ ਨਿਆਈ” ਹੋਣ ਕਰਕੇ ਯਹੋਵਾਹ ਕੋਲ ਇਹ ਫ਼ੈਸਲਾ ਕਰਨ ਦਾ ਹੱਕ ਸੀ।—ਉਤਪਤ 18:26.

ਜਦ ਯਹੋਵਾਹ ਨੇ ਦਾਊਦ ਦੇ ਦਿਲ ਦੀ ਜਾਂਚ ਕੀਤੀ, ਤਾਂ ਉਸ ਨੂੰ ਕੀ ਪਤਾ ਲੱਗਾ? ਜ਼ਬੂਰ 51 ਦੇ ਉੱਪਰ ਲਿਖੇ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ “ਜਦ ਨਾਥਾਨ ਨਬੀ ਉਹ ਦੇ ਕੋਲ ਏਸ ਲਈ ਆਇਆ ਕਿ ਉਹ ਬਥ-ਸ਼ਬਾ ਦੇ ਕੋਲ ਗਿਆ ਸੀ,” ਤਾਂ ਉਸ ਸਮੇਂ ਦਾਊਦ ਦੇ ਦਿਲ ਤੇ ਕੀ ਬੀਤ ਰਹੀ ਸੀ। ਜ਼ਬੂਰ 51:1-4 ਵਿਚ ਲਿਖਿਆ ਹੈ: “ਹੇ ਪਰਮੇਸ਼ੁਰ, ਆਪਣੀ ਕਿਰਪਾ ਦੇ ਅਨੁਸਾਰ ਮੇਰੇ ਉੱਤੇ ਦਯਾ ਕਰ, ਆਪਣੀਆਂ ਰਹਮਤਾਂ ਦੀ ਰੇਲ ਪੇਲ ਅਨੁਸਾਰ ਮੇਰੇ ਅਪਰਾਧ ਮਿਟਾ ਦੇਹ! ਮੇਰੀ ਬਦੀ ਤੋਂ ਮੈਨੂੰ ਚੰਗੀ ਤਰਾਂ ਧੋ, ਅਤੇ ਮੇਰੇ ਪਾਪ ਤੋਂ ਮੈਨੂੰ ਸ਼ੁੱਧ ਕਰ, ਕਿਉਂ ਜੋ ਮੈਂ ਆਪਣੇ ਅਪਰਾਧ ਜਾਣਦਾ ਹਾਂ, ਅਤੇ ਮੇਰਾ ਪਾਪ ਸਦਾ ਮੇਰੇ ਸਾਹਮਣੇ ਹੈ। ਮੈਂ ਤੇਰਾ, ਹਾਂ, ਤੇਰਾ ਹੀ ਪਾਪ ਕੀਤਾ, ਅਤੇ ਤੇਰੀ ਨਿਗਾਹ ਵਿੱਚ ਏਹ ਬੁਰਿਆਈ ਕੀਤੀ।” ਦਾਊਦ ਦੀ ਇਸ ਦਿਲੀ ਪ੍ਰਾਰਥਨਾ ਤੋਂ ਯਹੋਵਾਹ ਨੇ ਦੇਖਿਆ ਕਿ ਦਾਊਦ ਨੇ ਆਪਣੇ ਪਾਪਾਂ ਤੇ ਬਹੁਤ ਪਛਤਾਵਾ ਕੀਤਾ ਸੀ। ਇਸ ਲਈ ਉਸ ਨੇ ਦਾਊਦ ਤੇ ਬਥ-ਸ਼ਬਾ ਨੂੰ ਮਾਫ਼ ਕਰਨ ਦਾ ਫ਼ੈਸਲਾ ਕੀਤਾ। ਇਸ ਤੋਂ ਇਲਾਵਾ ਦਾਊਦ ਖ਼ੁਦ ਇਕ ਦਇਆਵਾਨ ਇਨਸਾਨ ਸੀ ਅਤੇ ਯਹੋਵਾਹ ਦਇਆਵਾਨਾਂ ਉੱਤੇ ਦਇਆ ਕਰਦਾ ਹੈ। (1 ਸਮੂਏਲ 24:4-7; ਮੱਤੀ 5:7; ਯਾਕੂਬ 2:13) ਇਸ ਲਈ ਜਦ ਦਾਊਦ ਨੇ ਆਪਣਾ ਪਾਪ ਕਬੂਲ ਕੀਤਾ, ਤਾਂ ਨਾਥਾਨ ਨੇ ਉਸ ਨੂੰ ਦੱਸਿਆ: “ਯਹੋਵਾਹ ਨੇ ਵੀ ਤੇਰਾ ਪਾਪ ਬਖਸ਼ਿਆ ਸੋ ਤੂੰ ਨਾ ਮਰੇਂਗਾ।”—2 ਸਮੂਏਲ 12:13.

ਫਿਰ ਵੀ ਦਾਊਦ ਅਤੇ ਬਥ-ਸ਼ਬਾ ਨੇ ਆਪਣੀ ਕਰਨੀ ਦਾ ਫਲ ਭੁਗਤਣਾ ਸੀ। ਨਾਥਾਨ ਨੇ ਦਾਊਦ ਨੂੰ ਕਿਹਾ: “ਪਰ ਕਿਉਂਕਿ ਤੂੰ ਇਹ ਕਰਕੇ ਪ੍ਰਭੂ ਦੀ ਨਿੰਦਾ ਦਾ ਕਾਰਨ ਬਣਿਆ ਹੈ, ਸੋ ਤੇਰਾ ਹੋਣ ਵਾਲਾ ਬੱਚਾ ਨਹੀਂ ਬਚੇਗਾ।” ਇਸ ਲਈ ਭਾਵੇਂ ਦਾਊਦ ਨੇ ਸੱਤ ਦਿਨਾਂ ਤਕ ਵਰਤ ਰੱਖਿਆ ਅਤੇ ਸੋਗ ਕਰਦਾ ਰਿਹਾ, ਫਿਰ ਵੀ ਉਨ੍ਹਾਂ ਦਾ ਪੁੱਤਰ ਬੀਮਾਰ ਹੋ ਕੇ ਮਰ ਗਿਆ।—2 ਸਮੂਏਲ 12:14-18, ਪਵਿੱਤਰ ਬਾਈਬਲ ਨਵਾਂ ਅਨੁਵਾਦ।

ਕਈ ਲੋਕਾਂ ਲਈ ਇਹ ਸਮਝਣਾ ਮੁਸ਼ਕਲ ਹੈ ਕਿ ਬੱਚੇ ਨੂੰ ਕਿਉਂ ਮਰਨਾ ਪਿਆ, ਜਦ ਕਿ ਬਿਵਸਥਾ ਸਾਰ 24:16 ਵਿਚ ਲਿਖਿਆ ਹੈ: ‘ਪੁੱਤ੍ਰ ਪੇਵਾਂ ਦੇ ਕਾਰਨ ਮਾਰੇ ਨਾ ਜਾਣ।’ ਪਰ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜੇ ਇਨਸਾਨਾਂ ਨੇ ਇਸ ਮਾਮਲੇ ਦਾ ਨਿਆਂ ਕੀਤਾ ਹੁੰਦਾ, ਤਾਂ ਮਾਂ-ਬਾਪ ਦੇ ਨਾਲ-ਨਾਲ ਬੱਚੇ ਦੀ ਜਾਨ ਤਾਂ ਜਾਣੀ ਹੀ ਸੀ। ਸ਼ਾਇਦ ਪੁੱਤਰ ਦੀ ਮੌਤ ਨੇ ਦਾਊਦ ਨੂੰ ਹੋਰ ਵੀ ਜ਼ਿਆਦਾ ਅਹਿਸਾਸ ਕਰਾਇਆ ਹੋਣਾ ਕਿ ਯਹੋਵਾਹ ਦੀਆਂ ਨਜ਼ਰਾਂ ਵਿਚ ਬਥ-ਸ਼ਬਾ ਨਾਲ ਕੀਤਾ ਇਹ ਪਾਪ ਕਿੰਨਾ ਗੰਭੀਰ ਸੀ। ਅਸੀਂ ਪੱਕਾ ਯਕੀਨ ਰੱਖ ਸਕਦੇ ਹਾਂ ਕਿ ਯਹੋਵਾਹ ਨੇ ਜੋ ਵੀ ਨਿਆਂ ਕੀਤਾ ਉਹ ਬਿਲਕੁਲ ਸਹੀ ਸੀ ਕਿਉਂਕਿ “ਪਰਮੇਸ਼ੁਰ ਦਾ ਰਾਹ ਪੂਰਾ ਹੈ।”—2 ਸਮੂਏਲ 22:31.

[ਸਫ਼ੇ 31 ਉੱਤੇ ਤਸਵੀਰ]

ਦਾਊਦ ਨੇ ਦਿਲੋਂ ਪਛਤਾਵਾ ਕੀਤਾ